guru ramdas ji

ਜਿਨ੍ਹਾਂ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਰੱਖੀ…ਪਹਿਲਾਂ ‘ਚੱਕ ਗੁਰੂ’, ‘ਚੱਕ ਰਾਮਦਾਸ’ ਜਾਂ ‘ਰਾਮਦਾਸਪੁਰਾ’ ਕਹਿੰਦੇ ਸਨ

ਧੰਨ ਧੰਨ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ

ਸਿੱਖਾਂ ਦੇ ਚੌਥੇ ਸਤਿਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਸੋਢੀ ਖ਼ਾਨਦਾਨ ਵਿੱਚ 24 ਸਤੰਬਰ 1534 ਈਸਵੀ ਨੂੰ ਚੂਨਾ ਮੰਡੀ ਲਾਹੌਰ ਵਿਖੇ ਮਾਤਾ ਸ੍ਰੀ ਦਇਆ ਕੌਰ ਜੀ ਦੀ ਕੁੱਖ ਤੋਂ ਪਿਤਾ ਸ੍ਰੀ ਹਰਿਦਾਸ ਜੀ ਦੇ ਗ੍ਰਹਿ ਵਿਖੇ ਹੋਇਆ। ਆਪ ਦੇ ਬਚਪਨ ਦਾ ਨਾਂ ਜੇਠਾ ਜੀ ਸੀ। ਬਚਪਨ ਵਿੱਚ ਹੀ ਆਪ ਜੀ ਦੇ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ ਸਨ ਤੇ ਆਪ ਦੁਨਿਆਵੀ ਤੌਰ ਤੇ ਅਨਾਥ ਹੋ ਗਏ। ਆਪ ਜੀ ਦੇ ਨਾਨਕੇ ਬਾਸਰਕੇ ਗਿੱਲਾਂ ਪਿੰਡ ਵਿੱਚ ਸਨ ਜੋ ਕਿ ਸ੍ਰੀ ਗੁਰੂ ਅਮਰਦਾਸ ਜੀ ਦਾ ਜੱਦੀ ਪਿੰਡ ਹੈ। ਨਾਨਕੇ ਘਰ ਵਿੱਚ ਵੀ ਗਰੀਬੀ ਸੀ ਪਰ ਨਾਨਾ-ਨਾਨੀ ਹੀ ਉਨ੍ਹਾਂ ਦੇ ਪਾਲਣਹਾਰ ਬਣੇ। ਆਪਣੇ ਨਾਨਾ ਨਾਨੀ ਜੀ ਦਾ ਹੱਥ ਵਟਾਉਣ ਲਈ ਜੇਠਾ ਜੀ ਘੁੰਗਣੀਆਂ ਵੇਚਣ ਲੱਗੇ। ਇਸ ਤਰਾਂ ਜੋ ਕੁੱਝ ਮਿਲਦਾ ਉਸ ਨਾਲ ਘਰ ਦਾ ਗੁਜ਼ਾਰਾ ਹੁੰਦਾ ਪਰ ਫਿਰ ਵੀ ਜਦੋਂ ਕੋਈ ਲੋੜਵੰਦ ਆਉਂਦਾ ਤਾਂ ਜੇਠਾ ਜੀ ਉਸਦੀ ਮਦਦ ਜ਼ਰੂਰ ਕਰਦੇ। ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਵਿਖੇ ਨਿਵਾਸ ਕਰਦੇ ਸਨ ਅਤੇ ਬਾਸਰਕੇ ਦੀਆਂ ਸੰਗਤਾਂ ਉਨ੍ਹਾਂ ਦੇ ਦਰਸ਼ਨਾਂ ਲਈ ਅਕਸਰ ਗੋਇੰਦਵਾਲ ਸਾਹਿਬ ਜਾਇਆ ਕਰਦੀਆਂ ਸਨ। ਇੱਕ ਵਾਰੀ ਆਪਣੀ ਨਾਨੀ ਜੀ ਨਾਲ ਜੇਠਾ ਜੀ ਵੀ ਗੋਇੰਦਵਾਲ ਸਾਹਿਬ ਵਿਖੇ ਗੁਰੂ ਦਰਸ਼ਨਾਂ ਲਈ ਚਲੇ ਆਏ। ਮੁੜ ਉਹ ਵਾਪਸ ਨਾਂ ਪਰਤੇ ਤੇ ਇੱਥੇ ਰਹਿ ਕੇ ਹੀ ਗੁਰੂ ਘਰ ਦੀ ਸੇਵਾ ਵਿਚ ਸਮਰਪਿਤ ਹੋ ਗਏ। ਆਪ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਆ ਕੇ ਵੀ ਗੁਰੂ ਘਰ ਦੀ ਸੇਵਾ ਦੇ ਨਾਲ ਨਾਲ ਘੁੰਗਣੀਆਂ ਵੇਚਣਾਂ ਜਾਰੀ ਰੱਖਿਆ।

ਗੁਰੂ ਦੀਆਂ ਰਹਿਮਤਾਂ ਗੁਰੂ ਹੀ ਜਾਣਦਾ ਹੈ। ਜਲਦੀ ਹੀ ਜੇਠਾ ਜੀ ਗੁਰੂ ਅਮਰਦਾਸ ਜੀ ਦੇ ਬਹੁਤ ਹੀ ਚਹੇਤੇ ਬਣ ਗਏ ਤੇ ਗੁਰੂ ਜੀ ਆਪ ਜੀ ਨੂੰ ਹਮੇਸ਼ਾ ਹੀ ਰਾਮ ਦਾਸ ਕਹਿ ਕੇ ਪੁਕਾਰਦੇ। ਸੋਢੀ ਰਾਮਦਾਸ ਦਾ ਇਹ ਨਾਂ ਗੁਰੂ ਦਾ ਦਿੱਤਾ ਹੋਇਆ ਹੈ ਅਤੇ ਅੱਜ ਵੀ ਸੋਢੀ ਸੁਲਤਾਨ ਸਤਿਗੁਰੂ ਦੁਨੀਆਂ ਨੂੰ ਦਾਤਾਂ ਵੰਡਦੇ ਆ ਰਹੇ ਹਨ। ਗੁਰੂ ਅਮਰਦਾਸ ਜੀ ਦੀ ਵੱਡੀ ਬੇਟੀ ਬੀਬੀ ਦਾਨੀ ਜੀ ਦੀ ਸ਼ਾਦੀ ਭਾਈ ਰਾਮਾ ਜੀ ਨਾਲ ਕਰ ਦਿੱਤੀ ਗਈ ਸੀ ਅਤੇ ਛੋਟੀ ਬੇਟੀ ਬੀਬੀ ਭਾਨੀ ਜੀ ਵੀ ਵਿਆਹੁਣਯੋਗ ਹੋ ਗਏ ਸਨ। ਗੁਰੂ ਅਮਰਦਾਸ ਜੀ ਦੇ ਘਰੋਂ ਮਾਤਾ ਰਾਮ ਕੌਰ ਜੀ ਨੇ ਇੱਕ ਦਿਨ ਗੁਰੂ ਜੀ ਨੂੰ ਕਿਹਾ ਕਿ ਬੀਬੀ ਭਾਨੀ ਜੀ ਲਈ ਯੋਗ ਵਰ ਲੱਭੋ ਕਿਉਂਕਿ ਧੀ ਮੁਟਿਆਰ ਹੋ ਗਈ ਹੈ। ਇਸੇ ਦੌਰਾਨ ਜੈਠਾ ਜੀ ਘੁੰਗਣੀਆਂ ਵੇਚ ਕੇ ਉੱਧਰ ਆਏ ਤਾਂ ਮਾਤਾ ਰਾਮ ਕੌਰ ਜੀ ਨੇ ਜੇਠਾ ਜੀ ਦਾ ਸੁੰਦਰ ਤੇ ਸੁਡੌਲ ਸਰੂਪ ਵੇਖ ਕੇ ਕਿਹਾ ਕਿ ਲੜਕਾ ਇਹੋ ਜਿਹਾ ਹੋਣਾ ਚਾਹੀਦਾ ਹੈ। ਗੁਰੂ ਅਮਰਦਾਸ ਜੀ ਨੇ ਕਿਹਾ ਕਿ ਇਸ ਵਰਗਾ ਤਾਂ ਇਹ ਹੀ ਹੋ ਸਕਦਾ ਹੈ। ਗੁਰੂ ਅਮਰਦਾਸ ਜੀ ਨੇ ਕਿਸੇ ਤਰਾਂ ਦੀ ਪੁੱਛ ਪ੍ਰਤੀਤ ਕੀਤੇ ਬਿਨਾਂ ਅਤੇ ਬਿਨਾਂ ਨਾਨਕੇ ਦਾਦਕੇ ਬਾਰੇ ਜਾਂਚ ਕੀਤਿਆਂ ਆਪਣੇ ਉਸ ਪਿਆਰੇ ਸ਼ਾਗਿਰਦ ਜੇਠਾ ਜੀ ਨੂੰ ਗਲਵੱਕੜੀ ਵਿਚ ਲੈਂਦਿਆਂ ਕਿਹਾ ਕਿ ਇਸਦੇ ਵਰਗਾ ਤਾਂ ਫਿਰ ਇਹ ਹੀ ਹੋ ਸਕਦਾ ਹੈ। ਉਸੇ ਦਿਨ ਹੀ ਬੀਬੀ ਭਾਨੀ ਜੀ ਦੀ ਮੰਗਣੀ ਜੇਠਾ ਜੀ ਨਾਲ ਕਰ ਦਿੱਤੀ ਗਈ ਅਤੇ 22 ਫੱਗਣ ਸੰਮਤ 1610 ਨੂੰ ਸ਼ਾਦੀ ਵੀ ਕਰ ਦਿੱਤੀ। ਆਪ ਜੀ ਦੇ ਗ੍ਰਹਿ ਵਿਖੇ ਬੀਬੀ ਭਾਨੀ ਜੀ ਦੀ ਕੁੱਖੋਂ ਤਿੰਨ ਸਪੁੱਤਰ ਬਾਬਾ ਪ੍ਰਿਥੀ ਚੰਦ ਜੀ (ਪ੍ਰਿਥੀਆ), ਬਾਬਾ ਮਹਾਂਦੇਵ ਜੀ ਅਤੇ (ਸ੍ਰੀ ਗੁਰੂ) ਅਰਜਨ ਦੇਵ ਜੀ ਹੋਏ। ਵਿਆਹ ਤੋਂ ਮਗਰੋਂ ਵੀ ਜੇਠਾ ਜੀ ਸ੍ਰੀ ਗੋਇੰਦਵਾਲ ਜੀ ਵਿਖੇ ਹੀ ਰਹਿੰਦੇ ਰਹੇ ਕਿਉਂਕਿ ਗੁਰੂ ਅਮਰਦਾਸ ਜੀ ਨੇ ਭਾਈ ਰਾਮਾ ਜੀ ਨੂੰ ਵੀ ਆਪਣੇ ਘਰ ਹੀ ਰੱਖਿਆ ਹੋਇਆ ਸੀ।

ਅਖੀਰ ਗੁਰੂ ਅਮਰਦਾਸ ਜੀ ਨੇ ਆਪ ਜੀ ਨੂੰ ਗੁਰਗੱਦੀ ਦੇ ਯੋਗ ਜਾਣਦਿਆਂ 1 ਸਤੰਬਰ 1574 (ਮੁਤਾਬਿਕ ਭਾਦਰੋਂ ਸੁਦੀ 15, 2 ਅੱਸੂ ਸੰਮਤ 1631) ਗੁਰੂ ਨਾਨਕ ਦੇਵ ਜੀ ਦੇ ਘਰ ਦਾ ਚੌਥਾ ਵਾਰਸ ਬਣਾ ਕੇ ਨਾਮ ਰਾਮਦਾਸ ਰੱਖ ਦਿੱਤਾ। ਆਪ ਜੀ ਨੇ ਗੁਰੂ ਅਮਰਦਾਸ ਜੀ ਦੀ ਆਗਿਆ ਪਾ ਕੇ ਅੰਮ੍ਰਿਤਸਰ ਸਾਹਿਬ ਵਿਖੇ ਸੰਤੋਖਸਰ ਦੀ ਖੁਦਵਾਈ ਵੀ ਕਰਵਾਈ ਤੇ ਬਾਅਦ ਵਿਚ ਗੁਰੂ ਜੀ ਦੀ ਹੀ ਆਗਿਆ ਅਨੁਸਾਰ ਅੰਮ੍ਰਿਤਸਰ ਨਗਰੀ ਦੀ ਨੀਂਹ ਰੱਖੀ। ਇਸ ਦੇ ਲਈ 500 ਵਿੱਘੇ ਜ਼ਮੀਨ ਤੁੰਗ ਦੇ ਜ਼ਿਮੀਦਾਰਾਂ ਕੋਲੋਂ ਖਰੀਦੀ ਗਈ। ਪ੍ਰਿੰਸੀਪਲ ਤੇਜਾ ਸਿੰਘ ਤੇ ਡਾ. ਗੰਡਾ ਸਿੰਘ ਜੀ ਆਪਣੀ ਪੁਸਤਕ ਸਿੱਖ ਇਤਿਹਾਸ ਵਿਚ ਇਸ ਬਾਰੇ ਲਿਖਦੇ ਹਨ, ‘‘ਉਨ੍ਹਾਂ ਨੇ ਆਪਣੀ ਨਿਯੁਕਤੀ ਉਪਰੰਤ ਪਿਛਲੇ ਗੁਰੂ ਦੇ ਰਿਸ਼ਤੇਦਾਰਾਂ ਨਾਲ ਆਪਣਂ ਕਿਸੇ ਤਰਾਂ ਦੀ ਸੰਭਾਵੀ ਬੇਸੁਆਦੀ ਤੋਂ ਬਚਣ ਲਈ ਗੋਇੰਦਵਾਲ ਤੋਂ ਆਪਣੀ ਰਿਹਾਇਸ਼ ਅੰਮ੍ਰਿਤਸਰ ਬਦਲ ਲਈ। ਅੰਮ੍ਰਿਤਸਰ ਗਜ਼ਟੀਅਰ ਅਨੁਸਾਰ 1577 ਈਸਵੀ ਨੂੰ ਗੁਰੂ ਜੀ ਨੇ ਅੰਮ੍ਰਿਤਸਰ ਵਾਲੀ ਥਾਂ ਅਤੇ ਨਾਲ ਲਗਦੀ 500 ਵਿੱਘੇ ਜ਼ਮੀਨ ਅਕਬਰ ਤੋਂ ਜਾਗੀਰ ਵਿੱਚ ਲਈ ਤੇ ਉਸਦੇ ਬਦਲੇ ਤੁੰਗ ਪਿੰਡ ਦੇ ਜ਼ਿਮੀਦਾਰਾਂ ਨੂੰ, ਜੋ ਉਸ ਜ਼ਮੀਨ ਦੇ ਮਾਲਕ ਸਨ, 700 ਅਕਬਰੀ ਰੁਪਏ ਦਿੱਤੇ। ਗੁਰੂ ਜੀ ਨੇ ਸਰੋਵਰ ਪੁਟਵਾਇਆ ਅਤੇ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਰੱਖੀ ਜਿਸਨੂੰ ਉਸ ਵੇਲੇ ‘ਚੱਕ ਗੁਰੂ’, ‘ਚੱਕ ਰਾਮਦਾਸ’ ਜਾਂ ‘ਰਾਮਦਾਸਪੁਰਾ’ ਕਹਿੰਦੇ ਸਨ। ਉਨ੍ਹਾਂ ਨੇ 52 ਜੁੜੇ ਕੰਮ ਧੰਦਿਆਂ ਵਾਲੇ ਲੋਕਾਂ ਨੂੰ ਉੱਥੇ ਰਹਿਣ ਲਈ ਅਤੇ ਗੁਰੂ ਜੀ ਦੀ ਮੰਡੀ ਵਿਚ, ਜਿਸਨੂੰ ‘ਗੁਰੂ ਕਾ ਬਾਜ਼ਾਰ’ ਕਹਿੰਦੇ ਸਨ, ਆਪਣੇ ਕਾਰੋਬਾਰ ਖੋਲ੍ਹਣ ਲਈ ਸੱਦਿਆ। ਸਮੇਂ ਨਾਲ ਇਹ ਸ਼ਹਿਰ ਉੱਤਰੀ ਭਾਰਤ ਵਿਚ ਵਪਾਰ ਦਾ ਸਭ ਤੋਂ ਵੱਡਾ ਕੇਂਦਰ ਬਣ ਗਿਆ।’’

ਗੁਰੂ ਜੀ ਨੇ ਗੁਰਸਿੱਖਾਂ ਲਈ ਨਿਤ ਨੇਮ ਕਾਇਮ ਕੀਤਾ। ਆਪ ਜੀ ਦਾ ਵਉੜੀ ਦੀ ਵਾਰ ਵਿਚ ਰਚਿਆ ਇਹ ਸਲੋਕ ਹਰ ਗੁਰਸਿੱਖ ਦੀ ਕਰਣੀ ਤੇ ਨਿੱਤਨੇਮ ਬਾਰੇ ਆਗਿਆ ਕਰਦਾ ਹੈ:

‘ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥

ਉਦਮੁ ਕਰੇ ਭਲਕੇ ਪਰਭਾਤੀ ਇਸਨਾਨ ਕਰੇ ਅੰਮ੍ਰਿਤ ਸਰਿ ਨਾਵੈ॥

ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥

ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥

ਜੋ ਸਾਸਿ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ॥

ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ॥

ਜਨੁ ਨਾਨਕ ਧੂੜਿ ਮੰਗੈ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥’’

ਇਸਦੇ ਨਾਲ ਹੀ ਇਕ ਹੋਰ ਅਹਿਮ ਕਾਰਜ ਸਤਿਗੁਰੂ ਜੀ ਨੇ ਇਹ ਕੀਤਾ ਕਿ ਰਹੁ ਰੀਤਿ ਜਾਂ ਗੁਰ ਮਰਿਆਦਾ ਕਾਇਮ ਕਰ ਦਿੱਤੀ। ਆਪ ਜੀ ਦਾ ਹੁਕਮ ਹੈ :

‘ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ॥

ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ॥1॥

ਸੰਤਾ ਸੰਗਿ ਨਿਧਾਨੁ ਅੰਮ੍ਰਿਤ ਚਾਖੀਐ॥

ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀਐ॥

ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ॥’

ਆਪ ਜੀ ਨੇ ਅੰਮ੍ਰਿਤ ਸਰੋਵਰ ਦੀ ਤਿਆਰੀ ਆਰੰਭ ਕੀਤੀ ਜੋ ਕਿ ਬਾਅਦ ਵਿਚ ਗੁਰੂ ਅਰਜੁਨ ਦੇਵ ਜੀ ਨੇ ਸੰਪੂਰਨ ਕਰਕੇ ਵਿਚਾਲੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਕੀਤੀ। ਗੁਰੂ ਰਾਮ ਦਾਸ ਜੀ ਨੇ ਸੂਹੀ ਰਾਗ ਵਿਚ ਚਾਰ ਲਾਵਾਂ ਦੀ ਰਚਨਾ ਕੀਤੀ। ਵਡਹੰਸ ਰਾਗ ਵਿਚ ਆਪ ਜੀ ਨੇ ਵਿਆਹ ਮੌਕੇ ਗਾਈਆਂ ਜਾਣ ਵਾਲੀਆਂ ਘੋੜੀਆਂ ਵਾਂਗ ਇਸੇ ਨਾ ਤੇ ਅਧਿਆਤਮਕ ਬਾਣੀ ਦੀ ਰਚਨਾ ਕੀਤੀ। ਆਪ ਜੀ ਨੇ 30 ਰਾਗਾਂ ਵਿਚ ਬਾਣੀ ਦੀ ਰਚਨਾ ਕੀਤੀ ਜਿਨ੍ਹਾਂ ਵਿੱਚ ਕਈ ਨਵੇਂ ਰਾਗ ਸਨ ਅਤੇ ਵਿਸ਼ੇਸ਼ ਤੌਰ ’ਤੇ ਛੰਦ ਵੀ ਰਚੇ। ਆਪ ਜੀ ਅੰਮ੍ਰਿਤਸਰ ਸਾਹਿਬ ਤੋਂ ਵਾਪਸ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਚਲੇ ਗਏ ਜਿੱਥੇ ਕਿ 1 ਸਤੰਬਰ 1581 ਈਸਵੀ (ਮੁਤਾਬਿਕ ਭਾਦੋਂ ਸੁਦੀ 3, ਅੱਸੂ 2, ਸੰਮਤ 1638) ਨੂੰ ਆਪ ਜੀ ਆਪਣੇ ਛੋਟੇ ਸਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਸੌਂਪ ਕੇ ਜੋਤੀ ਜੋਤ ਸਮਾ ਗਏ।

Post navigation

Leave a Comment

Leave a Reply

Your email address will not be published. Required fields are marked *