migrant workers in Punjab

ਪੰਜਾਬ ਵਿਚ ਕਿਉਂ ਹੋ ਰਿਹਾ ਪਰਵਾਸੀ ਮਜ਼ਦੂਰਾਂ ਦਾ ਵਿਰੋਧ ?

ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਬਾਹਰੀ ਸੂਬਿਆਂ, ਖ਼ਾਸ ਕਰ ਬਿਹਾਰ ਤੇ ਯੂ.ਪੀ ਤੋਂ ਰੋਜ਼ੀ-ਰੋਟੀ ਲਈ ਆਉਣ ਵਾਲੇ ਮਜ਼ਦੂਰਾਂ ਦਾ ਕੁਝ ਲੋਕਾਂ ਵੱਲੋਂ ਤਿੱਖਾ ਵਿਰੋਧ ਹੋ ਰਿਹਾ ਹੈ | ਉਹਨਾਂ ਨੂੰ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਭਾਸ਼ਾ ਲਈ ਖ਼ਤਰਾ ਦੱਸਿਆ ਜਾ ਰਿਹਾ ਹੈ । ਵਿਰੋਧ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਪਰਵਾਸੀ ਮਜ਼ਦੂਰਾਂ ਦੀ ਅੰਨੇਹਵਾਹ ਪੰਜਾਬ ਆਮਦ ਨਾਲ ਸੂਬੇ ਦੀ ਡੈਮੋਗ੍ਰਾਫੀ ਬਦਲ ਰਹੀ ਹੈ (ਵਸੋਂ ਦਾ ਅਨੁਪਾਤ ਬਦਲ ਰਿਹਾ ਹੈ)| ਇਹ ਪੰਜਾਬ ਦੇ ਲੋਕਾਂ ਦਾ ਰੁਜ਼ਗਾਰ ਖੋਹ ਰਹੇ ਹਨ | ਇਹਨਾਂ ਮਜ਼ਦੂਰਾਂ ਉੱਤੇ ਇਹ ਦੋਸ਼ ਵੀ ਲਗਾਇਆ ਜਾ ਰਿਹਾ ਹੈ ਕਿ ਇਹ ਲੁੱਟਾਂ-ਖੋਹਾਂ ਕਰ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ। ਇਹਨਾਂ ਦੀ ਪੰਜਾਬ ਆਮਦ ’ਤੇ ਰੋਕ ਲਗਾਉਣੀ ਚਾਹੀਦੀ ਹੈ। ਇੰਝ ਕਰਨ ਨਾਲ ਹੀ ਪੰਜਾਬ ਬਚ ਸਕਦਾ ਹੈ।

ਪਿਛਲੇ ਸਾਲ 9 ਸਤੰਬਰ ਨੂੰ ਹੁਸ਼ਿਆਰਪੁਰ ਵਿਚ ਕਥਿਤ ਤੌਰ ‘ਤੇ ਇੱਕ ਪਰਵਾਸੀ ਮਜ਼ਦੂਰ ਦੁਆਰਾ ਪੰਜ ਸਾਲਾ ਬੱਚੇ ਨਾਲ ਬਲਾਤਕਾਰ ਤੇ ਕਤਲ ਦੇ ਮਾਮਲੇ ਨੇ ਇਸ ਤਣਾਅ ਨੂੰ ਹੋਰ ਵਧਾ ਦਿੱਤਾ | ‘ਭਈਏ ਭਜਾਓ, ਪੰਜਾਬ ਬਚਾਓ’ ਦੇ ਨਾਅਰੇ ਗੂੰਜਣ ਲੱਗੇ | ਸੋਸ਼ਲ ਮੀਡੀਆ ‘ਤੇ ਪਰਵਾਸੀ ਮਜ਼ਦੂਰਾਂ ਵਿਰੁੱਧ ਨਫਰਤੀ ਵੀਡੀਓ ਦਿਖਾਈ ਦੇਣ ਲੱਗੀਆਂ | ਕੁਝ ਪਿੰਡਾਂ ਦੀਆਂ ਪੰਚਾਇਤਾਂ ਨੇ ਪਰਵਾਸੀ ਮਜ਼ਦੂਰਾਂ ਨੂੰ ਪਿੰਡੋਂ ਕੱਢਣ ਲਈ ਮਤੇ ਵੀ ਪਾਸ ਕੀਤੇ | ਇਸ ਸਹਿਮ ਦੇ ਮਾਹੌਲ ਵਿਚ ਕਈ ਪਰਵਾਸੀ ਮਜ਼ਦੂਰ ਰੇਲਵੇ ਸਟੇਸ਼ਨਾਂ ਉੱਤੇ ਆਪਣੇ ਰਾਜਾਂ ਵੱਲ ਵਾਪਿਸ ਜਾਂਦੇ ਵੀ ਦਿਖਾਈ ਦਿੱਤੇ | ਪਰ ਨਾਲ ਹੀ ਕਈ ਲੋਕ ਪੱਖੀ ਸੰਗਠਨ ਤੇ ਕਿਸਾਨ ਯੂਨੀਅਨਾਂ ਪਰਵਾਸੀ ਮਜ਼ਦੂਰਾਂ ਦੇ ਹੱਕ ਵਿਚ ਵੀ ਖੜੀਆਂ ਦਿਖਾਈ ਦਿਤੀਆਂ | ਪੰਜਾਬ ਦੇ 500 ਤੋਂ ਵੱਧ ਬੁਧੀਜੀਵੀ ,ਲੇਖਕਾਂ ,ਕਲਾਕਾਰਾਂ ਤੇ ਕਾਰਕੁੰਨਾਂ ਨੇ ਪਰਵਾਸੀ ਮਜ਼ਦੂਰਾਂ ਦੇ ਹੱਕ ਵਿਚ ਆਵਾਜ਼ ਬੁਲੰਦ ਵੀ ਕੀਤੀ |

ਇਸੇ ਸਾਲ ਫਰਵਰੀ ਵਿਚ ਨੌਜਵਾਨਾਂ ਵੱਲੋਂ ਇੱਕ ਪਰਵਾਸੀ ਮਜ਼ਦੂਰ ਨੂੰ ਗੋਲੀ ਨਾਲ ਨਿਸ਼ਾਨਾ ਵੀ ਬਣਾਇਆ ਗਿਆ ਪਰ ਉਹ ਬਚ ਗਿਆ | ਪੰਜਾਬ ਦੇ ਸਿਆਸੀ, ਧਾਰਮਿਕ ਤੇ ਸਮਾਜਿਕ ਨੇਤਾਵਾਂ ਦੇ ਪਰਵਾਸੀ ਮਜ਼ਦੂਰਾਂ ਵਿਰੁੱਧ ਬਿਆਨ ਵੀ ਮਾਹੌਲ ਨੂੰ ਤਣਾਅਪੂਰਣ ਬਣਾਈ ਰੱਖਦੇ ਹਨ | ਲੱਖਾਂ ਸਿਧਾਣਾ ਵਰਗੇ ਤਾਂ ਇਥੋਂ ਤੱਕ ਵੀ ਬਿਆਨ ਦਿੰਦੇ ਹਨ ਕਿ ਭਾਰਤੀ ਰਾਜ ਦੁਆਰਾ ਪਰਵਾਸੀ ਮਜ਼ਦੂਰਾਂ ਰਾਹੀਂ ਪੰਜਾਬੀਆਂ ਦੀ ਨਸਲ ਬਦਲੀ ਜਾ ਰਹੀ ਹੈ | ਲੇਕਿਨ ਬਹੁਤ ਸਾਰੇ ਡਾਕਟਰ ਤੇ ਮਾਹਿਰ ਇਸ ਬਿਆਨ ਨੂੰ ਬਿਆਨਬਾਜ਼ੀ ਤੋਂ ਵੱਧ ਕੁਝ ਨਹੀਂ ਸਮਝਦੇ | ਪਿਛਲੇ ਕੁਝ ਸਮੇਂ ਤੋਂ ਪ੍ਰਵਾਸੀਆਂ ਦੀਆਂ ਫਰੂਟ ਜਾਂ ਗੋਲਗੱਪੇ ਵਾਲੀਆਂ ਰੇਹੜੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਤੇ ਬਾਈਕਾਟ ਦਾ ਸੱਦਾ ਦਿੱਤਾ ਗਿਆ |

ਪਰਵਾਸੀ ਮਜ਼ਦੂਰਾਂ ਦਾ ਵਿਰੋਧ ਕਰਨ ਵਾਲੇ ਦਾਅਵਾ ਕਰਦੇ ਹਨ ਕਿ ਪੰਜਾਬ ਵਿਚ 70 ਲੱਖ ਤੋਂ ਲੈ ਕੇ ਡੇਢ ਕਰੋੜ ਤੱਕ ਪਰਵਾਸੀ ਮਜ਼ਦੂਰ ਰਹਿ ਰਹੇ ਹਨ ਪਰ ਸਚਾਈ ਇਹ ਹੈ ਕਿ ਸਹੀ ਅੰਕੜੇ ਕਿਸੇ ਕੋਲ ਵੀ ਸਪਸ਼ਟ ਨਹੀਂ ਹਨ | ਇਹਨਾਂ ਦੇ ਦਿੱਤੇ ਅੰਕੜੇ ਹਕੀਕਤ ਤੋਂ ਕੋਹਾਂ ਦੂਰ ਹਨ | ਸਾਲ 2011 ਦੀ ਜਨਗਣਨਾ ਅਨੁਸਾਰ ਪੰਜਾਬ ਵਿਚ ਪਰਵਾਸੀ ਮਜ਼ਦੂਰਾਂ ਦੀ ਸੰਖਿਆ 13 ਲੱਖ ਦੱਸੀ ਗਈ ਸੀ | ਕੁਝ ਸਾਲ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤਾ ਅਧਿਐਨ ਚ ਇਹ ਸੰਖਿਆ 18 ਲੱਖ ਦੇ ਕਰੀਬ ਦੱਸਦੇ ਹਨ | ਕੁਝ ਵਿਦਵਾਨ ਇਸਦਾ ਅੰਦਾਜ਼ਾ 25 ਲੱਖ ਤੱਕ ਲਗਾਉਂਦੇ ਹਨ | ਲੇਕਿਨ ਕਿਸੇ ਵੀ ਤਰ੍ਹਾਂ ਇਹ ਸੰਖਿਆ ਸੱਤਰ ਲੱਖ ਤੋਂ ਡੇਢ ਕਰੋੜ ਤੱਕ ਨਹੀਂ ਹੈ | ਕਈ ਮਾਹਿਰ ਇਹ ਵੀ ਮੰਨਦੇ ਹਨ ਕਿ ਪੰਜਾਬ ਵਿਚ ਵੱਡੀ ਗਿਣਤੀ ਉਹਨਾਂ ਪਰਵਾਸੀ ਮਜ਼ਦੂਰਾਂ ਦੀ ਹੈ ਜੋ ਇਕ ਖਾਸ ਸੀਜ਼ਨ ਵਿਚ ਹੀ ਕੰਮ ਕਰਨ ਆਉਂਦੇ ਹਨ ਤੇ ਵਾਪਸ ਆਪਣੇ ਰਾਜ ਨੂੰ ਚਲੇ ਜਾਂਦੇ ਹਨ | ਭਾਰਤ ਸਰਕਾਰ ਦੀਆਂ ਰਿਪੋਰਟਾਂ ਮੁਤਾਬਕ 13.43 ਕਰੋੜ ਅਬਾਦੀ ਵਾਲੇ ਬਿਹਾਰ ਵਿਚੋਂ 60 ਲੱਖ ਲੋਕ ਹੋਰਨਾਂ ਸੂਬਿਆਂ ਵਿਚ ਮਜ਼ਦੂਰੀ ਕਰਦੇ ਹਨ | 24 ਕਰੋੜ ਅਬਾਦੀ ਵਾਲੇ ਯੂਪੀ ਵਿਚੋਂ 83 ਲੱਖ ਮਜ਼ਦੂਰ ਦੂਜੇ ਸੂਬਿਆਂ ਵਿਚ ਮਜ਼ਦੂਰੀ ਕਰਦੇ ਹਨ | ਮਤਲਬ ਇਹਨਾਂ ਸੂਬਿਆਂ ਦੀ ਅਬਾਦੀ ਦਾ 5 ਤੋਂ 6 ਫ਼ੀਸਦ ਹਿੱਸਾ ਹੀ ਦੂਜੇ ਸੂਬਿਆਂ ਵਿਚ ਮਜ਼ਦੂਰੀ ਕਰਦਾ ਹੈ | ਸਭ ਤੋਂ ਵੱਧ ਪਰਵਾਸੀ ਮਜ਼ਦੂਰ ਮਹਾਰਾਸ਼ਟਰ ਵਿਚ ਹਨ (60 ਲੱਖ) ਫੇਰ ਦਿੱਲੀ, ਤਾਮਿਲਨਾਡੂ ਤੇ ਗੁਜਰਾਤ ਆਉਂਦੇ ਹਨ ਤੇ ਆਖਰ ਚ ਕਿਤੇ ਜਾ ਕੇ ਪੰਜਾਬ ਦਾ ਨਾਂਅ ਆਉਂਦਾ ਹੈ | ਮਤਲਬ ਸਾਰੇ ਪਰਵਾਸੀ ਪੰਜਾਬ ਨਹੀਂ ਆ ਰਹੇ |

ਜੇਕਰ ਵਿਵੇਕਸ਼ੀਲ ਨਜ਼ਰੀਏ ਤੋਂ ਝਾਤ ਮਾਰੀਏ ਤਾਂ ਅਸੀਂ ਵੇਖਦੇ ਹਾਂ ਕਿ ਪੰਜਾਬ ਵਿੱਚ ਆਰੀਅਨ, ਈਰਾਨੀ, ਦੁਹਾਨੀ, ਟੱਕ, ਮੁੰਡਾ, ਮੁਗਲ ਆਦਿ ਅਨੇਕਾਂ ਜਾਤੀਆਂ ਵਾਲੇ ਵੀ ਲੁੱਟ-ਖਸੁੱਟ ਤੇ ਰਾਜ ਕਰਨ ਦੇ ਮਨਸ਼ੇ ਨਾਲ ਆਏ ਸਨ। ਉਨਾਂ ਇਥੋਂ ਦੀਆਂ ਔਰਤਾਂ ਨਾਲ ਵਿਆਹ ਕਰਵਾ ਕੇ ਇਥੇ ਹੀ ਰਹਿਣਾ ਸ਼ੁਰੂ ਕਰ ਦਿੱਤਾ। ਇੰਨ੍ਹਾਂ ਜਾਤੀਆਂ ਨੇ ਅਨੇਕਾਂ ਸੱਭਿਆਚਾਰਕ ਤੇ ਭਾਸ਼ਾਈ ਗੁਣ ਤੇ ਹੋਰ ਵੀ ਬਹੁਤ ਕੁਝ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਦਿੱਤਾ । ਮਿਸਾਲ ਵਜੋਂ ਪੰਜਾਬੀ ਨੂੰ ਇੱਕ ਸ਼ਾਨਾ-ਮੱਤਾ ਵਿਰਸਾ ਮਿਲਿਆ। ਨਵੀਂ ਭਾਸ਼ਾ ਉਰਦੂ ਦਾ ਜਨਮ ਇਥੇ ਹੀ ਹੋਇਆ। ਸਾਡੀ ਗੁਰਮੁਖੀ ਦੇ ਕਈ ਅੱਖਰ ਵੀ ਹੋਰ ਕਬੀਲਿਆਂ ਵੱਲੋਂ ਬੋਲੀਆਂ ਜਾਂਦੀਆਂ ਜ਼ੁਬਾਨਾਂ ਵਿੱਚੋਂ ਹੀ ਆਏ ਹਨ। ਉਦਾਹਰਨ ਵਜੋਂ ਗੁਰਮੁਖੀ ਦਾ ‘ੜ’ ਅੱਖਰ ਦ੍ਰਾਵਿੜ ਕਬੀਲੇ ਦਾ ਹੈ ਤੇ ‘ਮ’ ਮੁੰਡਾ ਜਾਤੀ ਵਿੱਚੋਂ ਆਇਆ ਹੈ। ਇਸ ਤੋਂ ਬਿਨਾਂ ਹੋਰ ਜਾਤੀਆਂ ਤੇ ਭਾਸ਼ਾਵਾ ਦੇ ਅਨੇਕ ਸ਼ਬਦ ਹਨ ਜੋ ਪੰਜਾਬੀ ਭਾਸ਼ਾ ਦੇ ਆਪਣੇ ਹੀ ਲੱਗਦੇ ਹਨ ਜਿਵੇਂ ਚਾਕੂ, ਛੁਰੀ, ਮੇਜ਼, ਕੁਰਸੀ, ਕਮਰਾ, ਛਿੱਤਰ, ਸਕੂਲ, ਸਟੇਸ਼ਨ, ਵਗੈਰਾ-ਵਗੈਰਾ ਅਸਲ ’ਚ ਪੰਜਾਬੀ ਜ਼ੁਬਾਨ ’ਚ ਬੋਲੇ ਜਾਂਦੇ 80 ਫੀਸਦੀ ਤੋਂ ਵੱਧ ਸ਼ਬਦ ਗੈਰ-ਪੰਜਾਬੀ ਹਨ। ਇਹ ਸਭ ਹੋਣ ਦੇ ਬਾਵਜੂਦ ਨਾ ਤਾਂ ਪੰਜਾਬੀ ਭਾਸ਼ਾ ਨੂੰ ਕੋਈ ਨੁਕਸਾਨ ਹੋਇਆ ਹੈ, ਨਾ ਪੰਜਾਬੀ ਸੱਭਿਆਚਾਰ ਨੂੰ ਤੇ ਨਾ ਪੰਜਾਬ ਨੂੰ। ਜਦੋਂ ਵਿਦੇਸ਼ੀਆਂ ਤੋਂ ਪੰਜਾਬੀ ਸੱਭਿਆਚਾਰ ਨੂੰ ਕੋਈ ਨੁਕਸਾਨ ਨਹੀਂ ਹੋਇਆ ਤਾਂ ਫੇਰ ਆਪਣੇ ਹੀ ਦੇਸ਼ ਦੇ ਬਿਹਾਰੀ ਪੰਜਾਬੀ ਸੱਭਿਆਚਾਰ ਨੂੰ ਕਿਵੇਂ ਨੁਕਸਾਨ ਪਹੰਚਾਉਣਗੇ?

ਪਹਿਲੀ ਹਕੀਕਤ ਇਹ ਹੈ ਕਿ ਵਿਅਕਤੀ ’ਤੇ ਸਭ ਤੋਂ ਵੱਧ ਪ੍ਰਭਾਵ ਉਸਦੇ ਆਲੇ-ਦੁਆਲੇ ਦਾ ਪੈਂਦਾ ਹੈ ਜਿਸ ’ਚ ਉਹ ਵਿਚਰਦਾ ਹੈ। ਠੀਕ ਇਸੇ ਤਰਾਂ ਦਾ ਪ੍ਰਭਾਵ ਬਿਹਾਰੀਆਂ ’ਤੇ ਪੈਣਾ ਵੀ ਲਾਜ਼ਮੀ ਹੈ। ਪੰਜਾਬ ’ਚ ਆਉਣ ਵਾਲੇ ਪ੍ਰਵਾਸੀ ਮਜ਼ਦੂਰ ਪੰਜਾਬੀ ਸੱਭਿਆਚਾਰ ਤੇ ਭਾਸ਼ਾ ਦੇ ਪ੍ਰਭਾਵ ਤੋਂ ਬਚ ਨਹੀਂ ਸਕਦੇ। ਇਹ ਬਿਲਕੁਲ ਉਸੇ ਤਰਾਂ ਹੈ, ਜਿਵੇਂ ਪੰਜਾਬ ’ਚੋਂ ਜਾ ਕੇ ਬਾਹਰਲੇ ਮੁਲਕਾਂ ’ਚ ਵੱਸੇ ਪੰਜਾਬੀ ਉਥੋਂ ਦੀ ਰਹਿਣੀ-ਬਹਿਣੀ ਤੋਂ ਪ੍ਰਭਾਵਤ ਹੋਣ ਤੋਂ ਨਹੀਂ ਰਹਿ ਸਕੇ। ਉਨ੍ਹਾਂ ਦੇ ਬੱਚੇ ਬਿਲਕੁਲ ਅੰਗਰੇਜ਼ ਬਣ ਗਏ ਹਨ। ਪੱਛਮੀ ਦੇਸ਼ਾਂ ਵਿਚ ਪੰਜਾਬੀ ਸਾਹਿਤ ਵੀ ਉਨਾਂ ਦੇਸ਼ਾਂ ਦੇ ਸੱਭਿਆਚਾਰ ਦੀ ਝਲਕ ਪੇਸ਼ ਕਰਦਾ ਹੈ ਨਾ ਕਿ ਪੰਜਾਬ ਦੇ ਪਿੰਡਾਂ ਦੀ। ਇਸੇ ਤਰ੍ਹਾਂ ਉਨ੍ਹਾਂ ਦੇਸ਼ਾਂ ਦਾ ਪੰਜਾਬੀ ਸਾਹਿਤ ਉਨ੍ਹਾਂ ਦਾ ਹੀ ਵੱਜੇਗਾ ਜਿੱਥੇ ਇਹ ਲਿਖਿਆ ਗਿਆ ਹੈ ਨਾ ਕਿ ਪੰਜਾਬ ਦਾ।

ਇੱਕ ਦੂਸਰੀ ਵੱਡੀ ਤਲਖ ਹਕੀਕਤ ਨੂੰ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਕੋਈ ਵੀ ਕੌਮ ਕਿਸੇ ਦੂਸਰੀ ਕੌਮ ’ਤੇ ਤਾਂ ਆਪਣਾ ਪ੍ਰਭਾਵ ਪਾ ਸਕਦੀ ਹੈ (ਜਾਂ ਗੁਲਾਮ ਬਣਾ ਸਕਦੀ ਹੈ) ਜੇ ਉਸ ਕੋਲ ਤਕੜੀ ਆਰਥਿਕਤਾ (ਇਕਨਾਮਿਕ ਪਾਵਰ) ਹੋਵੇ। ਇਸ ਦੀਆਂ ਦੋ ਮਿਸਾਲਾਂ ਸਾਡੇ ਸਨਮੁਖ ਹਨ। ਪਹਿਲੀ ਇਹ ਕਿ ਅੰਗਰੇਜ਼ਾਂ ਨੇ ਪੂਰੀ ਦੁਨੀਆ ’ਤੇ ਰਾਜ ਕੀਤਾ ਇਸ ਕਾਰਨ ਨਹੀਂ ਕਿ ਉਹ ਦੁਨੀਆ ਦੀ ਸਭ ਤੋਂ ਆਹਲਾ ਕੌਮ ਹੈ, ਸਗੋਂ ਉਹ ਜਿਹੜੇ ਵੀ ਮੁਲਕ ਗਏ ਉਥੇ ਆਪਣੀ ਮਜ਼ਬੂਤ ਆਰਥਿਕਤਾ ਲੈ ਕੇ ਗਏ, ਜਦਕਿ ਭਾਰਤ ਤੋ ਵਿਦੇਸ਼ਾਂ ’ਚ ਗਏ ਭਾਰਤੀ ਅਜਿਹਾ ਨਹੀਂ ਕਰ ਸਕੇ ਕਿਉਕਿ ਉਹ ਮਜ਼ਬੂਤ ਆਰਥਿਕਤਾ ਨਹੀਂ ਬਲਕਿ ਕਿਰਤੀ ਜਮਾਤ ਦੇ ਰੂਪ ’ਚ ਉਥੇ ਗਏ ਸਨ ਰੋਜ਼ੀ-ਰੋਟੀ ਲਈ। ਇਸ ਤੋਂ ਤਾਂ ਇਹੀ ਸਾਬਤ ਹੁੰਦਾ ਹੈ ਕਿ ਰੋਟੀ ਲਈ ਪੰਜਾਬ ਆਏ ਇਹ ਮਜ਼ਦੂਰ ਪੰਜਾਬ ਦੇ ਸੱਭਿਆਚਾਰ ਦਾ ਭਲਾ ਕੀ ਵਿਗਾੜਨਗੇ?

ਸਮੇਂ ਦੇ ਨਾਲ-ਨਾਲ ਇਹ ਪਰਵਾਸੀ ਮਜ਼ਦੂਰ ਵੀ ਪੰਜਾਬੀ ਸੱਭਿਆਚਾਰ ਦੇ ਰੰਗ ’ਚ ਰੰਗੇ ਜਾ ਰਹੇ ਹਨ । ਏਥੇ ਮੈਂ ਇਕ ਉਦਾਹਰਨ ਆਪਣੇ ਪਿੰਡ ਦੇ ਬਿਹਾਰੀ ਮਜ਼ਦੂਰ ਦੀ ਦਿੰਦਾ ਹਾਂ। ਸਾਡੇ ਪਿੰਡ ਦਾ ਇਕ ‘ਭਈਆ’ ਰਾਮ ਲਾਲ 40 ਕੁ ਸਾਲ ਪਹਿਲਾਂ ਪਿੰਡ ਆਇਆ ਸੀ ਤਾਂ ਉਸਦੀ ਬੋਲੀ ਬਿਲਕੁਲ ਬਿਹਾਰੀ ਸੀ, ਪਰ ਅੱਜ ਉਹ ਚੰਗੀ ਪੰਜਾਬੀ ਬੋਲਦਾ ਹੈ। ਉਸਦੇ ਪੁੱਤ ਪੋਤੇ ਵੀ ਸੋਹਣੀ ਪੰਜਾਬੀ ਉਚਾਰਦੇ ਹਨ, ਇੰਨ੍ਹੀ ਸੋਹਣੀ ਕਿ ਸਾਡੇ ਮੂਲ ਪੰਜਾਬੀ ਬੱਚੇ ਵੀ ਨਹੀਂ ਉਚਾਰਦੇ। ਅਸਲ ’ਚ ਉਹ ਪੰਜਾਬੀ ਸੱਭਿਆਚਾਰ ਤੋਂ ਨਹੀਂ ਸਗੋਂ ਸਿੱਖ ਸੱਭਿਆਚਾਰ ਤੋਂ ਪ੍ਰਭਾਵਤ ਹੋਇਆ। ਉਸਨੇ ਆਪਣਾ ਨਾਮ ਰਾਮ ਸਿੰਘ ਰੱਖ ਲਿਆ ਹੈ ਤੇ ਬੇਟੇ ਦਾ ਨਾਂਅ ਗੁਰਦੀਪ ਸਿੰਘ ਰੱਖਿਆ ਜੋ ਕਿ ਇਕ ਕੇਸਧਾਰੀ ਬੱਚਾ ਹੈ।

ਅਸਲ ’ਚ ਪੰਜਾਬੀ ਸੱਭਿਆਚਾਰ ਨੂੰ ਖ਼ਤਰਾ ਬਾਹਰਲਿਆਂ ਤੋਂ ਨਹੀਂ ਸਗੋਂ ਉਸਦੇ ਆਪਣਿਆਂ ਤੋਂ ਹੈ। ਪੰਜਾਬੀਆਂ ਨੇ ਆਪਣੇ ਬੱਚੇ ਸਰਕਾਰੀ ਸਕੂਲਾਂ ’ਚੋਂ ਹਟਾ ਕੇ ਅੰਗਰੇਜ਼ੀ ਸਕੂਲਾਂ ’ਚ ਪੜ੍ਹਾਉਣੇ ਸ਼ੁਰੂ ਕਰ ਦਿੱਤੇ ਹਨ। ਅਜਿਹੇ ਸਕੂਲਾਂ ’ਚ ਮਾਂ ਬੋਲੀ ਦੀ ਕੋਈ-ਕਦਰ ਨਹੀਂ ਹੈ। ਜਦਕਿ ਬਿਹਾਰ ਤੋਂ ਆਏ ਨੰਦ ਕਿਸ਼ੋਰ ਦੇ ਬੱਚੇ ਸਰਕਾਰੀ ਸਕੂਲਾਂ ’ਚ ‘ਊੜਾ-ਐੜਾ’ ਪੜਦੇ ਹਨ ਤੇ ਫੱਟੀ ’ਤੇ ਲਿਖਦੇ ਹਨ । ‘ਗੁਰੂ ਨਾਨਕ ਦੇਵ ਜੀ ਦਾ ਜਨਮ ਰਾਏ ਭੋਇ ਦੀ ਤਲਵੰਡੀ ਜ਼ਿਲਾ ਸ਼ੇਖੂਪੁਰਾ ਨਨਕਾਣਾ ਸਾਹਿਬ ਵਿਖੇ ਹੋਇਆ’। ਉਥੇ ਹੀ ਦੂਜੇ ਪਾਸੇ ਦੇਖੋ ਤਾਂ ਅੱਜ ਦੇ ਸਮੇਂ ਚ ਪੰਜਾਬੀਆਂ ਤੇ ਉਹਨਾਂ ਦੇ ਬੱਚਿਆਂ ਦੇ ਸਿਰ ਤੇ ਵਿਦੇਸ਼ ਜਾਣ ਦਾ ਭੂਤ ਸਵਾਰ ਹੈ।

ਪ੍ਰਵਾਸੀ ਮਜ਼ਦੂਰਾਂ ਤੋਂ ਪੰਜਾਬੀ ਸੱਭਿਆਚਾਰ ਨੂੰ ਖ਼ਤਰਾ ਦੱਸਣ ਵਾਲਿਆਂ ਨੂੰ ਅਸਲ ’ਚ ਪੰਜਾਬੀ ਸੱਭਿਆਚਾਰ ਦੀ ਚਿੰਤਾ ਘੱਟ ਤੇ ਸਿੱਖ ਸੱਭਿਆਚਾਰ ਦੀ ਤੇ ਆਪਣਾ ਰਾਜ-ਭਾਗ ਖੁੱਸਣ ਦਾ ਖ਼ਤਰਾ ਵੱਧ ਹੈ। ਅਸੀਂ ਜਾਣਦੇ ਹਾਂ ਕਿ ਪ੍ਰਵਾਸੀ ਮਜ਼ਦੂਰਾਂ ਨੇ ਕਿਵੇਂ ਮਿਹਨਤ-ਮਜ਼ਦੂਰੀ ਕਰ ਕੇ ਵੱਡੀਆਂ ਕਾਮਯਾਬੀਆਂ ਹਾਸਲ ਕਰ ਲਈਆਂ ਹਨ। ਪੰਜਾਬ ਵਿਚ ਇਨਕਲਾਬ ਵੇਲੇ ਪੰਜਾਬੀ ਮਜ਼ਦੂਰਾਂ ਦੀ ਵੱਡੇ ਪੱਧਰ ਉੱਤੇ ਆਮਦ ਸ਼ੁਰੂ ਹੋਈ ਸੀ ਜਿਨ੍ਹਾਂ ਪੰਜਾਬ ਦੀ ਖੇਤੀ ਵਿਚ ਅਹਿਮ ਯੋਗਦਾਨ ਪਾਇਆ ਹੈ | ਅੱਜ ਕਈ ਮਜ਼ਦੂਰ ਆਪਣੀ ਮਿਹਨਤ ਸਦਕਾ ਪੰਜਾਬ ਦੇ ਪਿੰਡਾਂ ਵਿਚੋਂ ਨਿਕਲ ਕੇ ਸ਼ਹਿਰਾਂ ਵਿਚ ਆਪਣਾ ਕੰਮ ਕਰਨ ਲੱਗੇ ਹਨ, ਕੋਈ ਫੈਕਟਰੀ ਵਿਚ, ਕੋਈ ਰੇਹੜੀ ਲਗਾ ਰਿਹਾ ਹੈ| ਧਨੀ ਕਿਸਾਨੀ ਨੂੰ ਇਹੀ ਗੱਲ ਚੁਭ ਰਹੀ ਹੈ ਕਿ ਉਹਨਾਂ ਦੇ ਖੇਤਾਂ ਵਿਚ ਘੱਟ ਮੁੱਲ ਉੱਤੇ ਕੰਮ ਕਰਨ ਵਾਲੇ ਹੁਣ ਸ਼ਹਿਰਾਂ ਵਿਚ ਜਾ ਕੇ ਆਤਮ ਨਿਰਭਰ ਹੋ ਰਹੇ ਹਨ | ਪਰਵਾਸੀ ਮਜ਼ਦੂਰ ਖੇਤਾਂ ਵਿਚ ਪੰਜਾਬ ਦੇ ਸਥਾਨਕ ਮਜ਼ਦੂਰਾਂ ਤੋਂ ਸਸਤੀ ਕੀਮਤ ਵਿਚ ਕੰਮ ਕਰਦੇ ਹਨ | ਕਈ ਅਜਿਹੀਆਂ ਰਿਪੋਰਟਾਂ ਵੀ ਆਈਆਂ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਕਈ ਅਮੀਰ ਕਿਸਾਨ ਪਰਵਾਸੀ ਮਜ਼ਦੂਰਾਂ ਤੋਂ ਬੰਧੂਆ ਮਜ਼ਦੂਰਾਂ ਵਾਂਗ ਕੰਮ ਲੈ ਰਹੇ ਹਨ |

ਜਿੱਥੋਂ ਤੱਕ ਸਵਾਲ ਲੁੱਟਾਂ-ਖੋਹਾਂ ਤੇ ਹੋਰ ਵਾਰਦਾਤਾਂ ਦਾ ਹੈ, ਇਸ ਸਬੰਧੀ ਅਸੀਂ ਸਮੁੱਚੇ ਪ੍ਰਵਾਸੀ ਮਜ਼ਦੂਰਾਂ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਇਨਾਂ ’ਚੋ ਥੋੜੇ ਵਿਅਕਤੀ ਅਜਿਹੇ ਜ਼ਰੂਰ ਹੋ ਸਕਦੇ ਹਨ, ਪਰ ਇਸ ਲਈ ਪੂਰੇ ਭਾਈਚਾਰੇ ਨੂੰ ਦੋਸ਼ੀ ਠਹਿਰਾਉਣਾ ਸਹੀ ਨਹੀਂ ਹੋਵੇਗਾ। ਇਹ ਇਮਾਨਦਾਰ, ਮਿਹਨਤੀ ਮਜ਼ਦੂਰ ਹਨ। ਇਹੋ ਕਾਰਨ ਹੈ ਕਿ ਸ਼ਹਿਰਾਂ ਤੇ ਪਿੰਡਾਂ ਦੇ ਕਈ ਲੋਕ ਇਨਾਂ ਨੂੰ ਨੌਕਰ ਵਜੋਂ ਘਰਾਂ ’ਚ ਵੀ ਰੱਖਦੇ ਹਨ। ਅਸਲ ’ਚ ਲੁੱਟਾਂ-ਖੋਹਾਂ, ਚੋਰੀ-ਡਾਕੇ ਦੇ ਕਾਰਨ ਆਰਥਿਕ ਹਨ। ਇਹ ਸਾਡੇ ਮਾੜੇ ਆਰਥਿਕ ਸਿਸਟਮ ਦੀ ਦੇਣ ਹਨ, ਨਾ ਕਿ ਭੈੜੀਆਂ ਰੁਚੀਆਂ ਪ੍ਰਵਾਸੀਆਂ ਦੇ ਖੂਨ ਵਿਚ ਹੁੰਦੀਆਂ ਹਨ। ਨਿਰਪੱਖ ਹੋ ਕੇ ਜਾਂਚਣ ’ਤੇ ਪਤਾ ਲੱਗਦਾ ਹੈ ਕਿ ਲੁੱਟਾਂ-ਖੋਹਾਂ ’ਚ ਪੰਜਾਬੀ ਵੀ ਪਿੱਛੇ ਨਹੀਂ ਹਨ। ਵੱਡੇ ਘਰਾਂ ਦੇ ਵਿਗੜੇ ਕਾਕੇ ਤੇ ਬੇਰੁਜ਼ਗਾਰ ਨੌਜਵਾਨ ਆਮ ਹੀ ਇਨਾਂ ਵਾਰਦਾਤਾਂ ’ਚ ਸ਼ਾਮਿਲ ਦਿਸੱਦੇ ਹਨ। ਇਹਨਾਂ ਦਿਨਾਂ ਵਿਚ ਪੰਜਾਬ ਵਿਚ ਹੋ ਰਹੀਆਂ ਲੁੱਟਾਂ ਖੋਹਾਂ ਤੇ ਕਤਲ ਇਸ ਗੱਲ ਦੀ ਤਸਦੀਕ ਕਰਦੇ ਹਨ | ਕਈ ਪੰਜਾਬੀ ਤਾਂ ਵਿਦੇਸ਼ਾਂ ’ਚ ਜਾ ਕੇ ਵੀ ਲੁੱਟਾਂ-ਖੋਹਾਂ ਤੇ ਸਮਗਲਿੰਗ ਕਰਦੇ ਹਨ। ਕਿ ਇਸ ਲਈ ਅਸੀਂ ਪੂਰੀ ਪੰਜਾਬੀ ਕੌਮ ਨੂੰ ਹੀ ਲੁਟੇਰੀ ਕੌਮ ਕਹਿ ਦਿਆਂਗੇ?

ਜੇਕਰ ਪ੍ਰਵਾਸੀ ਮਜ਼ਦੂਰ ਆਪਣੇ ਹੀ ਮੁਲਕ ਦੇ ਦੂਜੇ ਹਿੱਸੇ ’ਚ ਮਿਹਨਤ ਮਜ਼ਦੂਰੀ ਕਰ ਕੇ ਕਾਮਯਾਬੀ ਦੀਆਂ ਬੁਲੰਦੀਆਂ ਛੂੰਹਦੇ ਹਨ ਤਾਂ ਇਸ ’ਚ ਕੀ ਬੁਰਾਈ ਹੈ? ਜੇਕਰ ਬੁਰਾਈ ਹੈ ਤਾਂ ਪੰਜਾਬੀਆਂ ਦਾ ਬੇਗਾਨੇ ਮੁਲਕਾਂ ’ਚ ਜਾ ਕੇ ਉੱਚੇ ਅਹੁਦਿਆਂ ’ਤੇ ਕੰਮ ਕਰਨਾ ਕਿਵੇਂ ਸਹੀ ਹੈ?

ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪ੍ਰਵਾਸੀ ਮਜ਼ਦੂਰਾਂ ਦਾ ਪੰਜਾਬ ਦੀ ਖੁਸ਼ਹਾਲੀ ’ਚ ਅਹਿਮ ਯੋਗਦਾਨ ਹੈ। ਵਰਤਮਾਨ ਯੁੱਗ ’ਚ ਜਦ ਅਸੀਂ ਆਪਣੇ ਗੁਆਂਢੀ ਦੇਸ਼ਾਂ ’ਚ ਬਿਨਾਂ ਵੀਜ਼ੇ ਜਾਣ ਦੀਆਂ ਗੱਲਾਂ ਕਰਦੇ ਹਾਂ ਤਾਂ ਇਨਾਂ ਮਜ਼ਦੂਰਾਂ ਦੇ ਆਪਣੇ ਹੀ ਮੁਲਕ ’ਚ ਆਉਣ ’ਤੇ ਰੋਕ ਲਾਉਣੀ ਚੰਗੀ ਸੋਚ ਨਹੀਂ ਕਹੀ ਜਾ ਸਕਦੀ।

Shiv Inder Singh

Shiv Inder Singh is an independent journalist, writer, and political analyst with 25 years of experience in journalism and media. Founder and Editor-in-Chief of Suhi Saver (2010), he contributes to The Caravan, The Wire, and LiveMint. He is a Jagjit Singh Anand Award recipient, known for his commitment to public-interest and investigative journalism.

Post navigation

ਬਾਰਡਰਮੈਨ ਮੈਰਾਥਨ 2026: ਅੰਮ੍ਰਿਤਸਰ ਦੀਆਂ ਸੜਕਾਂ 'ਤੇ ਦੌੜਿਆ ਜਜ਼ਬਾ, ਦੇਸ਼ ਭਗਤੀ ਅਤੇ ਫਿਟਨੈਸ ਦਾ ਸੁਮੇਲ

ਪੰਜਾਬ ਦੀ ਪਵਿੱਤਰ ਧਰਤੀ ਅੰਮ੍ਰਿਤਸਰ ਅਤੇ ਭਾਰਤ-ਪਾਕਿਸਤਾਨ ਸਰਹੱਦ ਦੇ ਨਜ਼ਦੀਕ ਵਸੇ ਇਲਾਕਿਆਂ ਵਿੱਚ ਬੀਤੀ ਸਵੇਰ ਕੁਝ…

Leave a Comment

Leave a Reply

Your email address will not be published. Required fields are marked *