ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ, ਪਿਆਰ ਅਤੇ ਸਮਾਨਤਾ ਦੇ ਸੰਦੇਸ਼ ਨੂੰ ਫੈਲਾਉਣ ਲਈ ਕਈ ਲੰਬੀਆਂ ਯਾਤਰਾਵਾਂ ਕੀਤੀਆਂ, ਜਿਹਨਾਂ ਨੂੰ ਉਦਾਸੀ ਯਾਤਰਾਵਾਂ ਵਜੋਂ ਜਾਣੀਆਂ ਜਾਂਦੀਆਂ ਹੈ। ਇਨ੍ਹਾਂ ਯਾਤਰਾਵਾਂ ਰਾਹੀਂ, ਉਨ੍ਹਾਂ ਨੇ ਭਾਰਤ, ਤਿੱਬਤ, ਸ੍ਰੀਲੰਕਾ, ਅਰਬ ਅਤੇ ਮੱਧ ਏਸ਼ੀਆ ਦੀ ਯਾਤਰਾ ਕੀਤੀ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀਆਂ ਪੰਜ ਵੱਡੀਆਂ ਉਦਾਸੀ ਯਾਤਰਾਵਾਂ ਸਨ, ਜਿਨ੍ਹਾਂ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਨੂੰ 24 ਸਾਲ ਲੱਗੇ। 1500 ਈਸਵੀ ਤੋਂ 1524 ਈਸਵੀ ਦਰਮਿਆਨ ਕੀਤੀ ਗਈ 28 ਹਜ਼ਾਰ ਕਿਲੋਮੀਟਰ ਲੰਬੀ ਇਹਨਾਂ ਪੈਦਲ ਯਾਤਰਾ ਦੌਰਾਨ, ਉਨ੍ਹਾਂ ਨੇ ਪੰਡਿਤਾਂ, ਫਕੀਰਾਂ ਅਤੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਜਾਤੀਵਾਦ, ਅੰਧਵਿਸ਼ਵਾਸ ਅਤੇ ਪਾਖੰਡ ਦਾ ਵਿਰੋਧ ਕੀਤਾ। ਉਨ੍ਹਾਂ ਦੇ ਨਾਲ ਭਾਈ ਮਰਦਾਨਾ ਵੀ ਸਨ, ਜੋ ਰਬਾਬ ਵਜਾਉਂਦੇ ਸੀ। ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਯਾਤਰਾਵਾਂ ਦੌਰਾਨ, ਪਰਮਾਤਮਾ ਦੇ ਨਾਮ ਸਿਮਰਨ, ਸੱਚਾਈ ਅਤੇ ਸੇਵਾ ਦਾ ਸੰਦੇਸ਼ ਦਿੱਤਾ, ਜਿਸ ਨਾਲ ਸਿੱਖ ਧਰਮ ਦੀ ਨੀਂਹ ਮਜ਼ਬੂਤ ਹੋਈ।
ਆਪਣੀ ਤੀਜੀ ਉਦਾਸੀ ਦੇ ਦੌਰਾਨ, ਗੁਰੂ ਨਾਨਕ ਦੇਵ ਜੀ ਨੇ ਉੱਤਰਾਖੰਡ ਦੇ ਰਸਤਿਆਂ ਰਾਹੀਂ ਕੈਲਾਸ਼-ਮਾਨਸਰੋਵਰ ਦੀ ਪਵਿੱਤਰ ਯਾਤਰਾ ਕੀਤੀ। ਪਹੁੰਚ ਤੋਂ ਬਾਹਰ ਦੀਆਂ ਉਚਾਈਆਂ, ਦੱਰਿਆਂ ਅਤੇ ਵਾਦੀਆਂ ਵਿੱਚੋਂ ਦੀ ਉਨ੍ਹਾਂ ਦੀ ਯਾਤਰਾ ਦੇ ਨਿਸ਼ਾਨ ਅੱਜ ਵੀ ਉੱਤਰਾਖੰਡ ਦੇ ਕੁਮਾਉਂ-ਗੜ੍ਹਵਾਲ ਵਿੱਚ ਵੱਖ-ਵੱਖ ਥਾਵਾਂ ‘ਤੇ ਮੌਜੂਦ ਹਨ।

Pic Credit : Ashok Pande
ਕੁਮਾਊਂ ਵਿੱਚ ਸਰਯੂ ਅਤੇ ਗੋਮਤੀ ਨਦੀਆਂ ਦੇ ਸੰਗਮ ‘ਤੇ ਸਥਿਤ ਬਾਗੇਸ਼ਵਰ ਨਾਮਕ ਇੱਕ ਪ੍ਰਾਚੀਨ ਕਸਬਾ ਗੁਰੂ ਜੀ ਦੀ ਯਾਤਰਾ ਦਾ ਗਵਾਹ ਰਿਹਾ ਹੈ। ਕੈਲਾਸ਼-ਮਾਨਸਰੋਵਰ ਯਾਤਰਾ ਤੋਂ ਵਾਪਸੀ ਸਮੇ ਜਦੋਂ ਉਹ ਇੱਥੇ ਪਹੁੰਚੇ, ਤਾਂ ਖੇਤਰ ਵਿੱਚ ਇੱਕ ਬੇਔਲਾਦ ਰਾਜਾ ਸ਼ਾਸਨ ਕਰਦਾ ਸੀ। ਬੇਔਲਾਦ ਹੋਣ ਕਾਰਨ ਉਹ ਹਮੇਸ਼ਾ ਦੁਖੀ ਰਹਿੰਦਾ ਸੀ। ਕਿਸੇ ਨੇ ਉਸਨੂੰ ਸਲਾਹ ਦਿੱਤੀ ਕਿ ਪਰਮਾਤਮਾ ਨੂੰ ਖੁਸ਼ ਕਰਨ ਲਈ ਇੱਕ ਮਨੁੱਖੀ ਬਲੀ ਦਿੱਤੀ ਜਾਵੇ ਤਾਂ ਪੁੱਤਰ ਪ੍ਰਾਪਤੀ ਹੋ ਸਕਦੀ ਹੈ। ਪੁੱਤਰ ਪ੍ਰਾਪਤ ਕਰਨ ਲਈ ਰਾਜਾ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਸੀ, ਇਸ ਲਈ ਹਰ ਰੋਜ਼ ਉਸਦੇ ਸਿਪਾਹੀ ਸ਼ਹਿਰ ਵਿੱਚ ਜਾਂਦੇ ਸਨ, ਇੱਕ ਆਦਮੀ ਨੂੰ ਫੜ ਲਿਆਉਂਦੇ ਅਤੇ ਉਸਨੂੰ ਬਲੀਦਾਨ ਲਈ ਪੇਸ਼ ਕਰਦੇ। ਅੰਧਵਿਸ਼ਵਾਸ ਅਤੇ ਡਰ ਦਾ ਇਹ ਮਾਹੌਲ ਹੌਲੀ-ਹੌਲੀ ਸ਼ਹਿਰ ਵਾਸੀਆਂ ਦੀਆਂ ਜ਼ਿੰਦਗੀਆਂ ਤੇ ਕਾਲ ਦੇ ਪਰਛਾਵੇਂ ਵਾਂਗ ਫੈਲ ਗਿਆ। ਲੋਕ ਡਰ ਅਤੇ ਬੇਵੱਸੀ ਵਿੱਚ ਰਹਿਣ ਲਈ ਮਜਬੂਰ ਬਣਾ ਦਿੱਤੇ ਗਏ।
ਇਸ ਸਮੇਂ ਦੌਰਾਨ, ਗੁਰੂ ਨਾਨਕ ਦੇਵ ਜੀ ਆਪਣੇ ਸਾਥੀਆਂ, ਭਾਈ ਮਰਦਾਨਾ ਅਤੇ ਭਾਈ ਬਾਲਾ ਨਾਲ ਬਾਗੇਸ਼ਵਰ ਪਹੁੰਚੇ। ਪਰੰਪਰਾ ਅਨੁਸਾਰ, ਉਨ੍ਹਾਂ ਨੇ ਗੋਮਤੀ ਨਦੀ ਦੇ ਕੰਢੇ ਆਪਣਾ ਡੇਰਾ ਲਾਇਆ। ਇਸ਼ਨਾਨ ਕਰਨ ਤੋਂ ਬਾਅਦ, ਗੁਰੂ ਜੀ ਨੇ ਭਾਈ ਮਰਦਾਨਾ ਨੂੰ ਰਬਾਬ ਵਜਾਉਣ ਲਈ ਕਿਹਾ ਅਤੇ ਗੁਰਬਾਣੀ ਗਾਉਣੀ ਸ਼ੁਰੂ ਕਰ ਦਿੱਤੀ, “ਵਾਣੀ ਆਈ ਹੈ!” ਦਾ ਹੌਲੀ ਹੌਲੀ ਐਲਾਨ ਕਰਦੇ ਹੋਏ, ਉਹਨਾਂ ਨੇ ਖੁਦ ਗੁਰਬਾਣੀ ਗਾਉਣੀ ਸ਼ੁਰੂ ਕਰ ਦਿੱਤੀ। ਗੁਰੂ ਨਾਨਕ ਦੇਵ ਜੀ ਦੇ ਇਲਾਹੀ ਗਾਇਨ ਨੇ ਸਥਾਨਕ ਲੋਕਾਂ ਦੇ ਕੰਨਾਂ ਨੂੰ ਨਵੀਂ ਉਮੀਦ ਨਾਲ ਭਰਨਾ ਸ਼ੁਰੂ ਕਰ ਦਿੱਤਾ।
ਉਸੇ ਵੇਲੇ, ਰਾਜੇ ਦੇ ਸਿਪਾਹੀ ਬਲਿ ਦੀ ਖੋਜ ਵਿਚ ਨਿਕਲ ਆਏ। ਲੋਕ ਡਰ ਕੇ ਇਧਰ ਉਧਰ ਭੱਜਣ ਲੱਗੇ। ਸਿਪਾਹੀਆਂ ਨੇ ਗੁਰੂ ਜੀ ਅਤੇ ਭਾਈ ਮਰਦਾਨਾ ਨੂੰ ਜ਼ਬਰਦਸਤੀ ਉਥੋਂ ਚੁੱਕ ਕੇ ਰਾਜੇ ਦੇ ਦਰਬਾਰ ਵਿੱਚ ਪੇਸ਼ ਕੀਤਾ। ਦੰਤਕਥਾ ਹੈ ਕਿ ਜਿਵੇ ਹੀ ਰਾਜੇ ਦੀ ਗੁਰੂ ਜੀ ‘ਤੇ ਨਜ਼ਰ ਪਈ, ਉਹ ਉਨ੍ਹਾਂ ਦੀ ਆਭਾ ਅਤੇ ਸ਼ਾਂਤ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ।
ਬਾਅਦ ਵਿੱਚ, ਗੁਰੂ ਜੀ ਨੇ ਸਰਲ ਪਰ ਡੂੰਘੇ ਸ਼ਬਦਾਂ ਵਿੱਚ ਰਾਜੇ ਨੂੰ ਕਿਹਾ ਕਿ ਸਾਰੀ ਸ੍ਰਿਸ਼ਟੀ ਇੱਕੋ ਪਰਮਾਤਮਾ ਦੀ ਔਲਾਦ ਹੈ। ਜਿਉਂਦੇ ਮਨੁੱਖਾਂ ਨੂੰ ਮਾਰਨਾ ਅਤੇ ਉਨ੍ਹਾਂ ਨੂੰ ਮਰੀਆਂ ਹੋਈਆਂ ਮੂਰਤੀਆਂ ਨੂੰ ਭੇਟ ਕਰਨਾ ਪਰਮਾਤਮਾ ਨੂੰ ਖੁਸ਼ ਨਹੀਂ ਕਰ ਸਕਦਾ। ਧਰਮ ਦਾ ਮਾਰਗ ਦਇਆ, ਸੱਚਾਈ ਅਤੇ ਪਿਆਰ ਰਾਹੀਂ ਹੋਕਰ ਜਾਂਦਾ ਹੈ, ਹਿੰਸਾ ਅਤੇ ਡਰ ਰਾਹੀਂ ਨਹੀਂ।

ਰਾਜੇ ਦਾ ਦਿਲ ਬਦਲ ਗਿਆ। ਉਸਨੇ ਗੁਰੂ ਜੀ ਦੇ ਚਰਨਾਂ ਵਿੱਚ ਝੁਕ ਕੇ ਮੱਥਾ ਟੇਕਿਆ, ਆਪਣੇ ਕੰਮਾਂ ਲਈ ਮੁਆਫ਼ੀ ਮੰਗੀ, ਅਤੇ ਮਾਰਗਦਰਸ਼ਨ ਮੰਗਿਆ। ਪਰੰਪਰਾ ਅਨੁਸਾਰ, ਗੁਰੂ ਜੀ ਨੇ ਉਸਨੂੰ ਕੁਝ ਦਿਨਾਂ ਲਈ ਹਰ ਰੋਜ਼ ਇੱਕ ਦੀਵਾ ਜਗਾਉਣ ਅਤੇ ਸੱਚੇ ਦਿਲ ਨਾਲ ਪਰਮਾਤਮਾ ਨੂੰ ਯਾਦ ਕਰਨ ਦੀ ਹਦਾਇਤ ਕੀਤੀ। ਰਾਜੇ ਨੇ ਅਜਿਹਾ ਹੀ ਕੀਤਾ, ਅਤੇ ਜਲਦੀ ਹੀ ਉਸਨੂੰ ਇੱਕ ਪੁੱਤਰ ਦੀ ਬਖਸ਼ਿਸ਼ ਹੋਈ। ਇਸ ਘਟਨਾ ਨੂੰ ਉਹ ਗੁਰੂ ਜੀ ਦੀ ਕਿਰਪਾ ਦਾ ਨਤੀਜਾ ਮਨਦਾ ਸੀ। ਸ਼ੁਕਰਗੁਜ਼ਾਰੀ ਵਿੱਚ, ਉਸਨੇ ਉਹ ਜ਼ਮੀਨ ਦਾਨ ਕਰ ਦਿੱਤੀ ਜਿੱਥੇ ਗੁਰੂ ਜੀ ਠਹਿਰੇ ਸਨ। ਉਹੀ ਜਗ੍ਹਾ ਬਾਅਦ ਵਿੱਚ ਗੁਰਦੁਆਰਾ ਥੜਾ ਸਾਹਿਬ ਵਜੋਂ ਜਾਣੀ ਜਾਣ ਲੱਗੀ।
ਗੁਰੂ ਨਾਨਕ ਦੇਵ ਜੀ ਦੇ ਆਸ਼ੀਰਵਾਦ ਨਾਲ ਸਥਾਪਿਤ ਇਹ ਗੁਰਦੁਆਰਾ ਅੱਜ ਵੀ ਕੁਮਾਊਂ ਦੇ ਸਭ ਤੋਂ ਵੱਕਾਰੀ ਪੂਜਾ ਸਥਾਨਾਂ ਵਿੱਚ ਗਿਣਿਆ ਜਾਂਦਾ ਹੈ।

Pic Credit : Ashok Pande
ਬਾਗੇਸ਼ਵਰ ਨਾਲ ਜੁੜੀ ਇੱਕ ਹੋਰ ਲੋਕ ਕਥਾ ਪਿੱਪਲ ਸਾਹਿਬ ਦੇ ਨਾਮ ਨਾਲ ਮਸ਼ਹੂਰ ਹੈ। ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਗੋਮਤੀ ਜਾਂ ਸਰਯੂ ਦੇ ਕੰਢੇ ਨੇੜੇ ਇੱਕ ਸੁੱਕੇ ਪਿੱਪਲ ਦੇ ਦਰੱਖਤ ਹੇਠ ਆਸਨ ਲਗਾਇਆ। ਉਨ੍ਹਾਂ ਦੀ ਮੌਜੂਦਗੀ ਅਤੇ ਕੀਰਤਨ ਕਾਰਨ ਦਰੱਖਤ ਹਰਾ-ਭਰਾ ਹੋ ਗਿਆ। ਅੱਜ ਵੀ, ਸ਼ਰਧਾਲੂ ਖੇਤਾਂ ਦੇ ਵਿਚਕਾਰ ਸਥਿਤ ਉਸ ਹਰੇ ਭਰੇ ਦਰੱਖਤ ਨੂੰ ਗੁਰੂ ਦੇ ਪਿੱਪਲ ਜਾਂ ਪਿੱਪਲ ਸਾਹਿਬ ਦੇ ਨਾਮ ਨਾਲ ਯਾਦ ਕਰਦੇ ਹਨ। ਇਹ ਕਹਾਣੀ ਸਿਰਫ਼ ਚਮਤਕਾਰਾਂ ਦੀ ਕਹਾਣੀ ਨਹੀਂ ਹੈ, ਸਗੋਂ ਜੀਵਨ ਦੇ ਉਸ ਦ੍ਰਿਸ਼ਟੀਕੋਣ ਦਾ ਪ੍ਰਤੀਕ ਹੈ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਨੇ ਨਿਰਜੀਵ ਅਤੇ ਸਜੀਵ, ਮਨੁੱਖ ਅਤੇ ਕੁਦਰਤ ਵਿਚਕਾਰ ਏਕਤਾ ਦੀ ਭਾਵਨਾ ਸਥਾਪਤ ਕੀਤੀ।
ਉਤਰਾਖੰਡ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਦਾ ਜ਼ਿਕਰ ਕਈ ਸਥਾਨਾਂ ਦੇ ਸੰਦਰਭ ਵਿੱਚ ਮਿਲਦਾ ਹੈ। ਉਦਾਹਰਣ ਵਜੋਂ, ਊਧਮ ਸਿੰਘ ਨਗਰ ਵਿੱਚ ਸਥਿਤ ਨਾਨਕਮੱਤਾ ਸਾਹਿਬ ਦਾ ਸਬੰਧ ਵੀ ਉਨ੍ਹਾਂ ਦੀ ਤੀਜੀ ਉਦਾਸੀ ਨਾਲ ਜੋੜਿਆ ਜਾਂਦਾ ਹੈ, ਜਿੱਥੇ ਪਿੱਪਲ ਦੇ ਦਰੱਖਤ ਦੇ ਹਰੇ ਹੋਣ ਦੀ ਕਥਾ ਪ੍ਰਸਿੱਧ ਹੈ। ਉੱਤਰਾਖੰਡ ਦਾ ਹਿਮਾਲੀਅਨ ਖੇਤਰ ਨਾ ਸਿਰਫ਼ ਗੁਰੂ ਜੀ ਦੀ ਭੂਗੋਲਿਕ ਯਾਤਰਾ ਦਾ ਸਗੋਂ ਅਧਿਆਤਮਿਕ ਸੰਵਾਦ ਦਾ ਵੀ ਕੇਂਦਰ ਰਿਹਾ ਹੈ।



Leave a Comment