ਹਾਕੀ ਦੀ ਨਰਸਰੀ ਕਹਿ ਲਓ ਜਾਂ ਹਾਕੀ ਦਾ ਮੱਕਾ, ਜਲੰਧਰ ਦਾ ਪਿੰਡ ਸੰਸਾਰਪੁਰ ਦੇਸ਼ ਦਾ ਇਕਲੌਤਾ ਅਜਿਹਾ ਪਿੰਡ ਹੈ ਜਿਸਨੇ ਪੰਜਾਬ ਜਾਂ ਸਿਰਫ ਦੇਸ਼ ਹੀ ਨਹੀਂ ਪੂਰੀ ਦੁਨੀਆਂ ਨੂੰ ਸੱਭ ਤੋਂ ਵੱਧ ਖਿਡਾਰੀ ਦਿੱਤੇ ਹਨ। ਸੰਸਾਰਪੁਰ ਨੇ 9 ਹਾਕੀ ਓਲੰਪੀਅਨ ਭਾਰਤ ਲਈ, 4 ਕੀਨੀਆ ਲਈ ਅਤੇ ਇੱਕ ਕਨੇਡਾ ਲਈ ਪੈਦਾ ਕੀਤਾ। ਇਸ ਪਿੰਡ ਤੋਂ ਸੱਭ ਤੋਂ ਪਹਿਲਾਂ ਕਰਨਲ ਗੁਰਮੀਤ ਸਿੰਘ ਨੇ 1932 ਦੀਆਂ ਲੌਸ ਏਂਜਲਿਸ ਦੀਆਂ ਓਲੰਪਿਕ ਖੇਡਾਂ ‘ਚ ਭਾਰਤੀ ਟੀਮ ਦੀ ਅਗਵਾਈ ਕੀਤੀ, ਬੱਸ ਫਿਰ ਕੀ ਸੀ ਫਿਰ ਤਾਂ ਇਸ ਪਿੰਡ ਤੋਂ ਧੜਾਧੜ ਖਿਡਾਰੀ ਨਿਕਲਣ ਲੱਗੇ। ਸੂਬੇਦਾਰ ਠਾਕੁਰ ਸਿੰਘ ਸੰਸਾਰੁਪਰ ਦੇ ਪਹਿਲੇ ਹਾਕੀ ਖਿਡਾਰੀ ਸਨ ਜੋ ਭਾਰਤੀ ਹਾਕੀ ਟੀਮ ਨਾਲ ਵਿਦੇਸ਼ ਗਏ।
ਅੰਗ੍ਰੇਜ ਫੌਜੀ ਬਣੇ ਸਨ ਪ੍ਰੇਰਣਾ ਸਰੋਤ
ਕੰਟੋਨਮੈਂਟ ਏਰੀਏ ਨਾਲ ਸੰਸਾਰਪੁਰ ਦੇ ਲੋਕਾਂ ਨੂੰ ਹਾਕੀ ਖੇਡਣ ਦੀ ਪ੍ਰੇਰਣਾ ਅੰਗ੍ਰੇਜ ਫੌਜੀਆਂ ਤੋਂ ਮਿਲੀ। ਇਸ ਤੋਂ ਬਾਅਦ ਇਸੇ ਪਿੰਡ ਦੇ ਅਜੀਤ ਪਾਲ ਸਿੰਘ ਨੇ 1975 ਵਿੱਚ ਪਹਿਲੀ ਵਾਰ ਹਾਕੀ ਵਰਲਡ ਕੱਪ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਟੀਮ ਦੇ ਇੱਕ ਹੋਰ ਮੈਂਬਰ ਵਰਿੰਦਰ ਸਿੰਘ ਵੀ ਇਸੇ ਪਿੰਡ ਦੇ ਹੀ ਸਨ। ਐਨਾ ਹੀ ਨਹੀਂ ਸੰਸਾਰਪੁਰ ਦੇ ਕਈ ਖਿਡਾਰੀ ਦੂਜੇ ਮੁਲਕਾਂ ਲਈ ਵੀ ਖੇਡ ਚੁੱਕੇ ਨੇ। ਵੈਸੇ ਵਿਸ਼ਵ ਨੂੰ ਹਾਕੀ ਖਿਡਾਰੀ ਦੇਣ ਵਾਲੇ ਸੰਸਾਰਪੁਰ ’ਚ ਇਸ ਖੇਡ ਦਾ ਆਗ਼ਾਜ਼ 20ਵੀਂ ਸਦੀ ਦੇ ਸ਼ੁਰੂ ’ਚ 1908 ’ਚ ਹੋਇਆ ਸੀ। ਸੰਸਾਰਪੁਰ ਦੇ ਨੌਜਵਾਨ ਜਦੋਂ ਛਾਉਣੀ ’ਚ ਫ਼ੌਜ ਵੱਲੋਂ ਤਿਆਰ ਕੀਤੇ ਗਏ ਪਰੇਡ ਮੈਦਾਨ ’ਤੇ ਅੰਗਰੇਜ਼ਾਂ ਨੂੰ ਖੇਡਦੇ ਦੇਖਦੇ ਸਨ ਤਾਂ ਉਨ੍ਹਾਂ ਅੰਦਰ ਵੀ ਹਾਕੀ ਖੇਡਣ ਦੀ ਤਾਂਘ ਪੈਦਾ ਹੋਣ ਲੱਗੀ। ਭਾਵੇਂ ਉਸ ਵੇਲੇ ਉਹ ਅੰਗਰੇਜ਼ੀ ਫ਼ੌਜ ਦੇ ਖਿਡਾਰੀਆਂ ਵਾਂਗ ਹਾਕੀਆਂ ਨਹੀਂ ਲੈ ਸਕਦੇ ਹਨ ਪਰ ਉਨ੍ਹਾਂ ਨੇ ਆਪਣੀ ਹਾਕੀ ਖੇਡਣ ਦੀ ਰੀਝ ਪੂਰੀ ਕਰਨ ਲਈ ਤੂਤਾਂ ਦੇ ਮੁੜੇ ਹੋਏ ਡੰਡੇ ਵੱਢ ਕੇ ਖੁੱਦੋਂ ਨਾਲ ਖੇਡਣਾ ਸ਼ੁਰੂ ਕੀਤਾ। ਆਪਣੇ ਲਾਡਲਿਆਂ ਦੀ ਰੀਝ ਪੂਰੀ ਕਰਨ ਲਈ ਮਾਵਾਂ ਨੇ ਘਰਾਂ ’ਚ ਖਿੱਦੋਂ ਤਿਆਰ ਕਰ ਕੇ ਦਿੱਤੀਆਂ ਤੇ ਖੇਡਣ ਲਈ ਉਤਸ਼ਾਹਤ ਕੀਤਾ। ਹਾਕੀ ਖੇਡਣ ਦਾ ਜਨੂੰਨ ਇੱਥੋਂ ਤਕ ਸਿਰ ਚੜ੍ਹ ਕੇ ਬੋਲਣ ਲੱਗਿਆ ਕਿ ਪਿੰਡ ਦੇ ਪੜ੍ਹੇ-ਲਿਖੇ ਤਾਂ ਕੀ ਅਨਪੜ੍ਹ ਮੁੰਡੇ ਵੀ ਮੈਦਾਨ ’ਚ ਖੇਡਣ ਵਾਸਤੇ ਆਉਣ ਲੱਗੇ। ਪਿੰਡ ਦੇ ਮੁੰਡਿਆਂ ’ਚ ਖੇਡਣ ਪ੍ਰਤੀ ਲਗਨ ਏਨੀ ਸੀ ਕਿ 600 ਗਜ ਲੰਬੇ ਤੇ 300 ਗਜ ਚੌੜੇ ਖੇਡ ਮੈਦਾਨ ’ਚ ਸਵੇਰੇ ਸੂਰਜ ਨਿਕਲਣ ਵੇਲੇ ਖੇਡਣਾ ਸ਼ੁਰੂ ਕਰਦੇ ਅਤੇ ਰਾਤ ਤਕ ਚਾਨਣੀ ਦੀ ਲੋਅ ’ਚ ਵੀ ਖੇਡਦੇ। ਇਸ ਦੌਰਾਨ ਕਿਸੇ ਨੂੰ ਵੀ ਸੱਟ-ਪੇਟ ਲੱਗਣ ਦੀ ਪਰਵਾਹ ਨਾ ਕਰਦੇ। ਖੇਡ ਕੇ ਆਏ ਪੁੱਤਾਂ ਨੂੰ ਮਾਵਾਂ ਵੀ ਰੱਜ ਕੇ ਦੁੱਧ ਪਿਆਉਂਦੀਆਂ ਤੇ ਚੰਗੀ ਖੁਰਾਕ ਦੇ ਕੇ ਹੋਰ ਵਧੀਆ ਖੇਡਣ ਲਈ ਹੌਸਲਾ ਅਫਜਾਈ ਕਰਦੀਆਂ। ਲਗਨ ਅਤੇ ਮਿਹਨਤ ਨਾਲ ਹਾਕੀ ਖੇਡਣ ਕਰਕੇ ਉਹ ਚੰਗੇ ਖਿਡਾਰੀ ਬਣਨ ਲੱਗੇ। 1912 ਤੋਂ ਸੰਸਾਰਪੁਰ ਦੇ ਹਾਕੀ ਖਿਡਾਰੀ ਦੂਜੇ ਸ਼ਹਿਰਾਂ, ਸੂਬਿਆਂ ਤੇ ਦੇਸ਼ਾਂ ’ਚ ਵੱਖ-ਵੱਖ ਟੀਮਾਂ ਨਾਲ ਖੇਡਣ ਲਈ ਜਾਣ ਲੱਗ ਪਏ। ਸੰਸਾਰਪੁਰ ਬਾਰੇ ਇਹ ਗੱਲ ਬਹੁਤ ਪ੍ਰਸਿੱਧ ਹੋਈ ਸੀ ਕਿ ‘ਜਦੋਂ ਕੋਈ ਮਾਂ ਆਪਣੇ ਲੜਕੇ ਨੂੰ ਜਨਮ ਦਿੰਦੀ ਤਾਂ ਉਹ ਆਪਣੇ ਬੱਚੇ ਦਾ ਮੂੰਹ ਹਾਕੀ ਗਰਾਊਂਡ ਵੱਲ ਕਰ ਕੇ ਕਹਿੰਦੀ ਕਿ ਮੇਰਾ ਪੁੱਤਰ ਵੱਡਾ ਹੋ ਕੇ ਹਾਕੀ ਖੇਡੇ, ਘਰ ਦਾ ਤੇ ਪਿੰਡ ਦਾ ਨਾਂ ਰੌਸ਼ਨ ਕਰੇ।’
ਸੰਸਾਰਪੁਰ ਦੇ ਹਾਕੀ ਸੂਰਮੇ

ਭਾਰਤ ਲਈ ਖੇਡਣ ਵਾਲੇ – ਕਰਨਲ ਗੁਰਮੀਤ ਸਿੰਘ (ਫਰਸਟ ਸਿੱਖ ਓਲੰਪੀਅਨ-) ਊਧਮ ਸਿੰਘ ਕੁਲਾਰ, ਗੁਰਦੇਵ ਸਿੰਘ ਕੁਲਾਰ, ਦਰਸ਼ਨ ਸਿੰਘ ਕੁਲਾਰ, ਕਰਨਲ ਬਲਬੀਰ ਸਿੰਘ ਕੁਲਾਰ, ਬਲਬੀਰ ਸਿੰਘ ਸੀਨੀਅਰ, ਜਗਜੀਤ ਸਿੰਘ ਕੁਲਾਰ, ਅਜੀਤ ਪਾਲ ਸਿੰਘ, ਗੁਰਜੀਤ ਸਿੰਘ ਕੁਲਾਰ, ਇਸੇ ਤਰ੍ਹਾਂ ਤਰਸੇਮ ਸਿੰਘ, ਹਰਦਿਆਲ ਸਿੰਘ, ਹਰਦੇਵ ਸਿੰਘ, ਜਗਜੀਤ ਸਿੰਘ ਅਤੇ ਬਿੰਦੀ ਕੁਲਾਰ ਅਜਿਹੇ ਖਿਡਾਰੀ ਨੇ ਜੋ ਕੀਨੀਆ ਅਤੇ ਕਨੇਡਾ ਵੱਲੋਂ ਖੇਡ ਚੁੱਕੇ ਨੇ। ਇਸ ਹਾਕੀ ਨਰਸਰੀ ਵਿੱਚ 1908 ਤੋਂ ਲੈ ਕੇ 2008 ਤੱਕ 306 ਹਾਕੀ ਖਿਡਾਰੀ ਪੈਦਾ ਹੋਏ, ਜਿਨ੍ਹਾਂ ਵਿੱਚ 13 ਓਲੰਪੀਅਨ, ਇੱਕ ਓਲੰਪੀਅਨ ਟੀਮ ਦਾ ਮੈਨੇਜਰ, 19 ਕੌਮਾਂਤਰੀ, 110 ਕੌਮੀ, 132 ਆਰਮੀ, 108 ਦੇਸ਼ ਭਰ ਦੀਆਂ ਵਧੀਆਂ ਟੀਮਾਂ, 56 ਯੂਨੀਵਰਸਿਟੀਆਂ ਅਤੇ 120 ਕਾਲਜਾਂ ਵੱਲੋਂ ਖੇਡੇ ਨੇ। ਦੁਨੀਆਂ ਵਿੱਚ ਕਦੇ ਕਿਸੇ ਇੱਕ ਪਿੰਡ ਤੋਂ ਐਨੇ ਖਿਡਾਰੀ ਪੈਦਾ ਨਹੀਂ ਹੋਏ, ਇਹ ਇੱਕ ਵਿਸ਼ਵ ਰਿਕਾਰਡ ਏ। ਇਸ ਨਰਸਰੀ ਚ ਤਿਆਰ ਹੋਏ ਹਾਕੀ ਖਿਡਾਰੀਆਂ ਨੇ ਭਾਰਤ, ਭਾਰਤੀ ਫੌਜਾਂ, ਹੋਰਨਾਂ ਸੂਬਿਆਂ ਅਤੇ ਪੰਜਾਬ ਲਈ ਹਾਕੀ ਖੇਡਣ ਤੋਂ ਇਲਾਵਾ ਹੋਰਨਾਂ ਦੇਸ਼ਾਂ ਲਈ ਵੀ ਬੇਹਤਰੀਨ ਪ੍ਰਦਰਸ਼ਨ ਕੀਤਾ। ਇਹਨਾਂ ਵਿੱਚੋਂ 59 ਦੇ ਕਰੀਬ ਹਾਕੀ ਖਿਡਾਰੀਆਂ ਨੇ ਇੰਗਲੈਂਡ, ਕੀਨੀਆ, ਕਨੇਡਾ, ਆਸਟ੍ਰੇਲੀਆ, ਅਮਰੀਕਾ, ਨਿਊਜੀਲੈਂਡ ਅਤੇ ਜਰਮਨੀ ਵੱਲੋਂ ਹਾਕੀ ਖੇਡੀ।
ਇੱਕ ਪਿੰਡ ਤੋਂ ਦੂਜੇ ਪਿੰਡ ਨੂੰ ਪ੍ਰੇਰਣਾ
ਜਲੰਧਰ ਦੇ ਕੰਟੋਨਮੈਂਟ ਏਰੀਏ ਨਾਲ ਲੱਗਦੇ ਸੰਸਾਰਪੁਰ ਪਿੰਡ ਨੇ ਤਾਂ ਹਾਕੀ ਵਿੱਚ ਆਪਣਾ ਦਬਦਬਾ ਬਣਾਇਆ ਹੀ ਅਤੇ ਦੇਸ਼ ਨੂੰ ਦਰਜਨ ਦੇ ਕਰੀਬ ਓਲੰਪੀਅਨ ਦਿੱਤੇ ਪਰ ਇਸਦੇ ਨਾਲ ਹੀ ਆਲੇ-ਦੁਆਲੇ ਦੇ ਪਿੰਡਾਂ ਨੂੰ ਵੀ ਕਾਫੀ ਫਾਇਦਾ ਹੋਇਆ। ਦੇਸ਼ ਦੀ ਅਜਾਦੀ ਤੋਂ ਪਹਿਲਾਂ ਬ੍ਰਿਟਿਸ਼ ਫੌਜੀਆਂ ਤੋਂ ਜੋ ਖੇਡ ਮਿਲੀ ਉਸਦਾ ਰੁਝਾਨ ਆਲੇ-ਦੁਆਲੇ ਦੇ ਖੇਤਰਾਂ ਚ ਵੀ ਫੈਲਣ ਲੱਗਾ। ਮਿੱਠਾਪੁਰ ਵੀ ਅਜਿਹਾ ਹੀ ਇੱਕ ਪਿੰਡ ਏ। ਮਿੱਠਾਪੁਰ ਸੁਰਖੀਆਂ ‘ਚ ਓਦੋਂ ਆਇਆ ਜਦੋਂ ਇੱਥੋਂ ਦੇ ਬੇਹਤਰੀਨ ਖਿਡਾਰੀ ਪਰਗਟ ਸਿੰਘ ਓਲੰਪਿਕ ਖੇਡਣ ਗਏ ਅਤੇ ਲਗਾਤਾਰ ਦੋ ਵਾਰ ਓਲੰਪਿਕ ਖੇਡਾਂ ਚ ਭਾਰਤੀ ਟੀਮ ਦੀ ਅਗਵਾਈ ਕੀਤੀ। ਸੰਸਾਰਪੁਰ ਤੋਂ ਵਿਰਾਸਤ ਵਿੱਚ ਹਾਕੀ ਦੀ ਖੇਡ ਮਿਲੀ ਅਤੇ ਪਰਗਟ ਸਿੰਘ ਤੋਂ ਪਹਿਲਾਂ 1952 ਵਿੱਚ ਇਸੇ ਪਿੰਡ ਦੇ ਸਰੂਪ ਸਿੰਘ ਅਤੇ 1972 ਵਿੱਚ ਕੁਲਵੰਤ ਸਿੰਘ ਨੇ ਓਲੰਪਿਕ ਖੇਡਾਂ ‘ਚ ਹਿੱਸਾ ਲਿਆ।
ਹਾਕੀ ਐਸੋਸੀਏਸ਼ਨ ਦਾ ਵਡਮੁੱਲਾ ਯੋਗਦਾਨ
ਸੰਸਾਰਪੁਰ ਦਾ ਨਾਂ ਦੁਨੀਆਂ ਦੇ ਨਕਸ਼ੇ ਤੇ ਐਵੇਂ ਹੀ ਮਸ਼ਹੂਰ ਨਹੀਂ ਹੋ ਗਿਆ, ਇਸ ਵਿੱਚ ਖਿਡਾਰੀਆਂ ਦੇ ਸ਼ੌਂਕ ਅਤੇ ਮਿਹਨਤ ਦੇ ਇਲਾਵਾ ਵੱਡਾ ਯੋਗਦਾਨ ਸੰਸਾਰਪੁਰ ਹਾਕੀ ਐਸੋਸੀਏਸ਼ਨ ਦਾ ਰਿਹਾ ਹੈ। ਇਸ ਐਸੋਸੀਏਸ਼ਨ ਦਾ ਗਠਨ 1926 ’ਚ ਕੀਤਾ ਗਿਆ, ਜਿਸ ਦੇ ਪਹਿਲੇ ਪ੍ਰਧਾਨ ਕੈਪਟਨ ਮਲੂਕ ਸਿੰਘ ਕੁਲਾਰ ਸਨ। ਉਨ੍ਹਾਂ ਦੀ ਅਗਵਾਈ ਹੇਠ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਬੱਚਿਆਂ ਨੂੰ ਖੇਡਣ ਲਈ ਪ੍ਰੇਰਿਤ ਕੀਤਾ। ਹਾਕੀ ਖਿਡਾਰੀਆਂ ਨੂੰ ਵਧੀਆ ਸਿਖਲਾਈ ਦੇਣ ਦੇ ਨਾਲ ਉਨ੍ਹਾਂ ਦੇ ਖਾਣ-ਪੀਣ ਤੇ ਖੇਡਾਂ ਦਾ ਸਾਮਾਨ ਮੁਹੱਈਆ ਕਰਵਾਉਣ ’ਚ ਹਾਕੀ ਐਸੋਸੀਏਸ਼ਨ ਨੇ ਬਹੁਤ ਯੋਗਦਾਨ ਦਿੱਤਾ। ਐਸੋਸੀਏਸ਼ਨ ਦੇ ਸੰਗਠਨਾਤਮਕ ਯਤਨਾਂ ਸਦਕਾ ਹੀ ਸੰਸਾਰਪੁਰ ਦੇ ਹਾਕੀ ਖਿਡਾਰੀਆਂ ਦੀ ਖੇਡ ਅੱਵਲ ਦਰਜੇ ਦੀ ਬਣੀ ਅਤੇ ਉਹ ਹਰ ਪੱਧਰ ਦੇ ਹਾਕੀ ਟੂਰਨਾਮੈਂਟਾਂ ’ਚ ਵਧੀਆ ਕਾਰਗੁਜ਼ਾਰੀ ਦਿਖਾਉਣ ਦੇ ਯੋਗ ਬਣੇ। ਹਾਕੀ ਐਸੋਸੀਏਸ਼ਨ ਦੇ ਪ੍ਰਧਾਨਾਂ ’ਚ 1936 ’ਚ ਸ਼ਾਮ ਸਿੰਘ ਰਾਏ (ਖੁਸਰੋਪੁਰ), 1937 ਤੋਂ 1963 ਤਕ ਮਾਸਟਰ ਮੁਕੰਦ ਲਾਲ ਸ਼ਰਮਾ, 1964 ਤੋਂ 1967 ਤਕ ਗੁਰਬਖ਼ਸ਼ ਸਿੰਘ ਕੁਲਾਰ (ਪੀਸੀਐੱਸ), 1968 ਤੋਂ 1982 ਮੇਜਰ ਅਜੀਤ ਸਿੰਘ ਕੁਲਾਰ, 1983 ਤੋਂ 1992 ਤਕ ਕਰਨਲ ਗੁਰਮੀਤ ਸਿੰਘ ਕੁਲਾਰ ਓਲੰਪੀਅਨ, 1993 ’ਚ ਬਲਬੀਰ ਸਿੰਘ ਕੁਲਾਰ ਓਲੰਪੀਅਨ (ਡੀਆਈਜੀ), ਊਧਮ ਸਿੰਘ ਕੁਲਾਰ ਓਲੰਪੀਅਨ 1994 ਤੋਂ 2000, ਕਰਨਲ ਬਲਬੀਰ ਸਿੰਘ ਕੁਲਾਰ ਓਲੰਪੀਅਨ 2000 ਤੋਂ 2010 ਤੱਕ।
ਕਿਉਂ ਅਣਗੌਲਿਆਂ ਹੋ ਗਿਆ ਸੰਸਾਰੁਪਰ

ਪੰਜਾਬ ਤੇ ਖਾਸ ਕਰਕੇ ਦੋਆਬੇ ਦੇ ਲੋਕਾਂ ਦਾ ਵਿਦੇਸ਼ ਚ ਵੱਸਣ ਦਾ ਰੁਝਾਨ ਸੰਸਾਰਪੁਰ ਦੀ ਹਾਕੀ ਦੇ ਉਜਾੜੇ ਦਾ ਕਾਰਣ ਬਣਨ ਲੱਗ ਪਿਆ। ਇੱਥੋਂ ਪੈਦਾ ਹੋਏ ਓਲੰਪੀਅਨਾਂ ’ਚੋਂ ਕੁਝ ਨੂੰ ਛੱਡ ਕੇ ਬਹੁਤਿਆਂ ਨੇ ਇਸ ਨਰਸਰੀ ਨੂੰ ਸਿੰਜਣ ਦੇ ਯਤਨ ਨਹੀਂ ਕੀਤੇ, ਜਿਸ ਕਾਰਨ ਇੱਥੋਂ ਦੇ ਵਧੀਆ ਖਿਡਾਰੀਆਂ ਨੂੰ ਆਪਣੀ ਖੇਡ ਦਿਖਾਉਣ ਦਾ ਸਹੀ ਮੌਕਾ ਨਹੀਂ ਮਿਲ ਸਕਿਆ। ਬਹੁਤੇ ਖਿਡਾਰੀ ਨਿਰਾਸ਼ਤਾਵੱਸ ਵਿਦੇਸ਼ਾਂ ਵੱਲ ਕੂਚ ਕਰ ਗਏ। ਮੁੱਠੀ ਭਰ ਸੰਸਾਰਪੁਰ ਦੇ ਕੁਝ ਹਾਕੀ ਖਿਡਾਰੀ ਆਪਣੀ ਇਸ ਮਾਣਮੱਤੀ ਵਿਰਾਸਤ ਨੂੰ ਬਚਾਉਣ ਲਈ ਜੂਝ ਰਹੇ ਹਨ ਪਰ ਸਾਧਨਾਂ ਦੀ ਘਾਟ ਅਤੇ ਸਰਕਾਰਾਂ ਤੇ ਆਪਣਿਆਂ ਦੀ ਬੇਰੁਖੀ ਕਾਰਨ ਉਹ ਚਾਹ ਕੇ ਵੀ ਇਸ ਨਰਸਰੀ ’ਚ ਹਾਕੀ ਦੀ ਨਵੀਂ ਪਨੀਰੀ ਤਿਆਰ ਕਰਨ ਲਈ ਬੇਵੱਸ ਹਨ। ਸਰਕਾਰੀ ਪੱਧਰ ਤੇ ਇਸ ਨਰਸਰੀ ਨੂੰ ਬਚਾਉਣ ਦੀ ਕੋਸ਼ਿਸ਼ਾਂ ਬਹੁਤ ਜ਼ਰੂਰੀ ਹਨ ਤਾਂ ਕਿ ਨਸ਼ਿਆਂ ਦੀ ਬਜਾਏ ਨੌਜਵਾਨ ਮੁੜ ਹਾਕੀ ਦੇ ਦੀਵਾਨੇ ਬਣ ਸਕਣ ਅਤੇ ਦੁਨੀਆਂ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰ ਸਕਣ।



Leave a Comment