ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ ’ਤੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਸੁੰਦਰੀ ਜੀ ਦੀ ਕੁੱਖੋਂ ਹੋਇਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਾਉਂਟਾ ਸਾਹਿਬ ਵਿਖੇ ਰਹਿੰਦਿਆਂ ਜਦੋਂ ਭੰਗਾਣੀ ਦੀ ਜੰਗ ਫ਼ਤਹਿ ਕੀਤੀ, ਉਸ ਤੋਂ ਬਾਅਦ ਆਪ ਜੀ ਦਾ ਜਨਮ ਹੋਇਆ ਸੀ। ਜੰਗ ਜਿੱਤਣ ਦੀ ਖੁਸ਼ੀ ਵਿਚ ਗੁਰੂ ਜੀ ਨੇ ਸਾਹਿਬਜ਼ਾਦਾ ਜੀ ਦਾ ਨਾਮ ਅਜੀਤ ਸਿੰਘ ਰੱਖਿਆ। ਭੰਗਾਣੀ ਦੀ ਲੜਾਈ (1688) ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਪਹਿਲਾ ਵੱਡਾ ਹਥਿਆਰਬੰਦ ਸੰਘਰਸ਼ ਸੀ। ਸਾਹਿਬਜ਼ਾਦੇ ਨੂੰ “ਅਜੀਤ” (ਅਜਿੱਤ) ਨਾਮ ਦੇਣਾ ਨਾ ਸਿਰਫ਼ ਲੜਾਈ ਵਿੱਚ ਜਿੱਤ ਦਾ ਪ੍ਰਤੀਕ ਸੀ, ਸਗੋਂ ਇੱਕ ਅਧਿਆਤਮਿਕ-ਯੋਧਾ ਵਿਰਾਸਤ ਦੇ ਜਨਮ ਦਾ ਵੀ ਪ੍ਰਤੀਕ ਸੀ ਜੋ ਬਾਅਦ ਵਿੱਚ ਖਾਲਸਾ ਪੰਥ ਨੂੰ ਪਰਿਭਾਸ਼ਿਤ ਕਰੇਗਾ।

ਸਾਹਿਬਜ਼ਾਦਾ ਅਜੀਤ ਸਿੰਘ ਜੀ ਉਸ ਮਹਾਨ ਗੁਰੂ ਦੇ ਸਪੁੱਤਰ ਹਨ, ਜਿਨ੍ਹਾਂ ਨੇ 18 ਜੰਗਾਂ ਲੜੀਆਂ ਅਤੇ ਵੈਰੀਆਂ ਨੂੰ ਕਰੜੀ ਹਾਰ ਦਿੱਤੀ। ਆਪਣੇ ਨਾਮ ਦੀ ਤਰ੍ਹਾਂ ਬਾਬਾ ਅਜੀਤ ਸਿੰਘ ਜੀ ਵੀ ਸੱਚਮੁੱਚ ਹੀ ਕਿਸੇ ਕੋਲੋਂ ਨਾ ਜਿੱਤੇ ਜਾਣ ਵਾਲੇ ਸਨ। ਆਪ ਜੀ ਦਾ ਬਚਪਨ ਮਾਤਾ ਗੁਜਰੀ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣਦੇ ਹੋਏ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਮਾ ਕ੍ਰਿਪਾਲ ਚੰਦ ਜੀ ਵਰਗੇ ਮਹਾਨ ਗੁਰਮੁਖ ਯੋਧਿਆਂ ਦੀ ਦੇਖਰੇਖ ਹੇਠ ਬੀਤਿਆ। ਆਪ ਜੀ ਨੂੰ ਬਚਪਨ ਤੋਂ ਹੀ ਹਰ ਤਰ੍ਹਾਂ ਦੀ ਸ਼ਸਤਰ ਵਿਦਿਆ ਸਿਖਾਈ ਗਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਂਗ ਹੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇਗ ਦੇ ਧਨੀ ਸਨ ਅਤੇ ਤੀਰ ਅੰਦਾਜ਼ੀ ਵਿਚ ਆਪ ਜੀ ਦਾ ਕੋਈ ਸਾਨੀ ਨਹੀਂ ਸੀ। ਨੇਜ਼ਾਬਾਜ਼ੀ ਵਿਚ ਆਪ ਦਾ ਨਿਸ਼ਾਨਾ ਅਚੂਕ ਸੀ ਅਤੇ ਸਾਂਗ ਵਰਗੇ ਹਥਿਆਰਾਂ ਨੂੰ ਆਪ ਖਿਡੌਣਿਆਂ ਦੀ ਤਰ੍ਹਾਂ ਵਰਤ ਲੈਂਦੇ ਸਨ। ਆਪ ਜੀ ਘੋੜ ਸਵਾਰੀ ਦੇ ਵੀ ਮਾਹਿਰ ਸਨ। ਸ੍ਰੀ ਆਨੰਦਪੁਰ ਸਾਹਿਬ ਵਿਖੇ ਰਹਿੰਦਿਆਂ ਆਪ ਜੀ ਨੂੰ ਅਨਮੋਲ ਵਿਦਿਆ ਦਾ ਗਿਆਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦੇਖਰੇਖ ਹੇਠ ਦਿੱਤਾ ਗਿਆ।

ਜਦੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਗਈ ਉਸ ਵੇਲੇ ਆਪ ਜੀ ਨੇ ਵੀ ਪੰਜਾਂ ਪਿਆਰਿਆਂ ਕੋਲੋਂ ਅੰਮ੍ਰਿਤ ਛਕਿਆ ਸੀ। ਬਹੁਤ ਸਾਰੀ ਗੁਰਬਾਣੀ ਆਪ ਜੀ ਨੂੰ ਜੁਬਾਨੀ ਕੰਠ ਸੀ ਅਤੇ ਅੰਮ੍ਰਿਤ ਵੇਲੇ ਉਠ ਕੇ ਨਿੱਤਨੇਮ ਕਰਨਾ ਆਪ ਜੀ ਦਾ ਨਿੱਤ ਦਾ ਕਰਮ ਸੀ। ਛੋਟੀ ਉਮਰ ਵਿਚ ਹੀ ਆਪ ਜੀ ਦੀ ਬਹਾਦਰੀ ਸਭ ਨੇ ਉਸ ਵੇਲੇ ਵੇਖੀ ਸੀ, ਜਦੋਂ ਇਕ ਗ਼ਰੀਬ ਬ੍ਰਾਹਮਣ ਦੀ ਪਤਨੀ ਨੂੰ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਚੱਬੇਵਾਲ ਦੇ ਨੇੜੇ ਪੈਂਦੇ ਪਿੰਡ ਬੱਸੀ ਦਾ ਰੰਗੜ ਚੁਕ ਕੇ ਲੈ ਗਿਆ ਸੀ। ਉਹ ਗ਼ਰੀਬ ਬ੍ਰਾਹਮਣ ਗੁਰੂ ਦਰਬਾਰ ਵਿਚ ਆ ਕੇ ਹਾਜ਼ਰ ਹੋਇਆ ਅਤੇ ਰੋ ਰੋ ਕੇ ਗੁਰੂ ਜੀ ਅੱਗੇ ਫਰਿਆਦ ਕੀਤੀ। ਬਾਬਾ ਅਜੀਤ ਸਿੰਘ ਜੀ ਦੀ ਉਮਰ ਉਸ ਵੇਲੇ ਭਾਵੇਂ ਛੋਟੀ ਸੀ, ਪਰ ਇਕ ਅਬਲਾ ’ਤੇ ਅੱਤਿਆਚਾਰ ਹੁੰਦਾ ਦੇਖ ਕੇ ਆਪ ਜੀ ਦਾ ਹੱਥ ਤਲਵਾਰ ਦੀ ਮੁੱਠ ’ਤੇ ਜਾ ਪਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਅਗਵਾਈ ਵਿਚ ਕੁੱਝ ਸਿੰਘਾਂ ਦਾ ਜਥਾ ਉਸ ਜ਼ਾਲਮ ਨੂੰ ਸੋਧਣ ਲਈ ਭੇਜਿਆ। ਸਾਹਿਬਜ਼ਾਦਾ ਅਜੀਤ ਸਿੰਘ ਨੇ ਹੁਸ਼ਿਆਰਪੁਰ ਦੇ ਨੇੜੇ ਪਹੁੰਚ ਕੇ ਉਕਤ ਜ਼ਾਲਮ ਨੂੰ ਸਜ਼ਾ ਦਿੱਤੀ। ਦੋਵੇਂ ਪਾਸਿਓਂ ਕਰੜੀ ਲੜਾਈ ਹੋਈ। ਕੁੱਝ ਸਿੰਘ ਜ਼ਖ਼ਮੀ ਹੋਏ ਤੇ ਕੁੱਝ ਸ਼ਹੀਦ ਵੀ ਹੋਏ, ਪਰ ਗ਼ਰੀਬ ਬ੍ਰਾਹਮਣ ਦੀ ਪਤਨੀ ਨੂੰ ਛੁਡਵਾ ਲਿਆ ਗਿਆ।
ਸਿੱਖ ਇਤਿਹਾਸ ਵਿਚ ਇਸ ਘਟਨਾ ਨੂੰ ਹਮਲਾਵਰ ਕਾਰਵਾਈ ਵਜੋਂ ਨਹੀਂ, ਸਗੋਂ ਜਾਤ ਜਾਂ ਧਰਮ ਦੀ ਪਰਵਾਹ ਕੀਤੇ ਬਿਨਾਂ, ਸਤਾਏ ਗਏ ਲੋਕਾਂ ਦੀ ਰੱਖਿਆ ਕਰਨ ਦੀ ਸਿੱਖ ਜ਼ਿੰਮੇਵਾਰੀ ਦੀ ਇੱਕ ਸ਼ੁਰੂਆਤੀ ਉਦਾਹਰਣ ਵਜੋਂ ਯਾਦ ਕਰਦਾ ਹੈ – ਇੱਕ ਸਿਧਾਂਤ ਜੋ ਬਾਅਦ ਵਿੱਚ ਖਾਲਸਾ ਪਛਾਣ ਦਾ ਇੱਕ ਮੁੱਖ ਹਿੱਸਾ ਬਣ ਗਿਆ। ਇਸ ਲੜਾਈ ਦੀ ਯਾਦ ਵਿਚ ਬਜਰੌਰ ਦੇ ਨੇੜੇ ਗੁਰਦੁਆਰਾ ਸਾਹਿਬ ਹਰੀਆਂ ਵੇਲਾਂ ਵਿਖੇ ਯਾਦਗਾਰ ਬਣੀ ਹੋਈ ਹੈ। ਲੱਧੇਵਾਲ ਸ਼ਹੀਦਾਂ ਮਾਹਲਪੁਰ ਦਾ ਇਤਿਹਾਸ ਵੀ ਇਸ ਘਟਨਾ ਨਾਲ ਜੁੜਿਆ ਹੋਇਆ ਹੈ।

ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਅਤੇ ਸਰਸਾ ਨਦੀ ਦੇ ਕਿਨਾਰੇ ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਤਾਂ ਆਪ ਜੀ ਛੋਟੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਨਾਲ ਗੁਰੂ ਜੀ ਦੇ ਨਾਲ ਸ੍ਰੀ ਚਮਕੌਰ ਸਾਹਿਬ ਵਿਖੇ ਪਹੁੰਚੇ। ਚਮਕੌਰ ਸਾਹਿਬ ਦੀਆਂ ਘਟਨਾਵਾਂ ਸਿੱਖ ਇਤਿਹਾਸਕ ਗ੍ਰੰਥਾਂ, ਫ਼ਾਰਸੀ ਇਤਹਾਸ ਅਤੇ ਉਸ ਸਮੇਂ ਦੇ ਕਾਵਿਕ ਬਿਰਤਾਂਤਾਂ ਵਿੱਚ ਦਰਜ ਹਨ। ਇਕੱਠੇ ਮਿਲ ਕੇ, ਇਹ ਸੱਚੀਆਂ ਘਟਨਾਵਾਂ ਅਤੇ ਲੜਾਈ ਦੀ ਭਾਵਨਾਤਮਕ ਤੀਬਰਤਾ ਦੋਵਾਂ ਨੂੰ ਦਰਸਾਉਂਦੇ ਹਨ। ਸ੍ਰੀ ਚਮਕੌਰ ਸਾਹਿਬ ਵਿਖੇ 10 ਲੱਖ ਫੌਜ ਦਾ ਟਾਕਰਾ ਜਿਸ ਬਹਾਦਰੀ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਕੀਤਾ, ਉਸ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਪਾ ਕੇ ਬਾਬਾ ਅਜੀਤ ਸਿੰਘ ਜੀ ਰਣ ਵਿਚ ਉਤਰੇ। ਅੱਲਾ ਯਾਰ ਖ਼ਾਂ ਜੋਗੀ ਇਸ ਵੇਲੇ ਨੂੰ ਇਸ ਤਰ੍ਹਾਂ ਵਰਣਨ ਕਰਦਾ ਹੈ:-

‘‘ਗੋਬਿੰਦ ਕੇ ਦਿਲਦਾਰ ਕਿਲੇ ਸੇ ਨਿਕਲ ਆਏ।
ਵੁਹ ਦੇਖੀਏ ਸਰਕਾਰ ਕਿਲੇ ਸੇ ਨਿਕਲ ਆਏ।
ਘੋੜੇ ਪੇ ਹੋ ਅਸਵਾਰ ਕਿਲੇ ਸੇ ਨਿਕਲ ਆਏ।
ਲੇ ਹਾਥ ਮੇਂ ਤਲਵਾਰ ਕਿਲੇ ਸੇ ਨਿਕਲ ਆਏ।
ਕਯਾ ਵਸਫ ਹੋ ਉਸ ਤੇਗ ਕਾ ਇਸ ਤੇਗਿ-ਜ਼ਬਾਂ ਸੇ।
ਵੁਹ ਮਿਆਨ ਸੇ ਨਿਕਲੀ, ਨਹੀਂ ਨਿਕਲੀ ਯਿਹ ਦਹਾਂ ਸੇ।’’
ਕਿਹਾ ਜਾਂਦਾ ਹੈ ਕਿ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜ਼ਾਲਮਾਂ ਦੇ ਸਾਹਮਣੇ ਆਏ ਤਾਂ ਬਾਬਾ ਜੀ ਦਾ ਤੇਜ਼ ਵੇਖ ਕੇ ਦੁਸ਼ਮਣ ਕੰਬ ਕੇ ਰਹਿ ਗਏ। ਜਦੋਂ ਹੱਥ ਵਿਚ ਤਲਵਾਰ ਲੈ ਕੇ ਬਾਬਾ ਜੀ ਨੇ ਘੁੰਮਾਈ ਤਾਂ ਦੁਸ਼ਮਣ ਨੂੰ ਗਸ਼ ਪੈਣ ਲੱਗੇ।

‘‘ਉਸ ਹਾਥ ਮੇਂ ਬੇ ਬਾਜ਼ੂ ਇ ਗੋਬਿੰਦ ਕੇ ਕਸਬਲ।
ਫਰਜ਼ੰਦ ਕੀ ਤਲਵਾਰ ਸੇ ਥੱਰਰਾ ਗਏ ਜਲ ਥਲ।
ਜ਼ਿੰਦੋ ਕਾ ਤੋ ਕਿਆ ਜ਼ਿਕਰ ਹੈ, ਮੁਰਦੇ ਹੂਏ ਬੇਕਲ।
ਸ਼ਮਸ਼ਾਨ ਮੇਂ ਥਾ ਸ਼ੋਰ ਮਜ਼ਾਰੋ ਮੇਂ ਥੀ ਹਲਚਲ।’’
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਵਿਚ ਰਹਿਣ ਵਾਲੇ ਕਵੀ ਸੈਨਾਪਤਿ ਵੀ ਬਾਬਾ ਜੀ ਦੀ ਇਸ ਜੰਗ ਦੀ ਖੁੱਲ੍ਹ ਕੇ ਤਾਰੀਫ ਕਰਦੇ ਹਨ। ਭਾਵੇਂ ਆਪ ਜੀ ਨੇ ਬਾਬਾ ਜੀ ਦਾ ਨਾਂਅ ਭੁਲੇਖੇ ਨਾਲ ਅਜੀਤ ਸਿੰਘ ਜੀ ਦੀ ਥਾਂ ਰਣਜੀਤ ਸਿੰਘ ਲਿਖਿਆ ਹੈ, ਪਰ ਸਮਕਾਲੀ ਹੋਣ ਕਾਰਨ ਉਨ੍ਹਾਂ ਦੀ ਗ਼ਵਾਹੀ ਕਾਫੀ ਮਾਇਨੇ ਰੱਖਦੀ ਹੈ।
‘‘ਮਾਰੇ ਪਠਾਨ ਇਹ ਭਾਂਤਿ ਕਰ ਜੀਤ ਸਿੰਘ ਤਿਨ ਮੈ ਪਰੋ।
ਕਰ ਸੋ ਕਮਾਨ ਤਜਿ ਸਾਂਗ ਗਹਿ ਸੁ ਕੋਤੇ ਹਥਿਆਰਨ ਲਰੋ।’’
ਕਵੀ ਸੈਨਾਪਤਿ ਅਨੁਸਾਰ ਜਦੋਂ ਸਾਹਿਬਜ਼ਾਦਾ ਜੀ ਦੀ ਤਲਵਾਰ ਟੁੱਟ ਗਈ ਤਾਂ ਆਪ ਨੇ ਸਾਂਗ ਨਾਲ ਵੈਰੀ ਨੂੰ ਇਸ ਤਰ੍ਹਾਂ ਪਿਰੋਣਾ ਸ਼ੁਰੂ ਕਰ ਦਿੱਤਾ ਜਿਵੇਂ ਟਹਿਣੀ ’ਤੇ ਫਲ ਲੱਗੇ ਹੋਣ।

‘‘ਲੇਤ ਪਰੋਇ ਪਠਾਨ ਕੋ ਸਬਹਨ ਸਾਂਗ ਦਿਖਲਾਇ।
ਦੇਖਤ ਹੀ ਸਬ ਕਰਤ ਹੈ ਅਰੇ ਖੁਦਾਇ ਖੁਦਾਇ।’’
ਅਤੇ
‘‘ਲਰਤ ਸੂਰ ਸੰਗ੍ਰਾਮ ਮੈਂ ਕਰਿ ਲੀਨੈ ਤਰਵਾਰ।
ਬਡੇ ਸੂਰ ਮਾਰੇ ਤਹਾਂ ਫਉਜਨ ਕੈ ਸਿਰਦਾਰ।’’
ਆਪ ਜੀ ਦੂਸਰੇ ਸਿੰਘਾਂ ਦਾ ਹੌਸਲਾ ਵਧਾਉਂਦੇ ਹੋਏ ਮੈਦਾਨੇ ਜੰਗ ਵਿਚ ਘੋੜਾ ਦੌੜਾ ਕੇ ਘੁੰਮ ਰਹੇ ਸਨ। ਜਿਸ ਪਾਸੇ ਵੱਲ ਵੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਜਾਂਦੇ ਮੁਗਲਾਂ ਦੀ ਫੌਜ ਵਿਚ ਭਾਜੜ ਪੈ ਜਾਂਦੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਆਪਣੇ ਹੋਣਹਾਰ ਸਪੁੱਤਰ ਨੂੰ ਲੜਦਿਆਂ ਕਿਲੇ ਤੋਂ ਦੇਖ ਰਹੇ ਸਨ।
ਅੱਲਾ ਯਾਰ ਖ਼ਾਂ ਜੋਗੀ ਅਨੁਸਾਰ:-

‘‘ਸ਼ਾਹਜ਼ਾਦਾ ਇ ਜ਼ੀ-ਜਾਹ ਨੇ ਭਾਗੜ ਥੀ ਮਚਾ ਦੀ।
ਯਿਹ ਫੌਜ ਭਗਾ ਦੀ, ਕਭੀ ਵੁਹ ਫੌਜ ਭਗਾ ਦੀ।
ਬੜ੍ਹ-ਬੜ੍ਹ ਕੇ ਤਵੱਕੋ ਸੇ ਜ਼ਜਾਅੱਤ ਜੋ ਦਿਖਾ ਦੀ।
ਸਤਿਗੁਰ ਨੇ ਵਹੀਂ ਕਿਲਾ ਸੇ ਬੱਚੇ ਕੋ ਨਿਦਾ ਦੀ।
ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ।
ਹਾਂ ਕਿਉਂ ਨਾ ਹੋ, ਗੋਬਿੰਦ ਕੇ ਫਰਜ਼ੰਦ ਬੜੇ ਹੋ।’’
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਅਜੇ ਕਿਸ਼ੋਰ ਹੀ ਸਨ ਜਦੋਂ ਉਨ੍ਹਾਂ ਨੇ ਸਚੇਤ ਤੌਰ ‘ਤੇ ਸ਼ਹਾਦਤ ਦੀ ਚੋਣ ਕੀਤੀ। ਉਨ੍ਹਾਂ ਦਾ ਫੈਸਲਾ ਇਤਿਹਾਸ ਵਿੱਚ ਨੌਜਵਾਨ ਲੀਡਰਸ਼ਿਪ ਦੀ ਸਭ ਤੋਂ ਸ਼ਕਤੀਸ਼ਾਲੀ ਉਦਾਹਰਣਾਂ ਵਿੱਚੋਂ ਇੱਕ ਹੈ, ਜੋ ਡਰ ਦੀ ਬਜਾਏ ਵਿਸ਼ਵਾਸ ਦੁਆਰਾ ਪ੍ਰੇਰਿਤ ਹੈ।
ਅਖੀਰ ਦੁਸ਼ਮਣ ਦੀ ਫੌਜ ਨੇ ਸਾਹਿਬਜ਼ਾਦਾ ਜੀ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਆਪ ਜੀ 8 ਪੋਹ ਸੰਮਤ 1761 ਬਿਕਰਮੀ ਨੂੰ ਸ੍ਰੀ ਚਮਕੌਰ ਸਾਹਿਬ ਵਿਖੇ ਆਪਣੇ ਪਿਤਾ ਜੀ ਦੀਆਂ ਅੱਖਾਂ ਸਾਹਮਣੇ ਸ਼ਹੀਦੀ ਦਾ ਜਾਮ ਪੀ ਗਏ। ਬਾਬਾ ਜੀ ਦੀ ਯਾਦ ਹਮੇਸ਼ਾ ਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣਾ ਮੁਨਾਰਾ ਰਹੇਗੀ ਅਤੇ ਪ੍ਰੇਰਣਾ ਦਿੰਦੀ ਰਹੇਗੀ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਧਰਮ, ਅਨੁਸ਼ਾਸਨ ਅਤੇ ਗੁਰੂ ਪ੍ਰਤੀ ਸ਼ਰਧਾ ਤੋਂ ਪ੍ਰੇਰਿਤ ਨੌਜਵਾਨ ਹਿੰਮਤ ਦੀ ਸਭ ਤੋਂ ਵੱਡੀ ਉਦਾਹਰਣ ਹੈ।



Leave a Comment