lohri da tyohar

ਖੁਸ਼ੀਆਂ, ਨਿੱਘ, ਭਾਇਚਾਰੇ ਦੀ ਭਾਵਨਾਵਾਂ ਤੇ ਨਵੀਂ ਸ਼ੁਰੂਆਤ ਦਾ ਤਿਓਹਾਰ ਲੋਹੜੀ

ਤਿਓਹਾਰਾਂ ਦਾ ਦੇਸ਼ ਭਾਰਤ. ਨਵੇਂ ਸਾਲ ਦੀ ਸ਼ੁਰੂਆਤ ਨਾਲ ਹੀ, ਸ਼ੁਰੂ ਹੋ ਜਾਂਦਾ ਹੈ ਤਿਓਹਾਰਾਂ ਦਾ ਸਿਲਸਿਲਾ. ਜਿਥੇ ਤਾਮਿਲਨਾਡੂ ਵਿੱਚ ਪੋਂਗਲ, ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਮਕਰ ਸੰਕ੍ਰਾਂਤੀ ਅਤੇ ਉੱਤਰਾਇਣ ਮਨਾਇਆ ਜਾਂਦਾ ਉਥੇ ਹੀ ਪੰਜਾਬ ਚ ਨਵੇਂ ਸਾਲ ਤੋਂ ਬਾਅਦ ਸਭ ਤੋਂ ਪਹਿਲਾ ਖੁਸ਼ੀ ਮਨਾਉਣ ਦਾ ਮੌਕਾ ਲਿਆਉਂਦੀ ਹੈ ਲੋਹੜੀ.

ਲੋਹੜੀ – ਲੋਹੀ ਜਾ ਤਿਲੋੜੀ

ਪੁਰਾਤਨ ਸਮੇਂ ਚ ‘ਤਿਲ’ ਅਤੇ ‘ਰਿਓੜੀ’ ਦੇ ਸੁਮੇਲ ਨੂੰ ਤਿਲੋੜੀ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ, ਜੋ ਕਿ ਸਮੇਂ ਦੇ ਨਾਲ ਬਦਲਦੇ ਹੋਏ ਸਹੂਲਤ ਮੁਤਾਬਕ “ਲੋਹੜੀ” ਬਣ ਗਿਆ. ਪੋਹ ਮਹੀਨੇ ਦਾ ਪ੍ਰਸਿੱਧ ਤਿਉਹਾਰ ਲੋਹੜੀ, ਪੋਹ ਮਹੀਨੇ ਦੇ ਅਖੀਰਲੇ ਦਿਨ ਅਤੇ ਅੰਗਰੇਜ਼ੀ ਕੈਲੰਡਰ ਦੇ ਮੁਤਾਬਕ ਹਰ ਸਾਲ 13 ਜਨਵਰੀ ਨੂੰ ਮਨਾਇਆ ਜਾਂਦਾ ਹੈ. ਲੋਹੜੀ ਤੋਂ ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਂਦ ਹੁੰਦੀ ਹੈ, ਜਿਸਨੂੰ ਮਾਘੀ ਦੇ ਤਿਓਹਾਰ ਵੱਜੋਂ ਮਨਾਇਆ ਜਾਂਦਾ ਹੈ.

ਕਿਸਾਨਾਂ ਲਈ ਸਿਰਫ ਤਿਓਹਾਰ ਨਹੀਂ ਸਗੋਂ ਇਕ ਭਾਵਨਾ

ਲੋਹੜੀ ਦੇ ਤਿਓਹਾਰ ਦਾ ਪੰਜਾਬੀ ਸਭਿਆਚਾਰ ਤੇ ਪ੍ਰਾਚੀਨ ਪਰੰਪਰਾਵਾਂ ਨਾਲ ਡੂੰਘਾ ਸੰਬੰਧ ਹੈ. ਇਸ ਤਿਓਹਾਰ ਨੂੰ ਮਨਾਉਣ ਦੇ ਪਿੱਛੇ ਬਹੁਤ ਸਾਰੀ ਕਹਾਣੀਆਂ ਜੁੜੀਆਂ ਹਨ. ਲੋਹੜੀ ਪੰਜਾਬੀ ਕਿਸਾਨਾਂ ਲਈ ਸਿਰਫ ਇਕ ਤਿਓਹਾਰ ਨਹੀਂ ਸਗੋਂ ਇਕ ਅਜਿਹੀ ਭਾਵਨਾ ਹੈ ਜੋ ਉਨ੍ਹਾਂ ਦੇ ਜੀਵਨ ਵਿੱਚ ਡੂੰਘਾ ਅਰਥ ਰੱਖਦੀ ਹੈ. ਨਿੱਘ ਅਤੇ ਭਾਇਚਾਰੇ ਦਾ ਇਹ ਤਿਓਹਾਰ ਸਬ ਗਿਲੇ ਸ਼ਿਕਵੇਆਂ ਨੂੰ ਭੁੱਲ ਕੇ ਖੁਸ਼ੀਆਂ ਨਾਲ ਦਿਲੋਂ ਮਨਾਇਆ ਜਾਂਦਾ ਹੈ.

ਕਿਸਾਨਾਂ ਦਾ ਨਵਾਂ ਵਿੱਤੀ ਸਾਲ

ਲੋਹੜੀ ਦੇ ਤਿਓਹਾਰ ਨੂੰ ਇਕ ਨਵੀ ਸ਼ੁਰੂਆਤ ਵੱਜੋਂ ਜਾਣਿਆ ਜਾਂਦਾ. ਰਵਾਇਤੀ ਤੌਰ ਤੇ ਪੰਜਾਬੀ ਕਿਸਾਨ ਇਸਨੂੰ ਇਕ ਨਵੇਂ ਵਿੱਤੀ ਚੱਕਰ ਦੀ ਸ਼ੁਰੁਆਤ ਵੱਜੋਂ ਵੇਖਦੇ ਹਨ. ਕਈ ਸਾਲ ਪਹਿਲਾਂ, ਇਸ ਦਿਨ ਨੂੰ ਫਸਲਾਂ ਦੀ ਬਿਜਾਈ ਅਤੇ ਵਾਢੀ ਨਾਲ ਜੋੜਿਆ ਜਾਣ ਲੱਗਾ ਸੀ. ਨਵੀਆਂ ਫਸਲਾਂ ਨੂੰ ਅਗਨੀ ਭੇਟ ਕਰ ਰੱਬ ਦਾ ਸ਼ੁਕਰਾਨਾ ਕੀਤਾ ਜਾਂਦਾ ਤੇ ਭਵਿੱਖ ਚ ਚੰਗੀ ਫਸਲ ਦੀ ਕਾਮਨਾ ਕੀਤੀ ਜਾਂਦੀ.

ਬਦਲਦੇ ਮੌਸਮ ਨਾਲ ਸਬੰਧ

ਲੋਹੜੀ ਨੂੰ ਸਰਦੀਆਂ ਦੇ ਮੌਸਮ ਨੂੰ ਅਲਵਿਦਾ ਤੇ ਬਸੰਤ ਦੀ ਆਮਦ ਦਾ ਸੰਕੇਤ ਵੀ ਮੰਨਿਆ ਜਾਂਦਾ. ਇਹ ਤਿਉਹਾਰ ਬੱਚਿਆਂ ਲਈ ਕਿਸੇ ਸੌਗਤ ਤੋਂ ਘੱਟ ਨਹੀਂ ਹੈ। ਲੋਹੜੀ ਵਾਲੀ ਰਾਤ ਨੂੰ ਲੋਹੜੀ ਜਲਾ ਕੇ ਲੋਕ ਇਸ ਦੇ ਆਲੇ ਦੁਆਲੇ ਰਵਾਇਤੀ ਗੀਤ ਗਾਉਂਦੇ ਹੋਏ ਨੱਚਦੇ ਹੋਏ ਜਸ਼ਨ ਮਨਾਉਂਦੇ ਹਨ। ਅੱਗ ਦੇ ਦੁਆਲੇ ਚੱਕਰ ਕੱਢ ਕੇ ਲੋਹੜੀ ਚ ਤਿਲ, ਗੁੜ, ਗੱਚਕ, ਰਿਓੜੀਆਂ ਤੇ ਮੂੰਗਫਲੀ ਅਗਨੀ ਨੂੰ ਭੇਟ ਕੀਤੇ ਜਾਂਦੇ ਹਨ ਅਤੇ ਦੁੱਲਾ ਭੱਟੀ ਦੀ ਕਹਾਣੀ ਗਾਈ ਜਾਂਦੀ ਹੈ।

ਲੋਹੜੀ ਦਾ ਕੇਂਦਰੀ ਕਿਰਦਾਰ ਦੁੱਲਾ ਭੱਟੀ

ਲੋਹੜੀ ‘ਤੇ ਦੁੱਲਾ ਭੱਟੀ ਦੀ ਕਥਾ ਸੁਣਨ ਦਾ ਇਕ ਖ਼ਾਸ ਮਹੱਤਵ ਹੈ। ਇਹ ਮੰਨਿਆ ਜਾਂਦਾ ਹੈ ਕਿ ਮੁਗਲ ਕਾਲ ਦੌਰਾਨ, ਅਕਬਰ ਦੇ ਸਮੇਂ, ਦੁੱਲਾ ਭੱਟੀ ਪੰਜਾਬ ਵਿਚ ਰਹਿੰਦਾ ਸੀ। ਉਸ ਸਮੇਂ ਕੁਝ ਅਮੀਰ ਵਪਾਰੀ ਸ਼ਹਿਰ ਦੀਆਂ ਕੁੜੀਆਂ ਨੂੰ ਸਾਮਾਨ ਲਈ ਵੇਚ ਦਿੰਦੇ ਸਨ. ਦੁੱਲਾ ਭੱਟੀ ਨੇ ਉਨ੍ਹਾਂ ਲੜਕੀਆਂ ਨੂੰ ਬਚਾਇਆ ਅਤੇ ਉਨ੍ਹਾਂ ਦੇ ਵਿਆਹ ਵੀ ਕਰਵਾਏ। ਦੁੱਲੇ ਭੱਟੀ ਨੇ ਨੇੜਲੇ ਪਿੰਡਾਂ ਤੋਂ ਗੁੜ, ਬਾਲਣ ਅਤੇ ਅਨਾਜ ਦਾ ਦਾਨ ਇਕੱਠਾ ਕੀਤਾ ਅਤੇ ਸੇਰ-ਸੇਰ ਸ਼ੱਕਰ ਪਾ ਕੇ ਆਪਣੇ ਹੱਥੀਂ ਲੜਕੀਆਂ ਦੇ ਵਿਆਹ ਕੀਤੇ। ਉਸ ਦਿਨ ਤੋਂ ਇਸੇ ਤਰ੍ਹਾਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ। ਇਹ ਤਿਉਹਾਰ ਹਰ ਸਾਲ ਮਨਾਇਆ ਜਾਣ ਲੱਗਾ। ਉਸ ਸਮੇਂ ਤੋਂ ਹਰ ਸਾਲ ਲੋਹੜੀ ਦੀ ਯਾਦ ਵਿਚ ਦੁੱਲਾ ਭੱਟੀ ਦੀ ਕਥਾ ਸੁਣਾਉਣ ਦੀ ਪਰੰਪਰਾ ਸ਼ੁਰੂ ਹੋ ਗਈ ਤੇ ਅੱਜ ਵੀ ਲੋਕ ਉਸ ਨੂੰ ਯਾਦ ਕਰਦੇ ਉਸ ਦੇ ਗੀਤ ਗਾਉਂਦੇ ਹਨ।

ਅੱਜ ਵੀ ਜਦ ਬੱਚੇ ਘਰਾਂ ਵਿਚੋਂ ਲੋਹੜੀ ਮੰਗਦੇ ਹਨ ਤਾਂ ਇਹ ਗੀਤ ਜ਼ਰੂਰ ਗਾਉਂਦੇ

ਸੁੰਦਰ ਮੁੰਦਰੀਏ-ਹੋ!
ਤੇਰਾ ਕੌਣ ਵਿਚਾਰਾ-ਹੋ!
ਦੁੱਲਾ ਭੱਟੀ ਵਾਲਾ-ਹੋ!
ਦੁੱਲੇ ਨੇ ਧੀ ਵਿਆਈ-ਹੋ!
ਸੇਰ ਸ਼ੱਕਰ ਪਾਈ-ਹੋ!….

ਜਦੋਂ ਕੋਈ ਘਰ ਲੋਹੜੀ ਦੇਣ ਵਿਚ ਦੇਰ ਕਰਦਾ ਹੈ ਤਾਂ ਇਹ ਸਤਰਾਂ ਗਾਉਂਦੇ

“ਸਾਡੇ ਪੈਰਾਂ ਹੇਠ ਰੋੜ, ਸਾਨੂੰ ਛੇਤੀ -ਛੇਤੀ ਤੋਰ।
ਸਾਡੇ ਪੈਰਾਂ ਹੇਠ ਸਲਾਈਆਂ, ਅਸੀਂ ਕਿਹੜੇ ਵੇਲੇ ਦੀਆਂ ਆਈਆਂ।”

ਜਦ ਕੋਈ ਘਰ ਫਿਰ ਵੀ ਲੋਹੜੀ ਨਾ ਦਿੰਦਾ ਤਾਂ ਵਿਅੰਗ ਕੱਸਦੇ ਹੋਏ ਗਾਉਂਦੇ

“ਹੁੱਕਾ ਬਈ ਹੁੱਕਾ, ਇਹ ਘਰ ਭੁੱਖਾ।”

ਨਵੇਂ ਵਿਆਹੁਤਾ ਜਾ ਨਵਜੰਮੇ ਬੱਚੇ ਦੀ ਮਨਾਉਂਦੇ ਵੱਡੀ ਖੁਸ਼ੀ

ਪੰਜਾਬ ਵਿੱਚ ਇਸ ਤਿਉਹਾਰ ਦੀ ਇੱਕ ਵੱਖਰੀ ਹੀ ਸ਼ਾਨ ਹੈ। ਖਾਸ ਕਰਕੇ ਵਿਆਹ ਤੋਂ ਬਾਅਦ ਆਪਣੀ ਪਹਿਲੀ ਲੋਹੜੀ ਮਨਾਉਣ ਵਾਲਿਆਂ ਲਈ, ਘਰ ਰਹਿਣਾ ਅਤੇ ਆਪਣੇ ਬਜ਼ੁਰਗਾਂ ਦਾ ਆਸ਼ੀਰਵਾਦ ਲੈਣਾ ਮਹੱਤਵਪੂਰਨ ਮੰਨਿਆ ਜਾਂਦਾ ਹੈ। ਔਰਤਾਂ ਆਪਣੇ ਛੋਟੇ ਬੱਚਿਆਂ ਨੂੰ ਗੋਦ ਵਿਚ ਲੈ ਕੇ ਲੋਹੜੀ ਦੀ ਅੱਗ ਬਾਲਦੀਆਂ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਬੱਚਾ ਸਿਹਤਮੰਦ ਰਹਿੰਦਾ ਹੈ ਅਤੇ ਉਸ ਨੂੰ ਬੁਰੀ ਨਜ਼ਰ ਨਹੀਂ ਲੱਗਦੀ।

ਧੀਆਂ ਦੀ ਲੋਹੜੀ: ਬਦਲਦੀਆਂ ਧਾਰਨਾਵਾਂ, ਦੁਗਣੀ ਖੁਸ਼ੀਆਂ

ਪੰਜਾਬ ਦੀ ਪਰੰਪਰਾ ਵਿੱਚ, ਲੋਹੜੀ ਸਿਰਫ਼ ਇੱਕ ਤਿਉਹਾਰ ਨਹੀਂ ਹੈ, ਸਗੋਂ ਖੁੱਲ੍ਹੇ ਦਿਲ ਨਾਲ ਖੁਸ਼ੀ ਮਨਾਉਣ ਦਾ ਪ੍ਰਤੀਕ ਹੈ। ਲੰਬੇ ਸਮੇਂ ਤੋਂ, ਸਮਾਜਿਕ ਧਾਰਨਾ ਬਣੀ ਹੋਈ ਸੀ ਕਿ ਲੋਹੜੀ ਸਿਰਫ਼ ਪੁੱਤਰ ਦੇ ਜਨਮ ‘ਤੇ ਹੀ ਮਨਾਈ ਜਾਣੀ ਚਾਹੀਦੀ ਹੈ, ਕਿਉਂਕਿ ਪੁੱਤਰਾਂ ਨੂੰ ਵੰਸ਼ ਅਤੇ ਸਮਰਥਨ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਸੀ। ਪਰ ਸਮੇਂ ਦੇ ਨਾਲ, ਸਮਾਜਿਕ ਸੋਚ ਬਦਲ ਗਈ ਹੈ। ਸਿੱਖਿਆ, ਜਾਗਰੂਕਤਾ ਅਤੇ ਬਰਾਬਰ ਅਧਿਕਾਰਾਂ ਦੀ ਸਮਝ ਨੇ ਸਾਨੂੰ ਸਿਖਾਇਆ ਹੈ ਕਿ ਪੁੱਤਰ ਅਤੇ ਧੀ ਵਿੱਚ ਕੋਈ ਅੰਤਰ ਨਹੀਂ ਹੈ।

ਅੱਜ, ਜਦੋਂ ਧੀਆਂ ਦੇ ਜਨਮ ‘ਤੇ ਲੋਹੜੀ ਮਨਾਈ ਜਾਂਦੀ ਹੈ, ਤਾਂ ਇਹ ਸਿਰਫ਼ ਇੱਕ ਰਸਮ ਨਹੀਂ ਸਗੋਂ ਲਿੰਗ ਸਮਾਨਤਾ ਦਾ ਜਸ਼ਨ ਬਣ ਜਾਂਦੀ ਹੈ। ਢੋਲ ਦੀਆਂ ਧੁਨਾਂ ਨਾਲ ਗੂੰਜਦੀ ਖੁਸ਼ੀ, ਅੱਗ ਦੇ ਆਲੇ-ਦੁਆਲੇ ਇਕੱਠੇ ਹੋਏ ਪਰਿਵਾਰ, ਅਤੇ ਉਨ੍ਹਾਂ ਦੇ ਨਾਮ ‘ਤੇ ਵਧਾਈਆਂ ਇਹ ਸਾਬਤ ਕਰਦੀਆਂ ਹਨ ਕਿ ਧੀਆਂ ਵੀ ਬਰਾਬਰ ਖੁਸ਼ੀ ਅਤੇ ਮਾਣ ਦਾ ਸਰੋਤ ਹਨ।

ਘਰਾਂ ਦੀਆਂ ਛੱਤਾਂ ‘ਤੇ ਦਿਖਦੀ ਰੌਣਕ

ਲੋਹੜੀ ਦੇ ਤਿਉਹਾਰ ਮੌਕੇ ਪਤੰਗਬਾਜ਼ੀ ਸਭ ਤੋਂ ਖਾਸ ਹੈ. ਪੰਜਾਬ ਦੇ ਕਈ ਸ਼ਹਿਰਾਂ ਚ ਪਤੰਗਬਾਜ਼ੀ ਦਾ ਇੰਨਾ ਉਤਸ਼ਾਹ ਹੈ ਕਿ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਉਸ ਦਿਨ ਸਾਰੇ ਹੀ ਆਪਣੇ ਘਰਾਂ ਦੀਆਂ ਛੱਤਾਂ ‘ਤੇ ਦਿਖਾਈ ਦਿੰਦੇ. ਛੱਤਾਂ ‘ਤੇ ਵੱਡੇ-ਵੱਡੇ ਸਪੀਕਰ ਲਗਾ ਪੰਜਾਬੀ ਗੀਤ ਚਲਾਏ ਜਾਂਦੇ ਤੇ ਨਾਲ ਹੀ ਤਿਲ-ਗੁੜ ਦੀਆਂ ਰਿਓੜੀਆਂ, ਮੂੰਗਫਲੀ ਅਤੇ ਗੱਚਕ ਦਾ ਮਜ਼ਾ ਲਿਆ ਜਾਂਦਾ. ਰੰਗ ਬਿਰੰਗੀਆਂ ਪਤੰਗਾਂ ਨਾਲ ਅਸਮਾਨ ਭਰ ਜਾਂਦਾ. ਪਤੰਗਬਾਜ਼ੀ ਦਾ ਅਸਲੀ ਮਜ਼ਾ ਉਸ ਵੇਲੇ ਆਉਂਦਾ ਜਦੋ ਕੋਈ ਕਿਸੇ ਦੀ ਪਤੰਗ ਕੱਟ ਦਿੰਦਾ ਤੇ “ਆਈ ਬੋ… ਕਾਟਾ!” ਦੇ ਸ਼ੋਰ ਨਾਲ ਪੂਰਾ ਇਲਾਕਾ ਗੂੰਜ ਉੱਠਦਾ.

ਜਸ਼ਨ ਦੇ ਨਾਲ ਸੁਰੱਖਿਆ ਵੀ ਜ਼ਰੂਰੀ

ਪਤੰਗਬਾਜ਼ੀ ਦੌਰਾਨ ਸੁਰੱਖਿਆ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਪਤੰਗਬਾਜ਼ੀ ਦੌਰਾਨ ਹਮੇਸ਼ਾ ਸੂਤੀ ਧਾਗੇ (ਡੋਰ) ਦੀ ਵਰਤੋਂ ਕਰਨੀ ਚਾਹੀਦੀ । ਚਾਈਨਾ ਡੋਰ (ਪਲਾਸਟਿਕ ਡੋਰ) ਦੀ ਵਰਤੋਂ ਬਿਲਕੁਲ ਨਾ ਕਰੋ, ਕਿਉਂਕਿ ਇਹ ਪੰਛੀਆਂ ਅਤੇ ਇਨਸਾਨਾਂ ਲਈ ਬਹੁਤ ਖ਼ਤਰਨਾਕ ਸਾਬਤ ਹੁੰਦੀ ਹੈ।

ਤਿਓਹਾਰ ਤੇ ਮਿਠਾਈਆਂ ਤੇ ਪਕਵਾਨਾਂ ਦਾ ਕ੍ਰੇਜ਼

ਰਵਾਇਤੀ ਮਿਠਾਈਆਂ ਤੇ ਖਾਸ ਪਕਵਾਨ ਹਰ ਤਿਓਹਾਰ ਦਾ ਇੱਕ ਅਨਿੱਖੜਵਾਂ ਅੰਗ ਹੁੰਦੇ ਹਨ, ਜਿਸ ਤੋਂ ਬਿਨ੍ਹਾਂ ਕੋਈ ਵੀ ਜਸ਼ਨ ਅਧੂਰਾ ਰਹਿੰਦਾ. ਲੋਹੜੀ ਦੇ ਮੌਕੇ ਤੇ ਵੀ ਕੁਝ ਖਾਸ ਮਿਠਾਈਆਂ ਤੇ ਪਕਵਾਨ ਪ੍ਰਚਲਿਤ ਹਨ :

ਤਿੱਲ, ਗੂੜ ਤੇ ਮੂੰਗਫਲੀ ਨਾਲ ਬਣੀ ਗਜਕ ਅਤੇ ਚਿੱਕੀ
ਤਿੱਲ ਤੇ ਖੰਡ ਜਾਂ ਗੁੜ ਨਾਲ ਬਣੀ ਰੇਵੜੀ
ਭੁੰਨੇ ਹੋਏ ਤਿੱਲ ਤੇ ਪਿਘਲੇ ਗੁੜ ਨਾਲ ਤਿਆਰ ਤਿੱਲ ਲੱਡੂ
ਕਣਕ ਦੇ ਆਟੇ, ਘਿਓ, ਗੁੜ ਅਤੇ ਮੇਵਿਆਂ ਨਾਲ ਤਿਆਰ ਪਿੰਨੀ
ਭੁੱਜੀ ਹੋਈ ਮੂੰਗਫਲੀ ਤੇ ਗੁੜ ਦੇ ਮਿਸ਼ਰਣ ਤੋਂ ਬਣੀ ਮੂੰਗਫਲੀ ਦੀ ਬਰਫ਼ੀ
ਇਸ ਖਾਸ ਦਿਨ ਵਿਸ਼ੇਸ਼ ਤੌਰ ‘ਤੇ ਬਣਾਈ ਜਾਂਦੀ ਗੰਨੇ ਦੇ ਰਸ ਜਾਂ ਗੁੜ ਅਤੇ ਮਿੱਠੇ ਚੌਲ ਤੋਂ ਬਣੀ ਖੀਰ
ਮਾਵਾ, ਖੋਏ ਅਤੇ ਤਿਲ ਦੇ ਬੀਜਾਂ ਤੋਂ ਤਿਆਰ ਮਿਠਾਈ ਭੁੱਗਾ
ਫੁੱਲੇ ਹੋਏ ਚੌਲਾਂ ਤੇ ਗੁੜ ਦੇ ਸ਼ਰਬਤ ਤੋਂ ਬਣਦੇ ਮੁਰਮੁਰਾ ਲੱਡੂ

ਇਹਨਾਂ ਸਾਰੀਆਂ ਮਿਠਾਈਆਂ ਤੋਂ ਇਲਾਵਾ ਲੋਹੜੀ ਦੇ ਮੌਕੇ ਸਰ੍ਹੋਂ ਦੇ ਸਾਗ ਅਤੇ ਮੱਕੀ ਦੀ ਰੋਟੀ ਦਾ ਵਿਸ਼ੇਸ਼ ਮਹੱਤਵ ਹੈ।

ਜਸ਼ਨ ਦੀ ਰਾਤ

ਮੂੰਗਫਲੀ, ਰਿਉੜੀਆਂ, ਤਿਲਾਂ ਦੀ ਗੱਚਕ, ਮੱਕੀ ਦੇ ਫੁੱਲੇ ਆਦਿ ਦੀਆਂ ਭਰੀਆਂ ਪਰਾਂਤਾਂ ਲੈ ਕੇ ਲੋਹੜੀ ਵਾਲ਼ੇ ਘਰ ਦੇ ਖੁੱਲ੍ਹੇ ਵਿਹੜੇ ‘ਚ ਲੱਕੜਾਂ ਜਾਂ ਗੋਹੇ ਦੀਆਂ ਪਾਥੀਆਂ ਦਾ ਢੇਰ ਲਗਾਕੇ ਉਸਨੂੰ ਅੱਗ ਲਗਾਈ ਜਾਂਦੀ ਹੈ ਜਿਸ ਨੂੰ ਭੁੱਗਾ ਕਿਹਾ ਜਾਂਦਾ ਹੈ। ਖੁਸ਼ੀਆਂ ‘ਚ ਗੜੁੱਚ ਸਾਰੇ ਪਰਿਵਾਰਕ ਮੈਂਬਰ ਇਸਦੇ ਦੁਆਲੇ ਇਕੱਠੇ ਹੋ ਕੇ ਬੈਠ ਜਾਂਦੇ ਅਤੇ ਬਲਦੇ ਭੁੱਗੇ ਵਿੱਚ ਤਿਲ ,ਰਿਉੜੀਆਂ, ਮੂੰਗਫਲੀ ਸੁੱਟ ਕੇ ਬੋਲਦੇ ਹਨ –

ਈਸ਼ਰ ਆ, ਦਲਿੱਦਰ ਜਾ,
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ।

ਜਿਸ ਦਾ ਅਰਥ ਹੈ ਕਿ ਈਸ਼ਵਰ ਦੀ ਮਿਹਰ ਹੋਵੇ, ਦੁੱਖ-ਕਲੇਸ਼ ਨਾ ਆਉਣ ਤੇ ਸਾਰੇ ਕਲੇਸ਼ਾਂ ਦੀ ਜੜ੍ਹ ਸੜ ਜਾਵੇ।
ਤੁਹਾਨੂੰ ਸਾਰਿਆਂ ਨੂੰ Sadda Punjab ਦੀ ਟੀਮ ਵੱਲੋਂ ਲੋਹੜੀ ਦੇ ਤਿਓਹਾਰ ਦੀਆਂ ਲੱਖ-ਲੱਖ ਵਧਾਈਆਂ

Richa Ahuja

Richa Ahuja is a journalist, producer, and storyteller with over 14 years of experience in media. Her professional journey spans news agencies, television news channels, digital platforms, and advertising. She has also worked on several special projects, including projects associated with MHRD, an astrology-based television show, and an event centred on the Nirbhaya case. She has a keen interest in writing about trending issues, current affairs, and stories that connect with people. She also enjoys exploring subjects that are close to her heart, bringing a thoughtful and engaging perspective to her work.

Post navigation

Leave a Comment

Leave a Reply

Your email address will not be published. Required fields are marked *