ਸ. ਬਾਬੂ ਸਿੰਘ ਮਾਨ ਕੋਲ ਧਰਮ, ਵਿਰਾਸਤ ਤੇ ਧਰਤੀ ਦੀ ਮਰਯਾਦਾ ਦਾ ਗੂੜ੍ਹ ਗਿਆਨ ਹੈ। ਉਸ ਦੇ ਗੀਤਾਂ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਦੀ ਘੋੜੀ ਕਮਾਲ ਦੀ ਰਚਨਾ ਹੈ। ਲੋਕ ਤਰਜ਼ ਨੂੰ ਧਾਰਮਿਕ ਵਿਸ਼ੇ ਵਿੱਚ ਗੁੰਨਣ ਤੇ ਲਿਖਣ ਵਿੱਚ ਕਮਾਲ ਕਰ ਵਿਖਾਈ ਹੈ। ਉਸ ਨੂੰ ਮੁਹੰਮਦ ਸਦੀਕ ਦੀ ਵਜਾਈ ਤੂੰਬੀ ਨਾਲ ਬੀਬੀ ਰਣਜੀਤ ਕੌਰ ਨੇ ਕਮਾਲ ਦਾ ਗਾਇਆ ਹੈ। ਜੀਅ ਕਰਦਾ ਹੈ, ਬਾਰ-ਬਾਰ ਸੁਣੀ ਜਾਈਏ। ਬਟਾਲਾ ਇਲਾਕੇ ਦਾ ਜੰਮਪਲ ਹੋਣ ਕਾਰਨ ਸਾਡੇ ਲਈ ਇਸ ਗੀਤ ਦੀ ਮਹੱਤਤਾ ਹੋਰ ਵੀ ਵਧੇਰੇ ਹੈ। ਕਿਉਂਕਿ ਗੁਰੂ ਨਾਨਕ ਦੇਵ ਜੀ ਬਟਾਲੇ ਵਿਆਹੁਣ ਆਏ ਸਨ ਵੱਡੀ ਭੈਣ ਬੀਬੀ ਨਾਨਕੀ ਦੇ ਸਹੁਰੇ ਪਿੰਡ ਸੁਲਤਾਨਪੁਰੋਂ। ਹੁਣ ਤੀਕ ਵੀ ਇਸ ਵਿਆਹ ਪੁਰਬ ਨੂੰ “ਬਾਬੇ ਦਾ ਵਿਆਹ” ਨਾਮ ਹੋਠ ਹਰ ਸਾਲ ਮਨਾਇਆ ਜਾਂਦਾ ਹੈ। ਬਾਬੂ ਸਿੰਘ ਮਾਨ ਜੀ ਦੀ ਲਿਖੀ ਗੁਰੂ ਸਾਹਿਬ ਦੀ ਸ਼ਾਨ ਵਿੱਚ ਲਿਖੀ “ਘੋੜੀ” ਇੰਜ ਹੈ। ਵੇਖਿਓ, ਇੰਜ ਨਹੀਂ ਲੱਗਦਾ ਜਿਵੇਂ ਭੈਣ ਨਾਨਕੀ ਵੀਰੇ ਦੀਆਂ ਘੋੜੀਆਂ ਗਾ ਰਹੀ ਹੋਵੇ।
ਲਟਕੇਂਦੇ ਵਾਲ਼ ਸੋਨੇ ਦੀਆਂ ਲੜੀਆਂ
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀ ਆਂ।
ਤੇਰੀ ਅੱਖੀਆਂ ‘ਚ ਨਾਮ ਸਰੂਰ ਵੀਰਾ ਵੇ।
ਤੇਰੇ ਮੁੱਖੜੇ ਤੇ ਰੱਬ ਦਾ ਨੂਰ ਵੀਰਾ।
ਤੂੰ ਅਣਦਿਸਦੇ ਮੰਜ਼ਿਲ ਦਾ ਰਾਹੀ,
ਤੂੰ ਇੱਕ ਜਗਦੀ ਜੋਤ ਇਲਾਹੀ,
ਨਾਨਕ ਵੀਰਾ
ਮੈਂ ਤੈਨੂੰ ਘੋੜੀ ਚੜ੍ਹੇਨੀ ਆਂ।
ਤੇਰੀ ਸਭ ਤੋਂ ਨਿਰਾਲੀ ਸ਼ਾਨ ਵੀਰਾ।
ਤੇਰੀ ਰਮਜ਼ਾਂ ਤੋਂ ਜੱਗ ਕੁਰਬਾਨ ਵੀਰਾ।
ਸਾਥੀ ਬਾਲਾਂ ਤੇ ਮਰਦਾਨਾ,
ਵੀਰਾ ਬੰਨ੍ਹ ਸ਼ਗਨਾਂ ਦਾ ਗਾਨਾ,
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀ ਆਂ।
ਦਿੱਤਾ ਸਤਿ ਸੰਤੋਖ ਦਾ ਦਾਜ ਵੀਰਾ ਵੇ,
ਜਿਹੜੀ ਬੰਨ੍ਹੀ ਦਾ ਤੂੰ ਸਿਰਤਾਜ ਵੀਰਾ ਵੇ,
ਉਹ ਤੇ ਗਿਆਨ ਧਿਆਨ ਦੀ ਸੀਤਾ,
ਮਾਂ ਨੇ ਵਾਰ ਕੇ ਪਾਣੀ ਪੀਤਾ, ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀ ਆਂ।
ਤੇਰੀ ਦੁਨੀਆਂ ਦੇ ਵਿੱਚ ਜੈ ਜੈ ਕਾਰ ਹੋਵੇ।
ਸਭ ਲੋਕ ਤੇਰਾ ਪਰਿਵਾਰ ਹੋਵੇ। “ਮਾਨਾ” ਸੂਰਜ ਚੰਨ ਸਿਤਾਰੇ,
ਤੇਰੇ ਬਣਨ ਬਰਾਤੀ ਸਾਰੇ,
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀ ਆਂ।
ਸ. ਬਾਬੂ ਸਿੰਘ ਮਾਨ ਕੋਲ ਧਾਰਮਿਕ ਗੀਤ ਬੀੜਨ ਦੀ ਬਹੁਤ ਵੱਡੀ ਸਮਰੱਥਾ ਹੈ। ਉਹ ਦਸਮੇਸ਼ ਪਿਤਾ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਬਾਰੇ ਲਿਖਦਿਆਂ ਪੂਰੀ ਸ਼ਕਤੀ ਭਰ ਦਿੰਦੇ ਹਨ। ਇਹ ਗੀਤ ਮੇਰੀ ਗੱਲ ਦੀ ਗਵਾਹੀ ਭਰੇਗਾ।
ਜਾਵੋ ਨੀ ਜਾਵੋ ਸਈਓ
ਸ਼ਰਧਾ ਨਾਲ ਜਾ ਕੇ ਕਹੀਓ
ਦੇਵੋ ਸੰਦੇਸ਼ਾ
ਨੀਲੇ ਦੇ ਸ਼ਾਹ ਅਸਵਾਰ ਨੂੰ
ਸੰਤ ਸਿਪਾਹੀ ਬਣ ਕੇ ਜਿਸਨੇ
ਖੇਡੀ ਖੇਡ ਨਿਆਰੀ-
ਮੈਂ ਬਲਿਹਾਰੀ
ਅਜੇ ਤੀਕ ਵੀ ਝੁਕ ਝੁਕ ਸਜਦੇ
ਕਰੇ ਸ੍ਰਿਸ਼ਟੀ ਸਾਰੀ-ਸੌ ਸੌ ਵਾਰੀ
ਪਰਮ-ਪੁਰਖ ਗੁਰੂ-ਰੂਪ-ਖਾਲਸਾ
ਪੰਥ ਦੇ ਸਿਰਜਨਹਾਰ ਨੂੰ…
ਜਾਵੋ ਨੀ ਜਾਵੋ ਸਹੀਓ …
ਧਰਮ-ਹੇਤ ਪਰਿਵਾਰ ਵਾਰ
ਜਿਸ ਰੱਬ ਦਾ ਸ਼ੁਕਰ ਮਨਾਇਆ-ਕਰਜ਼ ਚੁਕਾਇਆ
ਸਭ ਕੁਝ ਮੌਤ ਦੇ ਮੂੰਹ ਵਿੱਚ ਦੇ ਕੇ
ਮਹਾਂਬਲੀ ਮੁਸਕਾਇਆ-
ਨੲ੍ਹੀਂ ਘਬਰਾਇਆ।
ਨਮਸਕਾਰ ਲੱਖ ਵਾਰ ਮੇਰਾ
ਉਸ ਪੂਰਨ ਗੁਰ -ਅਵਤਾਰ ਨੂੰ
ਜਾਵੋ ਨੀ ਜਾਵੋ ਸਹੀਓ…
ਸੱਭੇ ਸਾਂਝੀਵਾਲ ਸਦਾਇਨ ਦਾ
ਜਿਸ ਦਿੱਤਾ ਨਾਹਰਾ-
ਬੜਾ ਪਿਆਰਾ
‘ਮਾਨ’ ਉਹਦੇ ਉਪਦੇਸ਼ਾਂ ਨੂੰ ਅੱਜ
ਭੁਲਿਆ ਆਲਮ ਸਾਰਾ-
ਫੇਰ ਦੋ ਬਾਰਾ
ਜਗਤ ਜਲੰਦਾ ਯਾਦ ਕਰੇਂਦਾ
ਦੁਸ਼ਟ-ਦਮਨ ਦਾਤਾਰ ਨੂੰ
ਜਾਵੋ ਨੀ ਜਾਵੋ ਸਈਓ ..
ਮੈਂ ਤਾਂ ਬਾਬੂ ਸਿੰਘ ਮਾਨ ਦੇ ਗੀਤਾਂ ਵਿੱਚੋਂ ਲੋਕ ਧਾਰਾ ਦੇ ਨਿਰੰਤਰ ਚਲਦੇ ਪ੍ਰਵਾਹ ਵਿੱਚੋਂ ਬਰੁਤ ਕੁਝ ਮਾਣਦਾ ਹੀ ਜਵਾਨ ਹੋਇਆ ਸਾਂ। ਉਹ ਮੇਰੇ ਤੋਂ ਦਸ ਸਾਲ ਅੱਗੇ-ਅੱਗੇ ਲਾਲਟੈਣ ਲੈ ਕੇ ਤੁਰਦੇ ਰਾਹ ਦਿਸੇਰੇ ਵਾਂਗ ਜਾਪਦੇ ਹਨ। ਉਨ੍ਹਾਂ ਦੀ ਸੰਗਤ ਵਿੱਚ ਹਾਸਿਆਂ ਦੇ ਅਨਾਰ ਫੁੱਟਦੇ ਹਨ, ਨਿੱਕੀ ਇਲਾਇਚੀ ਚਿੱਥਣ ਦੀ ਮਹਿਕ ਵਰਗਾ ਆਨੰਦ ਵਰਗਾ ਮਜ਼ਾ ਆਉਂਦਾ ਹੈ। ਉਨ੍ਹਾਂ ਦੇ ਅੰਗ ਸੰਗ ਵਿਚਰਨਾ ਹੀ ਮਹਿਕ ਦੇ ਬੁੱਲੇ ਨੂੰ ਮਾਨਣ ਵਰਗਾ ਅਹਿਸਾਸ ਹੈ। ਸ. ਬਾਬੂ ਸਿੰਘ ਮਾਨ ਇਸ ਵੇਲੇ ਬਹੁਤਾ ਵਕਤ ਮੋਹਾਲੀ ਵਿੱਚ ਤੇ ਕੁਝ ਸਮਾਂ ਆਪਣੇ ਜੱਦੀ ਪਿੰਡ ਮਰਾੜ(ਫਰੀਦਕੋਟ) ਵਿੱਚ ਆਪਣੇ ਪਰਿਵਾਰ ਨਾਲ ਗੁਜ਼ਾਰਦੇ ਹਨ। ਮੇਰੇ ਵਰਗੇ ਅਨੇਕਾਂ ਲਿਖਣ ਵਾਲਿਆਂ ਲਈ ਉਹ ਜ਼ਬਾਨ ਦਾਨੀ ਪੱਖੋਂ ਰੌਸ਼ਨ ਮੀਨਾਰ ਹਨ। ਉਨ੍ਹਾਂ ਦੀ ਲੰਮੀ ਤੇ ਸਿਹਤਯਾਬ ਉਮਰ ਦੀ ਅਰਦਾਸ ਹੈ।



Leave a Comment