ਨਵੰਬਰ 1675 ਈ. ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਸ਼ਹੀਦ ਕੀਤਾ ਗਿਆ । ਗੁਰੂ ਤੇਗ਼ ਬਹਾਦਰ ਜੀ ਦੇ ਸੀਸ ਨੂੰ ਧੜ ਤੋਂ ਅਲੱਗ ਕਰ ਦਿੱਤਾ ਗਿਆ । ਜਦੋਂ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਹੋਈ, ਸ਼ਹੀਦੀ ਤੋਂ ਉਪਰੰਤ ਭਾਈ ਜੇਤਾ ਜੀ, ਭਾਈ ਨੰਨੂ ਰਾਮ ਤੇ ਭਾਈ ਉਦੇ ਰਠੌਰ ਜੀ ਨੇ ਗੁਰੂ ਦੇ ਸੀਸ ਨੂੰ ਸਤਿਕਾਰ ਸਹਿਤ ਮੁਗਲ ਫੌਜਾਂ ਤੋਂ ਬਚਦੇ ਹੋਏ ਸ੍ਰੀ ਅਨੰਦਪੁਰ ਸਾਹਿਬ (ਚੱਕ ਨਾਨਕੀ) ਗੁਰੂ ਗੋਬਿੰਦ ਸਿੰਘ ਜੀ ਕੋਲ ਲੈ ਕੇ ਆਏ ।

ਚੱਕ ਨਾਨਕੀ ਦੇ ਵਿੱਚ ਹੀ ਗੁਰੂ ਗੋਬਿੰਦ ਜੀ ਨੇ ਆਪਣੇ ਘਰ ਗੁਰੂ ਕੇ ਮਹਿਲ ਦੇ ਸਾਹਮਣੇ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਕੀਤਾ । ਇਥੇ ਹੀ ਭਾਈ ਜੇਤਾ ਜੀ ਨੂੰ ‘ਰੰਘਰੇਟੇ ਗੁਰੂ ਕੇ ਬੇਟੇ’ ਦੇ ਖਿਤਾਬ ਨਾਲ ਨਿਵਾਜ਼ ਕੇ ਛਾਤੀ ਨਾਲ ਲਾਇਆ । ਸੰਸਕਾਰ ਕਰਨ ਤੋਂ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਬੁੰਗੇ ‘ਤੇ ਬਹਿ ਕੇ ਸਾਰੀ ਸਿੱਖ ਸੰਗਤ ਨੂੰ ਸੰਬੋਧਨ ਕੀਤਾ ਤੇ ਭਾਈ ਜੇਤਾ ਜੀ ਨੂੰ ਪੁੱਛਿਆ ਕਿ ਜਦੋਂ ਗੁਰੂ ਤੇਗ਼ ਬਹਾਦਰ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ ਤਾਂ ਉਥੇ ਸਾਡੇ ਕੋਈ ਸਿੱਖ ਨਹੀਂ ਸਨ ਤਾਂ ਭਾਈ ਜੇਤਾ ਜੀ ਦਾ ਜਵਾਬ ਸੀ ਕਿ ਭੀੜ ਤਾਂ ਬੜੀ ਸੀ ਪਰ ਪਹਿਚਾਣਿਆ ਨਹੀਂ ਸੀ ਜਾ ਰਿਹਾ ਕਿ ਕੌਣ ਸਿੱਖ ਹੈ ਕੌਣ ਮੁਸਲਮਾਨ ਹੈ ।

ਅਕਾਲ ਬੁੰਗੇ ‘ਤੇ ਬੈਠ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤਾ ਕਿ ਜੇ ਸਿੱਖ ਪਹਿਚਾਣੇ ਨਹੀਂ ਸੀ ਜਾਂਦੇ ਤਾਂ ਐਸੇ ਸਿੱਖ ਬਣਾਵਾਂਗਾ ਜਿਹੜੇ ਲੱਖਾਂ ਦੇ ਵਿੱਚ ਖੜੇ ਪਹਿਚਾਣੇ ਜਾਣਗੇ । 1699, 13 ਅਪ੍ਰੈਲ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜ ਕੇ ਆਪਣੇ ਇਹ ਬਚਨ ਪੂਰੇ ਕੀਤੇ ਤੇ ਸਿੱਖਾਂ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ।

ਭਾਵੇਂ ਖਾਲਸਾ ਪੰਥ ਸਾਜਨ ਤੋਂ ਪਹਿਲਾਂ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਦੇ ਨਾਲ ਭੰਗਾਣੀ ਤੇ ਨਦੌਣ ਦੀ ਲੜਾਈ ਵਿੱਚ ਸਫਲਤਾ ਪ੍ਰਾਪਤ ਕਰ ਲਈ ਸੀ, ਪਰ ਫਿਰ ਵੀ ਮੁਗਲ ਰਾਜੇ ਤੇ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਜੀ ਦੀ ਵੱਧਦੀ ਤਾਕਤ ਨੂੰ ਸਹਾਰ ਨਹੀਂ ਸੀ ਸਕਦੇ । 1699 ਤੋਂ ਬਾਅਦ ਵੀ 1704 ਤੱਕ ਕਈ ਵਾਰ ਅਨੰਦਪੁਰ ਸਾਹਿਬ ‘ਤੇ ਹਮਲੇ ਕੀਤੇ ਗਏ ਪਰ ਪਹਾੜੀ ਤੇ ਮੁਗਲ ਰਾਜਿਆਂ ਨੂੰ ਮੂੰਹ ਦੀ ਖਾਣੀ ਪਈ, ਸਿੱਖ ਸੈਨਾ ਹਰ ਯੁੱਧ ਦੇ ਵਿੱਚ ਸਫਲਤਾ ਪ੍ਰਾਪਤ ਕਰਕੇ ਮੁੜਦੀ । ਜਦੋਂ 1705 ਈਸਵੀ ਦੇ ਵਿੱਚ ਪਹਾੜੀ ਤੇ ਮੁਗਲ ਰਾਜਿਆਂ ਦੀ ਸਾਂਝੀ ਫੌਜ ਨੇ ਅਨੰਦਪੁਰ ਸਾਹਿਬ ਨੂੰ 6 ਤੋਂ 8 ਮਹੀਨਿਆਂ ਦੇ ਲਈ ਘੇਰਾ ਪਾਇਆ ਤਾਂ 1705 ਈਸਵੀ 6-7 ਪੋਹ ਮਹੀਨੇ ਦੀ ਰਾਤ ਨੂੰ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪਰਿਵਾਰ ਤੇ ਸਿੰਘਾਂ ਸਮੇਤ ਅਨੰਦਗੜ੍ਹ ਦੇ ਕਿਲੇ ਨੂੰ ਅਲਵਿਦਾ ਆਖਣਾ ਪਿਆ ।

ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਸਾਹਿਬ ਨੂੰ ਛੱਡ ਕੇ ਜਾਣ ਤੋਂ ਬਾਅਦ ਪਹਾੜੀ ਰਾਜੇ ਅਜਮੇਰ ਚੰਦ ਦੀ ਸਾਰੀ ਸੈਨਾ ਨੇ ਅਨੰਦਪੁਰ ਸਾਹਿਬ ਸ਼ਹਿਰ ਵਿੱਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ । ਅਜਮੇਰ ਚੰਦ ਭੀਮ ਚੰਦ ਦਾ ਪੁੱਤਰ ਸੀ ਤੇ ਦੀਪ ਚੰਦ ਦਾ ਪੋਤਰਾ ਸੀ । ਦੀਪ ਚੰਦ ਦੀ ਵਿਧਵਾ ਘਰਵਾਲੀ ਰਾਣੀ ਚੰਪਾ ਤੋਂ ਅਨੰਦਪੁਰ ਸਾਹਿਬ ਦੀ ਜਗ੍ਹਾ ਸ੍ਰੀ ਗੁਰੂ ਤੇਗ਼ ਬਹਾਦਰ ਮਹਾਰਾਜ ਨੇ ਮੁੱਲ ਖਰੀਦੀ ਸੀ । ਅਜਮੇਰ ਚੰਦ ਦੇ ਹੁਕਮਾਂ ਦੇ ਅਨੁਸਾਰ ਸੈਨਾ ਨੇ ਅਨੰਦਪੁਰ ਸਾਹਿਬ ਸ਼ਹਿਰ ਦੇ ਘਰਾਂ ਨੂੰ ਤਬਾਹ ਕਰ ਦਿੱਤਾ । ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਣਾਏ ਗਏ ਕਿਲਿਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ । ਅਨੰਦਪੁਰ ਸਾਹਿਬ ਵਿੱਚ ਬਣੇ ਸਾਰੇ ਸਥਾਨ ਜੋ ਸਿੱਖਾਂ ਨਾਲ ਜਾਂ ਸਿੱਖ ਗੁਰੂਆਂ ਨਾਲ ਸੰਬੰਧਿਤ ਸੀ ਤਬਾਹ ਕਰ ਦਿੱਤੇ ਗਏ । ਭਾਵੇਂ ਅਜਮੇਰ ਚੰਦ ਦੀ ਸੈਨਾ ਨੇ ਸਾਰੇ ਅਨੰਦਪੁਰ ਸਾਹਿਬ ਸ਼ਹਿਰ ਨੂੰ ਤਬਾਹ ਕਰ ਛੱਡਿਆ ਸੀ ਪਰ ਅਜਮੇਰ ਚੰਦ ਨੇ ਅਨੰਦਪੁਰ ਸਾਹਿਬ ਠਹਿਰਨ ਦਾ ਫੈਸਲਾ ਨਾ ਕੀਤਾ ਕਿਉਂਕਿ ਉਹ ਡਰਦਾ ਸੀ ਕਿ ਕਿਧਰੇ ਸਿੱਖਾਂ ਦਾ ਗੁਰੂ ਗੋਬਿੰਦ ਸਿੰਘ ਵਾਪਸ ਅਨੰਦਪੁਰ ਨਾ ਆ ਜਾਵੇ । ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਮਹਾਤਮਾ ਭਾਈ ਗੁਰਬਖਸ਼ ਦਾਸ ਨੂੰ (ਜੋ ਮਹਾਦੇਵ ਉਦਾਸੀ ਸਾਧੂ ਦਾ ਚੇਲਾ ਸੀ) ਅਨੰਦਪੁਰ ਸਾਹਿਬ ਦੇ ਸਾਰੇ ਗੁਰਦੁਆਰਿਆਂ ਦਾ ਰਖਵਾਲਾ ਥਾਪ ਗਏ ਸਨ । ਗੁਰਬਖਸ਼ ਦਾਸ ਨੂੰ ਸੀਸ ਗੰਜ ਸਾਹਿਬ ਤੇ ਗੁਰੂ ਕੇ ਮਹਿਲਾਂ ਦਾ ਖਾਸ ਧਿਆਨ ਰੱਖਣ ਲਈ ਕਿਹਾ ਗਿਆ ਸੀ । ਸੈਨਾ ਵੱਲੋਂ ਭਾਵੇਂ ਅਨੰਦਪੁਰ ਸਾਹਿਬ ਦੇ ਸਾਰੇ ਸਥਾਨ ਤਬਾਹ ਕਰ ਦਿੱਤੇ ਗਏ ਸਨ, ਪਰ ਕਿਤੇ ਨਾ ਕਿਤੇ ਗੁਰੂ ਤੇਗ਼ ਬਹਾਦਰ ਜੀ ਦੇ ਸੰਸਕਾਰ ਵਾਲਾ ਸਥਾਨ ਬਚਿਆ ਸੀ ਅਤੇ ਭਾਈ ਗੁਰਬਖਸ਼ ਦਾਸ ਇਹਨਾਂ ਸਥਾਨਾਂ ਤੇ ਗੁਰੂ ਦੀ ਬੰਦਗੀ ਕਰਦਾ ਤੇ ਦੀਵਾ ਜਲਾਉਂਦਾ । ਅਜਮੇਰ ਚੰਦ ਨੇ ਉਦੋਂ ਤੱਕ ਕੀਰਤਪੁਰ ਸਾਹਿਬ ਤੇ ਅਨੰਦਪੁਰ ਸਾਹਿਬ ਤੇ ਕਬਜ਼ਾ ਨਹੀਂ ਕੀਤਾ ਜਦੋਂ ਤੱਕ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਦੀ ਖ਼ਬਰ ਨਾ ਮਿਲੀ । ਗੁਰੂ ਗੋਬਿੰਦ ਜੀ ਦੇ ਇੱਕ ਹੁਕਮਨਾਮੇ ਮਿਤੀ 15 ਅਕਤੂਬਰ 1707 ਵਿੱਚ ਲਿਖਿਆ ਮਿਲਦਾ ਹੈ ਕਿ ਗੁਰੂ ਜੀ ਨੇ ਸਿੱਖਾਂ ਨੂੰ ਲਿਖਿਆ ਜਦੋਂ ਮੈਂ ਵਾਪਸ ਅਨੰਦਪੁਰ ਸਾਹਿਬ ਆ ਜਾਵਾਂਗਾ ਤਾਂ ਮੇਰੇ ਸਿੱਖ ਮੈਨੂੰ ਆ ਕੇ ਮਿਲਣ । ਇਸੇ ਡਰ ਦੇ ਕਾਰਨ ਅਜਮੇਰ ਚੰਦ ਉਦੋਂ ਤੱਕ ਕੀਰਤਪੁਰ ਸਾਹਿਬ ਦੇ ਅਨੰਦਪੁਰ ਸਾਹਿਬ ਨਾ ਵੜਿਆ ਜਦੋਂ ਤੱਕ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਨਾ ਸਮਾ ਗਏ । ਦਸੰਬਰ 1705 ਤੋਂ ਅਕਤੂਬਰ 1708 ਤੱਕ ਕੀਰਤਪੁਰ ਸਾਹਿਬ ਤੇ ਅਨੰਦਪੁਰ ਸਾਹਿਬ ਸ਼ਹਿਰ ਵਿੱਚ ਉਜਾੜਾ ਪਿਆ ਰਿਹਾ । ਕੋਈ ਪਰਿਵਾਰ ਵੀ ਅਜਮੇਰ ਚੰਦ ਦੇ ਡਰ ਕਾਰਨ ਇਥੇ ਰਹਿਣ ਨੂੰ ਰਾਜੀ ਨਹੀਂ ਸੀ ਹੁੰਦਾ । ਕੀਰਤਪੁਰ ਸਾਹਿਬ ਵਿਖੇ ਜੋ ਬਾਬਾ ਸੂਰਜ ਮਲ ਦੇ ਵੰਸ਼ਕ ਰਹਿੰਦੇ ਸਨ ਉਹ ਵੀ ਕੀਰਤਪੁਰ ਸਾਹਿਬ ਛੱਡ ਕੇ ਨਹਾਣ ਵੱਲ ਚਲੇ ਗਏ । ਸਿਰਫ ਭਾਈ ਗੁਰਬਖਸ਼ ਦਾਸ ਹੀ ਅਨੰਦਪੁਰ ਸਾਹਿਬ ਵਿੱਚ ਗੁਰੂ ਸਾਹਿਬ ਦੇ ਸਥਾਨਾਂ ਦੀ ਦੇਖ ਰੇਖ ਕਰਦਾ ਸੀ । ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਅਜਮੇਰ ਚੰਦ ਨੇ ਕੀਰਤਪੁਰ ਸਾਹਿਬ ਦੇ ਅਨੰਦਪੁਰ ਸਾਹਿਬ ਤੇ ਆਪਣਾ ਕਬਜ਼ਾ ਕਰ ਲਿਆ ।

ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਲੈ ਕੇ ਜਦੋਂ ਪੰਜਾਬ ਵੱਲ ਆਇਆ ਤਾਂ ਅਗਲੇ ਇੱਕ-ਦੋ ਸਾਲਾਂ ਦੇ ਵਿੱਚ ਹੀ ਉਸਨੇ ਕਈ ਜਿੱਤਾਂ ਪ੍ਰਾਪਤ ਕੀਤੀਆਂ ਤੇ ਮੁਗਲਾਂ ਦੀ ਹਕੂਮਤ ਨੂੰ ਜੜੋਂ ਪੱਟ ਸੁੱਟਿਆ । ਦਸੰਬਰ 28, 1710 ਨੂੰ ਬੰਦਾ ਸਿੰਘ ਬਹਾਦਰ ਨੇ ਬਿਲਾਸਪੁਰ ਦੀ ਸਰਹੱਦ ਵੱਲ ਚੜਾਈ ਕੀਤੀ । ਅਜਮੇਰ ਚੰਦ ਨੂੰ ਬੰਦੇ ਦੇ ਆਉਣ ਦੀ ਖਬਰ ਪਹਿਲਾਂ ਹੀ ਮਿਲ ਚੁੱਕੀ ਸੀ । ਦੋਨੋਂ ਸੈਨਾਵਾਂ ਵਿਚਕਾਰ ਯੁੱਧ ਹੋਇਆ ਤੇ ਬੰਦੇ ਦੀ ਜਿੱਤ ਹੋਈ । ਅਜਮੇਰ ਚੰਦ ਨੇ ਹਾਰ ਸਵੀਕਾਰ ਕਰ ਲਈ ਤੇ ਬੰਦਾ ਸਿੰਘ ਬਹਾਦਰ ਨੂੰ ਤੋਹਫਿਆਂ ਦੀ ਪੇਸ਼ਕਸ਼ ਕੀਤੀ । ਬੰਦਾ ਸਿੰਘ ਬਹਾਦਰ ਨੇ ਹਰਜਾਨਾ ਲੈ ਕੇ ਅਜਮੇਰ ਚੰਦ ਦੀ ਜਾਨ ਬਖਸ਼ ਦਿੱਤੀ । ਬਿਲਾਸਪੁਰ ਰਾਜ ਦੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਹੁਣ ਮੁੜ ਕੀਰਤਪੁਰ ਤੇ ਆਨੰਦਪੁਰ ਸਾਹਿਬ ਸ਼ਹਿਰ ਦੇ ਵਿੱਚ ਰੌਣਕ ਲੱਗਣ ਲੱਗੀ । ਪਰ ਇਹ ਸ਼ਹਿਰ ਪਹਿਲਾਂ ਦੀ ਤਰ੍ਹਾਂ ਨਾ ਵੱਸ ਸਕਿਆ । ਛੇਤੀ ਹੀ ਦਸੰਬਰ 1715 ਨੂੰ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੀ ਲੜਾਈ ਦੇ ਵਿੱਚ ਲੜਦਾ ਹੋਇਆ ਮੁਗਲ ਸੈਨਾ ਕੋਲ ਫੜਿਆ ਗਿਆ ਅਤੇ 09 ਜੂਨ 1716 ਨੂੰ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਦੇ ਵਿੱਚ ਲਿਜਾ ਕੇ ਸ਼ਹੀਦ ਕਰ ਦਿੱਤਾ ਗਿਆ । ਅਜਮੇਰ ਚੰਦ ਨੇ ਫਿਰ ਇੱਕ ਵਾਰ ਕੀਰਤਪੁਰ ਤੇ ਅਨੰਦਪੁਰ ਸਾਹਿਬ ਤੇ ਆਪਣਾ ਕਬਜ਼ਾ ਕਰ ਲਿਆ ।
ਕੁਝ ਕੁ ਸਾਲਾਂ ਬਾਅਦ ਕੀਰਤਪੁਰ ਸਾਹਿਬ ਦੇ ਸੋਢੀ ਪਰਿਵਾਰ ਦੇ ਦੋ ਭਰਾ ਗੁਲਾਬ ਸਿੰਘ ਤੇ ਸ਼ਾਮ ਸਿੰਘ ਨੇ ਰਾਜੇ ਅਜਮੇਰ ਚੰਦ ਨਾਲ ਕੀਰਤਪੁਰ ਸਾਹਿਬ ਦੇ ਅਨੰਦਪੁਰ ਸਾਹਿਬ ਸ਼ਹਿਰ ਖਰੀਦਣ ਦੀ ਗੱਲ ਚਲਾਈ । ਗੁਲਾਬ ਸਿੰਘ ਤੇ ਸ਼ਾਮ ਸਿੰਘ ਨੇ ਰਾਜੇ ਅਜਮੇਰ ਚੰਦ ਨੂੰ ਇਹ ਕਿਹਾ ਕਿ ਉਹ ਆਪਣੇ ਪਰਿਵਾਰਾਂ ਸਮੇਤ ਅਨੰਦਪੁਰ ਸਾਹਿਬ ਰਹਿਣਾ ਚਾਹੁੰਦੇ ਹਨ । ਰਾਜੇ ਅਜਮੇਰ ਚੰਦ ਨੇ ਦੋਵੇਂ ਸ਼ਹਿਰਾਂ ਦੀ ਪ੍ਰਤੀ ਏਕੜ ਨਾਲ ਬਣਦੀ ਰਕਮ ਅਦਾ ਕਰਨ ਲਈ ਕਿਹਾ । ਭਾਵੇਂ ਦੋਵੇਂ ਸ਼ਹਿਰਾਂ ਦੀ ਬਣਦੀ ਰਕਮ ਗੁਰੂ ਤੇਗ਼ ਬਹਾਦਰ ਮਹਾਰਾਜ ਨੇ ਪਹਿਲਾਂ ਵੀ ਅਦਾ ਕੀਤੀ ਸੀ, ਪਰ ਫਿਰ ਵੀ ਸੋਢੀ ਭਰਾਵਾਂ ਵੱਲੋਂ ਰਾਜੇ ਅਜਮੇਰ ਚੰਦ ਨੂੰ ਪੂਰੀ ਰਕਮ ਦੁਬਾਰਾ ਅਦਾ ਕੀਤੀ ਗਈ । ਹੁਣ ਗੁਲਾਬ ਸਿੰਘ ਤੇ ਸ਼ਾਮ ਸਿੰਘ ਦੇ ਪਰਿਵਾਰ ਕੀਰਤਪੁਰ ਸਾਹਿਬ ਤੇ ਅਨੰਦਪੁਰ ਸਾਹਿਬ ਦੇ ਮਾਲਕ ਬਣ ਗਏ । ਗੁਲਾਬ ਸਿੰਘ ਨੇ ਅਨੰਦਪੁਰ ਸਾਹਿਬ ਵਿਖੇ ਰਹਿਣਾ ਸ਼ੁਰੂ ਕਰ ਦਿੱਤਾ ਤੇ ਸ਼ਾਮ ਸਿੰਘ ਦਾ ਪਰਿਵਾਰ ਕੀਰਤਪੁਰ ਰਹਿੰਦਾ ਰਿਹਾ । ਗੁਲਾਬ ਸਿੰਘ ਨੇ ਅਨੰਦਪੁਰ ਸਾਹਿਬ ਵਿੱਚ ਆਪਣੇ ਆਪ ਨੂੰ ਸਿੱਖਾਂ ਦਾ ਗੁਰੂ ਕਹਿ ਕੇ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਤੇ ਉਹ ਸਿੱਖ ਪਰਿਵਾਰਾਂ ਵੱਲੋਂ ਲਿਆਉਂਦੇ ਤੋਹਫ਼ੇ ਤੇ ਭੇਟਾਵਾਂ ਸਵੀਕਾਰ ਕਰਨ ਲੱਗਾ । ਭਾਈ ਗੁਰਬਖਸ਼ ਦਾਸ ਨੇ ਗੁਲਾਬ ਸਿੰਘ ਨੂੰ ਅਜਿਹਾ ਕਰਨ ਤੋਂ ਮਨਾ ਕੀਤਾ ਤੇ ਕਿਹਾ ਗੁਰੂ ਜੀ ਦੇ ਹੁਕਮਾਂ ਅਨੁਸਾਰ ਸਾਰੇ ਸਿੱਖਾਂ ਦਾ ਗੁਰੂ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਤਾਂ ਗੁਲਾਬ ਸਿੰਘ ਵੱਲੋਂ ਭਾਈ ਗੁਰਬਖਸ਼ ਦਾਸ ਨੂੰ ਮਾਰਿਆ ਕੁੱਟਿਆ ਗਿਆ । ਇਸ ਤੋਂ ਬਾਅਦ ਭਾਈ ਗੁਰਬਖਸ਼ ਦਾਸ ਨੇ ਅਨੰਦਪੁਰ ਸਾਹਿਬ ਸ਼ਹਿਰ ਛੱਡ ਦਿੱਤਾ ਤੇ ਨੱਕੀਆਂ ਪਿੰਡ ਜਾ ਕੇ ਰਹਿਣ ਲੱਗਾ । ਜਲਦੀ ਹੀ ਗੁਲਾਬ ਸਿੰਘ ਦੇ ਚਾਰੇ ਪੁੱਤਰਾਂ ਦੀ ਮੌਤ ਹੋ ਗਈ ਤੇ ਗੁਲਾਬ ਸਿੰਘ ਆਪ ਵੀ ਥੋੜੇ ਸਮੇਂ ਬਾਅਦ ਚੱਲ ਵਸਿਆ । ਗੁਲਾਬ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਭਰਾ ਸ਼ਾਮ ਸਿੰਘ ਅਨੰਦਪੁਰ ਸਾਹਿਬ ਆ ਗਿਆ ਤੇ ਉਸਨੇ ਸਿੱਖ ਪਰਿਵਾਰਾਂ ਕੋਲੋਂ ਤੋਹਫ਼ੇ ਤੇ ਭੇਟਾਵਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ । ਪਰ ਸ਼ਾਮ ਸਿੰਘ ਨੇ ਆਪਣੇ ਆਪ ਨੂੰ ਕਦੇ ਗੁਰੂ ਨਹੀਂ ਸੀ ਕਿਹਾ ।

ਸ਼ਾਮ ਸਿੰਘ ਸੋਢੀ ਦਾ ਵੰਸ਼ ਅੱਜ ਵੀ ਅਨੰਦਪੁਰ ਸਾਹਿਬ ਵਿੱਚ ਚੱਲ ਰਿਹਾ ਹੈ । ਸ਼ੁਰੂ ਵਿੱਚ ਸੋਢੀ ਪਰਿਵਾਰ ਕੋਲ ਸਿਰਫ ਗੁਰੂ ਕੇ ਮਹਿਲ, ਭੋਰਾ ਸਾਹਿਬ, ਦਮਦਮਾ ਸਾਹਿਬ, ਸੀਸ ਗੰਜ ਸਾਹਿਬ ਤੇ ਅਕਾਲ ਬੁੰਗਾ ਸਾਹਿਬ ਸਥਾਨ ਹੀ ਸਨ । ਬਾਕੀ ਅਨੰਦਪੁਰ ਦਾ ਰਹਿੰਦਾ ਇਲਾਕਾ ਜੋ ਤਬਾਹ ਹੋ ਚੁੱਕਿਆ ਸੀ ਅਜਮੇਰ ਚੰਦ ਦੇ ਅਧੀਨ ਹੀ ਸੀ । ਅਜਮੇਰ ਚੰਦ ਨੇ ਆਪਣੇ ਆਖਰੀ ਸਮੇਂ ਦੇ ਵਿੱਚ ਇਹ ਜ਼ਮੀਨ ਅਨੰਦਪੁਰ ਸਾਹਿਬ ਦੇ ਰਾਜਪੂਤ ਪਰਿਵਾਰਾਂ ਵਿੱਚ ਵੰਡ ਦਿੱਤੀ ਸੀ । ਸਰਕਾਰੀ ਦਸਤਾਵੇਜ਼ਾਂ ਵਿੱਚ ਅੱਜ ਵੀ ਸ਼ਾਮਿਲ ਹੈ ਕਿ ਚੱਕ ਨਾਨਕੀ ਅਨੰਦਪੁਰ ਸਾਹਿਬ ਦੇ ਨੰਬਰਦਾਰ ਸਰਦਾਰ ਹਰਦਿਆਲ ਸਿੰਘ ਰਾਜਪੂਤ ਪਰਿਵਾਰ ਨਾਲ ਸੰਬੰਧਿਤ ਸਨ ।

ਮਿਸਲਾਂ ਦੇ ਸਮੇਂ ਦੌਰਾਨ ਬਹੁਤ ਸਾਰੇ ਸਿੱਖ ਪਰਿਵਾਰ ਕੀਰਤਪੁਰ ਸਾਹਿਬ ਤੇ ਅਨੰਦਪੁਰ ਸਾਹਿਬ ਜਾ ਕੇ ਵਸੇ। ਜਦੋਂ ਕਦੇ ਮੁਗਲ ਜਾਂ ਬਾਹਰੀ ਹਮਲਾਵਰ ਇਸ ਇਲਾਕੇ ‘ਤੇ ਹਮਲਾ ਕਰਦੇ ਤਾਂ ਇਥੋਂ ਦੇ ਸਿੱਖ ਪਹਾੜੀ ਇਲਾਕੇ ਨਾਹਣ ਤੇ ਮੰਡੀ ਵੱਲ ਨੂੰ ਪਰਿਵਾਰਾਂ ਸਮੇਤ ਚਲੇ ਜਾਂਦੇ । ਹੋਲੇ-ਮਹੱਲੇ ਦੇ ਸਮੇਂ ਬਹੁਤ ਸਾਰੇ ਸਿੱਖ ਪਰਿਵਾਰ ਅਨੰਦਪੁਰ ਸਾਹਿਬ ਆਉਂਦੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨ ਕੇ ਇਥੇ ਹੋਲਾ-ਮਹੱਲਾ ਮਨਾਉਂਦੇ । ਸਾਲ 1753 ਵਿੱਚ ਜਦੋਂ ਸਾਰੇ ਸਿੱਖ ਪਰਿਵਾਰ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਮਨਾ ਰਹੇ ਸਨ ਤਾਂ ਅਦੀਨਾ ਬੇਗ ਜੋ ਜਲੰਧਰ ਦੇ ਇਲਾਕੇ ਦਾ ਮੁਗਲਾਂ ਦਾ ਮੁੱਖ ਸੂਬੇਦਾਰ ਸੀ ਨੇ ਅਨੰਦਪੁਰ ਸਾਹਿਬ ‘ਤੇ ਹਮਲਾ ਕੀਤਾ ਤੇ ਬਹੁਤ ਸਾਰੇ ਸਿੱਖ ਪਰਿਵਾਰਾਂ ਨੂੰ ਕਤਲ ਕੀਤਾ । 18ਵੀਂ ਸਦੀ ਦੇ ਦੂਜੇ ਅੱਧ ਵਿੱਚ ਸਿੱਖਾਂ ਦਾ ਅਨੰਦਪੁਰ ਸਾਹਿਬ ਰਹਿਣਾ ਬੜਾ ਔਖਾ ਸੀ । ਜਦੋਂ ਮੁਗਲਾਂ ਦਾ ਹਮਲਾ ਹੁੰਦਾ ਤਾਂ ਸਿੱਖ ਪਹਾੜੀ ਇਲਾਕਿਆਂ ਵੱਲ ਨੂੰ ਖਿਸਕ ਜਾਂਦੇ ਤੇ ਬਾਅਦ ਵਿੱਚ ਫਿਰ ਅਨੰਦਪੁਰ ਸਾਹਿਬ ਵਾਪਸ ਆ ਜਾਂਦੇ । ਇਸ ਔਖੇ ਸਮੇਂ ਦੌਰਾਨ ਭਾਈ ਸ਼ੇਰ ਸਿੰਘ ਤੇ ਬਾਬਾ ਜਲਮਸਤ ਸਿੰਘ ਨੇ ਅਨੰਦਪੁਰ ਸਾਹਿਬ ਰਹਿਣ ਦਾ ਫੈਸਲਾ ਕੀਤਾ । ਉਹ ਇਥੇ ਰਹਿ ਕੇ ਗੁਰੂ ਦੇ ਸਥਾਨਾਂ ਦੀ ਦੇਖਭਾਲ ਕਰਦੇ ਰਹੇ । ਭਾਈ ਸ਼ੇਰ ਸਿੰਘ ਮੁਗਲਾਂ ਵੱਲੋਂ ਕੀਤੇ ਹਮਲਿਆਂ ਵਿੱਚ ਮਾਰਿਆ ਗਿਆ, ਪਰ ਉਸ ਤੋਂ ਬਾਅਦ ਬਾਬਾ ਜਲਮਸਤ ਸਿੰਘ ਅਨੰਦਪੁਰ ਸਾਹਿਬ ਸੇਵਾ ਨਿਭਾਉਂਦੇ ਰਹੇ । ਇਹਨਾਂ ਦੋਨਾਂ ਤੋਂ ਬਾਅਦ ਲਗਭਗ 10 ਸਾਲ ਬਾਬਾ ਗੁਰਬਖਸ਼ ਸਿੰਘ ਜੋ ਕਿ ਲੀਲ ਪਿੰਡ ਦੇ ਸਨ ਉਹਨਾਂ ਨੇ ਅਨੰਦਪੁਰ ਸਾਹਿਬ ਸੇਵਾ ਨਿਭਾਈ । ਬਾਬਾ ਗੁਰਬਖਸ਼ ਸਿੰਘ ਆਪਣੇ 30 ਸਾਥੀਆਂ ਨਾਲ ਅੰਮ੍ਰਿਤਸਰ ਅਕਾਲ ਤਖਤ ਵਿਖੇ ਗਏ ਹੋਏ ਸਨ ਤਾਂ 01 ਦਸੰਬਰ 1764 ਨੂੰ ਅਹਿਮਦ ਸ਼ਾਹ ਅਬਦਾਲੀ ਨੇ ਦਰਬਾਰ ਸਾਹਿਬ ‘ਤੇ ਹਮਲਾ ਕਰ ਦਿੱਤਾ । ਇਹਨਾਂ 31 ਸਿੰਘਾਂ ਨੇ ਅਹਿਮਦ ਸ਼ਾਹ ਅਬਦਾਲੀ ਦੀ ਅਫਗਾਨ ਸੈਨਾ ਨਾਲ ਟੱਕਰ ਲਈ ਤੇ ਸ਼ਹੀਦੀ ਪ੍ਰਾਪਤ ਕੀਤੀ। ਇਹਨਾਂ 31 ਸਿੰਘਾਂ ਨੇ ਅਬਦਾਲੀ ਦੇ 3000 ਸੈਨਿਕ ਮੌਤ ਦੇ ਘਾਟ ਉਤਾਰੇ । ਬਾਬਾ ਗੁਰਬਖਸ਼ ਸਿੰਘ ਦੀ ਸ਼ਹੀਦੀ ਤੋਂ ਬਾਅਦ ਭਾਈ ਸੁੱਖਾ ਸਿੰਘ ਅਨੰਦਪੁਰ ਸਾਹਿਬ ਦੇ ਸਥਾਨਾਂ ਦਾ ਰਖਵਾਲਾ ਬਣਿਆ । ਭਾਈ ਸੁੱਖਾ ਸਿੰਘ ਨੇ ਅਨੰਦਪੁਰ ਸਾਹਿਬ ਰਹਿੰਦੇ ਹੋਏ ਗੁਰਬਿਲਾਸ ਪਾਤਸ਼ਾਹੀ ਦਸਵੀਂ ਦੀ ਰਚਨਾ ਕੀਤੀ । 1790 ਵਿੱਚ ਬਾਬਾ ਬਘੇਲ ਸਿੰਘ ਜੋ ਕਿ ਕਰੋੜ ਸਿੰਘੀਆ ਮਿਸਲ ਨਾਲ ਸਬੰਧ ਰੱਖਦੇ ਸਨ ਤੇ ਉਨਾਂ ਨੇ ਦਿੱਲੀ ਵਿੱਚ ਵੀ ਗੁਰਦੁਆਰਾ ਸਾਹਿਬ ਬਣਵਾਏ ਸਨ ਸ੍ਰੀ ਅਨੰਦਪੁਰ ਸਾਹਿਬ ਆਏ । ਅਨੰਦਪੁਰ ਸਾਹਿਬ ਦੇ ਬਹੁਤ ਸਾਰੇ ਗੁਰਦੁਆਰਿਆਂ ਦੀਆਂ ਇਮਾਰਤਾਂ ਬਾਬਾ ਬਘੇਲ ਸਿੰਘ ਵੱਲੋਂ ਬਣਾਈਆਂ ਗਈਆਂ ਹਨ ।

19ਵੀਂ ਸਦੀ ਦੀ ਸ਼ੁਰੂਆਤ ਵਿੱਚ ਪਟਿਆਲਾ ਰਿਆਸਤ ਦੇ ਰਾਜਾ ਕਰਮ ਸਿੰਘ ਤੇ ਉਸਦੇ ਪੁੱਤਰ ਨਰਿੰਦਰ ਸਿੰਘ ਨੇ ਅਨੰਦਪੁਰ ਸਾਹਿਬ ਵਿੱਚ ਕਈ ਸਰਾਵਾਂ ਬਣਵਾਈਆਂ ਤੇ ਉਹਨਾਂ ਸਰਾਵਾਂ ਨੂੰ ਰਾਜੇ ਦਾ ਬੁੰਗਾ ਕਿਹਾ ਜਾਂਦਾ ਹੈ। ਇਸੇ ਸਦੀ ਦੀ ਸ਼ੁਰੂਆਤ ਤੱਕ ਹੀ ਸ਼ਾਮ ਸਿੰਘ ਸੋਢੀ ਦੇ ਪੁੱਤਰ ਨਾਹਰ ਸਿੰਘ ਨੇ ਤੇ ਉਸ ਤੋਂ ਬਾਅਦ ਨਾਹਰ ਸਿੰਘ ਦੇ ਪੁੱਤਰ ਸੁਰਜਨ ਸਿੰਘ ਸੋਢੀ ਨੇ ਅਨੰਦਪੁਰ ਸਾਹਿਬ ਦੀ ਬਾਗ਼ ਡੋਰ ਆਪਣੇ ਕੋਲ ਸੰਭਾਲ ਰੱਖੀ । 1812 ਈਸਵੀ ਵਿੱਚ ਅਜਮੇਰ ਚੰਦ ਦੇ ਪੋਤਰੇ ਮਾਹਨ ਚੰਦ ਨੇ ਸੁਰਜਨ ਸਿੰਘ ਨੂੰ ਸਲਾਨਾ ਕਰ ਅਦਾ ਕਰਨ ਲਈ ਕਿਹਾ । ਸੁਰਜਨ ਸਿੰਘ ਸੋਢੀ ਨੂੰ ਇਹ ਗੱਲ ਸਹੀ ਨਹੀਂ ਲੱਗੀ ਕਿਉਂਕਿ ਉਸਦੇ ਪਿਤਾ ਪੁਰਖਿਆਂ ਨੇ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਦੀ ਜਮੀਨ ਦੇ ਬਦਲੇ ਬਣਦੀ ਰਕਮ ਅਜਮੇਰ ਚੰਦ ਨੂੰ ਅਦਾ ਕਰ ਦਿੱਤੀ ਸੀ । ਸੁਰਜਨ ਸਿੰਘ ਸੋਢੀ ਨੇ ਆਪਣੇ ਨਾਲ ਦੇ ਸਿੱਖ ਸਾਥੀਆਂ ਨਾਲ ਸਲਾਹ ਕਰਕੇ ਕਰ ਅਦਾ ਕਰਨ ਤੋਂ ਮਨਾ ਕਰ ਦਿੱਤਾ । ਮਾਹਨ ਚੰਦ ਨੂੰ ਜਦੋਂ ਇਹ ਖ਼ਬਰ ਮਿਲੀ ਤਾਂ ਉਸਨੇ ਸੁਰਜਨ ਸਿੰਘ ਸੋਢੀ ਨੂੰ ਅਨੰਦਪੁਰ ਸਾਹਿਬ ‘ਤੇ ਹਮਲਾ ਕਰਨ ਦੀ ਧਮਕੀ ਦਿੱਤੀ । ਚੰਗੇ ਭਾਗੀ ਉਸ ਸਮੇਂ ਹੀ ਹੁਕਮ ਸਿੰਘ ਚਿਮਨੀ ਜੋ 1814 ਤੋਂ 1818 ਤੱਕ ਹਜ਼ਾਰਾਂ ਦਾ ਸੂਬੇਦਾਰ ਸੀ ਤੇ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਦਾ ਮੁੱਖ ਸਿਪਾਹੀ ਸੀ ਅਨੰਦਪੁਰ ਸਾਹਿਬ ਵੱਲ ਆਪਣੀ ਸੈਨਾ ਲੈ ਕੇ ਆਇਆ ਹੋਇਆ ਸੀ । ਜਦੋਂ ਹੁਕਮ ਸਿੰਘ ਚਿਮਨੀ ਨੂੰ ਮਾਹਨ ਚੰਦ ਦੇ ਅਨੰਦਪੁਰ ਹਮਲੇ ਦੀ ਯੋਜਨਾ ਦਾ ਪਤਾ ਲੱਗਾ ਤਾਂ ਉਸਨੇ ਆਪਣੀ ਸੈਨਾ ਨਾਲ ਮਾਹਨ ਚੰਦ ਦੀ ਸੈਨਾ ਨੂੰ ਹਰਾਇਆ ਤੇ ਭਾਜ ਦਿੱਤੀ । ਆਪਣੀ ਸੈਨਾ ਦਾ ਬਹੁਤ ਜਿਆਦਾ ਨੁਕਸਾਨ ਹੁੰਦਾ ਵੇਖ ਕੇ ਮਾਹਨ ਚੰਦ ਨੇ ਹੁਕਮ ਸਿੰਘ ਦੀ ਈਨ ਮੰਨ ਲਈ ਤੇ ਅਨੰਦਪੁਰ ਸਾਹਿਬ ‘ਤੇ ਕੋਈ ਵੀ ਟੈਕਸ ਨਾ ਲੈਣਾ ਮਨਜ਼ੂਰ ਕਰ ਲਿਆ, ਨਾਲ ਹੀ ਯੁੱਧ ਦੇ ਹਰਜਾਨੇ ਵਜੋਂ ਹੁਕਮ ਸਿੰਘ ਚਿਮਨੀ ਨੂੰ ਰਕਮ ਅਦਾ ਕੀਤੀ ।

1814 ਵਿੱਚ ਮਹਾਰਾਜਾ ਰਣਜੀਤ ਸਿੰਘ ਤੇ ਅਕਾਲੀ ਫੂਲਾ ਸਿੰਘ ਵਿਚਕਾਰ ਮਤਭੇਦ ਹੋ ਜਾਣ ਕਾਰਨ ਅਕਾਲੀ ਫੂਲਾ ਸਿੰਘ ਅਗਸਤ 28, 1814 ਨੂੰ ਅੰਮ੍ਰਿਤਸਰ ਛੱਡ ਕੇ ਸ੍ਰੀ ਅਨੰਦਪੁਰ ਸਾਹਿਬ ਆ ਗਏ । ਉਸ ਸਮੇਂ ਹੀ ਸਤੰਬਰ 29, 1814 ਨੂੰ ਜੀਂਦ ਰਿਆਸਤ ਦਾ ਰਾਜਾ ਪ੍ਰਤਾਪ ਸਿੰਘ ਜੋ ਅੰਗਰੇਜ਼ਾਂ ਦੇ ਵਿਰੋਧ ਵਿੱਚ ਸੀ ਅੰਗਰੇਜ਼ਾਂ ਤੋਂ ਬਚ ਕੇ ਅਨੰਦਪੁਰ ਸਾਹਿਬ ਪਹੁੰਚ ਗਿਆ ਤੇ ਉਸਨੇ ਇਥੇ ਹੀ ਸ਼ਰਨ ਲੈ ਲਈ । ਅੰਗਰੇਜ਼ੀ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ, ਨਾਭੇ ਦੇ ਰਾਜੇ ਜਸਵੰਤ ਸਿੰਘ ਤੇ ਮਲੇਰਕੋਟਲੇ ਦੇ ਨਵਾਬ ਤੋਂ ਮਦਦ ਲਈ ਤੇ ਇਹਨਾਂ ਤਿੰਨਾਂ ਦੀਆਂ ਸਾਂਝੀਆਂ ਸੈਨਾਵਾਂ ਅਨੰਦਪੁਰ ਸਾਹਿਬ ਵੱਲ ਅਕਾਲੀ ਫੂਲਾ ਸਿੰਘ ਤੇ ਰਾਜਾ ਪ੍ਰਤਾਪ ਸਿੰਘ ਨੂੰ ਬੰਦੀ ਬਣਾਉਣ ਲਈ ਗਈਆਂ । ਪਰ ਕੁਝ ਸਮੇਂ ਬਾਅਦ ਹੀ ਸਾਹਿਬ ਸਿੰਘ ਬੇਦੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਤੇ ਅਕਾਲੀ ਫੂਲਾ ਸਿੰਘ ਵਿਚਕਾਰ ਸਮਝੌਤਾ ਕਰਵਾ ਦਿੱਤਾ ਗਿਆ । ਸਮਝੌਤਾ ਹੋਣ ਤੋਂ ਬਾਅਦ ਅਕਾਲੀ ਫੂਲਾ ਸਿੰਘ ਅਨੰਦਪੁਰ ਸਾਹਿਬ ਛੱਡ ਅੰਮ੍ਰਿਤਸਰ ਚਲੇ ਗਏ। 1815 ਤੋਂ ਬਾਅਦ ਭਾਈ ਕਰਮ ਸਿੰਘ, ਬਾਬਾ ਖੜਕ ਸਿੰਘ, ਬਾਬਾ ਬੁੱਧ ਸਿੰਘ, ਭਾਈ ਪੂਰਨ ਸਿੰਘ ਤੇ ਭਾਈ ਅਮਰ ਸਿੰਘ ਨੇ ਅਨੰਦਪੁਰ ਸਾਹਿਬ ਸ਼ਹਿਰ ਤੇ ਗੁਰੂ ਸਥਾਨਾਂ ਦੀ ਦੇਖਭਾਲ ਕੀਤੀ । 1815 ਤੋਂ 1900 ਈਸਵੀ ਤੱਕ ਇਹਨਾਂ ਸਿੱਖ ਸ਼ਰਧਾਲੂਆਂ ਦੁਆਰਾ ਹੀ ਅਨੰਦਪੁਰ ਸਾਹਿਬ ਵਿੱਚ ਸਮੇਂ-ਸਮੇਂ ਤੇ ਕੰਮ ਕਰਵਾਏ ਗਏ ਤੇ ਸ਼ਹਿਰ ਨੂੰ ਆਬਾਦ ਰੱਖਿਆ ਗਿਆ ।
20ਵੀਂ ਸਦੀ ਦੀ ਸ਼ੁਰੂਆਤ ਵਿੱਚ ਬਾਬਾ ਸੰਪੂਰਨ ਸਿੰਘ ਸ੍ਰੀ ਕੇਸਗੜ੍ਹ ਸਾਹਿਬ ਪਹੁੰਚੇ ਤੇ ਇਸ ਸਮੇਂ ਸ੍ਰੀ ਅਨੰਦਪੁਰ ਸਾਹਿਬ ਤੇ ਕੇਸਗੜ੍ਹ ਸਾਹਿਬ ਦੀ ਦੇਖਭਾਲ ਉਹਨਾਂ ਦੇ ਹਿੱਸੇ ਆ ਗਈ । ਬਾਬਾ ਸੰਪੂਰਨ ਸਿੰਘ ਬਹੁਤ ਬੁੱਧੀਮਾਨ ਵਿਅਕਤੀ ਸਨ । ਉਹਨਾਂ ਨੂੰ ਦਵਾਖ਼ਾਨੇ ਦੀ ਬਹੁਤ ਜਾਣਕਾਰੀ ਸੀ । ਬਹੁਤ ਲੰਬੇ ਸਮੇਂ ਉਹ ਅਨੰਦਪੁਰ ਸਾਹਿਬ ਰਹੇ ਤੇ ਗੁਰੂ ਸਥਾਨਾਂ ਤੇ ਅਨੰਦਪੁਰ ਵਾਸੀਆਂ ਦੀ ਸੇਵਾ ਕਰਦੇ ਰਹੇ । ਉਨਾਂ ਤੋਂ ਬਾਅਦ ਭਾਈ ਅਮਰ ਸਿੰਘ ਜੀ ਨੇ ਅਨੰਦਪੁਰ ਸਾਹਿਬ ਸ਼ਹਿਰ ਵਿੱਚ ਗੁਰੂ ਸਥਾਨਾਂ ਦੀ ਸੇਵਾ ਕੀਤੀ । ਭਾਈ ਅਮਰ ਸਿੰਘ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਤੱਕ ਅਨੰਦਪੁਰ ਸਾਹਿਬ ਰਹੇ ਤੇ 1948 ਵਿੱਚ ਇਥੇ ਹੀ ਉਹਨਾਂ ਦੀ ਮੌਤ ਹੋਈ । ਭਾਈ ਅਮਰ ਸਿੰਘ ਦੇ ਸਮੇਂ ਦੌਰਾਨ ਹੀ ਉਹਨਾਂ ਨੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਭਾਈ ਬਖਸ਼ੀਸ਼ ਸਿੰਘ ਨੂੰ ਮੁੱਖ ਗ੍ਰੰਥੀ ਵੀ ਲਗਾਇਆ ।

ਭਾਈ ਬਖਸ਼ੀਸ਼ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪਹਿਲੇ ਮੈਂਬਰ ਸਨ । ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਨੰਦਪੁਰ ਸਾਹਿਬ ਸਿੱਖਾਂ ਦੇ ਕੈਂਪ, ਸੈਮੀਨਾਰ ਤੇ ਜਰੂਰੀ ਇਕੱਤਰਤਾ ਦਾ ਸਥਾਨ ਬਣ ਗਿਆ । ਸ਼੍ਰੋਮਣੀ ਅਕਾਲੀ ਦਲ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰਾਂ ਨੇ ਬਹੁਤ ਸਾਰੇ ਧਾਰਮਿਕ ਕੈਂਪ ਅਨੰਦਪੁਰ ਸਾਹਿਬ ਵਿੱਚ ਲਗਾਏ । ਮਾਸਟਰ ਤਾਰਾ ਸਿੰਘ ਜੀ ਵੱਲੋਂ ਜੋ ਲਹਿਰ ਪੰਜਾਬੀ ਸੂਬੇ ਦੀ ਮੰਗ ਨੂੰ ਲੈ ਕੇ ਚਲਾਈ ਗਈ ਸੀ, ਉਹ ਵੀ ਸਭ ਤੋਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋਈ ।

08 ਮਾਰਚ 1966 ਨੂੰ ਪੰਜਾਬੀ ਸੂਬੇ ਦੀ ਮੰਗ ਨੂੰ ਲੈ ਕੇ ਸਭ ਤੋਂ ਪਹਿਲਾਂ ਹਿੰਦੀ ਵਿੱਚ ਲਿਖਿਆ ਬੋਰਡ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਤੋਂ ਹਟਾਇਆ ਗਿਆ ਸੀ । ਪੰਜਾਬੀ ਸੂਬੇ ਲਈ ਸ੍ਰੀ ਅਨੰਦਪੁਰ ਸਾਹਿਬ ਮਤਾ ਵੀ ਇਥੇ ਪਾਸ ਕੀਤਾ ਗਿਆ ਸੀ ।

ਅਪ੍ਰੈਲ 1999 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸਾ ਪੰਥ ਦੀ ਸਾਜਨਾ ਦੇ 300 ਸਾਲ ਪੂਰੇ ਹੋਣ ਤੇ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਤੇ 300 ਸਾਲਾ ਮਨਾਇਆ ਗਿਆ । ਸਰਕਾਰੀ ਰਿਕਾਰਡ ਅਨੁਸਾਰ 08 ਅਪ੍ਰੈਲ ਤੋਂ ਲੈ ਕੇ 14 ਅਪ੍ਰੈਲ 1999 ਤੱਕ ਕੁਲ 80 ਲੱਖ ਸਿੱਖ ਅਨੰਦਪੁਰ ਸਾਹਿਬ ਨਤਮਸਤਕ ਹੋਏ ।

ਇਹਨਾਂ 06 ਦਿਨਾਂ ਵਿੱਚ 80 ਲੱਖ ਸਿੱਖਾਂ ਦਾ ਅਨੰਦਪੁਰ ਸਾਹਿਬ ਆਉਣਾ ਇੱਕ ਰਿਕਾਰਡ ਕਾਇਮ ਹੋਣ ਵਾਲੀ ਗੱਲ ਸੀ । 1925 ਤੋਂ ਲੈ ਕੇ ਵਰਤਮਾਨ ਸਮੇਂ ਤੱਕ ਸ੍ਰੀ ਕੀਰਤਪੁਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਸਾਰੇ ਗੁਰੂ ਸਾਹਿਬਾਨ ਦੇ ਸਥਾਨ ਤੇ ਕਿਲ੍ਹੇ ਸ਼੍ਰੋਮਣੀ ਕਮੇਟੀ ਦੇ ਅਧੀਨ ਹਨ ਤੇ ਉਹਨਾਂ ਦਾ ਸੰਚਾਲਨ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ ।



🙏🏻🙏🏻