ਪੰਜਾਬ ਵਿੱਚ ਡੇਰਿਆਂ ਦੀ ਆਪਣੀ ਇੱਕ ਵਿਲੱਖਣ ਪਛਾਣ ਏ, ਅਜੇਕਿ ਸਿਆਸੀ ਨਜ਼ਰੀਏ ਤੋਂ ਤਾਂ ਇਹਨਾਂ ਨੂੰ ਸਿਰਫ ਇੱਕ ਵੋਟ ਬੈਂਕ ਦੇ ਤੌਰ ਤੇ ਵੇਖਿਆ ਜਾਂਦਾ ਏ ਪਰ ਅਸਲ ਵਿੱਚ ਇਹਨਾਂ ਡੇਰਿਆਂ ਦੀ ਧਾਰਮਿਕ ਅਤੇ ਸਮਾਜਿਕ ਪੱਧਰ ਤੇ ਚੌਖੀ ਪਛਾਣ ਏ। ਗਤੀਵਿਧੀਆਂ ਵਿੱਚ ਲੋਕ ਭਲਾਈ ਦੇ ਕਾਰਜ ਪ੍ਰਮੁੱਖ ਤੌਰ ‘ਤੇ ਸ਼ਾਮਿਲ ਨੇ। ਇਹੀ ਕਾਰਜ ਨੇ ਜਿਨ੍ਹਾਂ ਕਰਕੇ ਜ਼ਿਆਦਾ ਤੋਂ ਜ਼ਿਆਦਾ ਲੋਕ ਡੇਰਿਆਂ ਵੱਲ ਖਿੱਚੇ ਆਉਂਦੇ ਨੇ। ਇਹਨਾਂ ਡੇਰਿਆਂ ਦੇ ਪੈਰੋਕਾਰ ਜ਼ਿਆਦਾਤਰ ਦਲਿਤ ਭਾਈਚਾਰੇ ਦੇ ਲੋਕ ਹੀ ਨੇ ਜੋ ਕਿਸੇ ਨਾ ਕਿਸੇ ਤਰੀਕੇ ਹੋਰ ਪਾਸੇ ਅਣਗੌਲਿਆਂ ਮਹਿਸੂਸ ਕਰਨ ਤੋਂ ਬਾਅਦ ਡੇਰਿਆਂ ਵਿੱਚ ਏਕਤਾ ਦੇ ਮਾਹੌਲ ਦੇਖ ਖਿੱਚੇ ਚਲੇ ਆਉਂਦੇ ਨੇ। ਪੰਜਾਬ ਵਿੱਚ ਤਕਰੀਬਨ 9000 ਤੋਂ ਵਧੇਰੇ ਡੇਰੇ ਨੇ, ਇਹਨਾਂ ਵਿੱਚ ਸਿੱਖ, ਹਿੰਦੂ, ਸੂਫੀ ਅਤੇ ਇਸਾਈ ਪੁਜਾਰੀਆਂ ਦੇ ਨਿਜੀ ਡੇਰੇ ਵੀ ਸ਼ਾਮਿਲ ਨੇ। ਇਹ ਅਜਿਹੇ ਡੇਰੇ ਨੇ ਜਿਥੇ ਧਾਰਮਿਕ ਸਥਾਨਾਂ ਦੇ ਆਗੂਆਂ ਤੋਂ ਅਸਿਹਜ ਹੋਏ ਲੋਕ ਸਕੂਨ ਮਹਿਸੂਸ ਕਰਦੇ ਨੇ। ਇਹਨਾਂ ਡੇਰਿਆਂ ਦੇ ਵੱਧਦੇ ਰੁਝਾਨ ਨਾਲ ਪੰਜਾਬ ਵਿੱਚ ਇੱਕ ਨਵੀਂ ਸਮਾਜਿਕ ਅਤੇ ਧਾਰਮਿਕ ਵੰਡ ਵੀ ਦੇਖਣ ਨੂੰ ਮਿਲਦੀ ਏ। ਪੁਰਾਤਨ ਸਿੱਖ ਜੱਥੇਬੰਦੀਆਂ ਇਹਨਾਂ ਡੇਰਿਆਂ ਨੂੰ ਸਿੱਖ ਧਰਮ ਦੇ ਸਿਧਾਂਤਾਂ ਦੇ ਖਿਲਾਫ਼ ਮੰਨਦੀਆਂ ਨੇ, ਉਹਨਾਂ ਮੰਨਣਾ ਏ ਕਿ ਇਹ ਡੇਰੇ ਸਿੱਖਾਂ ਨੂੰ ਗੁਮਰਾਹ ਕਰ ਰਹੇ ਨੇ।
ਸਮਾਜਿਕ ਸੁਰੱਖਿਆ ਅਤੇ ਹਮਾਇਤ

ਪੇਂਡੂ ਖੇਤਰਾਂ ‘ਚ ਲੋਕ ਗਰੀਬੀ ਅਤੇ ਬੇਰੁਜ਼ਗਾਰੀ ਤੋਂ ਪਰੇਸ਼ਾਨ ਨੇ ਅਤੇ ਅਜਿਹੇ ਲੋਕਾਂ ਨੂੰ ਇਹ ਡੇਰੇ ਆਪਣੀ ਆਸਥਾ ਨਾਲ ਜੋੜਦੇ ਨੇ। ਡੇਰੇ ਇਹਨਾਂ ਨੂੰ ਸਮਾਜਿਕ ਸੁਰੱਖਿਆ ਅਤੇ ਹਮਾਇਤ ਦਾ ਭਰੋਸਾ ਦਿੰਦੇ ਨੇ। ਇਹਨਾਂ ਡੇਰਿਆਂ ਵਿੱਚ ਵਿਸ਼ਵਾਸ ਰੱਖਣ ਵਾਲੇ ਜ਼ਿਆਦਾਤਰ ਦਲਿਤ ਭਾਈਚਾਰੇ ਦੇ ਲੋਕ ਹੁੰਦੇ ਨੇ, ਉਹ ਲੋਕ ਜਿਨ੍ਹਾਂ ਨੂੰ ਜਾਤੀ ਭੇਦਭਾਵ ਦੀ ਵਜ੍ਹਾ ਨਾਲ ਬਣਦਾ ਮਾਨ-ਸਨਮਾਨ ਨਹੀਂ ਮਿਲ ਪਾਉਂਦਾ ਜਿਸ ਦੇ ਉਹ ਹੱਕਦਾਰ ਹਨ, ਤਾਂ ਉਹ ਇਹਨਾਂ ਡੇਰਿਆਂ ਵੱਲ ਅਕਰਸ਼ਿਤ ਹੁੰਦੇ ਨੇ। ਇਹਨਾਂ ਡੇਰਿਆਂ ਵਿੱਚ ਵਧੇਰੇ ਰਵੀਦਾਸੀ ਭਾਈਚਾਰੇ ਅਤੇ ਵਾਲਮੀਕਿ ਭਾਈਚਾਰੇ ਦੇ ਲੋਕ ਸ਼ਾਮਿਲ ਨੇ, ਇਹ ਡੇਰੇ ਸਿੱਖਿਆ, ਸਿਹਤ, ਸਮਾਜਿਕ ਸਮਾਨਤਾ ਦੇ ਰੂਪ ਵਿੱਚ ਕੰਮ ਕਰਦੇ ਨੇ। ਜਲੰਧਰ ਦੇ ਡੇਰਾ ਸੱਚਖੰਡ ਬੱਲਾਂ ਦਾ ਇਸ ਸੂਚੀ ਵਿੱਚ ਵਿਸ਼ੇਸ਼ ਜ਼ਿਕਰ ਏ। ਦਲਿਤ ਪ੍ਰਭਾਵ ਵਾਲੇ ਇਹ ਡੇਰੇ ਆਪਣੇ ਗੁਰਦੁਆਰੇ, ਹਸਪਤਾਲ, ਸਕੂਲ ਅਤੇ ਕਾਲਜ ਚਲਾਉਂਦੇ ਨੇ। ਅਤੇ ਸਮਾਜ ਦੇ ਦਬੇ-ਕੁਚਲੇ ਲੋਕਾਂ ਨੂੰ ਆਪਣੀ ਸਨਮਾਨਜਨਕ ਹੌਂਦ ਦਾ ਅਹਿਸਾਸ ਦਵਾਉਂਦੇ ਨੇ, ਇਹੀ ਵਜ੍ਹਾ ਏ ਇਹਨਾਂ ਡੇਰਿਆਂ ਦੇ ਵੱਧਦੇ ਰੁਝਾਨ ਦੀ ਅਤੇ ਸਿਆਸੀ ਅਹਿਮੀਅਤ ਦੀ। ਸਿਆਸੀ ਅਹਿਮੀਅਤ ਹੀ ਇਹਨਾਂ ਨੂੰ ਸਰਵਪੱਖੀ ਅਹਿਮੀਅਤ ਦਵਾਉਂਦੀ ਏ। ਡੇਰੇ ਜਾਂ ਸੰਪਰਦਾਵਾਂ ਸਿੱਖ ਧਰਮ ਵਾਂਗ ਹੀ ਪੁਰਾਣੇ ਨੇ। ਹਾਲਾਂਕਿ ਉਨ੍ਹਾਂ ਦੇ ਪੈਰੋਕਾਰ ਹਰ ਜਾਤੀ ਤੋਂ ਆਉਂਦੇ ਹਨ, ਪਰ ਉਨ੍ਹਾਂ ‘ਤੇ ਮੁੱਖ ਤੌਰ ‘ਤੇ ਦਲਿਤਾਂ ਅਤੇ ਹੋਰ ਪਛੜੇ ਵਰਗਾਂ ਦਾ ਦਬਦਬਾ ਹੈ। ਪੰਜਾਬ ਵਿੱਚ, ਡੇਰਾ ਸ਼ਬਦ ਅਕਸਰ ਧਾਰਮਿਕ ਅਤੇ ਸਮਾਜਿਕ ਕੇਂਦਰਾਂ ਲਈ ਵਰਤਿਆ ਜਾਂਦਾ ਹੈ ਜੋ ਕਿਸੇ ਸੰਤ ਜਾਂ ਅਧਿਆਤਮਿਕ ਗੁਰੂ ਦੁਆਰਾ ਸਥਾਪਿਤ ਕੀਤੇ ਗਏ ਨੇ। ਇਨ੍ਹਾਂ ਡੇਰਿਆਂ ਦਾ ਪੰਜਾਬ ਦੇ ਸਮਾਜਿਕ ਅਤੇ ਰਾਜਨੀਤਿਕ ਢਾਂਚੇ ‘ਤੇ ਡੂੰਘਾ ਪ੍ਰਭਾਵ ਏ। ਇਹ ਡੇਰੇ ਆਪਣੇ ਪੈਰੋਕਾਰਾਂ ਨੂੰ ਅਧਿਆਤਮਿਕ ਸਿੱਖਿਆ ਦੇਣ ਦੇ ਨਾਲ-ਨਾਲ ਸਿੱਖਿਆ, ਸਿਹਤ ਅਤੇ ਭਾਈਚਾਰਕ ਸੇਵਾ ਵਰਗੇ ਕਈ ਸਮਾਜਿਕ ਕੰਮ ਵੀ ਕਰਦੇ ਹਨ। ਇਨ੍ਹਾਂ ਡੇਰਿਆਂ ਜਾਂ ਸੰਪਰਦਾਵਾਂ ਦੀ ਅਗਵਾਈ ਸਵੈ-ਘੋਸ਼ਿਤ ਬਾਬਿਆਂ ਦੁਆਰਾ ਕੀਤੀ ਜਾਂਦੀ ਹੈ, ਜਿਨ੍ਹਾਂ ਨੇ ਕੱਟੜਪੰਥੀ ਸਿੱਖਾਂ ਅਤੇ ਦੂਜਿਆਂ ਵਿਚਕਾਰ ਸਮਾਜਿਕ ਤਣਾਅ ਦਾ ਫਾਇਦਾ ਉਠਾਇਆ ਹੈ। 19ਵੀਂ ਸਦੀ ਤੋਂ ਬਾਅਦ ਕਈ ਹੋਰ ਡੇਰੇ ਵੀ ਹੋਂਦ ਵਿੱਚ ਆਏ। ਨਵੇਂ ਡੇਰਿਆਂ ਦੀ ਵਿਸ਼ੇਸ਼ਤਾ ਇਹ ਸੀ ਕਿ ਇਹ ਦਲਿਤ ਭਾਈਚਾਰੇ ਦੀ ਲਾਮਬੰਦੀ ਦੇ ਕੇਂਦਰ ਬਣ ਗਏ, ਜਿਥੇ ਹਿੰਦੂ ਜਾਤੀ ਤੋਂ ਅਲ਼ੱਗ ਹੋ ਕੇ ਸਿੱਖ ਧਰਮ ਨੂੰ ਅਪਨਾਉਣ ਲੱਗੇ। ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਵੱਧਦੇ ਦਬਦਬੇ ਕਾਰਨ, ਜੋ ਸਿੱਖ ਧਰਮ ਅਤੇ ਇਸ ਨਾਲ ਜੁੜੇ ਗੁਰਦੁਆਰਿਆਂ ਅਤੇ ਹੋਰ ਸੰਸਥਾਵਾਂ ਨੂੰ ਨਿਯੰਤਰਤ ਕਰਦੀ ਸੀ, ਲੋਕ ਗੈਰ-ਸਿੱਖ ਡੇਰਿਆਂ ਵੱਲ ਖਿੱਚੇ ਗਏ। 2006-07 ਦੇ ਇੱਕ ਅਧਿਐਨ ਅਨੁਸਾਰ ਪੰਜਾਬ ਦੇ ਪੇਂਡੂ ਖੇਤਰ ਵਿੱਚ ਹਜ਼ਾਰਾਂ ਸਿੱਖ ਅਤੇ ਗੈਰ-ਸਿੱਖ ਡੇਰੇ ਸਨ। ਗਵਾਂਢੀ ਰਾਜ ਹਰਿਆਣਾ, ਰਾਜਸਥਾਨ ਅਤੇ ਉਤਰ ਪ੍ਰਦੇਸ਼ ਵਿੱਚ ਵੀ ਬਹੁਤ ਸਾਰੇ ਡੇਰੇ ਸਥਾਪਤ ਹੋਏ। ਅਤੇ ਇਹੀ ਕਾਰਣ ਹੈ ਕਿ ਚੋਣਾਂ ਦੌਰਾਨ ਇਹਨਾਂ ਦੀ ਅਹਿਮੀਅਤ ਐਨੀ ਵੱਧ ਜਾਂਦੀ ਏ ਕਿ ਵੱਖ-ਵੱਖ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਇਹਨਾਂ ਡੇਰਿਆਂ ਚ ਨਤਮਸਤਕ ਹੋਣ ਪਹੁੰਚਦੇ ਨੇ।
ਪੰਜਾਬ ਵਿੱਚ ਡੇਰਾਵਾਦ

ਸਿੱਖ ਬਹੁ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਹੀ ਅਜਿਹਾ ਸੂਬਾ ਏ ਜਿਸ ਨੂੰ ਸਿੱਖ ਧਰਮ ਦਾ ਕੇਂਦਰ ਮੰਨਿਆ ਜਾ ਸਕਦੈ, ਪਰ ਇਥੇ ਵੀ ਡੇਰਾਵਾਦ ਸਰਕਾਰੀ ਹਕੂਮਤ ਦੇ ਬਰਾਬਰ ਸੱਤਾ ਵਜੋਂ ਕੰਮ ਕਰਦਾ ਏ। ਇਹ ਸਿਰਫ ਅਧਿਆਤਮਿਕ ਕੇਂਦਰ ਨਹੀਂ ਅਜਿਹੇ ਵੋਟ ਬੈਂਕ ਨੇ ਜਿਨ੍ਹਾਂ ਦੀ ਚਾਬੀ ਜਿਸ ਕੋਲ ਹੁੰਦੀ ਏ ਹਕੂਮਤ ਵੀ ਉਹਨਾਂ ਦੀ ਹੁੰਦੀ ਏ। ਪੰਜਾਬ ਵਿੱਚ ਡੇਰਿਆਂ ਦੀ ਸਥਾਪਨਾ ਦੀ ਗੱਲ ਕਰੀਏ ਤਾਂ ਡੇਰਾ ਪ੍ਰਬੰਧਕਾਂ ਮੁਤਾਬਿਕ ਡੇਰੇ ਧਰਮ ਕਰਮ ਅਤੇ ਸਮਾਜ ਕਲਿਆਣ ਦੇ ਕਾਰਜਾਂ ਦਾ ਜ਼ਰੀਆ ਹਨ। ਸਿਆਸੀ ਮਾਹਿਰਾਂ ਅਤੇ ਸਮਾਜ ਸ਼ਾਸਤਰੀਆਂ ਮੁਤਾਬਕ ਡੇਰਿਆਂ ਦਾ ਪ੍ਰਚਲਣ ਬ੍ਰਿਟਿਸ਼ ਕਾਲ ਦੌਰਾਨ ਸ਼ੁਰੂ ਹੋਇਆ ਸੀ। ਜਦੋਂ ਅੰਗਰੇਜ਼ਾਂ ਨੇ ਭਾਰਤ ਨੂੰ ਕਬਜ਼ੇ ਵਿੱਚ ਲਿਆ ਤਾਂ ਪੰਜਾਬ ਸਭ ਤੋਂ ਵੱਡਾ ਅੜਿੱਕਾ ਸੀ ਪੰਜਾਬ ਵਿਚ 100 ਸਾਲ ਬਾਅਦ ਦਾਖਲ ਹੋਣਾ ਪਿਆ ਉਸਦਾ ਕਾਰਨ ਸੀ ਪੰਜਾਬੀਆਂ ਦੀ ਦਲੇਰੀ, ਹਿੰਮਤ ਅਤੇ ਬੇਬਾਕੀ। ਸਿੱਖ ਸਿਆਸਤ ਦੇ ਮਾਹਿਰ ਅਤੇ ਗਲੋਬਲ ਸਿੱਖ ਕੌਂਸਲ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਕਹਿੰਦੇ ਹਨ ਕਿ “ਪੰਜਾਬ ਦਾ ਕੋਈ ਭੌਤਿਕ ਗੁਰੂ ਨਹੀਂ ਸੀ, ਸਿੱਖਾਂ ਨੇ ਸ਼ਬਦ ਗੁਰੂ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੇ ਪ੍ਰਭਾਵ ਨੂੰ ਸਵੀਕਾਰ ਕੀਤਾ। ਪੰਜਾਬ ਵਿੱਚ ਬਹੁਗਿਣਤੀ ਸਿੱਖ ਅਬਾਦੀ ਏ। ਇਹ ਸਿੱਖ ਸੰਸਥਾਵਾਂ ਦੀ ਵੀ ਕਮੀ ਰਹੀ ਕਿ ਡੇਰਿਆਂ ਨੂੰ ਪਰਫੁੱਲਤ ਹੋਣ ਦਿੱਤਾ ਗਿਆ। ਡੇਰਿਆਂ ਵਿੱਚ ਜਾਤ-ਪਾਤ ਅਤੇ ਹੋਰ ਸਮਾਜਿਕ ਕੁਰੀਤੀਆਂ ਦਾ ਪ੍ਰਚਲਣ ਨਾ ਹੋਣ ਕਰਕੇ ਪੰਜਾਬ ਵਿੱਚ ਡੇਰੇ ਵੱਧਦੇ ਗਏ ਅਤੇ ਇਹਨਾਂ ਦਾ ਦਬਦਬਾ ਕਾਇਮ ਹੁੰਦਾ ਰਿਹਾ। ਹੁਣ ਇਹਨਾਂ ਦਾ ਪ੍ਰਭਾਵ ਇਸ ਹੱਦ ਤੱਕ ਵੱਧ ਗਿਆ ਕਿ ਸਿਆਸਤ ਨੂੰ ਵੀ ਪ੍ਰਭਾਵਿਤ ਕਰਨ ਲੱਗੇ ਨੇ।”
ਪੰਜਾਬ ਦੇ ਵਿਸ਼ੇਸ਼ ਡੇਰੇ

ਪ੍ਰਾਪਤ ਜਾਣਕਾਰੀ ਅਤੇ ਅੰਕੜਿਆਂ ਮੁਤਾਬਕ ਪੰਜਾਬ ਦੀ ਅੰਦਾਜ਼ਨ ਅਬਾਦੀ 3.81 ਕਰੋੜ ਹੈ, ਜਿਸ ਵਿੱਚੋਂ 62.52% ਪੇਂਡੂ ਖੇਤਰ ਨਾਲ ਸਬੰਧਤ ਏ। ਪੰਜਾਬ ਦੀ ਸਾਖਰਤਾ ਦਰ 75.8 % ਹੈ, ਜਦਕਿ ਭਾਰਤ ਦੀ ਸਾਖਰਤਾ ਦਰ 73% ਏ। 50,365 ਵਰਗ ਕਿਲੋਮੀਟਰ ਵਿੱਚ ਵੱਸੇ ਪੰਜਾਬ ਵਿੱਚ 29 ਯੂਨੀਵਰਸਿਟੀਆਂ ਨੇ, ਜਿਸ ਵਿੱਚੋਂ 16 ਪ੍ਰਾਈਵੇਟ ਖੇਤਰ ਵਿੱਚ , 31 ਵਿਦਿਅਕ ਸੰਸਥਾਵਾਂ ਯੂਨੀਵਰਸਿਟੀ ਦੇ ਬਰਾਬਰ ਦੀਆਂ ਮੰਨੀਆਂ ਜਾਂਦੀਆਂ ਨੇ। ਪੰਜਾਬ ਵਿੱਚ 276 ਡਿਗਰੀ ਕਾਲਜ, 9559 ਹਾਈ/ਹਾਇਰ ਸੈਕੰਡਰੀ ਸਕੂਲ, 5097 ਮਿਡਲ ਸਕੂਲ ਅਤੇ 13801 ਪ੍ਰਾਇਮਰੀ ਸਕੂਲ ਨੇ। ਸਿੱਖਿਆ ਪੱਖੋਂ ਪੰਜਾਬ ਪੱਛੜਿਆ ਹੋਇਆ ਨਹੀਂ । ਪੰਜਾਬ ਵਿੱਚ 58.09% ਸਿੱਖ, 38.49% ਹਿੰਦੂ, 1.93% ਮੁਸਲਿਮ ਅਤੇ 1.25% ਇਸਾਈ ਹਨ। ਜੇਕਰ ਪੰਜਾਬ ਦੇ ਡੇਰਿਆਂ ਦੀ ਗੱਲ ਕੀਤੀ ਜਾਵੇ ਤਾਂ ਸਾਰੇ ਵਰਗਾਂ ਦੇ 9000 ਤੋਂ ਵੱਧ ਡੇਰੇ ਨੇ, ਜਿਸ ਵਿੱਚੋਂ 300 ਕਾਰਜਸ਼ੀਲ ਨੇ; 12 ਅਜਿਹੇ ਡੇਰੇ ਨੇ, ਜਿਨ੍ਹਾਂ ਦੇ ਪੈਰੋਕਾਰਾਂ ਦੀ ਗਿਣਤੀ ਪ੍ਰਤੀ ਡੇਰਾ ਇੱਕ ਲੱਖ ਤੋਂ ਵਧੇਰੇ ਏ। ਡੇਰਿਆਂ ਦੀਆਂ ਸ਼ਾਖਾ ਪੰਜਾਬ ਦੇ ਸਾਰੇ 12581 ਪਿੰਡਾਂ ਵਿੱਚ ਨੇ। ਜੇਕਰ ਗੁਰਦੁਆਰਿਆਂ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ 30 ਹਜ਼ਾਰ ਗੁਰਦੁਆਰੇ ਦੱਸੇ ਜਾਂਦੇ ਨੇ, ਹਰੇਕ ਪਿੰਡ ਵਿੱਚ ਇੱਕ ਤੋਂ ਲੈ ਕੇ 6 ਤੱਕ ਅਤੇ ਇਸੇ ਤਰ੍ਹਾਂ ਹਰੇਕ ਪਿੰਡ ਤੇ ਕਸਬੇ ਵਿੱਚ ਡੇਰੇ ਵੀ ਮੌਜੂਦ ਹਨ, ਜਿਨ੍ਹਾਂ ਦੇ ਮੁਖੀ ਡੇਰਿਆਂ ਨੂੰ ਨਿਜੀ ਹਿੱਤਾਂ ਦੀ ਪੂਰਤੀ ਲਈ ਵਰਤਦੇ ਨੇ। ਵੈਸੇ ਤਾਂ ਪੰਜਾਬ ਵਿੱਚ ਹਜ਼ਾਰਾਂ ਨੇ ਪਰ ਜਿਨ੍ਹਾਂ ਦਾ ਡੰਕਾ ਬੋਲਦਾ ਏ ਉਹਨਾਂ ਵਿੱਚ ‘ਡੇਰਾ ਰਾਧਾ ਸੁਆਮੀ’, ‘ਸੱਚਖੰਡ ਬੱਲਾਂ ਡੇਰਾ’, ‘ਡੇਰਾ ਸਿਰਸਾ’, ਡੇਰਾ ਭਨਿਆਰੇ ਵਾਲਾ, ‘ਨੂਰ ਮਹਿਲ ਡੇਰਾ (ਦਿਵਯ ਜੋਤੀ ਜਾਗ੍ਰਿਤੀ ਸੰਸਥਾਨ), ‘ਸੰਤ ਨਿਰੰਕਾਰੀ ਮਿਸ਼ਨ’, ‘ਨਾਮਧਾਰੀ ਡੇਰਾ’ ਆਦਿ। ਕਈਆਂ ਨੂੰ ‘ਸ਼ਿਵਿਰ’ ਅਤੇ ਕਈਆਂ ਨੂੰ ‘ਨਿਵਾਸ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਏ। ਇਸ ਤੋਂ ਇਲਾਵਾ ਚਰਚ ਵੀ ਡੇਰਿਆਂ ਦਾ ਰੂਪ ਨੇ । ਇਹ ਡੇਰੇ ਚੋਣਾਂ ਵੇਲੇ ਪੰਜਾਬ ਦੀਆਂ 56 ਤੋਂ 68 ਸੀਟਾਂ ਤੇ ਪੂਰਾ ਪ੍ਰਭਾਵ ਪਾਉਂਦੇ ਨੇ। ਯਾਨੀ ਸਿਆਸਤਦਾਨਾਂ ਨੂੰ ਸੱਤਾ ਦਾ ਸੁਆਦ ਚਖਣ ਲਈ ਇਹਨਾਂ ਡੇਰਿਆਂ ਦੀ ਸ਼ਰਨ ਵਿੱਚ ਆਉਣਾ ਹੀ ਪੈਂਦਾ ਏ।
ਡੇਰਾ ਬਿਆਸ

1891 ‘ਚ ਸਥਾਪਿਤ ਹੋਏ ਡੇਰਾ ਬਿਆਸ ਦੇ ਦੇਸ਼ ਚ 5000 ਤੋਂ ਵਧੇਰੇ ਕੇਂਦਰ ਨੇ, ਅਤੇ ਇਹ ਕਰੀਬ 90 ਮੁਲਕਾਂ ‘ਚ ਫੈਲਿਆ ਹੋਇਆ ਏ। ਜ਼ਿਲ੍ਹਾ ਅੰਮ੍ਰਿਤਸਰ ਚ ਪੈਂਦੇ ਬਿਆਸ ਦਰਿਆ ਦੇ ਕੰਢੇ ਵੱਸੇ ਇਸ ਡੇਰੇ ਦੀ ਖ਼ਾਸੀਅਤ ਇਹ ਐ ਕਿ ਪਿਛਲੇ ਕੁਝ ਸਮੇਂ ਤੱਕ ਇਹ ਡੇਰਾ ਪ੍ਰਤੱਖ ਤੌਰ ਤੇ ਸਿਆਸਤ ਅਤੇ ਵਿਖਾਵੇ ਤੋਂ ਦੂਰ ਹੀ ਰਿਹਾ। ਪ੍ਰਭਾਵ ਐਨਾ ਕਿ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਕੈਬਨਿਟ ਮੰਤਰੀ, ਅਤੇ ਸੂਬੇ ਮੰਤਰੀ ਆਪ ਚੱਲ ਕੇ ਇਥੇ ਪਹੁੰਚਦੇ ਨੇ।
ਡੇਰਾ ਸੱਚਾ ਸੌਦਾ

ਡੇਰਾ ਸੱਚਾ ਸੌਦਾ ਨੂੰ ਭਾਵੇਂ ਹਰਿਆਣਾ ਦੇ ਡੇਰਾ ਸਿਰਸਾ ਦੇ ਤੌਰ ਤੇ ਜਾਣਿਆ ਜਾਂਦਾ ਹੋਵੇ ਪਰ ਪੰਜਾਬ ਵਿੱਚ ਇਸਦੀ ਪਕੜ ਕਿਸੇ ਤੋਂ ਲੁਕੀ ਨਹੀਂ। ਖ਼ਾਸ ਕਰਕੇ ਮਾਲਵਾ ਬੈਲਟ ਵਿੱਚ ਇਸ ਡੇਰਾ ਦਾ ਪੂਰਾ ਪ੍ਰਭਾਵ ਏ, ਬੇਸ਼ੱਕ ਡੇਰਾ ਮੁਖੀ ਕਈ ਕੇਸਾਂ ਵਿੱਚ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੋਵੇ ਪਰ ਲੋਕਾਂ ਦੀ ਆਸਥਾ ਆਪਣੀ ਥਾਂ ਕਾਇਮ ਏ। ਇਹ ਆਸਥਾ ਹੀ ਕਾਰਨ ਹੈ ਕਿ ਡੇਰਾ ਮੁਖੀ ਦੇ ਨਿਰਦੇਸ਼ਾਂ ਅਨੁਸਾਰ ਪੈਰੋਕਾਰ ਪਾਰਟੀ ਜਾਂ ਉਮੀਦਵਾਰ ਨੂੰ ਵੋਟ ਦਿੰਦੇ ਹਨ। 29 ਅਪ੍ਰੈਲ 1948 ਨੂੰ ਇਸ ਡੇਰੇ ਦੀ ਸਥਾਪਨਾ ਸੰਸਥਾਪਕ ਸ਼ਾਹ ਮਸਤਾਨ ਨੇ ਸੰਤ ਸਾਵਨ ਸਿੰਘ ਦੇ ਹੁਕਮਾਂ ਤੇ ਕਰਵਾਈ । ਡੇਰੇ ਦੀ ਵੈੱਬਸਾਈਟ ਦੇ ਅੰਕੜਿਆਂ ਮੁਤਾਬਕ ਡੇਰਾ ਸਿਰਸਾ ਦੇ 22 ਰਿਕਾਰਡ ਗਿਨੀਜ਼ ਬੁਕ ਆਫ ਵਰਲਡ ਰਿਕਾਰਡ, 44 ਏਸ਼ੀਆ ਬੁਕ ਆਫ ਰਿਕਾਰਡ, 3 ਲਿਮਕਾ ਬੁਕ ਆਫ ਰਿਕਾਰਡ ਅਤੇ 7 ਇੰਡੀਆ ਬੁਕ ਆਫ ਰਿਕਾਰਡ ‘ਚ ਦਰਜ ਨੇ। ਡੇਰਾ ਸਿਰਸਾ ਦੇ ਦੇਸ਼ ਭਰ ਚ 46 ਆਸ਼ਰਮ ਅਤੇ 6 ਕਰੋੜ ਦੇ ਕਰੀਬ ਫਾਲੋਅਰ ਨੇ।
ਡੇਰਾ ਸੱਚਖੰਡ ਬੱਲਾਂ

ਡੇਰਾ ਸੱਚਖੰਡ ਬੱਲਾਂ ਨੂੰ ਸਿਆਸਤ ਦਾ ਕੇਂਦਰ ਮੰਨਿਆ ਜਾਂਦੈ। ਪੰਜਾਬ ਸਮੁੱਚੇ ਦੋਆਬਾ ਖੇਤਰ ਵਿੱਚ ਇਸਦਾ ਦਬਦਬਾ ਏ। ਕਿਉਂਕਿ ਦਲਿਤ ਅਬਾਦੀ ਇਥੇ ਹੀ ਜਿਆਦਾ ਰਹਿੰਦੀ ਏ। ਪੰਜਾਬ ਦੀ 32 ਫੀਸਦ ਦਲਿਤ ਅਬਾਦੀ ਚ ਰਵੀਦਾਸੀਆ ਭਾਈਚਾਰੇ ਦਾ ਸਭ ਤੋਂ ਵੱਡਾ ਹਿੱਸਾ ਏ, ਜਿਸਦਾ ਵੱਡਾ ਭਾਗ ਇਸ ਡੇਰੇ ਨਾਲ ਜੁੜਿਆ ਏ। ਡੇਰਾ ਮੁਖੀ ਸੰਤ ਨਿਰੰਜਨ ਦਾਸ ਨੂੰ ਹਾਲ ਹੀ ਵਿੱਚ ਮਿਲਿਆ ਪਦਮ ਸ਼੍ਰੀ ਅਵਾਰਡ ਅਤੇ ਦੇਸ਼ ਦੇ ਚੋਟੀ ਦੇ ਨੇਤਾਵਾਂ ਦੀ ਡੇਰੇ ਦੀ ਫੇਰੀ ਇਸਦੀ ਮਹੱਤਤਾ ਨੂੰ ਹੋਰ ਵਧਾਉਂਦੀ ਹੈ। ਇਸ ਡੇਰੇ ਦੀ ਸਥਾਪਨਾ ਸੰਨ 1900 ਵਿੱਚ ਸੰਤ ਪਿੱਪਲ ਦਾਸ ਵੱਲੋਂ ਕੀਤੀ ਗਈ।
ਡੇਰਾ ਨੂਰ ਮਹਿਲ (ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ)

ਡੇਰਾ ਮੁਖੀ ਆਸ਼ੂਤੋਸ਼ ਮਹਾਰਾਜ ਦੇ 2014 ਤੋਂ ਸਮਾਧੀ ‘ਚ ਜਾਣ ਤੋਂ ਬਾਅਦ ਇਸ ਡੇਰੇ ਦਾ ਪ੍ਰਭਾਵ ਬਿਲਕੁਲ ਨਹੀਂ ਘਟਿਆ। ਇਹ ਡੇਰਾ ਜਲੰਧਰ ਅਤੇ ਲੁਧਿਆਣਾ ਵਿੱਚ ਚੰਗੀ ਪ੍ਰਭਾਵ ਰੱਖਦਾ ਏ। ਇੱਥੇ ਇਹ ਵੀ ਦੱਸ ਦੇਈਏ ਕਿ ਅਦਾਲਤ ਨੇ ਡੇਰਾ ਮੁਖੀ ਨੂਰ ਮਹਿਲ ਦੀ ਸਮਾਧੀ ਨੂੰ ਮ੍ਰਿਤਕ ਐਲਾਨ ਦਿੱਤਾ ਸੀ, ਪਰ ਸ਼ਰਧਾਲੂ ਇਸ ਗੱਲ ਤੋਂ ਸ਼ੁਰੂ ਤੋਂ ਹੀ ਇਨਕਾਰੀ ਰਹੇ। ਦਿਵਿਆ ਜੋਤੀ ਜਾਗ੍ਰੀਤੀ ਸੰਸਥਾਨ ਦੀ ਵੈੱਬਸਾਈਟ ਮੁਤਾਬਕ ਡੇਰਾ ਨੂਰ ਮਹਿਲ ਦੀ ਸਥਾਪਨਾ 1983 ‘ਚ ਹੋਈ। ਇਹ ਡੇਰਾ ਸ਼ਹਿਰੀ ਹਿੰਦੂ ਅਤੇ ਓਬੀਸੀ ਵਰਗ ਨਾਲ ਜੁੜਿਆ ਏ।

ਇਹਨਾਂ ਤੋਂ ਇਲਾਵਾ 2001 ਵਿੱਚ ਭਨਿਆਰੇ ਵਾਲੇ ਬਾਬਾ ਦਾ ਖੂਬ ਨਾਂ ਚੱਲਿਆ, ਅਤੇ ਅਜਿਹੇ ਅਨੇਕਾਂ ਹੀ ਡੇਰੇ ਨੇ ਜਿਥੇ ਦਲਿਤ ਭਾਈਚਾਰੇ ਨੂੰ ਬਰਾਬਰਤਾ, ਸਹਿਜਤਾ ਅਤੇ ਸਕੂਨ ਮਿਲਦਾ ਏ। ਇਹੀ ਇਨ੍ਹਾਂ ਡੇਰਿਆਂ ਦੇ ਵਿਕਾਸ ਅਤੇ ਖੁਸ਼ਹਾਲੀ ਦਾ ਕਾਰਨ ਹੈ।



Leave a Comment