art of punjabi fi

ਪੰਜਾਬ ਦੀ ਕਲਾ: ਰਿਵਾਇਤੀ ਖੁਸ਼ਬੋ, ਆਧੁਨਿਕਤਾ ਦੀ ਧੁਨ

ਮੈਂ 1990 ਦੇ ਦਹਾਕੇ ਦੇ ਆਖਰੀ ਵਰ੍ਹਿਆਂ ‘ਚ ਪੱਤਰਕਾਰਤਾ ਦੀ ਸ਼ੁਰੂਆਤ ਕੀਤੀ ਅਤੇ ਕੁੱਝ ਹੀ ਸਾਲਾਂ ‘ਚ ਪੰਜਾਬ ਤੋਂ ਰਿਪੋਰਟਿੰਗ ਕਰਨ ਦਾ ਮੌਕਾ ਮਿਲ ਗਿਆ। ਉਹਨੀਂ ਦਿਨੀਂ ਇਹ ਸੂਬਾ ਦਹਿਸ਼ਤਗਰਦੀ ਦੇ ਦੌਰ ‘ਚੋਂ ਉਭਰ ਰਿਹਾ ਸੀ ਪਰ ਜੱਦੋ-ਜਹਿਦ ਦੇ ਉਸ ਦੌਰ ਵਿੱਚ ਵੀ ਇੱਥੇ ਦਾ ‘ਚੜ੍ਹਦੀ ਕਲਾ’ ਵਾਲਾ ਸਰੂਰ ਮਹਿਸੂਸ ਕੀਤਾ ਜਾ ਸਕਦਾ ਸੀ। ਚੜ੍ਹਦੀ ਕਲਾ ਇੱਕ ਉਜਵਲ ਅਤੇ ਅਗਾਂਹਵਧੂ ਭਾਵ ਹੈ ਇਸਦਾ ਮਤਲਬ ਹੈ ਹਮੇਸ਼ਾਂ ਹਾਂ ਪੱਖੀ ਰਹਿਣਾ, ਹਰ ਹਲਾਤ ‘ਚ ਹਿੰਮਤ, ਜਜ਼ਬਾ ਅਤੇ ਉਮੀਦ ਬਰਕਰਾਰ ਰੱਖਣੀ। ਅਸਲ ਵਿੱਚ ਇਹ ਪੰਜਾਬੀ ਜੀਵਨ ਸ਼ੈਲੀ ‘ਚ ਕੁੱਝ ਇੰਝ ਰਚਿਆ-ਵਸਿਆ ਹੈ ਕਿ ਉਹਨਾਂ ਨੂੰ ਮੁਸ਼ਕਿਲ ਘੜੀ ਵਿੱਚ ਆਪਣੇ ਸੱਭਿਆਚਾਰਕ ‘ਚ ਵਿਚਰਣ ਅਤੇ ਜੱਦੋ-ਜਹਿਦ ਦੀ ਪ੍ਰੇਰਣਾ ਦਿੰਦਾ ਹੈ।

ਇਸੇ ਚੜ੍ਹਦੀ ਕਲਾ ਦੀ ਝਲਕ ਪੰਜਾਬੀ ਕਲਾ ਅਤੇ ਸਾਹਿਤ ਵਿੱਚ ਹਰ ਥਾਂ ਮਿਲਦੀ ਹੈ – ਲੋਕ ਗੀਤਾਂ ਦੀ ਉਤਸਾਹ ਭਰਪੂਰ ਥਾਪ ਵਿੱਚ, ਭੰਗੜੇ ਦੀ ਊਰਜਾ ਵਿੱਚ ਅਤੇ ਸੂਫੀ ਕਾਵਿ ਦੀ ਆਤਮਾ ਵਿੱਚ ਵੀ। ਸਾਲ 1947 ਵਿੱਚ ਮੁਲਕ ਦੀ ਵੰਡ ਦਾ ਸੱਭ ਤੋਂ ਵੱਡਾ ਦਰਦ ਇਸੇ ਸੂਬੇ ਨੇ ਝੱਲਿਆ ਹੈ। ਫਿਰ ਵੀ ਪੰਜਾਬੀਆਂ ਅਤੇ ਖ਼ਾਸ ਕਰਕੇ ਸਿੱਖਾਂ ਨੇ ਬੇਸ਼ਕ ਘਰ ਗੁਆਏ, ਦਰ ਬਦਰ ਹੋਣ ਦਾ ਦਰਦ ਹੰਢਾਇਆ ਪਰ ਆਪਣੀ ਕਲਾ ਅਤੇ ਸੱਭਿਆਚਾਰ ਨੂੰ ਹੇਠਾਂ ਨਹੀਂ ਲੱਗਣ ਦਿੱਤਾ। ਸਮਾਂ ਬੀਤਣ ਦੇ ਨਾਲ-ਨਾਲ ਪੁਰਾਤਨ ਸ਼ੈਲੀ ਵਿੱਚ ਜ਼ਿੰਦਗੀ ਦੇ ਗੀਤ-ਸੰਗੀਤ, ਨਾਚ, ਅਤੇ ਕਲਾ ਨੇ ਬਦਲਦੇ ਜ਼ਮਾਨੇ ਨਾਲ ਖੁਦ ਨੂੰ ਢਾਲਿਆ। ਇਹੀ ਕਾਰਣ ਹੈ ਕਿ ਉਹ ਕਲਾ ਅੱਜ ਵੀ ਨਵੇਂ ਅਤੇ ਪੁਰਾਣੇ ਦੋਨਾਂ ਰੂਪਾਂ ‘ਚ ਜਿਉਂਦੀ ਜਾਗਦੀ ਵਿਖਦੀ ਹੈ।

ਲੋਕਕਲਾ ਅਤੇ ਪਰੰਪਰਾ ਦੀ ਆਤਮਾ

ਭੰਗੜਾ ਅਤੇ ਗਿੱਧੇ ਵਰਗੇ ਲੋਕ ਨਾਚਾਂ ਦੇ ਜ਼ਰੀਏ ਵੀ ਅਸੀਂ ਪੰਜਾਬੀ ਸਮਾਜ ਦੀ ਊਰਜਾ ਨੂੰ ਮਹਿਸੂਸ ਕਰ ਸਕਦੇ ਹਾਂ। ਆਪਣੇ ਸੱਭਿਆਚਾਰ ਦੀ ਜਿਉਂਦੀ ਜਾਗਦੀ ਪੇਸ਼ਕਾਰੀ ਵਾਲੇ ਪੰਜਾਬੀ ਨਾਚ ਜੋ ਫਸਲਾਂ ਦੀ ਵਾਢੀ ਵੇਲੇ ਕਿਸਾਨਾਂ ਦੀ ਖੁਸ਼ੀ ਵਿਖਾਉਂਦੇ ਰਹੇ ਅੱਜ ਕੌਮਾਂਤਰੀ ਮੰਚਾਂ ‘ਤੇ ਧੁੰਮਾਂ ਪਾ ਰਹੇ ਹਨ। ਲੋਕ ਗੀਤਾਂ ਵਿੱਚ ਟੱਪੇ, ਮਾਹੀਆ ਅਤੇ ਬੋਲੀਆਂ ਪੰਜਾਬੀ ਕੌਮ ਦੇ ਦਿਲਾਂ ਦੀ ਅਵਾਜ਼ ਹੈ। ਇਹਨਾਂ ਵਿੱਚ ਜ਼ਿੰਦਗੀ ਦਾ ਹਰ ਰੰਗ – ਪ੍ਰੇਮ, ਬਿਰਹੋਂ, ਹਾਸਰੱਸ, ਵਿਅੰਗ ਸਾਫ ਝਲਕਦਾ ਹੈ। ਪੇਂਡੂ ਸੱਭਿਆਚਾਰ ਦੀ ਖੁਸ਼ਬੋ ਫੈਲਾਉਂਦੀਆਂ ਇਹਨਾਂ ਸ਼ੈਲੀਆਂ ਨੇ ਪੰਜਾਬੀ ਸਿਨੇਮਾ ਨਹੀਂ ਸਗੋਂ ਨਿਕਾਹ, ਨੌਕਰ, ਵੀਰਜਾਰਾ, ਜਬ ਵੀ ਮੈੱਟ ਅਤੇ ਦਿਲ ਧੜਕਨੇ ਦੋ ਵਰਗੀਆਂ ਹਿੰਦੀ ਮੁੰਬਈਆਂ ਫਿਲਮਾਂ ਨੂੰ ਵੀ ਚੰਗੀ ਪਛਾਣ ਦਵਾਈ ਹੈ।

          ਜੇਕਰ ਹਸਤਕਲਾ ਦੀ ਗੱਲ ਕਰੀਏ ਤਾਂ ਫੁਲਕਾਰੀ ਦੇ ਜ਼ਿਕਰ ਬਿਨਾ ਅਧੂਰੀ ਜਾਪਦੀ ਹੈ। ਰੰਗ-ਬਿਰੰਗੇ ਧਾਗਿਆਂ ਨਾਲ ਕੀਤੀ ਕਢਾਈ ਕਿਸੇ ਕਹਾਣੀ ਤੋਂ ਘੱਟ ਨਹੀਂ ਜਾਪਦੀ। ਕਦੇ ਦਾਦੀ-ਨਾਨੀ ਦੀ ਗੋਦ ‘ਚ ਪਨਪੀ ਇਹ ਕਲਾ ਅੱਜ ਫੈਸ਼ਨ ਦੇ ਰੈਂਪ ‘ਤੇ ਚੱਲ ਰਹੀ ਹੈ। ਚੜ੍ਹਦੇ ਅਤੇ ਲਹਿੰਦੇ ਪੰਜਾਬਾਂ ਦੇ ਪਿੰਡਾਂ ਵਿੱਚ ਤਾਂ ਇਹ ਕਲਾ ਵਿਚਰਦੀ ਹੀ ਹੈ ਪਰ ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਪਟਿਆਲਾ ਇਸਦੇ ਵੱਡੇ ਕੇਂਦਰ ਹਨ। ਐਨਾ ਹੀ ਨਹੀਂ, ਯੂ.ਕੇ., ਕਨੇਡਾ, ਅਮਰੀਕਾ ਅਤੇ ਨਿਊਜੀਲੈਂਡ ਦੇ ਨਾਲ ਫੁਲਕਾਰੀ ਕਲਾ ਪੂਰੀ ਦੁਨੀਆਂ ‘ਚ ਪੰਜਾਬੀ ਸੱਭਿਚਾਰ ਦੇ ਮਾਣ ਦਾ ਪ੍ਰਤੀਕ ਬਣੀ ਹੋਈ ਹੈ। ਲੰਡਨ ਦੇ ਵਿਕਟੋਰੀਆ ਅਲਬਰਟ ਮਿਊਜੀਅਮ ਵਿੱਚ ਤਾਂ ਫੁਲਕਾਰੀ ਦੀ ਪੁਰਾਣੀ ਕਢਾਈ ਸ਼ੈਲੀ ਵਜੋਂ ਸੰਜੋ ਕੇ ਰੱਖੀ ਗਈ ਹੈ।

ਹੁਨਰ ਅਤੇ ਹਸਤਕਲਾ: ਮਿੱਟੀ ਦਾ ਜਾਦੂ

ਜੇਕਰ ਪੰਜਾਬ ਦੀ ਕਲਾ ਅਤੇ ਹਸਤਸ਼ਿਲਪ ਲਗਾਤਾਰ ਆਧੁਨਿਕ ਹੋ ਕੇ ਵੀ ਕੌਮਾਂਤਰੀ ਪੱਧਰ ਤੱਕ ਪਹੁੰਚਿਆ ਹੈ ਤਾਂ ਹੁਨਰਮੰਦ ਕਲਾਕਾਰਾਂ ਅਤੇ ਉਹਨਾਂ ਦੀ ਕ੍ਰਿਏਟੀਵਿਟੀ ਕਰਕੇ। ਫੁਲਕਾਰੀ ਦੀ ਕਢਾਈ, ਜੁੱਤੀ ਦੀ ਨੱਕਾਸ਼ੀ, ਲੱਕੜੀ ਦਾ ਬਰੀਕ ਕੰਮ ਅਤੇ ਧਾਤੂ ਕਲਾ- ਇਹ ਸੱਭ ਪੀੜ੍ਹੀਆਂ ਤੋਂ ਚਲੀਆਂ ਆ ਰਹੀਆਂ ਰਿਵਾਇਤਾਂ ਹਨ। ਪਹਿਲਾਂ ਇਹ ਕਲਾਵਾਂ ਘਰਾਂ ਅਤੇ ਪਿੰਡਾਂ ਤੱਕ ਹੀ ਸੀਮਿਤ ਸਨ ਪਰ ਅੱਜ ਨੌਜਵਾਨ ਕਲਾਕਾਰ ਇਸਨੂੰ ਨਵੇਂ ਰੂਪ ਵਿੱਚ ਢਾਲ ਰਹੇ ਹਨ। ਡਿਜ਼ਾਈਨਰ ਰੁਪਿੰਦਰ ਕੌਰ ਅਤੇ ਰਵਿੰਦਰ ਕੌਰ ਵਰਗੇ ਕਲਾਕਾਰਾਂ ਨੇ ਫੁਲਕਾਰੀ ਨੂੰ ਹਾਈ ਫੈਸ਼ਨ ਵਿੱਚ ਬਦਲ ਦਿੱਤਾ ਹੈ, ਜਿਸ ਨਾਲ ਪਰੰਪਰਾਗਤ ਹੁਨਰ ਹੁਣ ਕੌਮਾਂਤਰੀ ਬਜ਼ਾਰ ਤੱਕ ਪਹੁੰਚ ਚੁੱਕਾ ਹੈ।

ਸੰਗੀਤ ਦਾ ਆਧੁਨਿਕ ਰੁਪਾਂਤਰਣ

ਜਦੋਂ ਦੇਸ਼ ਦਾ ਬਟਵਾਰਾ ਹੋਇਆ ਤਾਂ ਵੀ ਪੰਜਾਬ ਦਾ ਸਾਂਝਾ ਵਿਰਸਾ ਲਕੀਰ ਦੇ ਦੋਹੀਂ ਪਾਸੀਂ ਪਨਪਦਾ ਰਿਹਾ। ਪਰ ਪਾਕਿਸਤਾਨ ਵਾਲੇ ਪੰਜਾਬ ਦੇ ਕਲਾਕਾਰਾਂ ਨੂੰ ਅਸਲੀ ਪਿਆਰ ਅਤੇ ਸਨਮਾਨ ਸਾਡੇ ਵਾਲੇ ਪੰਜਾਬ ਚ ਹੀ ਮਿਲਿਆ। ਭਾਵੇਂ ਫਿਰ ਉਹ ਲੋਕ ਗਾਇਕ ਆਲਮ ਲੋਹਾਰ ਹੋਣ, ਸੂਫੀ ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਹੋਣ ਜਾਂ ਆਬਿਦਾ ਪਰਵੀਨ ਤੇ ਜਾਂ ਫਿਰ ਕੋਈ ਹੋਰ। ਪੰਜਾਬ ਦੀ ਕਲਾ ਨੇ ਖੁਦ ਨੂੰ ਨਵੇਂ ਰੂਪ ਵਿੱਚ ਢਾਲਿਆ ਪਰ ਆਪਣੀ ਆਤਮਾ ਨਹੀਂ ਛੱਡੀ। ਸਾਲ 2000 ਵਿੱਚ ਮੇਰੀ ਮੁਲਾਕਾਤ ਮੋਗਾ ਵਿਖੇ ਸੂਫੀ ਗਾਇਕ ਬਰਕਤ ਸਿੱਧੂ ਨਾਲ ਹੋਈ ਜਿਨ੍ਹਾਂ ਨੇ ਮੈਨੂੰ ਸੂਫੀਆਨਾ ਕਲਾਮ ਦੀਆਂ ਬਰੀਕੀਆਂ ਅਤੇ ਸਰਹੱਦ ਪਾਰ ਵਸੇ ਕਲਾਕਾਰਾਂ ਦੀ ਕਲਾ ਤੋਂ ਜਾਣੂ ਕਰਵਾਇਆ।

          ਉਸਦੇ ਬਾਅਦ ਮੈਂ ਮੁਕਤਸਰ ਦੇ ਕੋਲ ਗਿੱਦੜਬਾਹਾ ਵਿਖੇ ਜੋ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਵੀ ਜੱਦੀ ਇਲਾਕਾ ਹੈ, ਹਾਕਮ ਸੂਫੀ ਅਤੇ ਕਈ ਹੁਨਰਮੰਦ ਕਲਾਕਾਰਾਂ ਨਾਲ ਮੁਲਾਕਾਤ ਕੀਤੀ। ਗੁਰਦਾਸ ਮਾਨ ਜਿੱਥੇ ਬਜ਼ਾਰ ਦੀ ਸ਼ੈਲੀ ‘ਚ ਢਲੇ, ਉੱਥੇ ਹੀ ਲਲਿਤ ਕਲਾਵਾਂ ਦੇ ਅਧਿਆਪਕ ਹਾਕਮ ਸੂਫੀ ਆਪਣੇ ਫੱਕਰ ਅੰਦਾਜ਼ ਵਿੱਚ ਪਿੰਡਾਂ ‘ਚ ਗਾਉਂਦੇ ਰਹੇ। ਇਸੇ ਦੌਰਾਨ ਮੈਂ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਵਰਗੀਆਂ ਗਾਇਕਾਵਾਂ ਬਾਰੇ ਪੜ੍ਹਿਆ ਜਿੰਨ੍ਹਾਂ ਔਰਤ ਦੀਆਂ ਭਾਵਨਾਵਾਂ ਨੂੰ ਗੀਤਾਂ ‘ਚ ਢਾਲਿਆ।

ਇਹਨਾਂ ਕਲਾਕਾਰਾਂ ਨੂੰ ਮਿਲਕੇ ਅਤੇ ਇਹਨਾਂ ਬਾਰੇ ਜਾਣ ਕੇ ਹੀ ਪਤਾ ਲੱਗਾ ਕਿ ਪੰਜਾਬ ਦਾ ਗੀਤ-ਸੰਗੀਤ ਅਤੇ ਗਿੱਧਾ-ਭੰਗੜਾ ਕਿਵੇਂ ਕੌਮਾਂਤਰੀ ਸਟੇਜਾਂ ਤੱਕ ਪੁੱਜਾ। ਫਿਊਜ਼ਨ ਮਿਊਜਿਕ ਵਿੱਚ ਢੋਲ ਦੀ ਥਾਪ ਇਲੈਕਟ੍ਰੋਨਿਕ ਬੀਟਸ ਨਾਲ ਮਿਲਕੇ ਨਵਾਂ ਜਾਦੂ ਪੈਦੀ ਕਰਦੀ ਹੈ। ਇੱਕ ਦੌਰ ਗੁਰਦਾਸ ਮਾਨ ਅਤੇ ਦਲੇਰ ਮਹਿੰਦੀ ਦਾ ਰਿਹਾ ਫਿਰ ਜਸਬੀਰ ਜੱਸੀ ਵਰਗੇ ਕਲਾਕਾਰਾਂ ਨੇ ਪੰਜਾਬੀ ਲੋਕ ਗੀਤਾਂ ਨੂੰ ਆਧੁਨਿਕ ਸੁਰਾਂ ਵਿੱਚ ਢਾਲਿਆ ਅਤੇ ਦੁਨਿਆਵੀ ਪਛਾਣ ਦਵਾਈ।

ਨਵੀਂ ਪੀੜ੍ਹੀ ਦੇ ਗਾਇਕ ਜਿਵੇਂ ਦਿਲਜੀਤ ਦੋਸਾਂਝ, ਗੁਰੂ ਰੰਧਾਵਾ, ਹਾਰਡੀ ਸੰਧੂ, ਅਮ੍ਰਿਤ ਮਾਨ ਅਤੇ ਸਤਿੰਦਰ ਸਰਤਾਜ ਆਦਿ ਪਰੰਪਰਾ ਅਤੇ ਆਧੁਨਿਤਾ ਦਰਮਿਆਨ ਪੁਲ ਦਾ ਕੰਮ ਕਰ ਰਹੇ ਹਨ। ਸਤਿੰਦਰ ਸਰਤਾਜ ਦੇ ਸੂਫਿਆਨਾ ਗੀਤ ਪੰਜਾਬੀ ਕਵਿਤਾ ਦੀ ਗਹਿਰਾਈ ਨੂੰ ਆਧੁਨਿਕ ਸੰਗੀਤ ਨਾਲ ਜੋੜਦੇ ਹਨ। ਉੱਥੇ ਹੀ ਦਿਲਜੀਤ ਦੋਸਾਂਝ ਵਰਗੇ ਕਲਾਕਾਰ ਭੰਗੜਾ ਅਤੇ ਪੌਪ ਦੋਨਾਂ ਦਰਮਿਆਨ ਸਹਿਜੇ ਹੀਨ ਨੱਚਦੇ-ਗਾਉਂਦੇ ਨਜ਼ਰ ਆਉਂਦੇ ਹਨ।

ਰੰਗਮੰਚ, ਚਿੱਤਰਕਲਾ ਅਤੇ ਆਧੁਨਿਕ ਕਲਾ

ਪੰਜਾਬ ਦਾ ਥਿਏਟਰ ਅਤੇ ਚਿੱਤਰਕਲਾ ਜਗਤ ਵੀ ਘੱਟ ਅਮੀਰ ਨਹੀਂ। ਗੁਰਸ਼ਰਨ ਸਿੰਘ ਵਰਗੇ ਨਾਟਕਕਾਰਾਂ ਨੇ ਸਮਾਜਿਕ ਕਹਾਣੀਆਂ ਨੂੰ ਮੰਚ ‘ਤੇ ਉਤਾਰਿਆ ਅਤੇ ਕਲਾ ਨੂੰ ਸਮਾਜਿਕ ਬਦਲਾਅ ਦਾ ਮਾਧਿਅਮ ਬਣਾਇਆ। ਅੱਜ ਨਵੀਂ ਪੀੜ੍ਹੀ ਦੇ ਕਲਾਕਾਰ ਨਵਦੀਪ ਕੌਰ, ਹਰਿੰਦਰ ਘੋਸ਼ਾਲ ਵਰਗੇ ਨਾਮ- ਲੋਕਗਾਥਾਵਾਂ ਨੂੰ ਆਧੁਨਿਕ ਮੰਚ ਸੱਜਾ ਅਤੇ ਡਿਜੀਟਲ ਕਲਾ ਨਾਲ ਜੋੜ ਰਹੇ ਹਨ। ਚਿੱਤਰਕਲਾ ਵਿੱਚ ਰਿਵਾਇਤੀ ਮਿੱਟੀ ਦੇ ਰੰਗਾਂ ਅਤੇ ਸੂਫੀ ਥੀਮਸ ‘ਤੇ ਅਧਾਰਿਤ ਆਧੁਨਿਕ ਪੇਟਿੰਗਸ ਹੁਣ ਗੈਲਰੀਆਂ ‘ਚ ਵਿਖਦੀਆਂ ਹਨ, ਜੋ ਪੰਜਾਬ ਦੀ ਰੂਹ ਦਾ ਆਧੁਨਿਕ ਚਿਤਰਣ ਹੈ।

ਪੰਜਾਬੀ ਰੰਗਮੰਚ ਦੇ ਧਨੰਤਰ ਗੁਰਸ਼ਰਨ ਸਿੰਘ ਜਿਨ੍ਹਾਂ ਨੂੰ ਪੰਜਾਬੀ ਰੰਗਮੰਚ ਦੇ ਬਾਬਾ ਬੋਹੜ ਦੇ ਨਾਂ ਨਾਲ ਜਾਣਿਆ ਜਾਂਦਾ ਹੈ- ਉਹਨਾਂ ਓਮ ਪੁਰੀ ਅਤੇ ਪਵਨ ਮਲਹੋਤਰਾ ਵਰਗੇ ਅਦਾਕਾਰਾਂ ਨੂੰ ਤਿਆਰ ਕੀਤਾ ਜਿਨ੍ਹਾਂ ਦੇਸ਼-ਵਿਦੇਸ਼ ਦੀਆਂ ਫਿਲਮਾਂ ‘ਚ ਕੰਮ ਕਰਕੇ ਅਦਾਕਾਰੀ ਦੀ ਅਮਿਟ ਛਾਪ ਛੱਡੀ।

ਜੜ੍ਹਾਂ ਨਾਲ ਜੁੜੀ ਆਧੁਨਿਕਤਾ

ਤਾਂ ਪੰਜਾਬ ਦੀ ਕਲਾ ਦੀ ਸੁੰਦਰਤਾ ਇਸੇ ਵਿੱਚ ਹੈ ਕਿ ਉਹ ਠਹਿਰਦੀ ਨਹੀਂ ਬਲਕਿ ਉਸ ਵਿੱਚ ਨਿਰੰਤਰ ਬਹਾਅ ਹੈ। ਉਹ ਪੁਰਾਣੀ ਵੀ ਹੈ ਅਤੇ ਨਵੀਂ ਵੀ: ਪਰੰਪਰਾਗਤ ਵੀ ਅਤੇ ਪ੍ਰਯੋਗਵਾਦੀ ਵੀ। ਇਹ ਉਹ ਕਲਾ ਹੈ ਜੋ ਸਮੇਂ ਦੇ ਨਾਲ ਰੰਗ ਬਦਲਦੀ ਹੈ ਪਰ ਆਪਣੀ ਮਿੱਟੀ ਦੀ ਮਹਿਕ ਕਦੇ ਨਹੀਂ ਗੁਆਉਂਦੀ।

Post navigation

Leave a Comment

Leave a Reply

Your email address will not be published. Required fields are marked *