cremation

ਉਹ ਜਾਬਾਂਜ਼ ਸਿੱਖ ਜਿਸਨੇ ਗੁਰੂ ਸਾਹਿਬ ਦਾ ਸੀਸ ਸਾਂਭ ਬਚਾਇਆ ਸਿੱਖੀ ਦਾ ਮਾਣ

ਰੰਘਰੇਟੇ ਗੁਰੂ ਕੇ ਬੇਟੇ – ਭਾਈ ਜੈਤਾ ਜੀ

ਮੱਧ ਕਾਲ ਦੇ ਸਮੇਂ ਵਿੱਚ ਭਾਰਤ ਦੇਸ਼ ਦੇ ਇਤਿਹਾਸ ਦੇ ਪੰਨਿਆਂ ਉੱਤੇ ਨਜ਼ਰ ਮਾਰੀਏ ਤਾਂ ਸਪੱਸ਼ਟ ਹੁੰਦਾ ਹੈ ਕਿ ਭਾਰਤ ਦੇਸ਼ ਜਾਤ-ਪਾਤ, ਊਚ-ਨੀਚ, ਭੇਦ-ਭਾਵ ਜਿਹੀਆਂ ਕੁਰੀਤੀਆਂ ਦੇ ਗਲਿਆਰੇ ਵਿੱਚ ਉਲਝ ਚੁੱਕਾ ਸੀ। ਹਿੰਦੂ ਧਰਮ ਵਿੱਚ ਇਹਨਾਂ ਕੁਰੀਤੀਆਂ ਦਾ ਪੂਰਨ ਰੂਪ ਵਿੱਚ ਬੋਲਬਾਲਾ ਸੀ। ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਨਾਲ ਸਿੱਖ ਧਰਮ ਹੋਂਦ ਵਿੱਚ ਆਇਆ । ਪੰਜਾਬ ਦੇ ਲੋਕਾਂ ਨੂੰ ਇਹਨਾਂ ਕੁਰੀਤੀਆਂ ਤੋਂ ਉਦੋਂ ਛੁਟਕਾਰਾ ਮਿਲਿਆ, ਜਦੋਂ ਨਾਨਕ ਪਾਤਸ਼ਾਹ ਨੇ ਸਿੱਖ ਧਰਮ ਦੀ ਨੀਂਹ ਰੱਖ ਕੇ ਹਿੰਦੂਆਂ ਦੇ ਇਹਨਾਂ ਖੋਖਲੇ ਰੀਤੀ-ਰਿਵਾਜਾਂ ਨੂੰ ਸੱਟ ਮਾਰੀ । ਦਲਿਤ ਸਮਾਜ ਦੇ ਬਹੁਤ ਸਾਰੇ ਪੰਜਾਬੀ ਜੋ ਹਿੰਦੂ ਸਮਾਜ ਵਿੱਚ ਉਹ ਰੁਤਬਾ ਨਹੀਂ ਸੀ ਪ੍ਰਾਪਤ ਕਰ ਸਕੇ ਜੋ ਉਹਨਾਂ ਨੂੰ ਸਮਾਜ ਵਿੱਚ ਮਿਲਣਾ ਚਾਹੀਦਾ ਸੀ, ਉਹ ਸਿੱਖ ਧਰਮ ਦੇ ਪੈਰੋਕਾਰ ਬਣ ਗਏ । ਕਿਉਂਕਿ ਸਿੱਖ ਧਰਮ ਵਿੱਚ ਅਜਿਹੀ ਕਿਸੇ ਵੀ ਕੁਰੀਤੀ ਨੂੰ ਸਥਾਨ ਨਹੀਂ ਸੀ, ਜੋ ਹਿੰਦੂ ਧਰਮ ਵਿੱਚ ਪ੍ਰਚਲਿਤ ਸਨ। ਸੰਗਤ ਅਤੇ ਪੰਗਤ ਦੀ ਪ੍ਰਥਾ ਜੋ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਚਲਦੀ ਆ ਰਹੀ ਸੀ ਸਪਸ਼ਟ ਕਰਦੀ ਹੈ ਕਿ ਸਿੱਖ ਧਰਮ ਵਿੱਚ ਜਾਤ-ਪਾਤ, ਊਚ-ਨੀਚ, ਭੇਦ-ਭਾਵ ਨੂੰ ਸਥਾਨ ਹੀ ਨਹੀਂ।

guru nanak dev ji and bhai mardana
Pic Credit : Wikimedia

ਗੁਰੂ ਨਾਨਕ ਪਾਤਸ਼ਾਹ ਜੀ ਦੀਆ ਸਾਰੀਆਂ ਯਾਤਰਾਵਾਂ ਵਿੱਚ ਉਹਨਾਂ ਦਾ ਸਾਥੀ ‘ਭਾਈ ਮਰਦਾਨਾ’ ਵੀ ਮਰਾਸੀ ਜਾਤ ਨਾਲ ਸੰਬੰਧਿਤ ਸੀ ਅਤੇ ਦਲਿਤ ਭਾਈਚਾਰੇ ‘ਚ ਸੀ। ਬਾਬੇ ਨਾਨਕ ਦੇ ਸਮੇਂ ਤੋਂ ਹੀ ਬਹੁਤ ਸਾਰੇ ਦਲਿਤ ਪਰਿਵਾਰ ਸਿੱਖ ਧਰਮ ਨਾਲ ਜੁੜੇ ਹੋਏ ਸਨ। ਇਹਨਾਂ ਦਲਿਤ ਪਰਿਵਾਰਾਂ ‘ਚੋਂ ਗੁਰੂ ਤੇਗ਼ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦਾ ਇੱਕ ਦਲਿਤ ਪਰਿਵਾਰ ਭਾਈ ਜੈਤਾ ਜੀ ਦਾ ਪਰਿਵਾਰ ਸੀ । ਇਹ ਪਰਿਵਾਰ ਗੁਰੂ ਭਗਤੀ ਦਾ ਅਨੁਯਾਈ ਪਰਿਵਾਰ ਸੀ ਅਤੇ ਭਾਈ ਜੈਤਾ ਜੀ ਗੁਰੂ ਘਰ ਦੇ ਅਨਿਨ ਭਗਤ ਸਨ। ਭਾਈ ਜੈਤਾ ਜੀ ਦੇ ਪੜਦਾਦਾ ਭਾਈ ਕਲਿਆਣਾ ਜੋ ਕਿ ਅੰਮ੍ਰਿਤਸਰ ਦੇ ਨੇੜੇ ਕੱਥੂਨੰਗਲ ਦੇ ਰਹਿਣ ਵਾਲੇ ਸੀ, ਮੁਗਲ ਬਾਦਸ਼ਾਹ ਜਲਾਲ-ਉਦ-ਦੀਨ-ਮੁਹੰਮਦ-ਅਕਬਰ ਦੇ ਸਮੇਂ ਸਿੱਖ ਧਰਮ ਦਾ ਪੈਰੋਕਾਰ ਬਣ ਗਿਆ ਸੀ। ਭਾਈ ਕਲਿਆਣਾ ਨੇ ਚੌਥੇ ਗੁਰੂ ਰਾਮਦਾਸ ਜੀ ਅਤੇ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਬੜੀ ਸ਼ਰਧਾ ਨਾਲ ਸੇਵਾ ਕੀਤੀ ਸੀ। ਉਹ ਗੁਰੂ ਸਾਹਿਬਾਨਾਂ ਦਾ ਪੱਕਾ ਸ਼ਰਧਾਲੂ ਬਣ ਗਿਆ ਸੀ। ਭਾਈ ਕਲਿਆਣੇ ਤੋਂ ਬਾਅਦ ਉਸ ਦਾ ਪੁੱਤਰ ਭਾਈ ਸੁਖਭਾਨ ਜੋ ਕਿ ਉਸ ਸਮੇਂ ਦਾ ਬਹੁਤ ਵਧੀਆ ਸੰਗੀਤ-ਸ਼ਾਸਤਰੀ ਸੀ ਪਿੰਡ ਕੱਥੂਨੰਗਲ ਛੱਡ ਕੇ ਦਿੱਲੀ ਵੱਲ ਚਲਾ ਗਿਆ। ਚੰਗਾ ਸੰਗੀਤ-ਸ਼ਾਸਤਰੀ ਹੋਣ ਕਾਰਨ ਭਾਈ ਸੁਖਭਾਨ ਨੇ ਦਿੱਲੀ ਦੇ ਨੇੜੇ ਪਿੰਡ ਰਾਇ ਸਿਨਾ ਵਿਖੇ ਇੱਕ ਸੰਗੀਤ ਵਿਦਿਆਲਾ ਖੋਲਿਆ। ਇਸ ਸੰਗੀਤ ਵਿਦਿਆਲਾ ਦਾ ਨਾਮ ਭਾਈ ਸੁਖਭਾਨ ਨੇ ਆਪਣੇ ਪਿਤਾ ਦੇ ਨਾਮ ਤੇ ਕਲਿਆਣ ਆਸ਼ਰਮ ਰੱਖਿਆ। ਇਹੋ ਕਲਿਆਣ ਆਸ਼ਰਮ ਸਮਾਂ ਬੀਤਣ ਨਾਲ ਕਲਿਆਣੇ ਦੀ ਧਰਮਸ਼ਾਲਾ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਜਿਥੇ ਪੰਜਾਬ ਦੇ ਪੰਜਾਬੀ ਜਦੋਂ ਵੀ ਕਦੇ ਦਿੱਲੀ ਜਾਂਦੇ ਤਾਂ ਇਸ ਧਰਮਸ਼ਾਲਾ ਵਿੱਚ ਟਿਕਦੇ ਸਨ। ਇਸ ਧਰਮਸ਼ਾਲਾ ਦਾ ਪ੍ਰਮਾਣ ਸਾਨੂੰ ਗੁਰੂ ਤੇਗ਼ ਬਹਾਦਰ ਜੀ ਦੀ ਅਸਾਮ ਯਾਤਰਾ ਤੋਂ ਵੀ ਮਿਲਦਾ ਹੈ। ਗੁਰੂ ਤੇਗ਼ ਬਹਾਦਰ ਜੀ 20 ਜਨਵਰੀ 1670 ਨੂੰ ਅਸਾਮ ਦੀ ਯਾਤਰਾ ਤੋਂ ਵਾਪਸੀ ਵੇਲੇ ਇਸ ਕਲਿਆਣੇ ਦੀ ਧਰਮਸ਼ਾਲਾ ਵਿੱਚ ਦਿੱਲੀ ਕੋਲ ਆ ਕੇ ਰੁਕੇ ਸਨ। ਭਾਈ ਸੁਖਭਾਨ ਦਾ ਪੁੱਤਰ ਜਸਭਾਨ ਵੀ ਸਮੇਂ ਦੇ ਨਾਲ ਦਿੱਲੀ ਦਾ ਇੱਕ ਮਹਾਨ ਸੰਗੀਤ ਸ਼ਾਸਤਰੀ ਬਣਿਆ। ਭਾਈ ਜਸਭਾਨ ਉਸ ਸਮੇਂ ਦੇ ਸਿੱਖ ਗੁਰੂ ਸ੍ਰੀ ਹਰਿਰਾਏ ਜੀ ਦਾ ਅਨਿਨ ਭਗਤ ਸੀ ਅਤੇ ਪੂਰੀ ਦਿੱਲੀ ਦੇ ਵਿੱਚ ਉਸਦੇ ਸੰਗੀਤ ਦੇ ਚਰਚੇ ਸਨ। ਭਾਈ ਜਸਭਾਨ ਦੇ ਦੋ ਪੁੱਤਰ ਆਗਿਆ ਰਾਮ ਅਤੇ ਸਦਾਨੰਦ ਨੇ ਸੰਗੀਤ ਦੀ ਦੁਨੀਆ ਵਿੱਚ ਆਪਣੇ ਪਰਿਵਾਰ ਦਾ ਨਾਮ ਬਣਾ ਕੇ ਰੱਖਿਆ ਅਤੇ ਗੁਰਬਾਣੀ ਨੂੰ ਸੰਗੀਤਕ ਢੰਗ ਨਾਲ ਉਚਾਰਨਾ ਸ਼ੁਰੂ ਕੀਤਾ। ਗੁਰਬਾਣੀ ਪ੍ਰਚਾਰ ਦੇ ਕੰਮ ਵਿੱਚ ਭਾਈ ਸਦਾ ਨੰਦ ਨੇ ਚੰਗਾ ਨਾਮ ਕਮਾਇਆ ਅਤੇ ਭਾਈ ਸਦਾਨੰਦ ਦਿੱਲੀ ਦੇ ਸਿੱਖਾਂ ਦੇ ਵੱਡੇ ਇਕੱਠਾਂ ਨੂੰ ਗੁਰਬਾਣੀ ਸਰਵਣ ਕਰਵਾਉਂਦੇ ਸਨ। ਜਿਵੇਂ ਗੁਰੂ ਨਾਨਕ ਪਾਤਸ਼ਾਹ ਨਾਲ ਭਾਈ ਮਰਦਾਨਾ ਜੀ ਨੇ ਗੁਰਬਾਣੀ ਪ੍ਰਚਾਰ ਦਾ ਕੰਮ ਕੀਤਾ ਸੀ ਉਸੇ ਤਰ੍ਹਾਂ ਭਾਈ ਸਦਾ ਨੰਦ ਨੇ ਗੁਰੂ ਤੇਗ਼ ਬਹਾਦਰ ਜੀ ਨਾਲ ਗੁਰਬਾਣੀ ਦੇ ਪ੍ਰਚਾਰ ਕਰਨ ਦਾ ਕੰਮ ਕੀਤਾ।

ਜਦੋਂ ਗੁਰੂ ਤੇਗ਼ ਬਹਾਦਰ ਜੀ ਪੂਰਬ ਦੀ ਯਾਤਰਾ ਵੱਲ ਸੀ ਤਾਂ ਸਦਾ ਨੰਦ ਜੀ ਉਹਨਾਂ ਦੇ ਨਾਲ ਗਏ ਸਨ ਅਤੇ ਉਥੇ ਪਟਨਾ (ਬਿਹਾਰ) ਸੂਬਾ ਜੋ ਉਸ ਸਮੇਂ ਮੁਗਲ ਬਾਦਸ਼ਾਹ ਦੇ ਅਧੀਨ ਸੀ, ਉਥੇ ਹੀ ਸਦਾ ਨੰਦ ਦੇ ਘਰ ਮਾਤਾ ਪ੍ਰੇਮੋ ਦੀ ਕੁੱਖੋਂ ਭਾਈ ਜੈਤੇ ਦਾ ਜਨਮ 13 ਦਸੰਬਰ 1661 ਈਸਵੀ ਨੂੰ ਹੋਇਆ ਸੀ। ਪਟਨਾ ਰਹਿੰਦੇ ਹੋਏ ਭਾਈ ਜੈਤਾ ਜੀ ਨੇ ਸੰਗੀਤ ਵਿੱਦਿਆ ਅਤੇ ਯੁੱਧ ਕਲਾ ਵਿੱਚ ਨਿਪੁੰਨਤਾ ਹਾਸਲ ਕੀਤੀ। ਇਥੇ ਰਹਿੰਦਿਆਂ ਹੀ ਭਾਈ ਜੈਤਾ ਜੀ ਨੇ ਘੋੜ ਸਵਾਰੀ ਅਤੇ ਤੀਰ ਅੰਦਾਜੀ ਦੀ ਕਲਾ ਵੀ ਸਿੱਖੀ। ਜਦੋਂ ਗੁਰੂ ਤੇਗ਼ ਬਹਾਦਰ ਜੀ ਅਸਾਮ ਤੋਂ ਵਾਪਸ ਪੰਜਾਬ ਵੱਲ ਆਏ ਤਾਂ ਸਾਰੀ ਸਿੱਖ ਸੰਗਤ ਨੇ ਵੀ ਪੰਜਾਬ ਵੱਲ ਨੂੰ ਚਾਲੇ ਪਾਏ। ਭਾਈ ਸਦਾ ਨੰਦ ਨੇ ਦਿੱਲੀ ਛੱਡ ਪੰਜਾਬ ਵਿੱਚ ਆਪਣਾ ਰਹਿਣ ਬਸੇਰਾ ਕੀਤਾ ਅਤੇ ਉਨਾਂ ਨੇ ਰਮਦਾਸ ਅੰਮ੍ਰਿਤਸਰ ਦੇ ਨੇੜੇ ਜਾ ਕੇ ਬਾਬਾ ਬੁੱਢਾ ਜੀ ਦੇ ਪੜਪੋਤੇ ਭਾਈ ਗੁਰਦਿੱਤਾ ਜੀ ਕੋਲ ਜਾ ਕੇ ਰਹਿਣਾ ਕੀਤਾ। ਇਥੇ ਹੀ ਰਹਿੰਦਿਆਂ ਭਾਈ ਜੈਤਾ ਜੀ ਦਾ ਵਿਆਹ ਭਾਈ ਸੁਰਜਨ ਸਿੰਘ ਜੀ ਦੀ ਪੁੱਤਰੀ ਬੀਬੀ ਰਾਜ ਕੌਰ ਨਾਲ ਹੋਇਆ ਸੀ। ਭਾਈ ਜੈਤਾ ਜੀ ਦੇ ਘਰ ਚਾਰ ਪੁੱਤਰਾਂ ਨੇ ਜਨਮ ਲਿਆ, ਜਿਨਾਂ ਦੇ ਨਾਮ ਭਾਈ ਗੁਲਜਾਰ, ਭਾਈ ਗੁਰਦਿਆਲ, ਭਾਈ ਸੁੱਖਾ ਤੇ ਭਾਈ ਸੇਵਾ ਸਨ। ਦਿੱਲੀ ਸ਼ਹਿਰ ਨਾਲ ਪੁਰਾਤਨ ਸਾਂਝ ਹੋਣ ਕਾਰਨ ਭਾਈ ਜੈਤਾ ਜੀ ਕਦੇ-ਕਦੇ ਦਿੱਲੀ ਸ਼ਹਿਰ ਆਉਂਦੇ ਜਾਂਦੇ ਰਹਿੰਦੇ ਸਨ। ਭਾਈ ਜੈਤਾ ਜੀ ਦੇ ਚਾਚੇ ਆਗਿਆ ਰਾਮ ਦਾ ਪਰਿਵਾਰ ਉਹਨਾਂ ਦੇ ਪਰਿਵਾਰ ਦੀ ਵਿਰਾਸਤੀ ਧਰਮਸ਼ਾਲਾ ਦੇ ਨਜ਼ਦੀਕ ਹੀ ਰਹਿੰਦਾ ਸੀ। ਇਸ ਪਰਿਵਾਰ ਦਾ ਵੀ ਦਿੱਲੀ ਦੇ ਸਿੱਖਾਂ ਵਿੱਚ ਪੂਰਾ ਸਿਰਕੱਢ ਨਾ ਸੀ। ਦਿੱਲੀ ਆਉਂਦੇ ਜਾਂਦੇ ਰਹਿਣ ਕਾਰਨ ਭਾਈ ਜੈਤਾ ਜੀ ਦਿੱਲੀ ਨੂੰ ਜਾਂਦੇ ਸਾਰੇ ਰਸਤਿਆਂ ਤੋਂ ਜਾਣੂ ਸਨ। ਭਾਈ ਜੈਤਾ ਜੀ ਸ਼ਾਹੀ ਮੁਗਲ ਰਾਹ ਅਤੇ ਉਸੇ ਰਾਹ ਦੇ ਨਾਲ ਹੋਰ ਪਿੰਡਾਂ ਜਾਂ ਜੰਗਲਾਂ ‘ਚੋਂ ਜਾਂਦੇ ਰਾਹ ਤੋਂ ਭਲੀ ਭਾਂਤ ਜਾਣੂ ਸੀ। ਜਦੋਂ ਕਦੇ ਮੁਗਲ ਹਕੂਮਤ ਦੇ ਹੁਕਮਾਂ ਅਨੁਸਾਰ ਸ਼ਾਹੀ ਮੁਗਲ ਰਾਹ ਬੰਦ ਕੀਤਾ ਜਾਂਦਾ ਜਾਂ ਨਾਕਾਬੰਦੀ ਕੀਤੀ ਜਾਂਦੀ ਤਾਂ ਭਾਈ ਜੈਤਾ ਜੀ ਦਿੱਲੀ ਤੋਂ ਪੰਜਾਬ ਇਸ ਦੂਸਰੇ ਪਿੰਡਾਂ ਵਾਲੇ ਰਾਹ ਤੋਂ ਹੀ ਆਉਂਦੇ ਸਨ।

ਗੁਰੂ ਤੇਗ਼ ਬਹਾਦਰ ਜੀ ਦੇ ਅਨੰਦਪੁਰ ਸਾਹਿਬ ਆ ਜਾਣ ਤੋਂ ਬਾਅਦ ਸਿੱਖ ਸ਼ਰਧਾਲੂ ਬੜੀ ਦੂਰੋਂ-ਦੂਰੋਂ ਚੱਲ ਕੇ ਅਨੰਦਪੁਰ ਸਾਹਿਬ ਪਹੁੰਚਦੇ ਸਨ। ਭਾਈ ਜੈਤਾ ਜੀ ਵੀ ਅਨੰਦਪੁਰ ਸਾਹਿਬ ਪਰਿਵਾਰ ਸਮੇਤ ਜਾਂਦੇ ਰਹਿੰਦੇ ਸਨ। ਗੁਰੂ ਤੇਗ਼ ਬਹਾਦਰ ਜੀ ਆਪਣੀ ਮਾਤਾ ਨਾਨਕੀ, ਆਪਣੀ ਧਰਮ ਪਤਨੀ ਗੁਜਰੀ ਅਤੇ ਪੁੱਤਰ ਗੋਬਿੰਦ ਰਾਏ ਸਮੇਤ ਅਨੰਦਪੁਰ ਸਾਹਿਬ ‘ਚ ਖ਼ੁਸ਼ਹਾਲ ਜੀਵਨ ਜਿਓ ਰਹੇ ਸਨ। ਗੁਰੂ ਤੇਗ਼ ਬਹਾਦਰ ਜੀ ਪੰਜਾਬ ਦੀਆ ਸੰਗਤਾਂ ਨੂੰ ਸਿੱਖੀ ਦਾ ਪ੍ਰਚਾਰ ਕਰਕੇ ਸਿੱਖ ਧਰਮ ਦੇ ਨਾਲ ਜੋੜਦੇ ਅਤੇ ਰੋਜ਼ਾਨਾ ਕੀਰਤਨ ਕਰਿਆ ਕਰਦੇ ।

delegation of Kashmiri Pandits
Pic Credit : Sikhnet

ਇਸੇ ਸਮੇਂ ਕਸ਼ਮੀਰੀ ਗਵਰਨਰ ਇਫ਼ਤਖਾਰ ਖ਼ਾਨ ਦੇ ਅੱਤਿਆਚਾਰ ਤੋਂ ਤੰਗ ਪਰੇਸ਼ਾਨ ਹੋ ਕੇ ਕਸ਼ਮੀਰੀ ਪੰਡਤਾਂ ਦਾ ਇੱਕ ਵਫ਼ਦ ਪੰਡਿਤ ਕਿਰਪਾ ਰਾਮ ਦੱਤ ਦੀ ਅਗਵਾਈ ਵਿੱਚ ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆ। ਇਹਨਾਂ ਕਸ਼ਮੀਰੀ ਪੰਡਤਾਂ ਦੀ ਪੁਕਾਰ ਗੁਰੂ ਤੇਗ਼ ਬਹਾਦਰ ਜੀ ਅੱਗੇ ਇਹੋ ਸੀ ਕਿ ਕਸ਼ਮੀਰੀ ਸੂਬੇਦਾਰ ਉਹਨਾਂ ਨੂੰ ਜਬਰਨ ਧਰਮ ਤਬਦੀਲ ਕਰਨ ਲਈ ਮਜਬੂਰ ਕਰ ਰਿਹਾ ਹੈ। ਹੁਣ ਉਹ ਗੁਰੂ ਪਾਤਸ਼ਾਹ ਦੇ ਘਰ ਫ਼ਰਿਆਦ ਲੈ ਕੇ ਆਏ ਹਨ। ਉਹਨਾਂ ਦੀ ਮਦਦ ਕੀਤੀ ਜਾਵੇ। ਸਾਰੀ ਘਟਨਾ ਦਾ ਬਿਰਤਾਂਤ ਸੁਣ ਕੇ ਗੁਰੂ ਤੇਗ਼ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਇਹੋ ਕਿਹਾ ਕਿ ਕਹਿ ਦਿਓ ਜਾ ਕੇ ਸੂਬੇਦਾਰ ਕਸ਼ਮੀਰ ਨੂੰ ਕਿ ਜੇਕਰ ਉਹ ਸਿੱਖਾਂ ਦੇ ਗੁਰੂ ਨਾਨਕ ਪਾਤਸ਼ਾਹ ਦੀ ਨੌਵੀਂ ਜੋਤ ਤੇਗ਼ ਬਹਾਦਰ ਨੂੰ ਮੁਸਲਮਾਨ ਧਰਮ ਵਿੱਚ ਤਬਦੀਲ ਕਰ ਦੇਵੇ ਤਾਂ ਅਸੀਂ ਸਾਰੇ ਕਸ਼ਮੀਰੀ ਪੰਡਿਤ ਆਪ ਮੁਸਲਿਮ ਧਰਮ ਅਪਣਾ ਲਵਾਂਗੇ।

Bal Gobind Rai Ji
Pic Credit : Social media

ਦਰਬਾਰ ਵਿੱਚ ਬੈਠੇ ਹੀ ਗੁਰੂ ਤੇਗ਼ ਬਹਾਦਰ ਜੀ ਨੇ ਸਮੇਂ ਦੀ ਅਨੁਕੂਲਤਾ ਨੂੰ ਵੇਖਦੇ ਹੋਏ ਇਹ ਵਚਨ ਵੀ ਕੀਤੇ ਕਿ ਸਮਾਂ ਕਿਸੇ ਮਹਾਨ ਪੁਰਸ਼ ਦਾ ਬਲੀਦਾਨ ਮੰਗਦਾ ਹੈ ਤਾਂ ਨਾਲ ਬੈਠੇ ਗੋਬਿੰਦ ਰਾਏ ਜੀ ਨੇ ਕਿਹਾ ਕਿ ਪਿਤਾ ਸ੍ਰੀ ਆਪ ਤੋਂ ਮਹਾਨ ਪੁਰਸ਼ ਕੌਣ ਹੋ ਸਕਦਾ ਹੈ। ਇਹ ਸੁਣ ਕੇ ਗੁਰੂ ਤੇਗ਼ ਬਹਾਦਰ ਜੀ ਨੇ ਦਿੱਲੀ ਵੱਲ ਜਾਣ ਦਾ ਫੈਸਲਾ ਕੀਤਾ ਕਿ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਮਿਲ ਕੇ ਉਸ ਨਾਲ ਤਰਕ ਕੀਤਾ ਜਾਵੇ। ਜੇਕਰ ਸਮਾਂ ਬਲੀਦਾਨ ਮੰਗਦਾ ਹੈ ਤਾਂ ਉਹ ਬਲੀਦਾਨ ਗੁਰੂ ਤੇਗ਼ ਬਹਾਦਰ ਜੀ ਨੇ ਖੁਦ ਦੇਣ ਦਾ ਫੈਸਲਾ ਕੀਤਾ। ਨਾ ਹੀ ਗੁਰੂ ਤੇਗ਼ ਬਹਾਦਰ ਜੀ ਹਿੰਦੂ ਸਨ ਨਾ ਹੀ ਤਿਲਕ ਜੰਞੂ ਪਹਿਨਦੇ ਸਨ। ਪਰਾਏ ਧਰਮ ਅਤੇ ਉਨਾਂ ਦੇ ਧਰਮ ਚਿੰਨਾਂ ਦੀ ਰਖਵਾਲੀ ਲਈ ਆਪਣਾ ਬਲੀਦਾਨ ਦੇਣ ਦਾ ਫੈਸਲਾ ਗੁਰੂ ਤੇਗ਼ ਬਹਾਦਰ ਜੀ ਦੀ ਮਨੁੱਖਤਾ ਪ੍ਰਤੀ ਪ੍ਰੇਮ ਭਾਵਨਾ ਨੂੰ ਦਰਸਾਉਂਦਾ ਹੈ।

“ਤਿਲਕ ਜੰਞੂ ਰਾਖਾ ਪ੍ਰਭ ਤਾ ਕਾ ॥
ਕੀਨੋ ਬਡੋ ਕਲੂ ਮਹਿ ਸਾਕਾ ॥”

ਪੰਡਿਤ ਕਿਰਪਾ ਰਾਮ ਦੱਤ ਦੀ ਟੋਲੀ ਨੂੰ ਅਨੰਦਪੁਰੀ ਤੋਂ ਗੁਰੂ ਜੀ ਦਾ ਧਰਵਾਸ ਲੈ ਕੇ ਮੁੜੀ ਨੂੰ ਕਈ ਮਹੀਨੇ ਬੀਤ ਚੁੱਕੇ ਸਨ। ਕਸ਼ਮੀਰ ਦੇ ਸੂਬੇਦਾਰ ਇਫ਼ਤਖਾਰ ਖ਼ਾਨ ਤੱਕ ਸੂਚਨਾ ਪਹੁੰਚ ਚੁੱਕੀ ਸੀ ਕਿ ਗੁਰੂ ਤੇਗ਼ ਬਹਾਦਰ ਜੀ ਖੁਦ ਮੁਗਲ ਬਾਦਸ਼ਾਹ ਔਰੰਗਜ਼ੇਬ ਅੱਗੇ ਹਿੰਦੂਆਂ ਦੀ ਰੱਖਿਆ ਲਈ ਪੇਸ਼ੀਨਗੋਈ ਤਸਲੀਮ ਕਰਨਗੇ। ਗੁਰੂ ਤੇਗ਼ ਬਹਾਦਰ ਜੀ ਨੇ ਆਪਣੀ ਕਾਰਜ-ਸੂਚੀ ਤਿਆਰ ਕਰ ਲਈ ਸੀ। ਸਾਰੀ ਸੰਗਤ ਨੂੰ ਸੱਦਾ ਦਿੱਤਾ ਗਿਆ। ਅਨੰਦਪੁਰੀ ਵਿੱਚ ਵੱਡਾ ਇਕੱਠ ਹੋਇਆ। ਭਾਈ ਜੈਤਾ ਜੀ ਪਰਿਵਾਰ ਸਮੇਤ ਅਨੰਦਪੁਰੀ ‘ਚ ਪਹੁੰਚੇ। ਗੁਰੂ ਤੇਗ਼ ਬਹਾਦਰ ਜੀ ਨੇ ਸਾਰੀ ਸੰਗਤ ਨਾਲ ਗੱਲ ਖੋਲੀ ਤੇ ਦਿੱਲੀ ਜਾਣ ਦਾ ਵਿਚਾਰ ਦੱਸਿਆ। ਗੁਰੂ ਜੀ ਦੇ ਚਿਹਰੇ ਤੇ ਇੱਕ ਜਲੌਅ ਸੀ ਤੇ ਇਕ ਜਲੌਅ ਸੰਗਤ ਦੇ ਹਿਰਦਿਆਂ ‘ਚ ਉਮੜ ਰਿਹਾ ਸੀ। ਹੁਣ ਸਾਰੀ ਜ਼ਿੰਮੇਵਾਰੀ ਦਾ ਬੋਝ ਬਾਲ ਗੋਬਿੰਦ ਰਾਏ ਦੇ ਮਾਸੂਮ ਮੋਢਿਆਂ ਤੇ ਪਾਉਣਾ ਸੀ। ਫੈਸਲਾ ਦਿੱਲੀ ਜਾਣ ਦਾ ਹੋਇਆ ਸੀ। ਗੁਰੂ ਜੀ ਨੇ ਮਰਿਆਦਾ ਦੀ ਪਾਲਣਾ ਕਰਦਿਆਂ ਪੁੱਤਰ ਗੋਬਿੰਦ ਰਾਏ ਨੂੰ ਮੱਥੇ ਰੂਹਾਨੀ ਤਿਲਕ ਲਗਾ ਕੇ ਢਾਰਸ ਬੰਨ੍ਹ ਦਿੱਤਾ। ਮਾਤਾ ਗੁਜਰੀ ਜੀ ਨੇ ਵੱਡਾ ਜਿਗਰਾ ਕਰਕੇ ਭਵਿੱਖ ਨੂੰ ਸਮਝ ਲਿਆ ਸੀ। “ਗੁਰੂ ਜੀ ਨੇ ਗੋਬਿੰਦ ਰਾਏ ਦੇ ਮਾਮਾ ਕਿਰਪਾਲ ਚੰਦ ਦੇ ਪੱਲੇ ਬਾਲ ਗੋਬਿੰਦ ਰਾਏ ਨੂੰ ਬੰਨ੍ਹਿਆਂ ਤੇ ਕਿਹਾ ਹੁਣ ਗੋਬਿੰਦ ਤੁਹਾਡੇ ਜਿੰਮੇ ਹੈ”। ਹਰ ਤਰ੍ਹਾਂ ਨਾਲ ਸਿੱਖਿਆ ਦਾ ਖਿਆਲ ਰੱਖਣਾ। ਗੁਰੂ ਜੀ ਦੀ ਵੱਡੀ ਭੈਣ ਬੀਰੋ ਵੀ ਆਪਣੇ ਭਰਾ ਲਈ ਪਿਆਰ ‘ਚ ਗੜੁੰਦ ਅੱਖਾਂ ਨਾਲ ਨਿਹਾਰ ਰਹੀ ਸੀ। ਭੈਣ ਦੀ ਇੱਕੋ ਅਰਜੋਈ, ਵੀਰ ਦੀ ਲਾਜ ਰਹਿ ਜਾਏ। ਭੈਣ ਬੀਰੋ ਦੇ ਪੁੱਤਰ ਸੰਗੋ ਸ਼ਾਹ, ਗੁਲਾਬ ਚੰਦ, ਜੀਤ ਮਲ, ਗੰਗਾ ਰਾਮ ਅਤੇ ਮਾਹਰੀ ਚੰਦ ਹਰ ਤਰ੍ਹਾਂ ਨਾਲ ਬਾਲ ਗੋਬਿੰਦ ਰਾਏ ਨਾਲ ਭਰਾ ਬਣ ਖੜੋਤੇ ਸਨ। ਹੁਣ ਅਨੰਦਪੁਰੀ ਤੋਂ ਤੁਰਨ ਦਾ ਵੇਲਾ ਹੋ ਗਿਆ ਸੀ। ਗੁਰੂ ਜੀ ਦੇ ਇਸ ਫੈਸਲੇ ਨੇ ਬਾਣੀ ਦੇ ਸ਼ਬਦਾਂ ਨੂੰ ਪ੍ਰਮਾਣਤਾ ਦਿੱਤੀ:

“ਬਾਂਹਿ ਜਿਨਾ ਦੀ ਪਕੜੀਐ, ਸਿਰੁ ਦੀਜੈ ਬਾਂਹਿ ਨ ਛੋੜੀਐ ॥”

ਗੁਰੂ ਤੇਗ਼ ਬਹਾਦਰ ਜੀ ਨਾਲ ਅਨੰਦਪੁਰੀ ਤੋਂ ਤੁਰਨ ਵੇਲੇ ਪੰਜ ਸਿੱਖ ਸਿਰੜੀ ਤੇ ਸਿਦਕੀ ਬਣ ਨਾਲ ਤੁਰਨ ਲਈ ਤਿਆਰ ਸਨ। ਇਹਨਾਂ ਵਿੱਚੋਂ ਗੁਰੂ ਘਰ ਦੇ ਅਨਿਨ ਸ਼ਰਧਾਵਾਨ ਭਾਈ ਹੀਰਾਨੰਦ ਦੇ ਪੁੱਤਰ ਮਤੀ ਦਾਸ ਅਤੇ ਸਤੀ ਦਾਸ ਅਤੇ ਭਾਈ ਦਿਆਲ ਦਾਸ ਪਰਮਾਰ, ਭਾਈ ਉਦਾ ਤੇ ਭਾਈ ਜੈਤਾ ਜੀ ਸਨ। ਪਹਿਲਾ ਪੜਾਅ ਗੁਰੂ ਜੀ ਨੇ ਕੀਰਤਪੁਰ ਸਾਹਿਬ ਵਿਖੇ ਕੀਤਾ ਅਤੇ ਨਾਲ ਦੇ ਪਿੰਡਾਂ ਤੋਂ ਸੰਗਤ ਚੱਲ ਕੇ ਆਈ। ਗੁਰੂ ਜੀ ਨੇ ਆਪਣੀ ਕਾਰਜ ਸੂਚੀ ਬਾਰੇ ਦੱਸਿਆ। ਅਗਲੇ ਦਿਨ ਸਵੇਰੇ ਰਵਾਨਗੀ ਹੋਈ। ਰੋਪੜ੍ਹ ਦੇ ਨੇੜੇ ਮਲਿਕਪੁਰ ਰੰਗੜ੍ਹਾਂ ਨਾਮਕ ਸਥਾਨ ਤੋਂ ਗੁਰੂ ਜੀ ਨੂੰ ਕੈਦ ਕਰ ਲਿਆ ਗਿਆ ਤੇ ਪਹਿਲਾਂ ਕੁਝ ਸਮੇਂ ਬੱਸੀ ਪਠਾਣਾਂ ਦੇ ਕਿਲ੍ਹੇ ਵਿੱਚ ਕੈਦ ਕਰਕੇ ਰੱਖਿਆ ਗਿਆ ਫਿਰ ਦਿੱਲੀ ਲੈ ਕੇ ਜਾਇਆ ਗਿਆ। ਗੁਰੂ ਜੀ ਦੇ ਕਹੇ ਅਨੁਸਾਰ ਸਿਰਫ ਤਿੰਨ ਸਿੱਖ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲ ਦਾਸ ਜੀ ਨੂੰ ਉਹਨਾਂ ਨਾਲ ਗ੍ਰਿਫਤਾਰ ਹੋਏ। ਦਿੱਲੀ ਵਿੱਚ ਉਸ ਸਮੇਂ ਦੇ ਸੂਬੇਦਾਰ, ਚਾਂਦਨੀ ਚੌਂਕ ਦੇ ਕੋਤਵਾਲ ਅਤੇ ਕਾਜ਼ੀ ਨੇ ਔਰੰਗਜ਼ੇਬ ਦੇ ਦਿੱਲੀ ਵਿੱਚ ਨਾ ਹੋਣ ਕਾਰਨ ਗੁਰੂ ਜੀ ਅੱਗੇ ਤਿੰਨ ਸ਼ਰਤਾਂ ਰੱਖੀਆਂ।

Bhai Sati das Bhai Mati das Bhai Dayal das
Pic Credit : Social Media

ਪਹਿਲੀ ਸ਼ਰਤ ਸੀ ਕਿ ਇਸਲਾਮ ਕਬੂਲ ਕਰੋ, ਦੂਜੀ ਸ਼ਰਤ ਕੋਈ ਕਰਾਮਾਤ ਕਰਕੇ ਦਿਖਾਓ, ਤੀਜੀ ਸ਼ਰਤ ਸੀ ਮੌਤ ਲਈ ਤਿਆਰ ਹੋ ਜਾਓ। ਗੁਰੂ ਜੀ ਨੇ ਪਹਿਲੀਆਂ ਦੋਨੋਂ ਸ਼ਰਤਾਂ ਨਾ ਮੰਨੀਆਂ ਅਤੇ ਕਿਹਾ ਕਿ ਮੇਰਾ ਧਰਮ ਮੈਨੂੰ ਸਭ ਤੋਂ ਪਿਆਰਾ ਹੈ ਮੈਂ ਹੋਰ ਧਰਮ ਨੂੰ ਕਬੂਲ ਨਹੀਂ ਕਰ ਸਕਦਾ ਅਤੇ ਗੁਰੂ ਜੀ ਨੇ ਕਿਹਾ ਕਿ ਸਿੱਖ ਧਰਮ ਚ ਕਰਾਮਾਤ ਨੂੰ ਕੋਈ ਸਥਾਨ ਨਹੀਂ ਮੈਂ ਕੋਈ ਕਰਾਮਾਤ ਨਹੀਂ ਕਰਾਂਗਾ। ਤੀਜੀ ਸ਼ਰਤ ਲਈ ਮੈਂ ਬਿਲਕੁਲ ਤਿਆਰ ਹਾਂ। ਗੁਰੂ ਜੀ ਦੇ ਸਾਹਮਣੇ ਹੀ ਨਵੰਬਰ 1675 ਈਸਵੀ ਨੂੰ ਭਾਈ ਦਿਆਲ ਦਾਸ ਨੂੰ ਗਰਮ ਪਾਣੀ ‘ਚ ਉਬਾਲ ਕੇ, ਭਾਈ ਮਤੀ ਦਾਸ ਨੂੰ ਜਿਉਂਦੇ ਆਰੇ ਨਾਲ ਚੀਰ ਕੇ ਅਤੇ ਭਾਈ ਸਤੀ ਦਾਸ ਨੂੰ ਜਿਉਂਦੇ ਸਾੜ ਕੇ ਸ਼ਹੀਦ ਕੀਤਾ ਗਿਆ। ਪਰ ਗੁਰੂ ਜੀ ਫਿਰ ਵੀ ਅਡੋਲ ਰਹੇ।

guru tegh bahadur ji martyred
Pic Credit : Civils Daily

ਗੁਰੂ ਜੀ ਦੀ ਅਡੋਲਤਾ ਨੂੰ ਵੇਖਦੇ ਹੋਏ ਔਰੰਗਜ਼ੇਬ ਦੇ ਹੁਕਮਾਂ ਅਨੁਸਾਰ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਧੜ ਤੋਂ ਚਾਂਦਨੀ ਚੌਂਕ ਵਿੱਚ ਅਲੱਗ ਕਰ ਦਿੱਤਾ ਗਿਆ। ਗੁਰੂ ਜੀ ਨੇ ਜਬਰ-ਜ਼ੁਲਮ ਅਤੇ ਧੱਕੇਸ਼ਾਹੀ ਦੀ ਵਿਰੋਧਤਾ ਵਿੱਚ ਇਸ ਜਬਰ ਜ਼ੁਲਮ ਨੂੰ ਠੱਲ ਪਾਉਣ ਲਈ ਕੁਰਬਾਨੀ ਦਿੱਤੀ।

Bhai Lakhi Shah Vanjara
Pic Credit : Social Media

ਐਸਾ ਕੌਤਕ ਵਰਤਿਆ ਕਿ ਗੁਰੂ ਜੀ ਦਾ ਧੜ ਭਾਈ ਲੱਖੀ ਸ਼ਾਹ ਵਣਜਾਰਾ ਆਪਣੇ ਘਰ ਲੈ ਗਿਆ ਤੇ ਧੜ ਦਾ ਸੰਸਕਾਰ ਕਰਨ ਲਈ ਉਸ ਨੇ ਆਪਣੇ ਘਰ ਨੂੰ ਅੱਗ ਲਗਾ ਦਿੱਤੀ। ਜਿਥੇ ਅੱਜ ਵਰਤਮਾਨ ਸਮੇਂ ‘ਚ ਗੁਰਦੁਆਰਾ ਰਕਾਬਗੰਜ ਸਾਹਿਬ ਬਣਿਆ ਹੈ।

Gurdwara Rakab Ganj
Pic Credit : Wanderboat

ਉਸੇ ਸਮੇਂ ਗੁਰੂ ਘਰ ਦੇ ਅਨਿਨ ਭਗਤ ਭਾਈ ਜੈਤਾ ਜੀ, ਜਿਨਾਂ ਦੀ ਗੁਰੂ ਘਰ ਨਾਲ ਪੁਰਾਤਨ ਸਮੇਂ ਤੋਂ ਪਰਿਵਾਰਕ ਸਾਂਝ ਸੀ ਨੇ ਗੁਰੂ ਜੀ ਦਾ ਸੀਸ ਚੁੱਕ ਕੇ ਅਨੰਦਪੁਰੀ ਲੈ ਕੇ ਆਉਣ ਦਾ ਫੈਸਲਾ ਕੀਤਾ। ਮੁਗਲ ਹਕੂਮਤ ਦਾ ਸਖ਼ਤ ਫ਼ਰਮਾਨ ਸੀ। ਸਖ਼ਤ ਪਹਿਰੇਦਾਰੀ ਸੀ। ਪਰ ਪਰਮਾਤਮਾ ਦੀ ਕਿਰਪਾ ਅਤੇ ਭਾਈ ਜੈਤਾ ਜੀ ਦਾ ਮੁਗਲ ਹਕੂਮਤ ਦੇ ਵਿਰੁੱਧ ਹੌਸਲੇ ਨੇ, ਭਾਈ ਜੈਤਾ ਜੀ, ਭਾਈ ਨਾਨੂੰ ਰਾਮ ਦਿਲਵਾਲੀ ਅਤੇ ਭਾਈ ਊਦੇ ਰਠੌਰ ਨੂੰ ਸੀਸ ਚੁੱਕ ਕੇ ਦਿੱਲੀ ਤੋਂ ਬਾਹਰ ਨਿਕਲਣ ਵਿੱਚ ਕਾਮਯਾਬ ਕੀਤਾ।

Bhai Jaita Ji
Pic Credit : Social Media

ਭਾਈ ਜੈਤਾ ਜੀ ਦਿੱਲੀ ਦੇ ਕਈ ਹੋਰ ਰਾਹਾਂ ਤੋਂ ਵਾਕਫ਼ ਸਨ ਅਤੇ ਉਨਾਂ ਨੇ ਰਾਤ ਦਿੱਲੀ ਚ ਕੱਟਣ ਤੋਂ ਬਾਅਦ ਸਵੇਰੇ ਤੜਕੇ ਗੁਰੂ ਜੀ ਦਾ ਸੀਸ ਨਾਲ ਲੈ ਕੇ ਪੈਡਾਂ ਤੈਅ ਕਰਨਾ ਸ਼ੁਰੂ ਕੀਤਾ। ਯਮੁਨਾ ਨਦੀ ਪਾਰ ਕੀਤੀ ਗਈ। ਭਾਈ ਨਾਨੂੰ ਰਾਮ ਦਿਲਵਾਲੀ ਤੇ ਭਾਈ ਊਦੇ ਰਠੌਰ ਉਹਨਾਂ ਦੇ ਨਾਲ ਸਨ। ਸਾਰਾ ਦਿਨ ਚਲਦੇ ਰਹਿਣ ਤੋਂ ਬਾਅਦ ਦੂਜੇ ਦਿਨ ਦਾ ਪੜਾਅ ਭਾਈ ਜੈਤਾ ਜੀ ਨੇ ਸਾਥੀਆਂ ਨਾਲ ਕਰਨਾਲ ਦੇ ਲਾਗੇ ਪਿੰਡ ਤਰਾਵੜੀ ਵਿਖੇ ਕੀਤਾ। ਇਥੇ ਗੁਰੂ ਘਰ ਦੇ ਸ਼ਰਧਾਲੂ ਕਿੱਤੇ ਵਜੋਂ ਧੋਬੀ ਦਾ ਕੰਮ ਕਰਦੇ ਭਾਈ ਦੇਵਾ ਰਾਮ ਦੇ ਘਰ ਭਾਈ ਜੈਤਾ ਜੀ ਨੇ ਰਾਤ ਕੱਟੀ। ਅਗਲੀ ਸਵੇਰ ਫਿਰ ਤੀਜੇ ਪੜਾਅ ਦਾ ਸਫਰ ਸ਼ੁਰੂ ਕੀਤਾ ਤੇ ਮੁਗਲ ਹਕੂਮਤ ਤੋਂ ਬਚਦੇ ਬਚਾਉਂਦੇ ਤੀਜਾ ਪੜਾਅ ਅੰਬਾਲੇ ਲਾਗੇ ਟਾਂਗਰੀ ਨਦੀ ਦੇ ਕਿਨਾਰੇ ਕੋਲ ਆ ਕੇ ਖਤਮ ਕੀਤਾ। ਇਥੇ ਗੁਰੂ ਘਰ ਦੇ ਬਹੁਤ ਸਿੱਖ ਪਰਿਵਾਰ ਸਨ ਪਰ ਭਾਈ ਜੈਤਾ ਜੀ ਨੇ ਸਿਰਫ ਭਾਈ ਰਾਮਦੇਵ ਕੋਲ ਰਾਤ ਕੱਟਣ ਦਾ ਪ੍ਰਬੰਧ ਕੀਤਾ। ਰਾਤ ਵੇਲੇ ਤਿੰਨੋਂ ਸਿੱਖ ਜੋ ਦਿਨ ਵੇਲੇ ਇੱਕ ਦੂਜੇ ਤੋਂ ਅਣਜਾਣ ਬਣ ਚਲਦੇ ਸਨ ਇਕੱਠੇ ਹੋ ਜਾਂਦੇ ਸਨ। ਅਗਲੀ ਸਵੇਰ ਭਾਈ ਰਾਮਦੇਵ ਪਾਸੋਂ ਆਗਿਆ ਲੈ ਕੇ ਚੌਥੇ ਪੜਾਅ ਦਾ ਸਫਰ ਸ਼ੁਰੂ ਕੀਤਾ। ਘੱਗਰ ਦਰਿਆ ਪਾਰ ਕੀਤਾ ਤੇ ਪੰਜਾਬ ਦੇ ਪਿੰਡਾਂ ਤੋਂ ਹੁੰਦੇ ਹੋਏ ਗੁਰੂ ਦੇ ਸਿੱਖ ਭਟਕਦੇ ਠੋਕਰਾਂ ਠੇਡੇ ਖਾਂਦੇ ਜੰਗਲਾਂ ਨੂੰ ਚੀਰਦੇ ਕੀਰਤਪੁਰ ਸਾਹਿਬ ਦੇ ਲਾਗੇ ਵਿਵਾਨਗੜ੍ਹ ਪਹੁੰਚੇ। ਅਨੰਦਪੁਰੀ ਸੁਨੇਹਾ ਭੇਜਿਆ ਗਿਆ ਤਾਂ ਇਥੇ ਰੁਕਣ ਦਾ ਹੁਕਮ ਮਿਲਿਆ। ਬਾਲ ਗੋਬਿੰਦ ਰਾਏ, ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਆਪਣੇ ਸਿੱਖ ਸ਼ਰਧਾਲੂਆਂ ਨਾਲ ਆਨੰਦਪੁਰੀ ਤੋਂ ਇੱਕ ਸੁੰਦਰ ਪਾਲਕੀ ਫੁੱਲਾਂ ਨਾਲ ਸਜਾ ਕੇ ਕੀਰਤਪੁਰ ਸਾਹਿਬ ਲੈ ਕੇ ਗਏ।

Sadda Punjab Image 12
Pic Credit : Sikh24.com

ਬੀਬੀ ਬੀਰੋ ਅਤੇ ਉਹਨਾਂ ਦੇ ਪੰਜ ਪੁੱਤਰ, ਗੁਰੂ ਤੇਗ਼ ਬਹਾਦਰ ਜੀ ਦੇ ਵੱਡੇ ਭਰਾ ਸੂਰਜ ਮਲ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਵਿਵਾਨਗੜ੍ਹ ਪਹੁੰਚੇ। ਵਿਵਾਨਗੜ੍ਹ ਪਹੁੰਚ ਕੇ ਭਾਈ ਜੈਤਾ ਜੀ ਪਾਸੋਂ ਬੜੀ ਗਹੁ ਨਾਲ ਸਾਰਾ ਵਾਕਿਆ ਸੁਣਿਆ। ਬਾਲ ਗੋਬਿੰਦ ਰਾਏ ਜੀ ਨੇ ਭਾਈ ਜੈਤਾ ਜੀ ਦੀ ਇਸ ਮਹਾਨ ਅਤੇ ਕਰੜੀ ਸੇਵਾ ਨੂੰ ਵੇਖ ਕੇ ਉਹਨਾਂ ਨੂੰ ਗਲ ਨਾਲ ਲਾਇਆ ਤੇ

“ਰੰਘਰੇਟਾ ਗੁਰੂ ਕਾ ਬੇਟਾ”

rangrete guru ke bete
Pic Credit : Social Media

ਦਾ ਵਰ ਦੇ ਕੇ ਨਿਵਾਜਿਆ। ਭਾਈ ਜੈਤਾ ਜੀ ਨੇ ਬੜੇ ਅਦਬ ਤੇ ਸਤਿਕਾਰ ਸਹਿਤ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਬਾਲ ਗੋਬਿੰਦ ਰਾਏ ਜੀ ਨੂੰ ਸੌਂਪ ਦਿੱਤਾ। ਬਾਲ ਗੋਬਿੰਦ ਰਾਏ ਜੀ ਨੇ ਸੀਸ ਅਦਬ ਸਹਿਤ ਪਾਲਕੀ ‘ਚ ਸਜਾਇਆ। ਸਭ ਨੇ ਵਾਰੋ-ਵਾਰੀ ਸੀਸ ਨੂੰ ਨਮਸਕਾਰ ਕੀਤਾ ਤੇ ਦਰਸ਼ਨ ਕੀਤੇ। ਸਾਰੀ ਸੰਗਤ ਨੇ ਵਾਰੋ-ਵਾਰੀ ਪਾਲਕੀ ਮੋਢਿਆਂ ਤੇ ਚੁੱਕ ਕੇ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦਿਆਂ ਗੁਰੂ ਦਾ ਸੀਸ ਲੈ ਕੇ ਅਨੰਦਪੁਰੀ ‘ਚ ਦਾਖ਼ਲਾ ਲਿਆ। ਇੱਕ ਰਾਤ ਸੀਸ ਘਰ ਵਿੱਚ ਰੱਖਿਆ ਗਿਆ। ਪੰਜਵੇਂ ਦਿਨ ਗੁਰੂ ਕੇ ਮਹਿਲ ਦੇ ਸਾਹਮਣੇ ਬਾਲ ਗੋਬਿੰਦ ਰਾਏ ਨੇ ਆਪ ਆਪਣੀ ਹੱਥੀ ਚੰਦਨ ਦੀ ਚਿਖਾ ਤਿਆਰ ਕੀਤੀ ਤੇ ਸੀਸ ਨੂੰ ਹੱਥੀ ਚਿਖਾ ਤੇ ਟਿਕਾਇਆ। ਸਾਰੀ ਸਿੱਖ ਸੰਗਤ ਨੇ ਰੋਂਦਿਆਂ ਕੁਰਲਾਉਂਦਿਆਂ ਨਮ ਅੱਖਾਂ ਨਾਲ ਗੁਰੂ ਜੀ ਨੂੰ ਵਿਦਾਈ ਦਿੱਤੀ।

Gurdwara Sisganj Sahib Anandpur Sahib
Pic Credit : Wikimedia

ਇਸੇ ਸੰਸਕਾਰ ਵਾਲੇ ਸਥਾਨ ਤੇ ਗੁਰੂ ਕੇ ਮਹਿਲ ਦੇ ਸਾਹਮਣੇ ਵਰਤਮਾਨ ਸਮੇਂ ਚ ਗੁਰਦੁਆਰਾ ਸੀਸਗੰਜ ਸਾਹਿਬ ਬਣਿਆ ਹੋਇਆ ਹੈ। ਦੁਨੀਆਂ ਦੇ ਇਤਿਹਾਸ ਵਿੱਚ ਇਹ ਪਹਿਲੀ ਘਟਨਾ ਸੀ ਜਿਸ ਵਿੱਚ ਇੱਕ ਮਨੁੱਖ ਦੇ ਧੜ ਦਾ ਸੰਸਕਾਰ ਕਿਸੇ ਹੋਰ ਸਥਾਨ (ਦਿੱਲੀ) ਤੇ ਉਸੇ ਮਨੁੱਖ ਦਾ ਸੀਸ ਦਾ ਸੰਸਕਾਰ 320 ਕਿਲੋਮੀਟਰ ਦੀ ਦੂਰੀ ਤੇ ਪੰਜ ਦਿਨਾਂ ਬਾਅਦ ਅਨੰਦਪੁਰ ਸਾਹਿਬ ਵਿਖੇ ਕੀਤਾ ਗਿਆ। ਭਾਈ ਜੈਤਾ ਜੀ ਨੇ ਗੁਰੂ ਪਰਿਵਾਰ ਨਾਲ ਸਾਂਝ ਬੜੇ ਅਨੋਖੇ ਢੰਗ ਨਾਲ ਨਿਭਾਈ। ਹੁਣ ਭਾਈ ਜੈਤਾ ਜੀ ਗੁਰੂ ਗੋਬਿੰਦ ਰਾਏ ਜੀ ਨਾਲ ਅਨੰਦਪੁਰ ਸਾਹਿਬ ਹੀ ਰਹਿਣ ਲੱਗ ਗਏ ਸਨ। ਗੁਰੂ ਜੀ ਦੇ ਲੜੇ ਯੁੱਧਾਂ ਵਿੱਚ ਭਾਈ ਜੈਤਾ ਜੀ ਨੇ ਗੁਰੂ ਜੀ ਦਾ ਸਾਥ ਦਿੱਤਾ।

Selection of the Panj Pyares
Pic Credit : Social Media

ਅਪ੍ਰੈਲ 1699 ਈਸਵੀ ਨੂੰ ਜਦੋਂ ਗੋਬਿੰਦ ਰਾਏ ਜੀ ਨੇ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਿਰਜਨਾ ਕਰ ਇੱਕ ਨਿਆਰੀ ਸਿੱਖ ਕੌਮ ਪੈਦਾ ਕੀਤੀ ਤਾਂ ਭਾਈ ਜੈਤਾ ਜੀ ਵੀ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਭਾਈ ਜੈਤਾ ਤੋਂ ਭਾਈ ਜੀਵਨ ਸਿੰਘ ਬਣ ਗਏ। ਉਹਨਾਂ ਦੇ ਸਾਰੇ ਪਰਿਵਾਰ ਨੇ ਗੁਰੂ ਘਰ ਵਿੱਚ ਖਾਲਸੇ ਸੱਜ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਭਾਈ ਜੀਵਨ ਸਿੰਘ, ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਛੱਡਿਆ ਤਾਂ 1704 ਵਿੱਚ ਗੁਰੂ ਘਰ ਦੀ, ਸਿੱਖ ਕੌਮ ਦੀ ਰੱਖਿਆ ਕਰਦੇ ਸ਼ਹੀਦੀ ਦਾ ਜਾਮ ਪੀ ਗਏ। ਜਦੋਂ ਤੱਕ ਸੰਸਾਰ ਦੀ ਹੋਂਦ ਹੈ ਉਦੋਂ ਤੱਕ ਗੁਰੂ ਤੇਗ਼ ਬਹਾਦਰ ਜੀ ਦੇ ਮਾਨਵਤਾ ਦੇ ਕਲਿਆਣ ਲਈ ਮਨੁੱਖੀ ਅਧਿਕਾਰਾਂ ਲਈ ਤੇ ਸਮਾਜ ਵਿੱਚ ਬਰਾਬਰੀ ਤੇ ਆਜ਼ਾਦੀ ਲਈ ਦਿੱਤੇ ਬਲੀਦਾਨ ਨੂੰ ਭੁੱਲਿਆ ਨਹੀਂ ਜਾ ਸਕਦਾ ਤੇ ਨਾਲ ਹੀ ਗੁਰੂ ਜੀ ਦੇ ਸੀਸ ਨੂੰ ਅਦਬ ਸਹਿਤ ਦਿੱਲੀ ਤੋਂ ਪੰਜਾਬ ਅਨੰਦਪੁਰ ਸਾਹਿਬ ਲੈ ਕੇ ਆਉਣ ਦਾ ਕਿੱਸਾ ਭਾਈ ਜੈਤਾ ਜੀ ਦੀ ਬੇਮਿਸਾਲ ਬਹਾਦਰੀ ਦਰਸਾਉਂਦਾ ਰਹੇਗਾ। ਇਹ 320 ਕਿਲੋਮੀਟਰ ਦਾ ਪੈਂਡਾ ਭਾਈ ਜੈਤਾ ਜੀ ਦੀ ਗੁਰੂ ਤੇਗ਼ ਬਹਾਦਰ ਜੀ ਦੇ ਸੀਸ ਨਾਲ ਇੱਕ ਤਰਫੀ ਗੁਫਤਗੁਹ ਦਰਸਾਉਂਦਾ ਹੈ ।

Asst. Prof. Ravinder Singh

PG Department of History Sri Guru Teg Bahadur Khalsa College, Sri Anandpur Sahib, Ropar, Punjab.

Post navigation

ਪੰਜਾਬੀ ਯੂਨੀਵਰਸਿਟੀ 65ਵਾਂ ਸਥਾਪਨਾ ਦਿਵਸ: 1965 ਤੋਂ ਬਲ ਰਹੀ ਵਿੱਦਿਆ ਦੀ 'ਜੋਤ' ਅੱਜ ਵੀ ਲੱਖਾਂ ਵਿਦਿਆਰਥੀਆਂ ਦੇ ਜੀਵਨ ਨੂੰ ਕਰ ਰਹੀ ਰੋਸ਼ਨ!

ਪੰਜਾਬੀ ਯੂਨੀਵਰਸਿਟੀ ਪਟਿਆਲਾ, ਭਾਰਤ ਦੀ ਇੱਕ ਅਜਿਹੀ ਵਿੱਦਿਅਕ ਸੰਸਥਾ ਹੈ, ਜਿਸਦਾ ਇਤਿਹਾਸ ਅਤੇ ਉਦੇਸ਼ ਬਹੁਤ ਹੀ…

Leave a Comment

Leave a Reply

Your email address will not be published. Required fields are marked *