Gurdwara Kiratpur Sahib

ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾਂ ਸਥਾਪਨਾ ਦਿਵਸ ਨੂੰ ਸਮਰਪਿਤ

ਭਾਰਤ ਦੇਸ਼ ਵਿੱਚ ਪੰਜਾਬ ਸੂਬੇ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਵਜੋਂ ਜਾਣੀ ਜਾਂਦੀ ਧਰਤੀ ਹੈ। ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਦੇ ਸਮੇਂ ਸਿੱਖ ਧਰਮ ਹੋਂਦ ਵਿੱਚ ਆਇਆ। ਸਮਾਂ ਬੀਤਣ ਨਾਲ ਪੰਜਾਬ ਵਿੱਚ ਸਿੱਖਾਂ ਦੀ ਗਿਣਤੀ ਵੱਧਦੀ ਗਈ। ਗੁਰੂ ਨਾਨਕ ਦੇਵ ਜੀ ਵੱਲੋਂ ਲਗਾਇਆ ਸਿੱਖੀ ਦਾ ਬੂਟਾ ਹੁਣ ਵੱਡਾ ਹੋ ਰਿਹਾ ਸੀ। ਗੁਰੂ ਸਾਹਿਬਾਨਾਂ ਦੁਆਰਾ ਪੰਜਾਬ ਵਿੱਚ ਵੱਖ-ਵੱਖ ਸਥਾਨਾਂ ਤੇ ਨਗਰ ਵਸਾਏ ਗਏ। ਗੁਰੂ ਨਾਨਕ ਪਾਤਸ਼ਾਹ ਵੱਲੋਂ ਸਭ ਤੋਂ ਪਹਿਲਾਂ ਨਗਰ ਕਰਤਾਰਪੁਰ (ਪਾਕਿਸਤਾਨ) ਵਸਾਇਆ ਗਿਆ ਸੀ। ਇਸ ਤੋਂ ਬਾਅਦ ਗੋਇੰਦਵਾਲ ਸਾਹਿਬ, ਚੱਕ ਰਾਮਦਾਸਪੁਰਾ (ਅੰਮ੍ਰਿਤਸਰ), ਗੋਬਿੰਦਪੁਰਾ, ਤਰਨਤਾਰਨ, ਕਰਤਾਰਪੁਰ (ਜਲੰਧਰ), ਛੇਹਾਰਟਾ ਸਾਹਿਬ, ਕੀਰਤਪੁਰ ਸਾਹਿਬ ਅਤੇ ਅਨੰਦਪੁਰ ਸਾਹਿਬ ਨਗਰ ਵਸਾਏ ਗਏ । ਗੁਰੂ ਸਾਹਿਬਾਨਾਂ ਦੁਆਰਾ ਵਸਾਏ ਗਏ ਇਹ ਨਗਰ ਆਪੋ ਆਪਣੀ ਮਹੱਤਤਾ ਰੱਖਦੇ ਹਨ । ਕੀਰਤਪੁਰ ਸਾਹਿਬ ਦੀ ਧਰਤੀ ਇਹਨਾਂ ਸਾਰੇ ਨਗਰਾਂ ਵਿੱਚੋਂ ਛੇ ਗੁਰੂਆਂ ਦੀ ਚਰਨ-ਛੋਹ ਧਰਤੀ ਮੰਨੀ ਗਈ ਹੈ ।

guru nanak dev
Pic Credit : Dasvandh Network

ਇਤਿਹਾਸਿਕ ਤੱਥਾਂ ਤੋਂ ਜਾਣਕਾਰੀ ਮਿਲਦੀ ਹੈ ਕਿ ਗੁਰੂ ਨਾਨਕ ਦੇਵ ਜੀ ਆਪਣੀ ਦੂਜੀ ਉਦਾਸੀ ਦੇ ਸਮੇਂ ਕੀਰਤਪੁਰ ਵਾਲੇ ਸਥਾਨ ਤੇ ਆ ਕੇ ਰੁਕੇ ਸਨ । ਕੀਰਤਪੁਰ ਸਾਹਿਬ ਦੀ ਇਹ ਮੁਕੱਦਸ ਧਰਤੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਨਾਲ ਪਵਿੱਤਰ ਹੋ ਚੁੱਕੀ ਸੀ । ਜਦੋਂ ਗੁਰੂ ਨਾਨਕ ਦੇਵ ਜੀ ਇਸ ਧਰਤੀ ਤੇ ਆ ਕੇ ਰੁਕੇ ਤਾਂ ਇਸ ਪਹਾੜੀ ਇਲਾਕੇ ਦੇ ਇੱਕ ਮੁਸਲਮਾਨ ਫਕੀਰ ਬੁੱਢਣ ਸ਼ਾਹ ਨੇ ਗੁਰੂ ਜੀ ਨਾਲ ਮੁਲਾਕਾਤ ਕਰਨ ਦੀ ਸੋਚੀ । ਫਕੀਰ ਬੁੱਢਣ ਸ਼ਾਹ ਗੁਰੂ ਨਾਨਕ ਦੇਵ ਜੀ ਦੀ ਪ੍ਰਤਿਭਾ ਤੋਂ ਭਲੀ ਭਾਂਤ ਜਾਣੂ ਸੀ ।

fakir budhan shah
Pic Credit : Social Media

ਫਕੀਰ ਬੁੱਢਣ ਸ਼ਾਹ ਨੇ ਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਅੱਗੇ ਆਪਣੀ ਬੱਕਰੀਆਂ ਦਾ ਦੁੱਧ ਸੇਵਾ ਵਿੱਚ ਹਾਜ਼ਰ ਕੀਤਾ । ਸਿੱਖ ਰਵਾਇਤ ਮੁਤਾਬਿਕ ਗੁਰੂ ਨਾਨਕ ਪਾਤਸ਼ਾਹ ਨੇ ਉਸ ਸਮੇਂ ਉਹ ਦੁੱਧ ਨਾ ਛਕਿਆ ਅਤੇ ਫਕੀਰ ਬੁੱਢਣ ਸ਼ਾਹ ਨੂੰ ਆਖਿਆ ਕਿ ਅਸੀਂ ਤੇਰਾ ਦੁੱਧ ਛੇਵੇਂ ਜਾਮੇ ਵਿੱਚ ਆ ਕੇ ਛਕਾਂਗੇ। ਗੁਰੂ ਨਾਨਕ ਸਾਹਿਬ ਦੇ ਇਥੇ ਆਉਣ ਦੀ ਯਾਦ ਵਿੱਚ ਗੁਰਦੁਆਰਾ ਚਰਨ ਕੰਵਲ ਸਾਹਿਬ ਕੀਰਤਪੁਰ ਸਾਹਿਬ ਵਿੱਚ ਬਣਿਆ ਹੋਇਆ ਹੈ । ਕੀਰਤਪੁਰ ਸਾਹਿਬ ਨਗਰ ਦੀ ਨੀਂਹ ਗੁਰੂ ਹਰਗੋਬਿੰਦ ਜੀ ਦੇ ਸਮੇਂ ਵਿੱਚ ਹੀ ਰੱਖੀ ਗਈ ਸੀ । ਕਹਿਲੂਰ (ਬਿਲਾਸਪੁਰ) ਰਿਆਸਤ ਦਾ ਰਾਜਾ ਕਲਿਆਣ ਚੰਦ ਆਪਣੇ ਪੁੱਤਰ ਤਾਰਾ ਚੰਦ ਤੇ ਕੁਝ ਹੋਰ ਸਾਥੀਆਂ ਸਮੇਤ ਗੁਰੂ ਦੇ ਚੱਕ (ਅੰਮ੍ਰਿਤਸਰ) ਵਿਖੇ ਗੁਰੂ ਹਰਗੋਬਿੰਦ ਜੀ ਕੋਲ ਗਿਆ ਸੀ ਅਤੇ ਉਸ ਨੇ ਗੁਰੂ ਜੀ ਅੱਗੇ ਕਹਿਲੂਰ ਪਹਾੜੀ ਇਲਾਕੇ ਵਿੱਚ ਆਪਣਾ ਕੋਈ ਸਥਾਨ ਬਣਾਉਣ ਲਈ ਗੁਜ਼ਾਰਿਸ਼ ਕੀਤੀ । ਗੁਰੂ ਜੀ ਨੇ ਪਹਿਲਾਂ ਕਲਿਆਣ ਚੰਦ ਦੀ ਪੇਸ਼ਕਸ਼ ਕਬੂਲ ਨਾ ਕੀਤੀ, ਪਰ ਕਲਿਆਣ ਚੰਦ ਦੇ ਵਾਰ-ਵਾਰ ਅਰਜ਼ ਕਰਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸਭ ਤੋਂ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਕਹਿਲੂਰ ਦੀ ਰਿਆਸਤ ਵਿੱਚ ਭੇਜਿਆ । ਕਲਿਆਣ ਚੰਦ ਨੇ ਆਪਣੀ ਰਿਆਸਤ ਦੀ ਸਰਹਿੰਦ ਸੂਬੇ ਨਾਲ ਲੱਗਦੀ ਸਰਹੱਦ ਦੇ ਨੇੜੇ ਚਾਰ ਪਿੰਡਾਂ ਦੇ ਵਿਚਕਾਰਲੀ ਜਮੀਨ ਸਿੱਖ ਨਗਰ ਵਸਾਉਣ ਲਈ ਐਲਾਨੀ । ਇਹ ਚਾਰ ਪਿੰਡ ਸਨ: ਜੀਊਵਾਲ ਕਲਿਆਣਪੁਰ ਭਟੋਲੀ ਅਤੇ ਭੱਗੂਵਾਲ । ਗੁਰੂ ਜੀ ਨੇ ਇਹ ਜ਼ਮੀਨ ਨੂੰ ਪੈਸੇ ਦੇ ਕੇ ਕੀਮਤ ਚੁਕਾ ਕੇ ਖਰੀਦ ਕੀਤੀ । ਗੁਰੂ ਹਰਗੋਬਿੰਦ ਸਾਹਿਬ ਨੇ ਇਸ ਨਗਰ ਦੀ ਮੌੜ੍ਹੀ ਗੱਡਣ ਵਾਸਤੇ ਬਾਬਾ ਸ੍ਰੀ ਚੰਦ ਜੀ ਨੂੰ ਚੁਣਿਆ । ਬਾਬਾ ਗੁਰਦਿੱਤਾ ਜੀ, ਭਾਈ ਹਰੀਆ ਬੜੂੰਗ, ਭਾਈ ਕਮਲੀਆ (ਅਲਸਮਤ), ਬਾਬਾ ਬੁੱਢਾ ਜੀ, ਭਾਈ ਸਿੰਘਾ ਪਰੋਹਿਤ ਅਤੇ ਭਾਈ ਖੇਮਾ ਬਾਬਾ ਸ਼੍ਰੀ ਚੰਦ ਜੀ ਨੂੰ ਮਿਲਣ ਲਈ ਗਏ । ਇਹ ਸਾਰੇ ਬਾਬਾ ਸ੍ਰੀ ਚੰਦ ਜੀ ਨੂੰ ਨਵੇਂ ਸਿੱਖ ਨਗਰ ਵਾਲੀ ਥਾਂ ਲੈ ਕੇ ਆਏ ।

01 ਮਈ, 1626 ਵਿੱਚ ਬਾਬਾ ਸ੍ਰੀ ਚੰਦ ਨੇ ਇਸ ਨਵੇਂ ਸਿੱਖ ਨਗਰ ਦੀ ਮੌੜ੍ਹੀ ਗੱਡੀ ਅਤੇ ਇੱਕ ਬਾਉਲੀ ਦਾ ਟੱਕ ਲਾਇਆ । ਇਸ ਨਵੇਂ ਸਿੱਖ ਨਗਰ ਦਾ ਨਾਮ ਕੀਰਤਪੁਰ ਸਾਹਿਬ ਰੱਖਿਆ ਗਿਆ । ਬਾਬਾ ਗੁਰਦਿੱਤਾ ਜੀ ਨੇ ਇਸ ਨਗਰ ਨੂੰ ਪਰਫੁੱਲਤ ਕਰਨਾ ਸ਼ੁਰੂ ਕੀਤਾ ਅਤੇ ਸਿੱਖੀ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ । ਸਮਾਂ ਬੀਤਣ ਨਾਲ ਕੀਰਤਪੁਰ ਸਾਹਿਬ ਵਿੱਚ ਕਈ ਘਰ ਬਣ ਚੁੱਕੇ ਸਨ ਅਤੇ ਮਾਝੇ ਇਲਾਕੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਗ਼ਲਾਂ ਨਾਲ ਚਾਰ ਲੜਾਈਆਂ ਲੜਨ ਤੋਂ ਬਾਅਦ, ਮੁਗ਼ਲ ਫੌਜਾਂ ਨੂੰ ਪਛਾੜ ਕੇ ਮਾਝੇ ਦੇ ਇਲਾਕੇ ਨੂੰ ਛੱਡ ਪਹਾੜ ਵੱਲ ਕੀਰਤਪੁਰ ਸਾਹਿਬ ਜਾਣ ਦਾ ਫੈਸਲਾ ਕੀਤਾ । ਭਾਵੇਂ ਸਿੱਖ ਧਰਮ ਵਿੱਚ ‘ਪੀਰ’‘ਮੀਰੀ’ ਦਾ ਮਾਲਕ ਵੀ ਸੀ, ਪਰ ‘ਮੀਰੀ’ ਵਾਸਤੇ ਧਰਮ ਦੇ ਪ੍ਰਚਾਰ ਦਾ ਫਰਜ਼ ਦੂਜੇ ਦਰਜੇ ਤੇ ਰੱਖਣਾ ਵੀ ਮੁਨਾਸਬ ਨਹੀਂ ਸੀ । ਸਿੱਖ ਧਰਮ ਦੇ ਪ੍ਰਚਾਰ ਲਈ ਅਤੇ ਲੜਾਈਆਂ ਦਾ ਧਰਮ ਤੇ ਕੋਈ ਅਸਰ ਨਾ ਹੋਵੇ ਇਸ ਲਈ ਗੁਰੂ ਹਰਗੋਬਿੰਦ ਜੀ ਨੇ ਕੀਰਤਪੁਰ ਸਾਹਿਬ ਜਾਣਾ ਸਹੀ ਸਮਝਿਆ । ਇਸ ਸਮੇਂ ਜਨਵਰੀ 1628 ਈਸਵੀ ਤੋਂ ਮੁਗਲਾਂ ਦੇ ਦਿੱਲੀ ਤਖ਼ਤ ਤੇ “ਸ਼ਹਾਬ ਉਦ-ਦੀਨ ਮੁਹੰਮਦ ਸ਼ਾਹਜਹਾਨ” ਬਿਰਾਜਮਾਨ ਸੀ । ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਸ ਨਾਲ ਕੋਈ ਨੇੜਤਾ ਵੀ ਨਹੀਂ ਸੀ । ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਝੇ ਦੇ ਇਲਾਕੇ ਨੂੰ ਅਲਵਿਦਾ ਆਖਿਆ ਤਾਂ ਗੁਰੂ ਦਾ ਚੱਕ (ਅੰਮ੍ਰਿਤਸਰ) ਦੀ ਸੇਵਾ-ਸੰਭਾਲ ਆਪਣੇ ਤਾਏ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੂੰ ਸੌਂਪੀ ਅਤੇ ਗੋਇੰਦਵਾਲ ਸਾਹਿਬ ਦੀ ਸੇਵਾ-ਸੰਭਾਲ ਗੁਰੂ ਅਮਰਦਾਸ ਸਾਹਿਬ ਦੇ ਪੋਤੇ ਨੂੰ ਸੰਭਾਲੀ । ਕਰਤਾਰਪੁਰ (ਜਲੰਧਰ) ਵਿੱਚ ਸੇਵਾ ਸੰਭਾਲ ਦੀ ਜਿੰਮੇਵਾਰੀ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਧੀਰਮਲ ਨੂੰ ਸੌਂਪੀ ਗਈ ।

ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਆ ਗਏ ਤਾਂ ਇਥੇ ਹੀ ਸਿੱਖਾਂ ਦਾ ਵੱਡਾ ਧਾਰਮਿਕ ਕੇਂਦਰ ਬਣ ਗਿਆ । ਸਾਲ ਵਿੱਚ ਚਾਰ ਵਾਰ ਸੰਗਤਾਂ ਕੀਰਤਪੁਰ ਸਾਹਿਬ ਇਕੱਠੀਆਂ ਹੁੰਦੀਆਂ ਸੀ । ਮੁਗਲ ਬਾਦਸ਼ਾਹ ਦੇ ਦਰਬਾਰ ਤੋਂ ਬਾਅਦ ਹੁਣ ਕੀਰਤਪੁਰ ਸਾਹਿਬ ਸਿੱਖਾਂ ਦਾ ਦਰਬਾਰ ਸਭ ਤੋਂ ਵੱਡਾ ਦਰਬਾਰ ਬਣ ਚੁੱਕਾ ਸੀ । ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਕੀਰਤਪੁਰ ਸਾਹਿਬ ਤੋਂ ਚਲਾਇਆ ਕਰਦੇ ਸਨ। ਜਿਸ ਜਗ੍ਹਾ ਤੇ ਗੁਰੂ ਜੀ ਦਰਬਾਰ ਲਗਾਉਂਦੇ ਸਨ ਉਸ ਜਗ੍ਹਾ ਅੱਜ ਦੇ ਸਮੇਂ ਕੀਰਤਪੁਰ ਸਾਹਿਬ ਵਿੱਚ ਗੁਰਦੁਆਰਾ ਤਖਤ ਸਾਹਿਬ ਬਣਿਆ ਹੈ। ਇਸ ਤਖਤ ਸਾਹਿਬ ਤੇ ਨਮਸਤਕ ਹੋਣ ਲਈ ਕਹਿਲੂਰ (ਬਿਲਾਸਪੁਰ), ਹੰਡੂਰ (ਨਾਲਾਗੜ੍ਹ) ਤੋਂ ਇਲਾਵਾ ਮੰਡੀ, ਨਾਹਨ ਵਗੈਰਾਂ ਪਹਾੜਾਂ ਅਤੇ ਰਾਜਪੁਤਾਨਾ ਦੇ ਕਈ ਰਾਜੇ ਗੁਰੂ ਜੀ ਕੋਲ ਪਹੁੰਚਦੇ ਸਨ । ਕੀਰਤਪੁਰ ਸਾਹਿਬ ਵਿਖੇ ਰਹਿੰਦੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੰਡੂਰ ਦੇ ਰਾਜੇ ਹਿੰਮਤ ਚੰਦ ਦੀ ਰੋਪੜ ਦੇ ਨਵਾਬ ਨਾਸਰ ਅਲੀ ਖਾਨ ਦੇ ਵਿਰੁੱਧ ਸਹਾਇਤਾ ਕੀਤੀ ਸੀ ਅਤੇ ਨੰਗਲ ਗੁਜਰਾਂ ਵਿਖੇ ਹੋਈ ਲੜਾਈ ਵਿੱਚ ਜਿੱਤ ਵੀ ਪ੍ਰਾਪਤ ਕੀਤੀ ਸੀ । ਇਸ ਜਿੱਤ ਤੋਂ ਬਾਅਦ ਨਵਾਬ ਰੋਪੜ ਨੇ ਗੁਰੂ ਜੀ ਦੀ ਤਾਕਤ ਨੂੰ ਵੇਖਦੇ ਹੋਏ ਉਹਨਾਂ ਨਾਲ ਸਮਝੌਤਾ ਕਰ ਲਿਆ ਅਤੇ ਗੁਰੂ ਜੀ ਨੂੰ ਮਹਿਮਾਨ ਬਣ ਕੇ ਰੋਪੜ ਆਉਣ ਦਾ ਸੱਦਾ ਦਿੱਤਾ । ਗੁਰੂ ਜੀ ਜਦੋਂ ਰੋਪੜ ਗਏ ਤਾਂ ਉਹਨਾਂ ਦਾ ਸ਼ਾਹੀ ਇਸਤਕਵਾਲ ਕੀਤਾ ਗਿਆ । ਗੁਰੂ ਜੀ ਕਈ ਦਿਨਾਂ ਤੱਕ ਰੋਪੜ ਦੇ ਇਲਾਕੇ ਵਿੱਚ ਰਹੇ । ਕੀਰਤਪੁਰ ਸਾਹਿਬ ਨਗਰ ਵਿੱਚ ਹੀ ਗੁਰੂ ਹਰਿਰਾਏ ਜੀ ਅਤੇ ਗੁਰੂ ਹਰਕ੍ਰਿਸ਼ਨ ਜੀ ਦਾ ਜਨਮ ਸਥਾਨ ਵੀ ਹੈ । ਗੁਰੂ ਹਰਿਰਾਏ ਸਾਹਿਬ ਜੀ ਦਾ ਵਿਆਹ ਬੀਬੀ ਸੁਲੱਖਣੀ ਜੋ ਕਿ ਭਾਈ ਦਇਆ ਰਾਮ ਦੀ ਪੁੱਤਰੀ ਸੀ ਅਤੇ ਅਨੂਪਨਗਰ, ਗੁਜਰਾਵਾਲਾ ਦੀ ਰਹਿਣ ਵਾਲੀ ਸੀ ਨਾਲ ਕੀਰਤਪੁਰ ਸਾਹਿਬ ਰਹਿੰਦੇ ਹੀ ਹੋਇਆ । ਗੁਰੂ ਸਾਹਿਬਾਨਾਂ ਤੋਂ ਬਿਨਾਂ ਵੀ ਇਥੇ ਉਨਾਂ ਦੇ ਪਰਿਵਾਰਕ ਮੈਂਬਰ ਭਾਈ ਅਣੀ ਰਾਏ, ਬਾਬਾ ਸੂਰਜ ਮਲ, ਬਾਬਾ ਤੇਗ ਮਲ, ਬੀਬੀ ਵੀਰੋ ਆਪਣੇ ਪਰਿਵਾਰ ਸਮੇਤ ਅਤੇ ਹੋਰ ਕਈ ਮੈਂਬਰ ਰਹਿੰਦੇ ਰਹੇ ਸਨ। ਇਥੇ ਹੀ ਗੁਰੂ ਸਾਹਿਬ ਦੁਆਰਾ ਨੌ ਲੱਖਾ ਬਾਗ ਕੀਰਤਪੁਰ ਸਾਹਿਬ ਵਿੱਚ ਲਗਾਇਆ ਗਿਆ ਸੀ । ਜਿਸ ਬਾਗ਼ ਵਿੱਚ ਦੇਸੀ ਦਵਾਈਆਂ ਬਣਾਉਣ ਲਈ ਪੁਰਾਣੇ ਵਿਰਾਸਤੀ ਫਲਾਂ ਵਾਲੇ ਦਰਖ਼ਤ ਲਗਾਏ ਹੋਏ ਸੀ । ਇਸ ਨਗਰ ਵਿੱਚ ਹੀ ਗੁਰੂ ਹਰਰਾਏ ਜੀ ਨੇ ਦਵਾਖ਼ਾਨੇ ਬਣਾਏ । ਮੁਗਲ ਬਾਦਸ਼ਾਹ ਸ਼ਾਹਜਹਾਂ ਦੇ ਪੁੱਤਰ ਦਾਰਾ ਸ਼ਿਕੋਹ ਨੂੰ ਬਾਘ ਦੀ ਮੁੱਛ ਦਾ ਬਾਲ ਖਵਾ ਦਿੱਤਾ ਗਿਆ ਸੀ ਇਸ ਕਾਰਨ ਉਹ ਮੌਤ ਦੇ ਨੇੜੇ ਸੀ ।

ਸ਼ਾਹਜਹਾਂ ਨੇ ਗੁਰੂ ਹਰਰਾਏ ਜੀ ਅੱਗੇ ਅਰਦਾਸ ਕੀਤੀ ਤਾਂ ਗੁਰੂ ਜੀ ਨੇ ਕੀਰਤਪੁਰ ਸਾਹਿਬ ਤੋਂ ਹੀ ਸ਼ਾਹਜਹਾਂ ਨੂੰ ਦਾਰਾ ਸ਼ਿਕੋਹ ਦੇ ਇਲਾਜ ਲਈ ਚਿਕਿਤਸਕ ਪੌਦੇ ਭੇਜੇ ਸਨ। ਇੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੰਸਕਾਰ ਵੀ ਕੀਤਾ ਜਿੱਥੇ ਅੱਜ ਦੇ ਸਮੇਂ ਪਤਾਲਪੁਰੀ ਸਾਹਿਬ ਗੁਰਦੁਆਰਾ ਬਣਿਆ ਹੈ । ਜਦੋਂ ਗੁਰੂ ਤੇਗ਼ ਬਹਾਦਰ ਜੀ ਨਾਨਕ ਪਾਤਸ਼ਾਹ ਦੀ ਨੌਵੀਂ ਜੋਤ ਨੂੰ ਦਿੱਲੀ ਵਿੱਚ ਸ਼ਹੀਦ ਕੀਤਾ ਗਿਆ ਤਾਂ ਉਹਨਾਂ ਦੇ ਅਨਿਨ ਭਗਤ ਭਾਈ ਜੈਤਾ ਜੀ ਉਹਨਾਂ ਦਾ ਸੀਸ ਲੈ ਕੇ ਕੀਰਤਪੁਰ ਸਾਹਿਬ ਬਿਬਾਨਗੜ੍ਹ ਸਥਾਨ ਤੇ ਆ ਕੇ ਰੁਕੇ ਸਨ । ਅੱਜ ਦੇ ਸਮੇਂ ਵਿੱਚ ਇਸ ਸਥਾਨ ‘ਤੇ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਬਣਿਆ ਹੈ । ਵਰਤਮਾਨ ਸਮੇਂ ਵਿੱਚ ਕੀਰਤਪੁਰ ਸਾਹਿਬ ਵਿਖੇ ਬਹੁਤ ਸਾਰੇ ਅਜਿਹੇ ਸਥਾਨ ਹਨ ਜੋ ਸਿੱਖ ਧਰਮ ਨਾਲ ਸੰਬੰਧਿਤ ਹਨ ।

Gurdwaras in kiratpur sahib
Pic Credit : Social Media

ਗੁਰਦੁਆਰਾ ਚਰਨ ਕੰਵਲ ਸਾਹਿਬ, ਬਾਬਾ ਗੁਰਦਿੱਤਾ ਜੀ ਦਾ ਸਥਾਨ, ਬਾਬਾ ਬੁੱਢਣ ਸ਼ਾਹ ਜੀ ਦਾ ਸਥਾਨ, ਗੁਰਦੁਆਰਾ ਸੀਸ ਮਹਿਲ, ਸਥਾਨ ਬਾਬਾ ਸ਼੍ਰੀ ਚੰਦ ਜੀ, ਗੁਰਦੁਆਰਾ ਪਤਾਲਪੁਰੀ ਸਾਹਿਬ, ਗੁਰਦੁਆਰਾ ਬਿਬਾਨਗੜ੍ਹ ਸਾਹਿਬ ਅਤੇ ਕਈ ਹੋਰ ਸਥਾਨ । ਇਹਨਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਮੌਜੂਦਾ ਸਮੇਂ ਵਿੱਚ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਚੱਜੇ ਢੰਗ ਨਾਲ ਕਰ ਰਹੀ ਹੈ ਅਤੇ ਇਸ ਸਾਲ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਨੂੰ ਵੱਡੇ ਪੱਧਰ ਤੇ ਮਨਾ ਰਹੀ ਹੈ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੀਸ ਮਹਿਲ ਸਾਹਿਬ ਵਿਖੇ 29 ਅਪ੍ਰੈਲ ਤੋਂ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ । ਲਗਾਤਾਰ ਤਿੰਨ ਰੋਜ਼ ਕੀਰਤਨ ਦਰਬਾਰ ਚੱਲ ਰਹੇ ਹਨ । ਦੂਰੋਂ-ਦੂਰੋਂ ਚੱਲ ਕੇ ਆਈਆਂ ਸੰਗਤਾਂ ਲਈ ਲੰਗਰ ਦਾ ਅਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਹੋਇਆ ਹੈ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹੋਰ ਸਿੱਖ ਸੰਪਰਦਾਵਾਂ ਵੱਲੋਂ ਵੀ ਇਸ 400 ਸਾਲਾ ਸਥਾਪਨਾ ਦਿਵਸ ਵਿੱਚ ਸੇਵਾ ਨਿਭਾਈ ਜਾ ਰਹੀ ਹੈ। 01 ਮਈ 2026 ਨੂੰ ਸ਼੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਦੀ ਸ਼ਤਾਬਦੀ ਸਬੰਧੀ ਮੁੱਖ ਸਮਾਗਮ ਕਰਵਾਏ ਗਏ। ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਰਤਪੁਰ ਸਾਹਿਬ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਕੀਰਤਪੁਰ ਸਾਹਿਬ ਦਾ 400 ਸਾਲਾ ਸਥਾਪਨਾ ਦਿਵਸ ਮਨਾਉਣਾ ਇੱਕ ਸ਼ਲਾਘਾਯੋਗ ਕਦਮ ਹੈ ।

Asst. Prof. Ravinder Singh

PG Department of History Sri Guru Teg Bahadur Khalsa College, Sri Anandpur Sahib, Ropar, Punjab.

Post navigation

Leave a Comment

Leave a Reply

Your email address will not be published. Required fields are marked *