‘ਮਜ਼ਦੂਰ ਦਿਵਸ’ ਨੂੰ ਲੇਬਰ ਡੇਅ, ਕਰਮਚਾਰੀ ਦਿਵਸ ਆਦਿ ਵੀ ਕਿਹਾ ਜਾਂਦਾ ਹੈ। ਹਰ ਸਾਲ 1 ਮਈ ਨੂੰ ਦੁਨੀਆ ਭਰ ਵਿੱਚ ‘ਅੰਤਰਰਾਸ਼ਟਰੀ ਮਜ਼ਦੂਰ ਦਿਵਸ’ ਮਨਾਇਆ ਜਾਂਦਾ ਹੈ, ਜਿਸ ਨੂੰ ‘ਮਈ ਦਿਵਸ’ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਦਿਨ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੈ, ਕਿਉਂਕਿ ਇਹ ਮਨੁੱਖੀ ਸੱਭਿਅਤਾ ਦੀ ਨੀਂਹ ਰੱਖਣ ਵਾਲੇ ਕਿਰਤੀਆਂ ਦੇ ਸੰਘਰਸ਼, ਕੁਰਬਾਨੀਆਂ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਸਮਰਪਿਤ ਹੈ। ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਅੱਜ ਅਸੀਂ ਜਿਸ ਸੁਖਾਵੇਂ ਕੰਮ-ਸੱਭਿਆਚਾਰ ਦਾ ਆਨੰਦ ਮਾਣ ਰਹੇ ਹਾਂ, ਉਹ ਮਜ਼ਦੂਰਾਂ ਦੇ ਲੰਬੇ ਅਤੇ ਲਹੂ-ਵੀਟਵੇਂ ਸੰਘਰਸ਼ ਦੀ ਦੇਣ ਹੈ।
ਮਜ਼ਦੂਰਾਂ ਅਤੇ ਕਰਮਚਾਰੀਆਂ ਦੀ ਮਿਹਨਤ ਅਤੇ ਲਗਨ ਦੀ ਬਦੌਲਤ ਹੀ ਅੱਜ ਦੁਨੀਆ ਭਰ ਦੇ ਦੇਸ਼ ਹਰ ਖੇਤਰ ਵਿੱਚ ਵਿਕਾਸ ਕਰ ਰਹੇ ਹਨ। ਇਸ ਦਿਨ ਲਗਭਗ ਸਾਰੀਆਂ ਕੰਪਨੀਆਂ ਅਤੇ ਅਦਾਰਿਆਂ ਵਿਚ ਛੁੱਟੀ ਰਹਿੰਦੀ ਹੈ। ਸਿਰਫ ਭਾਰਤ ਹੀ ਨਹੀਂ ਦੁਨੀਆ ਦੇ ਕਰੀਬ 80 ਦੇਸ਼ਾਂ ਵਿੱਚ ਇਸ ਦਿਨ ਛੁੱਟੀ ਰਹਿੰਦੀ ਹੈ।
ਸ਼ਿਕਾਗੋ ਦਾ ਖ਼ੂਨੀ ਸੰਘਰਸ਼

ਦਰਅਸਲ, ਮਜ਼ਦੂਰ ਦਿਵਸ ਦੀ ਸ਼ੁਰੂਆਤ 19ਵੀਂ ਸਦੀ ਦੇ ਅੰਤ ਵਿੱਚ ਅਮਰੀਕਾ ਤੋਂ ਹੋਈ। ਉਸ ਸਮੇਂ ਮਜ਼ਦੂਰਾਂ ਤੋਂ 15-15 ਘੰਟੇ ਕੰਮ ਲਿਆ ਜਾਂਦਾ ਸੀ ਅਤੇ ਹਾਲਾਤ ਬੇਹੱਦ ਮਾੜੇ ਸਨ। 1 ਮਈ 1886 ਨੂੰ ਸ਼ਿਕਾਗੋ ਵਿੱਚ ਹਜ਼ਾਰਾਂ ਮਜ਼ਦੂਰਾਂ ਨੇ “ਅੱਠ ਘੰਟੇ ਕੰਮ ਦੀ ਦਿਹਾੜੀ” ਦੀ ਮੰਗ ਨੂੰ ਲੈ ਕੇ ਹੜਤਾਲ ਕੀਤੀ। 4 ਮਈ ਨੂੰ ਇੱਕ ਸ਼ਾਂਤਮਈ ਰੈਲੀ ਦੌਰਾਨ ਹੋਏ ਬੰਬ ਧਮਾਕੇ ਅਤੇ ਉਸ ਤੋਂ ਬਾਅਦ ਪੁਲਿਸ ਦੀ ਗੋਲੀਬਾਰੀ ਵਿੱਚ ਕਈ ਮਜ਼ਦੂਰ ਸ਼ਹੀਦ ਹੋ ਗਏ।

ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ 1889 ਵਿੱਚ ਅੰਤਰਰਾਸ਼ਟਰੀ ਸਮਾਜਵਾਦੀ ਕਾਨਫਰੰਸ ਨੇ ਐਲਾਨ ਕੀਤਾ ਕਿ ਹਰ ਸਾਲ 1 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਵੇਗਾ। ਭਾਰਤ ਵਿੱਚ ਪਹਿਲੀ ਵਾਰ ਮਈ ਦਿਵਸ 1 ਮਈ 1923 ਨੂੰ ਚੇਨਈ (ਉਸ ਵੇਲੇ ਦਾ ਮਦਰਾਸ) ਵਿਖੇ ‘ਲੇਬਰ ਕਿਸਾਨ ਪਾਰਟੀ ਆਫ ਹਿੰਦੁਸਤਾਨ’ ਦੀ ਅਗਵਾਈ ਹੇਠ ਮਨਾਇਆ ਗਿਆ ਸੀ।
ਪੰਜਾਬ ਵਿੱਚ ਮਜ਼ਦੂਰਾਂ ਦੀ ਅਜੋਕੀ ਸਥਿਤੀ ਕਿੱਥੇ ਖੜੀ ਅਤੇ ਕੀ ਨੇ ਮੁਸ਼ਕਲਾਂ?

ਪੰਜਾਬ, ਜਿਸ ਨੂੰ ਦੇਸ਼ ਦਾ ‘ਅੰਨਦਾਤਾ’ ਕਿਹਾ ਜਾਂਦਾ ਹੈ, ਦੀ ਆਰਥਿਕਤਾ ਦਾ ਧੁਰਾ ਖੇਤੀਬਾੜੀ ਅਤੇ ਉਦਯੋਗਿਕ ਮਜ਼ਦੂਰ ਹਨ। ਪੰਜਾਬ ਵਿੱਚ ਮਜ਼ਦੂਰ ਮੁੱਖ ਤੌਰ ‘ਤੇ ਤਿੰਨ ਸ਼੍ਰੇਣੀਆਂ ਵਿੱਚ ਵੰਡੇ ਹੋਏ ਹਨ; ਖੇਤ ਮਜ਼ਦੂਰ, ਉਦਯੋਗਿਕ ਮਜ਼ਦੂਰ (ਲੁਧਿਆਣਾ, ਜਲੰਧਰ ਵਰਗੇ ਸ਼ਹਿਰ) ਅਤੇ ਨਿਰਮਾਣ ਕਾਰਜਾਂ ਵਿੱਚ ਲੱਗੇ ਦਿਹਾੜੀਦਾਰ ਮਜ਼ਦੂਰ।
ਪੰਜਾਬ ਵਿੱਚ ਹਰੀ ਕ੍ਰਾਂਤੀ ਨੇ ਜਿਥੇ ਖੁਸ਼ਹਾਲੀ ਲਿਆਂਦੀ, ਉਥੇ ਮਸ਼ੀਨੀਕਰਨ (ਕੰਬਾਈਨਾਂ, ਟਰੈਕਟਰ) ਨੇ ਖੇਤ ਮਜ਼ਦੂਰਾਂ ਲਈ ਰੁਜ਼ਗਾਰ ਦੇ ਦਿਨ ਘਟਾ ਦਿੱਤੇ ਹਨ। ਕਿਸਾਨਾਂ ਵਾਂਗ ਪੰਜਾਬ ਦਾ ਖੇਤ ਮਜ਼ਦੂਰ ਵੀ ਕਰਜ਼ੇ ਦੇ ਮਕੜਜਾਲ ਵਿੱਚ ਫਸਿਆ ਹੋਇਆ ਹੈ। ਅੰਕੜੇ ਦੱਸਦੇ ਹਨ ਕਿ ਖੇਤ ਮਜ਼ਦੂਰਾਂ ਵਿੱਚ ਖੁਦਕੁਸ਼ੀਆਂ ਦੀ ਦਰ ਚਿੰਤਾਜਨਕ ਪੱਧਰ ਤੱਕ ਵੱਧ ਗਈ ਹੈ। ਪੇਂਡੂ ਖੇਤਰਾਂ ਵਿੱਚ ਜਾਤੀਗਤ ਵਿਤਕਰਾ ਅਜੇ ਵੀ ਮੌਜੂਦ ਹੈ, ਜਿਸ ਕਾਰਨ ਮਜ਼ਦੂਰਾਂ ਨੂੰ ਨਾ ਸਿਰਫ ਆਰਥਿਕ ਸਗੋਂ ਸਮਾਜਿਕ ਨਿਆਂ ਲਈ ਵੀ ਲੜਨਾ ਪੈਂਦਾ ਹੈ।
ਪੇਂਡੂ ਮਜ਼ਦੂਰਾਂ ਲਈ ਮਨਰੇਗਾ ਰੁਜ਼ਗਾਰ ਦਾ ਇੱਕ ਸਾਧਨ ਹੈ, ਪਰ ਇਸ ਵਿੱਚ ਵੀ ਕਈ ਖ਼ਾਮੀਆਂ ਹਨ; ਕੰਮ ਦੇ ਦਿਨਾਂ ਦੀ ਘਾਟ (100 ਦਿਨ ਦਾ ਰੁਜ਼ਗਾਰ ਕਾਗਜ਼ਾਂ ਤੱਕ ਸੀਮਤ ਹੋਣਾ)। ਦਿਹਾੜੀ ਦਾ ਸਮੇਂ ਸਿਰ ਨਾ ਮਿਲਣਾ। ਬਜਟ ਵਿੱਚ ਕਟੌਤੀ ਕਾਰਨ ਮਜ਼ਦੂਰਾਂ ਵਿੱਚ ਨਿਰਾਸ਼ਾ।
ਉਦਯੋਗਿਕ ਮਜ਼ਦੂਰਾਂ ਦੀਆਂ ਸਮੱਸਿਆਵਾਂ

ਲੁਧਿਆਣਾ ਵਰਗੇ ਉਦਯੋਗਿਕ ਹੱਬ ਵਿੱਚ ਲੱਖਾਂ ਪ੍ਰਵਾਸੀ ਅਤੇ ਸਥਾਨਕ ਮਜ਼ਦੂਰ ਕੰਮ ਕਰਦੇ ਹਨ। ਸਰਕਾਰ ਵੱਲੋਂ ਮਿੱਥੀ ਗਈ ਘੱਟੋ-ਘੱਟ ਉਜਰਤ ਕਈ ਥਾਵਾਂ ‘ਤੇ ਲਾਗੂ ਨਹੀਂ ਹੁੰਦੀ। ਮਹਿੰਗਾਈ ਦੇ ਦੌਰ ਵਿੱਚ ਮਾਮੂਲੀ ਤਨਖਾਹ ਨਾਲ ਗੁਜ਼ਾਰਾ ਕਰਨਾ ਮੁਸ਼ਕਿਲ ਹੈ। ਕਈ ਫੈਕਟਰੀਆਂ ਵਿੱਚ ਸੁਰੱਖਿਆ ਨਿਯਮਾਂ ਦੀ ਘਾਟ ਕਾਰਨ ਹਾਦਸੇ ਵਾਪਰਦੇ ਰਹਿੰਦੇ ਹਨ। ਬੈਂਗਲੁਰੂ ਜਾਂ ਇੰਦੌਰ ਵਰਗੇ ਹਾਦਸਿਆਂ ਵਾਂਗ ਪੰਜਾਬ ਵਿੱਚ ਵੀ ਉਦਯੋਗਿਕ ਇਕਾਈਆਂ ਵਿੱਚ ਕੰਧਾਂ ਡਿੱਗਣ ਜਾਂ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਮਜ਼ਦੂਰ ਆਪਣੀਆਂ ਜਾਨਾਂ ਗੁਆ ਚੁੱਕੇ ਹਨ।
ਕੀ ਸਰਕਾਰੀ ਸਕੀਮਾਂ ਦਾ ਮਜ਼ਦੂਰਾਂ ਨੂੰ ਮਿਲਦੈ ਲਾਭ?

ਪੰਜਾਬ ਸਰਕਾਰ ਵੱਲੋਂ ਮਜ਼ਦੂਰ ਭਲਾਈ ਬੋਰਡ ਰਾਹੀਂ ਕਈ ਸਕੀਮਾਂ ਚਲਾਈਆਂ ਜਾਂਦੀਆਂ ਹਨ (ਜਿਵੇਂ ਸ਼ਗਨ ਸਕੀਮ, ਬੱਚਿਆਂ ਲਈ ਵਜ਼ੀਫਾ)। ਪਰ ਤਾਜ਼ਾ ਰਿਪੋਰਟਾਂ ਅਨੁਸਾਰ, ਬਹੁਤ ਸਾਰੇ ਮਜ਼ਦੂਰ ਇਨ੍ਹਾਂ ਸਕੀਮਾਂ ਬਾਰੇ ਜਾਗਰੂਕ ਨਹੀਂ ਹਨ ਜਾਂ ਫਿਰ ਦਫ਼ਤਰੀ ਕਾਰਵਾਈਆਂ ਵਿੱਚ ਉਲਝ ਕੇ ਰਹਿ ਜਾਂਦੇ ਹਨ।
ਪੰਜਾਬ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਦੀ ਦਖਲਅੰਦਾਜ਼ੀ ਨੇ ਵੀ ਸਮੇਂ-ਸਮੇਂ ‘ਤੇ ਮਜ਼ਦੂਰਾਂ ਦੀ ਗਰਿਮਾ ਅਤੇ ਸਹੂਲਤਾਂ ਬਾਰੇ ਸਵਾਲ ਚੁੱਕੇ ਹਨ। ਉਦਾਹਰਣ ਵਜੋਂ, ਸਰਕਾਰੀ ਹਸਪਤਾਲਾਂ (ਜਿਵੇਂ ਸਿਵਲ ਹਸਪਤਾਲਾਂ) ਦੀ ਬਦਹਾਲੀ ਦਾ ਸਭ ਤੋਂ ਵੱਧ ਪ੍ਰਭਾਵ ਮਜ਼ਦੂਰ ਜਮਾਤ ‘ਤੇ ਹੀ ਪੈਂਦਾ ਹੈ, ਜਿਨ੍ਹਾਂ ਕੋਲ ਮਹਿੰਗੇ ਨਿਜੀ ਇਲਾਜ ਲਈ ਪੈਸੇ ਨਹੀਂ ਹੁੰਦੇ।
ਸਮਾਜਿਕ ਚੁਣੌਤੀਆਂ ਕੀ ਨੇ ਅਤੇ ਮਜ਼ਦੂਰਾਂ ਦੇ ਮਸਲੇ ਕਿਵੇਂ ਹੋਣਗੇ ਹੱਲ?

ਪੰਜਾਬ ਵਿੱਚ ਨਸ਼ਿਆਂ ਦੀ ਮਾਰ ਨੇ ਮਜ਼ਦੂਰ ਪਰਿਵਾਰਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਜਵਾਨੀ ਨਸ਼ਿਆਂ ਦੇ ਰਾਹ ਪੈਣ ਕਾਰਨ ਕਈ ਘਰਾਂ ਦੇ ਚੁੱਲ੍ਹੇ ਠੰਢੇ ਹੋ ਗਏ ਹਨ। ਇਸ ਤੋਂ ਇਲਾਵਾ, ਮਜ਼ਦੂਰਾਂ ਦੇ ਬੱਚਿਆਂ ਲਈ ਮਿਆਰੀ ਸਿੱਖਿਆ ਅਜੇ ਵੀ ਇੱਕ ਸੁਪਨਾ ਹੈ, ਜਿਸ ਕਾਰਨ ਮਜ਼ਦੂਰ ਦਾ ਬੱਚਾ ਮੁੜ ਮਜ਼ਦੂਰ ਬਣ ਕੇ ਹੀ ਰਹਿ ਜਾਂਦਾ ਹੈ।
ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਉਹ ਮਜ਼ਦੂਰਾਂ ਦੀ ਹਾਲਤ ਸਚਮੁੱਚ ਸੁਧਾਰਨਾ ਚਾਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਮਹਿੰਗਾਈ ਦੇ ਦੌਰ ਵਿੱਚ ਉਨ੍ਹਾਂ ਦੀ ਉਜਰਤਾ ਵੱਲ ਧਿਆਨ ਦੇਣਾ ਹੋਵੇਗਾ। ਮਹਿੰਗਾਈ ਦੇ ਅਨੁਪਾਤ ਵਿੱਚ ਮਜ਼ਦੂਰਾਂ ਦੀ ਦਿਹਾੜੀ ਵਧਣੀ ਚਾਹੀਦੀ ਹੈ। ਹਰ ਮਜ਼ਦੂਰ ਦਾ ਬੀਮਾ ਅਤੇ ਪੈਨਸ਼ਨ ਸਕੀਮ ਯਕੀਨੀ ਬਣਾਈ ਜਾਵੇ। ਮਜ਼ਦੂਰਾਂ ਦੇ ਬੱਚਿਆਂ ਲਈ ਮੁਫ਼ਤ ਅਤੇ ਉੱਚ-ਪੱਧਰੀ ਸਿੱਖਿਆ ਅਤੇ ਪਰਿਵਾਰ ਲਈ ਬਿਹਤਰ ਸਿਹਤ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ। ਮਜ਼ਦੂਰ ਜਥੇਬੰਦੀਆਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਸਿਰਫ ਮਜ਼ਦੂਰ ਹਿੱਤਾਂ ਲਈ ਲੜਨਾ ਚਾਹੀਦਾ ਹੈ।
ਖ਼ੈਰ, 1 ਮਈ ਮਜ਼ਦੂਰ ਦਿਵਸ ਸਿਰਫ ਛੁੱਟੀ ਮਨਾਉਣ ਜਾਂ ਭਾਸ਼ਣ ਦੇਣ ਦਾ ਦਿਨ ਨਹੀਂ ਹੈ, ਸਗੋਂ ਇਹ ‘ਕਿਰਤ ਦੀ ਮਹਾਨਤਾ’ ਨੂੰ ਪਛਾਣਨ ਦਾ ਦਿਨ ਹੈ। ਬਾਬੇ ਨਾਨਕ ਨੇ ਵੀ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦਾ ਹੋਕਾ ਦੇ ਕੇ ਮਜ਼ਦੂਰ ਦੇ ਹੱਥਾਂ ਦੀ ਕਮਾਈ ਨੂੰ ਸਭ ਤੋਂ ਉੱਤਮ ਮੰਨਿਆ ਸੀ। ਪੰਜਾਬ ਦੀ ਖੁਸ਼ਹਾਲੀ ਉਦੋਂ ਹੀ ਸਾਰਥਕ ਹੋਵੇਗੀ, ਜਦੋਂ ਇਥੋਂ ਦੇ ਖੇਤਾਂ ਅਤੇ ਫੈਕਟਰੀਆਂ ਵਿੱਚ ਪਸੀਨਾ ਵਹਾਉਣ ਵਾਲੇ ਕਿਰਤੀ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾਵੇਗਾ।



Leave a Comment