jassa singh

18ਵੀਂ ਸਦੀ ਦਾ ਮਹਾਨ ਜਰਨੈਲ: ਜੱਸਾ ਸਿੰਘ ਆਹਲੂਵਾਲੀਆ

ਸਿੱਖ ਇਤਿਹਾਸ ਕੁਰਬਾਨੀਆਂ, ਸ਼ਹੀਦੀਆਂ, ਸਾਕਿਆਂ, ਘੱਲੂਘਾਰਿਆਂ ਨਾਲ ਸਰਸ਼ਾਰ ਹੈ। ਵਿਸ਼ਵ ਦੇ ਇਤਿਹਾਸ ‘ਤੇ ਝਾਤ ਮਾਰੀਏ ਤਾਂ ਇਹ ਤੱਥ ਸਾਹਮਣੇ ਆਉਂਦੇ ਹਨ ਕਿ ਜਿੰਨੀਆਂ ਕੁਰਬਾਨੀਆਂ, ਸ਼ਹਾਦਤਾਂ ਸਿੱਖ ਇਤਿਹਾਸ ਦੇ ਹਿੱਸੇ ਆਈਆਂ ਉਨੀਆਂ ਕਿਸੇ ਹੋਰ ਕੌਮ ਦੇ ਹਿੱਸੇ ਨਹੀਂ। ਸਿੱਖਾਂ ਦੇ ਨੌਵੇਂ ਗੁਰੂ ਨਾਨਕ ਪਾਤਸ਼ਾਹ ਦੀ ਨੌਵੀਂ ਜੋਤ ਧੰਨ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਵਰਗੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਦੇ ਕਿਸੇ ਪੰਨੇ ‘ਤੇ ਨਹੀਂ ਮਿਲਦੀ । ਮੁਗ਼ਲ ਬਾਦਸ਼ਾਹ ਅਬੂ-ਜਫਰ-ਮੁਹੀ-ਉਦ-ਦੀਨ ਮੁਹੰਮਦ ਔਰੰਗਜ਼ੇਬ ਦੇ ਸਮੇਂ ਵਿੱਚ ਹੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਹੋਈ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾਂ ਵੀ ਛੱਡਣਾ ਪਿਆ । ਔਰੰਗਜ਼ੇਬ ਅਤੇ ਉਸ ਤੋਂ ਬਾਅਦ ਦੇ ਮੁਗ਼ਲ ਬਾਦਸ਼ਾਹ ਪੰਜਾਬ ਵਿੱਚੋਂ ਸਿੱਖਾਂ ਦਾ ਖੁਰਾ ਖੋਜ ਖਤਮ ਕਰਨਾ ਚਾਹੁੰਦੇ ਸਨ । ਪਰ ਗੁਰੂ ਗੋਬਿੰਦ ਸਿੰਘ ਜੀ ਦਾ ਥਾਪਿਆ ਖਾਲਸਾ ਦਿਨ ਪ੍ਰਤੀ ਦਿਨ ਚੜ੍ਹਦੀ ਕਲਾ ਵੱਲ ਸੀ । ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਦੇ ਸਮੇਂ ਦੀ ਗੱਲ ਕਰੀਏ ਤਾਂ 18ਵੀਂ ਸਦੀ ਦੇ ਵਿੱਚ ਸਿੱਖ ਕੌਮ ਨੇ ਬਹੁਤ ਸੰਤਾਪ ਹੰਡਾਇਆ । ਸਿੱਖਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ, ਬਹੁਤ ਸ਼ਹੀਦੀਆਂ ਹੋਈਆਂ । ਪਰ ਫਿਰ ਵੀ ਇਸ ਸਦੀ ਦੇ ਵਿੱਚ ਸਿੱਖ ਕੌਮ ਨੇ ਇੱਕ ਮਹਾਨ ਯੋਧਾ ਵੀ ਪੈਦਾ ਕੀਤਾ, ਜਿਸ ਦਾ ਨਾਮ ਸਿੱਖ ਕੌਮ ਵਿੱਚ ਜੱਸਾ ਸਿੰਘ ਆਹਲੂਵਾਲੀਆ ਦੇ ਨਾਮ ਨਾਲ ਪ੍ਰਸਿੱਧ ਹੈ । ਸਰਦਾਰ ਜੱਸਾ ਸਿੰਘ ਆਹਲੂਵਾਲੀਆ ਪੰਥ ਦੇ ਉੱਚੇ ਸੁੱਚੇ ਜੱਥੇਦਾਰ ਅਤੇ ਬਹਾਦਰ ਯੋਧੇ ਸਨ । ਜਿਨਾਂ ਦੇ ਰੋਮ-ਰੋਮ ਵਿੱਚ ਅਣਖ ਅਤੇ ਆਜ਼ਾਦੀ ਨਾਲ ਜੀਣ ਦੇ ਚਾਉ ਸਨ । ਸਿੱਖ ਪੰਥ ਦੇ ਇਸ ਹੀਰੇ ਸ਼ਹਿਨਸ਼ਾਹ ਦਾ ਜਨਮ 03 ਮਈ 1718 ਈਸਵੀ ਵਿੱਚ ਲਾਹੌਰ ਦੇ ਪਿੰਡ ਅਹਲੂ ਵਿਖੇ ਸਰਦਾਰ ਬਦਰ ਸਿੰਘ ਦੇ ਘਰ ਹੋਇਆ । ਕਪੂਰਥਲਾ ਰਿਆਸਤ ਵਿੱਚ ਜੋ ਜੱਸਾ ਸਿੰਘ ਆਹਲੂਵਾਲੀਆ ਦਾ ਰਿਕਾਰਡ ਮਿਲਦਾ ਹੈ ਉਸ ਅਨੁਸਾਰ ਜੱਸਾ ਸਿੰਘ ਦੇ ਪੁਰਾਣੇ ਬਜ਼ੁਰਗ ਭੱਟੀ ਰਾਜਪੂਤ ਜੈਸਲਮੇਰ ਦੇ ਰਹਿਣ ਵਾਲੇ ਸਨ । ਤੱਥਾ ਅਨੁਸਾਰ ਜੈਸਲਮੇਰ ਦਾ ਰਾਜਪੂਤ ਰਾਜਾ ਰਾਣਾ ਹਰਿ ਰਾਏ ਇਸ ਕਰਕੇ ਜੈਸਲਮੇਰ ਛੱਡ ਪੰਜਾਬ ਵੱਲ ਆ ਗਿਆ ਸੀ ਕਿ ਉਸਨੇ ਮੁਗ਼ਲ ਬਾਦਸ਼ਾਹ ਜਲਾਲ-ਉਦ-ਦੀਨ ਮੁਹੰਮਦ ਅਕਬਰ ਨਾਲ ਆਪਣੀ ਭਤੀਜੀ ਦਾ ਵਿਆਹ ਕਰਨ ਤੋਂ ਮਨਾ ਕਰ ਦਿੱਤਾ ਸੀ । ਰਾਣਾ ਹਰਿ ਰਾਏ ਦੇ ਵੰਸ਼ਕਾਂ ਨੇ ਜੱਟਾਂ ਨਾਲ ਵਿਆਹ ਸੰਬੰਧ ਬਣਾ ਲਏ ਅਤੇ ਉਨਾਂ ਵਿੱਚੋਂ ਇੱਕ ਸਾਧੂ ਸਿੰਘ ਨੇ ਕਲਾਲ (ਕਲੇਰ) ਪਰਿਵਾਰ ਨਾਲ ਵਿਆਹ ਕੀਤਾ ਅਤੇ ਆਪਣੇ ਆਪ ਨੂੰ ਆਹਲੂਵਾਲੀਆ ਕਲੇਰ ਦੇ ਨਾਮ ਨਾਲ ਪੁਕਾਰਿਆ । ਸਰਦਾਰ ਸਾਧੂ ਸਿੰਘ ਦੇ ਪੜ-ਪੋਤੇ ਸਰਦਾਰ ਬਦਰ ਸਿੰਘ ਦੇ ਘਰ ਜੱਸਾ ਸਿੰਘ ਆਹਲੂਵਾਲੀਆ ਨੇ ਜਨਮ ਲਿਆ ਸੀ । ਸਰਦਾਰ ਜੱਸਾ ਸਿੰਘ ਉਦੋਂ ਸਿਰਫ ਪੰਜ ਸਾਲ ਦੇ ਸਨ ਜਦੋਂ ਪਿਤਾ ਦਾ ਸਾਇਆ ਉਹਨਾਂ ਦੇ ਸਿਰ ਤੋਂ ਉੱਠ ਗਿਆ । ਗੁਰੂ ਗੋਬਿੰਦ ਸਿੰਘ ਜੀ ਦੇ ਭਗਤ ਹੋਣ ਕਾਰਨ ਮਾਤਾ ਸੁੰਦਰੀ ਜੀ ਨੇ ਜੱਸਾ ਸਿੰਘ ਅਤੇ ਉਸਦੀ ਮਾਤਾ ਨੂੰ 1723 ਈਸਵੀ ਵਿੱਚ ਦਿੱਲੀ ਆਪਣੇ ਕੋਲ ਰੱਖ ਲਿਆ । ਜਿਥੇ ਜੱਸਾ ਸਿੰਘ ਨੂੰ ਪੜ੍ਹਾਇਆ ਅਤੇ ਪਾਲਿਆ ਗਿਆ । ਜੱਸਾ ਸਿੰਘ ਆਹਲੂਵਾਲੀਆ ਨੇ ਦਿੱਲੀ ਵਿੱਚ ਰਹਿੰਦਿਆਂ ਗੁਰਮੁਖੀ ਸਿੱਖੀ, ਫਾਰਸੀ ਭਾਸ਼ਾ ਦਾ ਗਿਆਨ ਪ੍ਰਾਪਤ ਕੀਤਾ ਅਤੇ ਦੋ ਤਾਰੇ (ਤਾਨਪੁਰੇ ਦਾ ਛੋਟਾ ਰੂਪ) ਨਾਲ ਕੀਰਤਨ ਕਰਨਾ ਵੀ ਸਿੱਖਿਆ । 1730 ਈਸਵੀ ਵਿੱਚ ਜੱਸਾ ਸਿੰਘ ਆਹਲੂਵਾਲੀਆ ਦੇ ਮਾਮਾ ਸਰਦਾਰ ਬਾਘ ਸਿੰਘ ਉਸ ਨੂੰ ਆਪਣੇ ਨਾਲ ਪੰਜਾਬ ਲੈ ਆਏ । ਮਾਤਾ ਸੁੰਦਰੀ ਜੀ ਨੇ ਜੱਸਾ ਸਿੰਘ ਨੂੰ ਵਿਦਾਇਗੀ ਵੇਲੇ ਢਾਲ, ਤੀਰਾਂ ਦਾ ਭੱਥਾ ਅਤੇ ਚਾਂਦੀ ਦੀ ਇੱਕ ਚੋਬ੍ਹ ਦੇ ਕੇ ਵਿਦਾ ਕੀਤਾ । ਮਾਤਾ ਸੁੰਦਰੀ ਜੀ ਨੇ ਬਾਲਕ ਦੀ ਉਚੇਰੀ ਵਿਦਿਆ ਲਈ ਅਤੇ ਅਸਤਰ-ਸ਼ਸਤਰ ਦੀ ਵਿਦਿਆ ਲਈ ਨਵਾਬ ਕਪੂਰ ਸਿੰਘ ਨੂੰ ਪੱਤਰ ਵੀ ਲਿਖਿਆ । ਨਵਾਬ ਕਪੂਰ ਸਿੰਘ ਨੇ ਜੱਸਾ ਸਿੰਘ ਨੂੰ ਆਪਣਾ ਧਰਮ ਦਾ ਪੁੱਤ ਬਣਾ ਕੇ ਧਰਮ ਸ਼ਾਸਤਰ ਅਤੇ ਇਖਲਾਕੀ ਸਿੱਖਿਆ ਦਿੱਤੀ । ਮਾਰਚ 1733 ਈਸਵੀ ਤੋਂ ਲੈ ਕੇ ਨਵਾਬ ਕਪੂਰ ਸਿੰਘ ਦੀ ਮੌਤ 1753 ਈਸਵੀ ਤੱਕ ਜੱਸਾ ਸਿੰਘ ਅਹਲੂਵਾਲੀਆ ਨਵਾਬ ਕਪੂਰ ਸਿੰਘ ਦਾ ਸਾਇਆ ਬਣ ਉਹਨਾਂ ਦੇ ਨਾਲ ਰਿਹਾ । 1745 ਦੀ ਦਿਵਾਲੀ ਵਾਲੇ ਦਿਨ ਬੁੱਢਾ ਦਲ ਤੇ ਤਰਨਾ ਦਲ ਦੀ ਸਾਰੀ ਸੈਨਾ ਨੂੰ 25 ਹਿੱਸਿਆਂ ਵਿੱਚ ਵੰਡਿਆ ਗਿਆ ਇਹਨਾਂ 25 ਹਿੱਸਿਆਂ ਵਿੱਚ ਘੋੜਸਵਾਰ ਸ਼ਾਮਿਲ ਕੀਤੇ ਗਏ ਅਤੇ ਨਵਾਬ ਕਪੂਰ ਸਿੰਘ ਨੂੰ ਇਹਨਾਂ ਜਥਿਆਂ ਦਾ ਸਰਵਉਚ ਕਮਾਂਡਰ ਬਣਾਇਆ ਗਿਆ ਅਤੇ ਜੱਸਾ ਸਿੰਘ ਆਹਲੂਵਾਲੀਆ ਨੂੰ ਇਹਨਾਂ ਵਿੱਚੋਂ ਇੱਕ ਜਥੇ ਦਾ ਮੁਖੀ ਲਗਾਇਆ ਗਿਆ । ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਪੂਰੀ ਸਿੱਖ ਕੌਮ ਵਿੱਚ ਉਦੋਂ ਵੱਧ ਪਹਿਚਾਣ ਮਿਲੀ ਜਦੋਂ 1748 ਈਸਵੀ ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਸਾਹਿਬ ਵਿਖੇ ਅਕਾਲ ਤਖ਼ਤ ਤੇ ਸਰਬੱਤ ਖਾਲਸੇ ਦੀ ਮੌਜੂਦਗੀ ਵਿੱਚ ਗੁਰਮਤਾ ਪਾਸ ਕੀਤਾ ਗਿਆ ਅਤੇ ਜੱਸਾ ਸਿੰਘ ਆਹਲੂਵਾਲੀਆ ਨੂੰ ਦਲ ਖਾਲਸੇ ਦੀ ਸਾਰੀ ਫੌਜ ਦਾ ਮੁਖੀ ਲਗਾਇਆ ਗਿਆ । ਨਵਾਬ ਕਪੂਰ ਸਿੰਘ ਨੇ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਆਪਣੇ ਪੁੱਤਰ ਖੁਸ਼ਹਾਲ ਸਿੰਘ ਨੂੰ ਛੱਡ ਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਪੂਰੀ ਸਿੱਖ ਕੌਮ ਦਾ ਮੁਖੀ 09 ਅਕਤੂਬਰ 1753 ਨੂੰ ਥਾਪਿਆ । ਇਸ ਤਰ੍ਹਾਂ ਸਰਦਾਰ ਜੱਸਾ ਸਿੰਘ ਅਹਲੂਵਾਲੀਆ ਨੇ ਬੁੱਢਾ ਦਲ ਦੇ ਚੌਥੇ ਜਥੇਦਾਰ ਦੇ ਰੂਪ ਵਿੱਚ ਅਤੇ ਅਕਾਲ ਤਖ਼ਤ ਦੇ ਜਥੇਦਾਰ ਦੇ ਰੂਪ ਵਿੱਚ 9 ਅਕਤੂਬਰ 1753 ਤੋਂ 23 ਅਕਤੂਬਰ 1783 ਤੱਕ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ।

ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਮਾਮਾ ਸਰਦਾਰ ਬਾਘ ਸਿੰਘ ਜੀ ਆਹਲੂਵਾਲੀਆ ਮਿਸਲ ਦੇ ਮੋਢੀ ਸਨ ਉਹਨਾਂ ਦੇ ਘਰ ਆਪਣੇ ਕੋਈ ਪੁੱਤਰ ਨਾ ਹੋਣ ਕਾਰਨ ਉਹਨਾਂ ਨੇ ਆਹਲੂਵਾਲੀਆ ਮਿਸਲ ਦਾ ਸਰਦਾਰ ਵੀ ਸਰਦਾਰ ਜੱਸਾ ਸਿੰਘ ਨੂੰ ਬਣਾਇਆ । ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਛੋਟੇ ਘੱਲੂਘਾਰੇ ਵਿੱਚ ਸਿੱਖ ਪੰਥ ਦੀ ਯੋਗ ਅਗਵਾਈ ਕੀਤੀ ਇਸ ਸਮੇਂ ਦੌਰਾਨ ਆਪ ਜੀ ਦਾ ਰੁਤਬਾ ਸਿੱਖ ਕੌਮ ਵਿੱਚ ਬਹੁਤ ਉੱਚਾ ਹੋ ਚੁੱਕਿਆ ਸੀ ਕਿ ਆਪ ਦੇ ਹੱਥੋਂ ਸਿੱਖ ਅੰਮ੍ਰਿਤ ਛਕਣ ਵਿੱਚ ਮਾਣ ਸਮਝਦੇ ਸਨ । ਜਕਰੀਆ ਖਾਂ ਦੀ ਮੌਤ ਤੋਂ ਉਪਰੰਤ ਉਸਦਾ ਪੁੱਤਰ ਯਹੀਆ ਖਾਂ ਵੀ ਸਿੱਖਾਂ ਦਾ ਨਾਮ ਨਿਸ਼ਾਨ ਮਿਟਾਉਣ ਤੁਲਿਆ ਸੀ । ਉਸ ਦੀ ਹਦਾਇਤ ਅਧੀਨ ਦੀਵਾਨ ਲਖਪਤਿ ਰਾਇ ਅਤੇ ਉਸਦਾ ਭਰਾ ਜਸਪਤਿ ਰਾਇ ਸਿੱਖਾਂ ਦੇ ਵਿਰੁੱਧ ਕਾਰਵਾਈ ਕਰ ਰਹੇ ਸਨ । ਛੋਟੇ ਘੱਲੂਘਾਰੇ 1746 ਤੋਂ ਪਹਿਲਾਂ ਜਦੋਂ ਸਿੱਖ ਐਮਨਾਬਾਦ ਵਿੱਚ ਡੇਰਾ ਲਾਈ ਬੈਠੇ ਸਨ ਤਾਂ ਗੋਡਾਵਾਲਾ ਪਿੰਡ ਦੇ ਵਸਨੀਕਾਂ ਨੇ ਖਬਰ ਐਮਨਾਬਾਦ ਦੇ ਫੌਜਦਾਰ ਜਸਪਤਿ ਰਾਇ ਨੂੰ ਦਿੱਤੀ । ਉਦੋਂ ਸਿੱਖ ਐਮਨਾਬਾਦ ਦੇ ਨੇੜੇ 2000 ਘੋੜ ਸਵਾਰਾਂ ਨਾਲ ਗੁਰਦੁਆਰਾ ਰੋੜੀ ਸਾਹਿਬ ਵਿੱਚ ਡੇਰੇ ਲਾਈ ਬੈਠੇ ਸਨ। ਦੀਵਾਨ ਨੇ ਸੁਨੇਹਾ ਭੇਜਿਆ ਕਿ ਉਹ ਫੌਰਨ ਉਸ ਗੁਰਦੁਆਰੇ ਨੂੰ ਛੱਡ ਕੇ ਚਲੇ ਜਾਣ ਪ੍ਰੰਤੂ ਸਿੱਖਾਂ ਵੱਲੋਂ ਜੋ ਬੇਨਤੀ ਕੀਤੀ ਗਈ ਭਾਈ ਰਤਨ ਸਿੰਘ ਭੰਗੂ ਇਸ ਤਰ੍ਹਾਂ ਲਿਖਦੇ ਹਨ;

ਸਿੰਘ ਸੁ ਬਹੁਤੇ ਦਿਨਨ ਕੁ ਭੂਖੇ ਅੰਨ ਕੇ ਤ੍ਰਾਸ ।
ਲਿਖ ਭੇਜੀ ਇਸ ਖ਼ਾਲਸੇ ਜਸਪਤਿ ਕੋ ਅਰਦਾਸ ।
ਜਸਪਤਿ ਕੋ ਇਮ ਲਿਖ ਪਠਾਯਾ ।
ਹਮਰਾ ਤੁਮਰਾ ਬੈਰ ਸੁ ਨਾਹੀ ।
ਬੈਰ ਹਮਾਰਾ ਤੁਰਕਨ ਤਾਈ ।
ਰਸਤ ਮੋਲ ਹਮ ਲੈਣੀ ਚਾਹੈ ।
ਸ਼ਹਿਰ ਤੁਮਾਰੋ ਖਰੀਦ ਕਰਾਹੈਂ ।

ਜਸਪਤਿ ਰਾਇ ਨੇ ਇਹ ਉੱਤਰ ਪੜ ਕੇ ਆਪਣੇ ਹਾਥੀ ਤੇ ਘੋੜਿਆਂ ਸਮੇਤ ਸਿੱਖਾਂ ਤੇ ਚੜ੍ਹਾਈ ਕੀਤੀ। ਸਿੱਖਾਂ ਦੇ ਇੱਕ ਬਹਾਦਰ ਰੰਗਰੇਟਾ ਸਿੰਘ ਜਿਸ ਦਾ ਨਾਮ ਨਿਬਾਹੂ ਸਿੰਘ ਸੀ ਨੇ ਜਸਪਤਿ ਰਾਇ ਦੇ ਹਾਥੀ ਦੀ ਪੂਛ ਫੜੀ ਅਤੇ ਬਿਜਲੀ ਦੀ ਤੇਜ਼ੀ ਨਾਲ ਹਾਥੀ ਉੱਤੇ ਚੜ ਜਸਪਤਿ ਰਾਇ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ । ਇਹ ਖਬਰ ਜਦੋਂ ਦੀਵਾਨ ਲਖਪਤਿ ਰਾਇ ਕੋਲ ਪਹੁੰਚੀ ਤਾਂ ਉਸਨੇ ਯਹੀਆ ਖਾਂ ਨੂੰ ਸਿੱਖਾਂ ਵਿਰੁੱਧ ਕਾਰਵਾਈ ਕਰਨ ਲਈ ਕਿਹਾ । ਯਹੀਆ ਖਾਂ ਵੱਲੋਂ ਦੀਵਾਨ ਲਖਪਤਿ ਰਾਇ ਨੂੰ ਖੁੱਲੀ ਦੌਲਤ ਦਿੱਤੀ ਗਈ ਅਤੇ ਸਿੱਖਾਂ ਵਿਰੁੱਧ ਕਾਰਵਾਈ ਕਰਦੇ ਕਾਹਨੂੰਵਾਲ ਦੇ ਛੰਭ ਅਤੇ ਕਠੂਆ ਵਿੱਚ 1746 ਵਿੱਚ ਛੋਟਾ ਘੱਲੂਘਾਰਾ ਵਾਪਰਿਆ । ਜਿਸ ਵਿੱਚ ਸਿੱਖਾਂ ਦਾ ਨੁਕਸਾਨ ਹੋਇਆ । ਇਸ ਸਿੱਖਾਂ ਦੇ ਜਥੇ ਦੀ ਅਗਵਾਈ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਸਰਦਾਰ ਸੁੱਖਾ ਸਿੰਘ ਮਾੜੀ ਕੰਬੋ ਕਰ ਰਹੇ ਸਨ। 12 ਜੂਨ 1746 ਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਆਪਣੀ ਰਾਜਨੀਤਿਕ ਸੂਝ ਬੂਝ ਅਤੇ ਦੂਰ ਦ੍ਰਿਸ਼ਟੀ ਨਾਲ ਸਿੱਖਾਂ ਨੂੰ ਇਸ ਖਤਰੇ ਚੋਂ ਬਾਹਰ ਕੱਢਿਆ । ਭਾਵੇਂ ਸਿੱਖਾਂ ਦਾ ਕਤਲੇਆਮ ਹੋਇਆ ਪਰ ਦੀਵਾਨ ਲਖਪਤਿ ਰਾਇ ਦੀ ਮਨਸ਼ਾ ਪੂਰੀ ਨਾ ਹੋਈ। ਇਸੇ ਤਰ੍ਹਾਂ 1753 ਵਿੱਚ ਪੂਰੀ ਸਿੱਖ ਕੌਮ ਦਾ ਸਰਦਾਰ ਬਣਨ ਤੋਂ ਬਾਅਦ ਜੱਸਾ ਸਿੰਘ ਆਹਲੂਵਾਲੀਆ ਨੇ ਸਿੱਖ ਕੌਮ ਦੀ ਬਿਹਤਰੀ ਲਈ ਕਾਰਜ ਕੀਤੇ । 1761 ਈਸਵੀ ਵਿੱਚ ਜਦੋਂ ਅਬਦਾਲੀ ਪਾਣੀਪਤ ਦੀ ਤੀਜੀ ਲੜਾਈ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਮਰਾਠਿਆਂ ਨੂੰ ਹਰਾਉਣ ਤੋਂ ਬਾਅਦ ਵਾਪਸ ਪਰਤ ਰਿਹਾ ਸੀ ਤਾਂ ਜੱਸਾ ਸਿੰਘ ਆਹਲੂਵਾਲੀਆ ਨੇ ਆਪਣੇ ਸਿੱਖਾਂ ਸਮੇਤ ਉਸ ਤੇ ਗੁਰੀਲੇ ਯੁੱਧ ਪ੍ਰਣਾਲੀ ਨਾਲ ਕਈ ਹਮਲੇ ਕੀਤੇ ਅਤੇ ਉਸ ਦਾ ਕਾਫੀ ਖਜ਼ਾਨਾ ਲੁੱਟਿਆ । ਇਸੇ ਸਮੇਂ ਆਪ ਨੇ ਦੁਰਾਨੀਆਂ ਵੱਲੋਂ ਕੈਦ ਕਰਕੇ ਲਜਾਈਆਂ ਜਾ ਰਹੀਆਂ ਬੰਦੀ ਔਰਤਾਂ ਨੂੰ ਛੁਡਾ ਕੇ ਉਹਨਾਂ ਦੇ ਘਰੋ ਘਰੀ ਪਹੁੰਚਾਇਆ ਇਸੇ ਕਰਕੇ ਆਪ ਨੂੰ ਪੰਜਾਬ ਦੀ ਸਿੱਖ ਕੌਮ ਸਿੱਖਾਂ ਦੇ ਇਤਿਹਾਸ ਵਿੱਚ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਦੂਜਾ ਬੰਦੀ ਛੋੜ ਵੀ ਆਖ ਬੁਲਾਉਂਦੀ ਹੈ । ਇਸੇ ਕਾਰਵਾਈ ਦੇ ਵਿਰੋਧ ਵਿੱਚ 1762 ਈਸਵੀ ਵਿੱਚ ਅਬਦਾਲੀ ਨੇ ਪੰਜਾਬ ਉੱਤੇ ਛੇਵਾਂ ਹਮਲਾ ਕੀਤਾ । 1761 ਵਿੱਚ ਜਦੋਂ ਅਬਦਾਲੀ ਵਾਪਸ ਚਲਿਆ ਗਿਆ ਤਾਂ ਜੱਸਾ ਸਿੰਘ ਆਲੂਵਾਲੀਆ ਨੇ ਆਪਣੇ ਸਿੱਖ ਜਥੇਦਾਰਾਂ ਨਾਲ ਲਾਹੌਰ ਤੇ ਕਬਜ਼ਾ ਕਰ ਲਿਆ ਸੀ ਲਾਹੌਰ ਦਰਬਾਰ ਹੁਣ ਖਾਲਸੇ ਦੇ ਅਧੀਨ ਸੀ । ਸਿੱਖ ਕੌਮ ਹੁਣ ਅਮਲੀ ਤੌਰ ਤੇ ਪੰਜਾਬ ਦੀ ਮਾਲਕ ਬਣ ਚੁੱਕੀ ਸੀ । ਸਿੱਖ ਪੰਥ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ‘ਸੁਲਤਾਨ ਉਲ ਕੌਮ’ ਦਾ ਸਨਮਾਨ ਦੇ ਕੇ ਰਾਜਭਾਗ ਦਾ ਮਾਲਕ ਬਣਾ ਦਿੱਤਾ ਸੀ । ਇਸ ਸਮੇਂ ਹੀ ਜੱਸਾ ਸਿੰਘ ਆਹਲੂਵਾਲੀਆ ਨੇ ਪਹਿਲੀ ਖਾਲਸਾਈ ਕਰੰਸੀ ਜਾਰੀ ਕੀਤੀ ਸੀ ਅਤੇ ਗੁਰੂ ਸਾਹਿਬਾਨਾਂ ਦੇ ਨਾਮ ਦੇ ਸਿੱਕੇ ਚਲਾਏ ਸੀ । ਸਿੱਕਿਆਂ ਦੇ ਉੱਤੇ ਲਿਖਿਆ ਪ੍ਰਮਾਣ ਮਿਲਦਾ ਹੈ;

ਦੇਗ ਓ ਤੇਗ਼ ਫਤਹਿ , ਨੁਸਰਤ ਬਦਰੰਗ ।
ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ।

ਇਸ ਗੱਲ ਦੀ ਜਾਣਕਾਰੀ ਜਦੋਂ ਅਬਦਾਲੀ ਨੂੰ ਮਿਲੀ ਤਾਂ ਉਸ ਨੇ 1762 ਈਸਵੀ ਵਿੱਚ ਪੰਜਾਬ ਉੱਤੇ ਛੇਵਾਂ ਹਮਲਾ ਕੀਤਾ ਤੇ ਵੱਡਾ ਘੱਲੂਘਾਰਾ ਵਾਪਰਿਆ । 1762 ਦੇ ਇਸ ਹਮਲੇ ਨਾਲ ‘ਕੁੱਪ-ਰੋਹੀੜਾ ਤੌ ਗਹਿਲਾਂ’ ਤੱਕ 20 ਮੀਲ ਦੇ ਇਲਾਕੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ । ਕੀ ਬੱਚੇ, ਕੀ ਔਰਤਾਂ ਤੇ ਕੀ ਬਜ਼ੁਰਗ ਸਭ ਦਾ ਕਤਲੇਆਮ ਕੀਤਾ ਗਿਆ । ਇਸ ਵੱਡੇ ਘੱਲੂਘਾਰੇ ਵਿੱਚ ਲਗਭਗ 30,000 ਸਿੱਖ ਇੱਕ ਦਿਨ ਵਿੱਚ ਸ਼ਹੀਦ ਹੋਏ । ਦਲ ਖਾਲਸੇ ਦੇ ਸਾਰੇ ਜਰਨੈਲ ਇਕੱਠੇ ਹੋ ਕੇ ਲੜੇ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ,ਸਰਦਾਰ ਸ਼ਾਮ ਸਿੰਘ ਕਰੋੜਸਿੰਘੀਆ ਅਤੇ ਹੋਰ ਸਿੱਖ ਜਰਨੈਲਾਂ ਨੇ ਬਹਾਦਰੀ ਦੇ ਜੋਹਰ ਵਿਖਾਏ । ਜਦੋਂ ਲੜਾਈ ਖਤਮ ਹੋਈ ਤਾਂ ਸਰਦਾਰ ਜੱਸਾ ਸਿੰਘ ਦੇ ਸਰੀਰ ਤੇ 22 ਫੱਟ ਸਨ ਅਤੇ ਚੜ੍ਹਤ ਸਿੰਘ ਦੇ ਸਰੀਰ ਤੇ 19 ਫੱਟ ਸਨ । ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਤੇ ਸਰਦਾਰ ਸ਼ਾਮ ਸਿੰਘ ਕਰੋੜਸਿੰਘੀਆ ਵੀ ਲਹੂ-ਲੁਹਾਣ ਸਨ । ਭਾਈ ਰਤਨ ਸਿੰਘ ਭੰਗੂ ਰਚਿਤ ਪੰਥ ਪ੍ਰਕਾਸ਼ ਅਨੁਸਾਰ:

ਜੱਸਾ ਸਿੰਘ ਖਾਏ ਬਾਈ ਘਾਇ,
ਤੌ ਭੀ ਸਿੰਘ ਜੀ ਲੜਤੋ ਜਾਇ ।

ਲੜਾਈ ਖਤਮ ਹੋ ਜਾਣ ਤੇ ਸਿੱਖਾਂ ਦਾ ਬਹੁਤ ਜਿਆਦਾ ਨੁਕਸਾਨ ਹੋਇਆ, ਪਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਦ੍ਰਿੜ ਇਰਾਦੇ ਤੇ ਗਹਿਰੀ ਅਤੇ ਬਹਾਦਰ ਸੋਚ ਨਾਲ ਸਿੱਖਾਂ ਨੇ ਅਬਦਾਲੀ ਦੇ ਵਾਪਸ ਜਾਣ ਤੇ ਸਰਹੰਦ ਦੇ ਨਵਾਬ ਜੈਨ ਖਾਨ ਨੂੰ ਜਾ ਘੇਰਿਆ । ਹੁਣ ਫਿਰ ਤੋਂ ਖਾਲਸਾ ਰਾਜ ਰਾਵੀ ਤੋਂ ਲੈ ਕੇ ਦਿੱਲੀ ਤੱਕ ਸਰਦਾਰਾਂ ਦੇ ਘੋੜਿਆਂ ਦੇ ਸੁੰਮਾ ਹੇਠ ਆ ਚੁੱਕਿਆ ਸੀ । 1774 ਈਸਵੀ ਵਿੱਚ ਜੱਸਾ ਸਿੰਘ ਆਹਲੂਵਾਲੀਆ ਨੇ ਇਬਰਾਹਿਮ ਕੋਲੋਂ ਕਪੂਰਥਰਾ ਰਿਆਸਤ ਜਿੱਤ ਲਈ ਅਤੇ ਕਪੂਰਥਲਾ ਨੂੰ ਦਲ ਖਾਲਸੇ ਦੀ ਰਾਜਧਾਨੀ ਘੋਸ਼ਿਤ ਕੀਤਾ । ਇੰਝ ਜਾਪਦਾ ਸੀ ਕਿ ਵੱਡਾ ਘੱਲੂਘਾਰਾ 1762 ਇੱਕ ਤਰ੍ਹਾਂ ਖਾਲਸਾ ਰਾਜ ਦੀ ਬੁਨਿਆਦ ਸਿੱਧ ਹੋਇਆ । ਅਬਦਾਲੀ ਦੀ ਮੌਤ ਹੋ ਜਾਣ ਤੋਂ ਬਾਅਦ ਹੁਣ ਸਿੱਖ ਨਿਡਰ ਅਤੇ ਨਿਰਪੱਖ ਸਨ । ਪਰ ਮੰਦਭਾਗੀ 1783 ਈਸਵੀ ਨੂੰ ਸਿੱਖ ਪੰਥ ਦੇ ਸੂਰਵੀਰ ਯੋਧੇ ਸਰਦਾਰ ਜੱਸਾ ਸਿੰਘ ਅਹਲੂਵਾਲੀਆ ਦਾ ਦੇਹਾਂਤ ਹੋ ਗਿਆ । ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਸੰਸਕਾਰ ਬਾਬਾ ਅਟਲ ਦੇ ਦੇਹਰੇ ਪਾਸ ਅੰਮ੍ਰਿਤਸਰ ਵਿੱਚ ਕੀਤਾ ਗਿਆ । ਮੌਤ ਤੋਂ ਪਹਿਲਾਂ ਆਪ ਨੇ ਆਪਣੀ ਮਿਸਲ ਦੀ ਸਰਦਾਰੀ ਆਪਣੇ ਭਰਾ ਗੁਰਬਖਸ਼ ਸਿੰਘ ਦੇ ਪੁੱਤਰ ਭਾਗ ਸਿੰਘ ਨੂੰ ਬਖਸ਼ੀ । ਆਪ ਜੀ ਦੇ ਜੀਵਨ ਕਾਲ ਦੇ ਸੰਘਰਸ਼, ਸਿੱਖ ਕੌਮ ਲਈ ਬਲੀਦਾਨ ਅਤੇ ਰਾਜਨੀਤਿਕ ਸੂਝ ਬੂਝ ਕਰਕੇ ਆਪ ਜੀ 18ਵੀਂ ਸਦੀ ਦੇ ਮਹਾਨ ਯੋਧਾ ਕਹਿਲਾਏ । 18ਵੀਂ ਸਦੀ ਦੇ ਸਿੱਖੀ ਸੰਘਰਸ਼ ਨੂੰ ਆਪ ਤੋਂ ਬਿਨਾਂ ਲਿਖਣਾ ਤੇ ਪੜ੍ਹਨਾ ਵਿਅਰਥ ਹੈ ।

Asst. Prof. Ravinder Singh

PG Department of History Sri Guru Teg Bahadur Khalsa College, Sri Anandpur Sahib, Ropar, Punjab.

Post navigation

Leave a Comment

Leave a Reply

Your email address will not be published. Required fields are marked *