ਵੈਨਕੂਵਰ ਬੰਦਰਗਾਹ ‘ਤੇ ਇਸ ਦੇ ਪਹੁੰਚਣ ਦੀ 112ਵੀਂ ਵਰ੍ਹੇਗੰਢ ‘ਤੇ, ਇੱਕ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਸ਼ਬਦ ਸਾਨੂੰ ਇੱਕ ਅਜਿਹੀ ਘਟਨਾ ਦੀ ਯਾਦ ਦਿਵਾਉਂਦੇ ਹਨ ਜਿਸਨੇ ਸਿੱਖ ਡਾਇਸਪੋਰਾ – ਅਤੇ ਭਾਰਤ ਦੀ ਆਜ਼ਾਦੀ ਦੇ ਭੁੱਲੇ ਹੋਏ ਨਾਇਕਾਂ ਨੂੰ ਆਕਾਰ ਦਿੱਤਾ।
ਉਸ ਦੁਖਦਾਈ ਘਟਨਾ ਦੀ ਯਾਦ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਸੰਦੇਸ਼
23 ਮਈ, 2026 ਨੂੰ, ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਾਮਾਗਾਟਾ ਮਾਰੂ ਘਟਨਾ ਦੀ 112ਵੀਂ ਵਰ੍ਹੇਗੰਢ ਦੀ ਯਾਦ ਵਿੱਚ ਇੱਕ ਰਸਮੀ ਬਿਆਨ ਜਾਰੀ ਕੀਤਾ। ਇਸਨੂੰ ਪੂਰੀ ਤਰ੍ਹਾਂ ਪੜ੍ਹਿਆ ਜਾਣਾ ਚਾਹੀਦਾ ਹੈ – ਸਿਰਫ਼ ਇੱਕ ਕੂਟਨੀਤਕ ਰਸਮ ਵਜੋਂ ਨਹੀਂ, ਸਗੋਂ ਇੱਕ ਨੈਤਿਕ ਸਵੈ-ਮੁਲਾਂਕਣ ਵਜੋਂ।
“ਅੱਜ ਦੇ ਹੀ ਦਿਨ 1914 ਵਿੱਚ, ਦੱਖਣੀ ਏਸ਼ੀਆਈ ਮੂਲ ਦੇ 376 ਸਿੱਖ, ਮੁਸਲਮਾਨ ਅਤੇ ਹਿੰਦੂ ਸਟੀਮਸ਼ਿਪ ਕਾਮਾਗਾਟਾ ਮਾਰੂ ਰਾਹੀਂ ਵੈਨਕੂਵਰ ਦੀ ਬੰਦਰਗਾਹ ‘ਤੇ ਪਹੁੰਚੇ। ਉਨ੍ਹਾਂ ਨੇ ਇਹ ਯਾਤਰਾ ਆਪਣੇ ਅਤੇ ਆਪਣੇ ਪਰਿਵਾਰਾਂ ਦੀ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਕੀਤੀ ਸੀ। ਉਨ੍ਹਾਂ ਨੂੰ ਪਨਾਹ ਦੇਣ ਦੀ ਬਜਾਏ, ਕੈਨੇਡੀਅਨ ਅਧਿਕਾਰੀਆਂ ਨੇ ਜਹਾਜ਼ ‘ਤੇ ਸਵਾਰ ਲਗਭਗ ਸਾਰੇ ਲੋਕਾਂ ਨੂੰ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਨੂੰ ਦੋ ਮਹੀਨਿਆਂ ਲਈ ਜਹਾਜ਼ ‘ਤੇ ਰਹਿਣ ਲਈ ਮਜਬੂਰ ਕੀਤਾ; ਇਸ ਦੌਰਾਨ ਉਹਨਾਂ ਨੂੰ ਭੋਜਨ, ਪਾਣੀ ਅਤੇ ਡਾਕਟਰੀ ਦੇਖਭਾਲ ਦੀ ਸੀਮਤ ਪਹੁੰਚ ਸੀ। ਜਦੋਂ ਕਾਮਾਗਾਟਾ ਮਾਰੂ ਨੂੰ ਜ਼ਬਰਦਸਤੀ ਭਾਰਤ ਵਾਪਸ ਭੇਜਿਆ ਗਿਆ, ਤਾਂ ਇਸਦੇ ਬਹੁਤ ਸਾਰੇ ਯਾਤਰੀਆਂ ਨੂੰ ਕੈਦ ਕਰ ਲਿਆ ਗਿਆ ਜਾਂ ਮਾਰ ਦਿੱਤਾ ਗਿਆ। ਕਾਮਾਗਾਟਾ ਮਾਰੂ ਦੀ ਤ੍ਰਾਸਦੀ ਸਾਡੇ ਇਤਿਹਾਸ ਦੇ ਸਭ ਤੋਂ ਕਾਲੇ ਅਧਿਆਵਾਂ ਵਿੱਚੋਂ ਇੱਕ ਹੈ।”
ਇਹ ਸ਼ਬਦ ਕਿਸੇ ਵੀ ਰਾਜ ਦੇ ਮੁਖੀ ਲਈ ਬੋਲਣੇ ਸੌਖੇ ਨਹੀਂ ਹਨ। ਇਹ ਇੱਕ ਅਜਿਹੇ ਰਾਸ਼ਟਰ ਦੇ ਸ਼ਬਦ ਹਨ ਜਿਸਨੇ ਸੱਚਾਈ ਨੂੰ ਛੁਪਾਉਣ ਦੀ ਬਜਾਏ ਇਸਦਾ ਸਾਹਮਣਾ ਕਰਨ ਦਾ ਫੈਸਲਾ ਕੀਤਾ ਹੈ। ਇਹ ਸ਼ਬਦ ਮਾਇਨੇ ਰੱਖਦੇ ਹਨ – ਅਤੇ ਇਹਨਾਂ ਦੀ ਮਹੱਤਤਾ 2026 ਵਿੱਚ ਖਾਸ ਤੌਰ ‘ਤੇ ਵੱਧ ਜਾਂਦੀ ਹੈ, ਜਦੋਂ ਇਮੀਗ੍ਰੇਸ਼ਨ ਅਤੇ ਪਛਾਣ ਦੀ ਰਾਜਨੀਤੀ ਇੱਕ ਵਾਰ ਫਿਰ ਪੱਛਮੀ ਲੋਕਤੰਤਰਾਂ ਨੂੰ ਪਰੇਸ਼ਾਨ ਕਰ ਰਹੀ ਹੈ।
I. ਯਾਤਰਾ
1914 ਦੀ ਬਸੰਤ ਵਿੱਚ, ਕਾਮਾਗਾਟਾ ਮਾਰੂ ਨਾਮ ਦਾ ਇੱਕ ਜਾਪਾਨੀ ਜਹਾਜ਼ – ਜਿਸਦਾ ਮੋਟੇ ਤੌਰ ‘ਤੇ ਅਨੁਵਾਦ “ਪਾਣੀ ਦਾ ਪਹੀਆ” ਹੈ – ਹਾਂਗਕਾਂਗ ਤੋਂ ਰਵਾਨਾ ਹੋਇਆ। ਜਹਾਜ਼ ਵਿੱਚ ਉਹ ਯਾਤਰੀ ਸਵਾਰ ਸਨ ਜੋ ਬ੍ਰਿਟਿਸ਼ ਸਾਮਰਾਜ ਦੇ ਆਪਣੇ ਸਾਰੇ ਨਾਗਰਿਕਾਂ ਨੂੰ ਬਰਾਬਰ ਅਧਿਕਾਰ ਦੇਣ ਦੇ ਵਾਅਦੇ ਵਿੱਚ ਵਿਸ਼ਵਾਸ ਰੱਖਦੇ ਸਨ। 376 ਯਾਤਰੀਆਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬ ਦੇ ਸਿੱਖ ਸਨ, ਉਨ੍ਹਾਂ ਨੇ ਕੈਨੇਡਾ ਦੇ “ਨਿਰੰਤਰ ਯਾਤਰਾ” ਨਿਯਮ ਨੂੰ ਚੁਣੌਤੀ ਦੇਣ ਲਈ ਜਹਾਜ਼ ਕਿਰਾਏ ‘ਤੇ ਲਿਆ ਸੀ। ਇਹ ਨਿਯਮ ਸਪੱਸ਼ਟ ਤੌਰ ‘ਤੇ ਨਸਲਵਾਦੀ ਸੀ ਅਤੇ ਦੱਖਣੀ ਏਸ਼ੀਆਈਆਂ ਨੂੰ ਕੈਨੇਡਾ ਵਿੱਚ ਪਰਵਾਸ ਕਰਨ ਤੋਂ ਰੋਕਣ ਲਈ ਬਣਾਇਆ ਗਿਆ ਸੀ। ਇਸ ਨਿਯਮ ਦੇ ਤਹਿਤ ਇਹ ਸ਼ਰਤ ਰੱਖੀ ਗਈ ਸੀ ਕਿ ਯਾਤਰੀਆਂ ਨੂੰ ਆਪਣੇ ਮੂਲ ਦੇਸ਼ ਤੋਂ ਸਿੱਧਾ ਕੈਨੇਡਾ ਯਾਤਰਾ ਕਰਨੀ ਹੋਵੇਗੀ – ਜਦੋ ਕਿ ਉਸ ਸਮੇਂ ਕੋਈ ਵੀ ਸ਼ਿਪਿੰਗ ਕੰਪਨੀ ਇਸ ਰੂਟ ‘ਤੇ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਨਹੀਂ ਕਰਦੀ ਸੀ।
ਇਹ ਜਹਾਜ਼ 23 ਮਈ, 1914 ਨੂੰ ਵੈਨਕੂਵਰ ਬੰਦਰਗਾਹ ਪਹੁੰਚਿਆ। ਉੱਥੇ ਇਸਦਾ ਸਵਾਗਤ ਨਹੀਂ ਕੀਤਾ ਗਿਆ, ਸਗੋਂ ਇਸਨੂੰ ਰੱਦ ਕਰ ਦਿੱਤਾ ਗਿਆ। ਦੋ ਮਹੀਨਿਆਂ ਤੱਕ, ਯਾਤਰੀਆਂ ਨੂੰ ਜਾਣਬੁੱਝ ਕੇ ਜਹਾਜ਼ ਵਿੱਚ ਹੀ ਰੱਖਿਆ ਗਿਆ – ਸੀਮਤ ਭੋਜਨ ਅਤੇ ਪਾਣੀ ਦੀ ਘਾਟ, ਅਤੇ ਡਾਕਟਰੀ ਦੇਖਭਾਲ ਤੋਂ ਇਨਕਾਰ ਕੀਤਾ ਗਿਆ। ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ, ਅਦਾਲਤਾਂ ਦੇ ਸਮਰਥਨ ਨਾਲ, ਕੈਨੇਡਾ ਵਿੱਚ ਪਹਿਲਾਂ ਤੋਂ ਰਹਿ ਰਹੇ ਚੌਵੀ ਯਾਤਰੀਆਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ। 23 ਜੁਲਾਈ, 1914 ਨੂੰ, ਕਾਮਾਗਾਟਾ ਮਾਰੂ ਨੂੰ ਐਚਐਮਸੀਐਸ ਰੇਨਬੋ ਦੁਆਰਾ ਕੈਨੇਡੀਅਨ ਪਾਣੀਆਂ ਤੋਂ ਬਾਹਰ ਕੱਢਿਆ ਗਿਆ, ਇਹ ਜਹਾਜ਼ ਉਸੇ ਸਾਮਰਾਜ ਦਾ ਜੰਗੀ ਜਹਾਜ਼ ਸੀ ਜਿਸ ਦੇ ਇਹ ਯਾਤਰੀ ਨਾਗਰਿਕ ਸਨ।
ਜਹਾਜ਼ ਬ੍ਰਿਟਿਸ਼ ਭਾਰਤ ਵਾਪਸ ਆ ਗਿਆ। 29 ਸਤੰਬਰ, 1914 ਨੂੰ, ਇਹ ਕਲਕੱਤਾ ਦੇ ਨੇੜੇ ਬੱਜ ਬੱਜ ਵਿਖੇ ਲੰਗਰ ਲਗਾ ਕੇ ਰੁਕਿਆ- ਉਸ ਸਮੇਂ ਤੱਕ, ਬ੍ਰਿਟੇਨ ਜਰਮਨੀ ਵਿਰੁੱਧ ਜੰਗ ਦਾ ਐਲਾਨ ਕਰ ਚੁੱਕਾ ਸੀ, ਅਤੇ ਬਸਤੀਵਾਦੀ ਪ੍ਰਸ਼ਾਸਨ ਗੰਭੀਰ ਦਬਾਅ ਹੇਠ ਸੀ। ਬ੍ਰਿਟਿਸ਼ ਅਧਿਕਾਰੀਆਂ ਨੂੰ ਡਰ ਸੀ ਕਿ ਵਾਪਸ ਪਰਤ ਰਹੇ ਯਾਤਰੀਆਂ ਵਿੱਚ ਇਨਕਲਾਬੀ ਭਾਵਨਾਵਾਂ ਹੋ ਸਕਦੀਆਂ ਹਨ – ਜੋ ਕਿ, ਉਹਨਾਂ ਨਾਲ ਹੋਏ ਸਲੂਕ ਨੂੰ ਦੇਖਦੇ ਹੋਏ, ਹੈਰਾਨੀਜਨਕ ਨਹੀਂ ਸੀ – ਇਸ ਲਈ ਉਨ੍ਹਾਂ ਨੇ ਭੀੜ ‘ਤੇ ਗੋਲੀਬਾਰੀ ਕਰ ਦਿੱਤੀ। 19 ਯਾਤਰੀ ਮਾਰੇ ਗਏ। ਦਰਜਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਾਕੀ ਖਿੰਡ ਗਏ।
“ਨਿਰੰਤਰ ਯਾਤਰਾ” ਨਿਯਮ ਮੂਲ ਰੂਪ ਵਿੱਚ ਇੱਕ ਪ੍ਰਕਿਰਿਆ ਦੇ ਭੇਸ ਵਿੱਚ ਨਸਲਵਾਦ ਸੀ। ਕਾਮਾਗਾਟਾ ਮਾਰੂ ਘਟਨਾ ਨੇ ਸਾਮਰਾਜ ਦੇ ਸਭ ਤੋਂ ਨੰਗੇ ਅਤੇ ਬੇਇਨਸਾਫ਼ੀ ਵਾਲੇ ਰੂਪ ਦੀ ਉਦਾਹਰਣ ਦਿੱਤੀ – ਅਤੇ ਜਦੋਂ ਪ੍ਰਧਾਨ ਮੰਤਰੀ ਕਾਰਨੀ, 112 ਸਾਲ ਬਾਅਦ, ਇਸਨੂੰ “ਸਾਡੇ ਇਤਿਹਾਸ ਦੇ ਸਭ ਤੋਂ ਕਾਲੇ ਅਧਿਆਵਾਂ ਵਿੱਚੋਂ ਇੱਕ” ਕਹਿੰਦੇ ਹਨ, ਤਾਂ ਉਹ ਇਮਾਨਦਾਰੀ ਨਾਲ – ਭਾਵੇਂ ਕੂਟਨੀਤਕ ਤੌਰ ‘ਤੇ – ਇਸ ਨੂੰ ਬਿਲਕੁਲ ਸਵੀਕਾਰ ਕਰ ਰਹੇ ਹਨ। ਇਸ ਵਿਚ ਸ਼ਬਦਾਂ ਦੀ ਹੇਰਾਫੇਰੀ ਭਾਵਨਾ ਨਹੀਂ, ਸਗੋਂ ਵਾਕ ਦੀ ਅਕਿਰਿਆਸ਼ੀਲ ਬਣਤਰ ਵਿੱਚ ਹੈ: ਕੈਨੇਡਾ ਨਾ ਸਿਰਫ਼ ‘ਆਪਣੇ ਮੁੱਲਾਂ ਨੂੰ ਕਾਇਮ ਰੱਖਣ’ ਵਿੱਚ ਅਸਫਲਤਾ ਹੀ ਨਹੀਂ ਦਿਖਾਈ। ਸਗੋਂ ਉਸਨੇ ਪੂਰੀ ਸੋਚ ਸਮਝ ਅਤੇ ਕਾਨੂੰਨੀ ਢਾਂਚੇ ਦੇ ਨਾਲ ਮਿਲ ਕੇ ਇੱਕ ਅਜਿਹੀ ਨਸਲੀ ਬੇਦਖਲੀ ਲਾਗੂ ਕੀਤੀ ਜਿਸਨੇ ਉਸ ਹਰ ਸਿਧਾਂਤ ਨੂੰ ਸ਼ਰਮਿੰਦਾ ਕਰ ਦਿੱਤਾ ਜਿਸਨੂੰ ਉਹ ਕਾਇਮ ਰੱਖਣ ਦਾ ਦਾਅਵਾ ਕਰਦਾ ਸੀ।

II. ਗਦਰ ਪਾਰਟੀ ਨਾਲ ਸੰਬੰਧ
ਕਾਮਾਗਾਟਾ ਮਾਰੂ ਦੀ ਯਾਤਰਾ ਕੋਈ ਇਕੱਲੀ ਘਟਨਾ ਨਹੀਂ ਸੀ। ਇਹ ਇੱਕ ਅਜਿਹੇ ਇਨਕਲਾਬੀ ਲਹਿਰ ਦੇ ਸੰਦਰਭ ਵਿੱਚ ਵਾਪਰੀ ਜਿਸਦੀ ਜੜਾ ਉੱਤਰੀ ਅਮਰੀਕਾ ਚ ਵੱਸੇ ਪੰਜਾਬੀ ਭਾਈਚਾਰੇ ਵਿੱਚ ਜਮ ਚੁੱਕੀ ਸੀ – ਇਹ ਅੰਦੋਲਨ ਸੀ ਗਦਰ ਪਾਰਟੀ, ਜਿਸਦੀ ਸਥਾਪਨਾ 21 ਅਪ੍ਰੈਲ, 1913 ਨੂੰ ਸੈਨ ਫਰਾਂਸਿਸਕੋ ਵਿੱਚ ਹੋਈ ਸੀ, ਜਹਾਜ਼ ਦੇ ਵੈਨਕੂਵਰ ਬੰਦਰਗਾਹ ਵਿੱਚ ਦਾਖਲ ਹੋਣ ਤੋਂ ਠੀਕ ਇੱਕ ਸਾਲ ਪਹਿਲਾਂ।
ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਮਜ਼ਦੂਰ ਸੋਹਣ ਸਿੰਘ ਭਕਨਾ, ਗ਼ਦਰ ਪਾਰਟੀ ਦੇ ਸੰਸਥਾਪਕ ਪ੍ਰਧਾਨ ਸਨ – ਇਹ ਇੱਕ ਅਜਿਹਾ ਤੱਥ ਹੈ ਜੋ ਅਕਸਰ ਲਾਲਾ ਹਰਦਿਆਲ ਦੀ ਵੱਡੀ ਸਾਹਿਤਕ ਪ੍ਰਸਿੱਧੀ ਅੱਗੇ ਦੱਬ ਜਾਂਦਾ ਹੈ। ਲਾਲਾ ਹਰਦਿਆਲ ਇੱਕ ਇਨਕਲਾਬੀ ਵਿਦਵਾਨ ਸਨ ਜਿਨ੍ਹਾਂ ਨੇ ਵਿਚਾਰਧਾਰਕ ਦਿਸ਼ਾ ਪ੍ਰਦਾਨ ਕੀਤੀ ਅਤੇ ਆਪਣੀ ਭਾਸ਼ਣ ਕਲਾ ਅਤੇ ਲਿਖਤ ਰਾਹੀਂ ਪੂਰੇ ਉੱਤਰੀ ਅਮਰੀਕਾ ਵਿੱਚ ਵੱਸੇ ਭਾਰਤੀ ਪ੍ਰਵਾਸੀਆਂ ਚ ਜੋਸ਼ ਭਰ ਦਿੱਤਾ। ਪਾਰਟੀ ਦਾ ਅਖ਼ਬਾਰ, ਜਿਸਦਾ ਨਾਮ ਹੀ “ਗ਼ਦਰ” ਸੀ, ਦੁਨੀਆ ਭਰ ਚ ਵੱਸੇ ਭਾਰਤੀ ਭਾਈਚਾਰਿਆਂ ਤੱਕ ਪਹੁੰਚਦਾ ਸੀ ਅਤੇ ਇਸਨੇ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਵਿਰੁੱਧ ਹਥਿਆਰਬੰਦ ਬਗਾਵਤ ਦਾ ਸੱਦਾ ਦਿੱਤਾ। ਇਸਦਾ ਸੰਦੇਸ਼ ਸਰਲ ਸੀ, ਅਤੇ ਇਸਦੀ ਹਿੰਮਤ ਬੇਮਿਸਾਲ ਸੀ।
ਗ਼ਦਰ ਪਾਰਟੀ ਨੇ 1915 ਵਿੱਚ ਭਾਰਤ ਵਿੱਚ ਇੱਕ ਵੱਡੇ ਵਿਦਰੋਹ ਦੀ ਯੋਜਨਾ ਬਣਾਈ, ਜਿਸਦਾ ਉਦੇਸ਼ ਬ੍ਰਿਟਿਸ਼ ਫੌਜ ਵਿੱਚ ਸੇਵਾ ਕਰ ਰਹੇ ਭਾਰਤੀ ਸੈਨਿਕਾਂ ਨੂੰ ਬਗਾਵਤ ਲਈ ਉਕਸਾਉਣਾ ਸੀ। ਬ੍ਰਿਟਿਸ਼ ਖੁਫੀਆ ਜਾਣਕਾਰੀ ਨੇ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ। ਬਗਾਵਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੁਚਲ ਦਿੱਤੀ ਗਈ। ਇਸ ਤੋਂ ਬਾਅਦ ਗ੍ਰਿਫ਼ਤਾਰੀਆਂ, ਮੁਕੱਦਮੇ ਅਤੇ ਫਾਂਸੀ ਦਿੱਤੀ ਗਈ।
ਜਿਨ੍ਹਾਂ ਲੋਕਾਂ ਨੂੰ ਫਾਂਸੀ ਦਿੱਤੀ ਗਈ ਉਨ੍ਹਾਂ ਲੋਕਾਂ ਵਿੱਚ ਕਰਤਾਰ ਸਿੰਘ ਸਰਾਭਾ ਵੀ ਸੀ – ਜੋ ਉਸ ਸਮੇਂ 19 ਸਾਲ ਦੇ ਸੀ ਅਤੇ ਲੁਧਿਆਣਾ ਜ਼ਿਲ੍ਹੇ ਦਾ ਵਸਨੀਕ ਸਨ – ਜੋ ਬਾਅਦ ਵਿੱਚ ਇੱਕ ਪੀੜ੍ਹੀ ਬਾਅਦ ਇੱਕ ਹੋਰ ਇਨਕਲਾਬੀ ਦਾ ਵਿਸ਼ਵਵਿਆਪੀ ਤੌਰ ‘ਤੇ ਮਾਨਤਾ ਪ੍ਰਾਪਤ ਨਾਇਕ ਬਣੇ: ਭਗਤ ਸਿੰਘ ਆਪਣੀ ਜੇਬ ਵਿੱਚ ਸਰਾਭਾ ਦੀ ਫੋਟੋ ਰੱਖਦਾ ਸੀ ਅਤੇ ਉਸਨੂੰ ਆਪਣਾ ਗੁਰੂ ਮੰਨਦਾ ਸੀ। ਇਹ ਵਿਰਾਸਤ, ਗਦਰ ਤੋਂ ਲੈ ਕੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਤੱਕ, ਸਪੱਸ਼ਟ ਅਤੇ ਸਿੱਧੇ ਤੌਰ ‘ਤੇ ਪਛਾਣਨਯੋਗ ਹੈ, ਪਰ ਇਸਦੇ ਬਾਰੇ ਢੁਕਵੇਂ ਢੰਗ ਨਾਲ ਪੜਾਇਆ ਨਹੀਂ ਜਾਂਦਾ।
ਸੋਹਣ ਸਿੰਘ ਭਕਨਾ ਨੂੰ ਸੋਲਾਂ ਸਾਲਾਂ ਤੋਂ ਵੱਧ ਸਮੇਂ ਲਈ ਕੈਦ ਕੀਤਾ ਗਿਆ ਸੀ। ਅੰਤ ਵਿੱਚ ਉਨ੍ਹਾਂ ਨੂੰ 1930 ਵਿੱਚ ਰਿਹਾਅ ਕਰ ਦਿੱਤਾ ਗਿਆ ਅਤੇ ਉਹ ਦੇਸ਼ ਦੀ ਆਜ਼ਾਦੀ ਦੇਖਣ ਤੱਕ ਜਿਉਂਦੇ ਰਹੇ – 1968 ਵਿੱਚ, ਨੱਬੇ ਸਾਲ ਤੋਂ ਵੱਧ ਉਮਰ ਵਿੱਚ ਉਨ੍ਹਾਂ ਦੀ ਮੌਤ ਹੋਈ; ਅੰਮ੍ਰਿਤਸਰ ਜ਼ਿਲ੍ਹੇ ਚ ਉਨ੍ਹਾਂ ਦੇ ਜੱਦੀ ਪਿੰਡ ਭਕਨਾ ਵਿੱਚ ਉਨ੍ਹਾਂ ਦੀ ਸਾਦੀ ਯਾਦਗਾਰ, ਬਾਅਦ ਦੀਆਂ ਸਰਕਾਰਾਂ ਦੀ ਉਦਾਸੀਨਤਾ ਨੂੰ ਸ਼ਰਮਸਾਰ ਕਰਦੀ ਹੈ।

III. ਪੰਜਾਬ ਅਤੇ ਸਿੱਖ: ਅਸਮਾਨ ਕੁਰਬਾਨੀ
ਇਹ ਸੌੜੀ ਕੌਮੀਅਤ ਨਹੀਂ ਹੈ, ਸਗੋਂ ਇੱਕ ਇਤਿਹਾਸਕ ਤੱਥ ਹੈ ਕਿ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਪੰਜਾਬ ਅਤੇ ਸਿੱਖਾਂ ਦਾ ਯੋਗਦਾਨ ਉਨ੍ਹਾਂ ਦੀ ਆਬਾਦੀ ਦੇ ਅਨੁਪਾਤ ਤੋਂ ਵੱਧ ਸੀ। ਗ਼ਦਰ ਪਾਰਟੀ ਵਿੱਚ ਪੰਜਾਬੀ ਅਤੇ ਸਿੱਖ ਵੱਡੀ ਗਿਣਤੀ ਵਿੱਚ ਸ਼ਾਮਲ ਸਨ। 1919 ਦੇ ਜਲ੍ਹਿਆਂਵਾਲਾ ਬਾਗ ਕਤਲੇਆਮ ਦਾ ਸਭ ਤੋਂ ਵੱਧ ਭਾਰ ਪੰਜਾਬੀਆਂ ਉੱਤੇ ਪਿਆ। ਅਸਹਿਯੋਗ ਅੰਦੋਲਨ ਨੂੰ 1920 ਦੇ ਦਹਾਕੇ ਦੇ ਅਕਾਲੀ ਅੰਦੋਲਨ ਵਿੱਚ ਆਪਣੇ ਕੁਝ ਸਭ ਤੋਂ ਦ੍ਰਿੜ ਅਤੇ ਸਮਰਪਿਤ ਪੈਰੋਕਾਰ ਮਿਲੇ। 1931 ਵਿੱਚ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਫਾਂਸੀ ਨੇ ਪੰਜਾਬ ਦੇ ਦਿਲ ਨੂੰ ਹਿਲਾ ਕੇ ਰੱਖ ਦਿੱਤਾ।
ਗਦਰ ਦੇ ਸ਼ਹੀਦ – ਜੋ 1914-15 ਵਿੱਚ ਪਾਰਟੀ ਦੇ ਸੱਦੇ ‘ਤੇ ਅਮਰੀਕਾ ਅਤੇ ਕੈਨੇਡਾ ਤੋਂ ਵਾਪਸ ਆਏ ਸਨ, ਪੂਰੀ ਤਰ੍ਹਾਂ ਜਾਣਦੇ ਸਨ ਕਿ ਉਹ ਸ਼ਾਇਦ ਆਪਣੀ ਮੌਤ ਵੱਲ ਵਧ ਰਹੇ ਹਨ – ਆਜ਼ਾਦੀ ਸੰਗਰਾਮ ਦੀ ਉਸ ਧਾਰਾ ਦੀ ਨੁਮਾਇੰਦਗੀ ਕਰਦੇ ਹਨ ਜੋ ਆਪਣੇ ਦ੍ਰਿਸ਼ਟੀਕੋਣ ਵਿੱਚ ਅੰਤਰਰਾਸ਼ਟਰੀ ਸੀ, ਚਰਿੱਤਰ ਵਿੱਚ ਮਜ਼ਦੂਰ-ਸ਼੍ਰੇਣੀ ਸੀ, ਅਤੇ ਆਪਣੀ ਰਾਜਨੀਤੀ ਧਰਮ ਨਿਰਪੱਖ ਸੀ। ਉਹ ਸਿਰਫ਼ ‘ਕਿਤਾਬੀ ਰਾਸ਼ਟਰਵਾਦੀ’ ਨਹੀਂ ਸਨ। ਉਹ ਅਜਿਹੇ ਮਜ਼ਦੂਰ ਅਤੇ ਕਿਸਾਨ ਸਨ ਜਿਨ੍ਹਾਂ ਨੇ ਸਮੁੰਦਰ ਪਾਰ ਕੀਤੇ, ਨਸਲੀ ਹਿੰਸਾ ਦਾ ਸਾਹਮਣਾ ਕੀਤਾ, ਅਤੇ ਫਿਰ ਸਾਮਰਾਜ ਦੇ ਸਾਹਮਣੇ ਸਮਰਪਣ ਕਰਨ ਦੀ ਬਜਾਏ ਸਿੱਧੇ ਉਨ੍ਹਾਂ ਦੇ ਮੂੰਹ ਵਿੱਚ ਜਾਣਾ ਚੁਣਿਆ।
ਉਹ ਇਤਿਹਾਸ ਦੀ ਆਮ ਕਿਤਾਬਾਂ ਵਿੱਚ ਸ਼ਾਮਲ ਨਹੀਂ ਹੈ। ਵੱਡੇ-ਵੱਡੇ ਸਮਾਰਕਾਂ ‘ਤੇ ਉਹਨਾਂ ਦੇ ਨਾਮ ਨਹੀਂ ਮਿਲਦੇ। ਸੋਹਣ ਸਿੰਘ ਭਕਨਾ ਲਈ ਭਕਨਾ ਵਿੱਚ ਬਣਾਇਆ ਗਿਆ ਸਮਾਰਕ – ਜਿਵੇਂ ਕਿ ਕਈ ਸਾਲ ਪਹਿਲਾਂ ਟ੍ਰਿਬਿਊਨ ਦੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਗਿਆ ਸੀ ਕਿ – ਅੱਜ ਵੀ ਇੰਨਾ ਸਰਲ ਹੈ ਕਿ ਇਸਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ। ਪੰਜਾਬ ਵਿੱਚ ਕਰਤਾਰ ਸਿੰਘ ਸਰਾਭਾ ਨੂੰ ਯਾਦ ਕੀਤਾ ਜਾਂਦਾ ਹੈ, ਪਰ ਬਾਕੀ ਭਾਰਤ ਵਿੱਚ ਉਹਨਾਂ ਬਾਰੇ ਕੋਈ ਨਹੀਂ ਜਾਣਦਾ। ਗ਼ਦਰ ਪਾਰਟੀ ਦੇ ਅੰਤਰਰਾਸ਼ਟਰੀਵਾਦੀ ਦ੍ਰਿਸ਼ਟੀਕੋਣ – ਆਇਰਿਸ਼ ਰਿਪਬਲਿਕਨਾਂ, ਅਮਰੀਕੀ ਸਮਾਜਵਾਦੀਆਂ ਅਤੇ ਉਸ ਸਮੇਂ ਦੇ ਤੁਰਕੀ ਰਾਸ਼ਟਰਵਾਦੀਆਂ ਨਾਲ ਇਸਦਾ ਸਬੰਧ – ਨੂੰ ਕਦੇ ਵੀ ਉਹ ਇਤਿਹਾਸਕ ਮਹੱਤਵ ਨਹੀਂ ਮਿਲਿਆ ਜਿਸਦਾ ਇਹ ਹੱਕਦਾਰ ਸੀ।
ਕਾਮਾਗਾਟਾ ਮਾਰੂ ਦੀ ਵਰ੍ਹੇਗੰਢ, ਹੋਰ ਗੱਲਾਂ ਤੋਂ ਇਲਾਵਾ, ਉਹਨਾਂ ਨੂੰ ਬਹਾਲ ਕਰਨ ਦਾ ਇੱਕ ਮੌਕਾ ਹੈ।

IV. ਕੈਨੇਡੀਅਨ ਬਿਆਨ ਅਤੇ ਉਸ ਤੋਂ ਮਿਲਣ ਵਾਲੇ ਸੰਕੇਤ
ਪ੍ਰਧਾਨ ਮੰਤਰੀ ਕਾਰਨੀ ਦਾ ਬਿਆਨ ਸਿਰਫ਼ ਹਮਦਰਦੀ ਦਾ ਪ੍ਰਗਟਾਵਾ ਨਹੀਂ ਹੈ – ਹਾਲਾਂਕਿ ਇਹ ਉਹ ਵੀ ਹੈ। ਇਹ ਇੱਕ ਰਾਜਨੀਤਿਕ ਦਸਤਾਵੇਜ਼ ਵੀ ਹੈ, ਅਤੇ ਇਸਦੇ ਰਾਜਨੀਤਿਕ ਸੰਦਰਭ ਨੂੰ ਇਮਾਨਦਾਰੀ ਨਾਲ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ।
ਕੈਨੇਡਾ ਵਿੱਚ ਲਗਭਗ 770,000 ਸਿੱਖ ਰਹਿੰਦੇ ਹਨ – ਕੁੱਲ ਆਬਾਦੀ ਦਾ ਲਗਭਗ 2.1 ਪ੍ਰਤੀਸ਼ਤ। ਇਸ ਅੰਕੜੇ ਦੇ ਨਾਲ, ਭਾਰਤ ਤੋਂ ਬਾਹਰ ਦੁਨੀਆ ਭਰ ਵਿਚ ਕੈਨੇਡਾ ਹੀ ਅਜਿਹਾ ਇੱਕੋ ਇੱਕ ਦੇਸ਼ ਹੈ ਜਿੱਥੇ ਸਭ ਤੋਂ ਵੱਧ ਰਾਸ਼ਟਰੀ ਸਿੱਖ ਆਬਾਦੀ ਹੈ। ਬ੍ਰਿਟਿਸ਼ ਕੋਲੰਬੀਆ, ਜਿੱਥੇ 1914 ਵਿੱਚ ਕਾਮਾਗਾਟਾ ਮਾਰੂ ਜਹਾਜ਼ ਨੂੰ ਵਾਪਸ ਭੇਜ ਦਿੱਤਾ ਗਿਆ ਸੀ, ਉਥੇ ਹੁਣ ਸਿੱਖਾਂ ਦੀ ਆਬਾਦੀ ਸੂਬੇ ਦੀ ਕੁੱਲ ਆਬਾਦੀ ਦੇ ਪੰਜ ਪ੍ਰਤੀਸ਼ਤ ਤੋਂ ਵੀ ਵੱਧ ਹੈ। ਓਨਟਾਰੀਓ ਬਰੈਂਪਟਨ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਰੀ, ਵਿੱਚ ਰਹਿਣ ਵਾਲੇ ਭਾਈਚਾਰੇ, ਪੱਛਮੀ ਦੁਨੀਆ ਦੇ ਸਭ ਤੋਂ ਵੱਧ ਰਾਜਨੀਤਿਕ ਤੌਰ ‘ਤੇ ਸੰਗਠਿਤ ਦੱਖਣੀ ਏਸ਼ੀਆਈ ਭਾਈਚਾਰਿਆਂ ਵਿੱਚੋਂ ਇੱਕ ਹਨ।
ਸਿੱਖ ਭਾਈਚਾਰੇ ਤੋਂ ਇਲਾਵਾ, ਕੈਨੇਡਾ ਦੀ ਦੱਖਣੀ ਏਸ਼ੀਆਈ ਆਬਾਦੀ – ਜਿਸ ਵਿੱਚ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਲੋਕ ਸ਼ਾਮਲ ਹਨ – ਦੇਸ਼ ਦਾ ਸਭ ਤੋਂ ਵੱਡਾ ਘੱਟ ਗਿਣਤੀ ਸਮੂਹ ਬਣਾਉਂਦੀ ਹੈ। ਅੰਗਰੇਜ਼ੀ ਅਤੇ ਫ੍ਰੈਂਚ ਤੋਂ ਬਾਅਦ ਪੰਜਾਬੀ ਹੁਣ ਕੈਨੇਡਾ ਵਿੱਚ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਸਿਰਫ਼ ਜਨਸੰਖਿਆ ਦੇ ਅੰਕੜੇ ਨਹੀਂ ਹਨ। ਇਹ ਮੁੱਖ ਹਲਕੇ ਹਨ, ਅਤੇ ਕੋਈ ਵੀ ਕੈਨੇਡੀਅਨ ਪ੍ਰਧਾਨ ਮੰਤਰੀ ਜੋ ਕਾਮਾਗਾਟਾ ਮਾਰੂ ਦੀ ਵਰ੍ਹੇਗੰਢ ‘ਤੇ ਬਿਆਨ ਜਾਰੀ ਕਰਦਾ ਹੈ, ਉਹ ਇਤਿਹਾਸ ਨਾਲ ਜਿੰਨੀ ਗੱਲ ਕਰ ਰਿਹਾ ਹੁੰਦਾ ਹੈ ਓਨੀ ਹੀ ਇਨ੍ਹਾਂ ਲੋਕਾਂ ਨਾਲ ਵੀ।
ਇਸ ਗੱਲ ਨੂੰ ਸਵੀਕਾਰ ਕਰਨ ਵਿੱਚ ਕੁਝ ਵੀ ਨਕਾਰਾਤਮਕ ਨਹੀਂ ਹੈ। ਰਾਜਨੀਤਿਕ ਹਮਦਰਦੀ ਅਤੇ ਸੱਚੀ ਸਵੈ-ਪੜਚੋਲ ਇੱਕ ਦੋਵੇ ਇਕ ਦੂਜੇ ਦੇ ਉਲਟ ਨਹੀਂ ਹਨ। ਮੁੱਖ ਗੱਲ ਇਹ ਹੈ ਕਿ ਕੀ ਇਹ ਬਿਆਨ ਤੋਂ ਬਾਅਦ ਕੋਈ ਨੀਤੀ ਵੀ ਆਉਂਦੀ ਹੈ – ਭਾਵੇਂ ਉਹ ਇਮੀਗ੍ਰੇਸ਼ਨ, ਨਸਲਵਾਦ ਵਿਰੋਧੀ, ਜਾਂ ਫਿਰ ਅੱਜ ਦੇ ਸਮੇਂ ਚ ਆਉਣ ਵਾਲਿਆਂ ਕੀਤੇ ਜਾਣ ਵਾਲੇ ਵਿਵਹਾਰ ਬਾਰੇ ਹੋਵੇ। ਕਿਸੇ ਵੀ ਯਾਦਗਾਰ ਦੀ ਮਹੱਤਤਾ ਉਸਦੇ ਬਿਆਨ ਦੀ ਵਾਕਫੀਅਤ ਦੁਆਰਾ ਨਹੀਂ, ਸਗੋਂ ਉਹਨਾਂ ਸਥਿਤੀਆਂ ਦੁਆਰਾ ਮਾਪੀ ਜਾਂਦੀ ਹੈ ਜਿਨ੍ਹਾਂ ਨੂੰ ਸੁਧਾਰਨਾ ਉਸਦਾ ਉਦੇਸ਼ ਹੈ।
ਕਾਰਨਿ ਦਾ ਬਿਆਨ ਜੋ ਸਪੱਸ਼ਟ ਰੂਪ ਤੇ ਦਿਖਾਉਂਦਾ ਹੈ, ਉਹ ਇਹ ਹੈ ਕਿ ਬ੍ਰਿਟਿਸ਼ ਕੋਲੰਬੀਆ ਅਤੇ ਓਨਟਾਰੀਓ ਇਲਾਕਿਆਂ ਦੀ ਰਾਜਨੀਤੀ – ਜਿੱਥੇ ਇੱਕ ਸਦੀ ਦੀ ਪੰਜਾਬੀ ਮਿਹਨਤ ਨੇ ਚਰਚ, ਗੁਰਦੁਆਰੇ, ਖੇਤ ਅਤੇ ਅੰਤ ਵਿੱਚ ਵਿਧਾਨ ਸਭਾਵਾਂ ਬਣਾਈਆਂ – ਹੁਣ ਕੈਨੇਡਾ ਦੇ ਸੰਘੀ ਗਣਨਾ ਦੇ ਕੇਂਦਰ ਵਿੱਚ ਹਨ। ਇਹ ਇੱਕ ਅਜਿਹੀ ਯਾਤਰਾ ਹੈ ਜਿਸਦੀ ਸ਼ੁਰੂਆਤ ਇੱਕ ਤਰ੍ਹਾਂ ਨਾਲ, ਉਸ ਜਹਾਜ਼ ‘ਤੇ ਸਵਾਰ 376 ਲੋਕਾਂ ਨਾਲ ਸ਼ੁਰੂ ਹੋਈ ਸੀ।
V. ਕੈਨੇਡਾ ਨੂੰ ਦੋਸ਼ੀ ਠਹਿਰਾਉਣ ਵਾਲੇ ਲੋਕਾਂ ਲਈ ਇੱਕ ਸ਼ਬਦ

ਭਾਰਤ ਵਿੱਚ ਟਿੱਪਣੀਆਂ ਦਾ ਇੱਕ ਖਾਸ ਰੁਝਾਨ ਹੈ – ਜੋ ਅਣਜਾਣ ਸਰਕਾਰੀ ਸਰੋਤਾਂ, ਟੈਲੀਵਿਜ਼ਨ ਸਟੂਡੀਓ ਅਤੇ ਸੋਸ਼ਲ ਮੀਡੀਆ ਤੋਂ ਆਉਂਦਾ ਹੈ – ਜਿਸਨੇ ਜਸਟਿਨ ਟਰੂਡੋ ਦੀ ਅਗਵਾਈ ਵਾਲੇ ਕੈਨੇਡਾ ਨੂੰ ਕੈਨੇਡੀਅਨ ਧਰਤੀ ‘ਤੇ ਖਾਲਿਸਤਾਨ ਅੰਦੋਲਨ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰਨ, ਜਾਂ ਘੱਟੋ ਘੱਟ ਬਰਦਾਸ਼ਤ ਕਰਨ ਲਈ ਦੋਸ਼ੀ ਠਹਿਰਾਇਆ। ਇਹਨਾਂ ਵਿੱਚੋਂ ਕੁਝ ਟਿੱਪਣੀਆਂ ਬੇਬੁਨਿਆਦ ਨਹੀਂ ਸਨ: ਕੈਨੇਡਾ ਦਾ ਰਾਜਨੀਤਿਕ ਸੱਭਿਆਚਾਰ, ਜੋ ਭਾਰਤੀ ਪ੍ਰਵਾਸੀਆਂ ਦੀਆਂ ਸ਼ਿਕਾਇਤਾਂ ਦਾ ਕਾਫ਼ੀ ਸਤਿਕਾਰ ਕਰਦੀ ਹੈ, ਅਤੇ ਟਰੂਡੋ ਸਰਕਾਰ – ਜੋ ਕਿ ਹਲਕੇ ਸ਼ਬਦਾਂ ਵਿੱਚ, ਪ੍ਰਗਟਾਵੇ ਦੀ ਆਜ਼ਾਦੀ ਅਤੇ ਹਿੰਸਾ ਨੂੰ ਭੜਕਾਉਣ ਦੇ ਵਿਚਕਾਰਲੀ ਬਾਰੀਕ ਰੇਖਾ ਵੱਲ ਲੋੜੀਂਦਾ ਧਿਆਨ ਨਹੀਂ ਦੇ ਰਹੀ ਸੀ – ਨੇ ਨਵੀਂ ਦਿੱਲੀ ਨੂੰ ਚਿੰਤਾ ਕਰਨ ਦੇ ਜਾਇਜ਼ ਕਾਰਨ ਦਿੱਤੇ।
ਪਰ ਇਸ ਆਲੋਚਨਾ ਦਾ ਜੋ ਵਧੇਰੇ ਅਤਿਕਥਨੀ ਰੂਪ ਸੀ – ਕਿ ਕੈਨੇਡਾ ਇੱਕ ਦੁਸ਼ਮਣ ਦੇਸ਼ ਹੈ, ਭਾਰਤ ਦੀ ਖੇਤਰੀ ਅਖੰਡਤਾ ਦਾ ਦੁਸ਼ਮਣ ਹੈ, ਅਤੇ ਵੱਖਵਾਦ ਨੂੰ ਉਤਸ਼ਾਹਿਤ ਕਰਦਾ ਹੈ – ਹਮੇਸ਼ਾ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ। ਅਤੇ ਇਹ ਗੱਲ ਉਦੋਂ ਪੂਰੀ ਤਰ੍ਹਾਂ ਗਲਤ ਸਾਬਤ ਹੋ ਗਈ ਜਦੋਂ, ਸਤੰਬਰ 2023 ਵਿੱਚ, ਟਰੂਡੋ ਨੇ ਹਾਊਸ ਆਫ਼ ਕਾਮਨਜ਼ ਵਿੱਚ ਖੜ੍ਹੇ ਹੋ ਕੇ ਇਹ ਦੋਸ਼ ਲਗਾਇਆ ਕਿ ਕੈਨੇਡੀਅਨ ਧਰਤੀ ‘ਤੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਅਤੇ ਭਾਰਤ ਸਰਕਾਰ ਦੇ ਏਜੰਟਾਂ ਵਿਚਕਾਰ ਇੱਕ “ਭਰੋਸੇਯੋਗ” ਸਬੰਧ ਹੈ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਕੂਟਨੀਤਕ ਸਬੰਧ ਟੁੱਟ ਗਏ, ਇੱਕ ਦੂਜੇ ਦੇ ਡਿਪਲੋਮੈਟਾਂ ਨੂੰ ਦੇਸ਼ ਚੋਂ ਕੱਢ ਦਿੱਤਾ ਗਿਆ, ਅਤੇ ਇੱਕ ਲੰਮੇ ਸਮੇਂ ਤੱਕ ਰਿਸ਼ਤਿਆਂ ਚ ਠਹਿਰਾਅ ਆ ਗਿਆ – ਇਸ ਦੌਰਾਨ ਦੋਵਾਂ ਪਾਸਿਆਂ ਤੋਂ ਗੈਰ-ਜ਼ਿੰਮੇਵਾਰਾਨਾ ਬਿਆਨ ਦਿੱਤੇ ਗਏ, ਜਿਸ ਨਾਲ ਦੋਵਾਂ ਦੇਸ਼ਾਂ ਦੇ ਸਟੈਂਡ ਹੋਰ ਵੀ ਸਖ਼ਤ ਹੋ ਗਏ; ਜਦੋਂ ਕਿ ਇੱਕ ਹੁਨਰਮੰਦ ਸਿਆਸਤਦਾਨ ਨੂੰ ਇਨ੍ਹਾਂ ਮਾਮਲਿਆਂ ਨੂੰ ਸ਼ਾਂਤੀਪੂਰਵਕ ਹੱਲ ਕਰਨਾ ਚਾਹੀਦਾ ਸੀ।
ਇਸ ਤੋਂ ਬਾਅਦ ਵਾਪਰੀਆਂ ਘਟਨਾਵਾਂ ਬਹੁਤ ਹੀ ਸਿੱਖਿਆਦਾਇਕ ਹਨ। 2025 ਦੇ ਸ਼ੁਰੂ ਵਿੱਚ ਮਾਰਕ ਕਾਰਨੀ ਨੇ ਟਰੂਡੋ ਦੀ ਜਗ੍ਹਾ ਲਈ। ਮਾਹੌਲ ਲਗਭਗ ਤੁਰੰਤ ਬਦਲ ਗਿਆ। ਕਾਰਨੀ ਨੇ ਜੂਨ 2025 ਵਿੱਚ ਅਲਬਰਟਾ ਦੇ ਕਨਾਨਾਸਕਿਸ ਵਿੱਚ G7 ਸੰਮੇਲਨ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਦਿੱਤਾ। ਹਾਈ ਕਮਿਸ਼ਨਰਾਂ ਨੂੰ ਬਹਾਲ ਕਰ ਦਿੱਤਾ ਗਿਆ। ਵਪਾਰਕ ਗੱਲਬਾਤ ਮੁੜ ਸ਼ੁਰੂ ਹੋ ਗਈ। ਵਿਦੇਸ਼ੀ ਦਖਲਅੰਦਾਜ਼ੀ ਦੀ ਜਾਂਚ ਕਰਨ ਵਾਲੀ ਇੱਕ ਕੈਨੇਡੀਅਨ ਜਨਤਕ ਜਾਂਚ ਨੇ ਸਿੱਟਾ ਕੱਢਿਆ ਕਿ ਨਿੱਝਰ ਦੇ ਕਤਲ ਵਿੱਚ ਕਿਸੇ ਵੀ ਵਿਦੇਸ਼ੀ ਦੇਸ਼ ਦੀ ਸ਼ਮੂਲੀਅਤ ਦਾ ਕੋਈ ਠੋਸ ਸਬੂਤ ਨਹੀਂ ਹੈ। ਮਾਰਚ 2026 ਵਿੱਚ ਨਵੀਂ ਦਿੱਲੀ ਦੀ ਫੇਰੀ ਤੋਂ ਪਹਿਲਾਂ, ਇੱਕ ਸੀਨੀਅਰ ਕੈਨੇਡੀਅਨ ਸਰਕਾਰੀ ਅਧਿਕਾਰੀ ਨੇ ਭਾਰਤ ਨੂੰ “ਹੁਣ ਖ਼ਤਰਾ ਨਹੀਂ” ਐਲਾਨ ਕੀਤਾ — ਇੱਕ ਬਿਆਨ ਅਜਿਹਾ ਬਿਆਨ ਸੀ ਜੋ ਕੈਨੇਡਾ ਦੇ ਅਧਿਕਾਰਤ ਰੁਖ਼ ਵਿੱਚ ਸੋਚੀ ਸਮਝੀ ਅਤੇ ਜਾਣਬੁੱਝ ਕੇ ਕੀਤੀ ਗਈ ਤਬਦੀਲੀ ਨੂੰ ਦਰਸਾਉਂਦਾ ਹੈ। ਜਦੋਂ ਕਾਰਨੀ ਅਤੇ ਮੋਦੀ ਹੈਦਰਾਬਾਦ ਹਾਊਸ ਵਿੱਚ ਮਿਲੇ, ਤਾਂ ਕਿਸੇ ਵੀ ਨੇਤਾ ਨੇ ਨਿੱਝਰ ਦਾ ਜ਼ਿਕਰ ਨਹੀਂ ਕੀਤਾ। ਇਹ ਚੁੱਪੀ ਕੂਟਨੀਤਕ ਸੀ, ਪਰ ਇਸ ਵਿੱਚ ਇੱਕ ਸੁਨੇਹਾ ਵੀ ਸੀ।
ਜਿਹੜੇ ਲੋਕ ਇਹ ਦਲੀਲ ਦਿੰਦੇ ਸਨ ਕਿ ਟਰੂਡੋ ਦੀ ਅਗਵਾਈ ਹੇਠ ਕੈਨੇਡਾ ਭਾਰਤ ਪ੍ਰਤੀ ਅਜਿਹੀ ਦੁਸ਼ਮਣੀ ਰੱਖਦਾ ਹੈ, ਜਿਸਦੀ ਭਰਪਾਈ ਨਹੀਂ ਹੋ ਸਕਦੀ, ਉਨ੍ਹਾਂ ਨੂੰ ਹੁਣ ਕਾਰਨੀ ਦੇ ਕੈਨੇਡਾ ‘ਤੇ ਵਿਚਾਰ ਕਰਨਾ ਚਾਹੀਦਾ ਹੈ – ਜਿਸਨੇ ਸਿਰਫ਼ ਇੱਕ ਸਾਲ ਦੇ ਅੰਦਰ, ਉਸ ਸੰਕਟ ਨੂੰ ਚੁੱਪ-ਚਾਪ ਹੱਲ ਕਰ ਲਿਆ ਜਿਸਨੂੰ ਉਸਦੇ ਪੂਰਵਗਾਮੀ ਨੇ ਸੰਸਦ ਦੇ ਅੰਦਰ ਲਾਪਰਵਾਹੀ ਨਾਲ ਭੜਕਾਇਆ ਸੀ। 23 ਮਈ, 2026 ਨੂੰ ਜਾਰੀ ਕੀਤਾ ਗਿਆ “ਕਾਮਾਗਾਟਾ ਮਾਰੂ” ਬਿਆਨ ਵੀ ਇਸ ਲੜੀ ਦਾ ਹਿੱਸਾ ਹੈ। ਇਹ ਕਿਸੇ ਅਜਿਹੇ ਦੇਸ਼ ਦਾ ਚਰਿੱਤਰ ਨਹੀਂ ਹੈ ਜੋ ਭਾਰਤ ਜਾਂ ਸਿੱਖਾਂ ਪ੍ਰਤੀ ਕੋਈ ਦੁਸ਼ਮਣੀ ਰੱਖਦਾ ਹੈ। ਇਹ ਇੱਕ ਪਰਿਪੱਕ ਲੋਕਤੰਤਰ ਦਾ ਚਰਿੱਤਰ ਹੈ, ਜੋ ਆਪਣੇ ਗੁੰਝਲਦਾਰ ਡਾਇਸਪੋਰਾ ਇਤਿਹਾਸ ਅਤੇ ਵਿਰਾਸਤ ਨੂੰ ਸਮਝਦਾਰੀ ਨਾਲ ਸੰਭਾਲ ਰਿਹਾ ਹੈ।
VI. ਉਪਸੰਹਾਰ: ਭੁੱਲੇ ਹੋਏ ਅਤੇ ਜੀਉਂਦੇ ਲੋਕ
ਕਾਮਾਗਾਟਾ ਮਾਰੂ ਦੇ ਯਾਤਰੀ ਇਹੋ ਚਾਹੁੰਦੇ ਸਨ ਜੋ ਸਾਰੇ ਪ੍ਰਵਾਸੀ ਚਾਹੁੰਦੇ ਹਨ: ਇੱਕ ਬਿਹਤਰ ਜ਼ਿੰਦਗੀ। ਕੈਨੇਡਾ ਨੂੰ “ਗੋਰੇ” ਰੱਖਣ ਲਈ ਬਣਾਏ ਗਏ ਕਾਨੂੰਨਾਂ ਦੇ ਚਲਦੇ ਉਨ੍ਹਾਂ ਨੂੰ ਇਸ ਤੋਂ ਇਨਕਾਰ ਕਰ ਦਿੱਤਾ ਗਿਆ। ਉਹ ਇੱਕ ਬਸਤੀਵਾਦੀ ਭਾਰਤ ਵਾਪਸ ਆ ਗਏ ਜਿਸਨੇ ਉਨ੍ਹਾਂ ਨੂੰ ਕੈਦ ਕਰ ਲਿਆ ਅਤੇ ਗੋਲੀ ਮਾਰ ਦਿੱਤੀ। ਉਨ੍ਹਾਂ ਦੀ ਬੇਇੱਜ਼ਤੀ ਨੇ ਜਿਸ ਇਨਕਲਾਬੀ ਲਹਿਰ ਨੂੰ ਭੜਕਾਇਆ ਸੀ, ਉਸਨੂੰ ਕੁਚਲ ਦਿੱਤਾ ਗਿਆ; ਉਸ ਦੇ ਨੇਤਾਵਾਂ ਨੂੰ ਫਾਂਸੀ ਦੇ ਦਿੱਤੀ ਗਈ, ਇਸਦੇ ਅਖ਼ਬਾਰ ਜ਼ਬਤ ਕਰ ਲਏ ਗਏ, ਅਤੇ ਇਸਦੀਆਂ ਯਾਦਾਂ ਨੂੰ ਆਜ਼ਾਦੀ ਸੰਗਰਾਮ ਦੇ ਇਤਿਹਾਸ ਦੇ ਫੁੱਟਨੋਟਾਂ ਵਿੱਚ ਦਫ਼ਨ ਕਰ ਦਿੱਤਾ ਗਿਆ, ਜਿਸਨੂੰ ਮੁੱਖ ਧਾਰਾ ਦਾ ਰਾਸ਼ਟਰਵਾਦੀ ਅੰਦੋਲਨ ਇੱਕ ਵੱਖਰੇ ਤਰੀਕੇ ਨਾਲ ਪੇਸ਼ ਕਰਨਾ ਪਸੰਦ ਕੀਤਾ ਸੀ।
ਇੱਕ ਸੌ ਬਾਰਾਂ ਸਾਲ ਬਾਅਦ, ਕੈਨੇਡਾ ਦੇ ਪ੍ਰਧਾਨ ਮੰਤਰੀ ਇਸਨੂੰ “ਸਾਡੇ ਇਤਿਹਾਸ ਦੇ ਸਭ ਤੋਂ ਕਾਲੇ ਅਧਿਆਵਾਂ ਵਿੱਚੋਂ ਇੱਕ” ਕਹਿੰਦੇ ਹਨ।
ਪੰਜਾਬ ਵਿੱਚ, ਸੋਹਣ ਸਿੰਘ ਭਕਨਾ ਦੀ ਯਾਦਗਾਰ ਅਜੇ ਵੀ ਸਾਦੀ ਹੈ। ਸ਼ਹੀਦਾਂ ਦੀ ਯਾਦ ਵਿੱਚ ਰਾਜਨੀਤਿਕ ਭਾਸ਼ਣਾਂ ਤੋਂ ਪਹਿਲਾਂ ਕਰਤਾਰ ਸਿੰਘ ਸਰਾਭਾ ਦਾ ਨਾਮ ਅਕਸਰ ਲਿਆ ਜਾਂਦਾ ਹੈ। ਸੈਨ ਫਰਾਂਸਿਸਕੋ ਵਿੱਚ ਗਦਰ ਅਜਾਇਬ ਘਰ – ਪਾਰਟੀ ਦੀ ਸਥਾਪਨਾ ਦਾ ਅਸਲ ਸਥਾਨ – ਅਜੇ ਵੀ ਫੰਡਿੰਗ ਅਤੇ ਸੈਲਾਨੀਆਂ ਦੀ ਘਾਟ ਨਾਲ ਜੂਝ ਰਿਹਾ ਹੈ।
ਅਸੀਂ ਉਨ੍ਹਾਂ ਲਈ ਸਿਰਫ਼ ਇੱਕ ਫੁੱਟਨੋਟ ਤੋਂ ਵੱਧ ਦੇਣਦਾਰ ਹਾਂ। ਅਸੀਂ ਉਨ੍ਹਾਂ ਲਈ ਇੱਕ ਪੂਰੇ ਵਾਕ ਦੇ ਦੇਣਦਾਰ ਹਾਂ— ਅਤੇ ਇਸ ਤੋਂ ਬਾਅਦ ਵਾਲਾ ਪੈਰਾ ਦੇ ਵੀ, ਜੋ ਇਹ ਸਮਝਾਉਂਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਵੈਨਕੂਵਰ ਦੀ ਬੰਦਰਗਾਹ ‘ਤੇ ਠੰਡੇ ਅਤੇ ਕਠੋਰ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਸੀ, ਉਨ੍ਹਾਂ ਨੇ ਫਿਰ ਵੀ ਸਾਮਰਾਜ ਦੇ ਜਬੜਿਆਂ ਵਿੱਚ ਵਾਪਸ ਜਾਣ ਅਤੇ ਇੱਕ ਅਜਿਹੇ ਦੇਸ਼ ਲਈ ਮਰਨ ਦਾ ਫੈਸਲਾ ਕਿਉਂ ਕੀਤਾ ਜੋ ਉਦੋਂ ਤੋਂ ਆਪਣੇ ਨਾਮ ਯਾਦ ਰੱਖਣ ਲਈ ਸੰਘਰਸ਼ ਕਰ ਰਿਹਾ ਹੈ।
ਮਾਰਕ ਕਾਰਨੀ ਨੇ ਕੱਲ੍ਹ ਉਨ੍ਹਾਂ ਨੂੰ ਯਾਦ ਕੀਤਾ। ਸਾਨੂੰ ਉਹਨਾਂ ਨੂੰ ਹਰ ਰੋਜ਼ ਯਾਦ ਕਰਨਾ ਚਾਹੀਦਾ ਹੈ।
ਲੇਖਕ ਪੰਜਾਬ ਕੇਡਰ ਦੇ 1984 ਬੈਚ ਦੇ ਸੇਵਾਮੁਕਤ ਆਈਏਐਸ ਅਧਿਕਾਰੀ ਅਤੇ ਦ ਕੇਬੀਐਸ ਕ੍ਰੋਨਿਕਲ ਦੇ ਸੰਸਥਾਪਕ-ਸੰਪਾਦਕ ਹਨ। ਇਹ ਲੇਖ ਮੂਲ ਰੂਪ ਵਿੱਚ ਲੇਖਕ ਦੇ ਨਿੱਜੀ ਬਲੌਗ, ਦ ਕੇਬੀਐਸ ਕ੍ਰੋਨਿਕਲ ‘ਤੇ ਪ੍ਰਕਾਸ਼ਿਤ ਹੋਇਆ ਸੀ। ਮੂਲ ਅੰਗਰੇਜ਼ੀ ਸੰਸਕਰਣ ਪੜ੍ਹਨ ਲਈ ਇੱਥੇ ਕਲਿੱਕ ਕਰੋ।



Leave a Comment