ਸਦਾ ਕੌਰ: ਮਹਾਰਾਜਾ ਰਣਜੀਤ ਸਿੰਘ ਦੇ ਉਭਾਰ ਪਿੱਛੇ ਦੀ ਸ਼ਕਤੀ
ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਪੰਜਾਬ ਵਿੱਚ ਮਿਸਲਾਂ ਦਾ ਰਾਜ ਸੀ। ਪਿਛਲੇ ਪੰਜ ਦਹਾਕਿਆਂ ਤੋਂ ਪੰਜਾਬ ਦੇ ਰਾਜਨੀਤਿਕ ਹਾਲਾਤ ਡਾਵਾਂ-ਡੋਲ ਸਨ। ਪੰਜਾਬ ਦੇ ਵਿੱਚ 18ਵੀ ਸਦੀ ਦੇ ਲਗਭਗ ਅੱਧ ਵਿੱਚ ਅਹਿਮਦ ਸ਼ਾਹ ਅਬਦਾਲੀ ਦਾ ਬੋਲਬਾਲਾ ਰਿਹਾ। ਅਬਦਾਲੀ ਨੇ ਪੰਜਾਬ ਉੱਤੇ ਕੁੱਲ ਅੱਠ ਹਮਲੇ ਕੀਤੇ ਅਤੇ ਪੰਜਾਬ ਦੀ ਧਨ-ਦੌਲਤ ਲੁੱਟੀ। ਇਸੇ ਸਮੇਂ ਪੰਜਾਬ ਦੇ ਵਿੱਚ ਇੱਕ ਕਹਾਵਤ ਬੜੀ ਮਸ਼ਹੂਰ ਹੋਈ:-
“ਖਾਧਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ ਸ਼ਾਹੇ ਦਾ”
ਅਬਦਾਲੀ ਤੋਂ ਬਾਅਦ ਪੰਜਾਬ ਉੱਤੇ ਭਾਵੇਂ ਉਸਦੇ ਵੰਸ਼ਕ ਆਪਣਾ ਅਧਿਕਾਰ ਦੱਸਦੇ ਰਹੇ ਪਰ ਉਹ ਅਬਦਾਲੀ ਜਿੰਨੇ ਤਾਕਤਵਰ ਤੇ ਰਾਜਨੀਤੀਵਾਨ ਨਹੀਂ ਸਨ। ਪੰਜਾਬ ਵਿੱਚ ਮਿਸਲਾਂ ਦੇ ਸਰਦਾਰਾਂ ਨੇ ਵੱਧ ਤੋਂ ਵੱਧ ਇਲਾਕਾ ਨੱਪਣਾ ਸ਼ੁਰੂ ਕਰ ਦਿੱਤਾ।ਆਲੂਵਾਲੀਆ ਮਿਸਲ, ਸਿੰਘਪੁਰੀਆ ਜਾਂ ਫੈਜਲਪੁਰੀਆ ਮਿਸਲ, ਸ਼ੁਕਰਚੱਕੀਆ ਮਿਸਲ, ਨਿਸ਼ਾਨਵਾਲੀਆ ਮਿਸਲ, ਭੰਗੀ ਮਿਸਲ, ਘਨ੍ਹਈਆ ਮਿਸਲ, ਨਕਈ ਮਿਸਲ, ਡੱਲੇਵਾਲੀਆ ਮਿਸਲ, ਸ਼ਹੀਦ ਮਿਸਲ, ਕਰੋੜ ਸਿੰਘੀਆ ਮਿਸਲ, ਫੁੱਲਕੀਆ ਮਿਸਲ ਤੇ ਰਾਮਗੜ੍ਹੀਆ ਮਿਸਲ। ਇਹ ਮਿਸਲਾਂ ਪੰਜਾਬ ਦੇ ਵਿੱਚ ਸਿੱਖ ਰਾਜ ਦਾ ਢਾਂਚਾਗਤ ਬਣਤਰੀ ਇਤਿਹਾਸ ਬਣੀਆਂ। ਸਿਖ ਰਾਜ ਮਿਸਲਾਂ ਦਾ ਰਾਜ ਬਣ ਗਿਆ ਤੇ ਇਹਨਾਂ ਵਿੱਚੋਂ ਬਹੁਤੀਆਂ ਮਿਸਲਾਂ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਚੜ੍ਹਤ ਸਿੰਘ ਦੇ ਪੋਤਰੇ ਤੇ ਮਹਾਂ ਸਿੰਘ ਦੇ ਪੁੱਤਰ ਰਣਜੀਤ ਸਿੰਘ ਨੇ ਆਪਣੀ ਮਿਸਲ ਦੇ ਅਧੀਨ ਕਰਕੇ ਜਿੱਤ ਲਈਆਂ। ਮਹਾਰਾਜਾ ਰਣਜੀਤ ਸਿੰਘ ਜੋ ਪੰਜਾਬ ਦਾ ਸੁਤੰਤਰ ਰਾਜਾ ਬਣਿਆ ਨੇ ਮਿਸਲਾਂ ਨੂੰ ਖਤਮ ਕਰਕੇ ਲਾਹੌਰ ਨੂੰ ਰਾਜਧਾਨੀ ਬਣਾ ਕੇ ਆਪਣਾ ਸੁਤੰਤਰ ਰਾਜ ਕਾਇਮ ਕੀਤਾ। ਮਹਾਰਾਜਾ ਰਣਜੀਤ ਸਿੰਘ ਦਾ ਜਨਮ 1780 ਦੇ ਵਿੱਚ ਗੁਜਰਾਂਵਾਲਾ ਦੇ ਵਿੱਚ ਹੋਇਆ। ਬਚਪਨ ਦੇ ਵਿੱਚ ਹੀ ਉਸਦੇ ਪਿਤਾ ਮਹਾਂ ਸਿੰਘ ਦੀ ਮੌਤ ਹੋ ਜਾਣ ਤੋਂ ਬਾਅਦ ਸ਼ੁਕਰਚੱਕੀਆ ਮਿਸਲ ਦੀ ਵਾਂਗਡੋਰ ਰਣਜੀਤ ਸਿੰਘ ਦੇ ਹੱਥਾਂ ਵਿੱਚ ਆ ਗਈ। ਸ਼ੁਕਰਚੱਕੀਆ ਮਿਸਲ ਦੀ ਵਾਂਗ ਡੋਰ ਸੰਭਾਲਦੇ ਹੀ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿੱਚ ਆਪਣਾ ਸੁਤੰਤਰ ਰਾਜ ਕਾਇਮ ਕੀਤਾ ਸੀ। ਇਹ ਸੁਤੰਤਰ ਰਾਜ ਕਾਇਮ ਕਰਨ ਪਿੱਛੇ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਵੱਧ ਮਦਦ ਉਸਦੀ ਸੱਸ ਸਰਦਾਰਨੀ ਸਦਾ ਕੌਰ ਨੇ ਕੀਤੀ ਸੀ। ਇਤਿਹਾਸਕਾਰ ਇਹ ਵੀ ਮੰਨਦੇ ਨੇ ਇਹਨਾਂ ਤੀਆਂ ਸਾਲਾਂ ਦੇ ਵਿੱਚ ਸਰਦਾਰਨੀ ਸਦਾ ਕੌਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਰਹੀ ਹੈ।

ਫਿਰੋਜ਼ਪੁਰ ਦੇ ਜਿਲ੍ਹੇ ਵਿੱਚ ਰਾਉਕੇ ਇੱਕ ਸਰਦਾਰਾਂ ਦਾ ਪਿੰਡ ਹੈ। ਜਿੱਥੇ ਮਿਸਲਾਂ ਦੇ ਸਮੇਂ ਦਸੋਂਧਾ ਸਿੰਘ ਨਾਮੀ ਸਰਦਾਰ ਰਿਹਾ ਕਰਦਾ ਸੀ। ਦਸੋਂਧਾ ਸਿੰਘ ਦੇ ਘਰ ਲੜਕੀ ਨੇ ਜਨਮ ਲਿਆ ਜਿਸ ਦਾ ਨਾਮ ਉਸਨੇ ਸਦਾ ਕੌਰ ਰੱਖਿਆ। ਜਦੋਂ ਸਦਾ ਕੌਰ ਥੋੜੀ ਵੱਡੀ ਹੋਈ ਤਾਂ ਦਸੋਂਧਾ ਸਿੰਘ ਨੇ ਆਪਣੀ ਪੁੱਤਰੀ ਸਦਾ ਕੌਰ ਦਾ ਵਿਆਹ ਉਸ ਸਮੇਂ ਦੀ ਨਾਮਵਾਰ ਮਿਸਲ ਘਨ੍ਹਈਆ ਮਿਸਲ ਦੇ ਸਰਦਾਰ ਜੈ ਸਿੰਘ ਘਨ੍ਹਈਆ ਦੇ ਪੁੱਤਰ ਗੁਰਬਖਸ਼ ਸਿੰਘ ਨਾਲ ਕਰ ਦਿੱਤਾ। ਗੁਰਬਖਸ਼ ਸਿੰਘ ਦੀ ਉਮਰ ਉਸ ਸਮੇਂ ਨੌ ਸਾਲ ਦੀ ਸੀ। ਪਰ ਜਦ ਉਹ 25 ਸਾਲ ਦਾ ਹੋਇਆ ਤਾਂ ਇੱਕ ਲੜਾਈ ਦੇ ਵਿੱਚ ਮਾਰਿਆ ਗਿਆ ਅਤੇ ਸਦਾ ਕੌਰ ਵਿਧਵਾ ਹੋ ਗਈ ਤੇ ਇਸ ਸਮੇਂ ਸਦਾ ਕੌਰ ਦੇ ਕੁੱਛੜ ਇੱਕ ਪੁੱਤਰੀ ਸੀ। ਘਨ੍ਹਈਆ ਮਿਸਲ ਕਿਸੇ ਸਮੇਂ ਪੰਜਾਬ ਦੀਆਂ ਮਿਸਲਾਂ ਵਿੱਚੋਂ ਸਭ ਤੋਂ ਜੋਰਾਵਰ ਮਿਸਲ ਸੀ। ਸਰਦਾਰ ਜੈ ਸਿੰਘ ਨੇ ਬਟਾਲਾ ਨੂੰ ਆਪਣੀ ਰਾਜਧਾਨੀ ਬਣਾ ਕੇ ਦੂਰ ਦੂਰ ਤੱਕ ਦੇ ਇਲਾਕੇ ਜਿੱਤੇ ਤੇ ਇੱਕ ਸਮੇਂ ਕਾਂਗੜੇ ਤੋਂ ਲੈ ਕੇ ਮੁਲਤਾਨ ਤੱਕ ਘਨ੍ਹਈਆ ਮਿਸਲ ਦਾ ਰਾਜ ਰਿਹਾ। ਪਹਿਲੇ ਦਿਨਾਂ ਵਿੱਚ ਘਨ੍ਹਈਆ ਤੇ ਰਾਮਗੜ੍ਹੀਆ ਮਿਸਲਾਂ ਦੇ ਸਰਦਾਰ ਰਲ ਕੇ ਲੜਾਈਆਂ ਕਰਦੇ ਸਨ। ਜਦੋਂ ਪਹਿਲੀ ਵਾਰ ਸਿੰਘਾਂ ਨੇ ਕਸੂਰ ਤੇ ਜਿੱਤ ਪ੍ਰਾਪਤ ਕੀਤੀ ਤਾਂ ਇਹ ਦੋਵੇਂ ਮਿਸਲਾਂ ਇਕੱਠੀਆਂ ਹੀ ਸਨ ਅਤੇ ਲੁੱਟ ਦਾ ਸਾਰਾ ਮਾਲ ਇਕੱਠੇ ਵੰਡਿਆ ਕਰਦੇ ਸਨ। ਇੱਕ ਵਾਰ ਰਾਮਗੜ੍ਹੀਆ ਮਿਸਲ ਦੇ ਸਰਦਾਰਾਂ ਨੇ ਦੀਵਾਨ ਦਿਲਾ ਰਾਮ ਦੀ ਹਵੇਲੀ ਵਿੱਚੋਂ ਕਈ ਲੱਖਾਂ ਦਾ ਮਾਲ ਲੁੱਟ ਲੈ ਆਉਂਦਾ, ਪਰ ਘਨ੍ਹਈਆ ਨੂੰ ਹਿੱਸਾ ਨਾ ਦਿੱਤਾ, ਜਿਸ ਕਰਕੇ ਇਹਨਾਂ ਦੋਹਾਂ ਮਿਸਲਾਂ ਦੀ ਆਪਸੀ ਟਸਰਬਾਜੀ ਹੋ ਗਈ।
ਜਿਸ ਤਰ੍ਹਾਂ ਘਨ੍ਹਈਆ ਮਿਸਲ ਦਾ ਜੈ ਸਿੰਘ ਬਹੁਤ ਬਹਾਦਰ ਤੇ ਦਲੇਰ ਸੀ ਉਸੇ ਤਰ੍ਹਾਂ ਰਾਮਗੜ੍ਹੀਆ ਮਿਸਲ ਦੇ ਵਿੱਚ ਜੱਸਾ ਸਿੰਘ ਰਾਮਗੜ੍ਹੀਆ ਬੜਾ ਬਹਾਦਰ ਸੂਰਮਾ ਸੀ। ਕਾਂਗੜੇ ਤੋਂ ਲੈ ਕੇ ਪਹਾੜੀ ਰਾਜੇ ਸਾਰੇ ਜੱਸਾ ਸਿੰਘ ਰਾਮਗੜ੍ਹੀਆ ਦੀ ਅਧੀਨਤਾ ਸਵੀਕਾਰ ਕਰ ਚੁੱਕੇ ਸਨ ਤੇ ਹਰ ਸਾਲ 2 ਲੱਖ ਰੁਪਏ ਜੱਸਾ ਸਿੰਘ ਰਾਮਗੜੀਆਂ ਨੂੰ ਦਿਆ ਕਰਦੇ ਸਨ। ਜੱਸਾ ਸਿੰਘ ਆਹਲੂਵਾਲੀਆ, ਚੜ੍ਹਤ ਸਿੰਘ ਸ਼ੁਕਰਚੱਕੀਆ ਅਤੇ ਜੈ ਸਿੰਘ ਘਨ੍ਹਈਆ ਬਾਰੋ ਬਾਰੀ ਇੱਕ ਇੱਕ ਵਾਰੀ ਜੱਸਾ ਸਿੰਘ ਰਾਮਗੜ੍ਹੀਆ ਪਾਸੋਂ ਭਾਜਾਂ ਖਾ ਚੁੱਕੇ ਸਨ। ਇਸ ਕਰਕੇ ਇਹਨਾਂ ਸਾਰਿਆਂ ਨੇ ਰਲ ਕੇ ਜੱਸਾ ਸਿੰਘ ਪਾਸੋਂ ਵੈਰ ਲੈਣਾ ਚਾਹਿਆ। ਪਹਾੜੀ ਰਾਜੇ, ਸ਼ੁਕਰਚੱਕੀਏ, ਅਹਲੂਵਾਲੀਏ ਅਤੇ ਘਨ੍ਹਈਏ ਚਾਰ ਸਾਲ ਜੱਸਾ ਸਿੰਘ ਰਾਮਗੜ੍ਹੀਆ ਨਾਲ ਲੜਦੇ ਰਹੇ ਅੰਤ ਬਹੁਤਿਆਂ ਦੀ ਜਿੱਤ ਹੋਈ ਅਤੇ ਜੱਸਾ ਸਿੰਘ ਦਾ ਸਾਰਾ ਇਲਾਕਾ ਜੈ ਸਿੰਘ ਨੇ ਨੱਪ ਲਿਆ ਤੇ ਉਸਨੂੰ ਪਟਿਆਲੇ ਵੱਲ ਭਜਾ ਦਿੱਤਾ। ਇਸੇ ਸਮੇਂ ਜੈ ਸਿੰਘ ਦੀ ਤਾਕਤ ਸਭ ਤੋਂ ਉੱਤੇ ਦੀ ਹੋ ਗਈ ਸੀ ਤੇ ਸਭ ਪਹਾੜੀ ਰਾਜੇ ਜੈ ਸਿੰਘ ਨੂੰ ਟਕੇ ਦਿੰਦੇ ਸਨ ਅਤੇ ਕਾਂਗੜੇ ਤੋਂ ਲੈ ਕੇ ਮੁਲਤਾਨ ਤੱਕ ਇਸ ਦਾ ਰਾਜ ਸੀ। ਸ਼ੁਕਰਚੱਕੀਆ ਮਿਸਲ ਦੇ ਸਰਦਾਰ ਚੜ੍ਹਤ ਸਿੰਘ ਦੇ ਗੁਜ਼ਰ ਜਾਣ ਤੋਂ ਬਾਅਦ ਮਹਾਂ ਸਿੰਘ ਦੀ ਦੇਖਰੇਖ ਵੀ ਜੈ ਸਿੰਘ ਨੇ ਹੀ ਕੀਤੀ ਸੀ। ਜੈ ਸਿੰਘ ਨੇ ਹੀ ਸੰਗਰੂਰ ਵਿੱਚ ਮਹਾਂ ਸਿੰਘ ਦਾ ਵਿਆਹ ਕੀਤਾ। ਪਰ ਜੰਮੂ ਦੇ ਇਲਾਕੇ ਪਿੱਛੇ ਮਹਾ ਸਿੰਘ ਤੇ ਜੈ ਸਿੰਘ ਦਾ ਆਪਸੀ ਟਕਰਾ ਹੋ ਗਿਆ। ਮਹਾ ਸਿੰਘ ਨੇ 1783 ਵਿੱਚ ਜੰਮੂ ਦੇ ਇਲਾਕੇ ਨੂੰ ਲੁੱਟਿਆ। ਜੈ ਸਿੰਘ ਨੂੰ ਇਹ ਗੱਲ ਜਦੋਂ ਪਤਾ ਲੱਗੀ ਤਾਂ ਉਸਨੇ ਚੰਗਾ ਨਾ ਸਮਝਿਆ। ਭਾਵੇਂ ਮਹਾ ਸਿੰਘ ਜਾਣਦਾ ਸੀ ਕਿ ਜੈ ਸਿੰਘ ਦੀ ਤਾਕਤ ਉਸ ਨਾਲੋ ਕਿਤੇ ਗੁਣਾਂ ਜਿਆਦਾ ਹੈ ਫਿਰ ਵੀ ਜੈ ਸਿੰਘ ਦੇ ਕਹਿਣ ਤੇ ਜੰਮੂ ਤੋਂ ਲੁੱਟਿਆ ਮਾਲ ਮਹਾ ਸਿੰਘ ਨੇ ਵਾਪਸ ਨਾ ਕੀਤਾ। ਹੁਣ ਦੋਨੋਂ ਮਿਸਲਾਂ ਦੀ ਆਪਸੀ ਟਸਰਬਾਜੀ ਵਧ ਗਈ।

ਸਾਲ 1784 ਦੇ ਵਿੱਚ ਦਿਵਾਲੀ ਨੂੰ ਸਾਰੇ ਮਿਸਲਾਂ ਦੇ ਸਰਦਾਰ ਅੰਮ੍ਰਿਤਸਰ ਇਕੱਠੇ ਹੋਏ ਤੇ ਮਹਾ ਸਿੰਘ ਮਠਿਆਈ ਦਾ ਥਾਲ ਲੈ ਕੇ ਜੈ ਸਿੰਘ ਪਾਸੋਂ ਮਾਫੀ ਮੰਗਣ ਆਇਆ। ਪਰ ਜੈ ਸਿੰਘ ਮੂੰਹ ਉੱਤੇ ਚਾਦਰ ਲੈ ਕੇ ਪਿਆ ਰਿਹਾ ਅਤੇ ਮਹਾਂ ਸਿੰਘ ਚਾਰ ਘੜੀਆਂ ਹੱਥ ਬੰਨੀ ਖੜੋਤਾ ਰਿਹਾ। ਅੱਕ ਕੇ ਮਹਾ ਸਿੰਘ ਵਾਪਸ ਆਪਣੇ ਡੇਰੇ ਚਲਿਆ ਗਿਆ ਤਾਂ ਜੈ ਸਿੰਘ ਨੇ ਸੁਨੇਹਾ ਘੱਲਿਆ ਕਿ ਜਦੋਂ ਤੱਕ ਜੰਮੂ ਦੀ ਲੁੱਟ ਦਾ ਇੱਕ ਕਰੋੜ ਰੁਪਈਆ ਨਹੀਂ ਤਾਰੋਗੇ ਅੰਮ੍ਰਿਤਸਰੋਂ ਬਾਹਰ ਪੈਰ ਨਹੀਂ ਪੁੱਟਣ ਦਿਆਂਗਾ। ਹੁਣ ਮਹਾ ਸਿੰਘ ਡਰ ਗਿਆ ਸੀ, ਉਸਨੇ ਆਪਣੇ ਸਾਥ ਲਈ ਨਕਈਆਂ ਨੂੰ ਸਹਾਇਤਾ ਲਈ ਲਿਖਿਆ। ਜੱਸਾ ਸਿੰਘ ਰਾਮਗੜ੍ਹੀਆ ਨੂੰ ਸੁਨੇਹਾ ਪੁੱਜਦਾ ਕੀਤਾ ਗਿਆ ਕਿ ਜੈ ਸਿੰਘ ਪਾਸੋਂ ਬਦਲਾ ਲੈਣ ਦਾ ਹੁਣ ਸਮਾਂ ਹੈ। ਉਹ ਵੀ ਸਤਲੁਜ ਦੇ ਕੰਢੇ ਪੁੱਜ ਗਿਆ ਤੇ ਮਹਾ ਸਿੰਘ ਨਾਲ ਰਲ ਗਿਆ। ਪਹਾੜੀ ਰਾਜਿਆਂ ਨੂੰ ਵੀ ਸੁਨੇਹਾ ਘੱਲਿਆ ਗਿਆ ਕਿ ਆਕੀ ਹੋ ਜਾਓ ਅਤੇ ਜਿਤਨੇ ਵੀ ਘਨ੍ਹਈਆ ਮਿਸਲ ਜੈ ਸਿੰਘ ਹੱਥੋਂ ਅੱਕੇ ਹੋਏ ਹਨ ਉਹ ਮੇਰੇ ਨਾਲ ਖੜਨ। ਜਦੋਂ ਜੈ ਸਿੰਘ ਨੂੰ ਇਹ ਗੱਲ ਪਤਾ ਲੱਗੀ ਤਾਂ ਉਸਨੇ ਆਪਣੇ ਸਰਦਾਰਾਂ ਨੂੰ ਕਿਹਾ ਕਿ ਮਹਾ ਸਿੰਘ ਨੂੰ ਬੰਨ ਕੇ ਮੇਰੇ ਪਾਸ ਲੈ ਆਓ। ਅੰਮ੍ਰਿਤਸਰੋਂ ਮਜੀਠੇ ਦੇ ਵਿਚਕਾਰ ਨਾਗਾਂ ਸੋਹੀਆਂ ਦੇ ਸਥਾਨ ਤੇ ਲੜਾਈ ਹੋਈ। ਪਰ ਮਹਾਂ ਸਿੰਘ ਨੂੰ ਕੋਈ ਫੜ ਨਾ ਸਕਿਆ। ਜੈ ਸਿੰਘ ਨੂੰ ਹੁਣ ਇਹ ਖਬਰ ਵੀ ਪੁੱਜ ਚੁੱਕੀ ਸੀ ਕਿ ਜੱਸਾ ਸਿੰਘ ਰਾਮਗੜ੍ਹੀਆ ਬਟਾਲੇ ਦੇ ਇਲਾਕੇ ਨੂੰ ਲੁੱਟ ਰਿਹਾ ਹੈ। ਸੰਸਾਰ ਚੰਦ ਪਹਾੜਾਂ ਵੱਲੋਂ ਆਪਣੀ ਸੈਨਾ ਲੈ ਕੇ ਉਸ ਦੇ ਵਿਰੁੱਧ ਆ ਰਿਹਾ ਹੈ। ਅਮਰ ਸਿੰਘ ਤੇ ਫਤਿਹ ਸਿੰਘ ਘਨ੍ਹਈਆ ਵਰਗੇ ਜੋਰਾਵਰ ਮਿਸਲਦਾਰ ਮਹਾ ਸਿੰਘ ਨਾਲ ਰਲ ਗਏ ਹਨ। ਇਹ ਸਾਰੀ ਗੱਲ ਜਾਣ ਕੇ ਬੁੱਢਾ ਸਰਦਾਰ ਜੈ ਸਿੰਘ ਸ਼ੇਰ ਵਾਂਗ ਗੁੱਸਾ ਖਾ ਕੇ ਉੱਠਿਆ ਤੇ ਆਪ ਮਹਾ ਸਿੰਘ ਦੇ ਸਾਹਮਣੇ ਹੋਇਆ ਤੇ ਆਪਣੇ ਇਕਲੋਤੇ ਪੁੱਤਰ ਗੁਰਬਖਸ਼ ਸਿੰਘ ਨੂੰ ਜੱਸਾ ਸਿੰਘ ਦੇ ਟਾਕਰੇ ਲਈ ਭੇਜਿਆ। ਬਟਾਲੇ ਤੋਂ ਚਾਰ ਕੋਹ ਦੀ ਵਿੱਥ ਤੇ ਜਾਹਦਪੁਰ ਘਨ੍ਹਈਆ ਤੇ ਰਾਮਗੜ੍ਹੀਆ ਦੀ ਲੜਾਈ ਹੋਈ। ਲੜਾਈ ਅਜੇ ਸ਼ੁਰੂ ਹੋਈ ਸੀ ਕਿ ਇੱਕ ਗੋਲੀ ਗੁਰਬਖਸ਼ ਸਿੰਘ ਦੇ ਲੱਗੀ ਤੇ ਉਹ ਮਾਰਿਆ ਗਿਆ।
ਗੁਰਬਖਸ਼ ਸਿੰਘ ਦੇ ਮਰਨ ਨਾਲ ਫੌਜ ਵਿੱਚ ਭਾਜੜ ਪੈ ਗਈ। ਰਾਮਗੜ੍ਹੀਆ ਦੀ ਸੈਨਾ ਨੇ ਬਟਾਲਾ ਜਾ ਘੇਰਿਆ। ਸਦਾ ਕੌਰ ਨੰਗੇ ਪੈਰੀ ਉੱਥੋਂ ਭੱਜੀ ਤੇ ਸੋਹੀਆਂ ਦੇ ਕਿਲ੍ਹੇ ਆ ਕੇ ਦਮ ਲਿਆ। ਜਦੋਂ ਇਹ ਹੋਣੀ ਜੈ ਸਿੰਘ ਨੇ ਸੁਣੀ ਤਾਂ ਰਣ ਖੇਤਰ ਵਿੱਚ ਖੜੋਤਾ ਉਹ ਰੋ-ਰੋ ਆਖਣ ਲੱਗਾ ਮੈਨੂੰ ਤੀਰ ਮਾਰ ਕੇ ਮਾਰ ਦਿਓ, ਮੈਂ ਹੁਣ ਕਿਸ ਲਈ ਜੀਵਾਂ। ਜੈ ਸਿੰਘ ਦਾ ਸਾਰਾ ਇਲਾਕਾ ਖੁਸ ਗਿਆ। ਕੁਝ ਮਹਾ ਸਿੰਘ ਨੇ ਨੱਪ ਲਿਆ ਬਾਕੀ ਜੱਸਾ ਸਿੰਘ ਨੇ। ਪਹਾੜੀ ਇਲਾਕਾ ਸੰਸਾਰ ਚੰਦ ਨੇ। ਕੇਵਲ ਕਾਂਗੜੇ ਦਾ ਕਿਲ੍ਹਾ ਅਜੇ ਤੱਕ ਸਰ ਨਹੀਂ ਹੋਇਆ ਸੀ। ਜੈ ਸਿੰਘ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਅੱਧ ਪਚੱਧ ਪਾਗਲ ਹੋ ਗਿਆ ਤੇ ਹੁਣ ਗੁਰਬਖਸ਼ ਸਿੰਘ ਦੀ ਵਿਧਵਾ ਸਦਾ ਕੌਰ ਨੇ ਸਾਰੇ ਕੰਮ ਨਜਿੱਠੇ। ਉਦੋਂ ਮਹਾ ਸਿੰਘ ਦੀ ਸਰਦਾਰਨੀ ਮਾਈ ਮਲਵੈਣ ਜਿਸ ਦਾ ਵਿਆਹ ਜੈ ਸਿੰਘ ਨੇ ਹੀ ਮਹਾ ਸਿੰਘ ਨਾਲ ਕਰਵਾਇਆ ਸੀ ਜਵਾਲਾਮੁਖੀ ਦਰਸ਼ਨਾਂ ਨੂੰ ਗਈ ਹੋਈ ਸੀ, ਸਦਾ ਕੋਰ ਨੇ ਰਾਜਨੀਤਿਕ ਕੂਟਨਿਤਿਕਤਾ ਵਰਤਦੇ ਹੋਏ ਜਵਾਲਾਮੁਖੀ ਜਾ ਕੇ ਆਪਣੀ ਪੁੱਤਰੀ ਮਹਿਤਾਬ ਕੌਰ ਦਾ ਨਾਤਾ ਮਾਈ ਮਲਵੈਣ ਦੇ ਪੁੱਤਰ ਰਣਜੀਤ ਸਿੰਘ ਨਾਲ ਕਰ ਦਿੱਤਾ। ਇਸ ਰਾਜਨੀਤਿਕ ਚਾਲ ਨਾਲ ਸਦਾ ਕੋਰ ਨੇ ਮਹਾ ਸਿੰਘ ਨੂੰ ਆਪਣੇ ਵੱਲ ਕਰ ਲਿਆ। ਕਾਂਗੜੇ ਦਾ ਕਿਲ੍ਹਾ ਸੰਸਾਰ ਚੰਦ ਨੂੰ ਦੇ ਕੇ ਆਪਣੇ ਵੱਲ ਕਰ ਲਿਆ ਤੇ ਹੁਣ ਮਹਾ ਸਿੰਘ ਤੇ ਸੰਸਾਰ ਚੰਦ ਦੀ ਸੈਨਾ ਲੈ ਕੇ ਰਾਮਗੜ੍ਹੀਆ ਨਾਲ ਮੱਥਾ ਜਾ ਲਾਇਆ। ਥੋੜੇ ਚਿਰ ਵਿੱਚ ਹੀ ਬਟਾਲੇ ਦਾ ਇਲਾਕਾ ਫਿਰ ਤੋਂ ਸਦਾ ਕੌਰ ਦੇ ਅਧੀਨ ਆ ਗਿਆ।

ਮਹਾ ਸਿੰਘ ਦੇ ਗੁਜਰ ਜਾਣ ਤੋਂ ਬਾਅਦ ਜੈ ਸਿੰਘ ਨੇ ਆਪਣੀ ਪੋਤੀ ਦਾ ਵਿਆਹ ਰਣਜੀਤ ਸਿੰਘ ਨਾਲ ਕਰ ਦਿੱਤਾ ਅਤੇ ਵਿਆਹ ਵਾਲੇ ਸਾਲ ਵਿੱਚ ਹੀ ਜੈ ਸਿੰਘ ਵੀ ਗੁਜਰ ਗਿਆ। ਹੁਣ ਘਨ੍ਹਈਆ ਮਿਸਲ ਦਾ ਰਾਜ ਸਾਜ ਦਾ ਸਾਰਾ ਭਾਰ ਸਦਾ ਕੌਰ ਦੇ ਸਿਰ ਪੈ ਗਿਆ। ਗੁਰਬਖਸ਼ ਸਿੰਘ ਦੇ ਮਰਨ ਤੋਂ ਬਾਅਦ ਜੈ ਸਿੰਘ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ ਸੀ। ਹੁਣ ਅੱਧੀ ਰਿਆਸਤ ਜੈ ਸਿੰਘ ਦੇ ਉਹਨਾਂ ਦੋਨਾਂ ਪੁੱਤਰਾਂ ਨੂੰ ਦਿੱਤੀ ਗਈ ਤੇ ਅੱਧੀ ਰਿਆਸਤ ਗੁਰਬਖਸ਼ ਸਿੰਘ ਦੀ ਵਿਧਵਾ ਸਦਾ ਕੌਰ ਨੇ ਸੰਭਾਲ ਲਈ। ਬਟਾਲੇ ਦੀ ਰਿਆਸਤ ਤੋਂ ਬਿਨਾਂ ਸਦਾ ਕੌਰ ਨੂੰ ਰਣਜੀਤ ਸਿੰਘ ਦੀ ਰਿਆਸਤ ਦਾ ਵੀ ਖਿਆਲ ਰੱਖਣਾ ਪੈਂਦਾ ਸੀ। ਕਿਉਂਕਿ ਉਸ ਸਮੇਂ ਰਣਜੀਤ ਸਿੰਘ ਦੀ ਉਮਰ ਬਹੁਤ ਘੱਟ ਸੀ। ਸਦਾ ਕੌਰ ਨੇ ਬਟਾਲੇ ਤੋਂ ਬਾਹਰ ਇੱਕ ਪੱਕਾ ਕਿਲ੍ਹਾ ਬਣਵਾ ਕੇ ਆਪਣੀ ਰਾਜਧਾਨੀ ਨੂੰ ਪੱਕਾ ਕਰ ਲਿਆ ਤੇ ਆਪਣੇ ਘਰ ਵਾਲੇ ਦੀ ਮੌਤ ਦੇ ਜਿੰਮੇਦਾਰ ਰਾਮਗੜ੍ਹੀਆ ਤੋਂ ਬਦਲਾ ਲੈਣ ਲਈ 1796 ਦੇ ਵਿੱਚ ਲੜਾਈ ਲਈ ਤਿਆਰੀ ਕਰ ਲਈ। ਜੈ ਸਿੰਘ ਦੇ ਪੁੱਤਰ ਨਿਧਾਨ ਸਿੰਘ ਅਤੇ ਭਾਗ ਸਿੰਘ, ਜੈਮਲ ਸਿੰਘ, ਤਾਰਾ ਸਿੰਘ ਗੈਬਾ, ਖੁਸ਼ਹਾਲ ਸਿੰਘਪੁਰੀਆ, ਬਘੇਲ ਸਿੰਘ ਝਬਾਲੀਆ ਅਤੇ ਭਾਗ ਸਿੰਘ ਆਹਲੂਵਾਲੀਆ ਆਦਿ ਨੂੰ ਨਾਲ ਲੈ ਕੇ ਪਹਿਲਾਂ ਤਾਂ ਸਦਾ ਕੌਰ ਨੇ ਮਾਝੇ ਵਿੱਚੋਂ ਰਾਮਗੜ੍ਹੀਆ ਨੂੰ ਬਾਹਰ ਕੀਤਾ ਤੇ ਫਿਰ ਦੁਆਬੇ ਦੇ ਸਾਰੇ ਇਲਾਕੇ ਖੋ ਲਏ। ਅੰਤ ਨੂੰ ਬਿਆਸ ਦਰਿਆ ਦੇ ਕੰਢੇ ਮਿਆਣੀ ਦੇ ਕਿਲ੍ਹੇਵਿੱਚ ਜੱਸਾ ਸਿੰਘ ਰਾਮਗੜ੍ਹੀਆ ਨੂੰ ਘੇਰ ਲਿਆ। ਹੁਣ ਸਦਾ ਕੌਰ ਨੇ ਰਣਜੀਤ ਸਿੰਘ ਵੱਲ ਵੀ ਸੁਨੇਹਾ ਘੱਲਿਆ ਕਿ ਫੌਜਾਂ ਲੈ ਕੇ ਝੱਟਪਟ ਆ ਜਾਓ ਤਾਂ ਕਿ ਉਹ ਰਾਮਗੜ੍ਹੀਆ ਤੋਂ ਬਦਲਾ ਲੈ ਸਕੇ। ਸਰਦਾਰ ਰਣਜੀਤ ਸਿੰਘ ਦੀ ਸੈਨਾ ਵੀ ਝੱਟ ਅੰਮ੍ਰਿਤਸਰ ਪੁੱਜ ਗਈ। ਸਦਾ ਕੌਰ ਨੇ ਆਪ ਰਣਜੀਤ ਸਿੰਘ ਦਾ ਸਵਾਗਤ ਕੀਤਾ।
ਉਸ ਸਮੇਂ ਅੰਮ੍ਰਿਤਸਰ ਵਿੱਚ ਬਾਬਾ ਸਾਹਿਬ ਸਿੰਘ ਜੀ ਬੇਦੀ ਆਏ ਹੋਏ ਸਨ। ਜੱਸਾ ਸਿੰਘ ਰਾਮਗੜ੍ਹੀਆ ਨੇ ਆਪਣੇ ਬਚਾਅ ਖਾਤਰ ਬਾਬਾ ਜੀ ਕੋਲ ਆਪਣੇ ਬੰਦਿਆਂ ਨੂੰ ਘੱਲਿਆ ਕਿਸੇ ਤਰ੍ਹਾਂ ਸੁਲ੍ਹਾ ਕਰਵਾ ਦੇਣ ਦੀ ਗੁਜ਼ਾਰਿਸ਼ ਕੀਤੀ। ਰਣਜੀਤ ਸਿੰਘ ਨੇ ਜਦੋਂ ਬਾਬਾ ਜੀ ਪਾਸ ਮੱਥਾ ਟੇਕਿਆ ਤਾਂ ਬਾਬਾ ਸਾਹਿਬ ਸਿੰਘ ਬੇਦੀ ਨੇ ਗੁੱਸੇ ਹੋ ਕੇ ਰਣਜੀਤ ਸਿੰਘ ਨੂੰ ਕਿਹਾ ਕਿ ਆਪਸ ਚ ਕਿਉਂ ਲੜਦੇ ਪਏ ਹੋ। ਕਸੂਰ ਵਿੱਚ ਰੋਜ਼ ਗਊਆਂ ਤੇ ਹਿੰਦੂਆਂ ਤੇ ਅੱਤਿਆਚਾਰ ਕੀਤਾ ਜਾਂਦਾ ਹੈ ਉੱਥੇ ਉਹਨਾਂ ਨਾਲ ਕਿਉਂ ਨਹੀਂ ਕੋਈ ਜਾ ਕੇ ਲੜਦਾ। ਆਪਸ ਵਿੱਚ ਲੜ ਲੜ ਕੇ ਕਿਉਂ ਮਰ ਰਹੇ ਹੋ। ਤੁਸੀਂ ਸਦਾ ਕੌਰ ਨੂੰ ਸਮਝਾਓ। ਪਰ ਸਦਾ ਕੌਰ ਨੇ ਸੁਲ੍ਹਾ ਨਾ ਕਰਨ ਦੀ ਗੱਲ ਅੱਗੇ ਰੱਖੀ। ਬਾਬਾ ਸਾਹਿਬ ਸਿੰਘ ਬੇਦੀ ਨੇ ਜਦੋਂ ਸਦਾ ਕੌਰ ਦੀ ਗੱਲ ਸੁਣੀ ਤਾਂ ਉਹਨਾਂ ਨੇ ਜੱਸਾ ਸਿੰਘ ਦੇ ਆਦਮੀ ਨੂੰ ਕਿਹਾ ਕਿ ਹੌਸਲੇ ਨਾਲ ਕਿਲ੍ਹੇ ਵਿੱਚ ਬੈਠੇ ਰਹਿਣ ਗੁਰੂ ਜੀ ਆਪੇ ਹੀ ਕੰਮ ਸਾਰ ਦੇਣਗੇ। ਕਰਤਾਰ ਦੀ ਕੁਦਰਤ ਐਸੀ ਹੋਈ ਕਿ ਤੀਜੇ ਦਿਨ ਰਾਤ ਵੇਲੇ ਐਸਾ ਹੜ ਆਇਆ ਤੇ ਸਦਾ ਕੋਰ ਦੀ ਬਹੁਤ ਸਾਰੀ ਫੌਜ ਰੁੜ ਗਈ। ਦਿਨ ਹੁੰਦਿਆਂ ਹੀ ਰਣਜੀਤ ਸਿੰਘ ਰਾਮ ਨਗਰ ਨੂੰ ਚਲਿਆ ਗਿਆ, ਨਿਧਾਨ ਸਿੰਘ ਤੇ ਭਾਗ ਸਿੰਘ ਸੋਹੀਆਂ ਨੂੰ ਮੁੜ ਪਏ। ਜੈਮਲ ਸਿੰਘ ਫਤਿਹਗੜੀਆ ਵਾਪਸ ਮੁੜ ਗਿਆ ਤੇ ਬਾਕੀ ਹਮਾਇਤੀ ਵੀ ਖਿਸਕ ਗਏ। ਲਾਚਾਰ ਹੋ ਕੇ ਸਦਾ ਕੌਰ ਵੀ ਬਟਾਲੇ ਨੂੰ ਮੁੜ ਪਈ। ਪਰ ਸਦਾ ਕੌਰ ਦੇ ਦਿਲੋਂ ਅਜੇ ਵੀ ਗੱਚ ਨਾ ਗਿਆ। ਉਹ ਜਦ ਸੋਚਦੀ ਕਿ ਮੇਰੇ ਸਿਰ ਦਾ ਸਾਈਂ ਇਹਨਾਂ ਰਾਮਗੜ੍ਹੀਆ ਨੇ ਮਾਰਿਆ ਹੈ ਤਾਂ ਉਸਦੇ ਢਿੱਡ ਵਿੱਚ ਮਵਾਤੋ ਬਲ ਬਲ ਉਠਦੇ। ਕੁਝ ਸਾਲਾਂ ਬਾਅਦ ਜਦੋਂ ਜੱਸਾ ਸਿੰਘ ਰਾਮਗੜ੍ਹੀਆ ਗੁਜਰ ਗਿਆ ਤਾਂ ਸਦਾ ਕੌਰ ਉਸ ਦੇ ਪੁੱਤਰ ਜੋਧ ਸਿੰਘ ਦੇ ਗਲ ਜਾ ਪਈ। ਜੋਧ ਸਿੰਘ ਨੇ ਬਡਾਲੇ ਲਾਗੇ ਸਦਾ ਕੌਰ ਦੀ ਸੈਨਾ ਦਾ ਟਾਕਰਾ ਕੀਤਾ ਪਰ ਹਾਰ ਖਾਧੀ। ਜੋਧ ਸਿੰਘ ਤਾਂ ਹੱਥ ਨਾ ਆਇਆ ਪਰ ਉਸ ਦਾ ਸਾਰਾ ਡੇਰਾ ਸਦਾ ਕੌਰ ਦੇ ਕਾਬੂ ਆ ਗਿਆ। ਸਦਾ ਕੌਰ ਆਪਣੇ ਜ਼ਿੰਦਗੀ ਦੇ ਆਖਰੀ ਦਮ ਤੱਕ ਰਾਮਗੜ੍ਹੀਆ ਦੀ ਦੁਸ਼ਮਣ ਰਹੀ। ਜਦੋਂ ਰਣਜੀਤ ਸਿੰਘ ਨੇ ਲਾਹੌਰ ਜਿੱਤ ਕੇ ਮਹਾਰਾਜੇ ਦੀ ਉਪਾਧੀ ਲਈ ਤੇ ਸੁਤੰਤਰ ਰਾਜ ਕਾਇਮ ਕੀਤਾ ਤਾਂ ਸਦਾ ਕੌਰ ਨੇ ਮਹਾਰਾਜ ਨੂੰ ਆਖ ਕੇ ਰਾਮਗੜ੍ਹੀਆ ਦਾ ਸਾਰਾ ਇਲਾਕਾ ਜਬਤ ਕਰਵਾ ਲਿਆ। ਜੈ ਸਿੰਘ ਦੇ ਦੋਨੋਂ ਪੁੱਤਰ ਜੋ ਆਪ ਹੁਦਰੇ ਹੋ ਕੇ ਮਿਆਣੀਓ ਆਪਣੀਆਂ ਫੌਜਾਂ ਲੈ ਭੱਜ ਗਏ ਸੀ ਉਹਨਾਂ ਦਾ ਇਲਾਕਾ ਵੀ ਜਬਤ ਕਰਵਾ ਲਿਆ। ਇਸ ਤੋਂ ਬਿਨਾਂ ਜੋ ਵੀ ਨਿੱਕੇ ਮੋਟੇ ਸਦਾ ਕੌਰ ਦੇ ਵੈਰੀ ਸਨ ਉਹਨਾਂ ਸਭਨਾਂ ਦਾ ਇਲਾਕਾ ਖੋ ਲਿਆ ਗਿਆ।

ਇਸੇ ਕਰਕੇ ਸਭ ਇਤਿਹਾਸਕਾਰ ਇਸ ਗੱਲ ਨੂੰ ਮੰਨਦੇ ਹਨ ਕਿ ਸਦਾ ਕੌਰ ਇੱਕ ਪੌੜੀ ਸੀ ਜਿਸ ਦੇ ਆਸਰੇ ਰਣਜੀਤ ਸਿੰਘ ਮਹਾਰਾਜ ਦੀ ਪਦਵੀ ਤੱਕ ਪੁੱਜਾ। ਨਿੱਕੀ ਉਮਰ ਵਿੱਚ ਸਦਾ ਕੋਰ ਨੇ ਪੁੱਤਾਂ ਵਾਂਗ ਉਸਦੀ ਰਾਖੀ ਕੀਤੀ ਕਈ ਵਾਰ ਚੱਠਿਆਂ ਨੇ ਬਾਲਕ ਸਰਦਾਰ ਨੂੰ ਰਾਮਨਗਰ ਵਿੱਚ ਘੇਰ ਲਿਆ ਪਰ ਸਦਾ ਕੌਰ ਸਦਾ ਵੇਲੇ ਸਿਰ ਪੁੱਜ ਕੇ ਉਸਨੂੰ ਬਚਾਉਂਦੀ ਰਹੀ। ਜਦ ਜਦ ਜਮਾਨ ਸ਼ਾਹ ਪੰਜਾਬ ਆਇਆ ਅਤੇ ਸਿੱਖ ਸਰਦਾਰ ਆਪਣੇ ਇਲਾਕੇ ਛੱਡ ਛੱਡ ਕੇ ਜੰਗਲਾਂ ਤੇ ਪਹਾੜਾਂ ਨੂੰ ਜਾਂਦੇ ਰਹੇ ਸਦਾ ਕੌਰ ਰਣਜੀਤ ਸਿੰਘ ਨੂੰ ਮੁਕੇਰੀਆਂ ਦੇ ਪਾਸ ਆਪਣੇ ਕਿਲ੍ਹੇਅਟੱਲਗੜ੍ਹ ਵਿੱਚ ਪਨਾਹ ਦਿੰਦੀ ਅਤੇ ਉਸਦੇ ਮਾਲ ਮਤਾਹ ਨੂੰ ਸਾਂਭ ਕੇ ਰੱਖਦੀ ਰਹੀ। 1799 ਵਿੱਚ ਜਦੋਂ ਲਾਹੌਰ ਜਿੱਤਿਆ ਉਦੋਂ ਵੀ ਸਦਾ ਕੌਰ ਨਾਲ ਸੀ ਜਦ ਕੁਝ ਮਹੀਨਿਆਂ ਮਗਰੋਂ ਗੁਲਾਬ ਸਿੰਘ ਭੰਗੀ ਆਪਣੇ ਨਾਲ ਹੋਰ ਮਿਸਲਦਾਰਾਂ ਨੂੰ ਲੈ ਕੇ ਮਹਾਰਾਜੇ ਨਾਲ ਲੜਨ ਆਇਆ ਤਾਂ ਤਿੰਨ ਮਹੀਨੇ ਭਸੀਨ ਲਾਗੇ ਮਹਾਰਾਜ ਦੇ ਨਾਲ ਹੋ ਕੇ ਸਦਾ ਕੌਰ ਲੜਦੀ ਰਹੀ। ਮੁੱਕਦੀ ਗੱਲ ਇਹ ਸੀ ਪਹਿਲੇ ਦਿਨਾਂ ਤੋਂ ਹੀ ਲੜਾਈਆਂ, ਸੰਧੀਆਂ, ਸਮਝੌਤਿਆਂ ਵਿੱਚ ਸਦਾ ਕੌਰ ਮਹਾਰਾਜੇ ਦੀ ਪੂਰੀ ਪੂਰੀ ਮਦਦ ਕਰਦੀ ਰਹੀ ਤੇ ਸਦਾ ਕੌਰ ਦੇ ਨਾਲ ਹੋਣ ਕਰਕੇ ਮਹਾਰਾਜ ਦੀਆਂ ਮੁਹਿੰਮਾਂ ਛੇਤੀ ਸਰ ਹੋ ਜਾਂਦੀਆਂ ਰਹੀਆਂ। 1802 ਵਿੱਚ ਜਦੋਂ ਮਹਿਤਾਬ ਕੌਰ ਦੀ ਕੁੱਖੋਂ ਇੱਕ ਸ਼ਹਿਜ਼ਾਦਾ ਹੋਇਆ ਪਰ ਡੇਢ ਕੁ ਸਾਲ ਦਾ ਹੋ ਕੇ ਉਹ ਮਰ ਗਿਆ। ਉਸ ਤੋਂ ਬਾਅਦ 1807 ਵਿੱਚ ਸ਼ਹਿਜ਼ਾਦਾ ਸ਼ੇਰ ਸਿੰਘ ਤੇ ਤਾਰਾ ਸਿੰਘ ਜੋੜੇ ਹੋਏ ਮਹਿਤਾਬ ਕੌਰ ਇਸ ਸਮੇਂ ਬਟਾਲਾ ਸੀ। ਜਦੋਂ ਇਹ ਰਤਾ ਕੁ ਵੱਡੇ ਹੋਏ ਤਾਂ ਸਦਾ ਕੌਰ ਇਹਨਾਂ ਨੂੰ ਨਾਲ ਲੈ ਕੇ ਹਰਿਦੁਆਰ ਇਸ਼ਨਾਨ ਨੂੰ ਚਲੀ ਗਈ ਰਾਹ ਵਿੱਚ ਸਰਧਨੇ ਵਾਲੀ ਸਿਮਰੂ ਬੇਗਮ ਨੂੰ ਮਿਲੀ ਉਸ ਨਾਲ ਕੱਪੜੇ ਵਟਾ ਕੇ ਭੈਣ ਬਣੀ ਅਤੇ ਇਸ਼ਨਾਨ ਕਰਕੇ ਬਟਾਲੇ ਨੂੰ ਮੁੜ ਆਈ। 1809 ਦੇ ਵਿੱਚ ਬਿਮਾਰ ਹੋ ਜਾਣ ਤੋਂ ਬਾਅਦ ਮਹਿਤਾਬ ਕੌਰ ਦਾ ਦੇਹਾਂਤ ਹੋ ਗਿਆ। ਉਸਦੇ ਦਿਹਾਂਤ ਤੋਂ ਬਾਅਦ ਸਦਾ ਕੋਰ ਦੋਨਾਂ ਸ਼ਹਿਜ਼ਾਦਿਆਂ ਨੂੰ ਖੁਦ ਪਾਲਦੀ ਰਹੀ।
ਕੁਝ ਸਮਾਂ ਬੀਤਣ ਤੋਂ ਬਾਅਦ ਮਹਾਰਾਜੇ ਤੇ ਸਦਾ ਕੌਰ ਦੇ ਵਿਚਕਾਰ ਜਗੀਰਾਂ ਨੂੰ ਲੈ ਕੇ ਮੱਤਭੇਦ ਪੈਦਾ ਹੋ ਗਏ। ਮਹਾਰਾਜ ਨੇ ਸ਼ਹਿਜ਼ਾਦੇ ਨੂੰ ਵੀ ਨਾਨੀ ਨਾਲ ਗੁੱਸੇ ਕਰਵਾ ਦਿੱਤਾ ਕਿ ਉਹ ਸ਼ੇਰ ਸਿੰਘ ਨੂੰ ਆਪਣੀ ਜਗੀਰ ਦੇਣ ਵਿੱਚ ਰਾਜੀ ਨਹੀਂ। ਵਿਸਾਖਾ ਸਿੰਘ, ਜੈ ਸਿੰਘ ਦੇ ਸਮੇਂ ਦਾ ਘਨ੍ਹਈਆ ਮਿਸਲ ਦਾ ਦੀਵਾਨ ਸੀ ਉਸ ਨਾਲ ਵੀ ਸਦਾ ਕੌਰ ਦੀ ਖਟਪਟੀ ਕਰਵਾ ਦਿੱਤੀ। ਬਟਾਲੇ ਜਾ ਕੇ ਮਹਾਰਾਜੇ ਨੇ ਸਦਾ ਕੌਰ ਨੂੰ ਖੁਦ ਕਿਹਾ ਕਿ ਆਪਣਾ ਅੱਧਾ ਇਲਾਕਾ ਸ਼ਹਿਜ਼ਾਦਾ ਸ਼ੇਰ ਸਿੰਘ ਨੂੰ ਤੇ ਅੱਧਾ ਤਾਰਾ ਸਿੰਘ ਨੂੰ ਜਗੀਰ ਵਜੋਂ ਦੇ ਦੇਵੇ। ਪਰ ਸਦਾ ਕੌਰ ਨੇ ਸਾਫ ਨਾ ਕੀਤੀ ਤੇ ਡਰਾਬਾ ਦਿੱਤਾ ਕਿ ਜੇਕਰ ਇਸ ਤਰ੍ਹਾਂ ਕਰੋਗੇ ਤਾਂ ਮੈਂ ਆਪਣੇ ਸਤਲੁਜ ਪਾਰ ਦੇ ਇਲਾਕੇ ਬਧਨੀ ਜਿਲਾ ਫਰੀਦਕੋਟ ਨੂੰ ਚਲੀ ਜਾਵਾਂਗੀ। ਇਸ ਗੱਲੋਂ ਮਹਾਰਾਜਾ ਝਿਜਕਿਆ ਅਤੇ ਲਾਹੌਰ ਜਾ ਕੇ ਪਿਆਰ ਦਾ ਖਤ ਲਿਖਿਆ ਕਿ ਆ ਕੇ ਮਿਲ ਕੇ ਤਾ ਜਾਓ। ਜਦ ਸਦਾ ਕੌਰ ਇਥੇ ਪੁੱਜੀ ਤਾਂ ਉਸਦੀ ਮੋਹਰ ਲਗਵਾ ਕੇ ਸਾਰਾ ਇਲਾਕਾ ਸ਼ਹਿਜ਼ਾਦਾ ਸ਼ੇਰ ਸਿੰਘ ਨੂੰ ਦੇ ਦਿੱਤਾ ਤੇ ਉਸਨੂੰ ਕਿਲ੍ਹੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਪਰ ਸਦਾ ਕੌਰ ਪਰਲੇ ਦਰਜੇ ਦੀ ਸਿਆਣੀ ਸੀ ਕਿਲ੍ਹੇ ਦੇ ਨਾਲ ਬਾਹਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਦੇਹੁਰਾ ਸੀ। ਉਸ ਦੇ ਦਰਸ਼ਨਾਂ ਦਾ ਬਹਾਨਾ ਕਰਕੇ ਬਾਹਰ ਆਈ ਤੇ ਬੰਦ ਗੱਡੀ ਵਿੱਚ ਬੈਠ ਕੇ ਮੁਕੇਰੀਆਂ ਆਪਣੇ ਇਲਾਕੇ ਵੱਲ ਤੁਰੀ। ਜਦੋਂ ਮਹਾਰਾਜੇ ਨੂੰ ਪਤਾ ਲੱਗਾ ਤਾਂ ਰਾਹ ਵਿੱਚੋਂ ਹੀ ਉਸਨੇ ਸਦਾ ਕੌਰ ਨੂੰ ਫੜ ਮੰਗਵਾਇਆ ਅਤੇ ਮਹਿਲ ਵਿੱਚ ਬੰਦ ਕਰ ਦਿੱਤਾ। ਮਹਾਰਾਜ ਜੀ ਨੇ ਸਰਦਾਰ ਲਹਿਣਾ ਸਿੰਘ ਮਜੀਠੀਏ ਨੂੰ ਹੁਕਮ ਦਿੱਤਾ ਕਿ ਸਦਾ ਕੌਰ ਦੇ ਸਾਰੇ ਇਲਾਕੇ ਜਬਤ ਕਰ ਲਏ ਜਾਣ। ਅੰਤ ਸਦਾ ਕੌਰ ਨਾਲ ਬਹੁਤ ਧੱਕਾ ਕੀਤਾ ਗਿਆ ਦੋ ਦਿਨ ਉਸ ਨੂੰ ਨਾ ਅੰਨ ਦਿੱਤਾ ਨਾ ਪਾਣੀ। ਤੀਜੇ ਦਿਨ ਸਦਾ ਕੌਰ ਨੇ ਮਹਾਰਾਜ ਦੇ ਸੈਨਿਕਾਂ ਦੀ ਈਨ ਮੰਨ ਲਈ ਤੇ ਆਪਣਾ ਅਟਲਗੜ ਦਾ ਕਿਲ੍ਹਾ ਵੀ ਮਹਾਰਾਜ ਨੂੰ ਸੰਭਾਲ ਦਿੱਤਾ। ਹੁਣ ਸਦਾ ਕੌਰ ਨੂੰ ਅੰਮ੍ਰਿਤਸਰ ਲੈ ਜਾਇਆ ਗਿਆ। 1832 ਈਸਵੀ ਤੱਕ ਜਦੋਂ ਤੱਕ ਉਹ ਗੁਜ਼ਰ ਨਾ ਗਈ ਉਸ ਨੂੰ ਅੰਮ੍ਰਿਤਸਰ ਦੇ ਵਿੱਚ ਹੀ ਨਜ਼ਰਬੰਦ ਰੱਖਿਆ ਗਿਆ। ਕੁੰਵਰ ਨੌ ਨਿਹਾਲ ਸਿੰਘ ਨੇ ਆਪ ਸਦਾ ਕੌਰ ਦਾ ਸੰਸਕਾਰ ਕੀਤਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਸਦਾ ਕੌਰ ਦੀ ਗੋਲੀ ਮਾਈ ਦੇਸਾਂ ਪਾਸੋਂ ਸਦਾ ਕੌਰ ਦੀਆਂ ਸਭ ਵਡਮੁੱਲੀਆਂ ਚੀਜ਼ਾਂ ਲੈ ਲਈਆਂ ਜੋ ਦੋ ਲੱਖ ਰੁਪਏ ਤੇ ਮੁੱਲ ਦੀਆਂ ਸਨ।
ਇਸ ਤਰ੍ਹਾਂ ਪੰਜਾਬ ਦੀ ਉਸ ਸਮੇਂ ਦੀ ਸਭ ਤੋਂ ਪ੍ਰਸਿੱਧ ਜ਼ਨਾਨੀ ਸਦਾ ਕੌਰ ਦਾ ਅੰਤ ਹੋ ਗਿਆ। ਸਦਾ ਕੌਰ ਨੇ ਪਿਛਲੇ 30ਵਰ੍ਹੇ ਰਾਜ ਸਾਜ ਦੀਆਂ ਵਾਗਾਂ ਆਪਣੇ ਹੱਥ ਰੱਖ ਕੇ ਪੰਜਾਬ ਦੇ ਇਤਿਹਾਸ ਵਿੱਚ ਆਪਣੇ ਨਾਮ ਨੂੰ ਅਟੱਲ ਕਰ ਦਿੱਤਾ। ਸਦਾ ਕੌਰ ਨੇ ਰਣਜੀਤ ਸਿੰਘ ਨੂੰ ਮਹਾਰਾਜਾ ਬਣਾਇਆ। ਉਸ ਦੀਆਂ ਮੁਹਿੰਮਾਂ ਔਕੜਾਂ ਦੁੱਖਾਂ ਸੁੱਖਾਂ ਹਰ ਇੱਕ ਕੰਮ ਵਿੱਚ ਭਾਈਵਾਲ ਰਹੀ। ਆਪਣੇ ਅਮੋੜਪੁਣੇ ਅਤੇ ਤਿੱਖੇ ਸੁਭਾਅ ਦੇ ਕਾਰਨ ਅੰਤ ਨੂੰ ਉਸਨੇ ਆਪਣੀ ਸਭ ਰਿਆਸਤ ਗਵਾ ਲਈ। ਬਟਾਲਾ ਤੇ ਮਕੇਰੀਆਂ ਦੇ ਇਲਾਕੇ ਸ਼ਹਿਜ਼ਾਦਾ ਸ਼ੇਰ ਸਿੰਘ ਨੂੰ ਜਗੀਰ ਵਿੱਚ ਦਿੱਤੇ ਗਏ ਤੇ ਪਹਾੜੀ ਇਲਾਕਾ ਸਰਕਾਰੀ ਹੋ ਗਿਆ। ਕੇਵਲ ਮਰਦੇ ਦਮ ਤੱਕ ਬਧਨੀ ਉੱਤੇ ਉਸ ਦਾ ਕਬਜ਼ਾ ਰਿਹਾ। ਜਿੱਥੋਂ ਬਾਅਦ ਵਿੱਚ ਅੰਗਰੇਜ਼ੀ ਸਰਕਾਰ ਨੇ ਮਹਾਰਾਜ ਦੀ ਪਾਲਕੀ ਜੋਰ ਨਾਲ ਹਟਾ ਦਿੱਤੀ ਸੀ। ਸਦਾ ਕੌਰ ਦੀ ਮੌਤ ਤੋਂ ਬਾਅਦ ਇਹ ਇਲਾਕਾ ਅੰਗਰੇਜਾਂ ਨੇ ਆਪਣੇ ਅਧੀਨ ਕਰ ਲਿਆ । ਜਦੋਂ ਤੱਕ ਸਦਾ ਕੌਰ ਜਿਉਂਦੀ ਰਹੀ ਪਿਛਲੇ ਇਸ 40 ਸਾਲਾਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਵਿੱਚ ਉਸ ਦਾ ਬੋਲਬਾਲਾ ਰਿਹਾ ।



Leave a Comment