Dr. Sandeep Sandha

America ਛੱਡ ਪੰਜਾਬ ਦੇ ਪਿੰਡਾਂ ‘ਚ ਮੁਫ਼ਤ AI ਸਿਖਾ ਰਹੇ ਡਾ. ਸੰਦੀਪ ਸੰਧਾ: ਬੱਚਿਆਂ ਨੂੰ ਬਣਾ ਰਹੇ ‘Creators’

ਅੱਜ ਦਾ ਦੌਰ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦਾ ਹੈ। ਸਮਾਰਟਫ਼ੋਨ ਤੋਂ ਲੈ ਕੇ ਰੋਜ਼ਮਰਾ ਦੇ ਕੰਮਾਂ ਤੱਕ, ਹਰ ਕੋਈ AI ਦੀ ਵਰਤੋਂ ਕਰ ਰਿਹਾ ਹੈ। ਪਰ ਇਸ ਪੂਰੀ ਪ੍ਰਣਾਲੀ ਵਿੱਚ ਅਸੀਂ ਸਿਰਫ਼ ਆਮ Users ਬਣ ਕੇ ਰਹਿ ਗਏ ਹਾਂ, ਜਦਕਿ ਇਸ ਦੇ Creators ਬਹੁਤ ਘੱਟ ਹਨ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਸਰਹੱਦੀ ਪਿੰਡ ਦੇ ਜੰਮਪਲ ਅਤੇ AI ਮਾਹਿਰ ਡਾ. ਸੰਦੀਪ ਸਿੰਘ ਸੰਧਾ ਨੇ ਇਸ ਸੋਚ ਨੂੰ ਬਦਲਣ ਲਈ ਪਹਿਲ ਕੀਤੀ ਹੈ। ਉਹ ਅਮਰੀਕਾ ਦੀ ਸ਼ਾਨਦਾਰ ਜ਼ਿੰਦਗੀ ਛੱਡ ਕੇ ਪੰਜਾਬ ਦੇ ਪਿੰਡਾਂ ਵਿੱਚ ਸਕੂਲੀ ਬੱਚਿਆਂ ਨੂੰ ਮੁਫ਼ਤ AI ਸਿੱਖਿਆ ਦੇ ਰਹੇ ਹਨ।

ਪਿੰਡ ਤੋਂ IIT ਅਤੇ UCLA ਤੱਕ ਦਾ ਸਫ਼ਰ

ਡਾ. ਸੰਦੀਪ ਸਿੰਘ ਸੰਧਾ ਦੱਸਦੇ ਹਨ ਕਿ ਉਨ੍ਹਾਂ ਨੇ ਸਾਲ 2010 ਵਿੱਚ IIT ਤੋਂ ਕੰਪਿਊਟਰ ਸਾਇੰਸ ਵਿੱਚ ਬੀ.ਟੈੱਕ ਦੀ ਪੜ੍ਹਾਈ ਸ਼ੁਰੂ ਕੀਤੀ ਸੀ। ਉਸ ਸਮੇਂ ਪਿੰਡਾਂ ਵਿੱਚ ਕੰਪਿਊਟਰ ਬਹੁਤ ਘੱਟ ਦੇਖਣ ਨੂੰ ਮਿਲਦੇ ਸਨ ਅਤੇ ਮਨ ਵਿੱਚ ਇੱਕ ਡਰ ਜਿਹਾ ਹੁੰਦਾ ਸੀ। ਪਰ ਜਿਗਿਆਸਾ ਨੇ ਉਨ੍ਹਾਂ ਨੂੰ ਇਸ ਖੇਤਰ ਵੱਲ ਲੈ ਜਾਇਆ। ਬੀ.ਟੈੱਕ ਤੋਂ ਬਾਅਦ, ਉਹਨਾਂ ਨੇ ਭਾਰਤ ਵਿੱਚ ਔਰੈਕਲ ਅਤੇ ਆਈਬੀਐਮ ਰਿਸਰਚ ਵਿੱਚ ਕੰਮ ਕੀਤਾ। ਸਾਲ 2014 ਦੇ ਆਸਪਾਸ, ਜਦੋਂ ਆਧੁਨਿਕ AI ਪੂਰੀ ਦੁਨੀਆ ਵਿੱਚ ਜੜ੍ਹ ਫੜ ਰਿਹਾ ਸੀ, ਤਾਂ ਉਨ੍ਹਾਂ ਨੇ ਹੋਰ ਡੂੰਘਾਈ ਨਾਲ ਸਿੱਖਣ ਲਈ ਅਮਰੀਕਾ ਦੀ ਨੰਬਰ ਇੱਕ ਪਬਲਿਕ ਯੂਨੀਵਰਸਿਟੀ ‘UCLA’ ਤੋਂ ਆਪਣੀ PHD ਪੂਰੀ ਕੀਤੀ।

ਅਮਰੀਕਾ ਛੱਡ ਪਿੰਡ ਪਰਤਣ ਦਾ ਫ਼ੈਸਲਾ

Decision to leave America

ਡਾ. ਸੰਧਾ ਦੱਸਦੇ ਹਨ ਕਿ ਅਮਰੀਕਾ ਵਿੱਚ ਉਹਨਾਂ ਨੂੰ ਬਿਹਤਰੀਨ ਖੋਜ ਕਾਰਜਾਂ ਸਦਕਾ ‘EB-1A’ ਸ਼੍ਰੇਣੀ ਤਹਿਤ ਗ੍ਰੀਨ ਕਾਰਡ ਮਿਲਿਆ ਸੀ, ਜੋ ਸਿਰਫ਼ ਚੋਟੀ ਦੇ ਮਾਹਿਰਾਂ ਨੂੰ ਹੀ ਦਿੱਤਾ ਜਾਂਦਾ ਹੈ। ਲਗਭਗ 10 ਸਾਲ ਅਮਰੀਕਾ ਰਹਿਣ, ਵੱਡੀਆਂ ਕੰਪਨੀਆਂ ਦੀਆਂ ਟੀਮਾਂ ਦੀ ਅਗਵਾਈ ਕਰਨ ਅਤੇ ਵੱਡੇ ਪ੍ਰੋਜੈਕਟਾਂ ‘ਤੇ ਕੰਮ ਕਰਨ ਤੋਂ ਬਾਅਦ ਉਹਨਾਂ ਨੇ ਪੰਜਾਬ ਪਰਤਣ ਦਾ ਮਨ ਬਣਾਇਆ। ਉਹ ਕਹਿੰਦੇ ਹਨ ਜਦੋਂ ਤੁਹਾਡੇ ਕੋਲ ਉੱਚ ਪੱਧਰੀ ਹੁਨਰ ਹੋਵੇ, ਤਾਂ ਇਹ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਕਿੱਥੇ ਬੈਠੇ ਹੋ। ਇੰਟਰਨੈੱਟ ਨੇ ਲੋਕੇਸ਼ਨ ਦੀ ਨਿਰਭਰਤਾ ਖ਼ਤਮ ਕਰ ਦਿੱਤੀ ਹੈ। ਉਹ ਅੱਜ ਵੀ ਅਮਰੀਕਾ ਦੀਆਂ ਕੰਪਨੀਆਂ ਲਈ AI ਸਲਾਹਕਾਰ ਵਜੋਂ ਕੰਮ ਕਰਦਾ ਹਨ, ਪਰ ਰਹਿੰਦੇ ਆਪਣੇ ਪਿੰਡ ਹਨ।

ਕਿਰਤ ਅਤੇ ਦਸਵੰਧ ਵਜੋਂ ਸਿੱਖਿਆ

ਡਾ. ਸੰਧਾ ਆਪਣੀ ਕਮਾਈ ਅਤੇ ਸੇਵਾ ਬਾਰੇ ਸਪੱਸ਼ਟ ਕਰਦੇ ਹਨ ਕਿ ਉਹ ਸੋਮਵਾਰ ਤੋਂ ਸ਼ੁੱਕਰਵਾਰ ਅਮਰੀਕੀ ਕੰਪਨੀਆਂ ਲਈ ਏਆਈ ਸਿਸਟਮ ਬਣਾਉਣ ਅਤੇ ਰਿਸਰਚ ਦਾ ਕੰਮ ਕਰਦੇ ਹਨ। ਉਹ ਕਹਿੰਦੇ ਹਨ, “ਅਸੀਂ ਆਪਣੀ ਕਿਰਤ ਨਹੀਂ ਛੱਡੀ, ਪਰ ਉਸ ਕਿਰਤ ਤੋਂ ਉੱਪਰ ਉੱਠ ਕੇ ਆਪਣਾ ਸਮਾਂ ਲੋਕ-ਭਲਾਈ ਲਈ ਦਸਵੰਧ ਵਜੋਂ ਦਿੰਦੇ ਹਾਂ।” ਇਸੇ ਲਈ ਉਹਨਾਂ ਨੂੰ ਸਿੱਖਿਆ ਵੇਚ ਕੇ ਪੈਸੇ ਕਮਾਉਣ ਦੀ ਕੋਈ ਲੋੜ ਨਹੀਂ ਪੈਂਦੀ। ਉਹਨਾਂ ਮੁਤਾਬਕ ਸਿੱਖਿਆ ਇੱਕ ਅਣਮੁੱਲੀ ਚੀਜ਼ ਹੈ, ਜਿਸ ‘ਤੇ ਪੈਸੇ ਦੀ ਮੋਹਰ ਨਹੀਂ ਲਗਾਈ ਜਾ ਸਕਦੀ, ਅਤੇ ਜਦੋਂ ਇਸ ਨੂੰ ਨਿਰਸਵਾਰਥ ਸੇਵਾ ਵਜੋਂ ਵੰਡਿਆ ਜਾਵੇ ਤਾਂ ਇਸ ਦਾ ਦਾਇਰਾ ਆਪਣੇ-ਆਪ ਵਧਦਾ ਜਾਂਦਾ ਹੈ।

ਵਿਹੜੇ ਤੋਂ ਸ਼ੁਰੂ ਹੋਈ ਮੁਫ਼ਤ ਪੜ੍ਹਾਈ

ਪਿੰਡ ਆਉਣ ਤੋਂ ਬਾਅਦ, ਡਾ. ਸੰਦੀਪ ਨੇ ਦੇਖਿਆ ਕਿ ਸਰਹੱਦੀ ਖੇਤਰਾਂ ਦੇ ਸਕੂਲਾਂ ਵਿੱਚ ਤਕਨੀਕੀ ਸਿੱਖਿਆ ਦੀ ਬਹੁਤ ਘਾਟ ਹੈ। ਸ਼ਾਮ ਨੂੰ ਦਫ਼ਤਰੀ ਕੰਮ ਖ਼ਤਮ ਕਰਨ ਮਗਰੋਂ, ਉਹਨਾਂ ਨੇ ਪਿੰਡ ਦੇ 3-4 ਬੱਚਿਆਂ ਨੂੰ ਸ਼ੌਕੀਆ ਤੌਰ ‘ਤੇ ਪੜ੍ਹਾਉਣਾ ਸ਼ੁਰੂ ਕੀਤਾ। ਹੌਲੀ-ਹੌਲੀ ਗਿਣਤੀ ਇੰਨੀ ਵੱਧ ਗਈ ਕਿ ਉਹਨਾਂ ਦੇ ਘਰ ਦਾ ਪੂਰਾ ਵਿਹੜਾ ਬੱਚਿਆਂ ਨਾਲ ਭਰਨ ਲੱਗ ਪਿਆ। ਦੂਰ-ਦੁਰਾਡੇ ਦੇ ਪਿੰਡਾਂ ਤੋਂ ਬੱਚਿਆਂ ਦੇ ਆਉਣ ਕਾਰਨ ਸਮੇਂ ਦੀ ਖ਼ਪਤ ਨੂੰ ਦੇਖਦਿਆਂ ਉਹਨਾਂ ਨੇ ਇਸ ਕਾਰਜ ਨੂੰ ਆਨਲਾਈਨ ਕਰ ਦਿੱਤਾ। ਅੱਜ 500 ਤੋਂ ਵੱਧ ਸਕੂਲਾਂ ਅਤੇ ਪੰਜਾਬ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਦੇ ਹਜ਼ਾਰਾਂ ਵਿਦਿਆਰਥੀ ‘ਪੰਜਾਬ AI ਐਕਸੀਲੈਂਸ ਪ੍ਰੋਗਰਾਮ’ ਰਾਹੀਂ ਇਸ ਨਾਲ ਜੁੜੇ ਹੋਏ ਹਨ।

ਪੰਜਾਬੀ ‘ਚ ਮੋਬਾਈਲ ਆਧਾਰਿਤ ਸਿਲੇਬਸ

ਕੈਲੀਫੋਰਨੀਆ ਦੇ 100 ਤੋਂ ਵੱਧ ਸਕੂਲਾਂ ਵਿੱਚ AI ਪ੍ਰੋਗਰਾਮ ਚਲਾਉਣ ਦਾ ਤਜ਼ਰਬਾ ਡਾ. ਸੰਧਾ ਦੇ ਬਹੁਤ ਕੰਮ ਆਇਆ। ਪੰਜਾਬ ਵਿੱਚ ਜ਼ਮੀਨੀ ਹਕੀਕਤ ਇਹ ਸੀ ਕਿ 70% ਤੋਂ ਵੱਧ ਬੱਚਿਆਂ ਕੋਲ ਲੈਪਟਾਪ ਜਾਂ ਕੰਪਿਊਟਰ ਨਹੀਂ ਸਨ ਅਤੇ ਅੰਗਰੇਜ਼ੀ ਭਾਸ਼ਾ ਇੱਕ ਵੱਡੀ ਰੁਕਾਵਟ ਸੀ। ਇਸ ਲਈ, ਉਹਨਾਂ ਨੇ ਸਾਰਾ ਪਾਠਕ੍ਰਮ ਸਰਲ ਪੰਜਾਬੀ ਭਾਸ਼ਾ ਵਿੱਚ ਤਿਆਰ ਕੀਤਾ ਤਾਂ ਜੋ ਬੱਚੇ ਮੋਬਾਈਲ ਫ਼ੋਨ ਰਾਹੀਂ ਕੋਡਿੰਗ ਕਰ ਸਕਣ ਅਤੇ AI ਮਾਡਲ ਬਣਾ ਸਕਣ। ਇਹ ਕੋਰਸ ਸਰਕਾਰੀ ਸਕੂਲਾਂ, ਐਸਜੀਪੀਸੀ ਅਤੇ ਅਕਾਲ ਅਕੈਡਮੀਆਂ ਦੇ ਬੱਚਿਆਂ ਲਈ ਬਿਲਕੁਲ ਮੁਫ਼ਤ ਹੈ। ਫੀਸ ਦੇਣ ਤੋਂ ਅਸਮਰੱਥ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਵੀ ਮੁਫ਼ਤ ਪੜ੍ਹਾਇਆ ਜਾਂਦਾ ਹੈ।

ਪਿੰਡਾਂ ਦੇ ਹੱਲ ਪਿੰਡਾਂ ਦੇ ਬੱਚੇ ਹੀ ਕੱਢਣਗੇ

Village solutions

ਡਾ. ਸੰਧਾ ਦੱਸਦੇ ਹਨ ਕਿ ਅੱਠਵੀਂ-ਨੌਵੀਂ ਜਮਾਤ ਦੇ ਬੱਚੇ ਹੁਣ ਖ਼ੁਦ AI ਐਪਸ ਬਣਾ ਰਹੇ ਹਨ। ਉਹਨਾਂ ਨੇ ਅਜਿਹੇ ਮਾਡਲ ਬਣਾਏ ਹਨ ਜੋ ਗਾਵਾਂ-ਮੱਝਾਂ ਦੀ ਪਛਾਣ ਕਰਦੇ ਹਨ ਅਤੇ ਫ਼ਸਲਾਂ ਦੀਆਂ ਬਿਮਾਰੀਆਂ ਦਾ ਪਤਾ ਲਗਾਉਂਦੇ ਹਨ। ਡਾ. ਸੰਧਾ ਦੇ ਅਨੁਸਾਰ ਬਹੁ-ਰਾਸ਼ਟਰੀ ਕੰਪਨੀਆਂ ਨੂੰ ਪਿੰਡਾਂ ਅਤੇ ਕਿਸਾਨਾਂ ਦੀਆਂ ਲੋੜਾਂ ਦਾ ਅਹਿਸਾਸ ਨਹੀਂ ਹੁੰਦਾ। ਜਦੋਂ ਕਿਸਾਨਾਂ ਦੇ ਬੱਚੇ ਤਕਨੀਕੀ ਤੌਰ ‘ਤੇ ਸਮਰੱਥ ਹੋਣਗੇ, ਤਾਂ ਉਹ ਆਪਣੀਆਂ ਮੁਸ਼ਕਲਾਂ ਦੇ ਹੱਲ ਖ਼ੁਦ ਲੱਭਣਗੇ। ਸਾਡਾ ਮਕਸਦ ਬੱਚਿਆਂ ਨੂੰ ਸਿਰਫ਼ ਨੌਕਰੀਆਂ ਲੱਭਣ ਵਾਲੇ ਨਹੀਂ, ਸਗੋਂ ਸਮੱਸਿਆਵਾਂ ਹੱਲ ਕਰਨ ਵਾਲੇ ਆਗੂ ਬਣਾਉਣਾ ਹੈ।

ਡੇਟਾ ਪ੍ਰਾਈਵੇਸੀ ਅਤੇ AI ਦੀਆਂ ਗ਼ਲਤੀਆਂ

ਯੂਜ਼ਰਸ ਦੀ ਨਿੱਜਤਾ ਬਾਰੇ ਡਾ. ਸੰਧਾ ਦੱਸਦੇ ਹਨ ਕਿ ਜਦੋਂ ਅਸੀਂ ਮੁਫ਼ਤ ਐਪਸ ਵਰਤਦੇ ਹਾਂ, ਤਾਂ ਸਾਡਾ ਡੇਟਾ ਹੀ ਉਤਪਾਦ ਹੁੰਦਾ ਹੈ। ਕੰਪਨੀਆਂ ਸਾਡੀ ਉਮਰ, ਪਸੰਦ ਤੇ ਆਦਤਾਂ ਜਾਣ ਕੇ ਸਾਡੀ ਸੋਚ ਪ੍ਰਭਾਵਿਤ ਕਰਦੀਆਂ ਹਨ। ਉਹ ਸਾਵਧਾਨ ਕਰਦੇ ਹਨ ਕਿ AI ਕੋਈ ਜਾਦੂ ਨਹੀਂ, ਸਗੋਂ ਇਨਸਾਨਾਂ ਦੇ ਡੇਟਾ ਤੋਂ ਹੀ ਸਿੱਖਦਾ ਹੈ। ਜੇ ਡੇਟਾ ਗ਼ਲਤ ਹੋਵੇਗਾ, ਤਾਂ ਏਆਈ ਵੀ ਗ਼ਲਤੀਆਂ ਕਰੇਗਾ। ਇਸ ਲਈ, ਜਦੋਂ ਤੱਕ ਸਾਡੇ ਲੋਕ ਏਆਈ ਦੇ ਨਿਰਮਾਤਾ ਨਹੀਂ ਬਣਨਗੇ, ਉਦੋਂ ਤੱਕ ਉਹ ਆਪਣੀਆਂ ਭਾਵਨਾਵਾਂ ਅਤੇ ਅਧਿਕਾਰਾਂ ਦੀ ਰਾਖੀ ਨਹੀਂ ਕਰ ਸਕਣਗੇ।

ਭਵਿੱਖ ਦੀਆਂ ਚੁਣੌਤੀਆਂ 

AI ਕਾਰਨ ਨੌਕਰੀਆਂ ਜਾਣ ਦੇ ਡਰ ਬਾਰੇ ਗੱਲ ਕਰਦਿਆਂ ਉਹ ਦੱਸਦੇ ਹਨ ਕਿ ਜਿਸ ਤਰ੍ਹਾਂ ਕਦੇ ਬੈਲ-ਗੱਡੀਆਂ ਦੀ ਥਾਂ ਟਰੱਕਾਂ ਅਤੇ ਟਰੇਨਾਂ ਨੇ ਲਈ ਸੀ, ਉਸੇ ਤਰ੍ਹਾਂ ਰਵਾਇਤੀ ਕੰਮਾਂ ਵਿੱਚ ਬਦਲਾਅ ਆਉਣਾ ਲਾਜ਼ਮੀ ਹੈ। ਭਵਿੱਖ ਵਿੱਚ, ਇੱਕੋ ਵਿਅਕਤੀ ਏਆਈ ਦੀ ਮਦਦ ਨਾਲ ਕਈ ਖੇਤਰਾਂ ਦੀ ਜਾਣਕਾਰੀ ਰੱਖ ਸਕੇਗਾ। ਉਹਨਾਂ ਨੇ ਸਪੱਸ਼ਟ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਦੇਸ਼ਾਂ ਦੀ ਤਾਕਤ ਇਸ ਗੱਲ ‘ਤੇ ਨਿਰਭਰ ਕਰੇਗੀ ਕਿ ਉਹ ਏਆਈ ਦੀ ਦੌੜ ਵਿੱਚ ਕਿੱਥੇ ਖੜ੍ਹੇ ਹਨ। ਭਾਰਤ ਨੂੰ ਸਿਰਫ਼ ਖ਼ਪਤਕਾਰ ਬਾਜ਼ਾਰ ਬਣਨ ਦੀ ਬਜਾਏ ਆਪਣੀ ਖੋਜ ਅਤੇ ਤਕਨੀਕੀ ਬੁਨਿਆਦ ਮਜ਼ਬੂਤ ਕਰਨੀ ਪਵੇਗੀ।

ਜੁੜਨ ਦਾ ਤਰੀਕਾ

ਇਸ ਦੇ ਨਾਲ ਹੀ, ਕੋਈ ਵੀ ਸਿੱਖਣ ਦਾ ਚਾਹਵਾਨ ਯੂਟਿਊਬ ‘ਤੇ ‘Punjab AI Excellence’ ਜਾਂ ‘Dr. Sandeep Singh Sandha’ ਸਰਚ ਕਰਕੇ ਮੁਫ਼ਤ ਰਿਕਾਰਡ ਕੀਤੇ ਲੈਕਚਰ ਦੇਖ ਸਕਦਾ ਹੈ। ਇਸ ਤੋਂ ਇਲਾਵਾ ਲਾਈਵ ਬੈਚਾਂ ਵਿੱਚ ਗੂਗਲ ਮੀਟ ਰਾਹੀਂ ਸ਼ਾਮਲ ਹੋਣ ਲਈ ਆਨਲਾਈਨ ਫਾਰਮ ਭਰ ਕੇ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ। ਡਾ. ਸੰਦੀਪ ਸਿੰਘ ਸੰਧਾ ਦਾ ਸੁਪਨਾ ਹੈ ਕਿ ਪੰਜਾਬ ਦੇ ਨੌਜਵਾਨ ਤਕਨਾਲੋਜੀ ਦੀ ਇਸ ਨਵੀਂ ਕ੍ਰਾਂਤੀ ਵਿੱਚ ਪਿੱਛੇ ਨਾ ਰਹਿਣ, ਸਗੋਂ ਆਪਣੇ ਪਿੰਡਾਂ ਵਿੱਚ ਬੈਠ ਕੇ ਵਿਸ਼ਵ ਪੱਧਰ ‘ਤੇ ਅਗਵਾਈ ਕਰਨ ਦੇ ਯੋਗ ਹੋਣ।

Post navigation

Leave a Comment

Leave a Reply

Your email address will not be published. Required fields are marked *