ਇਹ ਗੱਲ ਹੋਵੇਗੀ 1974 ਜਾਂ 75 ਦੀ, ਜਦ ਬੀਬੀ ਨੂਰਾਂ ਦੀ ਆਵਾਜ਼ ਪਹਿਲੀ ਵਾਰ ਮੇਰੇ ਕੰਨੀਂ ਪਈ। ਆਕਾਸ਼ਵਾਣੀ ਜਲੰਧਰ ਤੋਂ ਦੁਪਹਿਰ ਵਾਲੇ “ਲੋਕ ਗੀਤ” ਪ੍ਰੋਗਰਾਮ ਵਿੱਚ ਬੀਬੀ ਨੂਰਾਂ ਗਾ ਰਹੀ ਸੀ।
ਕੁੱਲੀ ਸਾੜ ਸੁੱਟੀ ਕਾਹਨੂੰ ਮੇਰੀ
ਮੈਂ ਅੱਗੇ ਤੰਗ ਬਥੇਰੀ।
ਕੁੱਲੀ ਰਾਹ ਦੇ ਵਿਚ ਪਾਈ ਅਸਾਂ ਤੇਰੇ,
ਤੇ ਆਉਂਦਾ ਜਾਂਦਾ ਤੱਕਦਾ ਰਵੇਂ ।
ਹਟ ਮੁੱਲਾਂ ਮੈਨੂੰ ਮੱਥੇ ਤਿਲਕ ਲਗਾਵਣ ਦੇ।
ਮੱਥੇ ਤਿਲਕ ਲੱਗਾ ਕੇ ਮੈਨੂੰ ਘਰ ਕੰਜਰਾਂ ਦੇ ਜਾਵਣ ਦੇ।
ਕੰਜਰੀ ਬਣਿਆਂ ਇੱਜ਼ਤ ਨਾ ਘਟਦੀ ,
ਮੈਨੂੰ ਨੱਚ ਕੇ ਯਾਰ ਮਨਾਵਣ ਦੇ।
ਕੁੱਲੀ ਰਾਹ ਵਿੱਚ ਪਾਈ ਅਸਾਂ ਤੇਰੇ
ਦਿਲਬਰ ਤੋਂ ਦਿਲ ਸਦਕੇ ਕੀਤਾ ਦਿਲਬਰ ਦੇ ਕੰਮ ਆਵੇ।
ਜਾਨ ਜਾਂਦੀ ਤੇ ਜਾਣ ਦਿਉ ਮੇਰੀ ਯਾਰ ਵੱਲੋਂ ਰਹਿ ਆਵੇ।
ਕੁੱਲੀ ਰਾਹ ਵਿੱਚ……।
ਨਾ ਕਰ ਮਾਣ ਰੁਪਈਏ ਵਾਲਾ ਬਣ ਬਣ ਬਹਿ ਨਾ ਬੱਗੇ।
ਖਰਾ ਖੋਟਾ ਤੂੰ ਪਰਖਿਆ ਜਾਵੇਂ, ਬਹੇਂ ਸਾਫ ਦੇ ਅੱਗੇ।
ਬੋਲੋਂ ਪੂਰਾ ਤੋਲੋਂ ਪੂਰਾ ਸੱਟ ਸਿਰੇ ਤੇ ਨਾ ਲੱਗੇ।
ਬੁੱਲ੍ਹੀਆ ਤੂੰ ਕੌਡੀ ਹੋ ਜਾ ਵੱਟੀ ਮੂਲ ਨਾ ਲੱਗੇ।
ਕੁੱਲੀ ਰਾਹ ਦੇ ਵਿੱਚ ਪਾਈ ਅਸਾਂ ਤੇਰੇ।
ਸੁਣਦਿਆਂ ਏਦਾਂ ਮਹਿਸੂਸ ਹੋਇਆ ਜਿਵੇਂ ਦੂਰ ਕਿਤੇ ਰੇਤਲੇ ਟਿੱਬਿਆਂ ਤੇ ਪਾਈ ਕੁੱਲੀ ਵਿੱਚ ਚਿਰਾਗ ਦੀ ਲਾਟ ਬਲ਼ਦੀ ਹੈ। ਚਾਰ ਚੁਫ਼ੇਰੇ ਚਾਨਣ ਚਾਨਣ। ਫਿਰ ਬਟਾਲਾ ਸ਼ਹਿਰ ਵਿੱਚ ਪ੍ਰਸਿੱਧ ਫ਼ੋਟੋ ਕਲਾਕਾਰ ਤੇ ਲੇਖਕ ਹਰਭਜਨ ਸਿੰਘ ਬਾਜਵਾ ਨੇ “ਸਾਹਿੱਤ ਕਲਾ ਸੰਸਾਰ” ਵੱਲੋਂ ਸ਼ਿਵ ਕੁਮਾਰ ਦੀ ਬਰਸੀ ਤੇ ਬੀਬੀ ਨੂਰਾਂ ਨੂੰ ਬੁਲਾਇਆ। ਮੈਨੂੰ ਯਾਦ ਹੈ ਉਹ ਆਪਣੇ ਪੁੱਤਰਾਂ ਨਾਲ ਬੱਸ ਤੇ ਚੜ੍ਹ ਕੇ ਜਲੰਧਰੋਂ ਆਈ ਸੀ। ਹਾਰਮੋਨੀਅਮ ਇੱਕ ਪਤਲੇ ਜਿਹੇ ਖੇਸ ਵਿੱਚ ਬੰਨ੍ਹਿਆ ਹੋਇਆ ਸੀ। ਬੈਗ ਵਿੱਚ ਢੋਲਕੀ ਸੀ, ਤਬਲਾ ਨਹੀਂ।
ਬਟਾਲਾ ਵਿੱਚ ਬੀਬੀ ਨੂਰਾਂ ਦੀ ਇਹ ਪਹਿਲੀ ਪੇਸ਼ਕਾਰੀ ਸੀ। ਉਸ ਨੂੰ ਆਪਣੀ ਆਵਾਜ਼ ਤੇ ਵਿਸ਼ਵਾਸ ਸੀ ਓੜਕਾਂ ਦਾ। ਅਲਾਪ ਲਿਆ ਤਾਂ ਲੱਗਿਆ ਕਿ ਬਟਾਲਾ ਸ਼ਹਿਰ ਦੀਆਂ ਬੁਰਜੀਆਂ ਤੇ ਧਰੇ ਸਾਰੇ ਚਿਰਾਗ ਇੱਕ ਦਮ ਜਾਗ ਪਏ ਹੋਣ। ਬੀਬੀ ਨੂਰਾਂ ਦੇ ਬੋਲ ਅੰਬਰ ਨੂੰ ਜਾ ਛੋਹੇ।
ਜੀਅ ਵੇ ਸੋਹਣਿਆਂ ਜੀਅ
ਭਾਵੇਂ ਕਿਸੇ ਦਾ ਹੋ ਕੇ ਜੀਅ।
ਕੀ ਹੋਇਆ ਜੇ ਅੱਜ ਨਹੀਂ ਤਾਂ
ਕਦੇ ਤਾਂ ਹੁੰਦਾ ਸੀ।
ਜੀਅ ਵੇ ਸੋਹਣਿਆਂ ਜੀਅ।
ਹੋਰ ਵੀ ਕਈ ਗੀਤ। ਉਸ ਲਗਭਗ ਲਗਾਤਾਰ ਇੱਕ ਘੰਟਾ ਗਾਇਆ। ਅੱਜ ਵੀ ਚੇਤੇ ਕਰਕੇ ਵਜਦ ਤਾਰੀ ਹੋ ਜਾਂਦਾ ਹੈ। ਉਦੋਂ ਹੀ ਪਤਾ ਲੱਗਾ ਕਿ ਸਾਡੇ ਇਧਰਲੇ ਪੰਜਾਬ ਦੀ ਰੇਸ਼ਮਾ ਬੀਬੀ ਨੂਰਾ ਜਲੰਧਰ ਵਿੱਚ ਨਕੋਦਰ ਰੋਡ ਤੇ ਰਹਿੰਦੀ ਹੈ। 1978 ਦੇ ਸਿਆਲੂ ਦਿਨ ਸਨ। ਆਕਾਸ਼ਵਾਣੀ ਜਲੰਧਰ ਵਿੱਚ ਕਵਿਤਾ ਪਾਠ ਪ੍ਰੋਗਰਾਮ ਵਿੱਚ ਮੇਰੀ ਰਿਕਾਰਡਿੰਗ ਸੀ। ਪੰਜਾਬੀ ਕਵੀ ਤੇ ਆਕਾਸ਼ਵਾਣੀ ਵਿੱਚ ਪ੍ਰੋਗਰਾਮ ਨਿਰਮਾਤਾ ਸ ਸ ਮੀਸ਼ਾ ਨੇ ਰਿਕਾਰਡਿੰਗ ਲਈ ਸ. ਚੈਨ ਸਿੰਘ ਦੀ ਡਿਊਟੀ ਲਾ ਦਿੱਤੀ। ਉਨ੍ਹਾਂ ਕੋਲ ਇੰਗਲੈਂਡ ਤੋਂ ਪੰਜਾਬੀ ਲੇਖਕ ਕੁਲਦੀਪ ਤੱਖਰ ਆਏ ਹੋਏ ਸਨ। ਉਨ੍ਹਾਂ ਨੇ 1973 ਦੀ ਇੰਗਲੈਂਡ ਫੇਰੀ ਦੌਰਾਨ ਸ਼ਿਵ ਕੁਮਾਰ ਨੂੰ ਬਹੁਤ ਨੇੜਿਉਂ ਵੇਖਿਆ ਸੀ। ਕਈ ਦਿਨ ਉਹ ਸ਼ਿਵ ਦੇ ਮੇਜ਼ਬਾਨ ਰਹੇ ਹੋਣ ਕਾਰਨ ਉਹ ਯਾਦਾਂ ਦੀ ਪੋਟਲੀ ਮੀਸ਼ਾ ਜੀ ਕੋਲ ਖੋਲ੍ਹੀ ਬੈਠੇ ਸਨ। ਤੱਖਰ ਕੋਲ ਉਹ ਚਾਂਦੀ ਦਾ ਬਣਿਆ ਪੈਮਾਨਾ ਵੀ ਸੀ ਜਿਸ ਨਾਲ ਮਿਣ-ਮਿਣ ਕੇ ਸ਼ਿਵ ਕੁਮਾਰ ਸ਼ਰਾਬ ਪੀਂਦਾ ਸੀ। ਉਹ ਪੈਮਾਨਾ ਮੈਂ ਦੋਬਾਰਾ 2012 ਵਿੱਚ ਸਟਾਕਟਨ(ਅਮਰੀਕਾ) ਵਿੱਚ ਕੁਲਦੀਪ ਤੱਖਰ ਦੇ ਘਰ ਵੇਖਿਆ। ਉਸ ਸ਼ਿਵ ਕੁਮਾਰ ਦੀ ਲੰਮੇਰੀ ਰਚਨਾ “ਮੈਂ ਤੇ ਮੈਂ” ਦੀ ਹੱਥ-ਲਿਖਤ ਕਾਪੀ ਵੀ ਵਿਖਾਈ ਜੋ ਸ਼ਿਵ ਨੇ ਤੱਖਰ ਨੂੰ ਨਿਸ਼ਾਨੀ ਵਜੋਂ ਸੌਂਪ ਦਿੱਤੀ ਸੀ ਚਾਂਦੀ ਦੇ ਪੈਮਾਨੇ ਵਾਂਗ। ਮੇਰੇ ਨਾਲ ਉਸ ਦਿਨ ਪੰਜਾਬੀ ਕਵੀ ਦਲਜਿੰਦਰ ਸਹੋਤਾ ਵੀ ਸੀ।
ਖ਼ੈਰ! ਜਲੰਧਰ ਫੇਰੀ ਦੌਰਾਨ ਕੁਲਦੀਪ ਤੱਖਰ ਦਾ ਸ ਸ ਮੀਸ਼ਾ ਜੀ ਨਾਲ ਜਾ ਕੇ ਬੀਬੀ ਨੂਰਾਂ ਨੂੰ ਮਿਲਣਾ ਵੀ ਸੀ। ਕੁਲਦੀਪ ਨੂੰ ਸ਼ੌਂਕ ਸੀ ਲੇਖਕਾਂ, ਗਾਇਕਾਂ ਤੇ ਕਲਾਕਾਰਾਂ ਦੀਆਂ ਆਵਾਜ਼ਾਂ ਰਿਕਾਰਡ ਕਰਨ ਦਾ। ਉਸ ਨੂਰਾਂ ਨੂੰ ਉਸ ਦੇ ਘਰ ਜਾ ਕੇ ਰਿਕਾਰਡ ਕਰਨਾ ਸੀ। ਤੁਰਨ ਲੱਗਿਆਂ ਦੋਹਾਂ ਨੇ ਮੈਨੂੰ ਨਾਲ ਚੱਲਣ ਦੀ ਸੁਲ੍ਹਾ ਮਾਰੀ ਤਾਂ ਮੈਂ ਨਾਲ ਤੁਰ ਪਿਆ। ਮੀਸ਼ਾ ਜੀ ਦੇ ਸਕੂਟਰ ਤੇ ਅਸੀਂ ਤਿੰਨੇ ਆਬਾਦਪੁਰਾ ਮੁਹੱਲੇ ਵਿੱਚ ਜਾ ਪਹੁੰਚੇ।
ਉਥੇ ਜਾ ਕੇ ਵਿਸ਼ਵਾਸ ਹੀ ਨਾ ਹੋਇਆ ਕਿ ਇੰਨੀ ਖ਼ੂਬਸੂਰਤ ਆਵਾਜ਼ ਵਾਲੀ ਗਾਇਕਾ ਬੀਬੀ ਨੂਰਾਂ ਇੰਨੇ ਗੰਦੇ ਮਾਹੌਲ ਵਿਚ ਰਹਿੰਦੀ ਹੈ। ਹੈਰਤ ਹੋਈ ਕਿ ਨੂਰਾਂ ਕਿਵੇਂ ਜੀ ਰਹੀ ਹੈ ? ਜਲੰਧਰ ਨਕੋਦਰ ਰੋਡ ‘ਤੇ ਜਿਥੇ ਆਲੇ ਦੁਆਲੇ ਗੰਦਾ ਪਾਣੀ ਖਲੋਤਾ ਹੋਵੇ, ਬਦਬੂ ਨਾਲ ਬੰਦ ਕਰਦੀ ਹੋਵੇ ਸਮਝੇ ਬੀਬੀ ਨੂਰਾਂ ਦਾ ਘਰ ਨੇੜੇ ਹੀ ਹੈ। ਇਹ ਹਾਲਾਤ 1978 ਦੇ ਹਨ। ਨੂਰਾਂ ਦੇ ਘਰ ਅਜੇ ਬਿਜਲੀ ਦਾ ਲਾਟੂ ਨਹੀਂ ਸੀ ਜਗਦਾ ਉਦੋਂ। ਬੱਸ! ਸੁਰ ਦੇ ਚਾਨਣੇ ਚ ਹੀ ਉਹ ਰਾਤਾਂ ਗੁਜ਼ਾਰਦੀ ਸੀ।
ਨੂਰਾ ਪਾਕਿਸਤਾਨ ਦੀ ਖਾਨਾਬਦੇਸ਼ ਗਾਇਕਾ ਵਾਂਗ ਸਿੱਧ-ਪੱਧਰੀ ਔਰਤ ਸੀ। ਮੀਰ ਆਲਮ ਪਰਿਵਾਰ ਦੀ ਧੀ ਤੇ ਨੂੰਹ। ਉਸ ਆਖਿਆ ਕਿ ਆਹ ਗਾਉਣਾ ਤਾਂ ਸਾਡਾ ਪਿੱਤਰੀ ਕਸਬ ਹੈ।” ਅਜੇ ਨਿੱਕੀ ਜਿਹੀ ਸੀ ਜਦੋਂ ਤੋ ਮੈਂ ਗਾਉਂਦੀ ਹਾਂ। ਨੂਰਾਂ ਜੰਮੀ ਤਾਂ ਸ਼ਾਹਕੋਟ ਦੇ ਨੇੜੇ ਕੋਟਲਾ ਸੂਰਜ ਮੱਲ ਪਿੰਡ ਵਿਚ ਸੀ ਪਰ ਤਰੀਕ ਤੇ ਸੰਨ ਦਾ ਉਸ ਨੂੰ ਉੱਕਾ ਪਤਾ ਨਹੀਂ ਸੀ। ਉਸ ਵੇਲੇ 50-55 ਵਰ੍ਹਿਆਂ ਦੀ ਨੂਰਾਂ ਜਦੋਂ ਕੰਨ ‘ਤੇ ਹੱਥ ਰੱਖ ਕੇ ਹੇਕ ਖਿੱਚਦੀ ਤਾਂ ਰਬੜ ਵਾਂਗ ਸੁਰ ਨੂੰ ਖਿੱਚੀ ਹੀ ਤੁਰੀ ਜਾਂਦੀ ਸੀ।
ਬੀਬੀ ਨੂਰਾਂ ਨੇ ਕੁਲਦੀਪ ਤੱਖਰ ਨੂੰ ਦੱਸਿਆ ਕਿ ਉਹ ਪਿਛਲੇ ਸੱਤਾਂ ਅੱਠਾਂ ਵਰਿਆਂ ਤੋਂ ਆਲ ਇੰਡੀਆ ਰੇਡੀਓ ਲਈ ਗਾਉਂਦੀ ਹੈ। ਜਲੰਧਰ ਟੀ. ਵੀ. ਵਾਲੇ ਵੀ ਉਸ ਨੂੰ ਕਦੇ-ਕਦੇ ਪੇਸ਼ ਕਰਦੇ ਹਨ। ਸ਼ਿਵ ਕੁਮਾਰ ਦੀ ਜ਼ਿੰਦਗੀ ਬਾਰੇ ਬਲਵੰਤ ਗਾਰਗੀ ਵਲੋ ਬਣਾਈ ਡਾਕੂਮੈਂਟਰੀ ਫਿਲਮ ‘ਚ ਵੀ ਉਸ ਨੇ ਸ਼ਿਵ ਦੀਆਂ ਇਹ ਸਤਰਾਂ ਗਾਈਆਂ ਹਨ :
ਇਕ ਦੀ ਅੱਖ ਦਾ ਤਾਰਾ ਚੱਲਿਆ, ਇਕ ਦੀ ਅੱਖ ਦਾ ਨੂਰ ।
ਬੀਬੀ ਜਗਮੋਹਨ ਕੌਰ ਦੇ ਕਹਿਣ ਤੇ ਬੀਬੀ ਨੂਰਾਂ ਦੀ ਆਵਾਜ਼ ਚ ਐਲ. ਪੀ. ਰਿਕਾਰਡ ਕੱਢਿਆ। ਰਿਕਾਰਡ ਭਾਵੇਂ ਕੈਨੇਡਾ, ਅਮਰੀਕਾ ਪੁੱਜ ਗਿਆ ਪਰ ਵਿਚਾਰੀ ਨੂਰਾਂ ਨੂੰ ਉਹਦੀ ਰਾਇਲਟੀ ਮਰਦੇ ਦਮ ਤੀਕ ਜਲੰਧਰ ਨਹੀਂ ਪਹੁੰਚੀ। ਬੀਬੀ ਨੂਰਾਂ ਨੇ ਆਪਣਾ ਸੁਨੇਹਾ ਜਗਮੋਹਨ ਕੌਰ ਤੀਕ ਪਹੁੰਚਾਉਣ ਲਈ ਕਿਹਾ। ਜਗਮੋਹਨ ਜੀ ਦਾ ਜਵਾਬ ਸੀ ਕਿ ਪਹਿਲੀ ਰਿਕਾਰਡਿੰਗ ਦਾ ਮਿਹਨਤਾਨਾ ਸਿਰਫ ਦਸ ਰੁਪਏ ਪ੍ਰਤੀ ਗੀਤ ਹੀ ਮਿਲਦਾ ਹੈ। ਐੱਚ ਐੱਮ ਵੀ ਕੰਪਨੀ ਦੀ ਇਹੀ ਨੀਤੀ ਹੈ। ਉਹ 40 ਰੁਪਏ ਉਸਨੂੰ ਮਿਲ ਗਏ ਸਨ।
ਰੇਡੀਓ ਤੋਂ ਗਾਉਣ ਬਾਰੇ ਬੀਬੀ ਨੂਰਾਂ ਨੇ ਸਾਨੂੰ ਦੱਸਿਆ ਕਿ ਮੇਰਾ ਧਰਮ-ਭਰਾ ਤੇ ਲੋਕ ਗਾਇਕ ਜਗਤ ਸਿੰਘ ਜੱਗਾ ਤੇ ਮੇਰੀ ਭਾਬੀ ਮੈਨੂੰ ਰੇਡੀਓ ਸਟੇਸ਼ਨ ਤੇ ਝੂਠ ਬੋਲ ਕੇ ਲੈ ਗਏ, “ਅਖੇ ਭੈਣ |ਤੈਨੂੰ ਨਵੇਂ ਕੱਪੜੇ ਸਿਵਾ ਕੇ ਦੇਣੇ ਨੇ, ਆਪਾਂ ਬਾਜ਼ਾਰ ਚੱਲਣੇ!” ਪਰ ਲੈ ਆਏ ਰੇਡੀਓ ਸਟੇਸ਼ਨ ‘ਤੇ । ਉਥੇ ਆਹ ਮੀਸ਼ਾ ਸਾਹਿਬ ਤੇ ਸਹਾਇਕ ਕੇਂਦਰ ਨਿਰਦੇਸ਼ਕ ਨ ਮ ਭਾਟੀਆ ਸਾਹਿਬ ਨੇ ਮੈਂਥੋਂ ਗੀਤ ਸੁਣੇ ਤੇ ਗਾਉਣ ਦਾ ਮੌਕਾ ਦਿੱਤਾ । ਇਸ ਤੇ ਮਗਰੋਂ ਮੈਂ ਲਗਾਤਾਰ ਗਾਉਂਦੀ ਹਾਂ।
ਨੂਰਾਂ ਨਾ ਸਿਰਫ ਸੂਫੀ ਕਲਾਮ ਹੀ ਗਾਉਂਦੀ ਹੈ ਸਗੋਂ ਬੰਗਾ ਨੇੜਲੇ ਕਿਸੇ ਪਿੰਡ ਦੇ ਵਾਸੀ ਸੂਫੀ ਸਾਧੂ ਬਾਬਾ ਹਸ਼ਮਤ ਸ਼ਾਹ ਦੀਆਂ ਕਾਫੀਆਂ ਵੀ ਗਾਉਂਦੀ। ਹੁਣ ਤਾਂ ਨੂਰਾਂ ਬਾਬਾ ਬੁੱਲੇ ਸ਼ਾਹ ਤੇ ਸ਼ਾਹ ਹੁਸੈਨ ਦੀਆਂ ਕਾਫੀਆਂ ਵੀ ਗਾਉਣ ਲਗ ਪਈ ਹੈ । ਉਸ ਨੇ ਆਪਣੇ ਪੁੱਤਰ ਮਾਲਟੇ ਨੂੰ ਬੁਲਾਇਆ ਤੇ ਗੀਤ ਨਾਲ ਢੋਲਕੀ ਦੀ ਥਾਪ ਦੇਣ ਨੂੰ ਕਿਹਾ। ਹਾਰਮੋਨੀਅਮ ਉਸ ਆਪ ਵਜਾਇਆ। ਉਸ ਵਜਦ ਵਿੱਚ ਆ ਕੇ ਗਾਇਆਃਃ
ਅਸਾਂ ਐਵੇਂ ਨਾ ਫਕੀਰੀ ਤੇਰੀ ਮੱਲੀ ਬਹਾਨਾ ਤੇਰੇ ਤੱਕ ਲੈਣ ਦਾ।
ਐਵੇ ਮਾਰ ਨਾ ਭਾਬੀਏ ਤਾਅਨੇ ਨੀ ਰਾਂਝਣ ਰੁੱਸ ਜਾਉਗਾ।
ਵਰਗੇ ਅਨੇਕਾਂ ਗੀਤ ਗਾਉਂਦੀ ਇੰਜ ਲਗਦੀ ਜਿਵੇਂ ਹਨੇਰੇ ਬੀਆਬਾਨ ‘ਚ ਕੋਈ ਬਲਦੀ ਲਾਟ ਫੜੀ ਆਪਣੇ ਘਰ ਦਾ ਰਾਹ ਲੱਭ ਰਿਹਾ ਹੋਵੇ ।
‘ਨੂਰਾਂ’ ਦਾ ਨਿੱਕਾ ਪੁੱਤਰ ਬੜੀ ਵਧੀਆ ਢੋਲਕੀ ਵਜਾਉਂਦਾ ਤੇ ਵੱਡਾ ਪੁੱਤਰ ਹਾਰਮੋਨੀਅਮ । ਸੰਗੀਤ ਦੀ ਮੁਢਲੀ ਸਿੱਖਿਆ ਆਪਣੇ ਅੱਬਾ ਤੋਂ ਲੈ ਕੇ ਨੂਰਾਂ ਨੇ ਸੁਰਾਂ ਨੂੰ ਹੱਥ ਪਾਇਆ । ਮਗਰੋਂ ਭਾਵੇਂ ਉਸਤਾਦ ਗੁਲਾਮ ਮੁਹੰਮਦ ਸਾਹਿਬ ਨੂੰ ਉਸਤਾਦ ਧਾਰ ਕੇ ਸੰਗੀਤ ਦੀਆਂ ਬਰੀਕੀਆਂ ਬਾਰੇ ਸੋਝੀ ਹਾਸਲ ਕੀਤੀ। ਹੁਣ ਵੀ ਉਹ ਅੱਧੀ-ਅੱਧੀ ਰਾਤ ਤੱਕ ਰਿਆਜ਼ ਕਰਦੀ ਰਹਿੰਦੀ ।
ਨੂਰਾਂ ਨੇ ਦੱਸਿਆ ਕਿ ਉਹ ਚਿੱਟੀ ਅਨਪੜ੍ਹ ਹੈ। ਉਹ ਹਰਫ਼ਾਂ ਤੇ ਵਿਸ਼ਵਾਸ ਨਹੀਂ ਕਰਦੀ। ਗੀਤ ਸੁਣ ਕੇ ਜ਼ਬਾਨੀ ਹੀ ਚੇਤੇ ਕਰ ਲੈਂਦੀ ਹੈ । ਨੂਰਾਂ ਦੀ ਧੀ ਸਵਰਨ ਨੂਰਾਂ ਤੇ ਵੱਡੀ ਨੂੰਹ ਘਰ ਸਾਂਭਦੀਆਂ ਸਨ। ਪਿਆਰਿਓ! ਮੈਂ ਦੱਸ ਦਿਆਂ ਕਿ ਇਸੇ ਸਵਰਨ ਨੂਰਾਂ ਦਾ ਪੁੱਤਰ ਗੁਲਸ਼ਨ ਮੀਰ ਹੈ ਜਿਸ ਦੀਆਂ ਤਿੰਨ ਧੀਆਂ ਸੁਲਤਾਨਾ, ਜਯੋਤੀ ਤੇ ਰਿਤੂ ਵੀ ਅੱਜ ਕੱਲ੍ਹ ਬਹੁਤ ਸੋਹਣਾ ਗਾਉਂਦੀਆਂ ਹਨ। ਇਨ੍ਹਾਂ ਦਾ ਵੀਰ ਵੀ ਗਾਉਂਦਾ ਹੈ। 1978 ਵਿੱਚ ਨੂਰਾਂ ਆਪਣੇ ਪੁੱਤਰਾਂ ਨੂੰ ਨਾਲ ਲੈ ਕੇ ਬਾਹਰ ਪਿੰਡਾਂ ਥਾਵਾਂ ਤੇ ਵਿਆਹ ਸ਼ਾਦੀਆਂ ‘ਤੇ ਗਾਉਣ ਜਾਂਦੀ ਸੀ। ਚਿੱਟੇ ਕੱਪੜਿਆਂ ਵਾਲੀ ਨੂਰਾਂ ਵੇਖਣ ਨੂੰ ਤਾਂ ਫਕੀਰਨੀ ਲਗਦੀ ਹੀ ਸੀ ਤੇ ਉਂਜ ਹੈ ਵੀ ਫਕੀਰਨੀ ਹੀ ਸੀ। ਗਾਇਕੀ ਕਿੱਤੇ ਦੀ ਤੜਕ-ਭੜਕ ਤੋਂ ਨਿਰਲੇਪ ਰਹਿ ਕੇ ਉਸ ਸੋਹਣਾ ਗਾਇਆ ਤੇ ਨਿਭਾਇਆ।
ਬੀਬੀ ਨੂਰਾਂ ਨਾਲ ਸ ਸ ਮੀਸ਼ਾ, ਕੁਲਦੀਪ ਤੱਖਰ ਤੇ ਮੇਰੇ ਵੱਲੋਂ ਕੀਤੀਆਂ ਗੱਲਾਂ ਦੀ ਰਿਕਾਰਡਿੰਗ ਨਿੰਦਰ ਘੁਗਿਆਣਵੀ ਨੇ ਦੇਸ਼-ਵਿਦੇਸ਼ ਤੱਕ ਪਹੁੰਚਾਈ। ਬੀਬੀ ਨੂਰਾਂ ਬਾਰੇ ਦੇਸੀ ਰੇਡੀਓ ਯੂ ਕੇ ਲਈ ਉਸ ਆਵਾਜ਼ ਫ਼ੀਚਰ ਬਣਾਇਆ। ਮੈਂ ਵੀ ਬੀਬੀ ਨੂਰਾਂ ਬਾਰੇ ਇੱਕ ਫ਼ੀਚਰ ਰਿਕਾਰਡ ਕਰਕੇ ਯੂ ਟਿਊਬ ਤੇ ਦਿਲਬਾਗ ਹੁੰਦਲ ਦੇ ਚੈਨਲ ਬਾਵਾ ਰੇਡੀਓ ਰਾਹੀਂ ਪਾਇਆ ਹੋਇਆ ਹੈ। ਬੀਬੀ ਨੂਰਾਂ ਦੇ ਪੁੱਤਰ ਮਾਲਟਾ ਉੁਰਫ ਮਾਟਾ ਦਾ ਨਿਵਾਸ ਹੁਣ ਨਵਾਂ ਸ਼ਹਿਰ ਵਿਖੇ ਹੈ। ਉਹ ਆਪ ਵੀ ਨਿਆਜ਼ ਅਲੀ ਨਾਮ ਹੇਠ ਗਾਉਂਦਾ ਹੈ ਤੇ ਅੱਗੇ ਉਸ ਦੇ ਪੁੱਤਰ ਵੀ ਗਾਉਂਦੇ ਵਜਾਉਂਦੇ ਹਨ।
ਅੱਜ ਬੀਬੀ ਨੂਰਾਂ ਚੇਤੇ ਆਈ ਤਾਂ ਮਨ ਭਰ ਆਇਆ। ਸਿਰਫ਼ ਪੰਜ ਛੇ ਮੁਲਾਕਾਤਾਂ ਚ ਉਮਰ ਭਰ ਦਾ ਰਿਸ਼ਤਾ ਬਣਾ ਗਈ ਹਨ।



Leave a Comment