ਸਿੱਖ ਇਤਿਹਾਸ ਅਣਗਿਣਤ ਕੁਰਬਾਨੀਆਂ, ਸੰਘਰਸ਼ਾਂ ਅਤੇ ਨਿਸ਼ਕਾਮ ਸੇਵਾ ਦੀਆਂ ਅਦੁੱਤੀ ਮਿਸਾਲਾਂ ਨਾਲ ਭਰਿਆ ਹੋਇਆ ਹੈ। ਵੀਹਵੀਂ ਸਦੀ ਦੇ ਸ਼ੁਰੂਆਤੀ ਦੌਰ ਵਿੱਚ ਜਦੋਂ ਸਿੱਖ ਕੌਮ ਆਪਣੇ ਇਤਿਹਾਸਕ ਗੁਰਧਾਮਾਂ ਨੂੰ ਮਹੰਤਾਂ ਅਤੇ ਅੰਗਰੇਜ਼ੀ ਹਕੂਮਤ ਦੇ ਚੁੰਗਲ ਵਿੱਚੋਂ ਮੁਕਤ ਕਰਵਾਉਣ ਲਈ ‘ਗੁਰਦੁਆਰਾ ਸੁਧਾਰ ਲਹਿਰ’ (ਅਕਾਲੀ ਲਹਿਰ) ਲੜ ਰਹੀ ਸੀ, ਤਾਂ ਉਸ ਸਮੇਂ ਕੌਮੀ ਫ਼ਰਜ਼ਾਂ ਨੂੰ ਆਪਣੀ ਆਖਰੀ ਸਾਹ ਤੱਕ ਸਿਦਕਦਿਲੀ ਨਾਲ ਨਿਭਾਉਣ ਵਾਲੇ ਆਗੂਆਂ ਵਿੱਚ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਨਾਂ ਸਭ ਤੋਂ ਮੋਹਰੀ ਕਤਾਰ ਵਿੱਚ ਆਉਂਦਾ ਹੈ। ਸਾਲ 2026 ਇਸ ਮਹਾਨ ਪੰਥਕ ਜਰਨੈਲ ਦੇ ਅਕਾਲ ਚਲਾਣੇ (ਸ਼ਹੀਦੀ) ਦੀ 100ਵੀਂ ਸਾਲਾ ਸ਼ਤਾਬਦੀ (17 ਜੁਲਾਈ 1926 – 17 ਜੁਲਾਈ 2026) ਵਜੋਂ ਮਨਾਇਆ ਜਾ ਰਿਹਾ ਹੈ। ਇਹ ਅਵਸਰ ਸਾਨੂੰ ਉਨ੍ਹਾਂ ਦੀ ਬੇਮਿਸਾਲ ਘਾਲਣਾ, ਉੱਚੇ-ਸੁੱਚੇ ਜੀਵਨ ਅਤੇ ਪੰਥ ਲਈ ਦਿੱਤੀ ਗਈ ਮਹਾਨ ਕੁਰਬਾਨੀ ਨੂੰ ਯਾਦ ਕਰਨ ਅਤੇ ਉਨ੍ਹਾਂ ਦੇ ਪਾਏ ਪੂਰਨਿਆਂ ‘ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ।

ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਜਨਮ 20 ਫਰਵਰੀ 1882 ਨੂੰ ਪਿਤਾ ਰਸਾਲਦਾਰ ਮੇਜਰ ਦੇਵਾ ਸਿੰਘ ਅਤੇ ਮਾਤਾ ਨੰਦ ਕੌਰ ਦੇ ਗ੍ਰਹਿ ਵਿਖੇ, ਉਸ ਸਮੇਂ ਦੇ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਤਰਨਤਾਰਨ ਦੇ ਪਿੰਡ ਰਾਇ ਕਾ ਬੁਰਜ ਵਿੱਚ ਹੋਇਆ। ਉਨ੍ਹਾਂ ਦਾ ਪਰਿਵਾਰ ਇੱਕ ਉੱਘਾ ਫ਼ੌਜੀ ਅਤੇ ਰਸੂਖਦਾਰ ਪਰਿਵਾਰ ਸੀ, ਜਿਸ ਕਾਰਨ ਦੇਸ਼-ਭਗਤੀ ਅਤੇ ਅਨੁਸ਼ਾਸਨ ਉਨ੍ਹਾਂ ਨੂੰ ਵਿਰਸੇ ਵਿੱਚ ਹੀ ਮਿਲਿਆ। ਤੇਜਾ ਸਿੰਘ ਸਮੁੰਦਰੀ ਬਚਪਨ ਤੋਂ ਹੀ ਬੇਹੱਦ ਸੰਜੀਦਾ, ਸ਼ਾਂਤ ਅਤੇ ਧਾਰਮਿਕ ਬਿਰਤੀ ਵਾਲੇ ਸਨ। ਉਨ੍ਹਾਂ ਦੇ ਹਿਰਦੇ ਵਿੱਚ ਸਿੱਖ ਇਤਿਹਾਸ ਅਤੇ ਗੁਰਬਾਣੀ ਪ੍ਰਤੀ ਅਥਾਹ ਸ਼ਰਧਾ ਸੀ। ਪਰਿਵਾਰ ਵਿੱਚ ਅਕਸਰ ਉਨ੍ਹਾਂ ਦੀ ਇਸ ਧਾਰਮਿਕ ਲਗਨ ਅਤੇ ਨਿਮਰਤਾ ਦੀ ਚਰਚਾ ਹੁੰਦੀ ਰਹਿੰਦੀ ਸੀ।
ਤੇਜਾ ਸਿੰਘ ਨਾਲ ਸਮੁੰਦਰੀ ਕਿੱਦਾਂ ਜੁੜਿਆ?

ਜਦੋਂ ਅੰਗਰੇਜ਼ ਹਕੂਮਤ ਵੱਲੋਂ ਪੱਛਮੀ ਪੰਜਾਬ (ਹੁਣ ਪਾਕਿਸਤਾਨ) ਦੀਆਂ ਬਾਰਾਂ (ਨਹਿਰੀ ਜ਼ਮੀਨਾਂ) ਨੂੰ ਵਸਾਇਆ ਜਾ ਰਿਹਾ ਸੀ, ਤਾਂ ਤੇਜਾ ਸਿੰਘ ਜੀ ਦੇ ਪਿਤਾ ਰਸਾਲਦਾਰ ਮੇਜਰ ਦੇਵਾ ਸਿੰਘ ਦੀਆਂ ਫ਼ੌਜੀ ਸੇਵਾਵਾਂ ਬਦਲੇ ਉਨ੍ਹਾਂ ਨੂੰ ਜ਼ਿਲ੍ਹਾ ਲਾਇਲਪੁਰ ਦੀ ਤਹਿਸੀਲ ਸਮੁੰਦਰੀ ਦੇ ਚੱਕ ਨੰਬਰ 140 (ਗੋਗੇਰਾ ਬ੍ਰਾਂਚ) ਵਿੱਚ ਮੁਰੱਬੇ (ਜ਼ਮੀਨ) ਅਲਾਟ ਹੋਏ। ਇਸ ਕਾਰਨ ਸਮੁੱਚਾ ਪਰਿਵਾਰ ਉੱਥੇ ਜਾ ਕੇ ਵਸ ਗਿਆ। ਇਸੇ ਇਲਾਕੇ ਦੇ ਨਾਂ ਨਾਲ ਉਨ੍ਹਾਂ ਦੇ ਨਾਂ ਪਿੱਛੇ ‘ਸਮੁੰਦਰੀ’ ਸ਼ਬਦ ਹਮੇਸ਼ਾ ਲਈ ਜੁੜ ਗਿਆ। ਤੇਜਾ ਸਿੰਘ ਸਮੁੰਦਰੀ ਨੇ ਆਪਣੀ ਮੁਢਲੀ ਪੜ੍ਹਾਈ ਪ੍ਰਾਇਮਰੀ ਪੱਧਰ ਤੱਕ ਹੀ ਹਾਸਲ ਕੀਤੀ, ਪਰ ਸਵੈ-ਅਧਿਐਨ ਰਾਹੀਂ ਉਨ੍ਹਾਂ ਨੇ ਧਾਰਮਿਕ ਗ੍ਰੰਥਾਂ, ਇਤਿਹਾਸ ਅਤੇ ਸਮਾਜਿਕ ਮੁੱਦਿਆਂ ‘ਤੇ ਡੂੰਘੀ ਪਕੜ ਬਣਾ ਲਈ। ਜਵਾਨੀ ਦੀ ਦਹਿਲੀਜ਼ ‘ਤੇ ਪੈਰ ਰੱਖਦਿਆਂ ਉਨ੍ਹਾਂ ਨੇ ਫ਼ੌਜ ਵਿੱਚ ਦਫ਼ੇਦਾਰ (ਕੈਵਲਰੀ ਵਿੱਚ ਇੱਕ ਗੈਰ-ਕਮਿਸ਼ਨਡ ਅਫ਼ਸਰ) ਵਜੋਂ ਨੌਕਰੀ ਸ਼ੁਰੂ ਕੀਤੀ। ਪਰ ਇੱਕ ਸੁਤੰਤਰ ਸੋਚ ਅਤੇ ਕੌਮੀ ਦਰਦ ਰੱਖਣ ਵਾਲੀ ਰੂਹ ਲੰਮਾ ਸਮਾਂ ਅੰਗਰੇਜ਼ਾਂ ਦੀ ਚਾਕਰੀ ਵਿੱਚ ਨਹੀਂ ਰਹਿ ਸਕਦੀ ਸੀ। ਮਹਿਜ਼ 3-4 ਸਾਲਾਂ ਦੀ ਨੌਕਰੀ ਤੋਂ ਬਾਅਦ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਅਤੇ ਵਾਪਸ ਆਪਣੇ ਪਿੰਡ ਆ ਕੇ ਸਮਾਜਿਕ ਅਤੇ ਕੌਮੀ ਸੇਵਾ ਦੇ ਲੇਖੇ ਲੱਗ ਗਏ।
ਸਮਾਜਿਕ-ਵਿੱਦਿਅਕ ਸੁਧਾਰਾਂ ਦੇ ਮੋਹਰੀ ਅਤੇ ਚੀਫ਼ ਖ਼ਾਲਸਾ ਦੀਵਾਨ ਨਾਲ ਸਾਂਝ

ਨੌਕਰੀ ਛੱਡਣ ਤੋਂ ਬਾਅਦ ਸਰਦਾਰ ਤੇਜਾ ਸਿੰਘ ਨੇ ਦੇਖਿਆ ਕਿ ਤਤਕਾਲੀ ਸਿੱਖ ਸਮਾਜ ਅਨਪੜ੍ਹਤਾ, ਵਹਿਮਾਂ-ਭਰਮਾਂ ਅਤੇ ਸਮਾਜਿਕ ਬੁਰਾਈਆਂ ਦਾ ਸ਼ਿਕਾਰ ਸੀ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਜਦੋਂ ਤੱਕ ਕੌਮ ਵਿੱਦਿਅਕ ਤੌਰ ‘ਤੇ ਮਜ਼ਬੂਤ ਨਹੀਂ ਹੁੰਦੀ, ਉਦੋਂ ਤੱਕ ਉਹ ਆਪਣੀ ਆਜ਼ਾਦੀ ਅਤੇ ਹੱਕਾਂ ਦੀ ਰਾਖੀ ਨਹੀਂ ਕਰ ਸਕਦੀ।
ਉਨ੍ਹਾਂ ਨੇ ਜਵਾਨੀ ਦੇ ਦਿਨਾਂ ਵਿੱਚ ਹੀ ਸਿੱਖਾਂ ਦੀ ਤਤਕਾਲੀਨ ਪ੍ਰਮੁੱਖ ਜਥੇਬੰਦੀ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਵਜੋਂ ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਦੀਵਾਨ ਦੀ ਸੋਚ ਕੌਮ ਵਿੱਚੋਂ ਅਨਪੜ੍ਹਤਾ ਅਤੇ ਗ਼ਰੀਬੀ ਨੂੰ ਦੂਰ ਕਰਨਾ ਨੇ ਉਨ੍ਹਾਂ ਦੇ ਹਿਰਦੇ ‘ਤੇ ਡੂੰਘਾ ਪ੍ਰਭਾਵ ਪਾਇਆ।
ਕੌਮ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢਣ ਲਈ ਉਨ੍ਹਾਂ ਨੇ ਹੇਠ ਲਿਖੇ ਵੱਡੇ ਕਦਮ ਚੁੱਕੇ; ਉਨ੍ਹਾਂ ਨੇ ਆਪਣੇ ਇਲਾਕੇ ਸਮੁੰਦਰੀ ਵਿਖੇ ਸਭ ਤੋਂ ਪਹਿਲਾਂ ‘ਖ਼ਾਲਸਾ ਦੀਵਾਨ’ ਦੀ ਸਥਾਪਨਾ ਕੀਤੀ। ਇਲਾਕੇ ਦੀਆਂ ਹੋਰ ਕਈ ਛੋਟੀਆਂ-ਛੋਟੀਆਂ ਸਿੱਖ ਸਭਾਵਾਂ ਨੂੰ ਇੱਕ ਮੰਚ ‘ਤੇ ਇਕੱਠਾ ਕਰਕੇ ਉਨ੍ਹਾਂ ਨੇ ‘ਖ਼ਾਲਸਾ ਦੀਵਾਨ ਬਾਰ’ ਦਾ ਗਠਨ ਕੀਤਾ, ਜਿਸ ਨੇ ਲਾਇਲਪੁਰ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਜਾਗ੍ਰਿਤੀ ਦੀ ਨਵੀਂ ਲਹਿਰ ਪੈਦਾ ਕੀਤੀ। ਵਿੱਦਿਆ ਦੇ ਪਸਾਰ ਲਈ ਉਨ੍ਹਾਂ ਨੇ ਆਪਣੇ ਪਿੰਡ ਵਿੱਚ ਖ਼ਾਲਸਾ ਮਿਡਲ ਸਕੂਲ (ਜੋ ਬਾਅਦ ਵਿੱਚ ਹਾਈ ਸਕੂਲ ਬਣਿਆ) ਅਤੇ ਸਰਹਾਲੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਹਾਈ ਸਕੂਲ ਦੀ ਸਥਾਪਨਾ ਕਰਵਾਈ। ਇਨ੍ਹਾਂ ਸਕੂਲਾਂ ਨੇ ਹਜ਼ਾਰਾਂ ਨੌਜਵਾਨਾਂ ਦਾ ਜੀਵਨ ਬਦਲ ਦਿੱਤਾ।
ਵੀਹਵੀਂ ਸਦੀ ਦੇ ਦੂਜੇ ਦਹਾਕੇ ਦੇ ਅਖੀਰ ਵਿੱਚ ਸਿੱਖ ਸਿਆਸਤ ਨੇ ਇੱਕ ਨਵਾਂ ਮੋੜ ਲਿਆ। ਗੁਰਦੁਆਰਿਆਂ ਨੂੰ ਮਹੰਤਾਂ ਤੋਂ ਮੁਕਤ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ। ਤੇਜਾ ਸਿੰਘ ਸਮੁੰਦਰੀ ਇਨ੍ਹਾਂ ਦੋਵਾਂ ਜਥੇਬੰਦੀਆਂ ਦੇ ਮੁਢਲੇ ਥੰਮ੍ਹ ਸਨ। 20 ਫਰਵਰੀ 1921 ਨੂੰ ਵਾਪਰੇ ਸ੍ਰੀ ਨਨਕਾਣਾ ਸਾਹਿਬ ਦੇ ਖ਼ੂਨੀ ਸਾਕੇ ਨੇ ਸਮੁੱਚੇ ਸਿੱਖ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਸਾਕੇ ਤੋਂ ਬਾਅਦ ਜਦੋਂ ਗੁਰੂ ਨਾਨਕ ਦੇਵ ਜੀ ਦੇ ਇਸ ਪਵਿੱਤਰ ਆਗਮਨ ਅਸਥਾਨ ਦਾ ਪ੍ਰਬੰਧ ਸੰਭਾਲਣ ਲਈ ਕਮੇਟੀ ਬਣਾਈ ਗਈ, ਤਾਂ ਸਰਦਾਰ ਤੇਜਾ ਸਿੰਘ ਸਮੁੰਦਰੀ ਦੀਆਂ ਪ੍ਰਬੰਧਕੀ ਯੋਗਤਾਵਾਂ, ਇਮਾਨਦਾਰੀ ਅਤੇ ਸਿਦਕ ਨੂੰ ਦੇਖਦਿਆਂ ਉਨ੍ਹਾਂ ਨੂੰ ਇਸ ਕਮੇਟੀ ਦਾ ਅਹਿਮ ਮੈਂਬਰ ਨਿਯੁਕਤ ਕੀਤਾ ਗਿਆ। ਉਹ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਵੀ ਰਹੇ ਅਤੇ ਹਰ ਕਾਰਜ ਨੂੰ ਬੇਹੱਦ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ।
‘ਅਕਾਲੀ ਪੱਤ੍ਰਿਕਾ’ ਅਖ਼ਬਾਰ ਦੀ ਸ਼ੁਰੂਆਤ

ਉਸ ਸਮੇਂ ਸਿੱਖਾਂ ਕੋਲ ਆਪਣੀ ਆਵਾਜ਼ ਬੁਲੰਦ ਕਰਨ ਲਈ ਕੋਈ ਮਜ਼ਬੂਤ ਮੀਡੀਆ ਸਾਧਨ ਨਹੀਂ ਸੀ। ਜਦੋਂ ਸਿੱਖਾਂ ਵਿੱਚ ਧਰਮ ਦੇ ਪ੍ਰਚਾਰ-ਪ੍ਰਸਾਰ ਅਤੇ ਸਿਆਸੀ ਜਾਗ੍ਰਿਤੀ ਲਈ ਇੱਕ ਰੋਜ਼ਾਨਾ ਅਖ਼ਬਾਰ ਸ਼ੁਰੂ ਕਰਨ ਦਾ ਵਿਚਾਰ ਚੱਲ ਰਿਹਾ ਸੀ, ਤਾਂ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਮੋਹਰੀ ਭੂਮਿਕਾ ਨਿਭਾਈ। ਉਨ੍ਹਾਂ ਨੇ ਨਵੀਂ ਬਣੀ ਸਿਆਸੀ ਪਾਰਟੀ ‘ਸ਼੍ਰੋਮਣੀ ਅਕਾਲੀ ਦਲ’ ਦੇ ਸਹਿਯੋਗ ਨਾਲ ਰੋਜ਼ਾਨਾ ‘ਅਕਾਲੀ ਪੱਤ੍ਰਿਕਾ’ (ਜਿਸ ਨੂੰ ਪਹਿਲਾਂ ‘ਅਕਾਲੀ’ ਕਿਹਾ ਜਾਂਦਾ ਸੀ) ਦੀ ਪ੍ਰਕਾਸ਼ਨਾ ਸ਼ੁਰੂ ਕਰਵਾਈ। ਇਸ ਅਖ਼ਬਾਰ ਨੂੰ ਚਲਾਉਣ ਲਈ ਉਨ੍ਹਾਂ ਨੇ ਆਪਣੇ ਕੋਲੋਂ ਖੁੱਲ੍ਹੇ ਦਿਲ ਨਾਲ ਵੱਡੀ ਮਾਇਕ ਸਹਾਇਤਾ ਦਿੱਤੀ, ਜਿਸ ਨਾਲ ਪੰਥਕ ਪ੍ਰਚਾਰ ਨੂੰ ਬਹੁਤ ਬਲ ਮਿਲਿਆ। ਦੱਸਦੇ ਚੱਲੀਏ ਕਿ, ਸਰਦਾਰ ਤੇਜਾ ਸਿੰਘ ਸਮੁੰਦਰੀ ਕੇਵਲ ਇੱਕ ਚੰਗੇ ਪ੍ਰਬੰਧਕ ਹੀ ਨਹੀਂ, ਸਗੋਂ ਮੈਦਾਨ-ਏ-ਜੰਗ ਦੇ ਨਿਡਰ ਜਰਨੈਲ ਵੀ ਸਨ। ਉਨ੍ਹਾਂ ਨੇ ਗੁਰਦੁਆਰਾ ਸੁਧਾਰ ਲਹਿਰ ਦੇ ਹਰ ਵੱਡੇ ਮੋਰਚੇ ਵਿੱਚ ਮੋਹਰੀ ਹੋ ਕੇ ਗ੍ਰਿਫ਼ਤਾਰੀਆਂ ਦਿੱਤੀਆਂ।
ਜਾਣਕਾਰੀ ਮੁਤਾਬਿਕ, ਜਦੋਂ ਅੰਗਰੇਜ਼ ਸਰਕਾਰ ਨੇ ਨਵੀਂ ਦਿੱਲੀ ਦੀ ਉਸਾਰੀ ਵੇਲੇ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਢਾਹ ਦਿੱਤੀ, ਤਾਂ ਸਿੱਖਾਂ ਵਿੱਚ ਭਾਰੀ ਰੋਸ ਫੈਲ ਗਿਆ। ਇਸ ਮੋਰਚੇ ਵਿੱਚ ਤੇਜਾ ਸਿੰਘ ਸਮੁੰਦਰੀ ਨੇ ਅੱਗੇ ਹੋ ਕੇ ਕੰਮ ਕੀਤਾ। ਜਦੋਂ ਸ਼ਹੀਦੀ ਜਥੇ ਤਿਆਰ ਕੀਤੇ ਜਾ ਰਹੇ ਸਨ, ਤਾਂ ਉਨ੍ਹਾਂ ਨੇ 100 ਸਿੰਘਾਂ ਦੇ ਵੱਡੇ ਜਥੇ ਦੀ ਅਗਵਾਈ ਕਰਨ ਲਈ ਆਪਣਾ ਨਾਮ ਸਭ ਤੋਂ ਪਹਿਲਾਂ ਪੇਸ਼ ਕੀਤਾ। ਉਨ੍ਹਾਂ ਦੇ ਇਸ ਦ੍ਰਿੜ ਇਰਾਦੇ ਅੱਗੇ ਅੰਗਰੇਜ਼ ਸਰਕਾਰ ਨੂੰ ਝੁਕਣਾ ਪਿਆ।
ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਤੋਸ਼ਾਖ਼ਾਨੇ ਦੀਆਂ ਚਾਬੀਆਂ ਜਦੋਂ ਅੰਗਰੇਜ਼ ਹਕੂਮਤ ਨੇ ਆਪਣੇ ਕਬਜ਼ੇ ਵਿੱਚ ਲੈ ਲਈਆਂ, ਤਾਂ ‘ਚਾਬੀਆਂ ਦਾ ਮੋਰਚਾ’ ਸ਼ੁਰੂ ਹੋਇਆ। ਇਸ ਮੋਰਚੇ ਵਿੱਚ ਤੇਜਾ ਸਿੰਘ ਸਮੁੰਦਰੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਅੰਤ ਵਿੱਚ ਸਿੱਖਾਂ ਦੀ ਜਿੱਤ ਹੋਈ ਅਤੇ ਮਹਾਤਮਾ ਗਾਂਧੀ ਨੇ ਇਸ ਨੂੰ “ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਦੀ ਜਿੱਤ” ਵਜੋਂ ਸਵੀਕਾਰ ਕੀਤਾ।

ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਅੰਗਰੇਜ਼ਾਂ ਵੱਲੋਂ ਗੱਦੀ ਤੋਂ ਲਾਹੇ ਜਾਣ ਦੇ ਵਿਰੋਧ ਵਿੱਚ ‘ਜੈਤੋ ਦਾ ਮੋਰਚਾ’ ਲਗਾਇਆ ਗਿਆ। ਇਸ ਸੰਘਰਸ਼ ਦੌਰਾਨ ਅੰਗਰੇਜ਼ ਹਕੂਮਤ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਗ਼ੈਰ-ਕਾਨੂੰਨੀ ਜਥੇਬੰਦੀਆਂ ਕਰਾਰ ਦੇ ਦਿੱਤਾ। ਤੇਜਾ ਸਿੰਘ ਸਮੁੰਦਰੀ ਨੂੰ 13 ਅਕਤੂਬਰ 1923 ਨੂੰ ਹੋਰ ਪ੍ਰਮੁੱਖ ਅਕਾਲੀ ਆਗੂਆਂ ਸਮੇਤ ਗ੍ਰਿਫਤਾਰ ਕਰਕੇ ਲਾਹੌਰ ਦੇ ਕਿਲ੍ਹੇ ਵਿੱਚ ਬੰਦ ਕਰ ਦਿੱਤਾ ਗਿਆ।
ਦੱਸਣਾ ਬਣਦਾ ਹੈ ਕਿ ਜਦੋਂ ਸਾਲ 1925 ਵਿੱਚ ਅੰਗਰੇਜ਼ ਸਰਕਾਰ ਨੇ ਲਗਾਤਾਰ ਚੱਲ ਰਹੇ ਅਕਾਲੀ ਮੋਰਚਿਆਂ ਤੋਂ ਤੰਗ ਆ ਕੇ ਸਿੱਖ ਗੁਰਦੁਆਰਾ ਐਕਟ ਪਾਸ ਕੀਤਾ, ਤਾਂ ਇਸ ਐਕਟ ਦੇ ਤਹਿਤ ਜੇਲ੍ਹਾਂ ਵਿੱਚ ਬੰਦ ਸਿੱਖ ਆਗੂਆਂ ਦੀ ਰਿਹਾਈ ਲਈ ਕੁਝ ਸ਼ਰਤਾਂ ਰੱਖੀਆਂ ਗਈਆਂ। ਇਸ ਮੌਕੇ ਸਿੱਖ ਆਗੂ ਦੋ ਧੜਿਆਂ ਵਿੱਚ ਵੰਡੇ ਗਏ। ਨਰਮ ਧੜਾ, ਜੋ ਐਕਟ ਨੂੰ ਸਵੀਕਾਰ ਕਰਕੇ ਅਤੇ ਸ਼ਰਤਾਂ ਮੰਨ ਕੇ ਜੇਲ੍ਹ ਵਿੱਚੋਂ ਬਾਹਰ ਆਉਣ ਲਈ ਤਿਆਰ ਸੀ। ਗਰਮ/ਸਿਧਾਂਤਕ ਧੜਾ, ਜਿਨ੍ਹਾਂ ਦਾ ਮੰਨਣਾ ਸੀ ਕਿ ਅੰਗਰੇਜ਼ ਸਰਕਾਰ ਦੀਆਂ ਸ਼ਰਤਾਂ ਅੱਗੇ ਝੁਕਣਾ ਕੌਮੀ ਸਵੈ-ਮਾਣ ਦੇ ਖ਼ਿਲਾਫ਼ ਹੈ। ਉਨ੍ਹਾਂ ਦਾ ਇਹ ਵੀ ਤਰਕ ਸੀ ਕਿ ਇਸ ਐਕਟ ਦੇ ਬਣਨ ਨਾਲ ਗੁਰਦੁਆਰਾ ਪ੍ਰਬੰਧਾਂ ਵਿੱਚ ਹਮੇਸ਼ਾ ਹਕੂਮਤਾਂ ਦੀ ਦਖ਼ਲਅੰਦਾਜ਼ੀ ਬਣੀ ਰਹੇਗੀ, ਜਦਕਿ ਸਿੱਖ ਧਰਮ ਦੇ ਪ੍ਰਬੰਧ ਨੂੰ ਪੂਰੀ ਤਰ੍ਹਾਂ ਆਜ਼ਾਦ ਹੋਣਾ ਚਾਹੀਦਾ ਹੈ। ਤੇਜਾ ਸਿੰਘ ਸਮੁੰਦਰੀ ਦਾ ਕਹਿਣਾ ਸੀ ਕਿ “ਸੰਸਾਰ ਦੇ ਦੂਜੇ ਧਰਮਾਂ ਦੇ ਮਾਮਲਿਆਂ ਵਿੱਚ ਹਕੂਮਤਾਂ ਕਦੇ ਦਖ਼ਲ ਨਹੀਂ ਦਿੰਦੀਆਂ। ਸਿੱਖ ਗੁਰਧਾਮਾਂ ਦਾ ਪ੍ਰਬੰਧ ਵੀ ਪੂਰੀ ਤਰ੍ਹਾਂ ਆਜ਼ਾਦ ਹਸਤੀ ਵਾਲੇ ਪ੍ਰਬੰਧਕਾਂ ਕੋਲ ਹੋਣਾ ਚਾਹੀਦਾ ਹੈ, ਨਾ ਕਿ ਸਰਕਾਰੀ ਸ਼ਰਤਾਂ ਦੇ ਅਧੀਨ।” ਤੇਜਾ ਸਿੰਘ ਸਮੁੰਦਰੀ ਇਸ ਦੂਜੇ (ਸਿਧਾਂਤਕ) ਧੜੇ ਦੇ ਪ੍ਰਮੁੱਖ ਆਗੂ ਸਨ। ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਕਿਸੇ ਵੀ ਅਜਿਹੀ ਸ਼ਰਤ ‘ਤੇ ਰਿਹਾਅ ਨਹੀਂ ਹੋਣਗੇ ਜੋ ਪੰਥ ਦੇ ਆਜ਼ਾਦ ਵਜੂਦ ਨੂੰ ਢਾਹ ਲਾਉਂਦੀ ਹੋਵੇ। ਨਤੀਜੇ ਵਜੋਂ, ਉਨ੍ਹਾਂ ਨੇ ਜੇਲ੍ਹ ਵਿੱਚ ਹੀ ਰਹਿਣਾ ਬਿਹਤਰ ਸਮਝਿਆ।

ਲਾਹੌਰ ਦੀ ਸੈਂਟਰਲ ਜੇਲ੍ਹ ਅਤੇ ਲਾਹੌਰ ਕਿਲ੍ਹੇ ਦੀਆਂ ਤੰਗ, ਨਮ ਅਤੇ ਅਣਮਨੁੱਖੀ ਹਾਲਾਤਾਂ ਵਿੱਚ ਲਗਭਗ ਤਿੰਨ ਸਾਲ ਬੰਦ ਰਹਿਣ ਕਾਰਨ ਸਰਦਾਰ ਤੇਜਾ ਸਿੰਘ ਸਮੁੰਦਰੀ ਦੀ ਸਿਹਤ ਬਹੁਤ ਖ਼ਰਾਬ ਹੋ ਗਈ ਸੀ। ਜੇਲ੍ਹ ਪ੍ਰਸ਼ਾਸਨ ਦੇ ਮਾੜੇ ਵਤੀਰੇ ਅਤੇ ਸਰੀਰਕ ਕਸ਼ਟਾਂ ਦੇ ਬਾਵਜੂਦ ਉਨ੍ਹਾਂ ਦਾ ਆਤਮਿਕ ਬਲ ਅਡੋਲ ਰਿਹਾ। ਅੰਤ, 17 ਜੁਲਾਈ 1926 ਨੂੰ ਮਹਿਜ਼ 44 ਸਾਲ ਦੀ ਭਰ ਜਵਾਨੀ ਦੀ ਉਮਰ ਵਿੱਚ ਜੇਲ੍ਹ ਅੰਦਰ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਉਨ੍ਹਾਂ ਦੀ ਇਸ ਸ਼ਹੀਦੀ ਨੇ ਸਮੁੱਚੇ ਪੰਥ ਨੂੰ ਵਲੂੰਧਰ ਕੇ ਰੱਖ ਦਿੱਤਾ ਅਤੇ ਉਹ ਅਕਾਲੀ ਲਹਿਰ ਦੇ ਮਹਾਨ ਸ਼ਹੀਦ ਵਜੋਂ ਅਮਰ ਹੋ ਗਏ।
ਸਰਦਾਰ ਤੇਜਾ ਸਿੰਘ ਸਮੁੰਦਰੀ ਦੀ ਨਿਸ਼ਕਾਮ ਸੇਵਾ, ਸਾਦਗੀ, ਸਿਦਕਦਿਲੀ ਅਤੇ ਕੁਰਬਾਨੀ ਨੂੰ ਸਿੱਖ ਜਗਤ ਅੱਜ ਵੀ ਅਥਾਹ ਸਤਿਕਾਰ ਨਾਲ ਯਾਦ ਕਰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸ੍ਰੀ ਅੰਮ੍ਰਿਤਸਰ ਸਥਿਤ ਮੁੱਖ ਦਫ਼ਤਰ (ਸਕੱਤਰੇਤ) ਦੀ ਇਮਾਰਤ ਦਾ ਨਾਮ ਉਨ੍ਹਾਂ ਦੇ ਸਤਿਕਾਰ ਵਿੱਚ ‘ਤੇਜਾ ਸਿੰਘ ਸਮੁੰਦਰੀ ਹਾਲ’ ਰੱਖਿਆ ਗਿਆ ਹੈ। ਇਹ ਹਾਲ ਅੱਜ ਵੀ ਸਿੱਖ ਪੰਥ ਦੇ ਸਾਰੇ ਅਹਿਮ ਫੈਸਲਿਆਂ ਅਤੇ ਜਨਰਲ ਇਜਲਾਸਾਂ ਦਾ ਗਵਾਹ ਹੈ। ਤੇਜਾ ਸਿੰਘ ਸਮੁੰਦਰੀ ਜੀ ਦੇ ਸੰਸਕਾਰ ਉਨ੍ਹਾਂ ਦੇ ਬੱਚਿਆਂ ਵਿੱਚ ਵੀ ਸਾਫ਼ ਦਿਖਾਈ ਦਿੱਤੇ। ਸਾਲ 1969 ਵਿੱਚ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਆਗਮਨ ਪੁਰਬ ਮੌਕੇ ਜਦੋਂ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਦੀ ਸਥਾਪਨਾ ਕੀਤੀ ਗਈ, ਤਾਂ ਉਨ੍ਹਾਂ ਦੇ ਯੋਗ ਸਪੁੱਤਰ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਨੂੰ ਇਸ ਵੱਕਾਰੀ ਯੂਨੀਵਰਸਿਟੀ ਦੇ ਪਹਿਲੇ ਵਾਈਸ ਚਾਂਸਲਰ ਬਣਨ ਦਾ ਮਾਣ ਹਾਸਲ ਹੋਇਆ। ਉਨ੍ਹਾਂ ਨੇ ਆਪਣੇ ਪਿਤਾ ਵਾਂਗ ਹੀ ਵਿੱਦਿਆ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ।

ਅੱਜ ਜਦੋਂ ਅਸੀਂ ਸਾਲ 2026 ਵਿੱਚ ਸਰਦਾਰ ਤੇਜਾ ਸਿੰਘ ਸਮੁੰਦਰੀ ਜੀ ਦੇ ਅਕਾਲ ਚਲਾਣੇ ਦੀ 100ਵੀਂ ਸ਼ਹੀਦੀ ਸ਼ਤਾਬਦੀ ਮਨਾ ਰਹੇ ਹਾਂ, ਤਾਂ ਸਾਨੂੰ ਉਨ੍ਹਾਂ ਦੇ ਜੀਵਨ ਤੋਂ ਵੱਡੀ ਪ੍ਰੇਰਨਾ ਲੈਣ ਦੀ ਲੋੜ ਹੈ। ਅੱਜ ਸਿੱਖ ਕੌਮ ਅਤੇ ਸਮਾਜ ਜਿਨ੍ਹਾਂ ਚੁਣੌਤੀਆਂ ਵਿੱਦਿਆ ਦੀ ਕਮੀ, ਨਸ਼ਿਆਂ ਦਾ ਪਸਾਰ, ਅਤੇ ਆਪਣੀਆਂ ਸੰਸਥਾਵਾਂ ਵਿੱਚ ਆਪਸੀ ਖਹਿਬਾਜ਼ੀ ਦਾ ਸਾਹਮਣਾ ਕਰ ਰਿਹਾ ਹੈ, ਉਨ੍ਹਾਂ ਦਾ ਹੱਲ ਸਰਦਾਰ ਤੇਜਾ ਸਿੰਘ ਜੀ ਵਰਗੀ ਨਿਸ਼ਕਾਮ, ਸਿਦਕੀ ਅਤੇ ਸਵਾਰਥ-ਰਹਿਤ ਸੋਚ ਅਪਣਾਉਣ ਵਿੱਚ ਹੀ ਹੈ।
ਉਨ੍ਹਾਂ ਨੇ ਸਾਨੂੰ ਸਿਖਾਇਆ ਕਿ, ਜਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਸਕੂਲ ਖੋਲ੍ਹੇ, ਸਾਨੂੰ ਅੱਜ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉੱਚ ਵਿੱਦਿਆ ਪ੍ਰਦਾਨ ਕਰਨੀ ਚਾਹੀਦੀ ਹੈ। ਸਿਆਸੀ ਫਾਇਦਿਆਂ ਲਈ ਆਪਣੇ ਧਾਰਮਿਕ ਅਤੇ ਨੈਤਿਕ ਅਸੂਲਾਂ ਨੂੰ ਕਦੇ ਵੀ ਕੁਰਬਾਨ ਨਹੀਂ ਕਰਨਾ ਚਾਹੀਦਾ। ਨਿਜੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਹੀ ਸੱਚੇ ਸਿੱਖ ਦਾ ਕਰਤੱਵ ਹੈ।



Leave a Comment