Sadda Punjab Resize 4

ਪੰਜਾਬ ਦੀ ਖੇਤੀਬਾੜੀ ਲਈ ਇੱਕ ਨਵੀਂ ਕਿਰਨ; ਕਿਸਾਨ ਨੇ ਸਾਲ ‘ਚ ਕਮਾਏ ਲੱਖਾਂ ਰੁਪਏ!

ਕਣਕ-ਝੋਨੇ ਦੇ ਚੱਕਰ ਨੂੰ ਮਾਤ ਦੇ ਕੇ ਕਿਸਾਨ ਨੇ ਡਰੈਗਨ ਫਰੂਟ ਦੀ ਖੇਤੀ ਨਾਲ ਗੱਡੇ ਸਫ਼ਲਤਾ ਦੇ ਝੰਡੇ

ਪੰਜਾਬ ਇਸ ਸਮੇਂ ਗੰਭੀਰ ਖੇਤੀਬਾੜੀ ਅਤੇ ਵਾਤਾਵਰਣ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ। ਧਰਤੀ ਹੇਠਲੇ ਪਾਣੀ ਦਾ ਲਗਾਤਾਰ ਡਿੱਗ ਰਿਹਾ ਪੱਧਰ ਅਤੇ ਕਣਕ-ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਨੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੱਡੀ ਸੱਟ ਮਾਰੀ ਹੈ। ਅਜਿਹੇ ਨਾਜ਼ੁਕ ਦੌਰ ਵਿੱਚ, ਜ਼ਿਲ੍ਹਾ ਬਰਨਾਲਾ ਦੇ ਪਿੰਡ ਠੁੱਲੇਵਾਲ ਦੇ ਇੱਕ ਅਗਾਂਹਵਧੂ ਕਿਸਾਨ ਸਤਨਾਮ ਸਿੰਘ ਨੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਸਤਨਾਮ ਸਿੰਘ ਨਾ ਸਿਰਫ਼ ਗ਼ੈਰ-ਰਵਾਇਤੀ ਫ਼ਸਲ ‘ਡ੍ਰੈਗਨ ਫਰੂਟ’ ਦੀ ਕਾਸ਼ਤ ਕਰਕੇ ਚੌਖੀ ਕਮਾਈ ਕਰ ਰਿਹਾ ਹੈ, ਸਗੋਂ ਉਹ ਬਹੁਤ ਘੱਟ ਪਾਣੀ ਦੀ ਵਰਤੋਂ ਕਰਕੇ ਪੰਜਾਬ ਦੇ ਕੁਦਰਤੀ ਸਰੋਤਾਂ ਦੇ ‘ਰਾਖੇ’ ਵਜੋਂ ਵੀ ਸਾਹਮਣੇ ਆਇਆ ਹੈ।

ਕਿਸਾਨ ਸਤਨਾਮ ਸਿੰਘ ਨੇ ਸਾਲ 2016 ਵਿੱਚ ਗੁਜਰਾਤ ਦੇ ਕੁਝ ਸਫ਼ਲ ਕਿਸਾਨਾਂ ਦੇ ਫਾਰਮਾਂ ਦਾ ਦੌਰਾ ਕੀਤਾ ਸੀ। ਉੱਥੋਂ ਦੇ ਖੁਸ਼ਕ ਇਲਾਕਿਆਂ ਵਿੱਚ ਡਰੈਗਨ ਫਰੂਟ ਦੀ ਸ਼ਾਨਦਾਰ ਪੈਦਾਵਾਰ ਦੇਖ ਕੇ ਉਹ ਬਹੁਤ ਪ੍ਰਭਾਵਿਤ ਹੋਏ। ਪੰਜਾਬ ਪਰਤ ਕੇ ਸਤਨਾਮ ਸਿੰਘ ਨੇ ਤੁਰੰਤ ਵੱਡੇ ਪੱਧਰ ‘ਤੇ ਜੋਖਮ ਲੈਣ ਦੀ ਬਜਾਏ, ਸਭ ਤੋਂ ਪਹਿਲਾਂ ਸਿਰਫ਼ 2 ਕਨਾਲ ਰਕਬੇ ਵਿੱਚ ਪ੍ਰਯੋਗ ਦੇ ਤੌਰ ‘ਤੇ ਡਰੈਗਨ ਫਰੂਟ ਦੇ ਬੂਟੇ ਲਗਾਏ। ਜਦੋਂ ਸ਼ੁਰੂਆਤੀ ਤਜਰਬਾ ਸਫ਼ਲ ਰਿਹਾ, ਤਾਂ ਉਨ੍ਹਾਂ ਨੇ ਹੌਲੀ-ਹੌਲੀ ਇਸ ਦਾ ਘੇਰਾ ਵਧਾਇਆ। ਅੱਜ ਉਹ ਪੂਰੇ 4 ਏਕੜ ਰਕਬੇ ਵਿੱਚ ਡਰੈਗਨ ਫਰੂਟ ਦੀ ਪੇਸ਼ੇਵਰ ਖੇਤੀ ਕਰ ਰਹੇ ਹਨ।

ਸਤਨਾਮ ਸਿੰਘ ਨੇ ਆਪਣੇ ਫਾਰਮ ਨੂੰ ਦੋ ਹਿੱਸਿਆਂ (ਓਪਨ ਫਾਰਮਿੰਗ-3 ਏਕੜ ਅਤੇ ਸ਼ੇਡ ਨੈੱਟ ਹਾਊਸ-1 ਏਕੜ) ਵਿੱਚ ਵੰਡਿਆ ਹੋਇਆ ਹੈ। ਓਪਨ ਫਾਰਮਿੰਗ, ਜਿੱਥੇ ਖੁੱਲ੍ਹੇ ਆਸਮਾਨ ਹੇਠ ਕੰਕਰੀਟ ਦੇ ਪੋਲ (ਖੰਭੇ) ਲਗਾ ਕੇ ਰਵਾਇਤੀ ਤਰੀਕੇ ਨਾਲ ਡਰੈਗਨ ਫਰੂਟ ਉਗਾਏ ਗਏ ਹਨ। ਸ਼ੇਡ ਨੈੱਟ ਹਾਊਸ, ਕਰੀਬ ਢਾਈ ਸਾਲ ਪਹਿਲਾਂ ਉਨ੍ਹਾਂ ਨੇ ਮੌਸਮ ਦੇ ਬਦਲਾਅ ਨਾਲ ਨਜਿੱਠਣ ਲਈ ਇੱਕ ਏਕੜ ਵਿੱਚ ਆਧੁਨਿਕ ਸ਼ੇਡ ਨੈੱਟ ਹਾਊਸ ਸਥਾਪਿਤ ਕੀਤਾ।

ਸ਼ੇਡ ਨੈੱਟ ਹਾਊਸ ਵਿੱਚ ਸਫ਼ਲ ਤਜਰਬਾ

Farmer Satnam Singh
Pic Credit : DPR Barnala

ਮੌਸਮੀ ਤਬਦੀਲੀ ਕਾਰਨ ਪੰਜਾਬ ਵਿੱਚ ਗਰਮੀਆਂ ਵਿੱਚ ਬਹੁਤ ਜ਼ਿਆਦਾ ਗਰਮੀ/ਲੂ ਅਤੇ ਸਰਦੀਆਂ ਵਿੱਚ ਕੋਰਾ ਪੈਂਦਾ ਹੈ, ਜੋ ਡਰੈਗਨ ਫਰੂਟ ਵਰਗੇ ਕੈਕਟਸ ਪ੍ਰਜਾਤੀ ਦੇ ਪੌਦੇ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਦਾ ਹੱਲ ਕੱਢਦੇ ਹੋਏ ਸਤਨਾਮ ਸਿੰਘ ਨੇ ਸ਼ੇਡ ਨੈੱਟ ਹਾਊਸ ਤਕਨਾਲੋਜੀ ਦੀ ਵਰਤੋਂ ਕੀਤੀ। ਸਤਨਾਮ ਸਿੰਘ ਮੁਤਾਬਕ, ਉਹ ਸ਼ੇਡ ਨੈੱਟ ਹਾਊਸ ਦੇ ਅੰਦਰ ਡਰੈਗਨ ਫਰੂਟ ਦਾ ਸਫ਼ਲ ਪ੍ਰਯੋਗ ਕਰਨ ਵਾਲੇ ਬਰਨਾਲਾ ਜ਼ਿਲ੍ਹੇ ਦੇ ਪਹਿਲੇ ਕਿਸਾਨ ਹਨ। ਸ਼ੇਡ ਨੈੱਟ ਹਾਊਸ ਦੇ ਅੰਦਰੂਨੀ ਵਾਤਾਵਰਣ ਕਾਰਨ ਪੌਦਿਆਂ ਨੂੰ ਨਾ ਤਾਂ ਬਹੁਤੀ ਗਰਮੀ ਲੱਗਦੀ ਹੈ ਅਤੇ ਨਾ ਹੀ ਸਰਦੀ ਦਾ ਮਾਰੂ ਅਸਰ ਹੁੰਦਾ ਹੈ। ਇਸ ਤਕਨੀਕ ਦੇ ਦੋ ਵੱਡੇ ਫਾਇਦੇ ਸਾਹਮਣੇ ਆਏ ਹਨ। ਫ਼ਸਲ ਦਾ ਝਾੜ (Yield) ਖੁੱਲ੍ਹੇ ਖੇਤ ਦੇ ਮੁਕਾਬਲੇ ਬਹੁਤ ਵਧੀਆ ਮਿਲਦਾ ਹੈ। ਫਲ ਦਾ ਆਕਾਰ (Size) ਵੱਡਾ ਅਤੇ ਆਕਰਸ਼ਕ ਹੁੰਦਾ ਹੈ, ਜਿਸ ਕਾਰਨ ਮੰਡੀ ਵਿੱਚ ਇਸ ਦੀ ਕੀਮਤ ਵੱਧ ਮਿਲਦੀ ਹੈ।

ਡਰੈਗਨ ਫਰੂਟ ਦੀ ਖੇਤੀ ਆਰਥਿਕ ਪੱਖੋਂ ਬਹੁਤ ਹੀ ਲਾਹੇਵੰਦ ਸਾਬਤ ਹੋ ਰਹੀ ਹੈ। ਸਤਨਾਮ ਸਿੰਘ ਨੇ ਆਪਣੇ ਫਾਰਮ ਦੇ ਕਮਾਈ ਦੇ ਅੰਕੜੇ ਸਾਂਝੇ ਕਰਦਿਆਂ ਦੱਸਿਆ, ਆਮ ਹਾਲਤਾਂ ਵਿੱਚ ਇੱਕ ਏਕੜ ਰਕਬੇ ਵਿੱਚੋਂ ਇੱਕ ਸੀਜ਼ਨ ਦੌਰਾਨ ਲਗਭਗ 40 ਕੁਇੰਟਲ ਡਰੈਗਨ ਫਰੂਟ ਦਾ ਉਤਪਾਦਨ ਹੁੰਦਾ ਹੈ। ਸ਼ੇਡ ਨੈੱਟ ਹਾਊਸ ਵਿੱਚ ਇਹ ਉਤਪਾਦਨ ਇਸ ਤੋਂ ਵੀ ਕਿਤੇ ਵੱਧ ਨਿਕਲਦਾ ਹੈ। ਥੋਕ ਅਤੇ ਪ੍ਰਚੂਨ ਮੰਡੀ ਵਿੱਚ ਇਹ ਫਲ 150 ਰੁਪਏ ਤੋਂ ਲੈ ਕੇ 250 ਰੁਪਏ ਪ੍ਰਤੀ ਕਿੱਲੋ ਤੱਕ ਆਸਾਨੀ ਨਾਲ ਵਿਕ ਜਾਂਦਾ ਹੈ। ਆਪਣੇ 4 ਏਕੜ ਦੇ ਫਾਰਮ ਵਿੱਚੋਂ ਲੇਬਰ, ਖਾਦ ਅਤੇ ਹੋਰ ਸਾਰੇ ਖਰਚੇ ਕੱਢਣ ਤੋਂ ਬਾਅਦ ਉਹ ਸਾਲਾਨਾ ਕਰੀਬ 12 ਲੱਖ ਰੁਪਏ ਦੀ ਸ਼ੁੱਧ ਬੱਚਤ ਕਰ ਰਹੇ ਹਨ।

‘ਅਮਰੀਕਨ ਬਿਊਟੀ’ ਕਿਸਮ ਦੀ ਕਾਸ਼ਤ

ਸਤਨਾਮ ਸਿੰਘ ਆਪਣੇ ਫਾਰਮ ‘ਤੇ ਉੱਚ ਗੁਣਵੱਤਾ ਵਾਲੀ ‘ਅਮਰੀਕਨ ਬਿਊਟੀ’ ਕਿਸਮ ਦੀ ਕਾਸ਼ਤ ਕਰ ਰਹੇ ਹਨ। ਇਹ ਬੂਟਾ ਲਗਾਉਣ ਤੋਂ ਬਾਅਦ ਸਿਰਫ਼ 2 ਸਾਲ ਦੀ ਉਮਰ ਵਿੱਚ ਹੀ ਪੂਰਾ ਝਾੜ ਦੇਣਾ ਸ਼ੁਰੂ ਕਰ ਦਿੰਦਾ ਹੈ। ਇਸ ਫਲ ਦੀ ਤੁੜਾਈ ਦਾ ਸੀਜ਼ਨ ਜੁਲਾਈ ਤੋਂ ਸ਼ੁਰੂ ਹੋ ਕੇ ਨਵੰਬਰ ਤੱਕ ਚੱਲਦਾ ਹੈ, ਜਿਸ ਦੌਰਾਨ ਕਿਸਾਨ ਨੂੰ ਲਗਾਤਾਰ ਨਕਦ ਆਮਦਨ ਹੁੰਦੀ ਰਹਿੰਦੀ ਹੈ। ਸਤਨਾਮ ਸਿੰਘ ਨੇ ਰਵਾਇਤੀ ਆੜ੍ਹਤੀਆਂ ‘ਤੇ ਨਿਰਭਰ ਰਹਿਣ ਦੀ ਬਜਾਏ ਆਪਣੇ ਉਤਪਾਦ ਦੀ ਖ਼ੁਦ ਬ੍ਰਾਂਡਿੰਗ ਕੀਤੀ ਹੈ। ਉਨ੍ਹਾਂ ਨੇ ‘ਡਰੈਗਨ ਫਾਰਮ ਠੁੱਲੇਵਾਲ’ ਦੇ ਨਾਮ ਹੇਠ 10-10 ਕਿੱਲੋ ਦੇ ਵਿਸ਼ੇਸ਼ ਪੈਕਿੰਗ ਬਾਕਸ ਤਿਆਰ ਕਰਵਾਏ ਹਨ। ਉਨ੍ਹਾਂ ਦੀ ਫ਼ਸਲ ਦੀ ਸਪਲਾਈ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਜਿਵੇਂ ਕਿ ਮਾਨਸਾ, ਬਠਿੰਡਾ, ਲੁਧਿਆਣਾ ਅਤੇ ਰਾਜਧਾਨੀ ਚੰਡੀਗੜ੍ਹ ਤੱਕ ਸਿੱਧੀ ਹੁੰਦੀ ਹੈ।

ਪਾਣੀ ਦੀ ਬੇਮਿਸਾਲ ਬੱਚਤ/ ਜੈਵਿਕ ਖੇਤੀ ਅਤੇ ਘਰੇਲੂ ਖਾਦ

Organic farming and home made fertilizers
Pic Credit : India Mart

ਬਰਨਾਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਧਰਤੀ ਹੇਠਲਾ ਪਾਣੀ ‘ਡਾਰਕ ਜ਼ੋਨ’ ਵਿੱਚ ਪਹੁੰਚ ਚੁੱਕਾ ਹੈ। ਝੋਨੇ ਦੀ ਫ਼ਸਲ ਹਜ਼ਾਰਾਂ ਲੀਟਰ ਪਾਣੀ ਨਸ਼ਟ ਕਰਦੀ ਹੈ, ਪਰ ਡਰੈਗਨ ਫਰੂਟ ਇਸ ਦਾ ਸਭ ਤੋਂ ਉੱਤਮ ਬਦਲ ਹੈ; ਡਰੈਗਨ ਫਰੂਟ ਨੂੰ ਬਹੁਤ ਹੀ ਘੱਟ ਪਾਣੀ ਦੀ ਲੋੜ ਹੁੰਦੀ ਹੈ। ਸਤਨਾਮ ਸਿੰਘ ਪੂਰੇ ਸਾਲ ਵਿੱਚ ਸਿਰਫ਼ 4 ਵਾਰ ਫ਼ਸਲ ਨੂੰ ਪਾਣੀ ਦਿੰਦੇ ਹਨ। ਇਹ ਪਾਣੀ ਵੀ ਫਲੱਡ ਮੈਥਡ (ਖੁੱਲ੍ਹੇ ਪਾਣੀ) ਨਾਲ ਨਹੀਂ, ਸਗੋਂ ‘ਤੁਪਕਾ ਸਿੰਚਾਈ ਪ੍ਰਣਾਲੀ’ ਰਾਹੀਂ ਸਿੱਧਾ ਪੌਦੇ ਦੀਆਂ ਜੜ੍ਹਾਂ ਨੂੰ ਦਿੱਤਾ ਜਾਂਦਾ ਹੈ, ਜਿਸ ਨਾਲ ਪਾਣੀ ਦੀ ਇੱਕ-ਇੱਕ ਬੂੰਦ ਦਾ ਸਹੀ ਉਪਯੋਗ ਹੁੰਦਾ ਹੈ।

ਇਸ ਖੇਤੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਉੱਤੇ ਬਿਮਾਰੀਆਂ ਦਾ ਹਮਲਾ ਨਾ ਦੇ ਬਰਾਬਰ ਹੁੰਦਾ ਹੈ, ਜਿਸ ਕਾਰਨ ਮਹਿੰਗੇ ਕੀਟਨਾਸ਼ਕਾਂ ਦਾ ਖਰਚਾ ਜ਼ੀਰੋ ਹੈ। ਸਤਨਾਮ ਸਿੰਘ ਨੇ ਆਪਣੇ ਘਰ ਵਿੱਚ ਇੱਕ ਗੋਬਰ ਬਾਇਓਗੈਸ ਪਲਾਂਟ ਲਗਾਇਆ ਹੋਇਆ ਹੈ। ਉਹ ਇਸ ਪਲਾਂਟ ਵਿੱਚੋਂ ਨਿਕਲਣ ਵਾਲੀ ਬਾਕੀ ਬਚੀ ਰਹਿੰਦ-ਖੂੰਹਦ ਦਾ ਛਿੜਕਾਅ ਖੇਤਾਂ ਵਿੱਚ ਖਾਦ ਵਜੋਂ ਕਰਦੇ ਹਨ। ਇਹ ਪੂਰੀ ਤਰ੍ਹਾਂ ਜੈਵਿਕ ਹੈ, ਜੋ ਜ਼ਮੀਨ ਦੀ ਸਿਹਤ ਨੂੰ ਸੁਧਾਰਦੀ ਹੈ ਅਤੇ ਫਲ ਨੂੰ ਵੀ ਕੈਮੀਕਲ ਮੁਕਤ ਰੱਖਦੀ ਹੈ।

Satnam Singh is not only earning by selling the fruit
Pic Credit : Jagran

ਸਤਨਾਮ ਸਿੰਘ ਸਿਰਫ਼ ਫਲ ਵੇਚ ਕੇ ਹੀ ਕਮਾਈ ਨਹੀਂ ਕਰ ਰਹੇ, ਸਗੋਂ ਉਨ੍ਹਾਂ ਨੇ ਆਮਦਨ ਦੇ ਹੋਰ ਵੀ ਕਈ ਸਾਧਨ ਵਿਕਸਿਤ ਕੀਤੇ ਹਨ; ਉਹ ਸਾਲ ਭਰ ਆਪਣੇ ਫਾਰਮ ‘ਤੇ ਡਰੈਗਨ ਫਰੂਟ ਦੀ ਉੱਚ-ਕੁਆਲਿਟੀ ਦੀ ਪਨੀਰੀ (ਬੂਟੇ) ਤਿਆਰ ਕਰਦੇ ਹਨ। ਇੱਕ ਬੂਟਾ ਬਾਜ਼ਾਰ ਵਿੱਚ 50 ਤੋਂ 60 ਰੁਪਏ ਤੱਕ ਆਸਾਨੀ ਨਾਲ ਵਿਕ ਜਾਂਦਾ ਹੈ। ਉਨ੍ਹਾਂ ਦੁਆਰਾ ਤਿਆਰ ਕੀਤੇ ਬੂਟਿਆਂ ਦੀ ਮੰਗ ਪੰਜਾਬ ਤੋਂ ਬਾਹਰ ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਵਿੱਚ ਵੀ ਬਹੁਤ ਜ਼ਿਆਦਾ ਹੈ।

ਡਰੈਗਨ ਫਰੂਟ ਦੇ ਪੌਦਿਆਂ ਨੂੰ ਲਾਈਨਾਂ ਵਿੱਚ ਲਗਾਇਆ ਜਾਂਦਾ ਹੈ, ਜਿਸ ਕਾਰਨ ਦੋ ਲਾਈਨਾਂ ਦੇ ਵਿਚਕਾਰ ਅੱਧਾ ਕਿੱਲਾ ਬਚ ਜਾਂਦੀ ਹੈ। ਸਤਨਾਮ ਸਿੰਘ ਇਸ ਖਾਲੀ ਥਾਂ ਦਾ ਲਾਹਾ ਲੈਂਦਿਆਂ ਉੱਥੇ ਮੌਸਮੀ ਸਬਜ਼ੀਆਂ ਅਤੇ ਹਲਦੀ ਦੀ ਖੇਤੀ ਕਰਦੇ ਹਨ। ਇਸ ਇੰਟਰ-ਕਰਾਪਿੰਗ ਨਾਲ ਉਨ੍ਹਾਂ ਨੂੰ ਬਿਨਾਂ ਕਿਸੇ ਵਾਧੂ ਖਰਚੇ ਦੇ ਮੋਟਾ ਮੁਨਾਫ਼ਾ ਮਿਲ ਜਾਂਦਾ ਹੈ। ਸਤਨਾਮ ਸਿੰਘ ਨੇ ਆਪਣੀ ਸਫ਼ਲਤਾ ਵਿੱਚ ਸਰਕਾਰੀ ਸਕੀਮਾਂ ਦੇ ਯੋਗਦਾਨ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਆਧੁਨਿਕ ਤਕਨੀਕਾਂ ਅਪਣਾਉਣ ਲਈ ਉਨ੍ਹਾਂ ਨੂੰ ਸਰਕਾਰ ਵੱਲੋਂ ਵੱਡੀ ਮਦਦ ਮਿਲੀ। ਭੂਮੀ ਰੱਖਿਆ ਵਿਭਾਗ ਬਰਨਾਲਾ ਰਾਹੀਂ ਤੁਪਕਾ ਸਿੰਚਾਈ ਪ੍ਰਣਾਲੀ ਲਗਾਉਣ ਲਈ 80 ਫੀਸਦੀ ਸਬਸਿਡੀ ਪ੍ਰਾਪਤ ਹੋਈ।

ਬਾਗਬਾਨੀ ਵਿਭਾਗ ਬਰਨਾਲਾ ਵੱਲੋਂ ਸ਼ੇਡ ਨੈੱਟ ਹਾਊਸ ਦੀ ਸਥਾਪਨਾ ਲਈ 50 ਫੀਸਦੀ ਸਬਸਿਡੀ ਦਿੱਤੀ ਗਈ, ਜਿਸ ਦੇ ਤਹਿਤ ਉਨ੍ਹਾਂ ਨੂੰ ਕੁੱਲ ਮਿਲਾ ਕੇ ਕਰੀਬ 14 ਲੱਖ ਰੁਪਏ ਦੀ ਵਿੱਤੀ ਸਹਾਇਤਾ (ਸਬਸਿਡੀ) ਮਿਲੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸ਼ੇਡ ਨੈੱਟ ਹਾਊਸ ਵਿੱਚ ਖੀਰੇ ਦੀ ਖੇਤੀ ਨਾਲ ਸ਼ੁਰੂਆਤ ਕੀਤੀ ਸੀ, ਜਿਸ ਉੱਤੇ ਵੀ ਵਿਭਾਗ ਵੱਲੋਂ ਸਬਸਿਡੀ ਦਿੱਤੀ ਗਈ ਸੀ। ਇਸ ਸਬੰਧੀ ਡਿਪਟੀ ਡਾਇਰੈਕਟਰ ਬਾਗਬਾਨੀ ਬਰਨਾਲਾ, ਮਲਕੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਫਲਦਾਰ ਬੂਟਿਆਂ ਦੇ ਨਵੇਂ ਬਾਗ ਲਗਾਉਣ ਅਤੇ ਆਧੁਨਿਕ ਸ਼ੇਡ ਨੈੱਟ ਹਾਊਸ ਬਣਾਉਣ ‘ਤੇ 50-50 ਫੀਸਦੀ ਸਬਸਿਡੀ ਦੀ ਸਹੂਲਤ ਲਗਾਤਾਰ ਦਿੱਤੀ ਜਾ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਕਿਸਾਨ ਰਵਾਇਤੀ ਖੇਤੀ ਛੱਡ ਕੇ ਬਾਗਬਾਨੀ ਵੱਲ ਆਉਣ।

ਸਤਨਾਮ ਸਿੰਘ ਬਣੇ ਹੋਰਨਾਂ ਕਿਸਾਨਾਂ ਲਈ ਰੋਲ ਮਾਡਲ

ਬਰਨਾਲਾ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਕਿਸਾਨ ਸਤਨਾਮ ਸਿੰਘ ਦੀ ਇਸ ਪ੍ਰਾਪਤੀ ਦੀ ਉਚੇਚੇ ਤੌਰ ‘ਤੇ ਸ਼ਲਾਘਾ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ, “ਪਿੰਡ ਠੁੱਲੇਵਾਲ ਦਾ ਇਹ ਅਗਾਂਹਵਧੂ ਕਿਸਾਨ ਜਿੱਥੇ ਆਧੁਨਿਕ ਖੇਤੀ ਰਾਹੀਂ ਆਪਣੀ ਆਰਥਿਕ ਸਥਿਤੀ ਮਜ਼ਬੂਤ ਕਰ ਰਿਹਾ ਹੈ, ਉੱਥੇ ਹੀ ਪੰਜਾਬ ਸਰਕਾਰ ਦੇ ਮੁੱਖ ਮਿਸ਼ਨ ‘ਫ਼ਸਲੀ ਵਿਭਿੰਨਤਾ’ ਅਤੇ ‘ਪਾਣੀ ਦੀ ਬੱਚਤ’ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਿਹਾ ਹੈ। ਸਤਨਾਮ ਸਿੰਘ ਪੂਰੇ ਜ਼ਿਲ੍ਹੇ ਦੇ ਕਿਸਾਨਾਂ ਲਈ ਇੱਕ ਰੋਲ ਮਾਡਲ (ਮਿਸਾਲ) ਹਨ।” ਡੀ.ਸੀ. ਹਰਪ੍ਰੀਤ ਸਿੰਘ ਨੇ ਸੂਬੇ ਦੇ ਦੂਸਰੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਣਕ-ਝੋਨੇ ਦੇ ਜਾਲ ਵਿੱਚੋਂ ਨਿਕਲ ਕੇ ਬਾਗਬਾਨੀ ਵਿਭਾਗ ਨਾਲ ਸੰਪਰਕ ਕਰਨ।

ਪੰਜਾਬ ਦੀ ਕਿਸਾਨੀ ਅਤੇ ਖੇਤੀ ਬਚਾਉਣ ਦਾ ਵੇਲਾ

Sadda Punjab Resize 5
Pic Credit : FarmRise

ਸਰਕਾਰ ਵੱਲੋਂ ਡਰੈਗਨ ਫਰੂਟ ਜਾਂ ਹੋਰ ਫਲਾਂ ਦੇ ਬਾਗ ਲਗਾਉਣ ਅਤੇ 80% ਸਬਸਿਡੀ ‘ਤੇ ਤੁਪਕਾ ਸਿੰਚਾਈ ਸਿਸਟਮ ਲਗਾਉਣ ਦੀਆਂ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਣਾ ਚਾਹੀਦਾ ਹੈ। ਕਿਸਾਨ ਸਤਨਾਮ ਸਿੰਘ ਠੁੱਲੇਵਾਲ ਦੀ ਕਹਾਣੀ ਇਹ ਸਾਬਤ ਕਰਦੀ ਹੈ ਕਿ ਜੇਕਰ ਸਹੀ ਦਿਸ਼ਾ, ਆਧੁਨਿਕ ਤਕਨਾਲੋਜੀ ਅਤੇ ਸਰਕਾਰੀ ਯੋਜਨਾਵਾਂ ਦਾ ਸੁਮੇਲ ਹੋਵੇ, ਤਾਂ ਪੰਜਾਬ ਦੀ ਧਰਤੀ ‘ਤੇ ਚਮਤਕਾਰ ਕੀਤੇ ਜਾ ਸਕਦੇ ਹਨ। ਡਰੈਗਨ ਫਰੂਟ ਦੀ ਖੇਤੀ ਨੇ ਉਨ੍ਹਾਂ ਨੂੰ ਜਿੱਥੇ ਝੋਨੇ ਦੇ ਨਰਕ ਵਰਗੇ ਫ਼ਸਲੀ ਚੱਕਰ, ਮੰਡੀਆਂ ਦੀ ਖ਼ੁਆਰੀ ਅਤੇ ਆੜ੍ਹਤੀਆਂ ਦੇ ਕਰਜ਼ੇ ਤੋਂ ਮੁਕਤੀ ਦਿਵਾਈ ਹੈ, ਉੱਥੇ ਹੀ ਉਨ੍ਹਾਂ ਦੀ ਜ਼ਮੀਨ ਦੀ ਸਿਹਤ ਵੀ ਪਹਿਲਾਂ ਨਾਲੋਂ ਬਹੁਤ ਬਿਹਤਰ ਹੋ ਗਈ ਹੈ। ਸਤਨਾਮ ਸਿੰਘ ਵਰਗੇ ਕਿਸਾਨ ਹੀ ਭਵਿੱਖ ਦੇ ਪੰਜਾਬ ਦੀ ਹਰਿਆਵਲ ਅਤੇ ਆਰਥਿਕ ਸੁਰੱਖਿਆ ਦੇ ਅਸਲੀ ਰਾਖੇ ਹਨ।

Gurpreet Singh

Gurpreet has worked as a journalist and news editor in various newspapers and news websites for the last 14 years and is still doing so. Apart from this, he has been writing articles on issues like "Punjab's water, land, pollution, besides farmers-laborers and education" in reputed newspapers for the last 6/7 years.

Post navigation

Leave a Comment

Leave a Reply

Your email address will not be published. Required fields are marked *