The Last Journey of Guru Gobind Singh Ji

ਦਿੱਲੀ ਤੋਂ ਨਾਂਦੇੜ ਸਾਹਿਬ ਤੱਕ: ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਅੰਤਿਮ ਸਫ਼ਰ

18ਵੀਂ ਸਦੀ ਦੀ ਸ਼ੁਰੂਆਤ ਵਿੱਚ ਮੁਗਲ ਸਲਤਨਤ ਦਾ ਪੂਰੇ ਭਾਰਤ ਵਿੱਚ ਬੋਲਬਾਲਾ ਸੀ। ਔਰੰਗਜ਼ੇਬ ਜੋ ਕਿ ਮੁਗਲਾਂ ਦਾ ਕੱਟੜ ਬਾਦਸ਼ਾਹ ਸੀ ਨੇ ਆਪਣੇ ਜੀਵਨ ਦੇ ਅਖੀਰਲੇ 20 ਵਰੇ ਦੱਖਣ ਦੀਆਂ ਦੋ ਮਹਾਨ ਰਿਆਸਤਾਂ ਗੋਲਕੁੰਡਾ ਅਤੇ ਬੀਜਾਪੁਰ ਨੂੰ ਸਰ ਕਰਨ ਵਿੱਚ ਬਤੀਤ ਕੀਤੇ ਸਨ। 20 ਸਾਲ ਦਾ ਲੰਬਾ ਪੈਂਡਾ ਦੱਖਣ ‘ਚ ਬਤੀਤ ਕਰਨ ਕਰਕੇ ਔਰੰਗਜ਼ੇਬ ਦਿੱਲੀ ਦਰਬਾਰ ਦੇ ਵਿੱਚ ਹੋ ਰਹੀਆਂ ਸਾਜ਼ਿਸ਼ਾਂ ਤੇ ਸ਼ੜਯੰਤਰਾਂ ਤੋਂ ਵਾਕਫ਼ ਨਹੀਂ ਸੀ। ਜਿਵੇਂ ਹੀ 1707 ਈਸਵੀ ਵਿੱਚ ਔਰੰਗਜ਼ੇਬ ਦੀ ਮੌਤ ਹੋਈ ਤਾਂ ਉਸ ਦਾ ਵੱਡਾ ਲੜਕਾ ਮੁਆਜ਼ਮ ਜੋ ਕਿ ਉਸ ਸਮੇਂ ਅਫ਼ਗਾਨਿਸਤਾਨ ਵਿੱਚ ਫੌਜੀ ਮੁਹਿੰਮ ਤੇ ਗਿਆ ਹੋਇਆ ਸੀ, ਉਸਨੇ ਆਪਣੇ ਆਪ ਨੂੰ ਅਗਲਾ ਬਾਦਸ਼ਾਹ ਘੋਸ਼ਿਤ ਕੀਤਾ। ਦਿੱਲੀ ਦਰਬਾਰ ਤੋਂ ਦੂਰ ਹੋਣ ਕਾਰਨ ਉਸਦੇ ਛੋਟੇ ਭਰਾ ਤਾਰਾ ਆਜ਼ਮ ਨੇ ਇਸ ਚੀਜ਼ ਦਾ ਫਾਇਦਾ ਚੁੱਕਿਆ ਤੇ ਆਪਣੇ ਆਪ ਨੂੰ ਗੱਦੀ ਤੇ ਕਾਬਜ਼ ਕਰ ਲਿਆ। ਜਦੋਂ ਮੁਆਜ਼ਮ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਕਾਹਲੀ-ਕਾਹਲੀ ਵਿੱਚ ਵਿਰਾਸਤ ਦੇ ਹੱਕ ਲਈ ਯੁੱਧ ਲੜਨ ਲਈ ਮੁੜਿਆ। ਉਸਨੇ ਨੰਦ ਲਾਲ ਦੀ ਸਲਾਹ ਲਈ ਜੋ ਉਸਦਾ ਮਿੱਤਰ ਸੀ ਕਿ ਸਫਲਤਾ ਕਿਵੇਂ ਪ੍ਰਾਪਤ ਕੀਤੀ ਜਾਵੇ ? ਨੰਦ ਲਾਲ ਨੇ ਉਸਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਪ੍ਰਾਪਤ ਕਰਨ ਦੀ ਸਲਾਹ ਦਿੱਤੀ।

ਨੰਦ ਲਾਲ ਜੋ ਕਿ ਬਹੁਤ ਹੀ ਮਹਾਨ ਫਾਰਸੀ ਕਵੀ ਸੀ ਉਸਨੇ ਮੁਆਜ਼ਮ ਨੂੰ ਕਿਹਾ ਕਿ ਜੇਕਰ ਕੋਈ ਉਸਨੂੰ ਬਾਦਸ਼ਾਹਤ ਦੁਆ ਸਕਦਾ ਹੈ ਤਾਂ ਉਹ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਹੈ। ਜਦੋਂ ਗੁਰੂ ਜੀ ਨੂੰ ਨੰਦ ਲਾਲ ਵੱਲੋਂ ਬੇਨਤੀ ਕੀਤੀ ਗਈ ਤਾਂ ਗੁਰੂ ਜੀ ਨੇ ਉਸਨੂੰ ਨਾ ਸਿਰਫ ਸਹਾਇਤਾ ਦਾ ਹੀ ਬਚਨ ਦਿੱਤਾ ਸਗੋਂ ਬਾਦਸ਼ਾਹੀ ਦਾ ਵਰ ਵੀ ਦਿੱਤਾ। ਪਰ ਇੱਕ ਸ਼ਰਤ ਰੱਖ ਦਿੱਤੀ ਕਿ ਉਹ ਇੱਕ ਬਚਨ ਉਹਨਾਂ ਦਾ ਵੀ ਪੂਰਾ ਕਰੇ ਤੇ ਆਪਣੇ ਪਿਉ ਵਾਂਗ ਬੇਈਮਾਨ ਨਾ ਬਣੇ। ਮੁਆਜ਼ਮ ਇਹ ਅਸਪਸ਼ਟ ਸ਼ਰਤਾਂ ਪੂਰੀਆਂ ਕਰਨੀਆਂ ਮੰਨ ਗਿਆ ਤੇ ਨੰਦ ਲਾਲ ਨੇ ਗੁਰੂ ਜੀ ਨੂੰ ਉਸੇ ਤਰ੍ਹਾਂ ਜਾਣਕਾਰੀ ਦੇ ਦਿੱਤੀ। ਗੁਰੂ ਜੀ ਨੇ ਧਰਮ ਸਿੰਘ ਅਤੇ ਹੋਰ ਵਿਸ਼ਵਾਸੀ ਸਿੱਖਾਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਭੇਜਿਆ ਤੇ ਮੁਲਕ ਦੀ ਗੰਭੀਰ ਰਾਜਸੀ ਸਥਿਤੀ ਬਾਰੇ ਫਿਕਰਮੰਦ ਹੁੰਦਿਆਂ ਉੱਤਰੀ ਭਾਰਤ ਵੱਲ ਬਾਦਸ਼ਾਹ ਨਾਲ ਮਿਲ ਕੇ ਵਿਚਾਰ ਵਟਾਂਦਰੇ ਦੀ ਆਸ ਲੈ ਕੇ ਉਹ ਪਰਤ ਪਏ।

ਜਦੋਂ ਮੁਆਜ਼ਮ ਨੇ ਪੂਰੀ ਤਰ੍ਹਾਂ ਸੈਨਾ ਤਿਆਰ ਕਰ ਲਈ ਤਾਂ ਉਸਨੇ ਆਗਰੇ ਵੱਲ ਕੂਚ ਕੀਤਾ, ਉਸ ਸਮੇਂ ਤਾਰਾ ਆਜ਼ਮ ਦੂਰ ਅਹਿਮਦ ਨਗਰ ਵਿੱਚ ਸੀ। ਆਪਣੇ ਭਰਾ ਦੇ ਹਮਲੇ ਬਾਰੇ ਸੁਣ ਕੇ ਉਹ ਗਵਾਲੀਅਰ ਦੇ ਰਸਤੇ ਕੂਚ ਕਰਦਾ ਹੋਇਆ ਬਾਦਸ਼ਾਹੀ ਪ੍ਰਾਪਤ ਕਰਨ ਲਈ ਅੱਗੇ ਵੱਧਿਆ। ਮੁਆਜ਼ਮ ਵੀ ਉਹਦੇ ਨਾਲ ਟਾਕਰਾ ਕਰਨ ਲਈ ਅੱਗੇ ਵੱਧਿਆ ਤੇ ਧੌਲਪੁਰ ਦੇ ਨੇੜੇ ਜੈਜਾਓ ਡੇਰਾ ਲਾ ਲਿਆ ਜਿਥੇ ਦੋਹਾਂ ਫੌਜਾਂ ਦਾ ਯੁੱਧ ਹੋਇਆ। ਤਿੰਨ ਦਿਨਾਂ ਦੀ ਲੜਾਈ ਪਿੱਛੋਂ ਕੇਵਲ ਤਾਰਾ ਆਜ਼ਮ ਹੀ ਨਹੀਂ ਸਗੋਂ ਉਹਦੇ ਕਈ ਹੋਰ ਅਫਸਰ ਵੀ ਮਾਰੇ ਗਏ। ਇਸ ਪਿੱਛੋਂ ਉਹਦੀ ਫੌਜ ਨਠ ਗਈ ਤੇ ਜਿੱਤ ਮੁਆਜ਼ਮ ਦੀ ਹੋਈ। ਹੁਣ ਮੁਆਜ਼ਮ ਨੇ ਆਪਣੇ ਆਪ ਨੂੰ ਬਹਾਦਰ ਸ਼ਾਹ ਦੀ ਉਪਾਧੀ ਦੇ ਕੇ ਬਾਦਸ਼ਾਹ ਘੋਸ਼ਿਤ ਕੀਤਾ ਤੇ ਹੁਣ ਉਹ ਭਾਰਤ ਦਾ ਨਿਰਵਿਵਾਦ ਸਮਰਾਟ ਬਣ ਗਿਆ। ਬਹਾਦਰ ਸ਼ਾਹ ਹੁਣ ਆਗਰੇ ਮੁੜ ਗਿਆ ਤੇ ਉਸਨੇ ਧਰਮ ਸਿੰਘ ਨੂੰ ਆਪਣੀ ਜਿੱਤ ਦੀ ਖ਼ਬਰ ਦੇਣ ਲਈ ਗੁਰੂ ਜੀ ਪਾਸ ਭੇਜਿਆ। ਗੁਰੂ ਜੀ ਨੇ ਦਿੱਲੀ ਪਹੁੰਚ ਕੇ ਯਮੁਨਾ ਦੇ ਖੱਬੇ ਕਿਨਾਰੇ ਆਪਣਾ ਡੇਰਾ ਲਾ ਲਿਆ ਸੀ। ਪਰ ਜਦੋਂ ਬਹਾਦਰ ਸ਼ਾਹ ਦੀ ਜਿੱਤ ਦੀ ਖ਼ਬਰ ਗੁਰੂ ਜੀ ਕੋਲ ਪਹੁੰਚੀ ਤਾਂ ਆਗਰਾ ਜਾ ਕੇ ਬਹਾਦਰ ਸ਼ਾਹ ਨੂੰ ਵਧਾਈ ਦੇਣ ਦੀ ਸਲਾਹ ਵੀ ਗੁਰੂ ਜੀ ਨੇ ਬਣਾਈ।

ਉਹਨਾਂ ਨੇ ਆਪਣੀਆਂ ਪਤਨੀ ਨੂੰ ਦਿੱਲੀ ਵਿੱਚ ਸਿੱਖਾਂ ਦੀ ਸੁਰੱਖਿਆ ਅਧੀਨ ਛੱਡ ਕੇ ਜਾਣ ਦਾ ਪ੍ਰਬੰਧ ਕੀਤਾ। ਇਹ ਸੁਣ ਕੇ ਮਾਤਾ ਸੁੰਦਰੀ ਜਾਰ-ਜਾਰ ਰੋਣ ਲੱਗੀ। ਗੁਰੂ ਜੀ ਨੇ ਮਾਤਾ ਸੁੰਦਰੀ ਜੀ ਨੂੰ ਉਹਨਾਂ ਦਲੀਲਾਂ ਤੇ ਵਿਚਾਰਾਂ ਨਾਲ ਫਿਰ ਧੀਰਜ ਦਿੱਤੀ ਜੋ ਉਹਨਾਂ ਨੇ ਪਹਿਲਾਂ ਦਮਦਮਾ ਵਿਖੇ ਮਨੁੱਖੀ ਜੀਵਨ ਦੀ ਅਸਥਿਰਤਾ ਦੱਸਦਿਆਂ ਤੇ ਉਹਦੇ ਪੁੱਤਰ ਨੂੰ ਇੱਕ ਮਹਾਨ ਨਾਇਕ ਤੇ ਸ਼ਹੀਦ ਹੋਣ ਵਜੋਂ ਸਵਰਗ ਦੇ ਆਨੰਦ ਦੀ ਪ੍ਰਾਪਤੀ ਹੋਣ ਸਬੰਧੀ ਸਮਝਾਉਣ ਲਈ ਵਰਤੀਆਂ ਸਨ। ਦਿੱਲੀ ਤੋਂ ਚੱਲ ਕੇ ਤੀਸਰੇ ਦਿਨ ਗੁਰੂ ਜੀ ਮਥੁਰਾ ਪਹੁੰਚੇ ਤੇ ਉਹਨਾਂ ਨੇ ਯਮੁਨਾ ਕਿਨਾਰੇ ਸੂਰਜ ਕੁੰਡ ਡੇਰਾ ਲਾ ਲਿਆ। ਉਹਨਾਂ ਨੇ ਵਰਿੰਦਾਵਨ ਦਾ ਰਟਨ ਕੀਤਾ ਤੇ ਸਾਰੀਆਂ ਪ੍ਰਸਿੱਧ ਤੇ ਰੋਚਕ ਥਾਵਾਂ ਵੇਖੀਆਂ। ਹੁਣ ਗੁਰੂ ਜੀ ਆਗਰੇ ਦੇ ਵਿੱਚ ਬਹਾਦਰ ਸ਼ਾਹ ਨੂੰ ਮਿਲੇ ਬਹਾਦਰ ਸ਼ਾਹ ਨੇ ਤਖਤ ਪ੍ਰਾਪਤੀ ਵਿੱਚ ਦਿੱਤੀ ਸਹਾਇਤਾ ਲਈ ਗੁਰੂ ਜੀ ਦਾ ਧੰਨਵਾਦ ਕੀਤਾ। ਉਸਨੇ ਗੁਰੂ ਜੀ ਨੂੰ ਮਹਿੰਗੇ-ਮਹਿੰਗੇ ਤੋਹਫ਼ੇ ਦਿੱਤੇ ਤੇ ਗੁਰੂ ਜੀ ਨੂੰ ਆਪਣੇ ਨਾਲ ਸਮਾਂ ਬਿਤਾਉਣ ਲਈ ਬੇਨਤੀ ਕੀਤੀ। ਇਹਨਾਂ ਮਹਿੰਗੇ ਤੋਹਫਿਆਂ ਦੇ ਵਿੱਚ ਇੱਕ ਕੀਮਤੀ ਖਿੱਲਅਤ, ਜੜਾਊ ਸਾਫਾ, ਇੱਕ ਧੁਖਧੁਖੀ, ਜਿਗਾ ਕਲਗੀ ਆਦਿ ਸਨ ਜਿਨਾਂ ਦੀ ਕੀਮਤ ਲਗਭਗ 60 ਹਜ਼ਾਰ ਰੁਪਏ ਸੀ। ਗੁਰੂ ਜੀ ਨੇ ਖੁਸ਼ੀ-ਖੁਸ਼ੀ ਬੇਨਤੀ ਪ੍ਰਵਾਨ ਕਰ ਲਈ ਰਾਜਪੂਤਾਨੇ ਦੇ ਕੁਝ ਰਾਜੇ ਗੁਰੂ ਜੀ ਦੇ ਦਰਸ਼ਨਾਂ ਨੂੰ ਆਏ ਸਨ। ਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਨੇ ਆਪਣੀਆਂ ਬੇਟੀਆਂ ਮੁਸਲਮਾਨ ਰਾਜਿਆਂ ਤੇ ਸ਼ਹਿਜ਼ਾਦੇ ਨੂੰ ਵਿਆਹ ਕੇ ਅਪਮਾਨਜਨਕ ਕੰਮ ਕੀਤਾ ਹੈ। ਗੁਰੂ ਜੀ ਨੇ ਉਹਨਾਂ ਤੋਂ ਪ੍ਰਣ ਲਿਆ ਕਿ ਉਹ ਅੱਗੇ ਤੋਂ ਅਜਿਹੀ ਪ੍ਰਥਾ ਤੋਂ ਹੱਟ ਜਾਣਗੇ।

ਇਤਿਹਾਸਿਕ ਗ੍ਰੰਥਾਂ ਤੋਂ ਮਲੂਮ ਹੁੰਦਾ ਹੈ ਗੁਰੂ ਸਾਹਿਬ ਦੀਆਂ ਇਹ ਮੁਲਾਕਾਤਾਂ ਪਹਿਲੀ ਖ਼ਾਨਿ-ਖ਼ਾਨਾਨ ਨਾਲ ਤੇ ਦੂਜੀ ਬਾਦਸ਼ਾਹ ਬਹਾਦਰ ਸ਼ਾਹ ਨਾਲ ਖਾਸ ਅਹਿਮੀਅਤ ਰੱਖਦੀਆਂ ਸਨ। ਜੋ ਗੱਲਬਾਤ ਗੁਰੂ ਜੀ ਬਾਦਸ਼ਾਹ ਔਰੰਗਜ਼ੇਬ ਨਾਲ ਕਰਨ ਲਈ ਦੱਖਣ ਜਾ ਰਹੇ ਸਨ ਹੁਣ ਬਾਦਸ਼ਾਹ ਬਹਾਦਰ ਸ਼ਾਹ ਨਾਲ ਸ਼ੁਰੂ ਹੋ ਗਈ ਜਾਪਦੀ ਸੀ। ਇਸ ਗੱਲ ਨੂੰ ਜਲਦ ਖਤਮ ਕਰਕੇ ਸਫਲਤਾ ਪੂਰਵਕ ਨੇਪੜੇ ਚਾੜ ਕੇ ਗੁਰੂ ਜੀ ਮੁੜ ਪੰਜਾਬ ਵੱਲ ਜਾਣਾ ਚਾਹੁੰਦੇ ਸਨ। ਇਸੇ ਕਰਕੇ ਗੁਰੂ ਜੀ ਨੇ ਆਨੰਦਪੁਰ ਸਾਹਿਬ ਦੇ ਕਈ ਸਿੱਖਾਂ ਨੂੰ ਹੁਕਮਨਾਮੇ ਵੀ ਲਿਖੇ ਸਨ ਤੇ ਸਿੱਖਾਂ ਨੂੰ ਕਿਹਾ ਸੀ ਕਿ ਜਦੋਂ ਉਹ ਕਹਿਲੂਰ ਆਣ ਤਾਂ ਸਾਰੇ ਸਿੱਖ ਉਹਨਾਂ ਨੂੰ ਆ ਕੇ ਮਿਲਣ। ਗੁਰੂ ਜੀ ਦਾ ਲਿਖਿਆ ਇੱਕ ਭਰੋਸੇਯੋਗ ਲਿਖਤੀ ਸਬੂਤ ਜੋ ਉਹਨਾਂ ਨੇ 2 ਅਕਤੂਬਰ ਸਨ 1707 ਨੂੰ ਆਗਰੇ ਤੋਂ ਲਿਖਿਆ ਸੀ ਹੁਕਮਨਾਮੇ ਦੀ ਲਿਖਤ ਇਹ ਹੈ:

੧੦ ਸਤਿਗੁਰੂ ਜੀ

ਸ੍ਰਬਤਿ ਸੰਗਤਿ ਧਉਲ ਕੀ ਤੁਸੀ ਮੇਰਾ ਖਾਲਸਾ ਹੋ ਗੁਰੂ ਰਖੈਗਾ ਗੁਰੂ ਗੁਰੂ ਜਪਣਾ ਜਨਮੁ ਸਵਰੈਗਾ ਸ੍ਰਬ ਸੁਖ ਨਾਲ ਪਾਤਸ਼ਾਹ ਪਾਸਿ ਆਏ ਸਿਰੋਪਾਓ ਅਰੁ ਸਠਿ ਹਜਾਰ ਕੀ ਧੁਖਧੁਖੀ ਜੜਾਊ ਇਨਾਮੁ ਹੋਈ ਹੋਰ ਭੀ ਕੰਮ ਗੁਰੂ ਕਾ ਸਦਕਾ ਸਭ ਹੋਤੇ ਹੈ ਅਸੀ ਭੀ ਥੋੜੇ ਹੀ ਦਿਨਾ ਨੋ ਆਵਤੇ ਹਾ ਸ੍ਰਬਤਿ ਸੰਗਤ ਖਾਲਸੇ ਕੋ ਮੇਰਾ ਹੁਕਮ ਹੈ ਆਪਸ ਮੈ ਮੇਲੁ ਕਰਣਾ ਜਦਿ ਅਸੀ ਕਹਿਲੂਰ ਆਵਤੇ ਤਦਿ ਸ੍ਰਬਤਿ ਖਾਲਸੇ ਹਥੀਯਾਰ ਬਨਿ ਕੇ ਹਜੂਰਿ ਆਵਣਾ ਜੋ ਆਵੈਗਾ ਸੋ ਨਿਹਾਲੁ ਹੋਵੇਗਾ।

ਗੁਰੂ ਸਾਹਿਬ ਦੇ ਇਸ ਖਤ ਦੀ ਤਵਾਰੀਖੀ ਅਹਿਮੀਅਤ ਬਹੁਤ ਜਿਆਦਾ ਹੈ। ਗੁਰੂ ਸਾਹਿਬ ਦੇ ਬਾਦਸ਼ਾਹ ਨੂੰ ਮਿਲਣ ਤੇ ਉਸਦੇ ਖਿੱਲਅਤ ਦੇਣ ਦੇ ਜ਼ਿਕਰ ਤੋਂ ਇਲਾਵਾ ਇਸ ਵਿੱਚ ਉਹਨਾਂ ਗੱਲਾਂ ਵੱਲ ਵੀ ਇਸ਼ਾਰਾ ਹੈ ਜੋ ਗੁਰੂ ਦੇ ਸਦਕੇ ਬਾਦਸ਼ਾਹ ਨਾਲ ਹੋ ਰਹੀਆਂ ਸਨ । ਇਹ ਗੱਲਾਂ ਮੁਗਲਾਂ ਦੀ ਸਿੱਖ ਗੁਰੂਆਂ ਨਾਲ ਸਦੀਆਂ ਤੋਂ ਚੱਲੀ ਆ ਰਹੀ ਦੁਸ਼ਮਣੀ ਨੂੰ ਖਤਮ ਕਰਨ ਲਈ ਦੋਸਤਾਂ ਨਾਲ ਗੱਲਬਾਤ ਤੋਂ ਵੱਖਰੀਆਂ ਹੋਰ ਕੀ ਹੋ ਸਕਦੀਆਂ ਸਨ? ਬਾਦਸ਼ਾਹ ਦੇ ਵਰਤਾਓ ਤੋਂ ਗੁਰੂ ਸਾਹਿਬ ਨੇ ਜਾਣ ਲਿਆ ਕਿ ਇਹ ਛੇਤੀ ਹੀ ਸਿਰੇ ਚੜ ਜਾਣਗੀਆਂ ਤੇ ਉਹ ਕੁਝ ਦਿਨ ਤੱਕ ਪੰਜਾਬ ਚ ਜਾ ਸਕਣਗੇ। ਪਰ ਉਹਨਾਂ ਦਾ ਖਿਆਲ ਸੀ ਕਿ ਸ਼ਾਇਦ ਅਨੰਦਪੁਰ ਨੂੰ ਜਾਂਦੇ ਹੋਏ ਰਾਹ ਵਿੱਚ ਕਹਿਲੂਰ ਦੇ ਮੁਕਾਮ ਤੇ ਕਿਸੇ ਨਾ ਕਿਸੇ ਵੱਲੋਂ ਉਹਨਾਂ ਦੀ ਵਿਰੋਧਤਾ ਹੋਵੇਗੀ। ਇਸੇ ਕਰਕੇ ਆਪ ਨੇ ਖਾਲਸਾ ਜੀ ਨੂੰ ਲਿਖਿਆ ਸੀ ਕਿ ਹਥਿਆਰਬੰਦ ਹੋ ਕੇ ਆਪ ਨੂੰ ਮਿਲਣ ਤਾਂ ਜੋ ਸਵੈ ਰੱਖਿਆ ਲਈ ਜੇ ਆਪ ਨੂੰ ਕਿਸੇ ਲੜਾਈ ਵਿੱਚ ਹਿੱਸਾ ਲੈਣਾ ਪਏ ਤਾਂ ਆਪ ਤਿਆਰ ਹੋਣ।

ਗੁਰੂ ਸਾਹਿਬ ਜਰੂਰ ਪੰਜਾਬ ਨੂੰ ਮੁੜ ਆਉਂਦੇ ਪਰ ਜੇ ਬਹਾਦਰ ਸ਼ਾਹ ਦੇ ਭਰਾ ਕਾਮ ਬਖਸ਼ ਦੀ ਬਗਾਵਤ ਨਾ ਹੁੰਦੀ। ਕਾਮ ਬਖਸ਼ ਦੀ ਬਗਾਵਤ ਨੇ ਹਾਲਾਤ ਬਦਲ ਦਿੱਤੇ ਅਤੇ ਗੁਰੂ ਸਾਹਿਬ ਨੂੰ ਬਹਾਦਰ ਸ਼ਾਹ ਨਾਲ ਜਿਸ ਨਾਲ ਕਿ ਗੱਲਬਾਤ ਅਜੇ ਹੋ ਰਹੀ ਸੀ ਦੱਖਣ ਵੱਲ ਨੂੰ ਜਾਣਾ ਪਿਆ। ਨਰਬਦਾ ਨੂੰ ਲੰਘ ਕੇ ਸ਼ਾਹੀ ਕੈਂਪ ਦਰਿਆ ਤਾਪਤੀ ਜਿਸ ਨੂੰ ਕਿ 22 ਤੇ 24 ਜੂਨ 1708 ਦੇ ਵਿਚਕਾਰ ਪਾਰ ਕੀਤਾ ਗਿਆ ਦੇ ਕੰਢੇ ਤੇ ਬੁਰਹਾਨਪੁਰ ਪੁੱਜ ਗਏ। ਬੁਰਹਾਨਪੁਰ ਤੋਂ ਬਾਦਸ਼ਾਹ ਨੇ ਗੁਰੂ ਸਾਹਿਬ ਨੂੰ ਇੱਕ ਜਰੂਰੀ ਸੁਨੇਹਾ ਭੇਜਿਆ। ਉਥੋਂ ਰਾਹ ਮਲਕਾਪੁਰ ਵਾਲਾ ਲਿਆ ਤੇ ਇੱਥੋਂ ਬਾਅਦ ਚੜਦੇ ਸਤੰਬਰ ਵਿੱਚ ਗੁਰੂ ਸਾਹਿਬ ਨੰਦੇੜ ਵਿਖੇ ਪਹੁੰਚ ਗਏ। ਇੱਥੇ ਗੁਰੂ ਸਾਹਿਬ ਨੇ ਇੱਕ ਵੈਸ਼ਨੋ ਬੈਰਾਗੀ ਔਗੜ ਨਾਥ ਦੇ ਚੇਲੇ ਮਾਧੋਦਾਸ ਜਿਸ ਨੂੰ ਕਿ ਲਛਮਣ ਦਾਸ ਵੀ ਕਹਿੰਦੇ ਸਨ ਨੂੰ ਸਿੰਘ ਸਜਾਇਆ। ਜਦ ਗੁਰੂ ਸਾਹਿਬ ਦੱਖਣ ਨੂੰ ਜਾ ਰਹੇ ਸਨ ਤਾਂ ਦਾਦੂ ਦੁਆਰਾ ਜਿਸ ਨੂੰ ਕਿ ਨਰਾਇਣਾ ਵੀ ਕਹਿੰਦੇ ਸਨ, ਜੋ ਜੈਪੁਰ ਰਿਆਸਤ ਦਾ ਸੀ ਇੱਕ ਦਾਦੂਪੰਥੀ ਸਾਧੂ, ਜੈ ਰਾਮ ਜਾਂ ਚੈਤ ਰਾਮ ਨੇ ਆਪ ਨੂੰ ਇਸ ਬੈਰਾਗੀ ਦੇ ਡੇਰੇ ਜਾਣ ਤੋਂ ਮਨਾ ਕੀਤਾ ਸੀ। ਜੈਤ ਰਾਮ ਨੇ ਆਪ ਨੂੰ ਦੱਸਿਆ ਸੀ ਕਿ ਇਹ ਸਾਧੂ ਆਪਣੇ ਡੇਰੇ ਵਿੱਚ ਮਿਲਣ ਆਉਣ ਵਾਲਿਆਂ ਤੇ ਜਾਦੂ ਚਲਾ ਕੇ ਉਹਨਾਂ ਦਾ ਮਖੌਲ ਉਡਾ ਕੇ ਬੜਾ ਖੁਸ਼ ਹੁੰਦਾ ਹੈ। ਪਰ ਗੁਰੂ ਸਾਹਿਬ ਜੀ ਉਸ ਗੁਰੂ ਨਾਨਕ ਸਾਹਿਬ ਦੇ ਚੇਲੇ ਜਾਨਸ਼ੀਨ ਸਨ। ਜੋ ਕਿ ਕਈ ਵਾਰੀ ਇੱਕ ਭੁੱਲੀ ਭਟਕੀਆ ਆਤਮਾ ਨੂੰ ਰਾਹੇ ਪਾਉਣ ਲਈ ਕਈ ਸੋ ਮੀਲਾਂ ਦੇ ਸਫਰ ਤੇ ਤੁਰ ਪੈਂਦੇ ਸਨ। ਗੁਰੂ ਸਾਹਿਬ ਨੇ ਜੈਤ ਰਾਮ ਦੇ ਕਹੇ ਦਾ ਕੋਈ ਖਿਆਲ ਨਾ ਕੀਤਾ ਤੇ ਨੰਦੇੜ ਪਹੁੰਚ ਕੇ ਬੈਰਾਗੀ ਦੇ ਮੱਠ ਨੂੰ ਚੱਲ ਪਏ। ਮਾਧੋਦਾਸ ਉੱਥੇ ਨਹੀਂ ਸੀ।

ਗੁਰੂ ਸਾਹਿਬ ਇੱਕੋ ਮੰਜੀ ਤੇ ਜੋ ਉੱਥੇ ਪਈ ਸੀ ਬੈਰਾਗੀ ਦੇ ਇੰਤਜ਼ਾਰ ਵਿੱਚ ਬੈਠ ਗਏ ਤੇ ਸਿੱਖ ਖਾਣੇ ਲਈ ਮਹਾਂ ਪ੍ਰਸ਼ਾਦ ਬਣਾਉਣ ਵਿੱਚ ਰੁਝ ਗਏ। ਵੈਸ਼ਨੋ ਵੈਰਾਗੀ ਦੇ ਜੋਸ਼ੀਲੇ ਚੇਲੇ ਇਸ ਤੋਂ ਡਾਢੇ ਨਰਾਜ਼ ਹੋਏ ਤੇ ਉਹ ਬੈਰਾਗੀ ਨੂੰ ਇਸ ਅਨੋਖੇ ਪਰਦੇਸੀ ਦੇ ਆਉਣ ਦੀ ਖਬਰ ਦੇਣ ਲਈ ਦੌੜ ਪਏ। ਬੈਰਾਗੀ ਗੁੱਸੇ ਨਾਲ ਲਾਲ ਪੀਲਾ ਹੋ ਗਿਆ। ਪਰ ਗੁਰੂ ਸਾਹਿਬ ਨੂੰ ਮੰਜੇ ਤੋਂ ਡਿੱਗਣ ਲਈ ਉਸਦੇ ਜਾਦੂ ਮੰਤਰ ਭੂਤ ਪ੍ਰੇਤ ਤੇ ਕਾਲੇ ਇਲਮ ਕਿਸੇ ਕੰਮ ਨਾ ਆਏ। ਗੁਰੂ ਸਾਹਿਬ ਦਾ ਮਨ ਬੜਾ ਡਾਢਾ ਸੀ। ਸੋ ਬੈਰਾਗੀ ਦੇ ਸਭ ਯਤਨ ਅਸਫਲ ਰਹੇ। ਜਦ ਨੇੜੇ ਆਇਆ ਤਾਂ ਗੁਰੂ ਗੋਬਿੰਦ ਸਿੰਘ ਜੀ ਵਿੱਚ ਉਸਨੂੰ ਆਪਣਾ ਗੁਰੂ ਦਿਖਾਈ ਦਿੱਤਾ ਤੇ ਉਸੇ ਵੇਲੇ ਚਰਨਾਂ ਤੇ ਢਹਿ ਪਿਆ। ਅਹਿਮਦ ਸ਼ਾਹ ਬਟਾਲੀਏ ਨੇ ਬੈਰਾਗੀ ਦੀ ਗੁਰੂ ਜੀ ਨਾਲ ਮੁਲਾਕਾਤ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਹੈ:

ਮਾਧੋ ਦਾਸ – ਤੁਸੀਂ ਕੌਣ ਹੋ?
ਗੁਰੂ ਗੋਬਿੰਦ ਸਿੰਘ ਜੀ – ਉਹ ਜਿਸ ਨੂੰ ਤੂੰ ਜਾਣਦਾ ਹੈ।
ਮਾਧੋ ਦਾਸ – ਮੈਂ ਕੀ ਜਾਣਦਾ ਹਾਂ ?
ਗੁਰੂ ਗੋਬਿੰਦ ਸਿੰਘ ਜੀ – ਆਪਣੇ ਦਿਲ ਵਿੱਚ ਜਰਾ ਸੋਚ ਖਾਂ ।
ਮਾਧੋ ਦਾਸ – ਕੁਝ ਠਹਿਰ ਕੇ ਤੁਸੀਂ ਗੁਰੂ ਗੋਬਿੰਦ ਸਿੰਘ ਹੋ ?
ਗੁਰੂ ਗੋਬਿੰਦ ਸਿੰਘ ਜੀ – ਹਾਂ ।
ਮਾਧੋ ਦਾਸ – ਤੁਸੀਂ ਇੱਥੇ ਕਿਵੇਂ ਦਰਸ਼ਨ ਦਿੱਤੇ ਨੇ ?
ਗੁਰੂ ਗੋਬਿੰਦ ਸਿੰਘ – ਮੈਂ ਇੱਥੇ ਆਇਆ ਹਾਂ ਇਸ ਲਈ ਕਿ ਤੈਨੂੰ ਆਪਣਾ ਸਿੰਘ ਸਜਾਵਾਂ ।
ਮਾਧੋ ਦਾਸ – ਮੈਨੂੰ ਪ੍ਰਵਾਨ ਹੈ ਮਹਾਰਾਜ ਮੈਂ ਤਾਂ ਤੁਹਾਡਾ ਬੰਦਾ ਹਾਂ ।

madho das to banda bahadur
Pic Credit: The Scottish Sikh / Sikh Missionary

ਘਮੰਡੀ ਤੇ ਅਜਿੱਤ ਬੈਰਾਗੀ ਮਹੰਤ ਗੁਰੂ ਸਾਹਿਬ ਦਾ ਬੰਦਾ ਬਣ ਗਿਆ। ਗੁਰੂ ਸਾਹਿਬ ਨੇ ਇਸ ਤਿਆਗੀ ਨੌਜਵਾਨ ਦੇ ਅੰਦਰ ਪੈਦਾ ਹੋ ਗਈ ਅਗਨੀ ਨੂੰ ਸੁਲਗਾ ਦੇਣ ਲਈ ਤੀਲੀ ਲਾ ਦਿੱਤੀ। ਆਪ ਨੇ ਉਸ ਨੂੰ ਸਿੱਖਾਂ ਵਾਲੇ ਵਸਤਰ ਸ਼ਸਤਰ ਸਜਾ ਦਿੱਤੇ ਤੇ ਪਾਹੁਲ ਦੀ ਪੂਰਨ ਰਹਿਤ ਮਰਿਆਦਾ ਅਨੁਸਾਰ ਉਸ ਨੂੰ ਖਾਲਸੇ ਦਾ ਅਮਰ ਕਰਨ ਵਾਲਾ ਅੰਮ੍ਰਿਤ ਛਕਾ ਦਿੱਤਾ। ਉਸ ਦਾ ਨਵਾਂ ਨਾਮ ਬੰਦਾ ਸਿੰਘ ਰੱਖਿਆ ਗਿਆ। ਪਰ ਉਸ ਦੇ ਜਿਉਂਦਿਆਂ ਤੇ ਉਸਦੇ ਪਿੱਛੋਂ ਉਸਨੂੰ ਉਸਦੇ ਆਪੇ ਚੁਣੇ ਖ਼ਿਤਾਬ ਬੰਦੇ ਦੇ ਨਾਮ ਨਾਲ ਹੀ ਆਮ ਕਰਕੇ ਯਾਦ ਕੀਤਾ ਜਾਂਦਾ ਹੈ। ਗੁਰੂ ਸਾਹਿਬ ਦੇ ਦੱਖਣ ਦੇ ਸਫ਼ਰ ਵਿੱਚ ਸਰਹਿੰਦ ਦੇ ਦੋ ਪਠਾਣਾਂ ਨੇ ਚੋਰੀ-ਚੋਰੀ ਆਪਦਾ ਪਿੱਛਾ ਕੀਤਾ। ਬਹਾਦਰ ਸ਼ਾਹ ਤੇ ਗੁਰੂ ਸਾਹਿਬ ਵਿੱਚਕਾਰ ਵਧੇਰੇ ਨਜ਼ਦੀਕੀ ਸਬੰਧ ਵੱਧਦੇ ਜਾਣ ਨਾਲ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਨੂੰ ਖ਼ਤਰਾ ਭਾਸਣ ਲੱਗ ਪਿਆ। ਗੁਰੂ ਸਾਹਿਬ ਦੇ ਸਿੱਖਾਂ ਤੇ ਹੋਏ ਅੱਤਿਆਚਾਰ ਵਿੱਚੋਂ ਬਹੁਤਿਆਂ ਦੀ ਜ਼ਿੰਮੇਵਾਰੀ ਵਜ਼ੀਰ ਖਾਨ ਤੇ ਸੀ।

Wazir Khan was responsible for many of the atrocities
Pic Credit : Social Media

ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਉਸੇ ਦੇ ਹੁਕਮ ਨਾਲ ਜਿੰਦਾ ਦੀਵਾਰ ਵਿੱਚ ਚੁਣਿਆ ਗਿਆ ਤੇ ਮੁੜ ਕਤਲ ਕਰ ਦਿੱਤਾ ਗਿਆ। ਉਸੇ ਦੀ ਦਗੇਬਾਜ਼ ਫੌਜ ਨਾਲ ਲੜਦੇ ਹੋਏ ਚਮਕੌਰ ਦੀ ਜੰਗ ਵਿੱਚ ਗੁਰੂ ਸਾਹਿਬ ਦੇ ਵੱਡੇ ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋਏ ਸਨ। ਗੁਰੂ ਸਾਹਿਬ ਦੀ ਮਾਤਾ ਨੂੰ ਠੰਡੇ ਬੁਰਜ ਦੇ ਵਿੱਚ ਇਸੇ ਵਜ਼ੀਰ ਖਾਨ ਦੇ ਹੁਕਮ ਨਾਲ ਸ਼ਹੀਦ ਕੀਤਾ ਗਿਆ ਸੀ। ਹੁਣ ਬਾਦਸ਼ਾਹ ਬਹਾਦਰ ਸ਼ਾਹ ਤੇ ਗੁਰੂ ਸਾਹਿਬ ਦੇ ਦੋਸਤਾਨਾ ਤਅੱਲੁਕਾਤ ਤੋਂ ਸਭ ਤੋਂ ਵਧੇਰੇ ਉਹੀ ਡਰਦਾ ਸੀ। ਕਿਉਂਕਿ ਇਹ ਗੱਲ ਆਮ ਉਡੀ ਹੋਈ ਸੀ ਕਿ ਗੁਰੂ ਸਾਹਿਬ ਬਾਦਸ਼ਾਹ ਨਾਲ ਇਸੇ ਲਈ ਜਾ ਰਹੇ ਹਨ ਤਾਂ ਕਿ ਕੋਈ ਤਰੀਕਾ ਲੱਭਿਆ ਜਾਏ ਜਿਸ ਦੇ ਨਾਲ ਉਹਨਾਂ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ ਜਾ ਸਕੇ। ਇਸੇ ਕਰਕੇ ਵਜ਼ੀਰ ਖਾਂ ਇਹ ਜਾਣਦਾ ਸੀ ਕਿ ਜਦੋਂ ਤੱਕ ਗੁਰੂ ਗੋਬਿੰਦ ਸਿੰਘ ਜੀ ਜਿੰਦਾ ਨੇ ਉਸਨੂੰ ਆਪਣੀ ਮੌਤ ਦਾ ਡਰ ਸਤਾਉਂਦਾ ਰਿਹਾ। ਉਸਨੇ ਗੁਰੂ ਸਾਹਿਬ ਨੂੰ ਕਤਲ ਕਰਨ ਲਈ ਇੱਕ ਪਠਾਣ ਲਾਇਆ ਪਰ ਸਾਜ਼ਿਸ਼ ਸਫਲ ਨਾ ਹੋ ਸਕੀ ਤੇ ਪਠਾਣ ਦੇ ਪੁੱਤਰਾਂ ਦੇ ਜਜ਼ਬਾਤ ਨੂੰ ਸੁਖਾਲੇ ਹੀ ਭੜਕਾ ਦਿੱਤਾ ਤੇ ਗੁਰੂ ਸਾਹਿਬ ਦੇ ਵਿਰੁੱਧ ਉਕਸਾ ਕੇ ਦੱਖਣ ਨੂੰ ਭੇਜਿਆ ਤਾਂ ਜੋ ਮੌਕਾ ਮਿਲਣ ਪਰ ਆਪ ਨੂੰ ਕਤਲ ਕਰ ਦੇਣ। ਚਤੁਰ ਯੁਗੀ ਤੋ ਪਤਾ ਲੱਗਦਾ ਹੈ ਕਿ ਇਹ ਪਠਾਣ ਪਹਿਲੋਂ ਦਿੱਲੀ ਗਏ ਤੇ ਉਹਨਾਂ ਨੇ ਮਹਿਲ ਮਾਤਾ ਸੁੰਦਰੀ ਜੀ ਤੋਂ ਉਹਨਾਂ ਦੇ ਮੁਕਾਮ ਦਾ ਪਤਾ ਕਰਕੇ ਆਪਣੀ ਕਾਤਲਾਨਾ ਸਾਜਿਸ਼ ਨੂੰ ਪੂਰਾ ਕਰਨ ਲਈ ਦੱਖਣ ਵੱਲ ਨੂੰ ਤੁਰ ਪਏ। ਸ੍ਰੀ ਗੁਰੂ ਸੋਭਾ ਅਨੁਸਾਰ ਨਦੇੜ ਸਾਹਿਬ ਵਿਖੇ ਪਹੁੰਚ ਕੇ ਇਹ ਪਠਾਣ ਦੂਜੇ ਤੀਜੇ ਦਿਨ ਗੁਰੂ ਸਾਹਿਬ ਪਾਸ ਆਉਂਦੇ ਪਰ ਉਹਨਾਂ ਦਾ ਦਾਉ ਨਾ ਲੱਗ ਸਕਿਆ।

Pathans stabbed guru sahib
Pic Credit : Social Media

ਅਖੀਰ ਇੱਕ ਦਿਨ ਸ਼ਾਮ ਰਹਿਰਾਸ ਪਿੱਛੋਂ ਜਦ ਗੁਰੂ ਸਾਹਿਬ ਜਰਾ ਆਰਾਮ ਕਰ ਰਹੇ ਸਨ ਤਾਂ ਇਹਨਾਂ ਵਿੱਚੋਂ ਇੱਕ ਪਠਾਣ ਹੋਲੀ ਜਿਹੇ ਅੱਗੇ ਹੋਇਆ ਤੇ ਆਪ ਦੀ ਖੱਬੀ ਵੱਖੀ ਵਿੱਚ ਦਿਲ ਦੇ ਜਰਾ ਹੇਠਾਂ ਛੁਰਾ ਖੋਭ ਦਿੱਤਾ। ਪਰ ਉਸਦੇ ਹੋਰ ਵਾਰ ਕਰਨ ਦੇ ਪਹਿਲੋਂ ਗੁਰੂ ਸਾਹਿਬ ਨੇ ਭਗਉਤੀ ਨਾਲ ਹੀ ਉਸਨੂੰ ਟਿਕਾਣੇ ਲਗਾ ਦਿੱਤਾ ਤੇ ਉਸਦੇ ਭੱਜੇ ਜਾਂਦੇ ਸਾਥੀ ਨੂੰ ਸਿੱਖਾਂ ਦੀਆਂ ਤਲਵਾਰਾਂ ਨੇ ਬੰਨੇ ਲਾ ਛੱਡਿਆ। ਜਦ ਬਹਾਦਰ ਸ਼ਾਹ ਨੂੰ ਇਹ ਗੱਲ ਪਤਾ ਲੱਗੀ ਤਾਂ ਉਸਨੇ ਆਪਣੇ ਇੱਕ ਫਰੰਗੀ ਡਾਕਟਰ ਕੋਲ ਜਾ ਕਾਲ ਨੂੰ ਗੁਰੂ ਸਾਹਿਬ ਦੇ ਇਲਾਜ ਲਈ ਭੇਜਿਆ ਕੁਝ ਦਿਨਾਂ ਵਿੱਚ ਜਖਮ ਭਰ ਗਿਆ ਤੇ ਗੁਰੂ ਸਾਹਿਬ ਤੁਰਨ ਫਿਰਨ ਦੇ ਕਾਬਲ ਹੋ ਗਏ। ਪਰ ਜਖਮ ਅੰਦਰੋਂ ਅਜੇ ਅੱਲਾ ਸੀ ਇੱਕ ਦਿਨ ਗੁਰੂ ਸਾਹਿਬ ਨੇ ਇੱਕ ਸਖ਼ਤ ਕਮਾਨ ਦਾ ਜ਼ੋਰ ਨਾਲ ਖਿੱਚ ਕੇ ਚਿੱਲਾ ਚਾੜ੍ਹਿਆ ਤਾਂ ਉਹ ਜਖਮ ਮੁੜ ਖੁੱਲ ਗਿਆ ਤੇ ਲਹੂ ਤੇ ਜਿਆਦਾ ਵਗਣ ਦੇ ਨਾਲ ਗੁਰੂ ਜੀ ਬਹੁਤ ਕਮਜ਼ੋਰ ਹੋ ਗਏ। ਅੱਧੀ ਰਾਤ ਦੇ ਜਰਾ ਪਿੱਛੋਂ ਗੁਰੂ ਜੀ ਨੇ ਆਖਰੀ ਫ਼ਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਗਜਾਈ ਤੇ 7 ਅਕਤੂਬਰ 1708 ਈਸਵੀ ਦੀ ਸਵੇਰ ਦੀਆਂ ਰੰਬਕ ਘੜੀਆਂ ਵਿੱਚ ਜੋਤੀ ਜੋਤ ਸਮਾ ਗਏ।

Asst. Prof. Ravinder Singh

PG Department of History Sri Guru Teg Bahadur Khalsa College, Sri Anandpur Sahib, Ropar, Punjab.

Post navigation

Leave a Comment

Leave a Reply

Your email address will not be published. Required fields are marked *