The Historical Journey of Dashmesh Pita

ਚਮਕੌਰ ਤੋਂ ਮਾਛੀਵਾੜੇ ਤੱਕ: ਦਸਮੇਸ਼ ਪਿਤਾ ਦੀ ਇਤਿਹਾਸਕ ਯਾਤਰਾ

ਦਸੰਬਰ 1704 ਈਸਵੀ ਦੀਆਂ ਠੰਡੀਆਂ ਪੋਹ ਦੀਆਂ ਰਾਤਾਂ ਸੀ, ਜਦੋਂ ਵੱਡੇ ਪਰਿਵਾਰ ਵਾਲਾ, ਵੱਡੇ ਵਕਾਰ ਤੇ ਸਤਿਕਾਰ ਵਾਲਾ ਗੁਰੂ ਗੋਬਿੰਦ ਸਿੰਘ ਅੱਜ ਇਕੱਲੇ ਹੀ ਪੈਦਲ ਹੋ ਤੁਰਦਾ ਜਾ ਰਿਹਾ ਸੀ। ਆਨੰਦਪੁਰ ਸਾਹਿਬ ਤੋਂ ਨੀਲੇ ਘੋੜੇ ਦੀ ਸਵਾਰੀ ਉੱਤੇ ਆਏ ਤੇ ਸਰਸਾ ਪਾਰ ਕਰ ਚਮਕੌਰ ਦੀ ਗੜੀ ਵਿੱਚ ਅੱਪੜੇ ਸਨ। ਗੜੀ ਤੋਂ ਬਾਅਦ ਘੋੜਾ ਵੀ ਛੱਡਿਆ ਤੇ ਪੈਦਲ ਬਾਹਰ ਹੋ ਤੁਰੇ ਸਨ। ਗੁਰੂ ਜੀ ਨੇ ਮੋਢੇ ਤੇ ਬੰਦੂਕ ਲਟਕਾਈ ਤੇ ਸ਼ਸਤਰਾਂ ਦੀ ਸਨੱਧ ਬੰਧ ਰੂਪਤਾ ਵਿੱਚ ਯੋਧਾ ਰੂਪ ਹੋ ਤਾੜੀ ਮਾਰ ਗੜੀ ਚੋਂ ਨਿਕਲੇ ਸਨ। ਪਤਾ ਸੀ ਜੇ ਮੁਕਾਬਲੇ ਹੋ ਪਏ ਤਾਂ ਖਾਲੀ ਨਿਹੱਥੇ ਫੜੇ ਨਾ ਜਾਈਏ ਸਗੋਂ ਜੁੱਝ ਕੇ ਮਰਨਾ ਚੰਗਾ ਹੈ। ਨਾਲ ਹੀ ਗੁਰੂ ਜੀ ਦੇ ਪਾਸ ਕੁਝ ਖਾਸ ਸ਼ਸਤਰ ਬਜ਼ੁਰਗਾਂ ਦੀ ਯਾਦਗਾਰ ਸਨ। ਉਹਨਾਂ ਸ਼ਸਤਰਾਂ ਨੂੰ ਉਹ ਸਦਾ ਸੰਭਾਲ ਕੇ ਰੱਖਦੇ ਤੇ ਗੜੀ ਛੱਡਣ ਵੇਲੇ ਉਹ ਸ਼ਸਤਰ ਵੀ ਕਮਰ ਕੱਸੇ ਵਿੱਚ ਸਨ। ਇਹ ਉਹ ਸ਼ਸਤਰ ਸਨ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਦੀਆਂ ਨਿਸ਼ਾਨੀਆਂ ਵਜੋਂ ਸਨ। ਜੋ ਉਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਪਾਸ ਸੰਭਾਲੇ ਸਨ ਤੇ ਦਿੱਲੀ ਜਾਣ ਤੋਂ ਪਹਿਲਾਂ ਉਹ ਸ਼ਸਤਰ ਗੁਰੂ ਤੇਗ ਬਹਾਦਰ ਜੀ ਨੇ ਉਦੋਂ ਬਾਲ ਗੋਬਿੰਦ ਰਾਏ ਨੂੰ ਸੰਭਾਲੇ ਸਨ।

ਹੁਣ ਹਨੇਰੀ ਰਾਤ ਵਿੱਚ ਚਮਕੌਰ ਛੱਡ ਪੱਛਮ ਨੂੰ ਤੁਰਦੇ-ਤੁਰਦੇ ਗੁਰੂ ਜੀ ਇੱਕ ਪਿੰਡ ਰਹਿਮਪੁਰ ਪਾਸੋਂ ਲੰਘੇ ਅਤੇ ਕੀੜੀ ਗੁੱਜਰਾਂ ਵਾਲੀ ਦੇ ਨੇੜੇ ਪਹੁੰਚੇ। ਇਹ ਥਾਂ ਚਮਕੌਰ ਤੋਂ ਤਿੰਨ ਮੀਲਾਂ ਉੱਤੇ ਸੀ। ਇੱਥੇ ਗੁਰੂ ਜੀ ਨੂੰ ਇਸ ਪਿੰਡ ਦੇ ਦੋ ਗੁੱਜਰ ਅਲਫੂ ਅਤੇ ਗਾਮੂੰ ਆਪਣੀਆਂ ਗੁੰਮ ਹੋਈਆਂ ਮੱਝਾਂ ਨੂੰ ਭਾਲਦੇ ਮਿਲ ਪਏ। ਗੁਰੂ ਜੀ ਨੇ ਉਹਨਾਂ ਨੂੰ ਕੁਝ ਮੋਹਰਾਂ ਦੇ ਕੇ ਚੁੱਪ ਕਰਵਾਇਆ ਤੇ ਅੱਗੇ ਹੋ ਤੁਰੇ। ਇੱਥੋਂ ਤੇਜ਼ੀ ਨਾਲ ਚਲਦੇ ਹੋਏ ਅੱਗੇ ਨਿਕਲਦੇ ਹੋਏ ਗੁਰੂ ਸਾਹਿਬ ਦਾ ਜੋੜਾ ਬਰਸਾਤੀ ਮੌਸਮ ਕਾਰਨ ਮਿੱਟੀ ਵਿੱਚ ਖੁਭ ਗਿਆ ਤੇ ਨੰਗੇ ਪੈਰੀ ਹੋ ਗਏ। ਨੰਗੇ ਪੈਰੀ ਤੁਰਦੇ ਇੱਕ ਜੰਡ ਹੇਠਾਂ ਖਲੋ ਕੇ ਪੈਰਾਂ ਨੂੰ ਪੂੰਝ ਗੁਰੂ ਜੀ ਅੱਗੇ ਹੋ ਤੁਰੇ ਸੀ। ਇਸੇ ਥਾਂ ਹੁਣ ਜੰਡ ਸਾਹਿਬ ਨਾਂ ਦਾ ਗੁਰਦੁਆਰਾ ਹੈ। ਨੰਗੇ ਪੈਰੀ ਚਲਦੇ-ਚਲਦੇ ਗੁਰੂ ਜੀ ਬਹਲੋਲ ਪਹੁੰਚੇ ਤੇ ਇੱਥੋਂ ਦੇ ਇੱਕ ਗੁਰੂ ਘਰ ਦੇ ਵਾਕਫ਼ ਨਗੀਨਾ ਮੱਲ ਨੂੰ ਬੁਲਾਇਆ। ਰਾਤ ਦਾ ਅੰਧੇਰਾ ਹੋਣ ਕਾਰਨ ਤੇ ਬਾਗਿਯਾਨਾ ਹਾਲਤ ਵਿੱਚ ਆਪਣੇ ਪਾਸ ਆਇਆ ਦੇਖ ਕੇ ਨਗੀਨਾ ਮੱਲ ਡਰ ਗਿਆ ਤੇ ਨਾਲ ਹੋ ਕੇ ਜੰਡਾਂ ਕ੍ਰੀਰਾਂ ਦੇ ਝਾੜਾਂ ਵਿੱਚੋਂ ਕੱਢ ਕੇ ਗੁਰੂ ਜੀ ਨੂੰ ਮਾਛੀਵਾੜੇ ਦੇ ਲਗਭਗ ਤਿੰਨ ਮੀਲਾਂ ਦੀ ਵਿੱਥ ਤੇ ਛੱਡ ਵਾਪਸ ਤੁਰਿਆ। ਇਸੇ ਥਾਂ ਹੁਣ ਝਾੜ ਸਾਹਿਬ ਨਾਂ ਦਾ ਮਸ਼ਹੂਰ ਗੁਰਦੁਆਰਾ ਹੈ। ਹੁਣ ਗੁਰੂ ਜੀ ਤੁਰਦੇ-ਤੁਰਦੇ ਮਾਛੀਵਾੜੇ ਦੇ ਨੇੜੇ ਅੱਪੜ ਪਏ। ਮਾਛੀਵਾੜਾ ਉਸ ਵੇਲੇ ਦਾ ਮਸ਼ਹੂਰ ਕਸਬਾ ਸੀ। ਪਿੰਡ ਦੇ ਉੱਤਰ ਵੱਲ ਸਤਲੁਜ ਦਰਿਆ ਦਾ ਇੱਕ ਵਹਿਣ ਵਗਦਾ ਸੀ। ਗੁਰੂ ਜੀ ਮਾਛੀਵਾੜੇ ਦੇ ਬਾਹਰ ਵਾਰ ਇੱਕ ਸੰਘਣੇ ਬਾਗ਼ ਵਿੱਚ ਘੁੱਪ ਹਨੇਰੇ ਵਿੱਚ ਪਹੁੰਚੇ ਤੇ ਬਾਗ਼ ਦੇ ਨੇੜੇ ਹੀ ਖੂਹ ਉੱਤੇ ਜਾ ਬੈਠੇ। ਇੱਥੇ ਖੂਹ ਦੀ ਟਿੰਡ ਖੋਲ ਕੇ ਗੁਰੂ ਜੀ ਨੇ ਜਲ ਛਕਿਆ ਤੇ ਥੋੜੀ ਵਿੱਥ ਉੱਤੇ ਪੱਧਰੀ ਥਾਂ ਦੇਖ ਕੇ ਖਾਲੀ ਟਿੰਡ ਸਿਰਹਾਣੇ ਰੱਖ ਭੁੰਝੇ ਹੀ ਸੌਂ ਗਏ। ਇਹ ਥਾਂ ਚਮਕੌਰ ਸਾਹਿਬ ਤੋਂ 12 ਮੀਲਾਂ ਦੀ ਦੂਰੀ ਤੇ ਸੀ। ਕਈ ਰਾਤਾਂ ਦਾ ਉਨੀਂਦਰਾ ਅਤੇ ਪੈਦਲ ਚੱਲਿਆਂ ਦਾ ਥਕੇਵਾਂ ਸੀ। ਜਿਸ ਕਾਰਨ ਗੁਰੂ ਜੀ ਦੀ ਅੱਖ ਛੇਤੀ ਹੀ ਲੱਗ ਗਈ। ਇਤਿਹਾਸਕਾਰ ਲਿਖਦੇ ਨੇ ਕਿ ਅੱਜ ਗੂੜ੍ਹੀ ਨੀਂਦਰੇ ਅਤੇ ਬੇਫਿਕਰੀ ਦਾ ਸੌਣਾ ਵੀ ਜਰੂਰੀ ਸੀ। ਕਿਉਂਕਿ ਪੁੱਤਰਾਂ ਨੂੰ ਸੂਰਮਤਾਈ ਦਾ ਸਰਟੀਫ਼ੀਕੇਟ ਲੈਂਦੇ ਡਿੱਠਾ ਸੀ।

ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ I
ਪੁਰਜਾ ਪੁਰਜਾ ਕਟ ਮਰੇ ਕਬਹੂ ਨ ਛਾਡੈ ਖੇਤ II

Surah So Pehchaniye Jo Lade Din Ke Het
Pic Credit: SikhNet

ਅਜੇ ਕੱਲ ਹੀ ਦੋਹਾਂ ਵੱਡੇ ਸਾਹਿਬਜ਼ਾਦਿਆਂ ਨੇ ਪੁਰਜਾ-ਪੁਰਜਾ ਕੱਟ ਕੇ ਸ਼ਹੀਦੀ ਪਾਈ ਸੀ। ਇਹ ਗੁਰੂ ਜੀ ਦੇ ਆਪਣੇ ਅਸੂਲ ਦੀ ਜਿੱਤ ਸੀ। ਜੋ ਦੋਵੇਂ ਵੱਡੇ ਸਾਹਿਬਜ਼ਾਦਿਆਂ ਨੇ ਚਮਕੌਰ ਦਾ ਸਵੰਬਰ ਜਿੱਤਿਆ ਤੇ ਲਾੜੀ ਮੌਤ ਵਿਆਹੀ ਸੀ। ਸੂਰਜ ਚੜਨ ਵਾਲਾ ਸੀ ਤੇ ਗੁਰੂ ਜੀ ਦੀ ਅੱਖ ਖੁੱਲੀ। ਪੋਹ ਦੀ ਠੰਡੀ ਪੌਣ ਤੇ ਗਿੱਲੀ ਧਰਤੀ ਨੇ ਬਹੁਤਾ ਸੌਣ ਨਹੀਂ ਦਿੱਤਾ ਸੀ। ਅੱਖ ਖੁੱਲਦੇ ਹੀ ਮਨ ਵਿੱਚ ਖਿਆਲ ਆਇਆ ਕਿ ਮੇਰੇ ਪਿਆਰੇ ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ ਸ਼ਹੀਦ ਹੋ ਚੁੱਕੇ ਹੋਣਗੇ। ਉਹਨਾਂ ਦੀਆਂ ਦਿੱਬ ਜੋਤਾਂ ਯਾਰ ਪ੍ਰੀਤਮ ਦੇ ਦੇਸ਼ ਨੂੰ ਜਾ ਰਹੀਆਂ ਹੋਣਗੀਆਂ। ਗੁਰੂ ਜੀ ਨੇ ਵੈਰਾਗ ਭਰੀ ਸੁਰ ਨਾਲ ਗਾਇਆ,

ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ I
ਤੁਧ ਬਿਨ ਰੋਗ ਰਜਾਈਆਂ ਦਾ ਉੱਢਣ ਨਾਗ ਨਿਵਾਸਾਂ ਦਾ ਰਹਿਣਾਂ I
ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ I
ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ I

mittar pyare nu
Pic Credit: Discover Sikhism

ਚਮਕੌਰ ਦੀ ਗੜੀ ਤੋਂ ਨਾਲ ਨਿਕਲੇ ਸਿੰਘ ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਜੋ ਗੁਰੂ ਜੀ ਤੋਂ ਵਿਛੜ ਪਏ ਸਨ ਗੁਰੂ ਜੀ ਨੂੰ ਭਾਲਦੇ ਹੋਏ ਆਵਾਜ਼ ਸੁਣਦੇ ਸਾਰ ਸੇਧ ਨੂੰ ਤੁਰੇ ਆਏ। ਹੋਰ ਨੇੜੇ ਹੋਏ ਤਾਂ ਗੁਰੂ ਸਾਹਿਬ ਦੇ ਸੱਜੇ ਹੱਥ ਲੱਗੇ ਦਸਤਾਨੇ ਦੇ ਅੰਗੂਠੇ ਉੱਤੇ ਜੜੇ ਨੱਗ ਦਾ ਝਲਕਾਰਾ ਵੱਜਿਆ। ਤੀਰ ਕਮਾਣ ਦੇ ਮਾਹਿਰ ਸੂਰਮੇ ਦਸਤਾਨਾ ਚੜਾ ਕੇ ਜੰਗ ਵਿੱਚ ਕਈ-ਕਈ ਘੰਟੇ ਤੀਰ ਚਲਾਉਂਦੇ ਸਨ। ਗੁਰੂ ਜੀ ਨੇ ਆਪਣੇ ਉਸ ਦਸਤਾਨੇ ਤੇ ਗੁਲਸਤਾਨ ਦਾ ਨਗ ਚੜਾਇਆ ਹੋਇਆ ਸੀ। ਉਸ ਨਗ ਦੀ ਚਮਕ ਨੇ ਹੀ ਇਹਨਾਂ ਸਿੰਘਾਂ ਨੂੰ ਰਾਹ ਵਿਖਾਇਆ ਸੀ। ਜਦੋਂ ਸਿੰਘ ਨੇੜੇ ਆਏ ਤਾਂ ਭੁੰਝੇ ਗੁਰੂ ਜੀ ਨੂੰ ਵੇਖਿਆ। ਗੁਰੂ ਜੀ ਦੇ ਪੈਰਾਂ ਦੀਆਂ ਤਲੀਆਂ ਛਿੱਲੀਆਂ ਹੋਈਆਂ ਸਨ। ਲਹੂ ਜੰਮ ਚੁੱਕਿਆ ਸੀ। ਗੁਰੂ ਜੀ ਦੇ ਹੋਰ ਕੁਝ ਪੁੱਛਣ ਤੋਂ ਪਹਿਲਾਂ ਹੀ ਸਿੱਖਾਂ ਨੇ ਬੇਨਤੀ ਕੀਤੀ ਹੇ ਨਾਨਕ ਬੇਪਰਵਾਹ ਦੀ ਦਸਵੀਂ ਜੋਤ ਬੇਪਰਵਾਹੀ ਨਾਲ ਇੱਥੇ ਪਏ ਰਹਿਣ ਦਾ ਵੇਲਾ ਨਹੀਂ। ਪਾਤਸ਼ਾਹ ਸੂਰਜ ਚੜਨ ਵਾਲਾ ਹੈ ਤੇ ਇੱਥੇ ਪਿੰਡ ਤੋਂ ਬਾਹਰ ਠਹਿਰਨਾ ਠੀਕ ਨਹੀਂ। ਪਿੰਡ ਦੇ ਲੋਕ ਵੇਖਣਗੇ ਤਾਂ ਚਰਚਾ ਚਲ ਨਿਕਲੇਗੀ। ਗੁਰੂ ਜੀ ਦੇ ਸਿੱਖਾਂ ਨੇ ਦੱਸਿਆ ਗੁਲਾਬੇ ਸਿੱਖ ਮਸੰਦ ਦਾ ਘਰ ਇਥੋਂ ਨੇੜੇ ਹੀ ਹੈ। ਸਾਨੂੰ ਉੱਥੇ ਪੁੱਜ ਜਾਣਾ ਚਾਹੀਦਾ। ਜਦੋਂ ਗੁਲਾਬੇ ਨੂੰ ਪਤਾ ਲੱਗਿਆ ਤਾਂ ਉਹ ਵੀ ਆਇਆ ਤੇ ਉਸਨੇ ਨਮਸਕਾਰ ਕਰਕੇ ਘਰ ਚੱਲਣ ਨੂੰ ਬੇਨਤੀ ਕੀਤੀ। ਜਦੋਂ ਪਹਾੜੀ ਤੇ ਮੁਗਲ ਫੌਜਾਂ ਨੂੰ ਪਤਾ ਲੱਗਾ ਕਿ ਜਿਸ ਨੂੰ ਉਹਨਾਂ ਨੇ ਗੜੀ ਵਿੱਚ ਮਾਰਿਆ ਹੈ ਉਹ ਗੁਰੂ ਗੋਬਿੰਦ ਸਿੰਘ ਨਹੀਂ ਤਾਂ 10 ਹਜ਼ਾਰ ਦੀ ਫੌਜ ਨੂੰ ਦਸਤੇ ਬਣਾ-ਬਣਾ ਕੇ ਗੁਰੂ ਨੂੰ ਜਿੰਦਾ ਜਾਂ ਮੁਰਦਾ ਫੜਨ ਲਈ ਚੌਹੀ ਪਾਸੀ ਖਿੰਡਾ ਦਿੱਤਾ ਗਿਆ।

ਰਾਤ ਵੇਲੇ ਗੁਰੂ ਸਾਹਿਬ ਗੁਲਾਬੇ ਮਸੰਦ ਦੇ ਚੁਬਾਰੇ ਵਿੱਚ ਪਹੁੰਚੇ ਤੇ ਇੱਥੇ ਦੋਨੋਂ ਭਰਾਵਾਂ ਨੇ ਰਲ ਕੇ ਗੁਲਾਬੇ ਮਸੰਦ ਤੇ ਉਸਦੇ ਭਰਾ ਪੰਜਾਬੇ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ। ਗੁਰੂ ਜੀ ਨੂੰ ਪ੍ਰਸ਼ਾਦਾ ਛਕਾਇਆ ਤੇ ਵਿਸ਼ਰਾਮ ਕਰਨ ਲਈ ਵਧੀਆ ਪਲੰਗ ਤਿਆਰ ਕੀਤਾ। ਮਾਛੀਵਾੜੇ ਵਿੱਚ ਗੁਲਾਬੇ ਤੇ ਪੰਜਾਬੇ ਦੀ ਇੱਕ ਭੈਣ ਹਰ ਦਈ ਵੀ ਸੀ। ਜੋ ਨੇੜੇ ਹੀ ਰਹਿੰਦੀ ਸੀ। ਇਹ ਗੁਰੂ ਘਰ ਦੀ ਬਹੁਤ ਹੀ ਪਿਆਰੀ ਸ਼ਰਧਾਲੂ ਸੀ ਤੇ ਹਰ ਸਾਲ ਗੁਰੂ ਦਰਸ਼ਨਾਂ ਲਈ ਅਨੰਦਪੁਰ ਸਾਹਿਬ ਜਾਂਦੀ ਸੀ। ਇਹ ਹਮੇਸ਼ਾ ਆਪਣੇ ਹੱਥੀ ਕੱਤੇ ਖੱਦਰ ਦਾ ਪੋਸ਼ਾਕ ਗੁਰੂ ਜੀ ਨੂੰ ਭੇਟ ਕਰਦੀ ਸੀ। ਪਰ ਹੁਣ ਕਈ ਸਾਲਾਂ ਤੋਂ ਅਨੰਦਪੁਰ ਸਾਹਿਬ ਨਾ ਜਾ ਸਕੀ ਸੀ ਤੇ ਗੁਰੂ ਜੀ ਦੇ ਦਰਸ਼ਨਾਂ ਦੀ ਤੜਫ ਰੱਖਦੀ ਸੀ। ਜਦੋਂ ਹਰ ਦਈ ਨੂੰ ਗੁਰੂ ਜੀ ਦੇ ਆਉਣ ਦਾ ਪਤਾ ਲੱਗਿਆ ਤਾਂ ਨਿਹਾਲ ਹੋਈ ਅਤੇ ਦਰਸ਼ਨ ਕਰਨ ਵੇਲੇ ਜੋ ਪਿਛਲੇ ਦੋ ਤਿੰਨ ਵਰਿਆਂ ਤੋਂ ਪੋਸ਼ਾਕਾਂ ਨਾ ਭੇਟ ਕਰ ਸਕੀ ਸੀ ਲੈ ਕੇ ਆਪਣੇ ਭਰਾਵਾਂ ਗੁਲਾਬੇ ਤੇ ਪੰਜਾਬੇ ਦੇ ਘਰ ਪਹੁੰਚ ਗਈ। ਗੁਲਾਬੇ ਦੇ ਘਰ ਹਜੇ ਇੱਕ ਰਾਤ ਹੀ ਬੀਤੀ ਸੀ ਭਰਾਵਾਂ ਨੇ ਸੇਵਾ ਤਾਂ ਬਹੁਤ ਕੀਤੀ ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੁਗਲ ਸੈਨਾ ਭਾਲਦੀ ਹੋਈ ਮਾਛੀਵਾੜੇ ਤੱਕ ਪਹੁੰਚ ਚੁੱਕੀ ਹੈ ਤਾਂ ਡਰਦੇ ਹੋਇਆ ਨੇ ਇਹ ਗੱਲ ਗੁਰੂ ਜੀ ਨੂੰ ਦੱਸ ਦਿੱਤੀ ਤੇ ਨਾਲ ਹੀ ਖੱਦਰ ਦਾ ਇੱਕ ਰੇਜਾ ਅਤੇ ਕੁਝ ਨਗਦੀ ਧਰ ਕੇ ਮੱਥਾ ਟੇਕਿਆ। ਗੁਰੂ ਗੋਬਿੰਦ ਸਿੰਘ ਜੀ ਮੁਸਕਰਾਏ ਤੇ ਉਹਨਾਂ ਨੇ ਇਹ ਜਾਣ ਲਿਆ ਕਿ ਗੁਲਾਬ ਡਰ ਗਿਆ ਹੈ ਤੇ ਹੁਣ ਉਹਨਾਂ ਨੂੰ ਵਿਦਾ ਕਰ ਰਿਹਾ ਹੈ। ਮਾਛੀਵਾੜੇ ਤੋਂ ਕੁਝ ਦੂਰ ਨਬੀ ਖਾਂ, ਗਨੀ ਖਾਂ ਦੋ ਪਠਾਨ ਭਰਾ ਜੋ ਕਿ ਗੁਰੂ ਘਰ ਦੇ ਨਜ਼ਦੀਕੀ ਸ਼ਰਧਾਲੂਆਂ ਵਿੱਚੋਂ ਸਨ ਤੇ ਦੱਖਣ ਦੀ ਦਿਸ਼ਾ ਵਿੱਚ ਰਹਿੰਦੇ ਸਨ। ਇਹ ਦੋਨੋਂ ਭਰਾ ਗੁਰੂ ਜੀ ਦੇ ਬੜੇ ਪਿਆਰੇ ਸਨ ਤੇ ਪਹਿਲਾਂ ਇਹਨਾਂ ਨੇ ਕੁਝ ਚਿਰ ਅਨੰਦਪੁਰ ਸਾਹਿਬ ਨੌਕਰੀ ਕੀਤੀ ਸੀ। ਹੁਣ ਇਹ ਘੋੜਿਆਂ ਦੀ ਸੌਦਾਗਰੀ ਕਰਦੇ ਸਨ ਅਤੇ ਚੰਗੇ ਘੋੜੇ ਦੂਰ ਦੁਰਾਡੇ ਤੋਂ ਲਿਆ ਕੇ ਵੇਚਦੇ ਤੇ ਵੱਖਰੇ ਇਨਾਮ ਪ੍ਰਾਪਤ ਕਰਦੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਨੂੰ ਗੁਲਾਬੇ ਦੇ ਚੁਬਾਰੇ ਵਿੱਚ ਬੁਲਾਇਆ ਤੇ ਇਹ ਦੋਨੋਂ ਭਰਾ ਗੁਰੂ ਜੀ ਨੂੰ ਮਿਲਣ ਲਈ ਗੁਲਾਬੇ ਦੇ ਘਰ ਪਹੁੰਚੇ ਅਤੇ ਜਦੋਂ ਗੁਰੂ ਜੀ ਨੂੰ ਇਹ ਪਤਾ ਲੱਗਾ ਕਿ ਦੋਨੋਂ ਭਰਾ ਨਬੀ ਖਾਂ, ਗਨੀ ਖਾਂ ਗੁਲਾਬੇ ਦੇ ਘਰ ਪਹੁੰਚ ਗਏ ਹਨ ਤਾਂ ਗੁਰੂ ਜੀ ਨੇ ਉਹਨਾਂ ਨੂੰ ਆਪਣੇ ਪਾਸ ਬੁਲਾਇਆ ਤੇ ਦੋਨੋਂ ਭਰਾਵਾਂ ਨੇ ਗੁਰੂ ਜੀ ਦੇ ਦਰਸ਼ਨ ਕਰਕੇ ਸਿਜਦਾ ਕੀਤਾ। ਸੂਰਜ ਪ੍ਰਕਾਸ਼ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਇਉਂ ਲਿਖਿਆ ਹੈ

ਸਦਨ ਗੁਲਾਬੇ ਕੇ ਤਬ ਆਇ ਸੁਨਿ ਸ੍ਰੀ ਪ੍ਰਭ ਨੇ ਲੀਨ ਹਕਾਰ
ਦਰਸ਼ਨ ਤੇ ਅਭਿ ਬੰਦਨ ਕਰਕੈ ਬੈਠ ਗਇ ਢਿੱਗ ਕੀਨ ਉਚਾਰ

Guru Gobind Singh Ji
Pic Credit: TOI

ਇਹ ਦੋਵੇਂ ਪਠਾਣ ਭਰਾ ਜਦੋਂ ਗੁਰੂ ਜੀ ਕੋਲ ਆਏ ਸਨ ਤਾਂ ਪੂਰੀਆਂ ਦਾਹੜੀਆਂ ਤੇ ਪਠਾਣੀ ਵੇਸ ਨੀਲੇ ਕੱਪੜਿਆਂ ਵਿੱਚ ਸਨ। ਗੁਰੂ ਜੀ ਨੇ ਪਿਆਰ ਭਰੇ ਬਚਨਾਂ ਨਾਲ ਉਹਨਾਂ ਨੂੰ ਆਪਣੇ ਪਾਸ ਬਿਠਾਇਆ। ਪਰ ਉਹਨਾਂ ਦੇ ਗਲੇ ਗੱਚ ਨਾਲ ਭਰੇ ਸਨ। ਉਹਨਾਂ ਨੇ ਗੁਰੂ ਜੀ ਨੂੰ ਦੱਸਿਆ ਕਿ ਮੁਗਲ ਫੌਜ ਦੇ ਦਸਤੇ ਮਾਛੀਵਾੜੇ ਦੇ ਸ਼ਹਿਰ ਵਿੱਚ ਫਿਰ ਰਹੇ ਹਨ। ਗੁਲਾਬੇ ਦੇ ਘਰ ਰਹਿਣਾ ਆਪ ਲਈ ਵਧੇਰੇ ਠੀਕ ਨਹੀਂ। ਸਾਡੇ ਗਰੀਬ ਖਾਨੇ ਵਿੱਚ ਚੱਲ ਕੇ ਨਿਵਾਸ ਰੱਖੀਏ ਅਤੇ ਬਚਾਓ ਦੀ ਸੋਚੀਏ। ਗੁਰੂ ਜੀ ਉਨ੍ਹਾਂ ਦੀ ਗੱਲ ਸੁਣ ਕੇ ਪਹਿਲਾਂ ਚੁੱਪ ਹੋਏ ਤੇ ਫਿਰ ਮੁਸਕਰਾਏ। ਭਾਈ ਦਇਆ ਸਿੰਘ ਜੀ ਨੇ ਮੁਸਕਰਾਉਣ ਦਾ ਤੇ ਚੁੱਪ ਹੋਣ ਦਾ ਕਾਰਨ ਪੁੱਛਿਆ ਤਾਂ ਆਪ ਨੇ ਫ਼ਰਮਾਇਆ ਕਿ ਕਦ ਤੱਕ ਲੁਕਦੇ ਫਿਰਾਂਗੇ। ਪਹਿਲਾਂ ਪੰਜਾਂ ਦਾ ਗੁਰੂ ਖਾਲਸੇ ਦਾ ਹੁਕਮ ਮੰਨ ਕੇ ਅਸੀਂ ਚਮਕੌਰ ਦੀ ਗੜੀ ਤਾਂ ਛੱਡ ਦਿੱਤੀ ਪਰ ਇੱਥੇ ਜੂਝ ਮਰਨਾ ਹੀ ਸਾਨੂੰ ਚੰਗਾ ਹੈ। ਐਸਾ ਸੁਣ ਕੇ ਸਾਰਿਆਂ ਨੇ ਗੁਰੂ ਜੀ ਦੇ ਚਰਨ ਫੜ ਲਏ ਤੇ ਬੇਨਤੀ ਕੀਤੀ। ਮਹਾਰਾਜ ਪੰਥ ਦੇ ਵਾਲੀ ਸਤਿਗੁਰ ਜੀਓ ਅਸੀਂ ਸਾਰਿਆਂ ਨੇ ਚਮਕੌਰ ਤੋਂ ਜਿਸ ਖਿਆਲ ਵਿੱਚ ਆਪ ਨੂੰ ਨਿਕਲ ਜਾਣ ਨੂੰ ਮਨਾਇਆ ਸੀ ਉਹ ਅਜੇ ਪੂਰਾ ਨਹੀਂ ਹੋਇਆ ਹੈ। ਇਸ ਵਾਸਤੇ ਹੁਣ ਜੋ ਵੀ ਸੁਰੱਖਿਅਤ ਜਗ੍ਹਾ ਮਿਲਦੀ ਹੈ ਉੱਥੇ ਜਾਣ ਦੀ ਵਿਉਂਤ ਸੋਚੀਏ। ਹਾਲਾਂ ਪਠਾਣ ਭਰਾਵਾਂ ਦੀ ਬੇਨਤੀ ਸਵੀਕਾਰ ਕਰਕੇ ਉਹਨਾਂ ਦੇ ਘਰ ਚੱਲੀਏ। ਤਦ ਗੁਰੂ ਜੀ ਨੇ ਗਨੀ ਖਾਂ ਤੇ ਨਬੀ ਖਾਂ ਦੇ ਨਾਲ ਚਲੇ ਜਾਣਾ ਮੰਨ ਲਿਆ ਤੇ ਉਹਨਾਂ ਦੀ ਹਵੇਲੀ ਵਿੱਚ ਜਾ ਨਿਵਾਸ ਰੱਖਿਆ। ਗੁਲਾਬੇ ਤੇ ਪੰਜਾਬੇ ਦੇ ਘਰ ਇੱਕ ਰਾਤ ਕੱਟ ਕੇ ਹੁਣ ਗੁਰੂ ਜੀ ਨੇ ਨਬੀ ਖਾਂ ਤੇ ਗਨੀ ਖਾਂ ਦੇ ਘਰ ਦੋ ਰਾਤਾਂ ਕੱਟੀਆਂ। ਇੱਥੇ ਹੀ ਉਨ੍ਹਾਂ ਨੇ ਫਾਰਸੀ ਭਾਸ਼ਾ ਦੇ ਆਪਣੇ ਉਸਤਾਦ ਜਿਸ ਨੇ ਬਚਪਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਫਾਰਸੀ ਭਾਸ਼ਾ ਦਾ ਗਿਆਨ ਦਿੱਤਾ ਸੀ ਸੱਯਦ ਅਨਾਇਤ ਅਲੀ ਨੂੰ ਬੁਲਾਵਾ ਭੇਜਿਆ ਸੀ। ਜੋ ਇਥੋਂ ਦੋ ਮੀਲਾਂ ਦੀ ਵਿੱਥ ਉੱਤੇ ਆਪਣੇ ਘਰ ਨੂਰਪੁਰੇ ਬੇਟ ਵਿੱਚ ਵਸਦਾ ਸੀ। ਆਪਣੇ ਸ਼ਾਗਿਰਦ ਬਾਬਤ ਗੁਰੂ ਜੀ ਨੂੰ ਇਸ ਤਰ੍ਹਾਂ ਨਾਲ ਇਧਰ ਆਏ ਸੁਣ ਕੇ ਉਹ ਰਹਿ ਨਾ ਸਕਿਆ ਤੇ ਦੂਜੀ ਭਲਕੇ ਆਣ ਮਿਲਿਆ। ਪਰ ਗੁਰੂ ਜੀ ਨੂੰ ਦੇਖਦੇ ਸਾਰ ਉਹਦਾ ਕਲੇਜਾ ਕੰਬ ਗਿਆ ਸੀ। ਉਹ ਜਾਣਦਾ ਸੀ ਕਿ ਜਿਸ ਆਪਣੇ ਸ਼ਾਗਿਰਦ ਨੂੰ ਗੁਰੂ ਤੇਗ ਬਹਾਦਰ ਜੀ ਦਾ ਸ਼ਹਿਜ਼ਾਦਾ ਜਾਣ ਕੇ ਫਾਰਸੀ ਦਾ ਗਿਆਨ ਅਨੰਦਪੁਰ ਸਾਹਿਬ ਉਸਨੇ ਦਿੱਤਾ ਸੀ ਉਹ ਅੱਜ ਇੰਜ ਦਰ-ਦਰ ਤੇ ਛਿੱਲੇ ਪੈਰ ਤੇ ਮੈਲੇ ਵੇਸ ਵਿੱਚ ਮੁਸਾਫ਼ਰਾਂ ਵਾਂਗੂੰ ਉਜੜਿਆ ਫਿਰ ਰਿਹਾ ਹੈ।

ਗੁਰੂ ਜੀ ਨੇ ਆਪਣੇ ਫਾਰਸੀ ਦੇ ਉਸਤਾਦ ਨੂੰ ਸਾਰੀ ਗੱਲ ਬਿਰਤਾਂਤ ਵਿੱਚ ਦੱਸੀ ਤੇ ਅਨਾਇਤ ਅਲੀ ਨੇ ਗੁਰੂ ਜੀ ਨਾਲ ਵਿਉਂਤ ਬਣਾ ਕੇ ਗੁਰੂ ਜੀ ਨੂੰ ਇੱਥੋਂ ਕੱਢਣ ਦੀ ਘਾੜ ਘੜੀ। ਭਾਈ ਸੰਤੋਖ ਸਿੰਘ ਜੀ ਵੀ ਲਿਖਦੇ ਨੇ ਕਿ ਗੁਰੂ ਜੀ ਅਤੇ ਅਨਾਇਤ ਅਲੀ ਨੇ ਪਹਿਲਾਂ ਇੱਕ ਪਲੰਗ ਦੇ ਉੱਤੇ ਭਾਈ ਦਇਆ ਸਿੰਘ ਨੂੰ ਉੱਚ ਦਾ ਪੀਰ ਬਣਾ ਕੇ ਬਿਠਾਇਆ ਜਦੋਂ ਉਚ ਦੇ ਪੀਰ ਵਾਲੇ ਪਲੰਘ ਨੂੰ ਮੁਗਲ ਫੌਜ ਨੇ ਸ਼ੱਕ ਕਾਰਣ ਘੇਰ ਕਿ ਆਪਣੀ ਹਿਰਾਸਤ ਵਿੱਚ ਲਿਆ ਤੇ ਇੱਕ ਰਾਤ ਹਿਰਾਸਤ ਵਿੱਚ ਰੱਖਿਆ ਤਾਂ ਉਸਦੀ ਗਵਾਹੀ ਸਈਅਦ ਅਨਾਇਤ ਅਲੀ ਨੇ ਭਰੀ ਕਿ ਇਹ ਉਚ ਦੇ ਪੀਰ ਨੇ ਹੱਜ ਕਰਕੇ ਆਏ ਨੇ ਬੜੇ ਕਰਨੀ ਵਾਲੇ ਨੇ ਹੁਣ ਯਾਤਰਾ ਤੇ ਨੇ। ਇਹ ਉਹ ਨਹੀ ਜਿਸ ਨੂੰ ਤੁਸੀਂ ਭਾਲਦੇ ਹੋ। ਤੇ ਬਾਅਦ ਵਿੱਚ ਮੌਕਾ ਪਾ ਕੇ ਉਸ ਪਲੰਗ ਦੇ ਉੱਤੇ ਭਾਈ ਦਇਆ ਸਿੰਘ ਦੀ ਜਗਹ ਗੁਰੂ ਗੋਬਿੰਦ ਸਿੰਘ ਜੀ ਨੂੰ ਬਿਠਾ ਕੇ ਮਾਛੀਵਾੜੇ ਤੋਂ ਅੱਗੇ ਰਵਾਨਾ ਕੀਤਾ ਗਿਆ। ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਨਾ ਹੀ ਸਈਅਦ ਅਨਾਇਤ ਅਲੀ ਨੇ ਝੂਠ ਬੋਲਿਆ ਤੇ ਨਾ ਹੀ ਗੁਰੂ ਜੀ ਨੇ ਆਪਣੇ ਜੀਵਨ ਦੇ ਕਿਸੇ ਨਿਯਮ ਨੂੰ ਭੰਗ ਕੀਤਾ। ਹੁਣ ਪਲੰਗ ਉੱਤੇ ਬਿਠਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦੇ ਪੀਰ ਦੇ ਵਿੱਚ ਸਈਅਦ ਅਨਾਇਤ ਖਾਂ ਅਤੇ ਗੁਰੂ ਜੀ ਦੇ ਸਿੱਖ ਉਹਨਾਂ ਨੂੰ ਘੁਲਾਲ ਦੇ ਵਿੱਚ ਲੈ ਪਹੁੰਚੇ ਸਨ। ਜੋ ਕਿ ਮਾਛੀਵਾੜੇ ਤੋਂ ਪੰਜ ਛੇ ਮੀਲ ਦੀ ਵਿੱਥ ਤੇ ਦੱਖਣ ਵਿੱਚ ਸਥਿਤ ਸੀ। ਘੁਲਾਲ ਤੋਂ ਹੀ ਸਈਅਦ ਅਨਾਇਤ ਖਾਨ ਨੂੰ ਪ੍ਰਸ਼ੰਸਾ ਪੱਤਰ ਹੁਕਮਨਾਮਾ ਦੇ ਕੇ ਵਿਦਾ ਕੀਤਾ ਸੀ। ਘੁਲਾਲ ਤਕੜੀ ਆਬਾਦੀ ਵਾਲਾ ਇੱਕ ਪੁਰਾਣਾ ਪਿੰਡ ਸੀ। ਇੱਥੇ ਹੀ ਗੁਰੂ ਜੀ ਨੇ ਫਰਮਾਇਆ ਕਿ ਇਥੋਂ ਦੇ ਝੰਡਾ ਲੁਹਾਰ ਪਾਸੋਂ ਅਮਾਨਤ ਲੈਣੀ ਹੈ। ਜਦ ਉਸਨੂੰ ਬੁਲਾਇਆ ਗਿਆ ਪਹਿਲੇ ਉਹਨੇ ਗੁਰੂ ਜੀ ਨੂੰ ਨਾ ਪਹਿਚਾਣਿਆ ਤਾਂ ਗੁਰੂ ਜੀ ਨੇ ਦੋ ਤਲਵਾਰਾਂ 21 ਤੀਰ ਤੇ ਦੋ ਕਮਾਨਾਂ ਦੀ ਗੱਲ ਝੰਡੇ ਨਾਲ ਕੀਤੀ ਤਾਂ ਉਸ ਨੂੰ ਝੱਟ ਯਾਦ ਆਇਆ ਜੋ ਉਸ ਨੇ ਗੁਰੂ ਘਰ ਵਿੱਚ ਸ਼ਰਧਾ ਨਾਲ ਚੜਾਉਣ ਦਾ ਪਰਮਾਤਮਾ ਨਾਲ ਵਾਅਦਾ ਕੀਤਾ ਸੀ। ਹੁਣ ਝੰਡੇ ਲੁਹਾਰ ਨੇ ਖੁਸ਼ੀ ਨਾਲ ਇਹ ਸਮਾਨ ਲਿਆ ਕੇ ਗੁਰੂ ਚਰਨਾਂ ਵਿੱਚ ਭੇਟ ਕੀਤਾ ਅਤੇ ਅਸੀਸਾਂ ਪ੍ਰਾਪਤ ਕੀਤੀਆਂ। ਇਸ ਸਥਾਨ ਤੇ ਅੱਜ ਦੇ ਸਮੇਂ ਘੁਲਾਲ ਦੇ ਵਿੱਚ ਗੁਰਦੁਆਰਾ ਸ਼ਸਤਰ ਭੇਟ ਸਥਾਪਿਤ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਇਸ ਗੁਰਦੁਆਰੇ ਨੂੰ ਇਤਿਹਾਸਿਕ ਮਹੱਤਤਾ ਹੈ। ਇੱਥੇ ਸ਼ਸਤਰ ਪ੍ਰਾਪਤ ਕਰ ਗੁਰੂ ਜੀ ਨੇ ਘੁਲਾਲ ਤੋਂ ਲੱਲਾਂ ਵੱਲ ਨੂੰ ਚਾਲੇ ਪਾਏ ਸਨ।

Asst. Prof. Ravinder Singh

PG Department of History Sri Guru Teg Bahadur Khalsa College, Sri Anandpur Sahib, Ropar, Punjab.

Post navigation

Leave a Comment

Leave a Reply

Your email address will not be published. Required fields are marked *