dunki route

ਪੰਜਾਬੀ ਨੌਜਵਾਨ ਡੰਕੀ ਰੂਟ ਰਾਹੀਂ ਵਿਦੇਸ਼ਾਂ ‘ਚ ਜਾਣ ਨੂੰ ਕਿਉਂ ਤਿਆਰ ?

ਕਈ ਪੜਾਵਾਂ/ਦੇਸ਼ਾਂ ‘ਚੋਂ ਲੁਕਵੇਂ ਤੇ ਗੈਰ -ਕਾਨੂੰਨੀ ਤਰੀਕੇ ਨਾਲ ਵਿਦੇਸ਼ ਪਹੁੰਚਣ ਨੂੰ ਪੰਜਾਬੀ ਵਿਚ ਡੰਕੀ ਰੂਟ ਕਿਹਾ ਜਾਂਦਾ ਹੈ। ਇਸਨੂੰ “ਡੰਕੀ ਲਾਉਣਾ” ਜਾਂ “ਡੰਕੀ ਰਾਹੀਂ ਜਾਣਾ” ਸ਼ਬਦ ਨਾਲ ਵੀ ਸੰਬੋਧਨ ਕੀਤਾ ਜਾਂਦਾ ਹੈ। ਇਸ ਸ਼ਬਦ ਦਾ ਪ੍ਰਯੋਗ ਨਾ ਕਾਨੂੰਨ ਦੀ ਭਾਸ਼ਾ ਵਿਚ ਹੁੰਦਾ ਹੈ ਨਾ ਹੀ ਇਹ ਕੋਈ ਸਰਕਾਰੀ ਇਮੀਗ੍ਰੇਸ਼ਨ ਸ਼ਬਦ ਹੈ; ਇਹ ਆਮ ਬੋਲਚਾਲ ਦੀ ਬੋਲੀ ਵਿਚ ਵਰਤਿਆ ਜਾਣ ਵਾਲਾ ਸ਼ਬਦ ਹੈ। ਪੰਜਾਬ ਵਿਚ ਇਸ ਡੰਕੀ ਰੂਟ ਰਾਹੀਂ ਵਿਦੇਸ਼ਾਂ ਵਿਚ ਜਾਣ ਦਾ ਰੁਝਾਨ ਵੱਧਿਆ ਹੈ।

ਉਂਝ ਇਕ ਥਾਂ ਤੋਂ ਦੂਜੀ ਥਾਂ ਵਿਦੇਸ਼ਾਂ ਵਿਚ ਰੋਜ਼ੀ ਰੋਟੀ ਖ਼ਤਰਾ ਜਾਂ ਵਧੀਆ ਜ਼ਿੰਦਗੀ ਦੀ ਤਲਾਸ਼ ਵਿਚ ਜਾਣਾ ਸਦੀਆਂ ਪੁਰਾਣਾ ਵਰਤਾਰਾ ਹੈ। ਪਿਛਲੇ ਕੁਝ ਸਾਲਾਂ ਵਿਚ ਪੰਜਾਬ ਵਿਚ ਇਹ ਸ਼ਬਦ ਬਹੁਤ ਪ੍ਰਚਲਿਤ ਹੋਇਆ ਹੈ। ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਅਤੇ ਯੂਰਪ ਦੇ ਹੋਰ ਦੇਸ਼ਾਂ ਵਿੱਚ ਜਾਣ ਲਈ ਕਈ ਨੌਜਵਾਨ ਗੈਰ-ਕਾਨੂੰਨੀ ਰਸਤੇ ਅਪਣਾਉਂਦੇ ਹਨ। ਹੁਣ ਇਹ ਰੁਝਾਨ ਛੋਟੇ ਦੇਸ਼ਾਂ ਲਈ ਵੀ ਬਣ ਗਿਆ ਹੈ। ਪਿਛਲੇ ਸਾਲਾਂ ਦੌਰਾਨ ਪੰਜਾਬ ਵਿਚ ਜਿਥੇ ਸਰਬ -ਪੱਖੀ ਨਿਘਾਰ ਹੋਇਆ ਉਥੇ ਸਿੱਖਿਆ ਤੇ ਰੁਜ਼ਗਾਰ ਦੇ ਮਾਮਲੇ ਵਿਚ ਵੀ ਇਹ ਨਿਘਾਰ ਦੇਖਣ ਨੂੰ ਮਿਲਦਾ ਹੈ। ਸਰਕਾਰੀ ਨੌਕਰੀਆਂ ਘਟੀਆਂ ਹਨ ਅਤੇ ਨਿਜੀ ਖੇਤਰ ਵਿੱਚ ਵੀ ਕਈ ਵਾਰ ਤਨਖ਼ਾਹ ਅਤੇ ਤਰੱਕੀ ਦੇ ਮੌਕੇ ਉਮੀਦ ਅਨੁਸਾਰ ਨਹੀਂ ਹੁੰਦੇ। ਇਸ ਕਰਕੇ ਨੌਜਵਾਨਾਂ ਨੂੰ ਲੱਗਦਾ ਹੈ ਕਿ ਵਿਦੇਸ਼ ਜਾ ਕੇ ਉਹ ਵਧੇਰੇ ਕਮਾ ਸਕਦੇ ਹਨ ਅਤੇ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰ ਸਕਦੇ ਹਨ।

ਘਟਦੀਆਂ ਜ਼ਮੀਨਾਂ, ਵੱਧਦੇ ਖੇਤੀ ਖਰਚੇ, ਕਰਜ਼ਾ ਅਤੇ ਖੇਤੀ ਤੋਂ ਹੋਣ ਵਾਲੀ ਅਨਿਸ਼ਚਿਤ ਆਮਦਨ ਕਾਰਨ ਕੁਝ ਪੇਂਡੂ ਨੌਜਵਾਨ ਖੇਤੀ ਨੂੰ ਭਵਿੱਖ ਦਾ ਸੁਰੱਖਿਅਤ ਸਾਧਨ ਨਹੀਂ ਸਮਝਦੇ। ਉਹ ਵਿਦੇਸ਼ ਨੂੰ ਇੱਕ ਅਜਿਹੇ ਮੌਕੇ ਵਜੋਂ ਦੇਖਦੇ ਹਨ ਜਿੱਥੇ ਉਹ ਮਿਹਨਤ ਕਰਕੇ ਆਪਣੇ ਅਤੇ ਆਪਣੇ ਪਰਿਵਾਰ ਲਈ ਵਧੀਆ ਜੀਵਨ ਬਣਾ ਸਕਦੇ ਹਨ।

abroad as an opportunity
Pic Credit: CNN

ਪੰਜਾਬੀ ਨੌਜਵਾਨ ਨੂੰ ਇਹ ਵੀ ਲੱਗਦਾ ਹੈ ਕਿ ਜੇ ਉਹ ਬਾਹਰ ਚਲਿਆ ਜਾਵੇ ਤਾਂ ਪੂਰੇ ਪਰਿਵਾਰ ਦੀ ਜੂਨ ਸੁਧਰ ਜਾਵੇਗੀ। ਕਈ ਵਾਰ ਏਜੰਟਾਂ ਅਤੇ ਮਨੁੱਖੀ ਤਸਕਰਾਂ ਦੇ ਝੂਠੇ ਵਾਅਦੇ ਵੀ ਨੌਜਵਾਨਾਂ ਨੂੰ ਡੰਕੀ ਰੂਟ ਵੱਲ ਧੱਕਦੇ ਹਨ। ਕੁਝ ਏਜੰਟ ਵਿਦੇਸ਼ ਪਹੁੰਚਣ ਨੂੰ ਬਹੁਤ ਆਸਾਨ ਦੱਸਦੇ ਹਨ ਅਤੇ ਨੌਜਵਾਨਾਂ ਜਾਂ ਉਨ੍ਹਾਂ ਦੇ ਪਰਿਵਾਰਾਂ ਤੋਂ ਵੱਡੀ ਰਕਮ ਵਸੂਲ ਕਰਦੇ ਹਨ। ਨੌਜਵਾਨ ਇਹ ਸੋਚ ਕੇ ਜੋਖ਼ਮ ਲੈ ਲੈਂਦੇ ਹਨ ਕਿ ਇੱਕ ਵਾਰ ਵਿਦੇਸ਼ ਪਹੁੰਚ ਗਏ ਤਾਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ। ਪਰ ਅਸਲ ਵਿੱਚ ਇਹ ਰਸਤਾ ਬਹੁਤ ਖ਼ਤਰਨਾਕ ਹੁੰਦਾ ਹੈ।

ਡੰਕੀ ਰੂਟ ਦੌਰਾਨ ਨੌਜਵਾਨਾਂ ਨੂੰ ਜੰਗਲਾਂ, ਪਹਾੜਾਂ, ਸਮੁੰਦਰਾਂ ਜਾਂ ਅਣਜਾਣ ਸਰਹੱਦੀ ਇਲਾਕਿਆਂ ਵਿੱਚੋਂ ਗੁਜ਼ਰਨਾ ਪੈ ਸਕਦਾ ਹੈ। ਉਨ੍ਹਾਂ ਨਾਲ ਧੋਖਾਧੜੀ, ਲੁੱਟ-ਖਸੁੱਟ, ਸ਼ੋਸ਼ਣ ਅਤੇ ਮਨੁੱਖੀ ਤਸਕਰੀ ਹੋ ਸਕਦੀ ਹੈ। ਕਈ ਲੋਕ ਰਸਤੇ ਵਿੱਚ ਆਪਣੀ ਜਾਨ ਵੀ ਗੁਆ ਬੈਠਦੇ ਹਨ। ਮੰਜ਼ਿਲ ਵਾਲੇ ਦੇਸ਼ ਵਿੱਚ ਪਹੁੰਚਣ ਤੋਂ ਬਾਅਦ ਵੀ ਗ੍ਰਿਫ਼ਤਾਰੀ, ਹਿਰਾਸਤ ਅਤੇ ਵਾਪਸ ਭੇਜੇ ਜਾਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਪਰਿਵਾਰ ਵੱਲੋਂ ਖਰਚ ਕੀਤੀ ਗਈ ਵੱਡੀ ਰਕਮ ਵੀ ਬਰਬਾਦ ਹੋ ਸਕਦੀ ਹੈ।

unknown border areas
Pic Credit: Pacific Standard

ਇਸ ਤਰ੍ਹਾਂ ਦੇ ਤਰੀਕਿਆਂ ਰਾਹੀਂ ਜਾਣ ਦੀਆਂ ਮਿਸਾਲਾਂ ਪਹਿਲਾਂ ਵੀ ‘ਮਾਲਟਾ ਕਿਸ਼ਤੀ ਕਾਂਡ’ ਜਾਂ ਪਨਾਮਾ ਦੇ ਜੰਗਲਾਂ ਵਿਚ ਫਸੇ ਨੌਜਵਾਨ ਇਸਦੀਆਂ ਅਹਿਮ ਮਿਸਾਲਾਂ ਹਨ।

ਇਸ ਸਮੱਸਿਆ ਦਾ ਹੱਲ ਸਿਰਫ਼ ਨੌਜਵਾਨਾਂ ਨੂੰ ਦੋਸ਼ ਦੇਣ ਨਾਲ ਨਹੀਂ ਹੋਵੇਗਾ। ਸਰਕਾਰ ਨੂੰ ਰੋਜ਼ਗਾਰ ਦੇ ਮੌਕੇ ਵਧਾਉਣ, ਹੁਨਰ-ਸਿਖਲਾਈ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਵਿੱਚ ਨਵੇਂ ਉਦਯੋਗ ਸਥਾਪਤ ਕਰਨ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ ਪਰ ਜਿਸ ਹਿਸਾਬ ਨਾਲ ਪੂਰੇ ਮੁਲਕ ਵਿਚ ਹੀ ਸਰਕਾਰਾਂ ਨੇ ਆਪਣੀਆਂ ਨੀਤੀਆਂ ਬਣਾਈਆਂ ਹਨ ਉਸ ਤੋਂ ਤਾਂ ਇੰਝ ਲੱਗਦਾ ਹੈ ਕਿ ਸਰਕਾਰਾਂ ਇਸ ਨੂੰ ਗੰਭੀਰਤਾ ਨਾਲ ਲੈਣਾ ਹੀ ਨਹੀਂ ਚਾਹੁੰਦੀਆਂ। ਨੌਜਵਾਨਾਂ ਨੂੰ ਵੀ ਵਿਦੇਸ਼ ਜਾਣ ਤੋਂ ਪਹਿਲਾਂ ਕਾਨੂੰਨੀ ਰਸਤਿਆਂ, ਵੀਜ਼ਾ ਨਿਯਮਾਂ ਅਤੇ ਸੰਬੰਧਤ ਸੰਸਥਾਵਾਂ ਦੀ ਪੂਰੀ ਜਾਂਚ ਕਰਨੀ ਚਾਹੀਦੀ ਹੈ। ਮਾਪਿਆਂ ਨੂੰ ਵੀ ਸਮਾਜਿਕ ਦਬਾਅ ਵਿੱਚ ਆ ਕੇ ਆਪਣੀ ਜ਼ਿੰਦਗੀ ਦੀ ਸਾਰੀ ਪੂੰਜੀ ਖ਼ਤਰੇ ਵਿੱਚ ਨਹੀਂ ਪਾਉਣੀ ਚਾਹੀਦੀ। ਇਸ ਤੋਂ ਵੀ ਜ਼ਰੂਰੀ ਹੈ ਕਿ ਪੰਜਾਬ ਨਕਲੀ ਏਜੰਟਾਂ ‘ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਹਨਾਂ ਦੇ ਦਫਤਰ ਜੋ ਦੁਕਾਨਾਂ ਦੇ ਰੂਪ ਵਿਚ ਚੱਲ ਰਹੇ ਹਨ ਉਹਨਾਂ ਉਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।

ਵਿਦੇਸ਼ ਜਾਣ ਦਾ ਵਰਤਾਰਾ ਕੋਈ ਮਾੜੀ ਗੱਲ ਨਹੀਂ ਇਹ ਸਦੀਆਂ ਪੁਰਾਣਾ ਹੈ। ਸਮੱਸਿਆ ਉਸ ਵੇਲੇ ਪੈਦਾ ਹੁੰਦੀ ਹੈ ਜਦੋਂ ਬਿਹਤਰ ਭਵਿੱਖ ਦੀ ਆਸ ਵਿੱਚ ਨੌਜਵਾਨ ਆਪਣੀ ਜਾਨ ਅਤੇ ਪਰਿਵਾਰ ਦੀ ਪੂੰਜੀ ਨੂੰ ਡੰਕੀ ਵਰਗੇ ਖ਼ਤਰਨਾਕ ਗੈਰ-ਕਾਨੂੰਨੀ ਰਸਤੇ ਉੱਤੇ ਲਗਾ ਦਿੰਦੇ ਹਨ। ਹੁਣ ਇਸ ਤਰ੍ਹਾਂ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ ਕਿ ਜਿਸ ਤੋਂ ਪਤਾ ਲੱਗਦਾ ਹੈ ਕਿ ਵਿਦੇਸ਼ ਭੇਜਣ ਦੇ ਨਾਮ ‘ਤੇ ਮਨੁੱਖੀ ਤਸਕਰੀ ਵੀ ਹੁੰਦੀ ਹੈ। ਥਾਈਲੈਂਡ ਵਰਗੇ ਛੋਟੇ ਦੇਸ਼ਾਂ ਵਿਚੋਂ ਵੀ ਇਹ ਖ਼ਬਰਾਂ ਆਣ ਲੱਗੀਆਂ ਹਨ। ਇਹਨਾਂ ਵਿਚ ਠੱਗ ਏਜੰਟ ਵੱਡੇ ਪੱਧਰ ਉਤੇ ਜ਼ਿੰਮੇਵਾਰ ਹਨ ਜਿਨ੍ਹਾਂ ਦੀਆਂ ਪੰਜਾਬ ਦੇ ਗਲੀ-ਮੁਹੱਲਿਆਂ ਵਿਚ ਦਫਤਰਨੁਮਾ ਦੁਕਾਨਾਂ ਖੁੱਲੀਆਂ ਹਨ। ਇਹ ਨੌਜਵਾਨਾਂ ਦੀ ਆਰਥਿਕ ਲੁੱਟ ਵੀ ਕਰਦੇ ਹਨ ਤੇ ਪੈਸੇ ਲੈ ਕੇ ਝੂਠ ਬੋਲ ਕੇ ਉਹਨਾਂ ਦੀ ਜ਼ਿੰਦਗੀ ਨੂੰ ਮੁਸੀਬਤ ਵਿਚ ਵੀ ਪਾਉਂਦੇ ਹਨ। ਇਹਨਾਂ ਏਜੰਟਾਂ ਦੀਆਂ ਪੰਜਾਬ ਵਿਚ ਸ਼ਰੇਆਮ ਇਹ ਲੁੱਟ ਦੀਆਂ ਦੁਕਾਨਾਂ ਚੱਲਣਾ ਤੇ ਇਸ ਉੱਤੇ ਬਣਦੀ ਕਾਰਵਾਈ ਨਾ ਹੋਣਾ ਹੋਰ ਵੀ ਦੁੱਖ ਵਾਲੀ ਗੱਲ ਹੈ।

ਪੰਜਾਬ ਵਿਚ ਅਜਿਹਾ ਮਾਹੌਲ ਬਣਾਉਣ ਦੀ ਲੋੜ ਹੈ ਜਿੱਥੇ ਨੌਜਵਾਨਾਂ ਨੂੰ ਆਪਣੇ ਹੀ ਸੂਬੇ ਵਿੱਚ ਸਨਮਾਨਜਨਕ ਰੋਜ਼ਗਾਰ, ਉੱਦਮ ਅਤੇ ਤਰੱਕੀ ਦੇ ਮੌਕੇ ਮਿਲ ਸਕਣ। ਨਾਲ ਹੀ ਨੌਜਵਾਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਫਲਤਾ ਦਾ ਕੋਈ ਛੋਟਾ ਰਸਤਾ ਨਹੀਂ ਹੁੰਦਾ—ਸੁਰੱਖਿਅਤ ਅਤੇ ਕਾਨੂੰਨੀ ਰਸਤਾ ਹੀ ਸਭ ਤੋਂ ਵਧੀਆ ਰਸਤਾ ਹੈ।

ਪੰਜਾਬ ਦੇ ਨੌਜਵਾਨਾਂ ਨੂੰ ਇਸ ਹਾਲਤ ਵਿਚ ਪਹੁੰਚਾਉਣ ਲਈ ਸਮੇਂ-ਸਮੇਂ ਦੀਆਂ ਕੇਂਦਰ ਤੇ ਸੂਬੇ ਵਿਚਲੀਆਂ ਸਰਕਾਰਾਂ ਸਿੱਧੀਆਂ ਜ਼ਿੰਮੇਵਾਰ ਹਨ ਹੁਣ ਚੋਣਾਂ ਨੇੜੇ ਭਾਵੇਂ ਇਹ ਇੱਕ ਦੂਜੇ ਉੱਤੇ ਦੋਸ਼ ਮੜ੍ਹ ਕੇ ਖੁਦ ਪਾਕ ਸਾਫ ਹੋਣ ਦੀ ਲੱਖ ਕੋਸ਼ਿਸ਼ ਕਰਨ।

Shiv Inder Singh

Shiv Inder Singh is an independent journalist, writer, and political analyst with 25 years of experience in journalism and media. Founder and Editor-in-Chief of Suhi Saver (2010), he contributes to The Caravan, The Wire, and LiveMint. He is a Jagjit Singh Anand Award recipient, known for his commitment to public-interest and investigative journalism.

Post navigation

ਵਿਦੇਸ਼ ਜਾ ਕੇ ਮੁੜੇ ਜਗਪਾਲ ਸਿੰਘ ਨੇ ਪੰਜਾਬ ’ਚ ਖੜ੍ਹਾ ਕੀਤਾ ਆਪਣਾ ਕਾਰੋਬਾਰ, ਨੌਜਵਾਨਾਂ ਨੂੰ ਦਿੱਤਾ ਸੁਨੇਹਾ—‘ਪੰਜਾਬ ’ਚ ਰਹੋ, ਮਿਹਨਤ ਕਰੋ’

ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵੱਧਿਆ ਹੈ। ਚੰਗੀ…

Leave a Comment

Leave a Reply

Your email address will not be published. Required fields are marked *