ਦੇਸ਼ ਨੂੰ ਕਈ ਨਾਮਵਰ ਹਾਕੀ ਖਿਡਾਰੀ ਦੇਣ ਵਾਲੀ ਪੰਜਾਬ ਦੀ ਧਰਤੀ, ਜਿਸ ਨੂੰ ਭਾਰਤੀ ਹਾਕੀ ਦੀ ਨਰਸਰੀ ਮੰਨਿਆ ਜਾਂਦਾ ਹੈ, ਇੱਕ ਵਾਰ ਫਿਰ ਅੰਤਰਰਾਸ਼ਟਰੀ ਹਾਕੀ ਦੇ ਰੰਗ ਵਿੱਚ ਰੰਗਣ ਲਈ ਪੂਰੀ ਤਰ੍ਹਾਂ ਤਿਆਰ ਹੈ। ਪੰਜਾਬ ਵਿੱਚ ਪਹਿਲੀ ਵਾਰ ਵੱਕਾਰੀ ‘Asian Hockey Champions Trophy 2026’ ਦਾ ਆਯੋਜਨ ਹੋਣ ਜਾ ਰਿਹਾ ਹੈ। 27 ਅਕਤੂਬਰ 2026 ਤੋਂ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਨੂੰ ਲੈ ਕੇ ਸੂਬੇ ਭਰ ਦੇ ਖੇਡ ਪ੍ਰੇਮੀਆਂ ਅੰਦਰ ਭਾਰੀ ਉਤਸ਼ਾਹ ਅਤੇ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਇਹ ਟੂਰਨਾਮੈਂਟ ਨਾ ਸਿਰਫ਼ ਪੰਜਾਬ ਦੇ ਪੁਰਾਣੇ ਹਾਕੀ ਗੌਰਵ ਨੂੰ ਮੁੜ ਸੁਰਜੀਤ ਕਰੇਗਾ, ਸਗੋਂ ਸੂਬੇ ਦੇ ਖੇਡ ਸੱਭਿਆਚਾਰ ਨੂੰ ਵੀ ਇੱਕ ਨਵੀਂ ਊਰਜਾ ਅਤੇ ਦਿਸ਼ਾ ਪ੍ਰਦਾਨ ਕਰੇਗਾ।
ਛੇ ਪ੍ਰਮੁੱਖ ਦੇਸ਼ਾਂ ਵਿਚਾਲੇ ਮੁਕਾਬਲਾ
ਇਸ ਵੱਕਾਰੀ ਟੂਰਨਾਮੈਂਟ ਵਿੱਚ ਏਸ਼ੀਆ ਦੀਆਂ ਛੇ ਮਜ਼ਬੂਤ ਟੀਮਾਂ ਖ਼ਿਤਾਬ ਹਾਸਲ ਕਰਨ ਲਈ ਇੱਕ-ਦੂਜੇ ਨਾਲ ਮੁਕਾਬਲਾ ਕਰਨਗੀਆਂ। ਮੇਜ਼ਬਾਨ ਦੇਸ਼ ਭਾਰਤ ਸਮੇਤ ਚੀਨ, ਜਾਪਾਨ, ਦੱਖਣੀ ਕੋਰੀਆ, ਮਲੇਸ਼ੀਆ ਅਤੇ ਬੰਗਲਾਦੇਸ਼ ਦੀਆਂ ਟੀਮਾਂ ਇਸ ਚੈਂਪੀਅਨਸ਼ਿਪ ਵਿੱਚ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੀਆਂ। ਸਾਰੀਆਂ ਟੀਮਾਂ ਦੇ ਮੁਕਾਬਲਿਆਂ ਨੂੰ ਦੇਖਦੇ ਹੋਏ ਇਹ ਟੂਰਨਾਮੈਂਟ ਬੇਹੱਦ ਰੋਮਾਂਚਕ ਅਤੇ ਸਖ਼ਤ ਹੋਣ ਦੀ ਉਮੀਦ ਹੈ। ਖੇਡਾਂ ਦੇ ਸਫ਼ਲ ਪ੍ਰਬੰਧ ਲਈ ਜਲੰਧਰ ਦਾ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਅਤੇ ਮੁਹਾਲੀ ਸਥਿਤ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਪੂਰੀ ਤਰ੍ਹਾਂ ਲੈਸ ਕੀਤਾ ਗਿਆ ਹੈ, ਤਾਂ ਜੋ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਜੇਤੂ ਟਰਾਫ਼ੀ ਟੂਰ ਦਾ ਆਗਾਜ਼
ਨਵੀਂ ਪੀੜ੍ਹੀ ਨੂੰ ਹਾਕੀ ਵੱਲ ਆਕਰਸ਼ਿਤ ਕਰਨ ਲਈ ਮੁਹਾਲੀ ਦੇ ਹਾਕੀ ਸਟੇਡੀਅਮ ਤੋਂ ਟੂਰਨਾਮੈਂਟ ਦੀ ਜੇਤੂ ਟਰਾਫ਼ੀ ਨੂੰ ਪ੍ਰਦਰਸ਼ਿਤ ਕਰਕੇ ਇੱਕ ਵਿਸ਼ੇਸ਼ ‘ਟਰਾਫ਼ੀ ਟੂਰ’ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਟਰਾਫ਼ੀ ਟੂਰ ਮੁਹਾਲੀ ਤੋਂ ਸ਼ੁਰੂ ਹੋ ਕੇ ਇਤਿਹਾਸਕ ਸ਼ਹਿਰ ਫ਼ਤਹਿਗੜ੍ਹ ਸਾਹਿਬ ਅਤੇ ਖੇਡਾਂ ਦੇ ਪ੍ਰਮੁੱਖ ਕੇਂਦਰ ਪਟਿਆਲਾ ਵਿੱਚੋਂ ਹੁੰਦਾ ਹੋਇਆ ਖੇਡ ਨਗਰੀ ਜਲੰਧਰ ਪਹੁੰਚੇਗਾ। ਇਸ ਟੂਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਨੌਜਵਾਨਾਂ ਵਿੱਚ ਹਾਕੀ ਪ੍ਰਤੀ ਖ਼ਿੱਚ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਆਪਣੇ ਰਾਸ਼ਟਰੀ ਖੇਡ ਦੇ ਇਤਿਹਾਸ ਬਾਰੇ ਜਾਣੂ ਕਰਵਾਉਣਾ ਹੈ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਟਰਾਫ਼ੀ ਦੇ ਪਹੁੰਚਣ ‘ਤੇ ਖੇਡ ਪ੍ਰੇਮੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ।
ਮੈਚਾਂ ਦੀ ਸਮਾਂ ਅਤੇ ਸਥਾਨ
ਟੂਰਨਾਮੈਂਟ ਦੀ ਰੂਪ-ਰੇਖਾ ਮੁਤਾਬਕ ਲੀਗ ਪੜਾਅ ਦੇ ਰੋਮਾਂਚਕ ਮੁਕਾਬਲੇ ਅਤੇ ਨਾਲ ਹੀ ਉਦਘਾਟਨੀ ਸਮਾਰੋਹ 27 ਅਕਤੂਬਰ ਤੋਂ 2 ਨਵੰਬਰ ਤੱਕ ਜਲੰਧਰ ਵਿੱਚ ਆਯੋਜਿਤ ਕੀਤੇ ਜਾਣਗੇ। ਜਲੰਧਰ ਵਿੱਚ ਲੀਗ ਮੈਚ ਸਮਾਪਤ ਹੋਣ ਤੋਂ ਬਾਅਦ, ਖ਼ਿਤਾਬੀ ਦੌੜ ਦੇ ਅਹਿਮ ਮੁਕਾਬਲੇ ਮੁਹਾਲੀ ਹੋਣਗੇ। ਇਸ ਦੇ ਨਾਲ ਹੀ, ਟੂਰਨਾਮੈਂਟ ਦੇ ਸੈਮੀਫ਼ਾਈਨਲ ਅਤੇ ਮੈਡਲ ਲਈ ਖੇਡੇ ਜਾਣ ਵਾਲੇ ਮੁਕਾਬਲੇ 4 ਅਤੇ 5 ਨਵੰਬਰ ਨੂੰ ਮੋਹਾਲੀ ਸਥਿਤ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿੱਚ ਖੇਡੇ ਜਾਣਗੇ।
ਦਿੱਗਜ ਖਿਡਾਰੀਆਂ ਵੱਲੋਂ ਪ੍ਰਸ਼ੰਸਾ
ਇਸ ਟਰਾਫ਼ੀ ਟੂਰ ਦੇ ਉਦਘਾਟਨੀ ਸਮਾਗਮ ਮੌਕੇ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਮੁਹਾਲੀ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਸਮੇਤ ਭਾਰਤੀ ਹਾਕੀ ਦੇ ਸਾਬਕਾ ਕਪਤਾਨ ਓਲੰਪੀਅਨ ਰਾਜਪਾਲ ਸਿੰਘ ਅਤੇ ਓਲੰਪੀਅਨ ਅਤੇ ਅਰਜੁਨ ਐਵਾਰਡੀ ਪ੍ਰਭਜੋਤ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਬੁਲਾਰਿਆਂ ਨੇ ਇਸ ਵੱਡੇ ਟੂਰਨਾਮੈਂਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਅੰਤਰਰਾਸ਼ਟਰੀ ਮੁਕਾਬਲੇ ਸਾਡੀ ਨਵੀਂ ਪੀੜ੍ਹੀ ਦੇ ਨੌਜਵਾਨਾਂ ਨੂੰ ਖੇਡਾਂ ਦੇ ਮੈਦਾਨਾਂ ਨਾਲ ਜੋੜਨਗੇ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਉਲੀਕੇ ਗਏ ਇਸ ਸ਼ਲਾਘਾਯੋਗ ਕਦਮ ਦਾ ਧੰਨਵਾਦ ਕਰਦਿਆਂ ਉਮੀਦ ਜਤਾਈ ਕਿ ਇਹ Asian Hockey Champions Trophy ਭਵਿੱਖ ਦੇ ਨਵੇਂ ਓਲੰਪੀਅਨ ਪੈਦਾ ਕਰਨ ਵਿੱਚ ਮੀਲ ਪੱਥਰ ਸਾਬਤ ਹੋਵੇਗੀ।




Leave a Comment