ਅੰਨ ਪੈਦਾ ਕਰਨ ਵਾਲਾ ਕਿਸਾਨ, ਦਿਨ ਪ੍ਰਤੀ ਦਿਨ ਕਰਜ਼ੇ ਦੀ ਮਾਰ ਹੇਠਾਂ ਦੱਬਿਆ ਜਾ ਰਿਹਾ। ਹਾਲਾਤ ਇਹ ਬਣ ਚੁੱਕੇ ਨੇ ਕਿ, ਉਨ੍ਹਾਂ ਦੀ ਤਾਂ ਫ਼ਸਲ ਨਹੀਂ ਹੋ ਰਹੀ, ਜਿੰਨਾਂ ਕਰਜ਼ਾ ਚੜ੍ਹੀ ਜਾ ਰਿਹਾ। ਪੰਜਾਬ ਸਮੇਤ ਦੇਸ਼ ਦੇ ਆਮ ਲੋਕਾਂ ਉੱਪਰ ਕਰਜ਼ਾ ਦਿਨ ਪ੍ਰਤੀ ਦਿਨ ਵੱਧ ਰਿਹਾ। ਲਗਾਤਾਰ ਪੰਜਾਬ ਉੱਤੇ ਵੱਧ ਰਹੇ ਕਰਜ਼ੇ ਨੇ, ਕਈ ਤਰ੍ਹਾਂ ਦੇ ਸਵਾਲਾਂ ਨੂੰ ਜਨਮ ਦੇ ਦਿੱਤਾ। ਇਹਨਾਂ ਸਵਾਲਾਂ ਦੇ ਵਿੱਚ ਹੀ ਇੱਕ ਸਵਾਲ ਇਹ ਵੀ ਵਾਰ-ਵਾਰ ਘੁੰਮਦਾ ਰਹਿੰਦਾ ਹੈ ਕਿ, ਆਖਰ ਇਹ ਕਰਜ਼ਾ ਚੜ੍ਹਿਆ ਕਿਉਂ ਸੀ ਅਤੇ ਲੱਥੇਗਾ ਕਿਵੇਂ? ਧਨਾਢ ਕਿਸਾਨਾਂ ਦੀਆਂ ਅਗਲੀਆਂ ਪੀੜ੍ਹੀਆਂ ਦੀ ਐਸ਼ੋ-ਅਰਾਮ ਦੀ ਚਾਹਤ ਵਾਲੀ ਜ਼ਿੰਦਗੀ ਅਤੇ ਕੰਮ ਦਾ ਬੋਝ ਪ੍ਰਵਾਸੀਆਂ ਤੇ ਛੱਡਣ ਦੀ ਜੇ ਇੱਕ ਵਜ੍ਹਾ ਗਿਣ ਵੀ ਲਈ ਜਾਵੇ ਤਾਂ ਵੀ ਆਮ ਕਿਸਾਨ ਤਾਂ ਕਰਜ਼ੇ ਦੀ ਮਾਰ ਹੇਠੋਂ ਨਿਕਲ ਹੀ ਨਹੀਂ ਪਾ ਰਿਹਾ ਅਤੇ ਅਸਲ ਕਿਸਾਨ ਉਹੀ ਹੈ। ਚੋਣਾਂ ਦੇ ਨੇੜੇ ਕਰਜ਼ ਮੁਆਫ਼ ਕਰਨ ਜਾਂ ਬਿਜਲੀ ਮੁਫ਼ਤ ਦੇਣ ਨਾਲ ਇਹ ਹੱਲ ਨਹੀਂ ਨਿਕਲਣਾ, ਕਿਸਾਨ ਨੂੰ ਇਸ ਲਾਇਕ ਬਣਾਉਣਾ ਪੈਣਾ ਕਿ ਉਹ ਮੁਫ਼ਤ ਵਾਲੀ ਚੀਜ਼ ਦੀ ਆਦਤ ਹੀ ਨਾ ਰਹੇ।
ਕਈ ਮੀਡੀਆ ਅਦਾਰੇ, ਲੋਕਪੱਖੀ ਪੱਤਰਕਾਰ ਅਤੇ ਹੋਰ ਬੁੱਧੀਜੀਵੀ ਵਿਦਵਾਨ ਕਰਜ਼ੇ ਨੂੰ ਲੈ ਕੇ ਹਮੇਸ਼ਾ ਹੀ ਚਰਚਾ ਕਰਦੇ ਰਹਿੰਦੇ ਹਨ, ਪਰ ਸਵਾਲ ਇਹ ਹੈ ਕਿ ਕਰਜ਼ਾ ਪੰਜਾਬ ਸਿਰ ਚੜ੍ਹਿਆ ਕਿਵੇਂ ਸੀ ਅਤੇ ਇਸ ਤੋਂ ਮੁਕਤੀ ਕਿਵੇਂ ਮਿਲੇਗੀ? ਖੈਰ, ਅੱਜ ਅਸੀਂ ਗੱਲ ਪੰਜਾਬ ਉੱਪਰ ਚੜ੍ਹੇ ਕਰਜ਼ੇ ਦੀ ਨਹੀਂ, ਬਲਕਿ ਪੰਜਾਬ ਦੇ ਕਿਸਾਨਾਂ ਉੱਪਰ ਚੜ੍ਹੇ ਕਰਜ਼ੇ ਦੀ ਗੱਲ ਕਰਾਂਗੇ। ਪੰਜਾਬ ਉੱਪਰ ਜਿਹੜਾ ਕਰਜ਼ਾ ਹੈ, ਉਸ ਬਾਰੇ ਤਾਂ ਸਰਕਾਰ ਵੰਨ-ਸੁਵੰਨੇ ਦਾਅਵੇ ਕਰਕੇ ਅਤੇ ਪੰਜਾਬ ਵਾਸੀਆਂ ਨੂੰ ਸੁਵਿਧਾਵਾਂ ਦੇਣ ਦੇ ਨਾਂ ‘ਤੇ ਮਸਲੇ ਵਿੱਚ ਉਲਝਾਈ ਰੱਖਦੀ ਹੈ। ਪਰ ਪੰਜਾਬ ਦੇ ਕਿਸਾਨਾਂ ਉੱਪਰ ਚੜ੍ਹਿਆ ਕਰਜ਼ਾ ਕਿਵੇਂ ਖਤਮ ਹੋਵੇਗਾ ਅਤੇ ਕਿਸਾਨਾਂ ਦੀ ਖੇਤੀ ਕਿਵੇਂ ਉਪਜਾਉ ਹੋ ਕੇ ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤੀ ਦਿਵਾਏਗੀ, ਅੱਜ ਗੱਲ ਇਸ ‘ਤੇ ਕਰਨੀ ਬਣਦੀ ਹੈ।
ਪੰਜਾਬ ਦੇ ਕਿਸਾਨਾਂ ਉੱਪਰ 97 ਹਜ਼ਾਰ 471 ਕਰੋੜ ਰੁਪਏ ਦਾ ਕਰਜ਼ਾ

ਪੰਜਾਬ ਦੇ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਬਾਰੇ ਪਿਛਲੇ ਸਾਲ 16 ਦਸੰਬਰ 2025 ਨੂੰ ਰਾਜ ਸਭਾ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕੇਂਦਰੀ ਰਾਜ ਮੰਤਰੀ ਪੰਕਜ ਚੌਧਰੀ ਵੱਲੋਂ ਦੱਸਿਆ ਗਿਆ ਕਿ, ਪੰਜਾਬ ਦੇ ਕਿਸਾਨਾਂ ਉੱਪਰ 97 ਹਜ਼ਾਰ 471 ਕਰੋੜ ਰੁਪਏ ਦਾ ਕਰਜ਼ਾ ਹੈ। ਆਪਣੇ ਲਿਖਤੀ ਜਵਾਬ ਵਿੱਚ ਰਾਜ ਮੰਤਰੀ ਨੇ ਕਿਹਾ ਕਿ ਇਹ ਕਰਜ਼ਾ 25 ਲੱਖ 23 ਹਜ਼ਾਰ ਖਾਤਾਧਾਰਕਾਂ ਉੱਪਰ ਹੈ। ਇਹ ਕਰਜ਼ਾ ਵਪਾਰਕ ਬੈਂਕਾਂ, ਸਹਿਕਾਰੀ ਬੈਂਕਾਂ ਅਤੇ ਪੇਂਡੂ ਖੇਤਰਾਂ ਦੇ ਬੈਂਕਾਂ ਦਾ ਹੈ। ਇਸ ਤੋਂ ਸਿੱਧਾ ਅਤੇ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਕਰੀਬ ਸਵਾ 25 ਲੱਖ ਕਿਸਾਨ ਜਾਂ ਫਿਰ ਖੇਤੀ ਦੇ ਨਾਲ ਜੁੜੇ ਲੋਕ ਕਰਜ਼ੇ ਦੀ ਮਾਰ ਹੇਠਾਂ ਹਨ।
ਵੈਸੇ, ਪੰਜਾਬ ਦੀ ਕਿਸਾਨੀ ਦਿਨ ਪ੍ਰਤੀ ਦਿਨ ਇੰਨੀ ਸੁੰਗੜ ਕਿਉਂ ਰਹੀ ਹੈ ਕਿ ਕਿਸਾਨ ਕਰਜ਼ਾ ਲੈਣ ਲਈ ਮਜਬੂਰ ਹੋ ਚੁੱਕੇ ਹਨ? ਇਹ ਸਵਾਲ ਹਰ ਕਿਸੇ ਦੇ ਮਨ ਅੰਦਰ ਹੈ। ਭਾਵੇਂ ਕਿ ਕੁਝ ਕੁ ਧਨਾਢ ਕਿਸਾਨਾਂ ਦੇ ਸ਼ੌਂਕ ਵੀ ਹੁੰਦੇ ਹਨ ਕਿ ਉਹ ਕਰਜ਼ਾ ਲੈ ਕੇ ਆਪਣੀਆਂ ਐਸ਼ੋ ਅਰਾਮ ਦੀ ਜ਼ਿੰਦਗੀ ਜਿਉਣ। ਪਰ ਆਮ ਕਿਸਾਨ ਦਾ ਕੀ, ਜੇ ਸਿਰ ਕੋਈ ਦੋ ਚਾਰ ਲੱਖ ਦਾ ਕਰਜ਼ਾ ਹੋਵੇ? ਕਿਸਾਨਾਂ ਉੱਪਰ ਚੜ੍ਹੇ ਕਰਜ਼ੇ ਬਾਰੇ ਸਰਕਾਰਾਂ ਹਮੇਸ਼ਾ ਗੱਲਾਂ ਕਰਦੀਆਂ ਹਨ।
ਕਿਸਾਨਾਂ ਸਿਰ ਕਰਜ਼ਾ ਲਾਉਣ ਦੀ ਗੱਲ

ਸੱਤਾ ਵਿੱਚ ਆਉਣ ਤੋਂ ਪਹਿਲਾਂ ਹਰ ਸਿਆਸੀ ਪਾਰਟੀ ਕਿਸਾਨਾਂ ਸਿਰ ਕਰਜ਼ਾ ਲਾਉਣ ਦੀ ਗੱਲ ਕਰਦੀ ਹੈ, ਪਰ ਕਿਸਾਨਾਂ ਨੂੰ ਕਰਜ਼ੇ ਤੋਂ ਪੂਰਨ ਰੂਪ ਵਿੱਚ ਮੁਕਤੀ ਕਿਵੇਂ ਦਵਾਈ ਜਾਵੇ, ਇਸ ਬਾਰੇ ਕੋਈ ਵੀ ਰਾਜਨੀਤਿਕ ਧਿਰ ਚਰਚਾ ਨਹੀਂ ਕਰਦੀ। ਕਰਜ਼ੇ ਮੁਆਫ਼ ਕਰਨ ਦੇ ਨਾਲ ਕਿਸਾਨਾਂ ਸਿਰੋਂ ਕਰਜ਼ਾ ਨਹੀਂ ਲੱਥੇਗਾ, ਕਿਉਂਕਿ ਇਸ ਦੇ ਪਿੱਛੇ ਵੱਡਾ ਕਾਰਨ ਇਹ ਹੈ ਕਿ ਇੱਕ ਵਾਰ ਤਾਂ ਕਿਸਾਨ ਦੇ ਸਿਰ ਤੋਂ ਕਰਜ਼ਾ ਉੱਤਰ ਜਾਵੇਗਾ, ਪਰ ਅਗਲੀ ਵਾਰ ਜਦੋਂ ਉਸ ਨੂੰ ਪੈਸੇ ਧੇਲੇ ਦੀ ਜ਼ਰੂਰਤ ਪਵੇਗੀ, ਤਾਂ ਉਹ ਕਿੱਥੇ ਜਾਵੇਗਾ? ਕੀ ਸਰਕਾਰ ਉਸ ਦੀ ਮਦਦ ਕਰੇਗੀ? ਨਹੀਂ, ਕਿਉਂਕਿ ਸਰਕਾਰ ਇੱਕ ਵਾਰੀ ਤਾਂ ਕਿਸਾਨ ਨੂੰ ਕਰਜ਼ੇ ਤੋਂ ਮੁਕਤੀ ਦਿਵਾ ਦੇਵੇਗੀ, ਪਰ ਉਮਰ ਭਰ ਲਈ ਕਿਸਾਨ ਕਰਜ਼ੇ ਤੋਂ ਮੁਕਤ ਨਹੀਂ ਹੋ ਸਕੇਗਾ, ਕਿਉਂਕਿ ਪੰਜਾਬ ਦੀ ਖੇਤੀ ਅਤੇ ਪੰਜਾਬ ਦੀ ਧਰਤੀ ਤੇ ਪਾਣੀ ਇੰਨਾ ਗੰਧਲਾ ਹੋ ਚੁੱਕਿਆ ਹੈ ਕਿ ਇਥੇ ਇਸ ਵੇਲੇ ਚੱਜ ਦੀ ਫਸਲ ਹੁਣ ਕਿਸੇ ਖਾਤੇ ਵਿੱਚ ਲਿਖਿਆ ਹੀ ਨਹੀਂ ਜਾ ਰਿਹਾ।
ਪੰਜਾਬ ਦੀ ਖੇਤੀ ਨੂੰ ਜਿਸ ਤਰੀਕੇ ਦੇ ਨਾਲ ਕਾਰਪੋਰੇਟ ਘਰਾਣਿਆਂ ਦੇ ਵੱਲੋਂ ਵੱਡੇ ਪੱਧਰ ‘ਤੇ ਨਸ਼ਟ ਕਰਕੇ ਇਥੋਂ ਹਾਈਵੇ ਕੱਢ ਕੇ ਪਹਿਲਾਂ ਅਤੇ ਉਹਦੇ ਬਾਅਦ ਵੱਡੀਆਂ-ਵੱਡੀਆਂ ਮਹਿਲ ਮਾੜੀਆਂ ਅਤੇ ਕਲੋਨੀਆਂ ਤੋਂ ਇਲਾਵਾ ਹੋਟਲ ਕਾਰਖ਼ਾਨੇ ਬਣਾ ਕੇ ਪੰਜਾਬ ਦੀ ਉਪਜਾਉ ਧਰਤੀ ਨੂੰ ਉਜਾੜਿਆ ਗਿਆ, ਜਿਸ ਦੇ ਕਾਰਨ ਇੱਕ ਵਾਰ ਦਾ ਕਿਸਾਨ ਆਪਣੀਆਂ ਜ਼ਮੀਨਾਂ ਵੇਚ ਕੇ ਅਮੀਰ ਹੋ ਗਿਆ, ਪਰ ਹੌਲੀ-ਹੌਲੀ ਕਿਸਾਨਾਂ ਨੂੰ ਮਿਲਿਆ ਪੈਸਾ ਖਤਮ ਹੋਣ ਲੱਗਿਆ ਅਤੇ ਕਿਸਾਨ ਜ਼ਿੰਦਗੀ ਜਿਉਣ ਦੇ ਲਈ ਇਧਰੋਂ ਉਧਰੋਂ ਕਰਜ਼ਾ ਫੜਨ ਲੱਗੇ। ਇਹ ਕਹਾਣੀ ਕੋਈ ਅੱਜ ਦੀ ਨਹੀਂ, ਪਿਛਲੇ ਕਰੀਬ ਤਿੰਨ ਚਾਰ ਦਹਾਕਿਆਂ ਤੋਂ ਚਲਦੀ ਆ ਰਹੀ ਹੈ। ਪੰਜਾਬ ਨੂੰ ਵਿਕਾਸ ਦੇ ਨਾਮ ‘ਤੇ ਜਿਸ ਤਰੀਕੇ ਦੇ ਨਾਲ ਉਜਾੜਿਆ ਗਿਆ, ਉਸ ਤੋਂ ਸਾਫ ਤੇ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਨੂੰ ਕਰਜ਼ਾਈ ਅਤੇ ਪੰਜਾਬ ਦੇ ਕਿਸਾਨਾਂ ਨੂੰ ਮਿੱਟੀ ਵਿੱਚ ਮਿਲਾਉਣ ਦਾ ਕੰਮ ਕਾਰਪੋਰੇਟ ਘਰਾਣਿਆਂ ਤੇ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਹੀ ਕੀਤਾ ਗਿਆ ਹੈ।
ਸਰਕਾਰੀ ਨੀਤੀਆਂ ਅਤੇ ਫ਼ਸਲਾਂ ‘ਤੇ ਕੁਦਰਤੀ ਮਾਰ

ਸਰਕਾਰਾਂ ਦੁਆਰਾ ਬਣਾਈਆਂ ਜਾਂਦੀਆਂ ਗਲਤ ਨੀਤੀਆਂ ਦੇ ਕਾਰਨ ਹੀ ਕਿਸਾਨ ਖੁਦਕੁਸ਼ੀਆਂ ਕਰਦੇ ਹਨ ਅਤੇ ਕਰਜ਼ੇ ਦੀ ਮਾਰ ਹੇਠ ਹਨ। ਜਾਣਕਾਰੀ ਦੇ ਮੁਤਾਬਕ, ਕਿਸਾਨਾਂ ਸਿਰ ਕਰਜ਼ੇ ਚੜ੍ਹਨ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਸਾਹਮਣੇ ਆਇਆ ਹੈ, ਉਹ ਇਹ ਹੈ ਕਿ ਮਹਿੰਗੀਆਂ ਦਵਾਈਆਂ ਅਤੇ ਫਸਲਾਂ ਦੀ ਪੈਦਾਵਾਰ ਘਟਣੀ। ਇਸ ਦੇ ਨਾਲ ਹੀ ਇਹ ਵੀ ਕਾਰਨ ਪਤਾ ਲੱਗਿਆ ਹੈ ਕਿ ਸਰਕਾਰਾਂ ਦੁਆਰਾ ਜਿਹੜੀਆਂ ਨੀਤੀਆਂ ਕਿਸਾਨਾਂ ਦੇ ਲਈ ਬਣਾਈਆਂ ਗਈਆਂ ਸਨ ਜਾਂ ਬਣਾਈਆਂ ਜਾ ਰਹੀਆਂ ਹਨ, ਉਹਨਾਂ ਦਾ ਕਿਸਾਨਾਂ ਨੂੰ ਫਾਇਦਾ ਤੱਕ ਨਹੀਂ ਮਿਲਿਆ। ਵੱਡੇ ਅਤੇ ਧਨਾਢ ਲੋਕਾਂ ਦੇ ਵੱਲੋਂ ਇਹਨਾਂ ਸਕੀਮਾਂ ਦਾ ਫਾਇਦਾ ਚੁੱਕ ਲਿਆ ਗਿਆ, ਜਦੋਂ ਕਿ ਕਿਸਾਨਾਂ ਨੂੰ ਲਾਲਚ ਵਿਖਾ ਕੇ ਅਤੇ ਉਹਨਾਂ ਨੂੰ ਭਰੋਸੇ ਵਿੱਚ ਲੈ ਕੇ ਬਥੇਰਾ ਕੁਝ ਉਹਨਾਂ ਦੇ ਨਾਲ ਕੀਤਾ ਗਿਆ, ਪਰ ਅਸਲ ਕਿਸਾਨਾਂ ਨੂੰ ਕੁਝ ਵੀ ਨਹੀਂ ਮਿਲਿਆ।
ਫਸਲ ਦੀ ਪੈਦਾਵਾਰ ‘ਤੇ ਹੋਣ ਵਾਲੇ ਨੁਕਸਾਨ ਬਾਰੇ ਤਾਂ ਨਾ ਕੋਈ ਕਾਰਪੋਰੇਟ ਕੰਪਨੀ ਸੋਚਦੀ ਹੈ ਅਤੇ ਨਾ ਹੀ ਸਰਕਾਰ ਸੋਚਦੀ ਹੈ। ਕਣਕ ਝੋਨੇ ਅਤੇ ਫਲਾਂ ਸਬਜ਼ੀਆਂ ‘ਤੇ ਜਦੋਂ ਕੁਦਰਤੀ ਮਾਰ ਪੈਂਦੀ ਹੈ, ਤਾਂ ਉਸ ਵੇਲੇ ਹੀ ਕਿਸਾਨ ਕਰਜ਼ਾਈ ਹੁੰਦਾ ਹੈ। ਪਿਛਲੇ ਕੁਝ ਕੁ ਸਾਲਾਂ ਵਿੱਚ ਪੰਜਾਬ ਦੇ ਅੰਦਰ ਲਗਾਤਾਰ ਆ ਰਹੇ ਹੜ੍ਹਾਂ ਦੇ ਕਾਰਨ ਪੰਜਾਬ ਦੀ ਉਪਜਾਉ ਧਰਤੀ ਜਿਥੇ ਲਗਾਤਾਰ ਨਸ਼ਟ ਹੁੰਦੀ ਜਾ ਰਹੀ ਹੈ, ਉਥੇ ਹੀ ਦੂਜੇ ਪਾਸੇ ਇਸ ਕੁਦਰਤੀ ਕਰੋਪੀ ਦੇ ਕਾਰਨ ਕਿਸਾਨ ਮਰਦਾ ਜਾ ਰਿਹਾ ਹੈ।
ਫ਼ਸਲਾਂ ਦਾ ਚੰਗਾ ਭਾਅ ਹੀ ਨਹੀਂ ਮਿਲ ਰਿਹਾ

ਜਾਣਕਾਰੀ ਇਹ ਵੀ ਹੈ ਕਿ ਪਹਿਲਾਂ ਕਿਸਾਨ ਪੰਜਾਬ ਅੰਦਰ ਵੱਡੇ ਪੱਧਰ ‘ਤੇ ਗੰਨਾ, ਕਪਾਹ ਅਤੇ ਹੋਰ ਫਸਲਾਂ ਬੀਜਦੇ ਹੁੰਦੇ ਸਨ, ਪਰ ਇਹ ਹੌਲੀ-ਹੌਲੀ ਤਾਂ ਖਤਮ ਹੋਈਆਂ ਕਿਉਂਕਿ ਕਿਸਾਨਾਂ ਨੂੰ ਇਹਨਾਂ ਦਾ ਭਾਅ ਹੀ ਚੰਗਾ ਨਹੀਂ ਮਿਲਿਆ। ਕਿਸਾਨਾਂ ਨੂੰ ਗਰੀਬੀ ਮੁਕਤ ਕਰਨ ਅਤੇ ਕਰਜ਼ਾ ਮੁਕਤ ਕਰਨ ਦੀ ਸਕੀਮ ਸੈਂਟਰ ਤੇ ਸਟੇਟ ਹਮੇਸ਼ਾ ਲੈ ਕੇ ਆਈ ਪਰ ਨਾ ਤਾਂ ਕਿਸਾਨਾਂ ਨੂੰ ਗਰੀਬੀ ਤੋਂ ਮੁਕਤ ਕੀਤਾ ਗਿਆ ਅਤੇ ਨਾ ਹੀ ਕਰਜ਼ੇ ਤੋਂ ਮੁਕਤੀ ਦਵਾਈ ਗਈ। ਕਿਸਾਨਾਂ ਦੀ ਆਮਦਨ ਤਾਂ ਕੀ ਵਧਣੀ ਸੀ ਸਗੋਂ ਕਿਸਾਨ ਹੋਰ ਕਰਜ਼ੇ ਦੇ ਹੇਠਾਂ ਦੱਬੇ ਗਏ।
ਜਿਥੇ ਮਹਿੰਗੀਆਂ ਦਵਾਈਆਂ ਨੇ ਕਿਸਾਨਾਂ ਨੂੰ ਮਾਰ ਸੁੱਟਿਆ, ਉਥੇ ਦੂਜੇ ਪਾਸੇ ਕਰਜ਼ੇ ਹੇਠਾਂ ਦੱਬੇ ਕਿਸਾਨ ਖੁਦਕੁਸ਼ੀਆਂ ਕਰਨ ਲਈ ਵੀ ਮਜਬੂਰ ਹੋ ਚੁੱਕੇ ਹਨ। ਕਿਸਾਨਾਂ ਨੂੰ ਲਾਲਚ ਕਾਰਪੋਰੇਟ ਕੰਪਨੀਆਂ ਅਤੇ ਸਰਕਾਰਾਂ ਦੇ ਵੱਲੋਂ ਹਮੇਸ਼ਾ ਹੀ ਦਿੱਤੇ ਜਾਂਦੇ ਰਹੇ ਹਨ ਅਤੇ ਹੁਣ ਵੀ ਦਿੱਤੇ ਜਾ ਰਹੇ ਹਨ, ਪਰ ਸਵਾਲ ਇਹ ਹੈ ਕਿ ਕੀ ਅਜਿਹਾ ਕੁਝ ਕਰਨ ਦੇ ਨਾਲ ਕਿਸਾਨ ਦਾ ਭਲਾ ਹੋ ਸਕਦਾ ਹੈ?
ਕਰਜ਼ੇ ਤੋਂ ਮੁਕਤੀ ਦਿਵਾਉਣ ਦੇ ਵਾਸਤੇ ਕੋਈ ਵੀ ਸਰਕਾਰ ਆਪਣੇ ਪੱਧਰ ‘ਤੇ ਕੋਈ ਕੋਸ਼ਿਸ਼ ਨਹੀਂ ਕਰ ਰਹੀ। ਹਰ ਕੋਈ ਸਰਕਾਰ ਜਾਂ ਫਿਰ ਵਿਰੋਧੀ ਧਿਰ ਦੇ ਵਿੱਚ ਬੈਠਾ ਆਦਮੀ ਕਿਸਾਨਾਂ ਨੂੰ ਹੀ ਕੋਸਦਾ ਹੈ ਕਿ ਕਿਸਾਨ ਦੇ ਸ਼ੌਂਕ ਹੀ ਦੂਜੇ ਲੋਕਾਂ ਦੇ ਨਾਲੋਂ ਵੱਖਰੇ ਨੇ। ਉਹ ਕਰਜ਼ਾ ਲੈਂਦਾ ਹੈ ਆਪਣੀ ਜ਼ਮੀਨ ‘ਤੇ, ਆਪਣੀ ਫਸਲ ‘ਤੇ ਅਤੇ ਆਖਰ ਜਦੋਂ ਉਹਦੇ ਕੋਲੋਂ ਕਰਜ਼ਾ ਨਹੀਂ ਉਤਾਰਿਆ ਜਾਂਦਾ ਤਾਂ ਉਹ ਮੌਤ ਨੂੰ ਗਲੇ ਲਗਾ ਲੈਂਦਾ ਹੈ। ਭਾਵੇਂ ਕਿ ਕਈ ਧਨਾਢ ਅਤੇ ਚਲਾਕ ਕਿਸਾਨ ਕਰਜ਼ਾ ਚੁੱਕ ਕੇ ਐਸ਼ ਦੀ ਜ਼ਿੰਦਗੀ ਜਿਉਂ ਲੈਂਦੇ ਨੇ, ਪਰ ਇਸਦਾ ਮਤਲਬ ਇਹ ਨਹੀਂ ਕਿ ਸਾਰੇ ਕਿਸਾਨ ਇੱਕੋ ਜਿਹੇ ਹੋਣਗੇ।
ਭਾਰਤ ਦੇ ਬਹੁ ਗਿਣਤੀ ਕਿਸਾਨ ਅਜਿਹੇ ਵੀ ਹਨ ਜਿਹੜੇ ਦੂਜਿਆਂ ਲਈ ਤਾਂ ਅੰਨ ਪੈਦਾ ਕਰਦੇ ਨੇ ਪਰ ਉਹਨਾਂ ਨੂੰ ਖੁਦ ਖਾਣ ਨੂੰ ਅੰਨ ਨਹੀਂ ਮਿਲਦਾ। ਕਿਸਾਨੀ ਦਿਨ ਪ੍ਰਤੀ ਦਿਨ ਇੰਨੀ ਡੁੱਬਦੀ ਅਤੇ ਨਸ਼ਟ ਹੁੰਦੀ ਜਾ ਰਹੀ ਹੈ ਕਿ ਕਿਸਾਨ ਹੁਣ ਖੇਤੀ ਛੱਡਣ ਨੂੰ ਵੀ ਮਜਬੂਰ ਹੋ ਚੁੱਕੇ ਹਨ। ਫਸਲਾਂ ਦੇ ਭਾਅ ‘ਤੇ ਐਮਐਸਪੀ ਨਾ ਮਿਲਣਾ ਅਤੇ ਕਿਸਾਨਾਂ ਦੇ ਨਾਲ ਕੀਤੇ ਵਾਅਦਿਆਂ ਦੇ ਮੁਤਾਬਕ ਸਹੀ ਸਰਕਾਰੀ ਮੰਡੀਕਰਨ ਨਾ ਹੋਣ ਦੇ ਕਾਰਨ ਕਿਸਾਨ ਖੇਤੀ ਛੱਡਣ ਲਈ ਮਜਬੂਰ ਹਨ। ਪੰਜਾਬ ਵਿੱਚ ਆਏ ਸੀਜ਼ਨ ਵਿੱਚ ਹੀ ਅਸੀਂ ਦੇਖਦੇ ਹਾਂ ਕਿ ਕਿਸਾਨ ਆਲੂ, ਸ਼ਿਮਲਾ ਮਿਰਚਾਂ ਤੋਂ ਇਲਾਵਾ ਮੱਕੀ, ਕਪਾਹ ਖੇਤਾਂ ਵਿੱਚ ਹੀ ਵਾਹ ਦਿੰਦੇ ਹਨ। ਇਸਦਾ ਇਹ ਕਾਰਨ ਹੈ ਕਿ ਕਿਸਾਨਾਂ ਨੂੰ ਆਪਣੀ ਫਸਲ ਦਾ ਪੂਰਾ ਭਾਅ ਬਾਜ਼ਾਰ ਵਿੱਚ ਨਹੀਂ ਮਿਲ ਪਾਉਂਦਾ ਜਿਸ ਦੇ ਕਾਰਨ ਉਹ ਫਸਲ ਨੂੰ ਵਾਹੁਣ ਲਈ ਮਜਬੂਰ ਹੋ ਜਾਂਦੇ ਹਨ।
ਸਾਰੀਆਂ ਫਸਲਾਂ ਨੂੰ ਐਮਐਸਪੀ ‘ਤੇ ਵੇਚਿਆ ਜਾਣਾ ਲਾਜ਼ਮੀ

ਕਿਸਾਨ ਕੋਲੋਂ ਸਸਤੇ ਭਾਅ ਖਰੀਦੀ ਗਈ ਚੀਜ਼ ਨੂੰ ਜਦੋਂ ਵਪਾਰੀ ਲੈ ਕੇ ਬਾਜ਼ਾਰ ਜਾਂਦਾ ਹੈ ਤਾਂ ਉਹ ਉਸੇ ਚੀਜ਼ ਨੂੰ ਚੌਗਣੇ ਭਾਅ ਵੇਚਦਾ ਹੈ। ਇਸ ਤੋਂ ਸਾਫ ਹੋ ਜਾਂਦਾ ਹੈ ਕਿ ਅੰਨ ਉਗਾਉਣ ਵਾਲਾ ਦਿਨ ਪ੍ਰਤੀ ਦਿਨ ਗਰੀਬ ਹੁੰਦਾ ਜਾ ਰਿਹਾ ਹੈ ਤੇ ਉਸ ਨੂੰ ਪੈਕ ਕਰਕੇ ਵੇਚਣ ਵਾਲਾ ਕਾਰਪੋਰੇਟ ਘਰਾਣਾ ਦਿਨ ਪ੍ਰਤੀ ਦਿਨ ਅਮੀਰ ਹੁੰਦਾ ਜਾ ਰਿਹਾ ਹੈ। ਖੈਰ ਇਹ ਵੇਲਾ ਸੋਚਣ ਦਾ ਹੈ ਕਿ ਅੰਨ ਉਗਾਉਣ ਵਾਲਾ ਗਰੀਬ ਅਤੇ ਉਸੇ ਅੰਨ ਨੂੰ ਪੈਕ ਕਰਕੇ ਵੇਚਣ ਵਾਲਾ ਵਪਾਰੀ ਅਮੀਰ ਕਿਉਂ ਹੁੰਦਾ ਜਾ ਰਿਹਾ ਹੈ? ਵੈਸੇ, ਜਦੋਂ ਤੱਕ ਸਰਕਾਰਾਂ ਚੰਗੀਆਂ ਨੀਤੀਆਂ ਬਣਾ ਕੇ ਉਹਨਾਂ ਨੂੰ ਗਰਾਊਂਡ ‘ਤੇ ਲਾਗੂ ਨਹੀਂ ਕਰਦੀਆਂ ਉਦੋਂ ਤੱਕ ਕਿਸਾਨ ਇਸੇ ਤਰ੍ਹਾਂ ਮਰਦੇ ਰਹਿਣਗੇ ਅਤੇ ਕਰਜ਼ੇ ਹੇਠਾਂ ਡੁੱਬੇ ਰਹਿਣਗੇ।
ਕਿਸਾਨਾਂ ਦੀਆਂ ਸਾਰੀਆਂ ਫਸਲਾਂ ਨੂੰ ਐਮਐਸਪੀ ‘ਤੇ ਵੇਚਿਆ ਜਾਣਾ ਲਾਜ਼ਮੀ ਹੋਣਾ ਚਾਹੀਦਾ ਹੈ ਤਾਂ ਹੀ ਕਿਸਾਨ ਦੇ ਪੱਲੇ ਕੁਝ ਪੈ ਸਕਦਾ ਹੈ। ਅਜੋਕੇ ਯੁਗ ਵਿੱਚ ਤਾਂ ਸਭ ਕੁਝ ਵੱਖਰਾ ਹੀ ਹੋ ਰਿਹਾ, ਫਸਲ ਉਗਾ ਕੇ ਵਾਢੀ ਕਰਕੇ ਮੰਡੀ ਵੇਚਣ ਵਾਲਾ ਕਿਸਾਨ ਆਪਣੀ ਫਸਲ ਦਾ ਖੁਦ ਭਾਅ ਵੀ ਨਹੀਂ ਲਾ ਪਾ ਰਿਹਾ ਕਿਉਂਕਿ ਉਸ ‘ਤੇ ਵੀ ਇੱਕ ਵੱਡਾ ਕਾਰਪੋਰੇਟ ਘਰਾਣਾ ਹਕੂਮਤ ਦੁਆਰਾ ਬਿਠਾਇਆ ਹੋਇਆ ਹੈ ਜਿਸ ਦੁਆਰਾ ਕਿਸਾਨ ਦੀ ਲੁੱਟ ਕੀਤੀ ਜਾ ਰਹੀ ਹੈ ਅਤੇ ਉਸ ਦੀ ਫਸਲ ਨੂੰ ਸਸਤੇ ਭਾਅ ਖਰੀਦ ਕੇ ਮਹਿੰਗੇ ਭਾਅ ਵੇਚਿਆ ਜਾ ਰਿਹਾ ਹੈ ਜਿਸ ਦੇ ਕਾਰਨ ਕਿਸਾਨਾਂ ਨੂੰ ਉਸ ਦੀ ਲਾਗਤ ਦਾ ਮੁੱਲ ਵੀ ਨਹੀਂ ਮਿਲ ਰਿਹਾ।
ਕਿਸਾਨਾਂ ਦੁਆਰਾ ਉਗਾਈਆਂ ਜਾਂਦੀਆਂ ਫਸਲਾਂ ਜਦੋਂ ਤੱਕ ਸਹੀ ਰੇਟ ‘ਤੇ ਨਹੀਂ ਵਿਕਣਗੀਆਂ ਉਦੋਂ ਤੱਕ ਕਿਸਾਨ ਕਰਜਾਈ ਹੁੰਦੇ ਰਹਿਣਗੇ ਅਤੇ ਕਰਜ਼ੇ ਦੀ ਮਾਰ ਹੇਠ ਦੱਬੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈਂਦੇ ਰਹਿਣਗੇ। ਹਕੂਮਤਾਂ ਤੋਂ ਉਮੀਦ ਇਹੋ ਹੈ ਕਿ ਉਹ ਕਿਸਾਨਾਂ ਨੂੰ ਕਰਜ਼ੇ ਤੋਂ ਪੂਰਨ ਤੌਰ ‘ਤੇ ਮੁਕਤ ਕਰਨ ਲਈ ਕੋਈ ਵਧੀਆ ਨੀਤੀ ਬਣਾਉਣ ਤਾਂ ਜੋ ਕਿਸਾਨ ਦੀ ਆਮਦਨ ਵੀ ਵੱਧ ਸਕੇ ਅਤੇ ਕਿਸਾਨ ਕਰਜੇ ਦੀ ਮਾਰ ਹੇਠ ਵੀ ਨਾ ਆਵੇ।



Leave a Comment