ਪੰਜਾਬ ਦੀ ਧਰਤੀ ਸਦੀਆਂ ਤੋਂ ਯੋਧਿਆਂ, ਸੂਰਬੀਰਾਂ ਅਤੇ ਗ਼ੈਰਤਮੰਦ ਲੋਕਾਂ ਦੀ ਰਹੀ ਹੈ। ਇਸੇ ਪਵਿੱਤਰ ਧਰਤੀ ‘ਤੇ ਈਸਾ ਪੂਰਬ ਦੌਰਾਨ ਇੱਕ ਅਜਿਹਾ ਮਹਾਨ ਰਾਜਾ ਹੋਇਆ, ਜਿਸ ਨੇ ਦੁਨੀਆ ਜਿੱਤਣ ਦਾ ਸੁਪਨਾ ਲੈ ਕੇ ਤੁਰੇ ਯੂਨਾਨੀ ਜੇਤੂ ਸਿਕੰਦਰ ਮਹਾਨ ਦੇ ਰੱਥ ਨੂੰ ਨਾ ਸਿਰਫ ਰੋਕਿਆ, ਬਲਕਿ ਉਸ ਦੀ ਫ਼ੌਜ ਦੇ ਹੌਸਲੇ ਵੀ ਪਸਤ ਕਰ ਦਿੱਤੇ। ਇਸ ਮਹਾਨ ਪੰਜਾਬੀ ਸੂਰਮੇ ਦਾ ਨਾਂ ਸੀ, ਰਾਜਾ ਪੋਰਸ (ਜਿਸ ਨੂੰ ਰਾਜਾ ਪੁਰੂ, ਪਾਰਸ ਜਾਂ ਯੂਨਾਨੀ ਇਤਿਹਾਸ ਵਿੱਚ ‘ਪੋਰੋਸ’ ਵੀ ਕਿਹਾ ਜਾਂਦਾ ਹੈ)।
ਰਾਜਾ ਪੋਰਸ ਪ੍ਰਾਚੀਨ ਭਾਰਤ ਦੇ ‘ਪੌਰਵ ਰਾਸ਼ਟਰ’ (ਪੋਰਸ ਸਾਮਰਾਜ) ਦਾ ਹੁਕਮਰਾਨ ਸੀ। ਉਸ ਦਾ ਸਾਮਰਾਜ ਪੰਜਾਬ ਦੇ ਦੋ ਪ੍ਰਮੁੱਖ ਦਰਿਆਵਾਂ ਜਿਹਲਮ ਅਤੇ ਚਨਾਬ ਦੇ ਦਰਮਿਆਨ ਫੈਲਿਆ ਹੋਇਆ ਸੀ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਉਸ ਦੀ ਰਾਜਧਾਨੀ ਅਜੋਕੇ ਲਾਹੌਰ (ਪਾਕਿਸਤਾਨ) ਦੇ ਨੇੜੇ-ਤੇੜੇ ਸਥਿਤ ਰਹੀ ਹੋਵੇਗੀ। ਰਾਜਾ ਪੋਰਸ ਆਪਣੀ ਬਹਾਦਰੀ, ਨਿਆਂਪ੍ਰਿਅਤਾ, ਵਿਸ਼ਾਲ ਜੁੱਸੇ ਅਤੇ ਦੇਸ਼-ਭਗਤੀ ਲਈ ਪੂਰੀ ਦੁਨੀਆ ਦੇ ਇਤਿਹਾਸ ਵਿੱਚ ਪ੍ਰਸਿੱਧ ਹੈ।
ਰਾਜਾ ਪੋਰਸ ਦਾ ਜਨਮ ਜਿਹਲਮ ਨਦੀ ਦੇ ਨੇੜੇ ਇੱਕ ਪਿੰਡ ਵਿੱਚ ਹੋਇਆ ਸੀ। ਹਾਲਾਂਕਿ ਪ੍ਰਾਚੀਨ ਕਾਲ ਦੇ ਦਸਤਾਵੇਜ਼ਾਂ ਦੀ ਘਾਟ ਕਾਰਨ ਉਨ੍ਹਾਂ ਦੀ ਸਹੀ ਜਨਮ ਮਿਤੀ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲਦੀ, ਪਰ ਉਨ੍ਹਾਂ ਦਾ ਮੁੱਖ ਹਕੂਮਤੀ ਦੌਰ 326 ਤੋਂ 317 ਈਸਾ ਪੂਰਬ ਦਾ ਮੰਨਿਆ ਜਾਂਦਾ ਹੈ। ਰਾਜਾ ਪੋਰਸ ਹਿੰਦੂ ਧਰਮ ਦੇ ਵੈਦਿਕ ਸਨਾਤਨ ਸਭਿਆਚਾਰ ਨੂੰ ਮੰਨਣ ਵਾਲੇ ਸਨ ਅਤੇ ਉਹ ਪੂਰੂ ਵੰਸ਼ ਦੇ ਜਨਮੇਜਯ ਕਬੀਲੇ ਨਾਲ ਸਬੰਧ ਰੱਖਦੇ ਸਨ। ਯੂਨਾਨੀ ਅਤੇ ਭਾਰਤੀ ਇਤਿਹਾਸਕਾਰ ਪੋਰਸ ਦੇ ਸਰੀਰਕ ਜੁੱਸੇ ਨੂੰ ਦੇਖ ਕੇ ਹੈਰਾਨ ਸਨ। ਲਿਖਤਾਂ ਮੁਤਾਬਕ ਰਾਜਾ ਪੋਰਸ ਦਾ ਕੱਦ 7 ਫੁੱਟ 4 ਇੰਚ ਸੀ। ਉਹ ਬੇਹੱਦ ਖ਼ੂਬਸੂਰਤ, ਰੋਅਬਦਾਰ ਅਤੇ ਮਜ਼ਬੂਤ ਸਰੀਰਕ ਅੰਗਾਂ ਦੇ ਮਾਲਕ ਸਨ। ਜਦੋਂ ਉਹ ਆਪਣੇ ਵਿਸ਼ਾਲ ਹਾਥੀ ‘ਤੇ ਸਵਾਰ ਹੁੰਦੇ ਸਨ, ਤਾਂ ਉਹ ਕਿਸੇ ਦੇਵਤੇ ਵਾਂਗ ਪ੍ਰਤੀਤ ਹੁੰਦੇ ਸਨ।
ਉਨ੍ਹਾਂ ਦੀ ਰਿਆਸਤ ਦਾ ਨਾਂ ‘ਪਾਰਾਵਤ’ ਸੀ। ਲਹਿੰਦੇ (ਪੱਛਮੀ) ਪੰਜਾਬ ਦਾ ਮੌਜੂਦਾ ਭੂਗੋਲਿਕ ਖੇਤਰ ਜਿਵੇਂ ਕਿ ਜ਼ਿਲ੍ਹਾ ਗੁਜਰਾਤ, ਮੰਡੀ ਬਹਾਊਦੀਨ, ਸਰਗੋਧਾ ਅਤੇ ਝੰਗ ਦਾ ਕੁਝ ਹਿੱਸਾ ਉਸ ਵੇਲੇ ਪੋਰਸ ਦੇ ਸਾਮਰਾਜ ਦਾ ਮੁੱਖ ਕੇਂਦਰ ਹੁੰਦਾ ਸੀ। ਇਹ ਰਿਆਸਤ ਕੁਦਰਤੀ ਸਾਧਨਾਂ ਨਾਲ ਭਰਪੂਰ, ਅਮੀਰ ਅਤੇ ਵਪਾਰਕ ਪੱਖੋਂ ਬਹੁਤ ਮਜ਼ਬੂਤ ਸੀ।
ਸਿਕੰਦਰ ਦਾ ਵਿਸ਼ਵ ਵਿਜੇਤਾ ਬਣਨ ਦਾ ਸੁਪਨਾ ਅਤੇ ਭਾਰਤ ਵੱਲ ਕਦਮ
ਯੂਨਾਨ ਦਾ ਰਾਜਾ ਸਿਕੰਦਰ ਪੂਰੀ ਦੁਨੀਆ ਨੂੰ ਫ਼ਤਿਹ ਕਰਨ ਦਾ ਸੁਪਨਾ ਲੈ ਕੇ ਆਪਣੇ ਦੇਸ਼ ਤੋਂ ਤੁਰਿਆ ਸੀ। ਮਿਸਰ, ਇਰਾਨ (ਪਰਸ਼ੀਆ) ਅਤੇ ਸੀਰੀਆ ਵਰਗੇ ਵੱਡੇ-ਵੱਡੇ ਸਾਮਰਾਜਾਂ ਨੂੰ ਮਿੱਟੀ ਵਿੱਚ ਮਿਲਾਉਂਦਾ ਹੋਇਆ ਉਹ ਹਿੰਦੂਕੁਸ਼ ਪਹਾੜੀਆਂ ਨੂੰ ਪਾਰ ਕਰਕੇ ਅਜੋਕੇ ਪੇਸ਼ਾਵਰ ਅਤੇ ਟੈਕਸਲਾ (ਤਕਸ਼ਸ਼ਿਲਾ) ਦੀਆਂ ਰਿਆਸਤਾਂ ਤੱਕ ਪਹੁੰਚ ਗਿਆ।
ਟੈਕਸਲਾ ਦਾ ਰਾਜਾ ‘ਅੰਭੀ’ ਇੱਕ ਕਾਇਰ ਅਤੇ ਲਾਲਚੀ ਸ਼ਾਸਕ ਸੀ। ਉਸ ਨੇ ਸਿਕੰਦਰ ਦੀ ਵਿਸ਼ਾਲ ਫੌਜ ਦੇਖ ਕੇ ਲੜਨ ਤੋਂ ਪਹਿਲਾਂ ਹੀ ਗੋਡੇ ਟੇਕ ਦਿੱਤੇ ਅਤੇ ਸਿਕੰਦਰ ਦਾ ਸੁਆਗਤ ਕੀਤਾ। ਅੰਭੀ ਨੇ ਨਾ ਸਿਰਫ ਆਪਣੀ ਰਿਆਸਤ ਸਿਕੰਦਰ ਦੇ ਹਵਾਲੇ ਕੀਤੀ, ਬਲਕਿ ਰਾਜਾ ਪੋਰਸ ਦੇ ਖ਼ਿਲਾਫ਼ ਸਿਕੰਦਰ ਨੂੰ ਆਪਣੀ ਫੌਜੀ ਮਦਦ ਦੇਣ ਦਾ ਵਾਅਦਾ ਵੀ ਕੀਤਾ। ਟੈਕਸਲਾ ਨੂੰ ਆਸਾਨੀ ਨਾਲ ਜਿੱਤਣ ਤੋਂ ਬਾਅਦ ਸਿਕੰਦਰ ਦੇ ਹੌਸਲੇ ਬੁਲੰਦ ਸਨ, ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਅੱਗੇ ਉਸ ਦਾ ਸਾਹਮਣਾ ਪੰਜਾਬ ਦੇ ਇੱਕ ਲਾਡਲੇ ਅਤੇ ਗ਼ੈਰਤਮੰਦ ਪੁੱਤਰ ਨਾਲ ਹੋਣ ਜਾ ਰਿਹਾ ਹੈ।
ਇਤਿਹਾਸਕ ਲਲਕਾਰ- “ਮੈਂ ਤੇਰਾ ਇਸਤਕਬਾਲ ਤਲਵਾਰ ਨਾਲ ਕਰਾਂਗਾ”

ਜਦੋਂ ਸਿਕੰਦਰ ਨੇ ਟੈਕਸਲਾ ਦੀ ਰਿਆਸਤ ‘ਤੇ ਮੁਕੰਮਲ ਕਬਜ਼ਾ ਕਰ ਲਿਆ, ਤਾਂ ਉਸ ਨੇ ਆਪਣੀ ਰੀਤ ਮੁਤਾਬਕ ਰਾਜਾ ਪੋਰਸ ਨੂੰ ਇੱਕ ਹੰਕਾਰੀ ਸੁਨੇਹਾ ਭੇਜਿਆ। ਸਿਕੰਦਰ ਦੇ ਦੂਤ ਨੇ ਪੋਰਸ ਦੇ ਦਰਬਾਰ ਵਿੱਚ ਜਾ ਕੇ ਕਿਹਾ, “ਮੇਰਾ ਇਸਤਕਬਾਲ (ਸੁਆਗਤ) ਤੂੰ ਟੈਕਸਲਾ ਆ ਕੇ ਕਰ, ਜਾਂ ਫਿਰ ਆਪਣੀ ਰਿਆਸਤ ਮੇਰੇ ਹਵਾਲੇ ਕਰ ਕੇ ਮੇਰੀ ਹੁਕਮਰਾਨੀ ਅਤੇ ਅਧੀਨਤਾ ਦਾ ਐਲਾਨ ਕਰ।” ਇਸ ਹੰਕਾਰੀ ਸੁਨੇਹੇ ਨੂੰ ਸੁਣ ਕੇ ਪੰਜਾਬ ਦੇ ਅਣਖੀਲੇ ਰਾਜੇ ਪੋਰਸ ਦਾ ਖ਼ੂਨ ਖੌਲ ਉੱਠਿਆ। ਉਸ ਨੇ ਉਹ ਜਵਾਬ ਦਿੱਤਾ ਜੋ ਰਹਿੰਦੀ ਦੁਨੀਆ ਤੱਕ ਇਤਿਹਾਸ ਦੇ ਸੁਨਹਿਰੀ ਪੰਨਿਆਂ ਦਾ ਹਿੱਸਾ ਬਣ ਗਿਆ। ਪੋਰਸ ਨੇ ਕਿਹਾ, “ਸਿਕੰਦਰ, ਮੈਂ ਤੇਰਾ ਇਸਤਕਬਾਲ ਜ਼ਰੂਰ ਕਰਾਂਗਾ, ਪਰ ਟੈਕਸਲਾ ਆ ਕੇ ਝੁਕ ਕੇ ਨਹੀਂ, ਬਲਕਿ ਮੈਦਾਨ-ਏ-ਜੰਗ ਵਿੱਚ ਤਲਵਾਰ ਨਾਲ! ਅਤੇ ਇਹ ਤਲਵਾਰ ਹੀ ਮੇਰੇ ਮੁਲਕ ਦੀ ਕਿਸਮਤ ਦਾ ਫੈਸਲਾ ਕਰੇਗੀ।” ਇਸ ਜਵਾਬ ਨੇ ਸਿਕੰਦਰ ਨੂੰ ਹੈਰਾਨ ਕਰ ਦਿੱਤਾ। ਹੁਣ ਜੰਗ ਲਾਜ਼ਮੀ ਹੋ ਚੁੱਕੀ ਸੀ।
ਜੰਗ-ਏ-ਜਿਹਲਮ- 326 ਈਸਾ ਪੂਰਬ

ਇਹ ਇਤਿਹਾਸਕ ਅਤੇ ਖ਼ੂਨੀ ਜੰਗ 326 ਈਸਾ ਪੂਰਬ ਦੇ ਜੁਲਾਈ ਮਹੀਨੇ ਵਿੱਚ ਲੜੀ ਗਈ। ਉਸ ਵੇਲੇ ਹਾੜ-ਸਾਉਣ ਦਾ ਮਹੀਨਾ ਸੀ ਅਤੇ ਮਾਨਸੂਨ ਦੀ ਭਾਰੀ ਬਾਰਸ਼ ਕਾਰਨ ਜਿਹਲਮ ਨਦੀ ਉਫ਼ਾਨ ‘ਤੇ ਸੀ। ਪੋਰਸ ਦੀਆਂ ਫ਼ੌਜਾਂ ਜਿਹਲਮ ਦਰਿਆ ਦੇ ਪੂਰਬੀ ਕੰਢੇ ‘ਤੇ ਅਤੇ ਸਿਕੰਦਰ ਦੀਆਂ ਫ਼ੌਜਾਂ ਪੱਛਮੀ ਕੰਢੇ ‘ਤੇ ਕਸਬਾ ਹਰਨਪੁਰ ਕੋਲ ਆਹਮੋ-ਸਾਹਮਣੇ ਡਟੀਆਂ ਹੋਈਆਂ ਸਨ। ਮੌਜੂਦਾ ਸਮੇਂ ਇਹ ਸਥਾਨ ਲਹਿੰਦੇ ਪੰਜਾਬ ਦੇ ਮੰਡੀ ਬਹਾਊਦੀਨ ਜ਼ਿਲ੍ਹੇ ਤੋਂ 10 ਕਿਲੋਮੀਟਰ ਦੂਰ ‘ਨਿਕਾਸਾ’ ਨਾਂ ਦੇ ਪਿੰਡ ਕੋਲ ਹੈ, ਜਿਸ ਨੂੰ ਅੱਜ-ਕੱਲ੍ਹ ‘ਮੌਂਗ’ ਕਿਹਾ ਜਾਂਦਾ ਹੈ।
ਦਰਿਆ ਜਿਹਲਮ ਵਿੱਚ ਪਾਣੀ ਦਾ ਵਹਾਅ ਬਹੁਤ ਤੇਜ਼ ਸੀ, ਜਿਸ ਕਾਰਨ ਸਿਕੰਦਰ ਲਈ ਸਿੱਧਾ ਦਰਿਆ ਪਾਰ ਕਰਨਾ ਅਸੰਭਵ ਸੀ। ਸਿਕੰਦਰ ਨੇ ਇੱਕ ਰਾਤ ਭਾਰੀ ਮੀਂਹ ਅਤੇ ਤੂਫ਼ਾਨ ਦਾ ਫ਼ਾਇਦਾ ਉਠਾਉਂਦਿਆਂ ਹਰਨਪੁਰ ਨੇੜੇ ਜਲਾਲਪੁਰ ਦੇ ਮੁਕਾਮ ਤੋਂ ਚੋਰ-ਰਸਤੇ ਰਾਹੀਂ ਦਰਿਆ ਪਾਰ ਕਰਨਾ ਸ਼ੁਰੂ ਕਰ ਦਿੱਤਾ। ਰਾਜਾ ਪੋਰਸ ਦੇ ਜਾਸੂਸ ਦਰਿਆ ਦੇ ਕੰਢਿਆਂ ‘ਤੇ ਪੂਰੀ ਨਿਗਰਾਨੀ ਰੱਖ ਰਹੇ ਸਨ। ਇਸ ਜਾਸੂਸ ਦਸਤੇ ਦੀ ਕਮਾਨ ਰਾਜਾ ਪੋਰਸ ਦੇ 19 ਸਾਲਾ ਨੌਜਵਾਨ ਪੁੱਤਰ ਦੇ ਹੱਥ ਵਿੱਚ ਸੀ। ਜਿਵੇਂ ਹੀ ਯੂਨਾਨੀ ਫ਼ੌਜ ਨੇ ਦਰਿਆ ਪਾਰ ਕੀਤਾ, ਪੋਰਸ ਦੇ ਪੁੱਤਰ ਨੇ ਆਪਣੇ ਛੋਟੇ ਜਿਹੇ ਦਸਤੇ ਨਾਲ ਸਿਕੰਦਰ ਦੀ ਮੋਹਰੀ ਫ਼ੌਜ ‘ਤੇ ਭਿਆਨਕ ਹਮਲਾ ਕਰ ਦਿੱਤਾ।
ਇਸ ਅਚਾਨਕ ਹੋਈ ਝੜਪ ਵਿੱਚ ਯੂਨਾਨੀ ਫ਼ੌਜ ਦਾ ਭਾਰੀ ਨੁਕਸਾਨ ਹੋਇਆ। ਇਸੇ ਲੜਾਈ ਵਿੱਚ ਸਿਕੰਦਰ ਦਾ ਸਭ ਤੋਂ ਪਿਆਰਾ ਅਤੇ ਇਤਿਹਾਸਕ ਘੋੜਾ ‘ਬੂਸੇਫਾਲਸ’ ਮਾਰਿਆ ਗਿਆ। ਆਪਣੇ ਪਿਆਰੇ ਘੋੜੇ ਦੀ ਯਾਦ ਵਿੱਚ ਸਿਕੰਦਰ ਨੇ ਬਾਅਦ ਵਿੱਚ ਉੱਥੇ ‘ਫਾਲੀਆ’ ਸ਼ਹਿਰ ਆਬਾਦ ਕੀਤਾ, ਜੋ ਅੱਜ ਮੰਡੀ ਬਹਾਊਦੀਨ ਜ਼ਿਲ੍ਹੇ ਦੀ ਇੱਕ ਤਹਿਸੀਲ ਹੈ। ਇਸੇ ਲੜਾਈ ਵਿੱਚ ਸਿਕੰਦਰ ਖ਼ੁਦ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਕੇ ਮੂੰਹ ਪਰਨੇ ਜ਼ਮੀਨ ‘ਤੇ ਡਿੱਗ ਪਿਆ, ਜਿਸ ਨੂੰ ਉਸ ਦੇ ਬਾਡੀਗਾਰਡਾਂ ਨੇ ਬੜੀ ਮੁਸ਼ਕਲ ਨਾਲ ਬਚਾਇਆ। ਹਾਲਾਂਕਿ, ਯੂਨਾਨੀ ਸੈਨਾ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਾਰਨ ਰਾਜਾ ਪੋਰਸ ਦਾ ਬਹਾਦਰ ਪੁੱਤਰ ਇਸ ਮੈਦਾਨ ਵਿੱਚ ਲੜਦਾ ਹੋਇਆ ਸ਼ਹੀਦ ਹੋ ਗਿਆ।
ਮੈਦਾਨ-ਏ-ਜੰਗ ਦਾ ਖ਼ੂਨੀ ਮੰਜ਼ਰ! ਪੰਜਾਬੀ ਹਾਥੀ ਅਤੇ ਯੂਨਾਨੀ ਚੀਕਾਂ

ਆਪਣੇ ਪੁੱਤਰ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਰਾਜਾ ਪੋਰਸ ਖ਼ੁਦ ਮੈਦਾਨ-ਏ-ਜੰਗ ਵਿੱਚ ਨਿੱਤਰ ਆਏ। ਉਹ ਆਪਣੇ ਸਭ ਤੋਂ ਵਿਸ਼ਾਲ ਅਤੇ ਤਾਕਤਵਰ ਹਾਥੀ ‘ਤੇ ਸਵਾਰ ਸਨ। ਜਦੋਂ ਸਿਕੰਦਰ ਨੇ ਪੋਰਸ ਨੂੰ ਪਹਿਲੀ ਵਾਰ ਜੰਗ ਦੇ ਮੈਦਾਨ ਵਿੱਚ ਦੇਖਿਆ, ਤਾਂ ਉਸ ਦੇ ਮੂੰਹੋਂ ਇਤਿਹਾਸਕ ਸ਼ਬਦ ਨਿਕਲੇ, “ਅੱਜ ਮੇਰੇ ਸਾਹਮਣੇ ਇਹੋ ਜਿਹਾ ਜਵਾਨ ਮੌਜੂਦ ਹੈ ਜਿਹੜਾ ਮੇਰੀ ਹਿੰਮਤ, ਹੌਸਲੇ ਤੇ ਸ਼ਾਨ ‘ਤੇ ਪੂਰਾ ਉਤਰਦਾ ਹੈ। ਮੈਨੂੰ ਅੱਜ ਪੋਰਸ ਦੇ ਬਹਾਦਰ ਸਿਪਾਹੀਆਂ ਤੇ ਵਹਿਸ਼ੀ ਹਾਥੀਆਂ ਦਾ ਮੁਕਾਬਲਾ ਕਰਨਾ ਪਵੇਗਾ।” ਇਹ ਜੰਗ ਸਿਕੰਦਰ ਦੇ ਜੀਵਨ ਦੀਆਂ ਪਿਛਲੀਆਂ ਸਾਰੀਆਂ ਜੰਗਾਂ ਨਾਲੋਂ ਸਭ ਤੋਂ ਵੱਧ ਖ਼ੂਨੀ ਅਤੇ ਭਿਆਨਕ ਸੀ। ਇਸ ਦੀ ਮੁੱਖ ਵਜ੍ਹਾ ਪੋਰਸ ਦੇ ਖ਼ੁੰਖਾਰ ਜੰਗੀ ਹਾਥੀ ਸਨ। ਯੂਨਾਨੀ ਸੈਨਾ ਨੇ ਇਸ ਤੋਂ ਪਹਿਲਾਂ ਕਦੇ ਇੰਨੇ ਵੱਡੇ ਪੱਧਰ ‘ਤੇ ਹਾਥੀਆਂ ਦਾ ਸਾਹਮਣਾ ਨਹੀਂ ਸੀ ਕੀਤਾ। ਪੋਰਸ ਦੇ ਹਾਥੀਆਂ ਨੇ ਯੂਨਾਨੀ ਪੈਦਲ ਸੈਨਾ ਨੂੰ ਆਪਣੇ ਪੈਰਾਂ ਹੇਠ ਕੁਚਲਣਾ ਸ਼ੁਰੂ ਕਰ ਦਿੱਤਾ।
ਸਭ ਤੋਂ ਭਿਆਨਕ ਝੜਪ ਲਗਾਤਾਰ ਅੱਠ ਘੰਟੇ ਚੱਲੀ। ਚਿੱਕੜ ਅਤੇ ਮੀਂਹ ਕਾਰਨ ਪੋਰਸ ਦੇ ਰੱਥਾਂ ਦੇ ਪਹੀਏ ਜ਼ਮੀਨ ਵਿੱਚ ਫਸ ਗਏ ਸਨ, ਜਿਸ ਕਾਰਨ ਭਾਰਤੀ ਤੀਰਅੰਦਾਜ਼ਾਂ ਨੂੰ ਮੁਸ਼ਕਲ ਆ ਰਹੀ ਸੀ, ਪਰ ਇਸ ਦੇ ਬਾਵਜੂਦ ਪੋਰਸ ਦੇ ਸੈਨਿਕਾਂ ਨੇ ਯੂਨਾਨੀਆਂ ਦੇ ਆਹੂ ਲਾਹ ਦਿੱਤੇ। ਸਿਕੰਦਰ ਦੀਆਂ ਫ਼ੌਜਾਂ ਦਾ ਵੱਡਾ ਹਿੱਸਾ ਤਬਾਹ ਹੋ ਗਿਆ। ਰਾਜਾ ਪੋਰਸ ਖ਼ੁਦ ਅੱਗੇ ਹੋ ਕੇ ਲੜ ਰਹੇ ਸਨ ਅਤੇ ਇਸ ਜੰਗ ਦੌਰਾਨ ਉਨ੍ਹਾਂ ਦੇ ਸਰੀਰ ‘ਤੇ ਨੌਂ ਗੰਭੀਰ ਜ਼ਖ਼ਮ ਲੱਗੇ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਜ਼ਖ਼ਮ ਉਨ੍ਹਾਂ ਦੇ ਸੱਜੇ ਢੇ ‘ਤੇ ਸੀ।
ਪੱਛਮੀ ਇਤਿਹਾਸਕਾਰ ਅਕਸਰ ਸਿਕੰਦਰ ਦੀ ਜਿੱਤ ਦਾ ਦਾਅਵਾ ਕਰਦੇ ਹਨ, ਪਰ ਪ੍ਰਾਚੀਨ ਦਸਤਾਵੇਜ਼ ਜਿਵੇਂ ਕਿ ‘ਹਬਸ਼ੀ ਅਹਿਦਨਾਮਾ’ ਅਤੇ ਹੋਰ ਨਿਰਪੱਖ ਸਰੋਤ ਕੁਝ ਹੋਰ ਹੀ ਸੱਚ ਬਿਆਨ ਕਰਦੇ ਹਨ। ‘ਹਬਸ਼ੀ ਅਹਿਦਨਾਮੇ’ ਵਿੱਚ ਯੂਨਾਨੀ ਫ਼ੌਜ ਦੀ ਹਾਲਤ ਦਾ ਜ਼ਿਕਰ ਕਰਦਿਆਂ ਲਿਖਿਆ ਗਿਆ ਹੈ; “ਸਿਕੰਦਰ ਦੇ ਫ਼ੌਜੀ ਕੁੱਤਿਆਂ ਵਾਂਗ ਉੱਚੀ-ਉੱਚੀ ਰੋ-ਰੋ ਕੇ ਕੀਰਨੇ ਪਾ ਰਹੇ ਸਨ। ਉਹ ਪੋਰਸ ਦੀ ਸੈਨਾ ਦਾ ਕਹਿਰ ਦੇਖ ਕੇ ਆਪਣੇ ਹਥਿਆਰ ਸੁੱਟ ਕੇ ਪੋਰਸ ਨਾਲ ਮਿਲਣ ਦੀ ਖ਼ਾਹਿਸ਼ ਰੱਖਦੇ ਸਨ। ਜਦੋਂ ਸਿਕੰਦਰ ਨੂੰ ਇਸ ਗੱਲ ਦਾ ਪਤਾ ਲੱਗਾ, ਉਹ ਫ਼ੌਰਨ ਉਨ੍ਹਾਂ ਕੋਲ ਗਿਆ ਅਤੇ ਉਨ੍ਹਾਂ ਦਾ ਹੌਸਲਾ ਵਧਾਉਣ ਦੀ ਕੋਸ਼ਿਸ਼ ਕੀਤੀ, ਪਰ ਸੱਚੀ ਗੱਲ ਇਹ ਹੈ ਕਿ ਸਿਕੰਦਰ ਆਪ ਵੀ ਬੁਰੀ ਤਰ੍ਹਾਂ ਥੱਕ ਗਿਆ ਸੀ। ਢਿੱਡੋਂ ਉਹ ਵੀ ਚਾਹੁੰਦਾ ਸੀ ਕਿ ਇਹ ਖ਼ੂਨੀ ਜੰਗ ਕਿਸੇ ਨਾ ਕਿਸੇ ਤਰ੍ਹਾਂ ਮੁੱਕ ਜਾਵੇ।” ਇਸੇ ਤਰ੍ਹਾਂ ਪ੍ਰਸਿੱਧ ਯਹੂਦੀ ਇਤਿਹਾਸਕਾਰ ਜੋਸਫ ਬਿਨ ਗੋਰੀਆਨ ਆਪਣੀ ਕਿਤਾਬ ‘ਹਿਸਟਰੀ ਆਫ ਦਿ ਜਿਊਸ’ ਵਿੱਚ ਲਿਖਦਾ ਹੈ; “ਜੰਗ ਇੰਨੀ ਤੇਜ਼ ਅਤੇ ਖ਼ਤਰਨਾਕ ਸੀ ਕਿ ਇਸ ਵਿੱਚ ਸਿਕੰਦਰ ਦੀਆਂ ਫ਼ੌਜਾਂ ਦਾ ਚੋਖਾ ਹਿੱਸਾ ਤਬਾਹ ਹੋ ਗਿਆ। ਸਿਕੰਦਰ ਦੇ ਫ਼ੌਜੀਆਂ ਦੀ ਇਹ ਸੋਚ ਬਣ ਗਈ ਸੀ ਕਿ ਅਸੀਂ ਸਾਰੇ ਸਿਕੰਦਰ ਨਾਲ ਬਗ਼ਾਵਤ ਕਰੀਏ, ਉਸ ਨੂੰ ਬੰਦੀ ਬਣਾਈਏ ਅਤੇ ਪੋਰਸ ਦੀਆਂ ਫ਼ੌਜਾਂ ਵਿੱਚ ਸ਼ਾਮਿਲ ਹੋ ਜਾਈਏ।” ਜਦੋਂ ਜੰਗ ਬਹੁਤ ਜ਼ਿਆਦਾ ਵੱਧ ਗਈ, ਤਾਂ ਸਿਕੰਦਰ ਨੂੰ ਅਹਿਸਾਸ ਹੋ ਗਿਆ ਕਿ ਪੰਜਾਬ ਦੇ ਇਸ ਯੋਧੇ ਨੂੰ ਹਰਾਉਣਾ ਅਸੰਭਵ ਹੈ।
‘ਹਬਸ਼ੀ ਅਹਿਦਨਾਮੇ’ ਮੁਤਾਬਕ ਸਿਕੰਦਰ ਨੇ ਮੈਦਾਨ ਵਿੱਚ ਸੰਘ ਪਾੜ ਕੇ ਉੱਚੀ ਆਵਾਜ਼ ਵਿੱਚ ਕਿਹਾ, “ਓ ਹਿੰਦੋਸਤਾਨ ਦੇ ਰਾਜਿਆ! ਓ ਪੰਜਾਬ ਦੇ ਰਾਜਿਆ! ਮੈਂ ਤੇਰੀ ਤਾਕਤ ਦਾ ਅੰਦਾਜ਼ਾ ਲਾ ਲਿਆ ਹੈ। ਅਸੀਂ ਆਪਣੇ ਹੋਰ ਫ਼ੌਜੀ ਨਾ ਮਰਵਾਈਏ। ਆਓ, ਜੰਗ ਬੰਦ ਕਰਕੇ ਅਸੀਂ ਦੋਵੇਂ ਆਪਸ ਵਿੱਚ ਲੜ ਲੈਂਦੇ ਹਾਂ (ਜਾਂ ਸੁਲ੍ਹਾ ਕਰ ਲੈਂਦੇ ਹਾਂ)।”
ਮਸ਼ਹੂਰ ਇਰਾਨੀ ਸ਼ਾਇਰ ਅਤੇ ਇਤਿਹਾਸਕਾਰ ਫ਼ਿਰਦੌਸੀ ਨੇ ਆਪਣੀ ਅਮਰ ਰਚਨਾ ‘ਸ਼ਾਹਨਾਮਾ’ ਵਿੱਚ ਸਿਕੰਦਰ ਅਤੇ ਪੋਰਸ ਦੀ ਲੜਾਈ ਦਾ ਜ਼ਿਕਰ ਬਹੁਤ ਹੀ ਖ਼ੂਬਸੂਰਤ ਅਲਫ਼ਾਜ਼ ਵਿੱਚ ਕੀਤਾ ਹੈ। ਫਿਰਦੌਸੀ ਲਿਖਦਾ ਹੈ ਕਿ ਜਦੋਂ ਜੰਗ ਵਿੱਚ ਅੰਤਾਂ ਦੀ ਤਬਾਹੀ ਅਤੇ ਖ਼ੂਨ-ਖ਼ਰਾਬਾ ਹੋਇਆ, ਤਾਂ ਸਿਕੰਦਰ ਨੇ ਉੱਚੀ ਆਵਾਜ਼ ਵਿੱਚ ਪੋਰਸ ਨੂੰ ਪੁਕਾਰਿਆ, “ਐ ਪੰਜਾਬ ਦੇ ਵੱਡੇ ਇਨਸਾਨ! ਸਾਡੀਆਂ ਫ਼ੌਜਾਂ ਲੜਦੀਆਂ-ਲੜਦੀਆਂ ਥੱਕ ਗਈਆਂ ਨੇ। ਜੰਗਲੀ ਦਰਿੰਦੇ ਹਾਥੀ ਫ਼ੌਜਾਂ ਦੀਆਂ ਖੋਪੜੀਆਂ ਲਿਤਾੜ ਰਹੇ ਨੇ। ਘੋੜਿਆਂ ਦੇ ਪੌੜ ਸਿਪਾਹੀਆਂ ਦੀਆਂ ਲੱਤਾਂ ਭੰਨ ਰਹੇ ਨੇ। ਅਸੀਂ ਦੋਵੇਂ ਬਹਾਦਰ ਇਨਸਾਨ ਹਾਂ ਅਤੇ ਅਸੀਂ ਇੱਕ-ਦੂਜੇ ਦੇ ਮੁਤਾਬਿਕ ਜ਼ਹੀਨ (ਬੁੱਧੀਮਾਨ) ਤੇ ਜ਼ਬਰਦਸਤ ਹਾਂ, ਫ਼ਿਰ ਅਸੀਂ ਆਪਣੀਆਂ ਫ਼ੌਜਾਂ ਕਿਉਂ ਮਰਵਾ ਰਹੇ ਹਾਂ?”
ਜਦੋਂ ਇਸ ਖ਼ੂਨੀ ਜੰਗ ਦਾ ਕੋਈ ਸਿੱਟਾ ਨਾ ਨਿਕਲਿਆ, ਤਾਂ ਸਿਕੰਦਰ ਦਾ ਧਿਆਨ ਪੂਰੀ ਤਰ੍ਹਾਂ ਸੁਲ੍ਹਾ ਵੱਲ ਚਲਾ ਗਿਆ। ਪ੍ਰਸਿੱਧ ਯੂਨਾਨੀ ਲਿਖਾਰੀ ਆਰੀਅਨ ਲਿਖਦਾ ਹੈ ਕਿ ਸਿਕੰਦਰ ਨੇ ਸਭ ਤੋਂ ਪਹਿਲਾਂ ਆਪਣੇ ਦੂਤ ਸੁਲ੍ਹਾ ਦਾ ਸੁਨੇਹਾ ਦੇ ਕੇ ਪੋਰਸ ਕੋਲ ਭੇਜੇ। ਪਰ ਰਾਜਾ ਪੋਰਸ ਇੰਨੇ ਗੁੱਸੇ ਵਿੱਚ ਸਨ ਕਿ ਉਨ੍ਹਾਂ ਨੇ ਸੁਨੇਹਾ ਲਿਆਉਣ ਵਾਲੇ ‘ਤੇ ਤੀਰ ਚਲਾ ਦਿੱਤਾ, ਹਾਲਾਂਕਿ ਉਹ ਆਦਮੀ ਬਚ ਗਿਆ। ਪੋਰਸ ਕਿਸੇ ਵੀ ਕੀਮਤ ‘ਤੇ ਸੁਲ੍ਹਾ ਦੇ ਪੱਖ ਵਿੱਚ ਨਹੀਂ ਸਨ, ਬਲਕਿ ਉਹ ਆਖਰੀ ਸਾਹ ਤੱਕ ਜੰਗ ਲੜਨ ਲਈ ਬਜਿਦ (ਅੜੇ ਹੋਏ) ਸਨ।
ਆਖਰਕਾਰ ਸਿਕੰਦਰ ਨੇ ਇੱਕ ਅਜਿਹੇ ਵਿਅਕਤੀ ਦਾ ਪਤਾ ਲਗਾਇਆ ਜੋ ਰਾਜਾ ਪੋਰਸ ਦਾ ਬਹੁਤ ਪੁਰਾਣਾ ਅਤੇ ਕਰੀਬੀ ਦੋਸਤ ਸੀ। ਇਸ ਬੰਦੇ ਦਾ ਨਾਂ ‘ਮਿਰੋਜ਼’ ਸੀ। ਸਿਕੰਦਰ ਨੇ ਮਿਰੋਜ਼ ਨੂੰ ਬੇਨਤੀ ਕਰਕੇ ਪੋਰਸ ਕੋਲ ਸੁਲ੍ਹਾ-ਸਫਾਈ ਲਈ ਭੇਜਿਆ। ਮਿਰੋਜ਼ ਨੇ ਪੋਰਸ ਕੋਲ ਜਾ ਕੇ ਉੱਥੇ ਹੋ ਰਹੀ ਬੇਗੁਨਾਹ ਸੈਨਿਕਾਂ ਦੀ ਮੌਤ ਅਤੇ ਦੇਸ਼ ਦੀ ਭਲਾਈ ਦਾ ਵਾਸਤਾ ਪਾ ਕੇ ਉਨ੍ਹਾਂ ਨੂੰ ਸਮਝਾਇਆ। ਆਪਣੇ ਪਰਮ ਮਿੱਤਰ ਦੀ ਗੱਲ ਮੰਨਦਿਆਂ, ਰਾਜਾ ਪੋਰਸ ਬਰਾਬਰੀ ਦੀ ਬੁਨਿਆਦ ‘ਤੇ ਇੱਕ ਸਾਂਝੇ ਮੁਕਾਮ ‘ਤੇ ਸਿਕੰਦਰ ਨੂੰ ਮਿਲਣ ਲਈ ਤਿਆਰ ਹੋ ਗਏ।
ਯੂਰਪੀ ਲਿਖਾਰੀਆਂ ਦੇ ਝੂਠ ਦਾ ਪਰਦਾਫ਼ਾਸ਼

ਜਦੋਂ ਸਿਕੰਦਰ ਅਤੇ ਪੋਰਸ ਪਹਿਲੀ ਵਾਰ ਆਹਮੋ-ਸਾਹਮਣੇ ਹੋਏ, ਤਾਂ ਸਿਕੰਦਰ ਪੋਰਸ ਦੇ ਵਿਸ਼ਾਲ ਕੱਦ-ਕਾਠ ਅਤੇ ਨਿਡਰ ਚਿਹਰੇ ਨੂੰ ਦੇਖ ਕੇ ਹੈਰਾਨ ਰਹਿ ਗਿਆ। ਸਿਕੰਦਰ ਦਾ ਕੱਦ ਮਹਿਜ਼ 5 ਫੁੱਟ 5 ਇੰਚ ਸੀ, ਜਦਕਿ ਪੋਰਸ 7 ਫੁੱਟ 4 ਇੰਚ ਦੇ ਮੁਜੱਸਮੇ ਵਾਂਗ ਖੜ੍ਹੇ ਸਨ। ਪੋਰਸ ਦੀ ਸ਼ਖ਼ਸੀਅਤ ਦਾ ਰੋਅਬ ਦੇਖ ਕੇ ਸਿਕੰਦਰ ਅੰਦਰੋਂ ਘਬਰਾ ਗਿਆ। ਉਸ ਨੇ ਗੱਲਬਾਤ ਵਿੱਚ ਪਹਿਲ ਕਰਦਿਆਂ ਆਪਣਾ ਹੱਥ ਅੱਗੇ ਵਧਾਇਆ ਅਤੇ ਕਿਹਾ, “ਮੈਂ ਜੰਗਬੰਦੀ ਚਾਹੁੰਦਾ ਹਾਂ। ਤੁਹਾਡੀਆਂ ਹਰ ਤਰ੍ਹਾਂ ਦੀਆਂ ਸ਼ਰਤਾਂ ਦਾ ਇਹਤਰਾਮ (ਸਤਿਕਾਰ) ਵੀ ਕਰਾਂਗਾ। ਅਸੀਂ ਦੋਵੇਂ ਇੱਕ-ਦੂਸਰੇ ਲਈ ਕੀ ਕਰ ਸਕਦੇ ਹਾਂ?” ਰਾਜਾ ਪੋਰਸ ਨੇ ਬਿਨਾਂ ਕਿਸੇ ਡਰ ਜਾਂ ਅਧੀਨਤਾ ਦੇ, ਬੜੇ ਮਜ਼ਬੂਤ ਇਰਾਦੇ ਅਤੇ ਪੱਕੇ ਕਿਰਦਾਰ ਨਾਲ ਸਿਕੰਦਰ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਆਖਿਆ, “ਉਹ ਸਭ ਕੁਝ ਜੋ ਇੱਕ ਬਾਦਸ਼ਾਹ, ਦੂਜੇ ਬਾਦਸ਼ਾਹ ਲਈ ਕਰ ਸਕਦਾ ਹੈ।”
ਪੱਛਮੀ ਅਤੇ ਯੂਰਪੀ ਲਿਖਾਰੀਆਂ ਨੇ ਇਸ ਘਟਨਾ ਨੂੰ ਤਰੋੜ-ਮਰੋੜ ਕੇ ਪੇਸ਼ ਕੀਤਾ ਅਤੇ ਇੱਕ ਮਨਘੜਤ ਫਿਕਰਾ ਘੜਿਆ ਕਿ ਸਿਕੰਦਰ ਨੇ ਪੁੱਛਿਆ ਸੀ, “ਦੱਸ ਤੇਰੇ ਨਾਲ ਕੀ ਸਲੂਕ ਕੀਤਾ ਜਾਵੇ?” ਅਤੇ ਪੋਰਸ ਨੇ ਕਿਹਾ, “ਜਿਵੇਂ ਇੱਕ ਰਾਜਾ ਦੂਜੇ ਰਾਜੇ ਨਾਲ ਕਰਦਾ ਹੈ।” ਇਹ ਬਿਲਕੁਲ ਗਲਤ ਅਤੇ ਪੱਖਪਾਤੀ ਇਤਿਹਾਸ ਹੈ। ਰਾਜਾ ਪੋਰਸ ਕੋਈ ਹਾਰਿਆ ਹੋਇਆ ਜੰਗੀ ਕੈਦੀ ਨਹੀਂ ਸੀ, ਜਿਸ ਨੂੰ ਬੇੜੀਆਂ ਵਿੱਚ ਜਕੜ ਕੇ ਸਿਕੰਦਰ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਹੋਵੇ। ਇਹ ਮੁਲਾਕਾਤ ਦਰਿਆ ਦੇ ਕੰਢੇ ਦੋਵਾਂ ਰਾਜਿਆਂ ਦੇ ਵਿਚਕਾਰ ਬਰਾਬਰੀ ਦੀ ਬੁਨਿਆਦ ‘ਤੇ ਹੋਈ ਸੀ। ਪੋਰਸ ਨੇ ਸਿਕੰਦਰ ਸਾਹਮਣੇ ਨਾ ਤਾਂ ਕੋਈ ਕਮਜ਼ੋਰੀ ਦਿਖਾਈ ਅਤੇ ਨਾ ਹੀ ਕੋਈ ਮੁਆਫ਼ੀ ਮੰਗੀ। ਉਨ੍ਹਾਂ ਨੇ ਪੰਜਾਬ ਦੀ ਗ਼ੈਰਤ ਨੂੰ ਉਸੇ ਤਰ੍ਹਾਂ ਬੁਲੰਦ ਰੱਖਿਆ, ਜਿਵੇਂ ਆਧੁਨਿਕ ਦੌਰ ਵਿੱਚ ਸ਼ਹੀਦ ਭਗਤ ਸਿੰਘ ਨੇ ਭਾਰਤੀ ਅਣਖ ਨੂੰ ਅੰਗਰੇਜ਼ੀ ਸਾਮਰਾਜ ਦੇ ਸਾਹਮਣੇ ਕਾਇਮ ਰੱਖਿਆ ਸੀ।
ਬਰਾਬਰੀ ਦੀ ਬੁਨਿਆਦ ‘ਤੇ ਹੋਈ ਇਸ ਇਤਿਹਾਸਕ ਸੁਲ੍ਹਾ ਦੇ ਦੋ ਮੁੱਖ ਨੁਕਤੇ ਬਿਲਕੁਲ ਸਾਫ਼ ਸਨ; ਪਹਿਲਾ, ਸਿਕੰਦਰ ਨੇ ਪੌਰਵ ਰਾਸ਼ਟਰ (ਪੋਰਸ ਦੇ ਸਾਮਰਾਜ) ‘ਤੇ ਰਾਜਾ ਪੋਰਸ ਦੇ ਮੁਕੰਮਲ ਹੱਕ ਅਤੇ ਖ਼ੁਦਮੁਖਤਿਆਰੀ ਨੂੰ ਸਵੀਕਾਰ ਕੀਤਾ। ਦੂਸਰਾ, ਪੋਰਸ ਨੇ ਜੰਗ ਤੋਂ ਅੱਕੀ-ਥੱਕੀ ਹੋਈ ਯੂਨਾਨੀ ਫ਼ੌਜ ਨੂੰ ਆਪਣੇ ਇਲਾਕੇ ਵਿੱਚੋਂ ਸਹੀ-ਸਲਾਮਤ ਅੱਗੇ ਲੰਘ ਜਾਣ ਦੀ ਯਕੀਨ-ਦਹਾਨੀ (ਸੁਰੱਖਿਅਤ ਰਸਤਾ) ਕਰਵਾਈ। ਇਸ ਸੁਲ੍ਹਾ ਤੋਂ ਬਾਅਦ ਸਿਕੰਦਰ ਅਤੇ ਪੋਰਸ ਇੱਕ-ਦੂਜੇ ਦੇ ਪੱਕੇ ਮਿੱਤਰ ਬਣ ਗਏ। ਸਿਕੰਦਰ ਨੇ ਜੰਗਬੰਦੀ ਤੋਂ ਬਾਅਦ ਕਰੀਬ ਇੱਕ ਮਹੀਨਾ ਪੋਰਸ ਦੀ ਰਿਆਸਤ ਵਿੱਚ ਗੁਜ਼ਾਰਿਆ, ਜਿੱਥੇ ਪੋਰਸ ਨੇ ਪੰਜਾਬੀ ਪ੍ਰਾਹੁਣਾਚਾਰੀ ਮੁਤਾਬਕ ਉਸ ਦਾ ਪੂਰਾ ਖਿਆਲ ਰੱਖਿਆ। ਜਦੋਂ ਸਿਕੰਦਰ ਪੋਰਸ ਦੀ ਰਿਆਸਤ ਤੋਂ ਅੱਗੇ ਵਧਣ ਲੱਗਾ, ਤਾਂ ਪੋਰਸ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਆਸ-ਪਾਸ ਦੇ ਜਿੱਤੇ ਹੋਏ ਕਈ ਹੋਰ ਇਲਾਕੇ ਵੀ ਰਾਜਾ ਪੋਰਸ ਨੂੰ ਸੌਂਪ ਦਿੱਤੇ। ਇਨ੍ਹਾਂ ਨਵੇਂ ਇਲਾਕਿਆਂ ਦੇ ਮਿਲਣ ਨਾਲ ਪੋਰਸ ਦਾ ਸਾਮਰਾਜ ਪਹਿਲਾਂ ਨਾਲੋਂ ਕਿਤੇ ਵੱਡਾ ਅਤੇ ਸ਼ਕਤੀਸ਼ਾਲੀ ਹੋ ਗਿਆ। ਇਨ੍ਹਾਂ ਇਲਾਕਿਆਂ ਦਾ ਰਕਬਾ ਪੋਰਸ ਦੀ ਆਪਣੀ ਅਸਲ ਰਿਆਸਤ ਨਾਲੋਂ ਵੀ ਵੱਡਾ ਸੀ, ਜਿਸ ਵਿੱਚ ਖ਼ਾਰੀਆਂ, ਲਾਲਾਮੂਸਾ, ਜਲਾਲਪੁਰ, ਮਰਾਲਾ, ਭਿੰਬਰ ਅਤੇ ਆਸ-ਪਾਸ ਦੇ ਕਈ ਹੋਰ ਖੇਤਰ ਸ਼ਾਮਿਲ ਸਨ।
ਇਸ ਤੋਂ ਬਾਅਦ ਰਾਜਾ ਪੋਰਸ ਨਾਲ ਹੋਈ ਇੱਕ ਭਿਆਨਕ ਜੰਗ ਨੇ ਯੂਨਾਨੀ ਸੈਨਾ ਦਾ ਲਕ-ਤੋੜ ਕੇ ਰੱਖ ਦਿੱਤਾ ਸੀ। ਜਦੋਂ ਸਿਕੰਦਰ ਨੇ ਪੋਰਸ ਦੀ ਰਿਆਸਤ ਤੋਂ ਅੱਗੇ ਵੱਧ ਕੇ ਮਗਧ ਸਾਮਰਾਜ (ਨੰਦ ਵੰਸ਼) ਵੱਲ ਜਾਣ ਦਾ ਇਰਾਦਾ ਬਣਾਇਆ ਅਤੇ ਬਿਆਸ ਨਦੀ ਵੱਲ ਕਦਮ ਵਧਾਏ, ਤਾਂ ਉਸ ਦੇ ਸੈਨਿਕਾਂ ਨੇ ਅੱਗੇ ਵਧਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਫ਼ੌਜੀਆਂ ਦਾ ਕਹਿਣਾ ਸੀ ਕਿ ਜੇਕਰ ਪੰਜਾਬ ਦੇ ਇੱਕ ਛੋਟੇ ਜਿਹੇ ਰਾਜੇ ਪੋਰਸ ਨੇ ਸਾਡਾ ਇਹ ਹਸ਼ਰ ਕੀਤਾ ਹੈ, ਤਾਂ ਅੱਗੇ ਭਾਰਤ ਦੇ ਵੱਡੇ ਸਾਮਰਾਜਾਂ ਦੇ ਲੱਖਾਂ ਹਾਥੀ ਅਤੇ ਸੈਨਿਕ ਸਾਨੂੰ ਜ਼ਿੰਦਾ ਨਹੀਂ ਛੱਡਣਗੇ। ਆਖਰਕਾਰ, ਵਿਸ਼ਵ ਵਿਜੇਤਾ ਬਣਨ ਦਾ ਸੁਪਨਾ ਦੇਖਣ ਵਾਲਾ ਸਿਕੰਦਰ ਬਿਆਸ ਨਦੀ ਤੋਂ ਹੀ ਬੇਆਸ ਹੋ ਕੇ ਪਿੱਛੇ ਮੁੜ ਗਿਆ। ਵਾਪਸੀ ਦੇ ਸਫ਼ਰ ਦੌਰਾਨ ਹੀ 323 ਈਸਾ ਪੂਰਬ ਵਿੱਚ ਬੇਬੀਲੋਨ ਵਿਖੇ ਬੀਮਾਰੀ ਕਾਰਨ ਉਸ ਦੀ ਮੌਤ ਹੋ ਗਈ। ਇਸ ਤਰ੍ਹਾਂ, ਅਸਿੱਧੇ ਰੂਪ ਵਿੱਚ ਰਾਜਾ ਪੋਰਸ ਦੀ ਬਹਾਦਰੀ ਹੀ ਸਿਕੰਦਰ ਦੀ ਵਿਸ਼ਵ ਯਾਤਰਾ ਦਾ ਅੰਤ ਬਣੀ।
ਕੁੱਝ ਇਤਿਹਾਸਕਾਰ ਗ੍ਰੰਥ ਇਹ ਵੀ ਲਿਖਦੇ ਹਨ ਕਿ ਸਿਕੰਦਰ ਦੇ ਜਾਣ ਤੋਂ ਬਾਅਦ ਭਾਰਤ ਦੀ ਰਾਜਨੀਤੀ ਵਿੱਚ ਇੱਕ ਨਵਾਂ ਮੋੜ ਆਇਆ। ਭਾਰਤ ਨੂੰ ਇੱਕ ਸੂਤਰ ਵਿੱਚ ਪਰੋਣ ਦਾ ਸੁਪਨਾ ਦੇਖ ਰਹੇ ਅਚਾਰੀਆ ਚਾਣਕਯ (ਕੋਟਿਲਿਆ) ਅਤੇ ਮਹਾਨ ਯੋਧੇ ਚੰਦਰਗੁਪਤ ਮੋਰੀਆ ਨੇ ਮਗਧ ਦੇ ਭ੍ਰਿਸ਼ਟ ਨੰਦ ਵੰਸ਼ ਦਾ ਖ਼ਾਤਮਾ ਕਰਨ ਦੀ ਯੋਜਨਾ ਬਣਾਈ। ਇਸ ਮਹਾਨ ਕਾਰਜ ਲਈ ਉਨ੍ਹਾਂ ਨੂੰ ਪੋਰਸ ਵਰਗੇ ਸ਼ਕਤੀਸ਼ਾਲੀ ਅਤੇ ਤਜ਼ਰਬੇਕਾਰ ਰਾਜੇ ਦੇ ਸਾਥ ਦੀ ਲੋੜ ਸੀ।
ਰਾਜਾ ਪੋਰਸ ਅਤੇ ਚੰਦਰਗੁਪਤ ਮੋਰੀਆ ਨੇ ਆਪਸ ਵਿੱਚ ਹੱਥ ਮਿਲਾ ਲਿਆ। ਇਸ ਸ਼ਕਤੀਸ਼ਾਲੀ ਉੱਤਰ-ਪੱਛਮੀ ਗਠਜੋੜ ਨੇ ਮਗਧ ਸਾਮਰਾਜ ‘ਤੇ ਹਮਲਾ ਕਰ ਦਿੱਤਾ। ਪੋਰਸ ਦੀ ਸੈਨਿਕ ਰਣਨੀਤੀ ਅਤੇ ਚੰਦਰਗੁਪਤ ਦੀ ਬਹਾਦਰੀ ਦੇ ਸਾਹਮਣੇ ਨੰਦ ਵੰਸ਼ ਦੇ ਰਾਜਾ ਧਨਾਨੰਦ ਦੀ ਵਿਸ਼ਾਲ ਫੌਜ ਟਿਕ ਨਹੀਂ ਸਕੀ। ਇਸ ਇਤਿਹਾਸਕ ਗਠਜੋੜ ਨੇ ਸਫ਼ਲਤਾਪੂਰਵਕ ਨੰਦ ਵੰਸ਼ ਦਾ ਪੂਰੀ ਤਰ੍ਹਾਂ ਖ਼ਾਤਮਾ ਕਰ ਦਿੱਤਾ ਅਤੇ ਭਾਰਤ ਵਿੱਚ ‘ਮੋਰੀਆ ਸਾਮਰਾਜ’ ਦੀ ਨੀਂਹ ਰੱਖੀ ਗਈ।
ਕੁਝ ਇਤਿਹਾਸਕ ਹਵਾਲਿਆਂ ਅਤੇ ਮੁਦ੍ਰਾਰਾਕਸ਼ਸ ਵਰਗੇ ਪ੍ਰਾਚੀਨ ਨਾਟਕਾਂ ਅਨੁਸਾਰ, ਇਸੇ ਸਾਜ਼ਿਸ਼ ਦੇ ਤਹਿਤ ਇੱਕ ਯੂਨਾਨੀ ਜਰਨੈਲ (ਕੁਝ ਥਾਵਾਂ ‘ਤੇ ਯੂਡੀਮਸ – Eudemus ਦਾ ਜ਼ਿਕਰ ਆਉਂਦਾ ਹੈ) ਨੇ ਸਿਕੰਦਰ ਦੀ ਮੌਤ ਦੇ ਬਾਅਦ ਪੰਜਾਬ ਦੇ ਇਲਾਕਿਆਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸੇ ਖਿੱਚੋਤਾਣ ਵਿੱਚ ਰਾਜਾ ਪੋਰਸ ਦਾ ਸਾਜਿਸ਼ ਤਹਿਤ ਕਤਲ ਕਰ ਦਿੱਤਾ। ਜਵਾਬ ਵਿੱਚ ਰਾਜਾ ਪੋਰਸ ਦੇ ਪੁੱਤਰ ਨੇ ਯੂਡੇਮਸ ਨੂੰ ਮਾਰ ਮੁਕਾਇਆ।
ਰਾਜਾ ਪੋਰਸ ਦਾ ਜੀਵਨ ਅਤੇ ਉਨ੍ਹਾਂ ਦੀ ਸ਼ਹਾਦਤ ਪੰਜਾਬ ਅਤੇ ਭਾਰਤ ਦੇ ਇਤਿਹਾਸ ਦੀ ਇੱਕ ਅਮੁੱਲ ਵਿਰਾਸਤ ਹੈ। ਭਾਵੇਂ ਪੋਰਸ ਨੂੰ ਧੋਖੇ ਨਾਲ ਮਾਰ ਦਿੱਤਾ ਗਿਆ, ਪਰ ਜੇਹਲਮ ਦੇ ਮੈਦਾਨ ਵਿੱਚ ਉਨ੍ਹਾਂ ਵੱਲੋਂ ਦਿਖਾਈ ਗਈ ਬਹਾਦਰੀ ਨੇ ਆਉਣ ਵਾਲੀਆਂ ਨਸਲਾਂ ਨੂੰ ਦੇਸ਼-ਭਗਤੀ ਅਤੇ ਅਣਖ ਦਾ ਪਾਠ ਪੜ੍ਹਾਇਆ। ਉਨ੍ਹਾਂ ਨੇ ਸਾਬਤ ਕੀਤਾ ਕਿ ਦੁਸ਼ਮਣ ਭਾਵੇਂ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਜੇਕਰ ਹੌਸਲੇ ਪਹਾੜ ਜਿੱਡੇ ਹੋਣ ਅਤੇ ਮਨ ਵਿੱਚ ਮਾਤ-ਭੂਮੀ ਲਈ ਮਰ-ਮਿਟਣ ਦਾ ਜਜ਼ਬਾ ਹੋਵੇ, ਤਾਂ ਵਿਸ਼ਵ ਵਿਜੇਤਾਵਾਂ ਦੇ ਹੰਕਾਰ ਨੂੰ ਵੀ ਮਿੱਟੀ ਵਿੱਚ ਮਿਲਾਇਆ ਜਾ ਸਕਦਾ ਹੈ। ਅੱਜ ਵੀ ਜਦੋਂ ਪੰਜਾਬ ਦੀ ਵੀਰ-ਗਾਥਾ ਦਾ ਜ਼ਿਕਰ ਹੁੰਦਾ ਹੈ, ਤਾਂ ਰਾਜਾ ਪੋਰਸ ਦਾ ਨਾਂ ਸਭ ਤੋਂ ਪਹਿਲਾਂ ਬੜੇ ਸਨਮਾਨ ਅਤੇ ਫ਼ਖ਼ਰ ਨਾਲ ਲਿਆ ਜਾਂਦਾ ਹੈ।



Leave a Comment