Malerkotla

ਭਾਈਚਾਰਕ ਸਾਂਝ ਦਾ ਪ੍ਰਤੀਕ ਪੰਜਾਬ ਦਾ ਸ਼ਹਿਰ ਮਾਲੇਰਕੋਟਲਾ

ਪੰਜਾਬ ਦਾ ਇੱਕੋ -ਇੱਕ ਮੁਸਲਿਮ ਬਹੁਲ ਗਿਣਤੀ ਵਾਲਾ ਸ਼ਹਿਰ ਮਾਲੇਰਕੋਟਲਾ ਭਾਈਚਾਰਕ ਸਾਂਝ ਦੇ ਪ੍ਰਤੀਕ ਵਜੋਂ ਵੀ ਜਾਣਿਆਂ ਜਾਂਦਾ ਹੈ | 2021 ਵਿਚ ਮਾਲੇਰਕੋਟਲਾ ਪੰਜਾਬ ਦਾ 23 ਵਾਂ ਜ਼ਿਲ੍ਹਾ ਬਣਿਆ| ਅੰਗਰੇਜ਼ੀ ਰਾਜ ਦੌਰਾਨ ਇਹ ਮਾਲੇਰਕੋਟਲਾ ਰਿਆਸਤ ਵਜੋਂ ਜਾਣਿਆਂ ਜਾਂਦਾ ਸੀ | 1947 ਤੋਂ ਬਾਅਦ ਆਜ਼ਾਦ ਭਾਰਤ ਵਿਚ ਇਹ ਪੈਪਸੂ (ਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨ ) ਦਾ ਹਿੱਸਾ ਬਣਿਆ| ਜਦੋਂ 1956 ਵਿਚ ਪੈਪਸੂ ਦਾ ਪੁਨਰ ਗਠਨ ਹੋਇਆ ਤਾਂ ਮਾਲੇਰਕੋਟਲਾ ਪੰਜਾਬ ਰਾਜ ਦਾ ਹਿੱਸਾ ਬਣਿਆ| ਇਹ ਸੰਗਰੂਰ -ਲੁਧਿਆਣਾ ਰਾਜ ਮਾਰਗ ‘ਤੇ ਸਥਿਤ ਹੈ | ਜ਼ਿਲ੍ਹਾ ਬਣਨ ਤੋਂ ਪਹਿਲਾਂ ਇਹ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਸੀ |

tomb
Pic Credit : Dargahinfo

2011 ਦੀ ਜਨਗਣਨਾ ਅਨੁਸਾਰ ਮਾਲੇਰਕੋਟਲਾ ਦੀ ਆਬਾਦੀ 1 ਲੱਖ 35 ਹਜ਼ਾਰ ਹੈ, ਜਿਸ ਵਿੱਚ 70 ਫ਼ੀਸਦੀ ਤੋਂ ਵੱਧ ਮੁਸਲਿਮ ਆਬਾਦੀ ਰਹਿੰਦੀ ਹੈ। ਮਾਲੇਰਕੋਟਲਾ ਨੂੰ ਨਵਾਬਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ। ਇਸ ਸ਼ਹਿਰ ਨੂੰ ਵਸਾਉਣ ਵਾਲੀ ਹਸਤੀ ਸ਼ੇਖ਼ ਸਦਰੂਦੀਨ ਸਨ, ਜਿਨ੍ਹਾਂ ਨੂੰ ਬਾਬਾ ਹੈਦਰ ਸ਼ੇਖ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸ਼ਹਿਰ ਵਿੱਚ ਉਨ੍ਹਾਂ ਦੀ ਮਜ਼ਾਰ ਵੀ ਬਣੀ ਹੋਈ ਹੈ, ਜਿਥੇ ਹਰ ਵੀਰਵਾਰ ਨੂੰ ਇਲਾਕੇ ਦੇ ਸਾਰੇ ਹਿੰਦੂ, ਮੁਸਲਿਮ, ਸਿੱਖ ਲੋਕ ਸਜਦਾ ਕਰਨ ਆਉਂਦੇ ਹਨ। ਸ਼ੇਖ਼ ਸਦਰੂਦੀਨ ਦਾ ਸੰਬੰਧ ਮੱਧ ਏਸ਼ੀਆ ਦੇ ਸ਼ਹਿਰ ਖੁਰਾਸਾਨ ਨਾਲ ਦੱਸਿਆ ਜਾਂਦਾ ਹੈ। ਉਹ ਇਸਲਾਮ ਦਾ ਪ੍ਰਚਾਰ ਕਰਨ ਲਈ ਪੰਜਾਬ ਆਏ ਸਨ ਅਤੇ ਇਥੇ ਹੀ ਰਹਿਣ ਲੱਗ ਪਏ (ਜਿਥੇ ਅੱਜ ਮਾਲੇਰਕੋਟਲਾ ਸ਼ਹਿਰ ਵਸਿਆ ਹੋਇਆ ਹੈ)। ਸੰਨ 1454 ਵਿੱਚ ਹਿੰਦੁਸਤਾਨ ਦੇ ਬਾਦਸ਼ਾਹ ਬਹਲੋਲ ਲੋਧੀ ਨੇ ਆਪਣੀ ਧੀ ਤਾਜ ਮੁਰੱਸਾ ਬੇਗਮ ਦਾ ਵਿਆਹ ਸ਼ੇਖ਼ ਸਦਰੂਦੀਨ ਨਾਲ ਕੀਤਾ ਸੀ ਅਤੇ ਇੱਕ ਵੱਡੀ ਜਾਗੀਰ ਆਪਣੀ ਧੀ ਨੂੰ ਦਹੇਜ ਵਿੱਚ ਦਿੱਤੀ, ਇਸ ਜਾਗੀਰ ਵਿੱਚ ਰਾਜਪੂਤ ਮਹਲੇਰ ਸਿੰਘ ਦਾ ਵਸਾਇਆ ਇੱਕ ਪਿੰਡ ਮਹਲੇਰ ਵੀ ਸ਼ਾਮਲ ਸੀ, ਜੋ ਬਰਬਾਦ ਹੋ ਚੁੱਕਾ ਸੀ। ਸ਼ੇਖ਼ ਸਦਰੂਦੀਨ ਨੇ ਇਸਨੂੰ ‘ਮਲੇਰ’ ਨਾਮ ਨਾਲ ਦੁਬਾਰਾ ਵਸਾਇਆ। ਸਦਰੂਦੀਨ ਦੀ ਹੀ ਕੁਲ ਵਿੱਚ ਪੈਦਾ ਹੋਏ ਰਾਜਾ ਬੈਜ਼ੀਦਖਾਨ ਨੇ ਸੰਨ 1658 ਵਿੱਚ ‘ਕੋਟਲਾ’ ਨਾਮ ਦੀ ਨਵੀਂ ਆਬਾਦੀ ਬਣਾਈ। ਇਸ ਤਰ੍ਹਾਂ ‘ਮਲੇਰ’ ਅਤੇ ‘ਕੋਟਲਾ’ ਇਲਾਕੇ ਮਿਲ ਕੇ ਮਾਲੇਰਕੋਟਲਾ ਨਾਮ ਨਾਲ ਪ੍ਰਸਿੱਧ ਹੋਏ।

ਬੈਜ਼ੀਦਖਾਨ ਔਰੰਗਜ਼ੇਬ ਦਾ ਸਮਕਾਲੀਨ ਸੀ ਅਤੇ ਉਸਨੂੰ ਮੁਗਲ ਦਰਬਾਰ ਵਿੱਚ ਆਦਰ ਦੀ ਨਿਗਾਹ ਨਾਲ ਦੇਖਿਆ ਜਾਂਦਾ ਸੀ। ਸੰਨ 1659 ਵਿੱਚ ਬੈਜ਼ੀਦਖਾਨ ਦੀ ਮੌਤ ਤੋਂ ਬਾਅਦ ਉਸਦਾ ਵੱਡਾ ਪੁੱਤਰ ਗੱਦੀ ‘ਤੇ ਬੈਠਿਆ ਜਿਸਨੇ ਸੰਨ 1672 ਤੱਕ ਰਾਜ ਕੀਤਾ। ਉਸਦੀ ਮੌਤ ਤੋਂ ਬਾਅਦ ਗੱਦੀ ਸ਼ੇਰ ਮੁਹੰਮਦ ਖਾਨ ਦੇ ਹੱਥ ਆਈ, ਉਹ ਦੂਰਦਰਸ਼ੀ ਸ਼ਾਸਕ ਸੀ। ਔਰੰਗਜ਼ੇਬ ਦੇ ਸਮੇਂ ਬਿਹਾਰ ਦੀ ਬਗਾਵਤ ਨੂੰ ਦਬਾਉਣ ਲਈ ਫੌਜ ਦੇ ਇੱਕ ਹਿੱਸੇ ਦੀ ਕਮਾਨ ਉਸਨੂੰ ਸੌਂਪੀ ਗਈ। ਬਿਹਾਰ ਜਿੱਤਣ ਤੋਂ ਬਾਅਦ ਉਸਦੀ ਬਹਾਦਰੀ ਦੀ ਕਦਰ ਕਰਦੇ ਹੋਏ ਔਰੰਗਜ਼ੇਬ ਨੇ ਉਸਨੂੰ 70 ਪਿੰਡ ਜਾਗੀਰ ਵਿੱਚ ਦੇ ਦਿੱਤੇ। ਬਦਾਯੂੰ ਬਗਾਵਤ ਨੂੰ ਦਬਾਉਣ ਵਿੱਚ ਵੀ ਉਸਦੀ ਵੱਡੀ ਭੂਮਿਕਾ ਰਹੀ।

Sher Muhammad Khan
Pic Credit : Wikimedia

ਸ਼ੇਰ ਮੁਹੰਮਦ ਖਾਨ ਦੇ ਸਮੇਂ ਹੀ ਮੁਗਲਾਂ ਅਤੇ ਸਿੱਖਾਂ ਦੀਆਂ ਲੜਾਈਆਂ ਸ਼ੁਰੂ ਹੋਈਆਂ। ਸ਼ੇਰ ਮੁਹੰਮਦ ਖਾਨ ਨੇ ਮੁਗਲਾਂ ਦਾ ਸਾਥ ਦਿੱਤਾ। ਚਮਕੌਰ ਦੀ ਲੜਾਈ ਵਿੱਚ ਸਿੱਖਾਂ ਨਾਲ ਲੜਦੇ ਹੋਏ ਉਸਨੇ ਆਪਣੇ ਭਤੀਜੇ ਨਾਹਰ ਨੂੰ ਗੁਆ ਦਿੱਤਾ, ਪਰ ਸਨ 1704 ਵਿੱਚ ਚਮਕੌਰ ਦੀ ਲੜਾਈ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਨੇ ਨੀਹਾਂ ਵਿੱਚ ਚਿਨਵਾਉਣ ਦਾ ਹੁਕਮ ਦਿੱਤਾ ਤਾਂ ਸ਼ੇਰ ਮੁਹੰਮਦ ਖਾਨ ਨੇ ਇਸਦਾ ਜ਼ੋਰਦਾਰ ਵਿਰੋਧ ਕੀਤਾ। ਇੱਥੋਂ ਤੱਕ ਕਿ ਜਦੋਂ ਵਜ਼ੀਰ ਖਾਨ ਨੇ ਸ਼ੇਰ ਮੁਹੰਮਦ ਖਾਨ ਨੂੰ ਉਕਸਾਉਂਦੇ ਹੋਏ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਤੁਹਾਡੇ ਭਤੀਜੇ ਨੂੰ ਕਤਲ ਕੀਤਾ ਹੈ, ਹੁਣ ਤੁਸੀਂ ਇਨ੍ਹਾਂ ਬੱਚਿਆਂ ਰਾਹੀਂ ਆਪਣਾ ਬਦਲਾ ਲੈ ਲਓ, ਤਾਂ ਇਸ ‘ਤੇ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਜਵਾਬ ਦਿੱਤਾ ਕਿ ਦੁੱਧ ਪੀਂਦੇ ਮਾਸੂਮ ਬੱਚਿਆਂ ਨੂੰ ਕਤਲ ਕਰਨਾ ਇਸਲਾਮ ਦੇ ਖ਼ਿਲਾਫ਼ ਹੈ। ਇਸਨੂੰ ਸਿੱਖ ਮਾਲੇਰਕੋਟਲਾ ਦੇ ਨਵਾਬ ਦੇ ‘ਹਾਅ ਦੇ ਨਾਰੇ’ ਵਜੋਂ ਵੇਖਦੇ ਹਨ ਅਤੇ ਅੱਜ ਵੀ ਸਿੱਖ ਮਾਲੇਰਕੋਟਲਾ ਦੀ ਰਿਆਸਤ ਨੂੰ ਬਹੁਤ ਸਤਿਕਾਰ ਨਾਲ ਵੇਖਦੇ ਹਨ। ਮਾਲੇਰਕੋਟਲਾ ਵਿੱਚ ਇਸ ਯਾਦ ਵਿੱਚ ‘ਹਾਅ ਦਾ ਨਾਰਾ ਗੁਰਦੁਆਰਾ’ ਵੀ ਬਣਿਆ ਹੋਇਆ ਹੈ ਅਤੇ ਇਸ ਗੁਰਦੁਆਰੇ ਲਈ ਜ਼ਮੀਨ ਮਾਲੇਰਕੋਟਲਾ ਦੇ ਆਖ਼ਰੀ ਨਵਾਬ ਇਫ਼ਤਿਖ਼ਾਰ ਅਲੀ ਖਾਨ ਨੇ ਸਿੱਖ ਭਾਈਚਾਰੇ ਨੂੰ ਦਿੱਤੀ ਸੀ। ਇਹ ਗੁਰਦੁਆਰਾ ਹਿੰਦੂ, ਮੁਸਲਿਮ ਅਤੇ ਸਿੱਖ ਤਿੰਨਾਂ ਭਾਈਚਾਰਿਆਂ ਲਈ ਸ਼ਰਧਾ ਦਾ ਸਥਾਨ ਹੈ।

ਗੁਰਪ੍ਰਤਾਪ ਸੂਰਯ ਗ੍ਰੰਥ ਵਿੱਚ ਲਿਖਿਆ ਹੈ, “ਦਸਮ ਗੁਰੂ ਜੀ ਨੇ ਫਰਮਾਇਆ ਹੈ ‘ਇਕ ਮਲੇਰੀਅਨ ਦੀ ਜੜ ਹਰੀ’” ਅਰਥਾਤ ਮਾਲੇਰਕੋਟਲਾ ਅਤੇ ਇਸਦੇ ਲੋਕ ਸਦਾ ਵੱਸਦੇ ਰਹਿਣਗੇ। ਸੰਨ 1947 ਵਿੱਚ ਜਦੋਂ ਫਿਰਕੂ ਕਤਲੇਆਮ ਹੋਇਆ ਤਾਂ ਮਾਲੇਰਕੋਟਲਾ ਵਿੱਚ ਇੱਕ ਵੀ ਮੁਸਲਮਾਨ ਦਾ ਕਤਲ ਨਹੀਂ ਹੋਇਆ, ਬਲਕਿ ਪੰਜਾਬ ਦੇ ਹੋਰ ਪਿੰਡਾਂ ਦੇ ਜੋ ਵੀ ਮੁਸਲਮਾਨ ਇੱਥੇ ਆ ਗਏ ਉਨ੍ਹਾਂ ਦੀ ਜਾਨ ਬਚ ਗਈ। ਇਤਿਹਾਸ ਵਿੱਚ ਬਹੁਤ ਸਾਰੀਆਂ ਕੌੜੀਆਂ ਘਟਨਾਵਾਂ ਹੋਈਆਂ, ਪਰ ਮਾਲੇਰਕੋਟਲਾ ਵਿੱਚ ਭਾਈਚਾਰਕ ਸਾਂਝ ਬਣੀ ਰਹੀ। ਉਦਾਹਰਨ ਵਜੋਂ ਸਨ 1762 ਵਿੱਚ ਮਾਲੇਰਕੋਟਲਾ ਦੇ ਨੇੜੇ ‘ਵੱਡਾ ਘੱਲੂਘਾਰਾ’ ਹੋਇਆ, ਜਿਸ ਵਿੱਚ ਅਫਗਾਨੀ ਦੁਰਾਨੀ ਫੌਜ ਨੇ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਕਤਲ ਕੀਤਾ; ਅੰਗਰੇਜ਼ੀ ਸਮਰਾਜ ਦੇ ਸਮੇਂ ‘ਕੂਕਾ ਸ਼ਹਾਦਤ’ ਹੋਈ। ਕੁਝ ਸਾਲ ਪਹਿਲਾਂ ਵਿਧੂ ਜੈਨ ਨਾਮਕ ਬੱਚੇ ਦਾ ਕਤਲ ਹੋਇਆ, ਜਿਸ ਤੋਂ ਬਾਅਦ ਹਿੰਦੂ ਕੱਟੜਵਾਦੀਆਂ ਨੇ ਮਾਲੇਰਕੋਟਲਾ ਵਿੱਚ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਸ਼ਹਿਰ ਦੇ ਲੋਕਾਂ ਨੇ ਉਨ੍ਹਾਂ ਦੀ ਚਾਲ ਨੂੰ ਕਾਮਯਾਬ ਨਹੀਂ ਹੋਣ ਦਿੱਤਾ।

ਇਸ ਤਰ੍ਹਾਂ ਇਤਿਹਾਸ ਦੀਆਂ ਬਹੁਤ ਸਾਰੀਆਂ ਐਹੋ ਜਿਹੀਆਂ ਕੜੀਆਂ ਹਨ ਜੋ ਪੰਜਾਬੀਆਂ ਨੂੰ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਪ੍ਰੇਰਿਤ ਕਰਦੀਆਂ ਹਨ। ਪੰਜਾਬ ਦੇ ਨਾਮਵਰ ਸਮਾਜਸ਼ਾਸਤਰੀ ਪ੍ਰੋਫੈਸਰ ਬਾਵਾ ਸਿੰਘ ਕਹਿੰਦੇ ਹਨ, “ਪੰਜਾਬੀਆਂ ਅਤੇ ਸਿੱਖਾਂ ਦਾ ਮਾਲੇਰਕੋਟਲਾ ਨਾਲ ਇੱਕ ਜਜ਼ਬਾਤੀ ਰਿਸ਼ਤਾ ਹੈ; ਇਹ ਪੰਜਾਬ ਦੀ ਇਤਿਹਾਸਕ ਵਿਰਾਸਤ ਦਾ ਸ਼ਾਨਦਾਰ ਹਿੱਸਾ ਹੈ। ਪੰਜਾਬ ਦੀ ਇਸ ਇਤਿਹਾਸਕ ਭਾਈਚਾਰਕ ਸਾਂਝ ਦੀ ਗੱਲ ਦੇਸ਼ ਤੇ ਦੁਨੀਆ ਦੇ ਹੋਰਨਾਂ ਹਿੱਸਿਆਂ ਵਿਚ ਜਾਣੀ ਬਹੁਤ ਜ਼ਰੂਰੀ ਹੈ | ਖਾਸ ਕਰ ਇਸ ਸਮੇਂ ਜਦੋਂ ਫਿਰਕਾਪ੍ਰਸਤੀ ਨੂੰ ਫੈਲਾਉਣ ਵਾਲੀਆਂ ਤਾਕਤਾਂ ਮਜ਼ਬੂਤ ਹੋ ਰਹੀਆਂ ਹਨ | ਅਜਿਹੇ ਹਾਲਤਾਂ ਵਿਚ ਮਾਲੇਰਕੋਟਲਾ ਭਾਈਚਾਰਕ ਸਾਂਝ ਤੇ ਮੁਹੱਬਤ ਦਾ ਪ੍ਰਤੀਕ ਬਣ ਕੇ ਖੜ੍ਹਾ ਹੈ | ਇਥੋਂ ਦੇ ਲੋਕਾਂ ਨੇ ਨਫਰਤ ਨੂੰ ਸਦਾ ਹਰਾਇਆ ਤੇ ਮੁਹੱਬਤ ਨੂੰ ਜਿਤਾਇਆ ਹੈ |”

Shiv Inder Singh

Shiv Inder Singh is an independent journalist, writer, and political analyst with 25 years of experience in journalism and media. Founder and Editor-in-Chief of Suhi Saver (2010), he contributes to The Caravan, The Wire, and LiveMint. He is a Jagjit Singh Anand Award recipient, known for his commitment to public-interest and investigative journalism.

Post navigation

ਜੰਗ ਦੇ ਮੈਦਾਨ ਤੋਂ ਰਿੰਗ ਦੇ ਰਾਜੇ ਤੱਕ! ਮੁਹੰਮਦ ਅਲੀ ਨਾਲ ਲੋਹਾ ਲੈਣ ਵਾਲਾ ਪੰਜਾਬ ਦਾ ‘ਗੋਲਡਨ ਬੁਆਏ’ ਕੌਰ ਸਿੰਘ

ਜਦੋਂ ਵੀ ਭਾਰਤੀ ਮੁੱਕੇਬਾਜ਼ੀ ਦਾ ਇਤਿਹਾਸ ਲਿਖਿਆ ਜਾਵੇਗਾ, ਪੰਜਾਬ ਦੇ ਮਾਲਵਾ ਖੇਤਰ ਦੇ ਸੰਗਰੂਰ ਜ਼ਿਲ੍ਹੇ ਦੇ…

Leave a Comment

Leave a Reply

Your email address will not be published. Required fields are marked *