ਪੰਜਾਬ ਦੀ ਧਰਤੀ ਸਿਰਫ਼ ਪੰਜ ਦਰਿਆਵਾਂ ਦਾ ਸੰਗਮ ਹੀ ਨਹੀਂ, ਸਗੋਂ ਇਹ ਜਜ਼ਬਿਆਂ, ਸਾਹਸ ਅਤੇ ਕਲਾ ਦਾ ਇੱਕ ਅਜਿਹਾ ਸਮੁੰਦਰ ਹੈ, ਜਿਸ ਦੀ ਲਹਿਰ ਹਰ ਪੰਜਾਬੀ ਦੇ ਖ਼ੂਨ ਵਿੱਚ ਦੌੜਦੀ ਹੈ। ਪੰਜਾਬ ਦੀ ਕਲਾ ਇਸ ਦੇ ਲੋਕ ਨਾਚਾਂ ਅਤੇ ਸੰਗੀਤ ਤੋਂ ਬਿਨਾਂ ਬਿਲਕੁਲ ਅਧੂਰੀ ਹੈ। ਪੰਜਾਬੀ ਸੰਗੀਤ ਅਤੇ ਨਾਚ ਵਿੱਚ ਇੱਕ ਅਜਿਹੀ ਅਜੀਬ ਖਿੱਚ, ਊਰਜਾ ਅਤੇ ਰਵਾਨਗੀ ਹੁੰਦੀ ਹੈ ਜੋ ਸਰਹੱਦਾਂ ਦੀਆਂ ਵਲਗਣਾਂ ਨੂੰ ਤੋੜ ਕੇ ਪੂਰੀ ਦੁਨੀਆ ਨੂੰ ਨੱਚਣ ਲਈ ਮਜਬੂਰ ਕਰ ਦਿੰਦੀ ਹੈ। ਇਹ ਕਲਾਵਾਂ ਮਹਿਜ਼ ਮਨੋਰੰਜਨ ਨਹੀਂ, ਸਗੋਂ ਪੰਜਾਬੀਆਂ ਦੀ ਕਿਰਤ, ਖੁਸ਼ੀ ਅਤੇ ਜੀਵਨ-ਜੁਗਤ ਦਾ ਸੁੰਦਰ ਪ੍ਰਗਟਾਵਾ ਹਨ।
ਪੰਜਾਬ ਦੇ ਲੋਕ ਨਾਚ; ਖੁਸ਼ੀ ਅਤੇ ਕਿਰਤ ਦੇ ਜਸ਼ਨ

ਪੰਜਾਬੀ ਲੋਕ ਨਾਚ ਮਨੁੱਖੀ ਮਨ ਦੀਆਂ ਉਮੰਗਾਂ ਨੂੰ ਸਰੀਰਕ ਹਰਕਤਾਂ ਰਾਹੀਂ ਬਿਆਨ ਕਰਦੇ ਹਨ। ਇਨ੍ਹਾਂ ਨਾਚਾਂ ਵਿੱਚ ਪੰਜਾਬ ਦੀ ਮਿੱਟੀ ਦੀ ਮਹਿਕ ਅਤੇ ਖੁੱਲ੍ਹੇ-ਡੁੱਲ੍ਹੇ ਸੁਭਾਅ ਦੀ ਝਲਕ ਮਿਲਦੀ ਹੈ। ਭੰਗੜਾ ਪੰਜਾਬ ਦਾ ਸਭ ਤੋਂ ਪ੍ਰਸਿੱਧ ਲੋਕ ਨਾਚ ਹੈ, ਜੋ ਅੱਜ ਅੰਤਰਰਾਸ਼ਟਰੀ ਪੱਧਰ ‘ਤੇ ਪਛਾਣ ਬਣਾ ਚੁੱਕਾ ਹੈ।

ਭੰਗੜਾ – ਇਤਿਹਾਸਕ ਤੌਰ ‘ਤੇ ਇਹ ਨਾਚ ਵਿਸਾਖੀ ਦੇ ਮੌਕੇ ਕਣਕ ਦੀ ਵਾਢੀ ਵੇਲੇ ਕਿਰਤ ਦੇ ਜਸ਼ਨ ਵਜੋਂ ਸ਼ੁਰੂ ਹੋਇਆ ਸੀ। ਜਦੋਂ ਕਿਸਾਨ ਆਪਣੀ ਪਸੀਨੇ ਦੀ ਕਮਾਈ (ਫਸਲ) ਨੂੰ ਪੱਕੀ ਦੇਖਦਾ ਸੀ, ਤਾਂ ਉਹ ਖੁਸ਼ੀ ਵਿੱਚ ਢੋਲ ਦੀ ਥਾਪ ‘ਤੇ ਨੱਚ ਉੱਠਦਾ ਸੀ। ਭੰਗੜੇ ਵਿੱਚ ਪੈਰਾਂ ਦੀ ਧਮਕ ਅਤੇ ਬਾਹਾਂ ਦਾ ਉਭਾਰ ਮਰਦਾਨਾ ਸ਼ਕਤੀ ਅਤੇ ਉਤਸ਼ਾਹ ਨੂੰ ਦਰਸਾਉਂਦਾ ਹੈ। ਇਸ ਵਿੱਚ ਧਮਾਲ, ਝੂਮਰ ਅਤੇ ਲੁੱਡੀ ਵਰਗੀਆਂ ਕਈ ਉਪ-ਵੰਨਗੀਆਂ ਸ਼ਾਮਲ ਹਨ, ਜੋ ਵੱਖ-ਵੱਖ ਖੇਤਰਾਂ ਦੀ ਨੁਮਾਇੰਦਗੀ ਕਰਦੀਆਂ ਹਨ।
ਗਿੱਧਾ – ਮੁਟਿਆਰਾਂ ਦੇ ਚਾਵਾਂ ਦਾ ਪ੍ਰਤੀਕ

ਜੇਕਰ ਭੰਗੜਾ ਜੋਸ਼ ਦਾ ਨਾਂ ਹੈ, ਤਾਂ ਗਿੱਧਾ ਨਜ਼ਾਕਤ ਅਤੇ ਭਾਵਨਾਵਾਂ ਦਾ ਸੁਮੇਲ ਹੈ। ਇਹ ਪੰਜਾਬ ਦੀਆਂ ਔਰਤਾਂ ਦਾ ਪ੍ਰਮੁੱਖ ਲੋਕ ਨਾਚ ਹੈ। ਗਿੱਧੇ ਵਿੱਚ ਕਿਸੇ ਵਿਸ਼ੇਸ਼ ਸਾਜ਼ ਦੀ ਬਹੁਤੀ ਲੋੜ ਨਹੀਂ ਹੁੰਦੀ, ਸਗੋਂ ਹੱਥਾਂ ਦੀਆਂ ਤਾਲੀਆਂ ਹੀ ਸੰਗੀਤ ਪੈਦਾ ਕਰਦੀਆਂ ਹਨ। ਗਿੱਧੇ ਦੀ ਜਾਨ ‘ਬੋਲੀਆਂ’ ਹੁੰਦੀਆਂ ਹਨ। ਇਨ੍ਹਾਂ ਬੋਲੀਆਂ ਰਾਹੀਂ ਔਰਤਾਂ ਆਪਣੇ ਸਮਾਜਿਕ ਰਿਸ਼ਤਿਆਂ (ਨਣਾਨ-ਭਰਜਾਈ, ਸੱਸ-ਨੂੰਹ) ਅਤੇ ਦਿਲ ਦੇ ਚਾਵਾਂ ਨੂੰ ਬਿਆਨ ਕਰਦੀਆਂ ਹਨ। ਸਾਉਣ ਦੇ ਮਹੀਨੇ ਤੀਆਂ ਦੇ ਮੌਕੇ ਪੀਂਘਾਂ ਝੂਟਦੀਆਂ ਅਤੇ ਗਿੱਧਾ ਪਾਉਂਦੀਆਂ ਮੁਟਿਆਰਾਂ ਪੰਜਾਬੀ ਸੱਭਿਆਚਾਰ ਦਾ ਸਭ ਤੋਂ ਖ਼ੂਬਸੂਰਤ ਦ੍ਰਿਸ਼ ਪੇਸ਼ ਕਰਦੀਆਂ ਹਨ।
ਪੰਜਾਬੀ ਲੋਕ ਸਾਜ਼; ਸੰਗੀਤ ਦੀ ਅਸਲ ਰੂਹ

ਪੰਜਾਬੀ ਸੰਗੀਤ ਦੀ ਮਿਠਾਸ ਅਤੇ ਗੂੰਜ ਇਸ ਦੇ ਰਵਾਇਤੀ ਸਾਜ਼ਾਂ ਵਿੱਚ ਛਿਪੀ ਹੋਈ ਹੈ। ਇਹ ਸਾਜ਼ ਕੁਦਰਤੀ ਚੀਜ਼ਾਂ ਜਿਵੇਂ ਲੱਕੜ, ਚਮੜੇ ਅਤੇ ਧਾਤ ਤੋਂ ਤਿਆਰ ਕੀਤੇ ਜਾਂਦੇ ਹਨ।
ਢੋਲ – ਢੋਲ ਤੋਂ ਬਿਨਾਂ ਪੰਜਾਬੀ ਸੰਗੀਤ ਅਤੇ ਨਾਚ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਹ ਲੱਕੜ ਦਾ ਬਣਿਆ ਇੱਕ ਵੱਡਾ ਸਾਜ਼ ਹੈ, ਜਿਸ ਦੇ ਦੋਵੇਂ ਪਾਸੇ ਚਮੜਾ ਮੜ੍ਹਿਆ ਹੁੰਦਾ ਹੈ। ਢੋਲ ਦੀ ਇੱਕ ਗੂੰਜ ਪੂਰੇ ਪਿੰਡ ਨੂੰ ਇਕੱਠਾ ਕਰਨ ਦੀ ਸਮਰੱਥਾ ਰੱਖਦੀ ਹੈ।

ਤੂੰਬੀ – ਤੂੰਬੀ ਪੰਜਾਬੀ ਲੋਕ ਗਾਇਕੀ ਦੀ ਅਸਲ ਪਛਾਣ ਹੈ। ਇਹ ਇੱਕ ਤਾਰ ਵਾਲਾ ਛੋਟਾ ਜਿਹਾ ਸਾਜ਼ ਹੈ, ਪਰ ਇਸ ਵਿੱਚੋਂ ਨਿਕਲਦੀ ਬਰੀਕ ਅਤੇ ਮਿੱਠੀ ਆਵਾਜ਼ ਸਰੋਤਿਆਂ ਨੂੰ ਕੀਲ ਲੈਂਦੀ ਹੈ। ਮਰਹੂਮ ਗਾਇਕ ਲਾਲ ਚੰਦ ਯਮਲਾ ਜੱਟ ਜੀ ਨੇ ਤੁੰਬੀ ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਦਿਵਾਈ।
ਅਲਗੋਜ਼ੇ – ਅਲਗੋਜ਼ੇ ਦੋ ਬੰਸਰੀਆਂ ਦਾ ਜੋੜਾ ਹੁੰਦਾ ਹੈ, ਜਿਸ ਨੂੰ ਇੱਕੋ ਸਮੇਂ ਮੂੰਹ ਨਾਲ ਵਜਾਇਆ ਜਾਂਦਾ ਹੈ। ਇਹ ਸਾਜ਼ ਵਜਾਉਣ ਲਈ ਬਹੁਤ ਜ਼ਿਆਦਾ ਦਮ-ਖ਼ਮ ਦੀ ਲੋੜ ਹੁੰਦੀ ਹੈ। ਇਹ ਅਕਸਰ ਮਿਰਜ਼ਾ-ਸਾਹਿਬਾਂ ਜਾਂ ਹੋਰ ਕਿੱਸੇ ਗਾਉਣ ਵੇਲੇ ਵਜਾਏ ਜਾਂਦੇ ਹਨ।

ਢੱਡ – ਢੱਡ ਇਹ ਡਮਰੂ ਵਰਗਾ ਇੱਕ ਛੋਟਾ ਸਾਜ਼ ਹੈ, ਜੋ ਉਂਗਲਾਂ ਦੀ ਮਦਦ ਨਾਲ ਵਜਾਇਆ ਜਾਂਦਾ ਹੈ।
ਸਾਰੰਗੀ – ਸਾਰੰਗੀ, ਇਹ ਇੱਕ ਤੰਤੀ ਸਾਜ਼ ਹੈ ਜੋ ਗਾਇਕੀ ਵਿੱਚ ਗ਼ਮੀ ਅਤੇ ਗੰਭੀਰਤਾ ਦੇ ਭਾਵ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ। ਢੱਡ-ਸਾਰੰਗੀ ਦੀ ਵਰਤੋਂ ਅਕਸਰ ‘ਵਾਰਾਂ’ ਗਾਉਣ ਵਾਲੇ ਢਾਡੀ ਜਥਿਆਂ ਦੁਆਰਾ ਕੀਤੀ ਜਾਂਦੀ ਹੈ ਤਾਂ ਜੋ ਸੂਰਬੀਰਤਾ ਦਾ ਜਜ਼ਬਾ ਪੈਦਾ ਕੀਤਾ ਜਾ ਸਕੇ।
ਲੋਕ ਨਾਚ ਦਾ ਸਮਾਜਿਕ ਮਹੱਤਵ ਅਤੇ ਅਜੋਕਾ ਦੌਰ

ਪੰਜਾਬੀ ਲੋਕ ਕਲਾਵਾਂ ਸਿਰਫ ਸਟੇਜ ਤੱਕ ਸੀਮਤ ਨਹੀਂ ਹਨ, ਸਗੋਂ ਇਹ ਜੀਵਨ ਦੇ ਹਰ ਪੜਾਅ ਨਾਲ ਜੁੜੀਆਂ ਹੋਈਆਂ ਹਨ। ਜਨਮ ਵੇਲੇ ਦੇ ਗੀਤਾਂ ਤੋਂ ਲੈ ਕੇ ਵਿਆਹਾਂ ਦੀਆਂ ਘੋੜੀਆਂ, ਸੁਹਾਗ ਅਤੇ ਸਿੱਠਣੀਆਂ ਤੱਕ, ਸੰਗੀਤ ਹਰ ਰਿਸ਼ਤੇ ਨੂੰ ਮਜ਼ਬੂਤ ਕਰਦਾ ਹੈ। ਇਹ ਕਲਾਵਾਂ ਪੰਜਾਬੀਆਂ ਨੂੰ ਆਪਣੀ ਕਿਰਤ ਨਾਲ ਜੋੜਦੀਆਂ ਹਨ। ਜਦੋਂ ਕਿਸਾਨ ਖੇਤਾਂ ਵਿੱਚ ਕੰਮ ਕਰਦਾ ‘ਹੇਕ’ ਲਾਉਂਦਾ ਹੈ, ਤਾਂ ਉਸ ਦੀ ਥਕਾਵਟ ਮਿੱਠੇ ਸੰਗੀਤ ਵਿੱਚ ਬਦਲ ਜਾਂਦੀ ਹੈ।

ਅੱਜ ਦੇ ਦੌਰ ਵਿੱਚ ਪੰਜਾਬੀ ਸੰਗੀਤ ਵਿੱਚ ਪੱਛਮੀ ਸਾਜ਼ਾਂ (ਗਿਟਾਰ, ਕੀਬੋਰਡ) ਅਤੇ ਇਲੈਕਟ੍ਰਾਨਿਕ ਬੀਟਸ ਦਾ ਪ੍ਰਭਾਵ ਵੱਧ ਗਿਆ ਹੈ। ਭਾਵੇਂ ਇਸ ਨਾਲ ਪੰਜਾਬੀ ਸੰਗੀਤ ਦੀ ਪਹੁੰਚ ਦੁਨੀਆ ਭਰ ਵਿੱਚ ਵਧੀ ਹੈ, ਪਰ ਕਿਤੇ ਨਾ ਕਿਤੇ ਸਾਡੇ ਰਵਾਇਤੀ ਸਾਜ਼ ਅਤੇ ਸਾਦਗੀ ਪਿੱਛੇ ਰਹਿ ਰਹੇ ਹਨ। ਅੱਜ ਦੀ ਨਵੀਂ ਪੀੜ੍ਹੀ ਨੂੰ ਅਲਗੋਜ਼ੇ ਜਾਂ ਸਾਰੰਗੀ ਦੀ ਪਛਾਣ ਕਰਵਾਉਣਾ ਬਹੁਤ ਜ਼ਰੂਰੀ ਹੈ।

ਪੰਜਾਬ ਦੀ ਕਲਾ, ਲੋਕ ਨਾਚ ਅਤੇ ਸੰਗੀਤ ਸਾਡੀ ਅਣਖ ਅਤੇ ਪਛਾਣ ਦੇ ਗਵਾਹ ਹਨ। ਇਹ ਸਾਨੂੰ ਜੋੜਦੇ ਹਨ ਅਤੇ ਮੁਸ਼ਕਲ ਸਮਿਆਂ ਵਿੱਚ ਵੀ ਜਿਊਣ ਦਾ ਹੌਸਲਾ ਦਿੰਦੇ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਢੋਲ ਦੀ ਥਾਪ ਅਤੇ ਤੁੰਬੀ ਦੀ ਤਾਰ ਨਾਲ ਜੋੜੀਏ। ਜਦੋਂ ਤੱਕ ਪੰਜਾਬ ਦੇ ਪਿੰਡਾਂ ਵਿੱਚ ਅਲਗੋਜ਼ੇ ਗੂੰਜਦੇ ਰਹਿਣਗੇ ਅਤੇ ਵਿਹੜਿਆਂ ਵਿੱਚ ਗਿੱਧੇ ਦੀਆਂ ਤਾਲੀਆਂ ਵੱਜਦੀਆਂ ਰਹਿਣਗੀਆਂ, ਪੰਜਾਬੀਅਤ ਦਾ ਪਰਚਮ ਪੂਰੀ ਦੁਨੀਆ ਵਿੱਚ ਲਹਿਰਾਉਂਦਾ ਰਹੇਗਾ। ਸਾਡੀ ਕਲਾ ਹੀ ਸਾਡੀ ਰੂਹ ਹੈ, ਅਤੇ ਇਸ ਰੂਹ ਨੂੰ ਜਿਉਂਦਾ ਰੱਖਣਾ ਹਰ ਪੰਜਾਬੀ ਦਾ ਫਰਜ਼ ਹੈ।



Leave a Comment