ਸਰਹਿੰਦ ਫ਼ਤਿਹ : ਬੰਦਾ ਸਿੰਘ ਬਹਾਦਰ ਵੱਲੋਂ ਵਜੀਰ ਖਾਂ ਦੇ ਜੁਲਮਾਂ ਦਾ ਅੰਤ
ਮੁਗਲਾਂ ਅਤੇ ਪਹਾੜੀ ਰਾਜਿਆਂ ਦੀ ਮਿਲੀ ਭੁਗਤ ਤੇ ਅੱਤਿਆਚਾਰ ਕਾਰਨ ਨਾਨਕ ਪਾਤਸ਼ਾਹ ਦੀ ਦਸਵੀਂ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ 1704, ਛੇ ਤੇ ਸੱਤ ਪੋਹ ਦੀ ਰਾਤ ਨੂੰ ਛੱਡ ਕੇ ਜਾਣਾ ਪਿਆ। ਕਿਲ੍ਹਾ ਛੱਡਣ ਤੋਂ ਬਾਅਦ ਮੁਗਲ ਫੌਜਾਂ ਤੇ ਪਹਾੜੀ ਰਾਜੇ ਆਪਣੀ ਜੁਬਾਨ ਤੋਂ ਮੁਕਰੇ ਤੇ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਹਮਲਾ ਕਰ ਦਿੱਤਾ। ਕਈ ਸਿੰਘ ਇਸ ਹਮਲੇ ਨੂੰ ਰੋਕਦੇ ਹੋਏ ਸ਼ਹੀਦ ਹੋਏ। ਸਰਸਾ ਨਦੀ ਦੇ ਕੰਢੇ ਤੇ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਗਿਆ। ਗੁਰੂ ਸਾਹਿਬ ਚਮਕੌਰ ਮਾਛੀਵਾੜਾ ਤੋਂ ਹੁੰਦੇ ਹੋਏ ਦਮਦਮਾ ਸਾਹਿਬ ਵੱਲ ਪਹੁੰਚੇ ਤੇ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਵੱਲੋਂ ਕੈਦ ਕਰ ਲਿਆ ਗਿਆ। ਕੈਦ ਕਰਨ ਉਪਰੰਤ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਜਿੰਦਾ ਚਿਣਵਾ ਦਿੱਤਾ ਗਿਆ ਅਤੇ ਮਾਤਾ ਗੁਜਰੀ ਨੂੰ ਠੰਡੇ ਬੁਰਜ ਦੇ ਵਿੱਚ ਸ਼ਹੀਦ ਕੀਤਾ ਗਿਆ। ਗੁਰੂ ਸਾਹਿਬ ਦਾ ਪਰਿਵਾਰ ਖੇਰੂ-ਖੇਰੂ ਹੋ ਗਿਆ। ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੇ ਸਿੱਖ ਕੌਮ ਦੇ ਵਿੱਚ ਰੋਹ ਭਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਹੋ ਜਾਣ ਤੋਂ ਬਾਅਦ ਉਸਦੇ ਅਗਲੇ ਵੰਸ਼ਕ ਸ਼ਹਿਜ਼ਾਦਾ ਮੁਅੱਜ਼ਮ ਜੋ ਕਿ ਇਤਿਹਾਸ ਵਿੱਚ ਬਹਾਦਰ ਸ਼ਾਹ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਨਾਲ ਮੁਲਾਕਾਤ ਕੀਤੀ। ਗੁਰੂ ਗੋਬਿੰਦ ਸਿੰਘ ਜੀ ਉਸਦੇ ਨਾਲ ਦੱਖਣ ਵੱਲ ਨੂੰ ਵੀ ਰਵਾਨਾ ਹੋਏ। ਪਰ ਦੱਖਣ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ, ਸਿੱਖ ਕੌਮ ਦੇ ਵਿੱਚ ਅਜਿਹੀ ਘਟਨਾ ਵਾਪਰੀ ਜਿਸ ਘਟਨਾ ਨੇ ਪਿਛਲੇ ਇਤਿਹਾਸ ਵਿੱਚ ਹੋਈਆਂ ਸ਼ਹਾਦਤਾਂ ਦਾ ਬਦਲਾ ਲਿਆ।

ਦੱਖਣ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਤੋਂ ਖੰਡੇ ਦਾ ਪਹੁਲ ਛਕ ਕੇ ਮਾਧੋ ਦਾਸ ਬੈਰਾਗੀ ਤੋਂ ਬੰਦਾ ਸਿੰਘ ਬਹਾਦਰ ਬਣਿਆ ਗੁਰੂ ਦਾ ਬੰਦਾ ਗੁਰੂ ਦੇ ਪਰਿਵਾਰ ਨਾਲ ਹੋਈਆਂ ਵਧੀਕੀਆਂ ਦਾ ਹਿਸਾਬ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਲੈ ਪੰਜਾਬ ਵੱਲ ਤੁਰਿਆ। ਜਦੋਂ ਖਾਲਸੇ ਨੂੰ ਪਤਾ ਲੱਗਾ ਕਿ ਸ੍ਰੀ ਦਸ਼ਮੇਸ਼ ਜੀ ਨੇ ਬਾਬਾ ਬੰਦਾ ਸਿੰਘ ਜੀ ਨੂੰ ਪੰਥ ਦਾ ਜਥੇਦਾਰ ਥਾਪਿਆ ਹੈ ਤੇ ਉਹ ਪੰਜਾਬ ਵੱਲ ਆ ਰਹੇ ਹਨ ਤੇ ਉਹਨਾਂ ਨੇ ਸਰਹਿੰਦ ਨੂੰ ਸਰ ਕਰਨਾ ਹੈ ਅਤੇ ਜਾਲਮਾਂ ਦਾ ਸੱਤਿਆਨਾਸ਼ ਕਰਨਾ ਹੈ ਤਾਂ ਸਿੰਘ ਥਾਉ-ਥਾਈ ਜੋਸ਼ ਵਿੱਚ ਆ ਕੇ ਧਰਮ ਯੁੱਧ ਲਈ ਤਿਆਰ ਹੋ ਪਏ। ਉਹ ਜਥੇ ਬਣਾ ਕੇ ਵਹੀਰਾ ਪਾ ਕੇ ਬਾਬਾ ਬੰਦਾ ਸਿੰਘ ਬਹਾਦਰ ਵੱਲ ਨੂੰ ਤੁਰ ਪਏ। ਬੰਦੇ ਦੇ ਹੁਕਮ ਮਾਲਵੇ ਵਿੱਚ ਸਭ ਤੋਂ ਪਹਿਲਾਂ ਪੁੱਜੇ ਉਥੋਂ ਸਿੰਘ ਝਟਪਟ ਆਉਣੇ ਸ਼ੁਰੂ ਹੋ ਗਏ। ਭਾਈ ਭਗਤੂ ਦਾ ਪੋਤਰਾ ਫਤਿਹ ਸਿੰਘ ਭਾਈ ਰੂਪੇ ਦੀ ਸੰਤਾਨ ਵਿੱਚੋਂ ਕਰਮ ਸਿੰਘ, ਧਰਮ ਸਿੰਘ ਅਤੇ ਨਗਾਹੀਆ ਸਿੰਘ ਤੇ ਚੂਹੜ ਸਿੰਘ ਆਪੋ ਆਪਣੇ ਜਥੇ ਲੈ ਕੇ ਬਾਬਾ ਜੀ ਪਾਸ ਸਭ ਤੋਂ ਪਹਿਲਾਂ ਪੁੱਜੇ। ਸਲੌਦੀ ਦੇ ਆਲੀ ਸਿੰਘ, ਮਾਲੀ ਸਿੰਘ ਆਪਣਾ ਜਥਾ ਲੈ ਕੇ ਪੁੱਜੇ। ਫੂਲਕੀਆ ਘਰਾਣੇ ਦੇ ਚੌਧਰੀ ਰਾਮ ਸਿੰਘ ਅਤੇ ਤਰਲੋਕ ਸਿੰਘ ਆਪ ਤਾਂ ਨਾ ਆਏ ਪਰ ਉਹਨਾਂ ਨੇ ਖਰਚ ਪੱਠਾ ਤੇ ਫੌਜੀ ਸ਼ਮਿਆਨ ਦੇ ਕੇ ਆਪਣੇ ਆਦਮੀ ਭੇਜੇ। ਥੋੜੇ ਹੀ ਮਹੀਨਿਆਂ ਵਿੱਚ ਸਾਰੇ ਪੰਜਾਬ ਦਾ ਖਾਲਸਾ ਸ਼ਸਤਰਧਾਰੀ ਹੋ ਕੇ ਸਰਹਿੰਦ ਉੱਪਰ ਗੁੱਸਾ ਕੱਢਣ ਲਈ ਤਿਆਰ ਹੋ ਪਿਆ ਸੀ।

ਸਭ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਨੇ ਸਮਾਣੇ ਦੇ ਉੱਤੇ ਹਮਲਾ ਕੀਤਾ ਸਮਾਣੇ ਦੇ ਵਿਰੁੱਧ ਖਾਲਸੇ ਨੂੰ ਬਹੁਤ ਸਾਰੀਆਂ ਸ਼ਿਕਾਇਤਾਂ ਸਨ। ਸਮਾਣਾ ਜਰਵਾਣੇ ਸੱਯਦਾਂ ਅਤੇ ਮੁਗਲਾਂ ਦਾ ਬਹੁਤ ਵੱਡਾ ਗੜ ਸੀ। ਇਥੋਂ ਦੇ ਸੱਯਦ ਜਲਾਲ ਦੀਨ ਨੇ ਦਿੱਲੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਤਲਵਾਰ ਨਾਲ ਧੜ ਤੋਂ ਵੱਖ ਕੀਤਾ ਸੀ। ਇਥੋਂ ਦੇ ਹੀ ਸੱਯਦਾਂ ਨੇ ਛੋਟੇ ਸਾਹਿਬਜ਼ਾਦਿਆਂ ਦੇ ਨੀਹਾਂ ਵਿੱਚ ਚਿਣੇ ਜਾਣ ਦਾ ਫ਼ਤਵਾ ਦਿੱਤਾ ਸੀ ਤੇ ਇਥੋਂ ਦੇ ਹੀ ਦੋ ਪਠਾਣ ਜੱਲਾਦਾਂ ਨੇ ਛੋਟੇ ਸਾਹਿਬਜ਼ਾਦਿਆਂ ਦੇ ਸੀਸ ਕੱਟੇ ਸਨ। ਇਹਨਾਂ ਜੱਲਾਦਾਂ ਦੇ ਅੱਤਿਆਚਾਰ ਕਰਕੇ ਉਸ ਸਮੇਂ ਇਸ ਸ਼ਹਿਰ ਨੂੰ ਸਮਾਣਾ ਜੱਲਾਦਾਂ ਦਾ ਕਹਿ ਕੇ ਪੁਕਾਰਿਆ ਜਾਂਦਾ ਸੀ। ਬੰਦੇ ਦੇ ਸਿੱਖਾਂ ਨੇ ਸਮਾਣੇ ਦੇ ਉੱਤੇ ਹਮਲਾ ਕੀਤਾ ਤਿੰਨ ਦਿਨ ਲੜਾਈ ਹੁੰਦੀ ਰਹੀ ਅੰਤ ਖਾਲਸੇ ਦੀ ਫਤਿਹ ਹੋਈ। ਬੰਦੇ ਨੇ ਇਥੇ ਅੱਠ ਦਿਨ ਡੇਰਾ ਰੱਖਿਆ। ਸਮਾਣੇ ਨੂੰ ਜਿੱਤ ਕੇ ਖਾਲਸੇ ਨੇ ਘੁੜਾਮ, ਠਸਕਾ, ਸਾਹਬਾਜ, ਕੁੰਜਪੁਰਾ (ਵਜ਼ੀਰ ਖਾਂ ਦਾ ਪਿੰਡ) ਮੁਸਤਾਵਾਦ ਸਥਾਨਾਂ ਦੇ ਉੱਤੇ ਧਾਵਾ ਬੋਲ ਕੇ ਜਿੱਤ ਪ੍ਰਾਪਤ ਕੀਤੀ। ਇਸ ਤੋਂ ਮਗਰੋਂ ਬਾਬਾ ਬੰਦਾ ਸਿੰਘ ਬਹਾਦਰ ਕਪੂਰੀ ਪੁੱਜੇ। ਇਥੇ ਦਾ ਹਾਕਮ ਕਦਮ ਦੀਨ ਲੋਕਾਂ ਉੱਤੇ ਬੜਾ ਜ਼ੁਲਮ ਕਰਦਾ ਸੀ। ਉਹ ਹਿੰਦੂ ਇਸਤਰੀਆਂ ਨੂੰ ਡੋਲਿਆਂ ਵਿੱਚੋਂ ਕੱਢ ਕੇ ਉਹਨਾਂ ਦੇ ਸੱਤ ਭੰਗ ਕਰਦਾ ਹੁੰਦਾ ਸੀ ਤੇ ਹਿੰਦੂਆਂ ਉੱਤੇ ਹੋਰ ਵੀ ਬੜੀਆਂ ਸਖ਼ਤੀਆਂ ਕਰਦਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਪਾਪੀ ਦਾ ਖਾਤਮਾ ਕਰਨ ਦਾ ਇਰਾਦਾ ਕਰ ਲਿਆ। ਕਪੂਰੀ ਨੂੰ ਸਰ ਕੀਤਾ ਗਿਆ ਤੇ ਕਦਮ ਦੀਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕਪੂਰੀ ਨੂੰ ਸਰ ਕਰਨ ਤੋਂ ਬਾਅਦ ਸਡੋਰਾ ਅਤੇ ਮੁਖਲਿਸਪੁਰ ਨੂੰ ਸਰ ਕਰਕੇ ਹੁਣ ਬੰਦਾ ਸਿੰਘ ਬਹਾਦਰ ਦਾ ਇਰਾਦਾ ਸਰਹਿੰਦ ਵੱਲ ਨੂੰ ਤੁਰਨ ਦਾ ਸੀ। ਮਾਝੇ ਤੇ ਦੁਆਬੇ ਦੇ ਸਿੰਘਾਂ ਨੂੰ ਸੁਨੇਹਾ ਲਗਾ ਦਿੱਤਾ ਗਿਆ। ਉਹਨਾਂ ਦੇ ਜਥੇ ਕੀਰਤਪੁਰ ਸਾਹਿਬ ਅਤੇ ਅਨੰਦਪੁਰ ਸਾਹਿਬ ਤੋਂ ਤੁਰ ਪਏ। ਜਿਵੇਂ-ਜਿਵੇਂ ਬੰਦਾ ਸਿੰਘ ਬਹਾਦਰ ਸਰਹਿੰਦ ਵੱਲ ਨੂੰ ਵੱਧਿਆ ਇਹ ਜਥੇ ਵੀ ਉਸਦੇ ਨਾਲ ਸਹਿਜੇ-ਸਹਿਜੇ ਰਲਦੇ ਗਏ। ਸਰਹਿੰਦ ਦੇ ਨੇੜੇ ਪਹੁੰਚਦੇ-ਪਹੁੰਚਦੇ ਬੰਦਾ ਸਿੰਘ ਬਹਾਦਰ ਦੀ ਸੈਨਾ ਬਹੁਤ ਵੱਡੀ ਹੋ ਚੁੱਕੀ ਸੀ। ਮਾਝੇ ਤੋਂ ਮਾਲਵੇ ਤੋਂ ਤੇ ਦੁਆਬੇ ਤੋਂ ਉਹ ਸਿੰਘ ਜਿਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਸੀ ਤੇ ਜੁਲਮ ਤੇ ਜਬਰ ਦੇ ਖਿਲਾਫ ਹਮੇਸ਼ਾ ਲੜਨ ਲਈ ਤਿਆਰ ਰਹਿਣ ਦਾ ਫ਼ਲਸਫ਼ਾ ਸਿੱਖਿਆ ਸੀ ਉਹ ਵੀ ਬੰਦੇ ਦੀ ਸੈਨਾ ਦੇ ਵਿੱਚ ਸ਼ਾਮਿਲ ਹੋ ਚੁੱਕੇ ਸਨ। ਉਧਰੋਂ ਵਜ਼ੀਰ ਖਾਂ ਵੀ ਸਿੰਘਾਂ ਦੇ ਟਾਕਰੇ ਲਈ ਪੂਰੀ-ਪੂਰੀ ਤਿਆਰੀ ਕਰ ਰਿਹਾ ਸੀ। ਉਸਨੇ ਇਸ ਜੰਗ ਨੂੰ ਜਹਾਦ ਦਾ ਰੂਪ ਦਿੱਤਾ ਤੇ ਹੈਦਰੀ ਝੰਡਾ ਖੜਾ ਕੀਤਾ। ਉਸਨੇ ਸਭ ਮੁਸਲਮਾਨਾਂ ਨੂੰ ਇਸਲਾਮ ਦੀ ਖਾਤਰ ਕਾਫਰਾਂ ਵਿਰੁੱਧ ਲੜਨ ਅਤੇ ਜਹਾਦ ਵਿੱਚ ਹਰ ਪ੍ਰਕਾਰ ਦੀ ਸਹਾਇਤਾ ਕਰਨ ਲਈ ਵੰਗਾਰਿਆ। ਆਪਣੀ ਫੌਜ ਤੋਂ ਇਲਾਵਾ ਵਜ਼ੀਰ ਖਾਂ ਨੇ ਪੂਰੇ ਪੰਜਾਬ ਵਿੱਚੋਂ ਮੁਸਲਮਾਨੀ ਫੌਜ ਮੰਗਵਾਈ ਤੇ ਸਭ ਨੂੰ ਹੈਦਰੀ ਝੰਡੇ ਹੇਠ ਆ ਜੁੜਨ ਲਈ ਆਖਿਆ।

ਸਰਹਿੰਦ ਤੋਂ 10-12 ਕੋਹ ਦੀ ਵਿੱਥ ਉੱਤੇ ਚੱਪੜ ਚਿੜੀ ਦੇ ਮੈਦਾਨ ਵਿਚ 12 ਮਈ ਸੰਨ 1710 ਨੂੰ ਬੜੀ ਸਖ਼ਤ ਲੜਾਈ ਹੋਈ। ਘਮਸਾਨ ਦਾ ਯੁੱਧ ਹੋਇਆ। ਬਹੁਤ ਸਾਰੇ ਸਿੰਘ ਵੀ ਸ਼ਹੀਦ ਹੋਏ। ਵਜ਼ੀਰ ਖਾਂ ਨੇ ਨੇਜਾ ਲੈ ਕੇ ਬਾਬਾ ਬਾਜ ਸਿੰਘ ਉੱਪਰ ਹਮਲਾ ਕੀਤਾ। ਬਾਬਾ ਬਾਜ ਸਿੰਘ ਨੇ ਉਸਦਾ ਨੇਜਾ ਖੋਹ ਕੇ ਉਸਦੇ ਘੋੜੇ ਨੂੰ ਜਖਮੀ ਕਰ ਦਿੱਤਾ। ਵਜ਼ੀਰ ਖਾਂ ਨੇ ਭੱਥੇ ਵਿੱਚੋਂ ਤੀਰ ਕੱਢ ਕੇ ਬਾਬਾ ਬਾਜ ਸਿੰਘ ਦੀ ਬਾਹ ਵਿੱਚ ਖੋਭ ਦਿੱਤਾ ਅਤੇ ਫਿਰ ਤਲਵਾਰ ਧੂਹ ਕੇ ਅਗਾਹ ਹੋਇਆ। ਭਾਈ ਫਤਿਹ ਸਿੰਘ ਪਾਸ ਖੜਾ ਸੀ ਉਸਨੇ ਤਲਵਾਰ ਨਾਲ ਵਜ਼ੀਰ ਖਾਂ ਉੱਪਰ ਅਜਿਹਾ ਜ਼ੋਰ ਦਾ ਵਾਰ ਕੀਤਾ ਕਿ ਤਲਵਾਰ ਮੋਢਾ ਚੀਰ ਕੇ ਕਮਰ ਤੇ ਚਲੀ ਗਈ ਅਤੇ ਉਸਦਾ ਸਿਰ ਧਰਤੀ ਤੇ ਡਿੱਗ ਪਿਆ। ਸਾਰੀ ਮੁਸਲਮਾਨ ਸੈਨਾ ਘਾਬਰ ਗਈ। ਖਾਲਸੇ ਦੀ ਜਿੱਤ ਹੋਈ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵੱਲ ਨੂੰ ਕੂਚ ਕੀਤਾ ਤਾਂ ਉਸ ਕੋਲ ਮੁਗਲ ਹਕੂਮਤ ਦੇ ਮੁਕਾਬਲੇ ਬਹੁਤ ਘੱਟ ਸਾਧਨ ਸਨ। ਮੁਗਲ ਹਕੂਮਤ ਦੇ ਕੋਲ ਤੋਪਾਂ ਤੇ ਬੰਦੇ ਦੇ ਕੋਲ ਤੋਪਾਂ ਦੇ ਮੁਕਾਬਲੇ ਵਿੱਚ ਸਿੱਖ ਤੇ ਸਿੱਖਾਂ ਕੋਲ ਤੇਗਾਂ। ਮੁਗਲ ਹਕੂਮਤ ਦੇ ਹਾਥੀਆਂ ਨਾਲ ਜੂਝਣ ਲਈ ਸਿੱਖਾਂ ਕੋਲ ਨੇਜੇ ਸਨ। ਪਰ ਫਿਰ ਵੀ ਮੁਗਲ ਹਕੂਮਤ ਦੇ ਕੀਤੇ ਹੋਏ ਅੱਤਿਆਚਾਰ ਦੇ ਅੱਗੇ ਸਰਹਿੰਦ ਫਤਿਹ ਕਰਨਾ ਸਿੱਖਾਂ ਲਈ ਜ਼ਿੰਦਗੀ ਅਤੇ ਮੌਤ ਦਾ ਸਵਾਲ ਸੀ। ਇਹ ਕਬਜ਼ੇ ਦੀ ਲੜਾਈ ਨਹੀਂ ਸਗੋਂ ਕਿ ਧਰਮ ਯੁੱਧ ਦਾ ਸਿਦਕ ਸੀ। ਸਿੱਖਾਂ ਦੀਆਂ ਤੇਗਾਂ ਨੇ ਮੁਗਲਾਂ ਦੀਆਂ ਤੋਪਾਂ ਦੇ ਮੂੰਹ ਮੋੜ ਦਿੱਤੇ। ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਸਮੇਤ ਅਨੇਕ ਨਿਰਦੋਸ਼ਾਂ ਤੇ ਕੀਤੇ ਅਣਮਨੁੱਖੀ ਤਸ਼ੱਦਦਾਂ ਦੇ ਪਹਾੜ ਜਿੱਡੇ ਪਾਪਾਂ ਦੇ ਬੋਝ ਥੱਲੇ ਦੱਬੀ ਸੂਬੇ ਦੀ ਹੰਕਾਰੀ ਸੈਨਾ ਸਿੱਖਾਂ ਦੇ ਸਿਦਕੀ ਤੁਫਾਨ ‘ਚ ਤੂੜੀ ਵਾਂਗ ਉੱਡ ਗਈ। ਗੋਲੀਆਂ ਦੀ ਆਵਾਜ਼ ਅਤੇ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਵਿੱਚ ਸਿੱਖਾਂ ਨੇ ਸਰਹਿੰਦ ਤੇ ਖਾਲਸਾਈ ਨਿਸ਼ਾਨ ਝੁਲਾ ਦਿੱਤਾ।

ਸਿੱਖਾਂ ਨੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਨੂੰ ਕਤਲ ਕੀਤਾ। ਸੁੱਚਾ ਨੰਦ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤੇ ਹਰ ਉਹ ਇਨਸਾਨ ਜੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਦੀ ਸ਼ਹਾਦਤ ਵਿੱਚ ਸ਼ਾਮਿਲ ਸੀ ਉਸਨੂੰ ਇਸ ਦੁਨੀਆ ਤੋਂ ਰੁਖਸਤ ਕਰ ਦਿੱਤਾ ਗਿਆ। ਪਰ ਬੰਦਾ ਸਿੰਘ ਬਹਾਦਰ ਨੇ ਹਾਂਅ ਦਾ ਨਾਰਾ ਮਾਰਨ ਵਾਲੇ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਂ ਕਰਕੇ ਮਲੇਰਕੋਟਲੇ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਤੇ ਨਾ ਹੀ ਹਮਲਾ ਕੀਤਾ। ਸਰਹਿੰਦ ਜੋ ਕਿ ਉਸ ਸਮੇਂ ਦਾ ਪੰਜਾਬ ਵਿੱਚ ਮੁਗਲਾਂ ਦਾ ਗੜ੍ਹ ਮੰਨਿਆ ਗਿਆ ਸੀ ਹੁਣ ਸਿੱਖਾਂ ਦੇ ਅਧੀਨ ਆ ਚੁੱਕਿਆ ਸੀ। ਵਜ਼ੀਰ ਖਾਂ ਜੋ ਸਿੱਖ ਕੌਮ ਨੂੰ ਖਤਮ ਕਰਨਾ ਚਾਹੁੰਦਾ ਸੀ ਖੁਦ ਆਪ ਮਿਟ ਗਿਆ। ਸਰਹਿੰਦ ਫਤਿਹ ਤੋਂ ਬਾਅਦ ਬਾਬਾ ਬਾਜ ਸਿੰਘ ਨੂੰ ਸਰਹਿੰਦ ਦਾ ਸੂਬਾ ਅਤੇ ਅਲੀ ਸਿੰਘ ਸਲੌਦੀ ਨੂੰ ਉਸ ਦਾ ਨਾਇਬ ਨੀਅਤ ਕੀਤਾ ਗਿਆ। ਭਾਈ ਫਤਿਹ ਸਿੰਘ ਦੇ ਹਵਾਲੇ ਸਮਾਣਾ ਕੀਤਾ ਗਿਆ ਅਤੇ ਥਾਨੇਸਰ ਦਾ ਪ੍ਰਬੰਧ ਬਾਬਾ ਬਾਜ ਸਿੰਘ ਦੇ ਭਰਾ ਰਾਮ ਸਿੰਘ ਅਤੇ ਬਾਬਾ ਬਿਨੋਦ ਸਿੰਘ ਦੇ ਸਪੁਰਦ ਕੀਤਾ ਗਿਆ।

12 ਮਈ 1710 ਨੂੰ ਸਰਹਿੰਦ ਨੂੰ ਫ਼ਤਿਹ ਕਰਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਗੁਰੂ ਪਰਿਵਾਰ ਦੀਆਂ ਸ਼ਹੀਦੀਆਂ ਦਾ ਬਦਲਾ ਪੂਰਾ ਕੀਤਾ। ਸਿੱਖਾਂ ਦੁਆਰਾ ਸਰਹਿੰਦ ਦੀ ਫਤਿਹ ਸਿੱਖ ਇਤਿਹਾਸ ਦਾ ਇੱਕ ਸੁਨਹਿਰੀ ਪੰਨਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਚੱਪੜ ਚਿੜੀ ਨਾਮੀ ਸਥਾਨ ਤੇ ਸਿੱਖਾਂ ਵੱਲੋਂ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਦਾ ਕਾਰਨਾਮਾ ਸਿੱਖ ਮਾਨਸਿਕਤਾ ਅੰਦਰ ਗੌਰਵ ਬਣ ਕੇ ਛਾਇਆ ਹੋਇਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਬਦਲੇ ਦਾ ਨਹੀਂ ਸਗੋਂ ਕੀ ਇਨਸਾਫ਼ ਦੀ ਸਥਾਪਨਾ ਦਾ ਮਿਸ਼ਨ ਦੇ ਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪੰਜਾਬ ਵੱਲ ਤੋਰਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਵਿੱਚ ਹੋ ਰਹੇ ਅੱਤਿਆਚਾਰ ਦੇ ਖੋਫ ਤੋਂ ਜਨਤਾ ਨੂੰ ਮੁਕਤ ਕਰਾਇਆ ਅਤੇ ਸਰਹਿੰਦ ਦੀ ਹਕੂਮਤ ਨੂੰ ਪਲਟ ਕੇ ਸੁਚੱਜਾ ਲੋਕਹਿਤ ਅਤੇ ਕਲਿਆਣਕਾਰੀ ਰਾਜ ਸਥਾਪਿਤ ਕਰਕੇ ਵੱਡੀ ਪ੍ਰਾਪਤੀ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਮੁਸਲਮਾਨਾਂ ਜਾਂ ਹਿੰਦੂਆਂ ਨਾਲ ਨਫ਼ਰਤ ਨਹੀਂ ਸੀ ਕਰਦਾ। ਉਸ ਦੀ ਕਠੋਰਤਾ ਸਿਰਫ ਜੁਲਮ ਦੇ ਖਿਲਾਫ ਸੀ ਇਸੇ ਕਾਰਨ ਕਰਕੇ ਜਦੋਂ ਬੰਦਾ ਸਿੰਘ ਬਹਾਦਰ ਨੇ ਦੱਖਣ ਤੋਂ ਪੰਜਾ ਵੱਲ ਨੂੰ ਹਮਲਾ ਕੀਤਾ ਤਾਂ ਉਸਨੂੰ ਹਿੰਦੂਆਂ ਦਾ ਹੀ ਨਹੀਂ ਸਗੋਂ ਕਿ ਅਮਨ ਪਸੰਦ ਮੁਸਲਮਾਨਾਂ ਦਾ ਸਮਰਥਨ ਵੀ ਮਿਲਿਆ ਬੰਦਾ ਸਿੰਘ ਬਹਾਦਰ ਗੁਰੂ ਦਾ ਸਿੱਖ ਮਜ਼ਲੂਮਾਂ ਦਾ ਰਾਖਾ ਅਤੇ ਜਾਬਰਾਂ ਲਈ ਤਬਾਹੀ ਸੀ।

ਸਰਹਿੰਦ ਫਤਿਹ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਵਿੱਚ ਸਿੱਖ ਰਾਜ ਸਥਾਪਿਤ ਕੀਤਾ। ਬੰਦਾ ਸਿੰਘ ਬਹਾਦਰ ਦਾ ਸਭ ਤੋਂ ਵੱਡਾ ਕੰਮ ਜ਼ਿਮੀਂਦਾਰਾਂ ਪ੍ਰਬੰਧ ਨੂੰ ਖਤਮ ਕਰਨਾ ਸੀ। ਉਸ ਨੇ ਕਿਸਾਨਾਂ ਨੂੰ ਉਨਾਂ ਦੀਆਂ ਜ਼ਮੀਨਾਂ ਸੰਭਾਲ ਦਿੱਤੀਆਂ ਤੇ ਜ਼ਿਮੀਂਦਾਰਾਂ ਦੀ ਉਹਨਾਂ ਜ਼ਮੀਨਾਂ ਤੇ ਮਾਲਕੀ ਖਤਮ ਕੀਤੀ। ਉਸ ਨੇ ਜਾਤੀ ਭੇਦਭਾਵ ਦਾ ਸ਼ਿਕਾਰ ਬਣੇ ਛੋਟੀਆਂ ਜਾਤਾਂ ਦੇ ਸਿੱਖਾਂ ਨੂੰ ਸੈਨਾ ‘ਚ ਉੱਚ ਅਹੁਦੇ ਦੇ ਕੇ ਉਹਨਾਂ ਦਾ ਮਾਣ ਵਧਾਇਆ। ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੇ ਸਿੱਕੇ ਜਾਰੀ ਕੀਤੇ। ਸਰਹਿੰਦ ਦੀ ਜਿੱਤ ਤੋਂ ਬਾਅਦ ਉਸ ਨੂੰ ਇਸ ਸਥਾਨ ਤੋਂ 50 ਲੱਖ ਰੁਪਏ ਦਾ ਸਲਾਨਾ ਮਾਲੀਆ ਪ੍ਰਾਪਤ ਹੋਣ ਲੱਗਾ। ਬਾਬਾ ਬੰਦਾ ਸਿੰਘ ਬਹਾਦਰ ਨੇ ਜਮਨਾ-ਗੰਗਾ, ਦੁਆਬ ‘ਚ ਸਹਾਰਨਪੁਰ ਤੇ ਜਲਾਲਾਬਾਦ, ਜਲੰਧਰ ਦੁਆਬ, ਅੰਮ੍ਰਿਤਸਰ ਬਟਾਲਾ, ਕਲਾਨੌਰ, ਪਠਾਨਕੋਟ ਸਮੇਤ ਅਨੇਕਾਂ ਇਲਾਕਿਆਂ ਚ ਖਾਲਸੇ ਦੇ ਨਿਸ਼ਾਨ ਝੁਲਾ ਦਿੱਤੇ। ਬਾਬਾ ਬੰਦਾ ਸਿੰਘ ਬਹਾਦਰ ਕੋਲ ਸਿੱਖ ਕੌਮ ਲਈ ਸੁਧਾਰ ਕਰਨ ਲਈ ਬਹੁਤਾ ਸਮਾਂ ਨਹੀਂ ਸੀ, ਕਿਉਂਕਿ ਮੁਗਲ ਹਕੂਮਤ ਉਹਨਾਂ ਦੇ ਪਿੱਛੇ ਹੱਥ ਧੋ ਕੇ ਪਈ ਹੋਈ ਸੀ। ਗੁਰਦਾਸਪੁਰ ਨੰਗਲ ਦੀ ਲੜਾਈ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਮੁਗਲ ਹਕੂਮਤ ਦੇ ਕੋਲ ਆਪਣੇ 700 ਸਿੰਘਾਂ ਦੇ ਨਾਲ ਫੜਿਆ ਗਿਆ ਤੇ ਉਸ ਨੂੰ ਉਸਦੇ ਸਾਥੀਆਂ ਦੇ ਨਾਲ ਦਿੱਲੀ ਲਿਜਾਇਆ ਗਿਆ। ਆਖਰ ਮੁਗਲ ਹਕੂਮਤ ਨੇ ਦਿੱਲੀ ਵਿਖੇ ਪਹਿਲਾਂ ਬੰਦਾ ਸਿੰਘ ਬਹਾਦਰ ਦੇ ਪੁੱਤਰ ਬਾਬਾ ਅਜੇ ਸਿੰਘ ਨੂੰ ਤੇ ਫਿਰ ਕਈ ਸਿੰਘਾਂ ਨੂੰ ਸ਼ਹੀਦ ਕੀਤਾ, ਪਰ ਬੰਦਾ ਸਿੰਘ ਬਹਾਦਰ ਅਡੋਲ ਰਹੇ। ਆਖਰ ਜੂਨ 1716 ਨੂੰ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ।



Leave a Comment