poetic style

ਪੰਜਾਬੀ ਸਾਹਿਤ ਦਾ ਕੋਹਿਨੂਰ – ਬਿਰਹਾ ਦਾ ਸੁਲਤਾਨ; ਸ਼ਿਵ ਕੁਮਾਰ ਬਟਾਲਵੀ

ਆਧੁਨਿਕ ਪੰਜਾਬੀ ਕਾਵਿ-ਧਾਰਾ ਵਿੱਚ ਸ਼ਿਵ ਕੁਮਾਰ ਬਟਾਲਵੀ ਇੱਕ ਅਜਿਹਾ ਨਾਮ ਹੈ, ਜਿਸ ਨੇ ਆਪਣੀ ਵਿਲੱਖਣ ਸ਼ਬਦਾਵਲੀ ਅਤੇ ਜਜ਼ਬਾਤੀ ਸੁਰ ਨਾਲ ਪੰਜਾਬੀ ਸ਼ਾਇਰੀ ਨੂੰ ਇੱਕ ਨਵਾਂ ਮੋੜ ਦਿੱਤਾ। ਉਹ ਆਪਣੇ ਸਮਕਾਲੀ ਕਵੀਆਂ ਨਾਲੋਂ ਬਿਲਕੁਲ ਵਿਲੱਖਣ ਹੋ ਕੇ ਵਿਚਰਨ ਵਾਲਾ ਸ਼ਾਇਰ ਸੀ। ਉਸ ਦੀ ਸ਼ਾਇਰੀ ਵਿੱਚ ਕੇਵਲ ਸ਼ਬਦ ਨਹੀਂ, ਸਗੋਂ ਵਿਛੋੜਾ, ਮੁਹੱਬਤ ਦਾ ਅਸਹਿ ਦਰਦ ਅਤੇ ਜਜ਼ਬਾਤ ਦਾ ਇੱਕ ਅਜਿਹਾ ਸਮੁੰਦਰ ਡੁੱਲ੍ਹਦਾ ਦਿਖਾਈ ਦਿੰਦਾ ਹੈ, ਜੋ ਪਾਠਕ ਦੀ ਰੂਹ ਤੱਕ ਲਹਿ ਜਾਂਦਾ ਹੈ।

ਉਸ ਦੀ ਕਾਵਿ-ਸ਼ੈਲੀ ਅਤੇ ਗਹਿਰੀ ਸੰਵੇਦਨਸ਼ੀਲਤਾ ਕਾਰਨ ਉਨ੍ਹਾਂ ਦੀ ਅੰਗਰੇਜ਼ੀ ਦੇ ਪ੍ਰਸਿੱਧ ਰੋਮਾਂਟਿਕ ਕਵੀਆਂ ਪੀ.ਬੀ. ਸ਼ੈਲੇ ਅਤੇ ਜਾਨ ਕੀਟਸ ਨਾਲ ਤੁਲਨਾ ਕੀਤੀ ਜਾਂਦੀ ਹੈ । ਪੰਜਾਬੀ ਸਾਹਿਤ ਜਗਤ ਵਿੱਚ ਉਹ ‘ਬਿਰਹਾ ਦਾ ਸੁਲਤਾਨ’, ‘ਬਿਰਹਾ ਦਾ ਕਵੀ’ ਅਤੇ ‘ਜੋਬਨ ਰੁੱਤੇ ਮਰਨ ਵਾਲਾ ਤਾਰਾ’ ਵਰਗੇ ਲਕਬਾਂ ਨਾਲ ਯਾਦ ਕੀਤਾ ਜਾਂਦਾ ਹੈ।

ਸ਼ਿਵ ਕੁਮਾਰ ਦਾ ਜਨਮ 23 ਜੁਲਾਈ 1936 ਨੂੰ ਸਿਆਲਕੋਟ ਜ਼ਿਲ੍ਹੇ (ਹੁਣ ਪਾਕਿਸਤਾਨ) ਦੀ ਸ਼ਕੜਗੜ੍ਹ ਤਹਿਸੀਲ ਦੇ ਪਿੰਡ ਲੋਹਤੀਆਂ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਪੰਡਿਤ ਕਿਸ਼ਨ ਗੋਪਾਲ ਇੱਕ ਪਟਵਾਰੀ ਸਨ ਅਤੇ ਮਾਤਾ ਸ਼ਾਂਤੀ ਦੇਵੀ ਇੱਕ ਗ੍ਰਹਿਣੀ ਸਨ। ਸੰਨ 1947 ਦੀ ਦੇਸ਼ ਵੰਡ ਨੇ ਜਿਥੇ ਲੱਖਾਂ ਲੋਕਾਂ ਦੇ ਘਰ ਉਜਾੜੇ, ਉਥੇ ਸ਼ਿਵ ਦਾ ਪਰਿਵਾਰ ਵੀ ਆਪਣੀਆਂ ਜੜ੍ਹਾਂ ਤੋਂ ਉਖੜ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਸ਼ਹਿਰ ਵਿੱਚ ਆ ਵਸਿਆ। ਬਟਾਲਾ ਵਿੱਚ ਆ ਕੇ ਉਨ੍ਹਾਂ ਦੇ ਪਿਤਾ ਜੀ ਨੇ ਮੁੜ ਪਟਵਾਰੀ ਵਜੋਂ ਕੰਮ ਸੰਭਾਲਿਆ ਅਤੇ ਪਰਿਵਾਰ ਦਾ ਗੁਜ਼ਾਰਾ ਚਲਾਇਆ।

ਗੀਤ-ਗ਼ਜ਼ਲਾਂ ਨਾਲ ਪਿਆਰ… ਪਰ ਸਰਕਾਰੀ ਨੌਕਰੀ ਤੋਂ ਅਸਤੀਫ਼ਾ

Punjabi Literature
Pic Credit : Simran Kitab Ghar

ਸ਼ਿਵ ਦੀ ਮੁਢਲੀ ਸਿੱਖਿਆ ਬਟਾਲਾ ਵਿੱਚ ਹੀ ਹੋਈ। 1953 ਵਿੱਚ ਉਨ੍ਹਾਂ ਨੇ ਸ਼ਾਲਵੇਸ਼ਨ ਹਾਈ ਸਕੂਲ ਬਟਾਲਾ ਤੋਂ ਦਸਵੀਂ ਪਾਸ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਵਿੱਚ ਐੱਫ.ਐੱਸ.ਸੀ. ਵਿੱਚ ਦਾਖ਼ਲਾ ਲਿਆ। ਉਨ੍ਹਾਂ ਦੀ ਪੜ੍ਹਾਈ ਦਾ ਸਫ਼ਰ ਕਾਫ਼ੀ ਉਤਰਾਅ-ਚੜ੍ਹਾਅ ਵਾਲਾ ਰਿਹਾ; ਉਨ੍ਹਾਂ ਨੇ ਐੱਸ.ਐੱਨ. ਕਾਲਜ ਕਾਦੀਆਂ ਵਿੱਚ ਦਾਖ਼ਲਾ ਲਿਆ, ਪਰ ਪੜ੍ਹਾਈ ਵਿਚਕਾਰ ਹੀ ਛੱਡ ਦਿੱਤੀ। ਇਸ ਤੋਂ ਬਾਅਦ ਉਹ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਕਰਨ ਲਈ ਹਿਮਾਚਲ ਚਲੇ ਗਏ ਅਤੇ ਬਾਅਦ ਵਿੱਚ ਨਾਭਾ ਦੇ ਸਰਕਾਰੀ ਰਿਪੂਦਮਨ ਕਾਲਜ ਵਿੱਚ ਵੀ ਪੜ੍ਹਾਈ ਕੀਤੀ। ਇਹ ਉਨ੍ਹਾਂ ਦੇ ਵਿਦਿਆਰਥੀ ਜੀਵਨ ਦਾ ਹੀ ਸਮਾਂ ਸੀ, ਜਦੋਂ ਉਨ੍ਹਾਂ ਨੇ ਗੀਤ ਅਤੇ ਗ਼ਜ਼ਲਾਂ ਲਿਖਣੀਆਂ ਤੇ ਗਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ।

Shiv Kumar Batalvis poetry
Pic Credit : Flickr

ਆਪਣੇ ਪਿਤਾ ਦੀ ਇੱਛਾ ਅਨੁਸਾਰ, ਸ਼ਿਵ ਨੇ ਪਟਵਾਰੀ ਦੀ ਨੌਕਰੀ ਵੀ ਸ਼ੁਰੂ ਕੀਤੀ, ਪਰ ਇੱਕ ਅਜ਼ਾਦ ਖਿਆਲ ਸ਼ਾਇਰ ਦਾ ਮਨ ਸਰਕਾਰੀ ਫ਼ਾਈਲਾਂ ਵਿੱਚ ਨਾ ਟਿਕ ਸਕਿਆ ਅਤੇ 1961 ਵਿੱਚ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ। ਇਸ ਤੋਂ ਬਾਅਦ ਉਹ 1966 ਤੱਕ ਲਗਭਗ ਬੇਰੁਜ਼ਗਾਰ ਰਹੇ। 1961 ਵਿੱਚ ਉਨ੍ਹਾਂ ਦਾ ਵਿਆਹ ਗੁਰਦਾਸਪੁਰ ਜ਼ਿਲ੍ਹੇ ਦੀ ਲੜਕੀ ਅਰੁਣਾ ਨਾਲ ਹੋਇਆ। ਉਨ੍ਹਾਂ ਦੇ ਘਰ ਦੋ ਬੱਚਿਆਂ ਪੁੱਤਰ ਮਿਹਰਬਾਨ ਅਤੇ ਧੀ ਪੂਜਾ ਨੇ ਜਨਮ ਲਿਆ। ਸ਼ਿਵ ਨੇ ਸਟੇਟ ਬੈਂਕ ਆਫ਼ ਇੰਡੀਆ, ਬਟਾਲਾ ਵਿੱਚ ਕਲਰਕ ਦੀ ਨੌਕਰੀ ਵੀ ਕੀਤੀ, ਪਰ ਅੰਤ ਇਹ ਨੌਕਰੀ ਵੀ ਛੱਡ ਦਿੱਤੀ।

ਸਾਹਿਤਕ ਰਚਨਾਵਾਂ…

Kohinoor of Punjabi Literature
Pic Credit : Khari Kitab

ਸ਼ਿਵ ਕੁਮਾਰ ਬਟਾਲਵੀ ਦੀ ਕਲਮ ਵਿੱਚੋਂ ਨਿਕਲਿਆ ਹਰ ਸ਼ਬਦ ਪੰਜਾਬੀ ਸਾਹਿਤ ਦਾ ਸਰਮਾਇਆ ਬਣ ਗਿਆ। ਉਨ੍ਹਾਂ ਦੀਆਂ ਪ੍ਰਸਿੱਧ ਰਚਨਾਵਾਂ….

‘ਪੀੜਾਂ ਦਾ ਪਰਾਗਾ’, ਇਹ ਉਨ੍ਹਾਂ ਦਾ ਪਹਿਲਾ ਕਾਵਿ ਸੰਗ੍ਰਹਿ ਸੀ, ਜਿਸ ਵਿੱਚ ਉਨ੍ਹਾਂ ਨੇ ਔਰਤ ਦੇ ਮਨ ਦੀਆਂ ਸੱਧਰਾਂ, ਦੁੱਖ-ਦਰਦ ਅਤੇ ਨਿਰਾਸ਼ਾ ਨੂੰ ਬਹੁਤ ਖ਼ੂਬਸੂਰਤੀ ਨਾਲ ਪੇਸ਼ ਕੀਤਾ। ‘ਲਾਜਵੰਤੀ’, ਇਸ ਪੁਸਤਕ ਵਿੱਚ ਨਿਜੀ ਪੀੜ ਦੇ ਨਾਲ-ਨਾਲ ਸਮਾਜਿਕ ਦੁਖਾਂਤ ਦੀ ਪੇਸ਼ਕਾਰੀ ਹੋਈ। ‘ਆਟੇ ਦੀਆਂ ਚਿੜੀਆਂ’ ਇਸ ਵਿੱਚ ਮੁਹੱਬਤ, ਪੀੜਾਂ ਅਤੇ ਹੁਸਨ ਦੇ ਵੱਖ-ਵੱਖ ਰੰਗਾਂ ਨੂੰ ਚਿਤਰਿਆ ਗਿਆ ਹੈ। ‘ਮੈਨੂੰ ਵਿਦਾ ਕਰੋ’ ਵਿੱਚ ਨਜ਼ਮਾਂ, ਗੀਤ ਅਤੇ ਗ਼ਜ਼ਲਾਂ ਦਾ ਸੁਮੇਲ ਹੈ।

‘ਲੂਣਾ’ ਇਹ ਸ਼ਿਵ ਦੀ ਸ਼ਾਹਕਾਰ ਰਚਨਾ (ਕਾਵਿ-ਨਾਟ) ਹੈ। ਇਸ ਵਿੱਚ ਉਨ੍ਹਾਂ ਨੇ ਲੂਣਾ ਦੇ ਪਾਤਰ ਰਾਹੀਂ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ ਦਿੱਤਾ ਅਤੇ ਉਸ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਇਸ ਰਚਨਾ ਲਈ ਉਨ੍ਹਾਂ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ‘ਮੈਂ ਤੇ ਮੈਂ ਅਤੇ ਆਰਤੀ’ ਇਹ ਰਚਨਾਵਾਂ ਆਧੁਨਿਕ ਮਨੁੱਖ ਦੀ ਇਕੱਲਤਾ ਅਤੇ ਸਮਕਾਲੀ ਸੱਚ ਨੂੰ ਪੇਸ਼ ਕਰਦੀਆਂ ਹਨ।

“ਸ਼ਿਵ ਬਿਰਹਾ ਦਾ ਕਵੀ ਹੈ। ਫ਼ਰੀਦ ਨੇ ਜਿਸ ਬਿਰਹਾ ਨੂੰ ਸੁਲਤਾਨ ਕਿਹਾ ਸੀ, ਸ਼ਿਵ ਦੀ ਸਾਰੀ ਕਵਿਤਾ ਉਸ ਦੀ ਸਲਤਨਤ ਹੈ”। ਉਹ ਸਿਰਫ ਕਵਿਤਾ ਲਿਖਦਾ ਨਹੀਂ ਸੀ, ਸਗੋਂ ਇਸ਼ਕ ਦੇ ਜ਼ਖ਼ਮਾਂ ਨੂੰ ਆਪਣੇ ਗੀਤਾਂ ਰਾਹੀਂ ਹੰਢਾਉਂਦਾ ਸੀ। ਉਸ ਦੀ ਕਵਿਤਾ ‘ਅਸਾਂ ਤਾਂ ਜੋਬਨ ਰੁੱਤੇ ਮਰਨਾ’ ਉਸ ਦੇ ਅੰਦਰਲੇ ਅਸਹਿ ਦਰਦ ਅਤੇ ਜਵਾਨੀ ਵਿੱਚ ਹੀ ਮੌਤ ਨੂੰ ਗਲੇ ਲਗਾਉਣ ਦੀ ਇੱਛਾ ਨੂੰ ਬਿਆਨ ਕਰਦੀ ਹੈ।

ਭਾਰਤ-ਚੀਨ ਯੁੱਧ ਸਮੇਂ ਸ਼ਿਵ ਦੀ ਸੰਵੇਦਨਸ਼ੀਲਤਾ ਅਮਨ-ਸ਼ਾਂਤੀ ਦੀ ਪੁਕਾਰ ਬਣ ਕੇ ਉੱਭਰੀ

Shiv Kumar Batalvi
Pic Credit : Sufinama

ਸ਼ਿਵ ਦੀ ਸ਼ਾਇਰੀ ਕੇਵਲ ਨਿਜੀ ਦਰਦ ਤੱਕ ਸੀਮਤ ਨਹੀਂ ਸੀ। 1962 ਦੇ ਭਾਰਤ-ਚੀਨ ਯੁੱਧ ਸਮੇਂ ਉਨ੍ਹਾਂ ਦੀ ਸੰਵੇਦਨਸ਼ੀਲਤਾ ਅਮਨ-ਸ਼ਾਂਤੀ ਦੀ ਪੁਕਾਰ ਬਣ ਕੇ ਉੱਭਰੀ। ਉਨ੍ਹਾਂ ਨੇ ਲੇਖਕਾਂ ਅਤੇ ਕਲਾਕਾਰਾਂ ਨੂੰ ਅਮਨ ਦੀ ਰੱਖਿਆ ਲਈ ਅੱਗੇ ਆਉਣ ਦਾ ਹੋਕਾ ਦਿੱਤਾ। ਇਸ ਤੋਂ ਇਲਾਵਾ, ਕੁਦਰਤ ਨਾਲ ਉਨ੍ਹਾਂ ਦਾ ਗੂੜ੍ਹਾ ਸਬੰਧ ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਰੁੱਖਾਂ ਨੂੰ ਮਨੁੱਖੀ ਰਿਸ਼ਤਿਆਂ (ਮਾਂ, ਪੁੱਤ, ਧੀ, ਭਰਾ) ਵਜੋਂ ਚਿਤਰਨ ਤੋਂ ਸਪੱਸ਼ਟ ਹੁੰਦਾ ਹੈ।

Punjabi poet
Pic Credit : Social Media

‘ਬਿਰਹਾ’ ਦੇ ਦਰਦ ਨੂੰ ਅੰਤ ਤੱਕ ਹੰਢਾਉਂਦਾ ਹੋਇਆ, ਇਹ ਮਹਾਨ ਸ਼ਾਇਰ 6 ਮਈ 1973 ਨੂੰ ਇੱਕ ਜਾਨਲੇਵਾ ਬਿਮਾਰੀ ਕਾਰਨ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਿਆ। ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਉਨ੍ਹਾਂ ਦੀਆਂ ਕਈ ਰਚਨਾਵਾਂ ਸੰਪਾਦਿਤ ਹੋ ਕੇ ਛਪੀਆਂ, ਜਿਨ੍ਹਾਂ ਵਿੱਚ ‘ਅਲਵਿਦਾ’, ‘ਅਸਾਂ ਤਾਂ ਜੋਬਨ ਰੁੱਤੇ ਮਰਨਾ’ ਅਤੇ ‘ਸਾਗਰ ਤੇ ਕਣੀਆਂ’ ਪ੍ਰਮੁੱਖ ਹਨ।

ਸਮੁੱਚੇ ਰੂਪ ਵਿੱਚ, ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਗਮ, ਦਰਦ ਅਤੇ ਬਿਰਹਾ ਦੇ ਨਾਲ-ਨਾਲ ਸਮਾਜਿਕ ਕੁਰੀਤੀਆਂ, ਦੇਸ਼ ਭਗਤੀ ਅਤੇ ਕਿਸਾਨੀ ਹੱਕਾਂ ਦੀ ਗੱਲ ਵੀ ਕਰਦੀ ਹੈ। ਉਹ ਪੰਜਾਬੀ ਸਾਹਿਤ ਦਾ ਉਹ ਕੋਹਿਨੂਰ ਹੀਰਾ ਹੈ, ਜਿਸ ਦੀ ਚਮਕ ਸਮੇਂ ਦੇ ਬੀਤਣ ਨਾਲ ਹੋਰ ਵੀ ਵੱਧਦੀ ਜਾ ਰਹੀ ਹੈ। ਉਨ੍ਹਾਂ ਦੀ ਸ਼ਾਇਰੀ ਅੱਜ ਵੀ ਹਰ ਉਮਰ ਦੇ ਪਾਠਕਾਂ ਦੇ ਦਿਲਾਂ ਵਿੱਚ ਧੜਕਦੀ ਹੈ।

Gurpreet Singh

Gurpreet has worked as a journalist and news editor in various newspapers and news websites for the last 14 years and is still doing so. Apart from this, he has been writing articles on issues like "Punjab's water, land, pollution, besides farmers-laborers and education" in reputed newspapers for the last 6/7 years.

Post navigation

Leave a Comment

Leave a Reply

Your email address will not be published. Required fields are marked *