ਜਦੋਂ ਵੀ ਭਾਰਤੀ ਮੁੱਕੇਬਾਜ਼ੀ ਦਾ ਇਤਿਹਾਸ ਲਿਖਿਆ ਜਾਵੇਗਾ, ਪੰਜਾਬ ਦੇ ਮਾਲਵਾ ਖੇਤਰ ਦੇ ਸੰਗਰੂਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ‘ਖਨਾਲ ਖੁਰਦ’ ਦੇ ਇੱਕ ਕਿਸਾਨ ਪੁੱਤਰ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਚਮਕੇਗਾ। ਇਹ ਨਾਮ ਹੈ ਕੌਰ ਸਿੰਘ। ਇੱਕ ਅਜਿਹਾ ਅਜਿੱਤ ਯੋਧਾ, ਜਿਸ ਨੇ ਨਾ ਸਿਰਫ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਦੇ ਦੰਦ ਖੱਟੇ ਕੀਤੇ, ਸਗੋਂ ਖੇਡ ਦੇ ਰਿੰਗ ਵਿੱਚ ਦੁਨੀਆ ਦੇ ਸਭ ਤੋਂ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਮੁਕਾਬਲਾ ਵੀ ਕੀਤਾ। ਕੌਰ ਸਿੰਘ ਦੀ ਜੀਵਨ ਯਾਤਰਾ ਖੇਤਾਂ ਦੀ ਮਿੱਟੀ ਤੋਂ ਸ਼ੁਰੂ ਹੋ ਕੇ ਓਲੰਪਿਕ ਦੇ ਅਖਾੜਿਆਂ ਤੱਕ ਪਹੁੰਚੀ, ਜੋ ਅੱਜ ਵੀ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਹੈ।
ਖੇਤਾਂ ਦੀ ਮਿੱਟੀ ਤੋਂ ਫੌਜ ਦੀ ਵਰਦੀ ਅਤੇ ਅੰਤਰਰਾਸ਼ਟਰੀ ਮੁੱਕੇਬਾਜ਼ੀ ਤੱਕ ਦਾ ਸਫ਼ਰ

ਕੌਰ ਸਿੰਘ ਦਾ ਜਨਮ 1948/49 ਦੇ ਕਰੀਬ ਇੱਕ ਸਧਾਰਨ ਜੱਟ ਸਿੱਖ ਪਰਿਵਾਰ ਵਿੱਚ ਹੋਇਆ। ਘਰ ਦੀ ਆਰਥਿਕ ਹਾਲਤ ਪਤਲੀ ਸੀ ਅਤੇ ਪਰਿਵਾਰ ਖੇਤੀਬਾੜੀ ‘ਤੇ ਨਿਰਭਰ ਸੀ। ਦੇਸ਼ ਸੇਵਾ ਦਾ ਜਜ਼ਬਾ ਉਨ੍ਹਾਂ ਦੇ ਖ਼ੂਨ ਵਿੱਚ ਸੀ, ਜਿਸ ਸਦਕਾ ਉਹ 1973 ਵਿੱਚ 23-24 ਸਾਲ ਦੀ ਉਮਰ ਵਿੱਚ ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਵਿੱਚ ਬਤੌਰ ਹੌਲਦਾਰ ਭਰਤੀ ਹੋ ਗਏ। ਇਹ ਉਹ ਸਮਾਂ ਸੀ ਜਦੋਂ ਭਾਰਤ-ਪਾਕਿਸਤਾਨ ਦਰਮਿਆਨ ਤਣਾਅ ਸਿਖਰਾਂ ‘ਤੇ ਸੀ। ਕੌਰ ਸਿੰਘ ਨੇ ਜੰਗ ਦੇ ਮੈਦਾਨ ਵਿੱਚ ਅਦੁੱਤੀ ਬਹਾਦਰੀ ਦਿਖਾਈ, ਜਿਸ ਲਈ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ‘ਸੈਨਾ ਮੈਡਲ’ ਨਾਲ ਨਿਵਾਜਿਆ ਗਿਆ। ਬਾਅਦ ਵਿੱਚ 1988 ਵਿੱਚ ਉਨ੍ਹਾਂ ਨੂੰ ‘ਵਿਸਿਸ਼ਟ ਸੇਵਾ ਮੈਡਲ’ (VSM) ਨਾਲ ਵੀ ਸਨਮਾਨਿਤ ਕੀਤਾ ਗਿਆ।

ਹੈਰਾਨੀ ਦੀ ਗੱਲ ਇਹ ਹੈ ਕਿ, ਜਿਸ ਖਿਡਾਰੀ ਨੇ ਏਸ਼ੀਆਈ ਮੁੱਕੇਬਾਜ਼ੀ ‘ਤੇ ਰਾਜ ਕੀਤਾ, ਉਸ ਨੇ ਮੁੱਕੇਬਾਜ਼ੀ ਦੇ ਦਸਤਾਨੇ ਪਹਿਲੀ ਵਾਰ 1977 ਵਿੱਚ 29 ਸਾਲ ਦੀ ਉਮਰ ਵਿੱਚ ਪਹਿਨੇ ਸਨ। ਆਮ ਤੌਰ ‘ਤੇ ਇਸ ਉਮਰ ਵਿੱਚ ਖਿਡਾਰੀ ਸੰਨਿਆਸ ਬਾਰੇ ਸੋਚਦੇ ਹਨ, ਪਰ ਕੌਰ ਸਿੰਘ ਨੇ ਇਥੋਂ ਇੱਕ ਨਵੀਂ ਸ਼ੁਰੂਆਤ ਕੀਤੀ। 1979 ਵਿੱਚ ਉਨ੍ਹਾਂ ਨੇ ਪਹਿਲੀ ਵਾਰ ਸੀਨੀਅਰ ਨੈਸ਼ਨਲ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਿਆ ਅਤੇ 1983 ਤੱਕ ਲਗਾਤਾਰ ਪੰਜ ਸਾਲ ਦੇਸ਼ ਦੇ ਨੰਬਰ-1 ਹੈਵੀਵੇਟ ਮੁੱਕੇਬਾਜ਼ ਬਣੇ ਰਹੇ।
ਉਨ੍ਹਾਂ ਦਾ ਅੰਤਰਰਾਸ਼ਟਰੀ ਸਫ਼ਰ ਵੀ ਇੰਨਾ ਹੀ ਸ਼ਾਨਦਾਰ ਰਿਹਾ। 1980 ਵਿੱਚ ਮੁੰਬਈ ਵਿਖੇ ਹੋਈ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਨੇ ਗੋਲਡ ਮੈਡਲ ਜਿੱਤਿਆ। 1982 ਦੀਆਂ ਦਿੱਲੀ ਏਸ਼ੀਆਈ ਖੇਡਾਂ ਉਨ੍ਹਾਂ ਦੇ ਕਰੀਅਰ ਦਾ ਸਿਖਰ ਸਨ, ਜਿਥੇ ਉਨ੍ਹਾਂ ਨੇ ਹੈਵੀਵੇਟ ਸ਼੍ਰੇਣੀ ਵਿੱਚ ਸੋਨ ਤਗ਼ਮਾ ਜਿੱਤ ਕੇ ਪੂਰੇ ਦੇਸ਼ ਦਾ ਸਿਰ ਉੱਚਾ ਕੀਤਾ।
ਦਿੱਲੀ ਵਿੱਚ ‘ਮੁਹੰਮਦ ਅਲੀ’ ਵਿਰੁੱਧ ਇਤਿਹਾਸਕ ਲੜਾਈ ਉਹ ਦਿਨ…!

27 ਜਨਵਰੀ 1980 ਦਾ ਉਹ ਦਿਨ ਭਾਰਤੀ ਖੇਡ ਇਤਿਹਾਸ ਵਿੱਚ ਹਮੇਸ਼ਾ ਲਈ ਦਰਜ ਹੋ ਗਿਆ। ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿੱਚ ਲਗਭਗ 50,000 ਦਰਸ਼ਕਾਂ ਦੇ ਸਾਹਮਣੇ ਕੌਰ ਸਿੰਘ ਦਾ ਮੁਕਾਬਲਾ ਦੁਨੀਆ ਦੇ ਮਹਾਨਤਮ ਮੁੱਕੇਬਾਜ਼ ਮੁਹੰਮਦ ਅਲੀ ਨਾਲ ਹੋਇਆ। ਭਾਵੇਂ ਇਹ ਚਾਰ ਰਾਊਂਡਾਂ ਦਾ ਇੱਕ ਪ੍ਰਦਰਸ਼ਨੀ ਮੈਚ ਸੀ, ਪਰ ਅਲੀ ਵਰਗੇ ਮਹਾਨ ਖਿਡਾਰੀ ਦਾ ਸਾਹਮਣਾ ਕਰਨਾ ਕੋਈ ਮਾਮੂਲੀ ਗੱਲ ਨਹੀਂ ਸੀ।
ਕੌਰ ਸਿੰਘ ਅਕਸਰ ਉਸ ਮੈਚ ਨੂੰ ਯਾਦ ਕਰਦਿਆਂ ਕਹਿੰਦੇ ਸਨ, “ਅਲੀ ਦੇ ਪੰਚਾਂ ਵਿੱਚ ਬਹੁਤ ਸ਼ਕਤੀ ਸੀ। ਉਨ੍ਹਾਂ ਦਾ ਮਸ਼ਹੂਰ ‘ਜੱਬ’ ਅੱਜ ਵੀ ਮੈਨੂੰ (ਕੌਰ ਸਿੰਘ) ਸਾਫ਼ ਯਾਦ ਹੈ। ਉਨ੍ਹਾਂ ਦੀ ਗਤੀ ਅਦਭੁਤ ਸੀ ਅਤੇ ਰਿੰਗ ਵਿੱਚ ਉਨ੍ਹਾਂ ਦੀ ਹਰਕਤ ਮੈਨੂੰ (ਕੌਰ ਸਿੰਘ) ਆਪਣੀ ਪਹੁੰਚ ਤੋਂ ਦੂਰ ਰੱਖਦੀ ਸੀ।” ਮੈਚ ਤੋਂ ਬਾਅਦ ਖ਼ੁਦ ਮੁਹੰਮਦ ਅਲੀ ਨੇ ਕੌਰ ਸਿੰਘ ਦੀ ਪਿੱਠ ਥਾਪੜੀ ਅਤੇ ਉਨ੍ਹਾਂ ਨੂੰ ਇੱਕ ‘ਸਖ਼ਤ ਜਾਨ ਅਤੇ ਬਹਾਦਰ’ ਮੁੱਕੇਬਾਜ਼ ਕਰਾਰ ਦਿੱਤਾ। ਕੌਰ ਸਿੰਘ ਹਮੇਸ਼ਾ ਮਾਣ ਨਾਲ ਕਹਿੰਦੇ ਸਨ ਕਿ ਦੁਨੀਆ ਉਨ੍ਹਾਂ ਨੂੰ ਅਲੀ ਨਾਲ ਹੋਏ ਉਸ ਮੈਚ ਕਰਕੇ ਅੱਜ ਵੀ ਯਾਦ ਕਰਦੀ ਹੈ।
ਕੌਰ ਸਿੰਘ ਨੇ ਲਾਸ ਏਂਜਲਸ ਓਲੰਪਿਕ ‘ਚ ਕੀਤੀ ਭਾਰਤ ਦੀ ਨੁਮਾਇੰਦਗੀ

1984 ਵਿੱਚ ਕੌਰ ਸਿੰਘ ਨੇ ਲਾਸ ਏਂਜਲਸ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ ਸ਼ੁਰੂਆਤੀ ਦੋ ਮੁਕਾਬਲੇ ਜਿੱਤੇ, ਪਰ ਤੀਜੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਉਨ੍ਹਾਂ ਨੇ ਮੁੱਕੇਬਾਜ਼ੀ ਤੋਂ ਸੰਨਿਆਸ ਲੈ ਲਿਆ। ਦੇਸ਼ ਲਈ ਦਿੱਤੇ ਯੋਗਦਾਨ ਬਦਲੇ ਉਨ੍ਹਾਂ ਨੂੰ 1982 ਵਿੱਚ ‘ਅਰਜੁਨ ਐਵਾਰਡ’ ਅਤੇ 1983 ਵਿੱਚ ਦੇਸ਼ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ ‘ਪਦਮ ਸ਼੍ਰੀ’ ਨਾਲ ਨਿਵਾਜਿਆ ਗਿਆ।
ਵੈਸੇ, ਜਿਸ ਹੱਥ ਵਿੱਚ ਦੇਸ਼ ਦਾ ਮਾਣ ਸੀ, ਅਫ਼ਸੋਸ ਕਿ ਉਸੇ ਹੱਥ ਨੂੰ ਜ਼ਿੰਦਗੀ ਦੇ ਆਖਰੀ ਪੜਾਅ ਵਿੱਚ ਕਰਜ਼ਾ ਚੁੱਕਣਾ ਪਿਆ। ਇਹ ਭਾਰਤੀ ਖੇਡ ਪ੍ਰਬੰਧ ਦੀ ਇੱਕ ਕੌੜੀ ਸੱਚਾਈ ਹੈ ਕਿ ਕੌਰ ਸਿੰਘ ਵਰਗੇ ਮਹਾਨ ਖਿਡਾਰੀ ਨੂੰ ਆਪਣੇ ਦਿਲ ਦੀ ਬਿਮਾਰੀ ਦੇ ਇਲਾਜ ਲਈ ਨਿਜੀ ਕਰਜ਼ਾ ਲੈਣਾ ਪਿਆ ਅਤੇ ਸਾਲਾਂ ਤੱਕ ਸਰਕਾਰੀ ਇਨਾਮੀ ਰਾਸ਼ੀ ਦਾ ਇੰਤਜ਼ਾਰ ਕਰਨਾ ਪਿਆ। ਜਦੋਂ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਨੂੰ ਉਨ੍ਹਾਂ ਦੀ ਮਾਲੀ ਹਾਲਤ ਬਾਰੇ ਪਤਾ ਲੱਗਿਆ, ਤਾਂ ਉਨ੍ਹਾਂ ਨੇ 5 ਲੱਖ ਰੁਪਏ ਦੀ ਮਦਦ ਭੇਜੀ। ਇਹ ਘਟਨਾ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਸਾਡੇ ਅਸਲ ਨਾਇਕਾਂ ਦੀ ਕਦਰ ਉਨ੍ਹਾਂ ਦੇ ਜਿਉਂਦੇ ਜੀਅ ਕਿਉਂ ਨਹੀਂ ਹੁੰਦੀ?
‘ਕੌਰ ਸਿੰਘ’ ਅਸੂਲਾਂ ਦੇ ਸਨ ਪੱਕੇ

‘ਕੌਰ ਸਿੰਘ’ ਸਿਰਫ ਰਿੰਗ ਦੇ ਹੀ ਨਹੀਂ, ਸਗੋਂ ਅਸੂਲਾਂ ਦੇ ਵੀ ਪੱਕੇ ਸਨ। 2020-21 ਦੇ ਇਤਿਹਾਸਕ ਕਿਸਾਨ ਅੰਦੋਲਨ ਦੌਰਾਨ, ਜਦੋਂ ਦੇਸ਼ ਦਾ ਕਿਸਾਨ ਸੜਕਾਂ ‘ਤੇ ਸੀ, ਤਾਂ ਕੌਰ ਸਿੰਘ ਨੇ ਆਪਣੇ ਐਵਾਰਡ ਵਾਪਸ ਕਰਨ ਦੀ ਗੱਲ ਕਹਿ ਕੇ ਸਾਬਤ ਕਰ ਦਿੱਤਾ ਕਿ ਮੈਡਲਾਂ ਤੋਂ ਪਹਿਲਾਂ ਉਹ ਇੱਕ ਕਿਸਾਨ ਦਾ ਪੁੱਤਰ ਹੈ। ਉਨ੍ਹਾਂ ਦੀ ਇਹ ਦਲੇਰੀ ਰਿੰਗ ਵਿੱਚ ਦਿਖਾਈ ਬਹਾਦਰੀ ਨਾਲੋਂ ਕਿਸੇ ਤਰ੍ਹਾਂ ਘੱਟ ਨਹੀਂ ਸੀ।
ਅੰਤਿਮ ਵਿਦਾਈ

27 ਅਪ੍ਰੈਲ 2023 ਨੂੰ 74 ਸਾਲ ਦੀ ਉਮਰ ਵਿੱਚ ਇਹ ਮਹਾਨ ਮੁੱਕੇਬਾਜ਼ ਸਰੀਰਕ ਤੌਰ ‘ਤੇ ਸਾਨੂੰ ਅਲਵਿਦਾ ਕਹਿ ਗਿਆ। ਉਨ੍ਹਾਂ ਦੀ ਜੀਵਨੀ ‘ਤੇ ਬਣੀ ਫਿਲਮ ‘ਪਦਮ ਸ਼੍ਰੀ ਕੌਰ ਸਿੰਘ’ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਦਸਤਾਵੇਜ਼ ਵਜੋਂ ਕੰਮ ਕਰੇਗੀ।
ਕੌਰ ਸਿੰਘ ਦੀ ਦਾਸਤਾਨ ਸਾਨੂੰ ਦੋ ਅਹਿਮ ਗੱਲਾਂ ਸਿਖਾਉਂਦੀ ਹੈ। ਪਹਿਲੀ ਇਹ ਕਿ, ਜੇਕਰ ਮਨ ਵਿੱਚ ਹਿੰਮਤ ਹੋਵੇ ਤਾਂ 29 ਸਾਲ ਦੀ ਉਮਰ ਵਿੱਚ ਵੀ ਮੁੱਕੇਬਾਜ਼ੀ ਸ਼ੁਰੂ ਕਰਕੇ ਦੁਨੀਆ ਜਿੱਤੀ ਜਾ ਸਕਦੀ ਹੈ। ਦੂਜੀ ਇਹ ਕਿ, ਇੱਕ ਖਿਡਾਰੀ ਨੂੰ ਆਪਣੇ ਦੇਸ਼ ਅਤੇ ਆਪਣੇ ਲੋਕਾਂ (ਕਿਸਾਨੀ) ਪ੍ਰਤੀ ਹਮੇਸ਼ਾ ਵਫ਼ਾਦਾਰ ਰਹਿਣਾ ਚਾਹੀਦਾ ਹੈ।



Leave a Comment