ਸ. ਜਗਦੇਵ ਸਿੰਘ ਜੱਸੋਵਾਲ ਦੇ ਟੈਲੀਫੋਨ ਦੀ ਘੰਟੀ ਖੜਕੀ ਤਾਂ ਮਨ ਕੰਬ ਗਿਆ । ਘਬਰਾਈ ਆਵਾਜ ਵਾਲੇ ਬੋਲ ਸਨ, ਹਸਨਪੁਰੀ ਸਖਤ ਬੀਮਾਰ ਹੈ, ਬੇਹੋਸ਼ੀ ਨਹੀ ਟੁੱਟੀ, ਦਯਾਨੰਦ ਹਸਪਤਾਲ ਚੱਲਿਆਂ , ਮਿੱਤਰਾਂ ਸਨੇਹੀਆਂ ਤੇ ਸੰਚਾਰ ਮਾਧਿਅਮਾਂ ਨੂੰ ਦੱਸ ਕੇ ਆਖ ਦੇ, ਵਾਹ ਲਾ ਲਵੋ, ਜੇ ਬਚਾਅ ਸਕਦੇ ਹੋ ਤਾਂ ਹਸਨਪੁਰੀ ਬਚਾ ਲਵੋ । ਇਹ ਕਹਿ ਕਿ ਉਹਨਾਂ ਨੇ ਫੋਨ ਰੱਖ ਦਿੱਤਾ, ਮੈਨੂੰ ਘੇਰਨੀ ਜਿਹੀ ਆਈ, ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ, ਕਿ ਉਮਰ ਦੇ 76ਵੇਂ ਡੰਡੇ ਤੇ ਪਹੁੰਚਿਆ ਇੰਦਰਜੀਤ ਹਸਨਪੁਰੀ, ਜਿਸ ਕੋਲ ਸਾਡੇ ਨਾਲੋਂ ਵੀ ਵੱਧ ਉਤਸ਼ਾਹ ਸੀ ਇਸ ਤਰ੍ਹਾਂ ਅਚਾਨਕ ਮੰਜੇ ਤੇ ਪੈ ਜਾਵੇਗਾ । ਗੁਰਦਾ ਰੋਗ ਨੇ ਸਾਡਾ ਹਿੰਮਤੀ ਲਿਖਾਰੀ ਢਾਹ ਲਿਆ । ਨਾਲ ਹੀ ਉਸਦਾ ਦਿਲ ਵੀ ਸਾਥ ਛੱਡਣ ਲੱਗਾ । ਮੇਰੀ ਚੇਤਨਾ ਸ਼ਕਤੀ ਵਿਚੋਂ ਵੀ ਉਹ ਸਾਰਾ ਸਫਰ ਲੰਘ ਗਿਆ ਜਿਸ ਵਿਚੋਂ ਦੀ ਮੈਂ ਪਿਛਲੇ 32 ਵਰ੍ਹੇ ਹਸਨਪੁਰੀ ਦੇ ਨਾਲ ਨਾਲ ਤੁਰਿਆ ਸਾਂ ।
ਮੇਰੇ ਵਰਗੇ ਅਨੇਕਾਂ ਲੋਕ ਇੰਦਰਜੀਤ ਹਸਨਪੁਰੀ ਦੇ ਗੀਤ ਸੁਣਦੇ ਹੀ ਤਾਂ ਜਵਾਨ ਹੋਏ ਹਨ, ਉਸਦਾ ਲਿਖਿਆ ਗੀਤ
ਸਾਧੂ ਹੁੰਦੇ ਰੱਬ ਵਰਗੇ,
ਘੁੰਡ ਕੱਢ ਕੇ ਖੈਰ ਨਾ ਪਾਈਏ,
ਤੋਂ ਸ਼ੁਰੂ ਹੋਇਆ ਸਫਰ ਹੰਸਰਾਜ ਹੰਸ ਦੇ ਗਾਏ ਅਨੇਕਾਂ ਗੀਤਾਂ ਸਮੇਤ “ਨਿੱਕੇ ਨਿੱਕੇ ਦੋ ਖਾਲਸੇ “ਤੀਕ ਪਹੁੰਚਿਆ ਹੋਰ ਵੀ ਅੱਗੇ ਤੁਰਿਆ ਯਾਦਾਂ ਦਾ ਝੁਰਮਟ ਮੈਨੂੰ ਘੇਰ ਕੇ ਖਲੋ ਗਿਆ । ਉਸਦੇ ਗੀਤ
ਜੇ ਮੁੰਡਿਆ ਮੋਰੀ ਤੋਰ ਤੂੰ ਵੇਖਣੀ, ਗੜਵਾ ਲੈ ਦੇ ਚਾਂਦੀ ਦਾ,
ਲੱਕ ਹਿਲੇ ਮਜਾਜਣ ਜਾਂਦੀ ਦਾ।
ਕਿਸੇ ਵੇਲੇ ਪੰਜਾਬ ਦੀ ਕੋਇਲ ਬੀਬੀ ਸੁਰਿੰਦਰ ਕੌਰ ਅਤੇ ਹਰਚਰਨ ਗਰੇਵਾਲ ਨੇ ਗਾਇਆ ਸੀ । ਅਜੇ ਸਾਲ ਦੀ 17 ਜਨਵਰੀ ਨੂੰ ਮੇਰੇ ਬੇਟੇ ਪੁਨੀਤ ਦੇ ਵਿਆਹ ਤੇ ਇਹ ਗੀਤ ਹਰਭਜਨ ਮਾਨ, ਪੰਮੀ ਬਾਈ, ਅਮਰਿੰਦਰ ਗਿੱਲ, ਮੰਨਾ ਢਿਲੋਂ ਅਤੇ ਦਲਵਿੰਦਰ ਦਿਆਲਪੁਰੀ ਨੇ ਹਸਨਪੁਰੀ ਦੀ ਹਾਜ਼ਰੀ ਵਿੱਚ ਰਲ਼ ਕੇ ਗਾਇਆ ਤਾਂ ਸਾਰਾ ਮਾਹੌਲ ਝੂਮ ਉਠਿਆ । ਸਟੇਜ ਤੇ ਇੰਦਰਜੀਤ ਹਸਨਪੁਰੀ ਤਾਂ ਨੱਚ ਹੀ ਰਿਹਾ ਸੀ ਉਸਦੇ ਅੰਗ ਸੰਗ ਹਰਦੇਵ ਦਿਲਗੀਰ , ਗਿੱਲ ਸੁਰਜੀਤ ਜਸਮੇਰ ਢੱਟ, ਨਵਦੀਪ ਗਿੱਲ ਸਮੇਤ ਸ਼ਮਸ਼ੇਰ ਸਿੰਘ ਸੰਧੂ ਵੀ ਤਾਲ ਨਾਲ ਤਾਲ ਮਿਲਾ ਰਹੇ ਸਨ । ਹਸਨਪੁਰੀ ਪੂਰੇ ਜਲਵੇ ਵਿੱਚ ਸੀ । ਤੇ ਹੁਣ ਆਹ ਕੀ ਹੋਇਆ?
ਇੰਦਰਜੀਤ ਹਸਨਪੁਰੀ ਨਾਲ ਮੇਰੀ ਪਹਿਲੀ ਮੁਲਾਕਾਤ ਸੁਰਗਵਾਸ ਹੋਣ ਤੋਂ 32 ਵਰ੍ਹੇ ਪਹਿਲਾਂ ਗੁਰੂਸਰ ਸੁਧਾਰ (ਲੁਧਿਆਣਾ) ਵਿਖੇ ਹੋਈ । ਮੈਂ ਉਦੋਂ ਲਾਜਪਤ ਰਾਏ ਮੈਮੋਰੀਅਲ ਕਾਲਜ ਜਗਰਾਉਂ ਵਿੱਚ ਲੈਕਚਰਾਰ ਸੀ ਕਦੇ ਕਦਾਈ ਆਪਣੇ ਭੂਆ ਦੇ ਪੁੱਤਰ ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ ਜੀ ਨੂੰ ਮਿਲਣ ਗੁਰੂਸਰ ਸੁਧਾਰ ਚਲੇ ਜਾਂਦਾ, ਜਿਥੇ ਉਹ ਐਜੂਕੇਸ਼ਨ ਕਾਲਜ ਦੇ ਪ੍ਰਿੰਸੀਪਲ ਸਨ । ਇਸ ਵਾਰ ਵੀ ਮੈਂ ਉਹਨਾਂ ਨੂੰ ਹੀ ਮਿਲਣ ਸੁਧਾਰ ਗਿਆ ਹੋਇਆ ਸਾਂ, ਇਥੇ ਜਾਣ ਲਈ ਬੱਸ ਵਿੱਚ ਬੈਠਿਆਂ ਅਚਾਨਕ ਹੋਈ ਮੁਲਾਕਾਤ ਅੱਜ ਵੀ ਮੇਰੇ ਸਾਹੀ ਮਹਿਕਦੀ ਹੈ । ਉਦੋਂ ਹਸਨਪੁਰੀ ਬੰਬਈ ਵਸਦਾ ਸੀ । ਫਿਲਮਾਂ ਬਣਾਉਂਦਾ । ਫਿਲਮਾਂ ਵਿੱਚ ਗੀਤ ਲਿਖਦਾ । ਉਥੇ ਹੀ ਰਹਿੰਦਾ ।
ਕਿਸੇ ਮੁਲਾਕਾਤ ਵਿੱਚ ਹੀ ਉਸਨੇ ਦੱਸਿਆ ਕਿ ਗੁਰੂਸਰ ਸੁਧਾਰ ਦੇ ਨਾਲ ਨਵੀਂ ਅਬਾਦੀ ਅਕਾਲਗੜ੍ਹ ਉਸਦਾ ਨਾਨਕਾ ਪਿੰਡ ਹੈ, ਜਿਥੇ ਉਸ ਦਾ ਜਨਮ 19 ਅਗਸਤ 1932 ਨੂੰ ਹੋਇਆ । ਉਦੋਂ ਉਸਦੇ ਬਾਪ ਸ. ਜਸਵੰਤ ਸਿੰਘ ਨਵੀਂ ਦਿੱਲੀ ਵਿੱਚ ਉਸਾਰੀ ਦੇ ਠੇਕੇਦਾਰ ਸਨ । ਵੱਡੇ ਠੇਕੇਦਾਰ ਸਰ ਸੋਭਾ ਸਿੰਘ ਕੋਲ ਅੱਗੇ ਨਿੱਕੇ ਠੇਕੇਦਾਰ । ਇਥੇ ਹੀ ਉਸਨੇ ਦੱਸਿਆ ਕਿ ਇਹੀ ਸਰ ਸੋਭਾ ਸਿੰਘ ਪ੍ਰਸਿੱਧ ਲੇਖਕ ਸ. ਖੁਸ਼ਵੰਤ ਸਿੰਘ ਦਾ ਬਾਪ ਸੀ । ਇੰਦਰਜੀਤ ਹਸਨਪੁਰੀ 15 ਵਰ੍ਹਿਆਂ ਦਾ ਹੋਇਆ ਤਾਂ ਸਿਰ ਤੋਂ ਬਾਬਲ ਦੀ ਛਾਂ ਖੁੱਸ ਗਈ । ਵਿਧਵਾ ਮਾਂ ਭਗਵਾਨ ਕੌਰ ਦਿੱਲੀਓਂ ਪਿੰਡ ਹਸਨਪੁਰ (ਲੁਧਿਆਣਾ) ਆ ਗਈ । ਪੂਰੇ ਪਰਿਵਾਰ ਦੀ ਜਿੰਮੇਵਾਰੀ ਹਸਨਪੁਰੀ ਦੇ ਮਾਸੂਮ ਮੋਢਿਆਂ ਦੇ ਆਣ ਪਈ । ਪੜ੍ਹਾਈ ਵਿੱਚ – ਵਿਚਾਲੇ ਰੁਕ ਗਈ । ਡਰਾਇੰਗ ਦੇ ਸ਼ੌਕ ਕਾਰਨ ਉਸਨੇ ਇੱਕ ਪੇਂਟਰ ਵਜੋਂ ਜ਼ਿੰਦਗੀ ਆਰੰਭੀ । ਨੌਲੱਖਾ ਸਿਨੇਮਾ ਲੁਧਿਆਣਾ ਨੇੜੇ ਉਸਦੀ ਖੋਖਾ ਨੁਮਾ ਦੁਕਾਨ ਹੋਣ ਕਾਰਨ ਫਿਲਮੀ ਤਰਜ਼ਾਂ ਉਸਦੇ ਮਨ ਤੇ ਤਾਰੀ ਹੋਣ ਲੱਗੀਆਂ । ਫਿਲਮੀ ਗੀਤਾਂ ਦੀ ਰੀਸੇ ਉਸਨੇ ਕੁਝ ਗੀਤ ਝਰੀਟੇ ।
ਉਹ ਖੁਦ ਗੁਣਗੁਣਾਉਂਦਾ । ਉਸਦੀ ਰੀਝ ਸੀ ਕਿ ਗ੍ਰਾਮੋਫੋਨ ਰਿਕਾਰਡਾਂ ਉਪਰ ਉਸਦਾ ਨਾਮ ਵੀ ਉਵੇਂ ਹੀ ਛਪਿਆ ਹੋਵੇ ਜਿਵੇਂ ਨੰਦ ਲਾਲ ਨੂਰਪੁਰੀ , ਗੁਰਦੇਵ ਸਿੰਘ ਮਾਨ ਜਾਂ ਕਿਸੇ ਹੋਰ ਗੀਤਕਾਰ ਦਾ ਹੁੰਦਾ ਹੈ । ਉਸਨੇ ਲੁਧਿਆਣਾ ਰਹਿੰਦੇ ਤੇ ਅਕਸਰ ਆਉਂਦੇ ਜਾਂਦੇ ਲੇਖਕਾਂ ਅਜਾਇਬ ਚਿਤਰਕਾਰ, ਸੰਤੋਖ ਸਿੰਘ ਧੀਰ, ਜਰਨੈਲ ਸਿੰਘ ਅਰਸ਼ੀ, ਵਰਿਆਮ ਸਿੰਘ ਮਸਤ ਨਾਲ ਦੋਸਤੀ ਪਾ ਲਈ । ਏਥੇ ਹੀ ਡਾ. ਜੋਹਨ ਅਕਬਰ ਰਾਹੀਂ ਉਸਦੇ ਸੰਗੀ ਸਾਥੀ ਬਣੇ । ਈਸ਼ਰ ਪਾਲ ਸਿੰਘ ਨੱਤ ਨਾਲ ਰਲ ਕੇ ਉਸਨੇ ਇੱਕ ਮਾਸਿਕ ਪੱਤਰ “ਜਗਦੀ ਜੋਤ “ ਛਾਪਣਾ ਸ਼ੁਰੂ ਕੀਤਾ । ਸਟੇਜੀ ਕਵਿਤਾ ਵਾਲੇ ਸ਼ਾਇਰ ਉਸਦੇ ਚੁਬਾਰੇ ਵਿੱਚ ਕਿਆਮ ਕਰਦੇ । ਕਦੇ ਗੁਰਦੇਵ ਸਿੰਘ ਮਾਨ ਆਉਂਦਾ ਕਦੇ ਨੰਦ ਲਾਲ ਨੂਰਪੁਰੀ । ਸ਼ਿਵ ਕੁਮਾਰ ਬਟਾਲਵੀ ਦੀ ਮੋਹਨ ਭੰਡਾਰੀ ਨਾਲ ਲੜਾਈ ਵੀ ਹਸਨਪੁਰੀ ਦੇ ਇਸੇ ਚੁਬਾਰੇ ਵਿੱਚ ਹੋਈ ਸੀ । ਜਿਸ ਨੂੰ ਸ਼ਿਵ ਕੁਮਾਰ ਮੋਹਨ ਭੰਡਾਰੀ ਬਾਰੇ ਲਿਖੇ ਸ਼ਬਦ ਚਿੱਤਰ ਵਿੱਚ “ਚੰਡੂਖ਼ਾਨਾ ਲਿਖਦਾ ਹੈ। ਇਹ ਸਟੇਜੀ ਕਵੀ ਉਸਨੂੰ ਆਪਣੇ ਨਾਲ ਕਵੀ ਦਰਬਾਰਾਂ ਵਿੱਚ ਲਿਜਾਣ ਲੱਗ ਪਏ । 1959 ਵਿੱਚ ਉਸਦਾ ਪਹਿਲਾ ਗੀਤ ਹਿਜ਼ ਮਾਸਟਰਜ਼ ਵਾਇਸ ਕੰਪਨੀ ਨੇ ਕਟਾਣੀ ਕਲਾਂ(ਲੁਧਿਆਣਾ) ਵਾਲੇ ਗਾਇਕ ਸ਼ਾਦੀ ਬਖਸ਼ੀ ਦੀ ਆਵਾਜ਼ ਵਿੱਚ ਰਿਕਾਰਡ ਕੀਤਾ ।
ਸਾਧੂ ਹੁੰਦੇ ਰੱਬ ਵਰਗੇ
ਘੁੰਡ ਕੱਢ ਕੇ ਖ਼ੈਰ ਨਾ ਪਾਈਏ।
ਗੀਤ ਰਿਕਾਰਡ ਹੋਣ ਤੋਂ ਪਹਿਲਾ ਉਹਨਾਂ ਨੇ ਇਸ ਗੀਤ ਨੂੰ ਲੋਕ ਗੀਤਾਂ ਦੀ ਸ੍ਰੇਣੀ ਵਿੱਚ ਅਕਾਸ਼ਵਾਣੀ ਜਲੰਧਰ ਤੋਂ ਗਾਇਆ । ਇਸੇ ਵਰ੍ਹੇ ਹੀ ਉਸਦਾ ਪਹਿਲਾਂ ਗੀਤ ਸੰਗ੍ਰਹਿ ਔਸੀਆਂ ਛਪਿਆ । ਇਸ ਤੋਂ ਬਾਅਦ ਉਸਦੇ ਹਜ਼ਾਰਾਂ ਗੀਤ ਰਿਕਾਰਡ ਹੋਏ । ਨਾਲ ਨਾਲ ਕਾਵਿ ਸੰਗਿ੍ਹ ਵੀ ਛਪਦੇ ਰਹੇ । ਸਮੇਂ ਦੀ ਆਵਾਜ਼ ,ਜ਼ਿੰਦਗੀ ਦੇ ਗੀਤ, ਜੋਬਨ ਨਵਾਂ ਨਕੋਰ, ਰੂਪ ਤੇਰਾ ਰੱਬ ਵਰਗਾ, ਮੇਰੀ ਜਿਹੀ ਕੋਈ ਜੱਟੀ ਨਾਂ, ਗੀਤ ਮੇਰੇ ਮੀਤ, ਕਿਥੇ ਗਏ ਉਹ ਦਿਨ ਓ ਅਸਲਮ, ਤੋਂ ਬਾਅਦ 1998 ਵਿੱਚ ਉਸਦਾ ਗਜ਼ਲ ਸੰਗ੍ਰਹਿ ਰੰਗ ਖੁਸ਼ਬੂ ਰੌਸ਼ਨੀ ਛਪਿਆ । ਹਸਨਪੁਰੀ ਨੇ ਕੁਝ ਗ਼ਜ਼ਲ ਚਿੱਤਰ ਵੀ ਲਿਖੇ ਜਿੰਨ੍ਹਾਂ ਨੂੰ ਉਸ “ਮੋਤੀ ਪੰਜ ਦਰਿਆਵਾਂ ਦੇ” ਨਾਮ ਹੇਠ ਰਵੀ ਸਾਹਿੱਤ ਪ੍ਰਕਾਸ਼ਨ ਅੰਮ੍ਰਿਤਸਰ ਤੋਂ ਛਪਵਾਇਆ। ਮੈਨੂੰ ਮਾਣ ਹੈ ਕਿ ਇਸ ਕਿਤਾਬ ਵਿੱਚ ਮੇਰੇ ਬਾਰੇ ਗ਼ਜ਼ਲ ਚਿੱਤਰ ਵੀ ਸ਼ਾਮਿਲ ਹੈ।
ਉਸਦੀਆਂ ਵਿਅੰਗ ਭਰਪੂਰ ਰਚਨਾਵਾਂ ਦਾ ਸੰਗ੍ਰਹਿ ਕਿਰਤੀ “ਕਿਰਤ ਕਰੇਂਦਿਆ “ ਨੂੰ ਤਰਕ ਭਾਰਤੀ ਪ੍ਰਕਾਸ਼ਨ ਨੇ ਛਾਪਿਆ ਤੇ ਪਾਠਕਾਂ ਨੇ ਰੱਜਵਾਂ ਪਿਆਰ ਦਿੱਤਾ । ਉਸ ਦੀਆਂ ਕਵਿਤਾਵਾਂ
ਮੈਂ ਤਾਂ ਬੇਬੇ ਸਾਧ ਬਣੂੰਗਾ,
ਪੜਨ ਲਿਖਣ ਦੇ ਮਾਰ ਤੂੰ ਗੋਲੀ
ਅਤੇ ਕਹਿੰਦੇ ਦੇਸ਼ ਆਜਾਦ ਹੋ ਗਿਆ,
ਮੈਂ ਕਹਿੰਦਾ ਬਰਬਾਦ ਹੋ ਗਿਆ ਤੇ ਲੁੱਟੀ ਚੱਲੋ ਲੁੱਟੀ ਚੱਲੋ,
ਘਰ ਘਰ ਦੀ ਕਹਾਣੀ ਬਣੇ। ਇੰਦਰਜੀਤ ਹਸਨਪੁਰੀ ਦੇ ਮੁਢਲੇ ਗੀਤਾਂ ਨੂੰ ਉਸਤਾਦ ਜਸਵੰਤ ਭੰਵਰਾ ਨੇ ਸੁਰਾਂ ਨਾਲ ਸ਼ਿੰਗਾਰਿਆ । ਮੁਢਲੇ ਤੌਰ ਤੇ ਉਸਦੇ ਗੀਤਾਂ ਨੂੰ ਚਾਂਦੀ ਰਾਮ ਚਾਂਦੀ ਵਲੀਪੁਰੀਆ, ਮੁਹੰਮਦ ਸਦੀਕ,ਨਰਿੰਦਰ ਬੀਬਾ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਰਜਿੰਦਰ ਰਾਜਨ, ਸਵਰਨਲਤਾ ਅਤੇ ਜਗਮੋਹਨ ਕੌਰ ਨੇ ਗਾਇਆ । ਜਗਜੀਤ ਸਿੰਘ ਜੀਰਵੀ ਅਤੇ ਹਰਚਰਨ ਗਰੇਵਾਲ ਤੋਂ ਇਲਾਵਾ ਕਰਨੈਲ ਗਿੱਲ ਵੀ ਉਸਦੇ ਗੀਤਾਂ ਨੂੰ ਦੀਵਾਨੇ ਬਣੇ । ਨਵੇਂ ਗਵੱਈਆ ਵਿਚੋਂ ਮਲਕੀਤ ਸਿੰਘ ਗੋਲਡਨ ਸਟਾਰ, ਹੰਸਰਾਜ ਹੰਸ, ਡਾ. ਸੁਖਨੈਨ, ਸਰਦੂਲ ਸਿਕੰਦਰ, ਸੁਖਵਿੰਦਰ ਸੁੱਖੀ, ਪਾਲੀ ਦੇਤਵਾਲੀਆ ਅਤੇ ਰਵਿੰਦਰ ਗਰੇਵਾਲ ਤੇ ਕਈ ਹੋਰ ਗਾਇਕਾਂ ਨੇ ਉਸਦਾ ਕਲਾਮ ਘਰ ਘਰ ਪਹੁੰਚਾਇਆ ।



Leave a Comment