ਸੰਗੀਤ ਸਿਰਫ਼ ਸੁਰਾਂ ਦਾ ਮੇਲ ਨਹੀਂ, ਇਹ ਰੂਹਾਂ ਨੂੰ ਜੋੜਨ ਵਾਲਾ ਉਹ ਮੁਢਲਾ ਪੁੱਲ ਹੈ ਜਿਸਦਾ ਕੋਈ ਅੰਤ ਨਹੀਂ। ਵਿਸ਼ਵ ਸੰਗੀਤ ਦਿਵਸ, ਸੰਗੀਤ ਦੀ ਉਸ ਤਾਕਤ ਦਾ ਜਸ਼ਨ ਹੈ ਜੋ ਭਾਸ਼ਾ, ਧਰਮ ਅਤੇ ਸਰਹੱਦਾਂ ਤੋਂ ਪਰੇ ਜਾ ਕੇ ਦਿਲਾਂ ਨੂੰ ਜੋੜਦੀ ਹੈ। ਇਸੇ ਲਈ ਵਿਸ਼ਵ ਸੰਗੀਤ ਦਿਵਸ ‘ਤੇ ਮਹਾਨ ਸ਼ਖਸੀਅਤਾਂ ਤੇ ਉਨ੍ਹਾਂ ਦਾ ਸਫ਼ਰ ਸਾਨੂੰ ਯਾਦ ਦਿਵਾਉਂਦਾ ਹੈ ਕਿ ਚੰਗਾ ਸੰਗੀਤ ਕਿਸੇ ਇੱਕ ਦੇਸ਼ ਜਾਂ ਭਾਸ਼ਾ ਦਾ ਨਹੀਂ, ਸਗੋਂ ਪੂਰੀ ਮਨੁੱਖਤਾ ਦੀ ਸਾਂਝੀ ਧਰੋਹਰ ਹੁੰਦਾ ਹੈ। ਇਹ ਇਸ਼ਕ, ਇਨਸਾਨੀਅਤ, ਸਬਰ ਅਤੇ ਰੱਬ ਨਾਲ ਜੁੜਨ ਦੇ ਅਹਿਸਾਸ ਨੂੰ ਸੁਰਾਂ ਵਿੱਚ ਪਿਰੋ ਦਿੰਦਾ ਹੈ।
ਜਦੋਂ ਪੰਜਾਬੀ ਸੰਗੀਤ ਦੀ ਇਸ ਭਾਸ਼ਾ ਅਤੇ ਸੂਫ਼ੀ ਸੰਗੀਤ ਦੀ ਗੱਲ ਹੁੰਦੀ ਹੈ ਤਾਂ ਪੰਜਾਬ ਦੀ ਧਰਤੀ ਤੋਂ ਉਭਰੇ ਉਸ ਸਿਤਾਰੇ ਦੀ ਚਮਕ ਨੂੰ ਅਣਦੇਖਾ ਨਹੀਂ ਕੀਤਾ ਜਾ ਸਕਦਾ ਜੋ ਇਸ਼ਕ, ਇਨਸਾਨੀਅਤ, ਰੂਹਾਨੀਅਤ ਅਤੇ ਪੰਜਾਬੀ ਵਿਰਾਸਤ ਦਾ ਸੁਨੇਹਾ ਨਾਲ ਲੈ ਕੇ ਚਲਦਾ ਹੈ। ਇਹ ਕਹਿਣਾ ਗਲਤ ਨਹੀਂ ਕਿ
ਜਦੋਂ ਸ਼ਬਦ ਸਿਰਫ਼ ਲਿਖੇ ਨਾ ਜਾਣ, ਸਗੋਂ ਰੂਹ ਦੀਆਂ ਗਹਿਰਾਈਆਂ ਵਿੱਚੋਂ ਉੱਭਰ ਕੇ ਸੰਗੀਤ ਬਣ ਜਾਣ…
ਜਦੋਂ ਗਾਇਕੀ ਸਿਰਫ਼ ਮਨੋਰੰਜਨ ਨਾ ਰਹੇ, ਸਗੋਂ ਇਸ਼ਕ, ਫ਼ਲਸਫ਼ੇ ਅਤੇ ਇਨਸਾਨੀਅਤ ਦਾ ਸੁਨੇਹਾ ਬਣ ਜਾਵੇ…
ਅਤੇ ਜਦੋਂ ਪੰਜਾਬੀ ਬੋਲੀ ਦੀ ਮਿਠਾਸ ਦੁਨੀਆ ਦੇ ਹਰ ਕੋਨੇ ਤੱਕ ਪਹੁੰਚੇ, ਤਾਂ ਇੱਕ ਨਾਮ ਆਪਣੇ ਆਪ ਜ਼ਹਿਨ ਵਿੱਚ ਆਉਂਦਾ ਹੈ…
ਸਤਿੰਦਰ ਸਰਤਾਜ

ਇੱਕ ਅਜਿਹਾ ਫਨਕਾਰ ਜਿਸ ਨੇ ਕਲਮ ਨੂੰ ਕਵਿਤਾ, ਕਵਿਤਾ ਨੂੰ ਸੁਰ ਅਤੇ ਸੁਰਾਂ ਨੂੰ ਰੂਹ ਦੀ ਆਵਾਜ਼ ਬਣਾ ਦਿੱਤਾ। ਸਰਤਾਜ ਨੇ ਆਪਣੀ ਸ਼ਾਇਰੀ, ਗਾਇਕੀ ਅਤੇ ਸੂਫ਼ੀਆਨਾ ਅੰਦਾਜ਼ ਰਾਹੀਂ ਇਸ ਪਰੰਪਰਾ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਇਆ ਹੈ। ਅੱਜ ਅਸੀਂ ਜਾਣਾਂਗੇ ਉਸ ਸ਼ਖਸੀਅਤ ਦੀ ਕਹਾਣੀ, ਜਿਸ ਨੇ ਪੰਜਾਬੀ ਸੰਗੀਤ ਨੂੰ ਇੱਕ ਨਵੀਂ ਪਹਿਚਾਣ ਦਿੱਤੀ ਅਤੇ ਲੱਖਾਂ ਦਿਲਾਂ ਨੂੰ ਆਪਣੇ ਅਲਫ਼ਾਜ਼ਾਂ ਨਾਲ ਮੋਹ ਲਿਆ। ਆਓ, ਇਸ ਵਿਸ਼ਵ ਸੰਗੀਤ ਦਿਵਸ ‘ਤੇ ਉਸ ਫਨਕਾਰ ਨੂੰ ਸਲਾਮ ਕਰੀਏ ਜਿਸ ਨੇ ਪੰਜਾਬੀ ਬੋਲੀ ਦੇ ਸੁਰਾਂ ਨੂੰ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਾਇਆ।
ਇੱਕ ਕਿਸਾਨ ਦੇ ਪੁੱਤਰ ਤੋਂ ਸੂਫ਼ੀ ਸੰਗੀਤ ਦੇ ਵਿਦਵਾਨ ਤੱਕ

7 ਜਨਵਰੀ 1982 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪਿੰਡ ਬਜਰੌਰ ਵਿਖੇ ਜਨਮੇ ਸਤਿੰਦਰ ਦਾ ਜਨਮ ਇੱਕ ਸਾਧਾਰਨ ਕਿਸਾਨੀਂ ਪਰਿਵਾਰ ਵਿੱਚ ਹੋਇਆ। ਪੰਜਵੀਂ ਜਮਾਤ ਤੱਕ ਪਿੰਡ ਦੇ ਹੀ ਸਕੂਲ ਵਿੱਚ ਪੜ੍ਹਾਈ ਕੀਤੀ ਤੇ ਫਿਰ ਦਸਵੀਂ ਕਲਾਸ ਤੱਕ ਪਿੰਡ ਦੇ ਨਾਲ ਲੱਗਦੇ ਕਸਬੇ ਚੱਬੇਵਾਲ ਦੇ ਖਾਲਸਾ ਸਕੂਲ ਤੋਂ ਪਾਸ ਕੀਤੀ।
ਬਚਪਨ ਚ ਸੰਗੀਤ ਨਾਲ ਪੈ ਗਿਆ ਮੋਹ

ਦਸਵੀ ਦੀਆ ਛੁੱਟੀਆਂ ਵਿਚ ਨਾਨਕੇ ਘਰ ਗਏ ਇਕ ਰਾਗੀ ਸਿੰਘ ਨੂੰ ਹਾਰਮੋਨੀਅਮ ਵਜਾਉਂਦੇ ਦੇਖ ਹੈਰਾਨ ਰਹਿ ਗਿਆ ਅਤੇ ਸੋਚਣ ਲੱਗਾ ਕਿ ਅਜਿਹਾ ਵੀ ਗਾਇਆ ਜਾ ਸਕਦਾ ਹੈ। ਹਾਰਮੋਨੀਅਮ ਦੇ ਚਿੱਟੇ ਕਾਲੇ ਬਟਨਾਂ ਚੋ ਨਿਕਲਦੇ ਸੁਰਾਂ ਨੇ ਸਤਿੰਦਰ ਪਾਲ ਸਿੰਘ ਨੂੰ ਅਜਿਹਾ ਮੋਹਿਤ ਕੀਤਾ ਜੋ ਮੁੜ ਨਾ ਛੁੱਟਿਆ।
ਸੰਗੀਤ ਵਿੱਚ ਹੀ ਕੀਤੀ ਉੱਚ-ਪੱਧਰੀ ਸਿੱਖਿਆ ਹਾਸਲ

ਸਤਿੰਦਰ ਨੇ ਸਰਕਾਰੀ ਕਾਲਜ, ਹੁਸ਼ਿਆਰਪੁਰ ਤੋਂ ਬੀ.ਏ. (B.A.) ਕੀਤੀ ਅਤੇ ਫਿਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਐਮ.ਏ. (M.A.) ਸੰਗੀਤ ਅਤੇ ਐਮ.ਫ਼ਿਲ. (M.Phil.) ਦੀ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ, ਉਨ੍ਹਾਂ ਨੇ ਸੂਫ਼ੀ ਸੰਗੀਤ ਵਿੱਚ ਪੀ.ਐਚ.ਡੀ. (Ph.D.) ਕੀਤੀ. ਉਹ ਪੰਜਾਬ ਯੂਨੀਵਰਸਿਟੀ ਵਿੱਚ ਛੇ ਸਾਲ ਤੱਕ ਸੰਗੀਤ ਵੀ ਪੜ੍ਹਾਉਂਦੇ ਰਹੇ।
ਗੁਣਗੁਣਾਉਣ ਤੋਂ ਲੈ ਕੇ ਸ਼ਾਇਰੀ ਤੱਕ

ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ !
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ !
ਇੱਕ ਕਿਸਾਨ ਪਰਿਵਾਰ ਵਿੱਚ ਪੈਦਾ ਹੋਏ ਸਤਿੰਦਰ ਦਾ ਸ਼ੁਰੂਆਤੀ ਜੀਵਨ ਸਟੇਜ ਅਤੇ ਚਮਕ-ਦਮਕ ਤੋਂ ਬਹੁਤ ਦੂਰ ਸੀ। ਦਿਨ ਖੇਤਾਂ ਵਿੱਚ ਮਦਦ ਕਰਨ ਵਿੱਚ ਅਤੇ ਸ਼ਾਮਾਂ ਕਵਿਤਾ ਪਾਠਾਂ ਵਿੱਚ ਬੀਤਦੇ ਸਨ। ਉਹ ਇਹਨਾਂ ਆਇਤਾਂ ਨੂੰ ਹੌਲੀ-ਹੌਲੀ ਗੁਣਗੁਣਾਉਂਦੇ ਰਹਿੰਦੇ। ਮਿਊਜਿਕ ਚ ਐਮ.ਏ. ਕਰਦੇ ਸਮੇਂ ਤੋਂ ਹੀ ਗਾਉਣਾਂ ਸ਼ੁਰੂ ਕਰ ਦਿੱਤਾ ਸੀ। ਵਾਰਿਸ਼ ਸ਼ਾਹ, ਬੁੱਲੇ ਸ਼ਾਹ, ਆਦਿ ਸੂਫ਼ੀ ਸ਼ਾਇਰਾਂ ਦੇ ਕਲਾਮ ਗਾਉਂਦੇ. ਬਾਬੂ ਰਜਬ ਅਲੀ ਦੀ ਸ਼ਾਇਰੀ ਪੜ੍ਹ ਪੜ੍ਹ ਕੇ ਕਲਾ ਛੰਦ ਲਿਖਣੇ ਸਿੱਖੇ। ਗੀਤ ‘ਜੇ ਕੋਈ ਦੱਸੇ ਗੱਲ ਤਜੁਰਬੇ ਵਾਲੀ’ ਤਾਂ ਸਾਰਾ ਹੀ ਬਾਬੂ ਰਜਬ ਅਲੀ ਦੀ ਸ਼ਾਇਰੀ ਤੋਂ ਪ੍ਰਵਾਭਿਤ ਹੈ। ਸਰਤਾਜ ਅਜਿਹੇ ਸ਼ਾਇਰਾਂ ਨੂੰ ਗਾਉਣਾਂ ਉਹ ਆਪਣਾਂ ਮਾਣ ਸਮਝਦੇ ਸਨ।
ਜ਼ਿੰਦਗੀ ਦਾ ਉਹ ਮੋੜ ਜਿਸ ਤੋਂ ਬਾਅਦ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ

ਸਤਿੰਦਰ ਨੇ ਆਪਣੇ ਸੰਗੀਤ ਕਰੀਅਰ ਦੀ ਸ਼ੁਰੂਆਤ 20 ਦੇ ਦਹਾਕੇ ਵਿੱਚ ਕੀਤੀ। 2008 ਵਿੱਚ ਟੋਰਾਂਟੋ, ਓਨਟਾਰੀਓ ਵਿੱਚ ਇੱਕ ਸਮਾਗਮ ਵਿੱਚ ਇੱਕ ਪੰਜਾਬੀ-ਕੈਨੇਡੀਅਨ ਦਰਸ਼ਕਾਂ ਦੇ ਸਾਹਮਣੇ ਪ੍ਰਦਰਸ਼ਨ ਕਰਨ ਲਈ ਸੱਦਾ ਦਿੱਤਾ ਗਿਆ। ਉਥੇ ਉਨ੍ਹਾਂ ਪੰਜਾਬੀ-ਕੈਨੇਡੀਅਨ ਦਰਸ਼ਕਾਂ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਰੂਹਾਨੀ ਆਵਾਜ਼ ਨੇ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ। ਪਰਫਾਰਮੈਂਸ ਦੇ ਵੀਡੀਓ ਵਾਇਰਲ ਹੋ ਗਏ ਅਤੇ ਜਲਦੀ ਹੀ ਪੰਜਾਬੀ ਸੰਗੀਤ ਉਦਯੋਗ ਦਾ ਧਿਆਨ ਆਪਣੇ ਵੱਲ ਖਿੱਚ ਲਿਆ।
ਸਤਿੰਦਰ ਤੋਂ ਸਰਤਾਜ ਤੱਕ ਦਾ ਸਫਰ

ਸਤਿੰਦਰ ਤੋਂ ਸਰਤਾਜ ਤੱਕ ਦਾ ਸਫਰ ਤਾਂ ਬੜਾ ਲੰਮੇਰਾ ਹੈ, ਜਦ ਉਨ੍ਹਾਂ ਗਾਉਣਾਂ ਸ਼ੁਰੂ ਕੀਤਾ ਤਾਂ ਮਹਿਸੂਸ ਹੁੰਦਾ ਸੀ ਕਿ ਕੋਈ ਵੱਖਰਾ ਤਖੱਲਸ ਜਰੂਰ ਹੋਣਾ ਚਾਹੀਦਾ ਹੈ। ਇੱਕ ਰਾਤ ਯੂਨੀਵਰਸਿਟੀ ਦੇ ਹੋਸਟਲ ਵਿੱਚ ਸੁੱਤੇ ਪਏ ਦੀ ਸਵੇਰੇ ਤਿੰਨ ਵਜੇ ਅੱਖ ਖੁੱਲ ਗਈ, ਫਿਰ ਨੀਦ ਹੀ ਨਾਂ ਆਵੇ। ਪੈੱਨ ਕਾਪੀ ਚੁੱਕੀ ਤੇ ਲਿਖਣਾ ਸ਼ੁਰੂ ਕੀਤਾ। ਜੋ ਗੀਤ ਉਸ ਸਮੇਂ ਲਿਖਿਆ ਉਸਦੀ ਆਖਰੀ ਲਾਈਨ ਸੀ ਕਿ ‘ਤੇਰੇ ਸਿਰ ਤਾਰਿਆਂ ਦਾ ਤਾਜ ਵੇ’ ਔਰ ਉਸੇ ਸਮੇਂ ਹੀ ‘ਸਰਤਾਜ’ ਸ਼ਬਦ ਤਖੱਲਸ ਬਣ ਗਿਆ।
ਸਤਿੰਦਰ ਸਰਤਾਜ ਦਾ ਪਹਿਲਾ ਵਪਾਰਕ ਡੈਬਿਊ ਐਲਬਮ “ਸਰਤਾਜ” ਸੀ, ਜੋ 2009 ਵਿੱਚ ਰਿਲੀਜ਼ ਹੋਇਆ ਸੀ। ਐਲਬਮ ਦਾ ਪਹਿਲਾ ਅਤੇ ਸਭ ਤੋਂ ਮਸ਼ਹੂਰ ਗੀਤ, “ਪਾਣੀ ਪੰਜਾ ਦਰਿਆਵਾਂ ਦਾ”, ਸਭ ਤੋਂ ਵੱਡੀ ਸ਼ੁਰੂਆਤੀ ਪਛਾਣ ਮੰਨਿਆ ਜਾਂਦਾ ਹੈ।
ਜ਼ਿੰਦਗੀ ਦੀ ਜਦੋ ਜਹਿਦ ਚ ਖੁਦ ਨੂੰ ਦਿੱਤਾ ਸਜ਼ਾ

ਜਦੋਂ ਸਰਤਾਜ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਸੀ, ਤਾਂ ਕਾਲਜ ਦੇ ਸ਼ੁਰੂਆਤੀ ਦਿਨਾਂ ਵਿੱਚ ਬਹੁਤਾ ਕੰਮ ਨਹੀਂ ਸੀ। ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਸਜ਼ਾ ਦਿੱਤੀ ਕਿ ਜਦੋਂ ਤੱਕ ਉਹ ਇੱਕ ਨਵਾਂ ਗੀਤ ਨਹੀਂ ਲਿਖ ਲੈਂਦੇ, ਉਹ ਕੁਝ ਨਹੀਂ ਖਾਉਂਗੇ। ਇਸ ਸੁਰ ਅਤੇ ਉਦੇਸ਼ ਦੇ ਕਾਰਨ, ਉਨ੍ਹਾਂ ਨੇ ਲਗਭਗ ਡੇਢ ਸਾਲ ਤੱਕ ਨਾਸ਼ਤਾ ਛੱਡ ਦਿੱਤਾ, ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਸੰਗੀਤ ਅਤੇ ਪਰਮਾਤਮਾ ਦੀ ਪੂਜਾ ਵਿੱਚ ਸਮਰਪਣ ਬਹੁਤ ਜ਼ਰੂਰੀ ਹੈ। ਇਸ ਇਕੱਲਤਾ, ਸੰਘਰਸ਼ ਅਤੇ ਖਾਲੀ ਪੇਟ ਦੀ ਇਕਾਂਤ ਵਿੱਚ, ਉਨ੍ਹਾਂ ਦੇ ਦਿਲ ਵਿੱਚੋਂ ਇੱਕ ਸੱਚੀ ਪੁਕਾਰ ਨਿਕਲੀ ਜੋ ਬਾਅਦ ਵਿੱਚ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਵੱਡਾ ਮੋੜ ਬਣ ਗਿਆ।
ਸਾਈਂ, ਸਾਈਂ ਵੇ ਸਾਡੀ ਫਰਿਆਦ ਤੇਰੇ ਤਾਂਈ
ਸਾਈਂ ਵੇ ਬਾਹੋਂ ਫੜ ਬੇੜਾ ਬੰਨੇ ਲਾਈਂ
ਸਾਈਂ ਵੇ ਮੇਰਿਆ ਗੁਨਾਹਾਂ ਨੂੰ ਲੁਕਾਈਂ
ਸਾਈਂ ਵੇ ਸੱਚੀ “ਸਰਤਾਜ” ਹੀ ਬਣਾਈਂ
ਉਨ੍ਹਾਂ ਨੇ 2017 ਵਿੱਚ ‘ਦਿ ਬਲੈਕ ਪ੍ਰਿੰਸ’ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਭੂਮਿਕਾ ਨਿਭਾਉਂਦੇ ਹੋਏ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਜਿਸ ਤੋਂ ਬਾਅਦ ਇਹ ਸਫ਼ਰ ਜਾਰੀ ਰਿਹਾ ‘ਇੱਕੋਂ ਮਿੱਕੇ’, ‘ਕਲੀ ਜੋਟਾ’, ‘ਹੁਸ਼ਿਆਰ ਸਿੰਘ’ ਅਤੇ ‘ਸ਼ਾਇਰ’ ਸਮੇਤ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ।
ਸਾਦਗੀ ਵਾਲਾ ਪਹਿਰਾਵਾ ਬਣਿਆ ਪਛਾਣ

ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ…
ਸੰਨ 2003 ਵਿੱਚ ਜ਼ੀ. ਟੀਵੀ ਤੇ ਵਾਰਿਸ਼ ਸ਼ਾਹ ਬਾਰੇ ਇੱਕ ਡਾਕੂਮੈਂਟਰੀ ਪੇਸ਼ ਕੀਤੀ ਸੀ। ਜਦ ਵਾਰਿਸ਼ ਦੇ ਪਹਿਰਾਵੇ ਦੀ ਗੱਲ ਆਈ ਤਾਂ ਸਮਝ ਨਾਂ ਆਵੇ ਕੇ ਪੱਗ ਬੰਨੀ ਜਾਵੇ ਜਾਂ ਲੰਮੇਂ ਵਾਲ ਖੁੱਲੇ ਛੱਡ ਕੇ ਸੂਟਿੰਗ ਕੀਤੀ ਜਾਵੇ। ਉਸ ਸਮੇਂ ਸਤਿੰਦਰ ਨੇ ਆਪਣੇ ਸਿਰ ਤੇ ਬੰਨੀਂ ਚਿੱਟੇ ਰੰਗ ਦੀ ਪੱਗ ਲਾਹ ਕੇ ਉਸਦਾ ਪਰਦਾ ਬਣਾ ਲਿਆ ਤੇ ਬਲੈਕ ਰੰਗ ਦੇ ਪਰਦੇ ਨੂੰ ਵਾਲ ਖੁੱਲੇ ਛੱਡ ਕੇ ਸਿਰ ਤੇ ਲਪੇਟ ਲਿਆ। ਉਹ ਪਹਿਰਾਵਾ ਐਨਾਂ ਜਚਿਆਂ ਕਿ ਉਸਨੂੰ ਪੱਕੇ ਤੌਰ ਤੇ ਹੀ ਅਪਣਾ ਲਿਆ।
ਲਿਖਣ ਦੇ ਨਾਲ ਪੜਨ ਦੇ ਵੀ ਸ਼ੌਕੀਨ

ਸਰਤਾਜ ਹਰ ਵੇਲੇ ਕੁੱਝ ਨਾਂ ਕੁੱਝ ਲਿਖਣ ਦੇ ਸ਼ੌਕੀਨ ਹਨ। ਜਦ ਨਹੀ ਲਿਖ ਰਹੇ ਹੁੰਦੇ ਤਾਂ ਵਿਭਿੰਨ ਤਰਾਂ ਦਾ ਸਹਿਤ ਪੜਦੇ ਰਹਿੰਦੇ। ਸਰਤਾਜ ਦਾ ਕਹਿਣਾ ਹੈ ਕਿ ਲਿਖਣ ਲਈ ਪੜ੍ਹਨਾਂ ਵੀ ਪੈਦਾ ਹੈ ਤਾਂ ਕਿ ਨਵੇ ਖਿਆਲ, ਨਵੀਂ ਸ਼ਬਦਾਬਲੀ ਵਰਤੀ ਜਾ ਸਕੇ। ਬਾਕੀ ਇਹ ਰੱਬੀ ਦੇਣ ਹੈ ਜੀ। ਬਾਕੀ ਕੋਸ਼ਿਸ਼ ਰਹਿੰਦੀ ਹੈ ਕਿ ਸੱਚਾਈ ਨੂੰ ਲੋਕਾਂ ਸਾਹਮਣੇਂ ਪੇਸ਼ ਕੀਤਾ ਜਾਵੇ।
ਸ਼ੋਅਜ਼ ਅਤੇ ਸੰਗੀਤਕ ਪ੍ਰੋਗਰਾਮਾਂ ਨਾਲ ਡੂੰਘਾ ਪਿਆਰ

ਸਤਿੰਦਰ ਸਰਤਾਜ ਦਾ ਆਪਣੇ ਸ਼ੋਅਜ਼ ਅਤੇ ਸੰਗੀਤਕ ਪ੍ਰੋਗਰਾਮਾਂ ਨਾਲ ਬਹੁਤ ਡੂੰਘਾ ਪਿਆਰ ਹੈ। ਉਹਨਾਂ ਦੇ ਲਾਈਵ ਸ਼ੋਅਜ਼ ਸਿਰਫ਼ ਮਨੋਰੰਜਨ ਤੱਕ ਸੀਮਤ ਨਹੀਂ ਹੁੰਦੇ, ਸਗੋਂ ਇਹ ਕਵਿਤਾ, ਸੂਫੀਅਤ ਅਤੇ ਸੱਭਿਆਚਾਰ ਦਾ ਇੱਕ ਅਨੋਖਾ ਸੰਗਮ ਮੰਨੇ ਜਾਂਦੇ ਹਨ। ਸਰਤਾਜ ਆਪਣੇ ਸ਼ੋਅਜ਼ ਵਿੱਚ ਅਜਿਹੇ ਗੀਤ ਪੇਸ਼ ਕਰਦੇ ਹਨ ਜੋ ਨਿਰਾਸ਼ਾ ਵਿੱਚੋਂ ਸਕਾਰਾਤਮਕਤਾ ਪੈਦਾ ਕਰਦੇ ਹਨ। ਦੁਨੀਆ ਭਰ ਵਿੱਚ ਉਹਨਾਂ ਦੇ ਲਾਈਵ ਸ਼ੋਅਜ਼ ਹੁੰਦੇ ਹਨ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸਰੋਤੇ ਸ਼ਾਮਲ ਹੁੰਦੇ ਹਨ। ਉਹ ਆਪਣੇ ਸ਼ੋਅਜ਼ ਦੌਰਾਨ ਦਰਸ਼ਕਾਂ ਦੇ ਪਿਆਰ ਅਤੇ ਸਾਂਝ ਨੂੰ ਬਹੁਤ ਮਹੱਤਵ ਦਿੰਦੇ ਹਨ ਅਤੇ ਇਸ ਨੂੰ ਆਪਣੀ ਸਭ ਤੋਂ ਵੱਡੀ ਕਮਾਈ ਮੰਨਦੇ ਹਨ।
ਸਤਿੰਦਰ ਦੇ ਗੀਤਾਂ ਵਿੱਚ ਕੁਦਰਤ ਤੇ ਪੰਜਾਬ ਦਾ ਜਿਆਦਾ ਵਰਣਨ

ਕਿਸਾਨੀ ਪਰਿਵਾਰ ਨਾਲ ਸੰਬੰਧਤ ਹੋਣ ਕਾਰਨ ਉਨ੍ਹਾਂ ਦੇ ਜ਼ਿਹਨ ਵਿੱਚ ਅੱਜ ਵੀ ਉਸੇ ਮਿੱਟੀ, ਖੇਤਾਂ, ਫੁੱਲਾਂ, ਫਸਲਾਂ ਦੀ ਮਹਿਕ ਵਾਸ ਕਰਦੀ ਹੈ। ਸਰਤਾਜ ਨੂੰ ਕੁਦਰਤ ਨਾਲ ਲਗਾਵ ਹੈ ‘ਤੇ ਸ਼ਾਇਦ ਇਸੇ ਕਰਕੇ ਹੀ ਆਪ ਮੁਹਾਰੇ ਹੀ ਗੀਤਾਂ ਦੇ ਵਿੱਚ ਜਿਕਰ ਹੋ ਜਾਂਦਾ ਹੈ।
ਭਾਵੇਂ ਭਗਤੀ ਗੀਤ ਹੋਣ ਜਾਂ ਪ੍ਰੇਮ ਗੀਤ, ਸਤਿੰਦਰ ਦੀ ਆਵਾਜ਼ ਵਿੱਚ ਇੱਕ ਭਾਵਨਾਤਮਕ ਸਚਾਈ ਹੈ ਜੋ ਸੀਮਾਵਾਂ ਤੋਂ ਪਾਰ ਗੂੰਜਦੀ ਹੈ। ਸਤਿੰਦਰ ਸਰਤਾਜ ਦਾ ਸਫ਼ਰ ਸੁੰਦਰਤਾ ਨਾਲ ਦਰਸਾਉਂਦਾ ਹੈ ਕਿ ਕਿਵੇਂ ਕਈ ਵਾਰ, ਉਹ ਰਸਤੇ ਜਿਨ੍ਹਾਂ ਦੀ ਅਸੀਂ ਯੋਜਨਾ ਨਹੀਂ ਬਣਾਉਂਦੇ ਉਹ ਸਾਨੂੰ ਬਿਲਕੁਲ ਉੱਥੇ ਲੈ ਜਾਂਦੇ ਹਨ ਜਿੱਥੇ ਸਾਨੂੰ ਹੋਣਾ ਚਾਹੀਦਾ ਹੈ।
ਅੱਜ, ਧੁਰੰਧਰ 2 ਵਿੱਚ ਉਹੀ ਗੁਣ ਸਪੱਸ਼ਟ ਦੀਖਿਆ ਹੈ। ਸਿਰਫ਼ ਇੱਕ ਲਾਈਨ ਨਾਲ, ਉਨ੍ਹਾਂ ਨੇ ਇੱਕ ਪਾਤਰ ਦੇ ਦਰਦ ਨੂੰ ਜੀਵਨ ਵਿੱਚ ਲਿਆਉਂਦਾ ਤੇ ਦਰਸ਼ਕਾਂ ਨੂੰ ਦਿਲੋਂ ਜੋੜ ਦਿੱਤਾ।
ਕਿਉਂਕਿ ਕਈ ਵਾਰ, ਸਿਰਫ਼ ਇੱਕ ਲਾਈਨ ਕਾਫ਼ੀ ਹੁੰਦੀ ਹੈ –
ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ; ਕਿਹੜੇ ਪਾਸੇ ਜਾਈਏ ਸੱਜਣਾ…



Leave a Comment