ਦੁਨੀਆ ਵਿੱਚ ਸਿਰਫ਼ ਇੱਕ ਪਿਤਾ ਹੀ ਉਹ ਸ਼ਖਸ ਹੁੰਦਾ ਹੈ, ਜੋ ਆਪਣੇ ਬੱਚੇ ਨੂੰ ਖ਼ੁਦ ਨਾਲੋਂ ਵੀ ਉੱਚੇ ਮੁਕਾਮ ‘ਤੇ ਦੇਖਣਾ ਚਾਹੁੰਦਾ ਹੈ ਫ਼ਿਰ ਭਾਵੇਂ ਉਹ ਮੁਕਾਮ ਦੁਨੀਆ ਦੇ ਸਭ ਤੋਂ ਉੱਚੇ ਪਹਾੜ ਹੀ ਕਿਉਂ ਨਾ ਹੋਣ। ਕਿਹਾ ਜਾਂਦਾ ਹੈ ਕਿ ਇੱਕ ਪਿਤਾ ਦਾ ਸਾਥ ਬੱਚੇ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਹਾਰਾ ਹੁੰਦਾ ਹੈ। ਜਦੋਂ ਪਿਤਾ ਦਾ ਹੱਥ ਸਿਰ ‘ਤੇ ਹੋਵੇ, ਤਾਂ ਬੱਚੇ ਦਾ ਹੌਂਸਲਾ ਦੁੱਗਣਾ ਹੋ ਜਾਂਦਾ ਹੈ ਅਤੇ ਦੁਨੀਆ ਦਾ ਕੋਈ ਵੀ ਔਖਾ ਰਾਹ ਮੁਸ਼ਕਲ ਨਹੀਂ ਲੱਗਦਾ। ਅਜਿਹੀ ਹੀ ਇੱਕ ਮਿਸਾਲ ਪੰਜਾਬ ਦੇ ਰੋਪੜ ਸ਼ਹਿਰ ਦੇ ਰਹਿਣ ਵਾਲੇ ਸੁਖਿੰਦਰ ਦੀਪ ਸਿੰਘ ਅਤੇ ਉਨ੍ਹਾਂ ਦੇ 7 ਸਾਲਾਂ ਦੇ ਹੋਣਹਾਰ ਪੁੱਤਰ ਤੇਗਬੀਰ ਸਿੰਘ ਨੇ ਪੇਸ਼ ਕੀਤੀ ਹੈ, ਜਿਸ ਨੇ ਇੰਨੀ ਛੋਟੀ ਉਮਰ ਵਿੱਚ ਪਰਬਤਾਰੋਹੀ (Mountaineer) ਬਣ ਕੇ ‘ਏਸ਼ੀਆ ਬੁੱਕ ਆਫ਼ ਰਿਕਾਰਡਜ਼’ ਅਤੇ ‘ਇੰਡੀਆ ਬੁੱਕ ਆਫ਼ ਰਿਕਾਰਡਜ਼’ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ।
ਤੇਗਬੀਰ ਦਾ ਸ਼ਾਨਦਾਰ ਸਫ਼ਰ

ਤੇਗਬੀਰ ਸਿੰਘ ਦਾ ਪਹਾੜਾਂ ‘ਤੇ ਚੜ੍ਹਨ ਦਾ ਸ਼ਾਨਦਾਰ ਸਫ਼ਰ ਲਗਭਗ ਦੋ ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਸਭ ਤੋਂ ਪਹਿਲਾਂ ਅਪ੍ਰੈਲ 2024 ਵਿੱਚ, ਸਿਰਫ਼ 5 ਸਾਲ ਦੀ ਉਮਰ ਵਿੱਚ, ਉਸ ਨੇ ਨੇਪਾਲ ਵਿੱਚ ਸਥਿਤ ਦੁਨੀਆ ਦੀ ਸਭ ਤੋਂ ਉੱਚੀ ਚੋਟੀ ‘ਮਾਊਂਟ ਐਵਰੈਸਟ’ ਦੇ ਬੇਸ ਕੈਂਪ ਤੱਕ ਪਹੁੰਚ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਤੋਂ ਬਾਅਦ, ਉਸ ਦੀ ਇਹ ਉਡਾਣ ਨਹੀਂ ਰੁਕੀ। ਅਗਸਤ 2024 ਵਿੱਚ, ਉਸ ਨੇ ਅਫ਼ਰੀਕਾ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ‘ਮਾਊਂਟ ਕਿਲੀਮਾਂਜਾਰੋ’ ਨੂੰ ਸਰ ਕੀਤਾ।

ਜੂਨ 2025 ਵਿੱਚ, ਤੇਗਬੀਰ ਨੇ ਯੂਰਪ ਦੀ ਸਭ ਤੋਂ ਉੱਚੀ ਅਤੇ ਰੂਸ ਵਿੱਚ ਸਥਿਤ ਚੋਟੀ ‘ਮਾਊਂਟ ਐਲਬਰਸ’ ਨੂੰ ਸਰ ਕੀਤਾ। ਆਪਣੀ ਇਸੇ ਮੁਹਿੰਮ ਨੂੰ ਜਾਰੀ ਰੱਖਦਿਆਂ, ਅਪ੍ਰੈਲ 2026 ਵਿੱਚ ਉਸ ਨੇ ਨੇਪਾਲ ਦੇ ਅੰਨਪੂਰਨਾ ਸਰਕਟ ਦੇ ਤਕਰੀਬਨ 235 ਕਿਲੋਮੀਟਰ ਲੰਬੇ ਅਤੇ ਬੇਹੱਦ ਔਖੇ ਟ੍ਰੈਕ ਨੂੰ ਪੂਰਾ ਕੀਤਾ, ਜਿੱਥੇ ਉਹ ਇਸ ਦੇ ਸਭ ਤੋਂ ਉੱਚੇ ਬਿੰਦੂ ‘ਥਰੋਂਗਲਾ ਪਾਸ’ ਤੱਕ ਪਹੁੰਚਿਆ। ਹੁਣ ਤੱਕ, ਤੇਗਬੀਰ 7 ਸਾਲ ਦੀ ਉਮਰ ਵਿੱਚ ਚਾਰ ਵੱਡੇ ਅੰਤਰਰਾਸ਼ਟਰੀ ਪਰਬਤਾਰੋਹਣ ਟ੍ਰਿਪ ਸਫ਼ਲਤਾਪੂਰਵਕ ਪੂਰੇ ਕਰ ਚੁੱਕਾ ਹੈ।
ਖੇਡ ਪਿਛੋਕੜ ਅਤੇ ਸੋਚ

ਤੇਗਬੀਰ ਦੇ ਪਿਤਾ ਸੁਖਿੰਦਰ ਦੀਪ ਸਿੰਘ ਦੱਸਦੇ ਹਨ ਕਿ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਖੇਡਾਂ ਨਾਲ ਜੁੜਿਆ ਰਿਹਾ ਹੈ। ਹਾਲਾਂਕਿ, ਉਨ੍ਹਾਂ ਦਾ ਪਰਬਤਾਰੋਹਣ ਦਾ ਕੋਈ ਸੁਪਨਾ ਨਹੀਂ ਸੀ, ਪਰ ਉਨ੍ਹਾਂ ਨੂੰ ਖ਼ੁਦ ਦੌੜਨ ਦਾ ਸ਼ੌਕ ਰਿਹਾ ਹੈ, ਜਿਸ ਨੂੰ ਉਹ ਅੱਜ ਵੀ ਰੋਟਰੀ ਕਲੱਬ ਰਾਹੀਂ ਜਾਰੀ ਰੱਖ ਰਹੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਦੌਰ ਵਿੱਚ ਖੇਡਾਂ ਨੂੰ ਬਤੌਰ ਪ੍ਰੋਫੈਸ਼ਨ ਅਪਣਾਉਣ ਦਾ ਮੌਕਾ ਨਹੀਂ ਮਿਲ ਸਕਿਆ, ਪਰ ਉਹ ਆਪਣੇ ਬੱਚਿਆਂ ਵਿੱਚ ਇਹ ਜਜ਼ਬਾ ਦੇਖਦੇ ਹਨ।
ਜ਼ਿਕਰਯੋਗ, ਉਨ੍ਹਾਂ ਦਾ ਮੰਨਣਾ ਹੈ ਕਿ ਖੇਡ ਦਾ ਮੈਦਾਨ ਇਨਸਾਨ ਨੂੰ ਸਿਰਫ਼ ਜਿੱਤਣਾ ਨਹੀਂ, ਸਗੋਂ ਸੰਘਰਸ਼ ਕਰਨਾ ਅਤੇ ਹਾਰ ਨੂੰ ਸਵੀਕਾਰ ਕਰਨਾ ਵੀ ਸਿਖਾਉਂਦਾ ਹੈ। ਜੋ ਖੇਡ ਦੇ ਮੈਦਾਨ ਵਿੱਚ ਉਤਰਦਾ ਹੈ, ਉਹ ਰਣਨੀਤੀ, ਸਖ਼ਤ ਮਿਹਨਤ ਅਤੇ ਭਾਵਨਾਵਾਂ ‘ਤੇ ਕਾਬੂ ਪਾਉਣਾ ਸਿੱਖ ਜਾਂਦਾ ਹੈ। ਖਿਡਾਰੀਆਂ ਦੇ ਦਿਲ ਵੱਡੇ ਹੁੰਦੇ ਹਨ ਕਿਉਂਕਿ ਉਹ ਜਿੱਤ-ਹਾਰ ਨੂੰ ਜ਼ਿੰਦਗੀ ਦਾ ਹਿੱਸਾ ਮੰਨ ਕੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ਅਤੇ ਇਹੀ ਸੋਚ ਤੇਗਬੀਰ ਦੇ ਕੰਮ ਆ ਰਹੀ ਹੈ।
ਸਖ਼ਤ ਟ੍ਰੇਨਿੰਗ ਅਤੇ ਕੋਚ ਦਾ ਸਾਥ

ਪਹਾੜਾਂ ਦੇ ਇਸ ਖ਼ਤਰਨਾਕ ਸਫ਼ਰ ‘ਤੇ ਨਿਕਲਣ ਲਈ ਸਾਲਾਂ ਦੀ ਸਖ਼ਤ ਟ੍ਰੇਨਿੰਗ, ਤਾਕਤ ਅਤੇ ਖ਼ੁਰਾਕ ਦੀ ਲੋੜ ਹੁੰਦੀ ਹੈ। ਸੁਖਿੰਦਰ ਦੀਪ ਸਿੰਘ ਦੱਸਦੇ ਹਨ ਕਿ ਰੋਪੜ ਦੀ ਖ਼ੂਬਸੂਰਤੀ ਇਹ ਹੈ ਕਿ ਇੱਥੇ ਸ਼ਿਵਾਲਿਕ ਦੀਆਂ ਪਹਾੜੀਆਂ ਅਤੇ ਪਾਣੀ ਬਿਲਕੁਲ ਨੇੜੇ ਹਨ, ਜਿਸ ਕਾਰਨ ਸ਼ਹਿਰ ਵਿੱਚ ਇੱਕ ਵਧੀਆ ਟ੍ਰੈਕਿੰਗ ਕਲਚਰ ਹੈ। ਉਹ ਤੇਗਬੀਰ ਦੀ ਸਫ਼ਲਤਾ ਦਾ ਸਿਹਰਾ ਉਸ ਦੇ ਕੋਚ ਨੂੰ ਦਿੰਦੇ ਹਨ। ਕੋਚ ਨੇ ਹੀ ਤੇਗਬੀਰ ਦੇ ਅੰਦਰ ਛੁਪੇ ਹੁਨਰ ਨੂੰ ਪਛਾਣ ਕੇ ਸਹੀ ਦਿਸ਼ਾ ਦਿੱਤੀ ਅਤੇ ਪਹਾੜਾਂ ‘ਤੇ ਚੜ੍ਹਨ ਲਈ ਸਖ਼ਤ ਸਰੀਰਕ ਤੇ ਮਾਨਸਿਕ ਟ੍ਰੇਨਿੰਗ ਦਿੱਤੀ। ਕੋਚ ਦੀ ਅਗਵਾਈ ਵਿੱਚ ਹਰ ਹਫ਼ਤੇ ਪਹਾੜਾਂ ਵਿੱਚ ਕੀਤੀ ਜਾਂਦੀ ਟ੍ਰੈਕਿੰਗ ਨੇ ਹੀ ਤੇਗਬੀਰ ਦਾ ਸਟੈਮਿਨਾ ਮਜ਼ਬੂਤ ਬਣਾਇਆ।
ਪਿਤਾ ਵਜੋਂ ਰੋਜ਼ਾਨਾ ਨਵਾਂ ਤਜ਼ਰਬਾ

ਸੁਖਿੰਦਰ ਦੀਪ ਸਿੰਘ ਦਾ ਮੰਨਣਾ ਹੈ ਕਿ ਬੱਚੇ ਦੇ ਇਸ ਸਫ਼ਰ ਲਈ ਸਮਾਂ ਕੱਢਣ ਨਾਲ ਉਨ੍ਹਾਂ ਦੀ ਨਿੱਜੀ ਜ਼ਿੰਦਗੀ ‘ਤੇ ਕੋਈ ਨਕਾਰਾਤਮਕ ਅਸਰ ਨਹੀਂ ਪੈਂਦਾ। ਉਹ ਕਹਿੰਦੇ ਹਨ ਕਿ ਅੱਜ ਦੇ ਦੌਰ ਵਿੱਚ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣਾ ਕੋਈ ਸਮਝੌਤਾ ਨਹੀਂ ਹੈ, ਸਗੋਂ ਇਹ ਤੁਹਾਡੇ ਆਪਣੇ ਨਿੱਜੀ ਵਿਕਾਸ ਨੂੰ ਹੋਰ ਵਧਾਉਂਦਾ ਹੈ। ਤਿੰਨ ਬੱਚਿਆਂ ਦੇ ਪਿਤਾ ਸੁਖਿੰਦਰ ਕਹਿੰਦੇ ਹਨ ਕਿ ਪਿਤਾ ਬਣਨ ਦਾ ਅਨੁਭਵ ਤੁਹਾਨੂੰ ਹਰ ਰੋਜ਼ ਕੁਝ ਨਵਾਂ ਸਿਖਾਉਂਦਾ ਹੈ। ਅੱਜ, ਜਦੋਂ ਉਹ ਖ਼ੁਦ ਇੱਕ ਪਿਤਾ ਹਨ, ਤਾਂ ਉਹ ਆਪਣੇ ਬਜ਼ੁਰਗ ਪਿਤਾ ਦੇ ਉਸ ਸੰਘਰਸ਼ ਨੂੰ ਵਧੇਰੇ ਡੂੰਘਾਈ ਨਾਲ ਸਮਝ ਪਾ ਰਹੇ ਹਨ, ਜਿਨ੍ਹਾਂ ਨੇ ਕਦੇ ਉਨ੍ਹਾਂ ਨੂੰ ਉਂਗਲ ਫੜ ਕੇ ਤੋਰਿਆ ਸੀ। ਆਪਣੀਆਂ ਧੀਆਂ ਦੇ ਲਾਡ-ਪਿਆਰ ਅਤੇ ਪੁੱਤ ਦੀ ਸਖ਼ਤ ਮਿਹਨਤ ਦੇ ਵਿਚਕਾਰ, ਹਰ ਦਿਨ ਇੱਕ ਪਿਤਾ ਲਈ ਇੱਕ ਨਵਾਂ ਤਜ਼ਰਬਾ ਹੁੰਦਾ ਹੈ।
ਪਿਤਾ ਲਈ ਪੁੱਤ ਦਾ ਪਿਆਰ

ਇਸ ਸਫ਼ਰ ਦੀ ਸਭ ਤੋਂ ਭਾਵੁਕ ਗੱਲ ਆਖ਼ਰ ਵਿੱਚ ਸਾਹਮਣੇ ਆਈ, ਜਦੋਂ 7 ਸਾਲ ਦੇ ਮਾਸੂਮ ਤੇਗਬੀਰ ਨੇ ਆਪਣੇ ਪਿਤਾ ਦੇ ਗਲ ਲੱਗ ਕੇ ਕਿਹਾ, “ਆਈ ਲਵ ਯੂ ਪਾਪਾ! ਤੁਸੀਂ ਮੈਨੂੰ ਇੰਨਾ ਕੁਝ ਦਿਖਾਇਆ, ਇੰਨੀਆਂ ਥਾਵਾਂ ‘ਤੇ ਲੈ ਕੇ ਗਏ। ਤੁਹਾਡੇ ਕਰਕੇ ਹੀ ਅੱਜ ਮੇਰਾ ਇੰਨਾ ਵੱਡਾ ਨਾਮ ਹੋਇਆ ਹੈ ਅਤੇ ਤੁਸੀਂ ਮੈਨੂੰ ਇੰਨੀ ਮਿਹਨਤ ਕਰਵਾਈ, ਥੈਂਕਯੂ।” ਇਹ ਪਿਆਰੇ ਬੋਲ ਸਾਬਤ ਕਰਦੇ ਹਨ ਕਿ ਭਾਵੇਂ ਤੇਗਬੀਰ ਦੁਨੀਆ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਸਰ ਕਰ ਰਿਹਾ ਹੈ, ਪਰ ਉਸ ਦੇ ਲਈ ਉਸ ਦਾ ਸਭ ਤੋਂ ਵੱਡਾ ‘ਸੁਪਰਹੀਰੋ’ ਉਸ ਦਾ ਪਿਤਾ ਹੀ ਹੈ।



Leave a Comment