ਕਿਸੇ ਵੀ ਔਰਤ ਲਈ ਪੁਲਿਸ ਥਾਣੇ ਤੱਕ ਪਹੁੰਚਣਾ ਅਕਸਰ ਇਨਸਾਫ਼ ਦੀ ਲੜਾਈ ਦਾ ਪਹਿਲਾ ਨਹੀਂ, ਸਗੋਂ ਸਭ ਤੋਂ ਔਖਾ ਕਦਮ ਹੁੰਦਾ ਹੈ। ਐੱਫ.ਆਈ.ਆਰ. ਦਰਜ ਹੋਣ ਜਾਂ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਉਸ ਨੂੰ ਆਪਣੇ ਅੰਦਰਲੇ ਡਰ, ਸਮਾਜ ਦੀਆਂ ਗੱਲਾਂ ਅਤੇ ਇਸ ਸ਼ੰਕੇ ਨਾਲ ਲੜਨਾ ਪੈਂਦਾ ਹੈ ਕਿ ਕੀ ਉਸ ਦੀ ਗੱਲ ਸੱਚਮੁੱਚ ਸੁਣੀ ਜਾਵੇਗੀ। ਘਰੇਲੂ ਹਿੰਸਾ, ਛੇੜਛਾੜ, ਪਿੱਛਾ ਕਰਨ, ਜਿਨਸੀ ਸ਼ੋਸ਼ਣ ਜਾਂ ਕਿਸੇ ਹੋਰ ਅਪਰਾਧ ਦਾ ਸ਼ਿਕਾਰ ਬਣੀਆਂ ਕਈ ਔਰਤਾਂ ਲਈ ਪੁਲਿਸ ਨਾਲ ਹੋਣ ਵਾਲੀ ਪਹਿਲੀ ਗੱਲਬਾਤ ਹੀ ਇਹ ਤੈਅ ਕਰਦੀ ਹੈ ਕਿ ਉਹ ਇਨਸਾਫ਼ ਦੀ ਲੜਾਈ ਜਾਰੀ ਰੱਖਣਗੀਆਂ ਜਾਂ ਫਿਰ ਚੁੱਪਚਾਪ ਘਰ ਵਾਪਸ ਮੁੜ ਜਾਣਗੀਆਂ।
ਇਸੇ ਹਕੀਕਤ ਨੂੰ ਸਮਝਦਿਆਂ ਪੰਜਾਬ ਪੁਲਿਸ ਨੇ ਸੂਬੇ ਦੇ ਹਰ ਪੁਲਿਸ ਥਾਣੇ ਵਿੱਚ ‘ਵੂਮੈਨ ਹੈਲਪ ਡੈਸਕ’ ਸਥਾਪਤ ਕੀਤੇ। ਜੋ ਪਹਿਲਾਂ ਸਿਰਫ ਇੱਕ ਪ੍ਰਸ਼ਾਸਕੀ ਪਹਿਲ ਲੱਗਦੀ ਸੀ, ਉਹ ਅੱਜ ਹੌਲੀ-ਹੌਲੀ ਔਰਤਾਂ ਲਈ ਭਰੋਸੇ, ਸੁਰੱਖਿਆ ਅਤੇ ਹਮਦਰਦੀ ਦਾ ਕੇਂਦਰ ਬਣਦੇ ਜਾ ਰਹੇ ਹਨ। ਇਨ੍ਹਾਂ ਹੈਲਪ ਡੈਸਕਾਂ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧਾਂ ਨਾਲ ਸਬੰਧਤ 2.31 ਲੱਖ ਤੋਂ ਵੱਧ ਸ਼ਿਕਾਇਤਾਂ ਇਨ੍ਹਾਂ ਰਾਹੀਂ ਦਰਜ ਹੋ ਚੁੱਕੀਆਂ ਹਨ। ਇਹ ਅੰਕੜਾ ਸਿਰਫ ਅਪਰਾਧਾਂ ਦੀ ਗੰਭੀਰਤਾ ਨਹੀਂ ਦੱਸਦਾ, ਸਗੋਂ ਇਸ ਗੱਲ ਦਾ ਵੀ ਸੰਕੇਤ ਹੈ ਕਿ ਹੁਣ ਪਹਿਲਾਂ ਨਾਲੋਂ ਵੱਧ ਔਰਤਾਂ ਮਦਦ ਮੰਗਣ ਲਈ ਅੱਗੇ ਆ ਰਹੀਆਂ ਹਨ।
ਅੱਜ ਪੰਜਾਬ ਦੇ ਸਾਰੇ 424 ਪੁਲਿਸ ਥਾਣਿਆਂ, ਜਿਨ੍ਹਾਂ ਵਿੱਚ 39 ਸਪੈਸ਼ਲ ਪਰਪਜ਼ (ਵਿਸ਼ੇਸ਼ ਮੰਤਵ) ਪੁਲਿਸ ਸਟੇਸ਼ਨ ਵੀ ਸ਼ਾਮਲ ਹਨ, ਵਿੱਚ ਇਹ ਵੂਮੈਨ ਹੈਲਪ ਡੈਸਕ ਕੰਮ ਕਰ ਰਹੇ ਹਨ, ਜਿਸ ਨਾਲ ਸੂਬੇ ਦੇ ਹਰ ਕੋਨੇ ਦੀਆਂ ਔਰਤਾਂ ਲਈ ਇੱਕ ਸਮਰਪਿਤ ਸਹਾਇਤਾ ਪ੍ਰਣਾਲੀ ਉਪਲੱਬਧ ਹੋਈ ਹੈ।

ਪੰਜਾਬ ਦੀ ਇਹ ਪਹਿਲ ਦੇਸ਼ ਪੱਧਰ ‘ਤੇ ਪੁਲਿਸਿੰਗ ਨੂੰ ਹੋਰ ਸੰਵੇਦਨਸ਼ੀਲ ਬਣਾਉਣ ਦੇ ਯਤਨਾਂ ਦਾ ਵੀ ਹਿੱਸਾ ਹੈ। ‘ਨਿਰਭਯਾ ਫੰਡ’ ਤਹਿਤ ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇਸ਼ ਭਰ ਦੇ ਪੁਲਿਸ ਥਾਣਿਆਂ ਵਿੱਚ ਵੂਮੈਨ ਹੈਲਪ ਡੈਸਕ ਸਥਾਪਤ ਕਰਨ ਨੂੰ ਉਤਸ਼ਾਹਿਤ ਕੀਤਾ, ਤਾਂ ਜੋ ਉਹ ਔਰਤਾਂ, ਜੋ ਡਰ, ਸਮਾਜਿਕ ਦਬਾਅ ਜਾਂ ਹਿਚਕਚਾਹਟ ਕਾਰਨ ਪੁਲਿਸ ਤੱਕ ਨਹੀਂ ਪਹੁੰਚਦੀਆਂ, ਉਨ੍ਹਾਂ ਲਈ ਇੱਕ ਸੁਰੱਖਿਅਤ ਅਤੇ ਭਰੋਸੇਯੋਗ ਮਾਹੌਲ ਤਿਆਰ ਕੀਤਾ ਜਾ ਸਕੇ। ਪੰਜਾਬ ਨੇ ਇਸ ਪਹਿਲ ਨੂੰ ਅੱਗੇ ਵਧਾਉਂਦਿਆਂ ਸਿਖਲਾਈ-ਯਾਫ਼ਤਾ (ਤਰਬੀਅਤਯਾਫ਼ਤਾ) ਮਹਿਲਾ ਪੁਲਿਸ ਕਰਮਚਾਰੀਆਂ ਨੂੰ ਪੀੜਤਾਂ ਲਈ ਪਹਿਲਾ ਸੰਪਰਕ ਬਣਾਇਆ ਹੈ।
ਸਰਕਾਰੀ ਅੰਕੜਿਆਂ ਅਨੁਸਾਰ 1 ਜਨਵਰੀ 2023 ਤੋਂ 30 ਜੂਨ 2026 ਦਰਮਿਆਨ ਪੰਜਾਬ ਗ੍ਰੀਵੈਂਸ ਡਿਸਪੋਜ਼ਲ (ਪੀ.ਜੀ.ਡੀ.) ਪੋਰਟਲ ‘ਤੇ ਔਰਤਾਂ ਅਤੇ ਬੱਚਿਆਂ ਨਾਲ ਸਬੰਧਤ 1,33,152 ਸ਼ਿਕਾਇਤਾਂ ਪ੍ਰਾਪਤ ਹੋਈਆਂ। ਇਨ੍ਹਾਂ ਵਿੱਚੋਂ 99,692 ਸ਼ਿਕਾਇਤਾਂ, ਅਰਥਾਤ ਲਗਭਗ 75 ਫੀਸਦੀ, ‘ਪੰਜਾਬ ਪੁਲਿਸ ਮਹਿਲਾ ਮਿੱਤਰਾਂ’ (PPMMs) ਨੂੰ ਸੌਂਪੀਆਂ ਗਈਆਂ। ਇਹ ਅੰਕੜੇ ਸਿਰਫ ਸ਼ਿਕਾਇਤਾਂ ਦੀ ਗਿਣਤੀ ਨਹੀਂ ਦੱਸਦੇ, ਇਹ ਇਸ ਗੱਲ ਦਾ ਵੀ ਸੰਕੇਤ ਹਨ ਕਿ ਹੁਣ ਵੱਧ ਤੋਂ ਵੱਧ ਔਰਤਾਂ ਚੁੱਪ ਰਹਿਣ ਦੀ ਬਜਾਏ ਆਪਣੀ ਗੱਲ ਕਹਿਣ ਦਾ ਹੌਸਲਾ ਇਕੱਠਾ ਕਰ ਰਹੀਆਂ ਹਨ। ਔਰਤਾਂ ਦੇ ਅਧਿਕਾਰਾਂ ਨਾਲ ਜੁੜੇ ਮਾਹਿਰ ਲੰਬੇ ਸਮੇਂ ਤੋਂ ਕਹਿੰਦੇ ਆਏ ਹਨ ਕਿ ਜਦੋਂ ਪੀੜਤ ਨੂੰ ਪਹਿਲੀ ਵਾਰ ਹੀ ਕਿਸੇ ਸੰਵੇਦਨਸ਼ੀਲ ਮਹਿਲਾ ਪੁਲਿਸ ਮੁਲਾਜ਼ਮ ਨਾਲ ਗੱਲ ਕਰਨ ਦਾ ਮੌਕਾ ਮਿਲਦਾ ਹੈ, ਤਾਂ ਉਸ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਅਤੇ ਇਨਸਾਫ਼ ਦੀ ਲੜਾਈ ਜਾਰੀ ਰੱਖਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਪੰਜਾਬ ਪੁਲਿਸ ਦਾ ਅਨੁਭਵ ਵੀ ਇਸੇ ਪਾਸੇ ਇਸ਼ਾਰਾ ਕਰਦਾ ਹੈ। ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ.) ਗੌਰਵ ਯਾਦਵ ਅਨੁਸਾਰ, ਵੂਮੈਨ ਹੈਲਪ ਡੈਸਕਾਂ ਨੇ ਨਾ ਸਿਰਫ ਪੁਲਿਸ ਤੱਕ ਪਹੁੰਚ ਆਸਾਨ ਬਣਾਈ ਹੈ, ਸਗੋਂ ਜੈਂਡਰ-ਸੰਵੇਦਨਸ਼ੀਲ ਪੁਲਿਸਿੰਗ ਨੂੰ ਵੀ ਮਜ਼ਬੂਤ ਕੀਤਾ ਹੈ ਅਤੇ ਲੋਕਾਂ ਦਾ ਭਰੋਸਾ ਵਧਾਇਆ ਹੈ। ਉਨ੍ਹਾਂ ਕਿਹਾ ਕਿ ਇਹ ਹੈਲਪ ਡੈਸਕ ਪੁਲਿਸ ਥਾਣਿਆਂ ਨੂੰ ਔਰਤਾਂ ਲਈ ਵਧੇਰੇ ਭਰੋਸੇਯੋਗ ਅਤੇ ਸਹਿਜ ਸਥਾਨ ਬਣਾਉਣ ਵਿੱਚ ਸਫ਼ਲ ਰਹੇ ਹਨ। ਇਸ ਸਮੇਂ ਸੂਬੇ ਦੇ ਸਾਰੇ 424 ਪੁਲਿਸ ਥਾਣਿਆਂ ਵਿੱਚ 848 ‘ਪੰਜਾਬ ਪੁਲਿਸ ਮਹਿਲਾ ਮਿੱਤਰ’ ਤਾਇਨਾਤ ਹਨ।
ਇਹ ਬਦਲਾਅ ਸਿਰਫ ਢਾਂਚਾਗਤ ਨਹੀਂ, ਸਗੋਂ ਸੋਚ ਵਿੱਚ ਵੀ ਆਇਆ ਹੈ।

ਸਾਲ 2021 ਵਿੱਚ ‘ਪੰਜਾਬ ਪੁਲਿਸ ਮਹਿਲਾ ਮਿੱਤਰ’ ਪ੍ਰੋਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਔਰਤਾਂ ਅਤੇ ਬੱਚਿਆਂ ਨਾਲ ਸਬੰਧਤ ਜ਼ਿਆਦਾਤਰ ਸ਼ਿਕਾਇਤਾਂ ਪੁਰਸ਼ ਪੁਲਿਸ ਮੁਲਾਜ਼ਮਾਂ ਵੱਲੋਂ ਹੀ ਸੁਣੀਆਂ ਜਾਂਦੀਆਂ ਸਨ। ਅੱਜ ਇਹ 848 ਸਿਖਲਾਈ-ਯਾਫ਼ਤਾ ਮਹਿਲਾ ਮਿੱਤਰ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨਾਲ ਸਬੰਧਤ ਮਾਮਲਿਆਂ ਵਿੱਚ ਸਮਰਪਿਤ ਤੌਰ ‘ਤੇ ਕੰਮ ਕਰ ਰਹੀਆਂ ਹਨ। ਉਨ੍ਹਾਂ ਦੀ ਭੂਮਿਕਾ ਸਿਰਫ ਸ਼ਿਕਾਇਤ ਦਰਜ ਕਰਨ ਤੱਕ ਸੀਮਿਤ ਨਹੀਂ ਹੈ। ਉਹ ਪੀੜਤਾਂ ਨੂੰ ਕਾਨੂੰਨੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦੀਆਂ ਹਨ, ਜਾਂਚ ਟੀਮ ਨਾਲ ਤਾਲਮੇਲ ਕਰਦੀਆਂ ਹਨ, ਲੋੜ ਪੈਣ ‘ਤੇ ਕੌਂਸਲਿੰਗ (Counselling) ਅਤੇ ਹੋਰ ਸਹਾਇਤਾ ਨਾਲ ਜੋੜਦੀਆਂ ਹਨ ਅਤੇ ਕਈ ਵਾਰ ਇੱਕ ਅਜਿਹੇ ਸਹਾਰੇ ਵਜੋਂ ਸਾਹਮਣੇ ਆਉਂਦੀਆਂ ਹਨ, ਜਿਸ ਦੀ ਪੀੜਤ ਨੂੰ ਸਭ ਤੋਂ ਵੱਧ ਲੋੜ ਹੁੰਦੀ ਹੈ।
ਇਸ ਪਹਿਲ ਨੂੰ ਹੋਰ ਮਜ਼ਬੂਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਾਲ ਹੀ ਵਿੱਚ ਵੂਮੈਨ ਹੈਲਪ ਡੈਸਕਾਂ ਅਤੇ ਮਹਿਲਾ ਮਿੱਤਰ ਪਹਿਲ ਨਾਲ ਜੁੜੀਆਂ ਮਹਿਲਾ ਪੁਲਿਸ ਕਰਮਚਾਰੀਆਂ ਲਈ 93 ਇਲੈਕਟ੍ਰਿਕ ਸਕੂਟਰਾਂ ਨੂੰ ਮਨਜ਼ੂਰੀ ਦਿੱਤੀ ਹੈ। ਡੀ.ਜੀ.ਪੀ. ਗੌਰਵ ਯਾਦਵ ਵੱਲੋਂ ਝੰਡੀ ਦਿਖਾ ਕੇ ਰਵਾਨਾ ਕੀਤੇ ਗਏ ਇਹ ਸਕੂਟਰ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਦੂਰ-ਦੁਰਾਡੇ ਇਲਾਕਿਆਂ ਤੱਕ ਵੀ ਤੇਜ਼ੀ ਨਾਲ ਪਹੁੰਚਣ ਵਿੱਚ ਮਦਦ ਕਰਨਗੇ। ਇਸ ਤੋਂ ਇਲਾਵਾ ਪੰਜਾਬ ਵਿੱਚ 10 ਮਹਿਲਾ ਪੁਲਿਸ ਸਟੇਸ਼ਨ ਅਤੇ 15 ਵੂਮੈਨ ਸੈੱਲ ਵੀ ਕੰਮ ਕਰ ਰਹੇ ਹਨ। ਇੱਥੇ ਤਾਇਨਾਤ ਸਿਖਲਾਈ-ਯਾਫ਼ਤਾ ਮਹਿਲਾ ਪੁਲਿਸ ਕਰਮਚਾਰੀ ਪੀੜਤਾਂ ਨੂੰ ਗੁਪਤ ਮਾਹੌਲ ਵਿੱਚ ਆਪਣੀ ਗੱਲ ਰੱਖਣ, ਕਾਨੂੰਨੀ ਸਲਾਹ, ਕੌਂਸਲਿੰਗ ਅਤੇ ਹੋਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਦੀਆਂ ਹਨ।

ਪੰਜਾਬ ਪੁਲਿਸ ਹੁਣ ਸਿਰਫ ਇਹ ਸੁਵਿਧਾਵਾਂ ਵਧਾਉਣ ਤੱਕ ਹੀ ਸੀਮਿਤ ਨਹੀਂ ਰਹੀ। ਜੇ-ਪਾਲ (J-PAL) ਅਤੇ ਹਾਰਟੇਕ ਫਾਊਂਡੇਸ਼ਨ ਦੇ ਸਹਿਯੋਗ ਨਾਲ ਵੂਮੈਨ ਹੈਲਪ ਡੈਸਕਾਂ ਦੀ ਪ੍ਰਭਾਵਸ਼ੀਲਤਾ ਦਾ ਸੁਤੰਤਰ ਮੁਲਾਂਕਣ ਵੀ ਕੀਤਾ ਜਾ ਰਿਹਾ ਹੈ, ਤਾਂ ਜੋ ਇਹ ਜਾਣਿਆ ਜਾ ਸਕੇ ਕਿ ਇਹ ਪਹਿਲ ਔਰਤਾਂ ਦੀ ਇਨਸਾਫ਼ ਤੱਕ ਪਹੁੰਚ, ਪੀੜਤਾਂ ਨੂੰ ਮਿਲਣ ਵਾਲੀ ਸਹਾਇਤਾ ਅਤੇ ਲੋਕਾਂ ਦੇ ਭਰੋਸੇ ਨੂੰ ਕਿੰਨਾ ਮਜ਼ਬੂਤ ਕਰ ਰਹੀ ਹੈ। ਸਪੈਸ਼ਲ ਡੀ.ਜੀ.ਪੀ. (ਕਮਿਊਨਿਟੀ ਅਫੇਅਰਜ਼ ਅਤੇ ਵੂਮੈਨ ਅਫੇਅਰਜ਼) ਗੁਰਪ੍ਰੀਤ ਦਿਓ ਦਾ ਕਹਿਣਾ ਹੈ ਕਿ ਵੂਮੈਨ ਹੈਲਪ ਡੈਸਕਾਂ ਨੇ ਪੁਲਿਸ ਅਤੇ ਸਮਾਜ ਵਿਚਕਾਰ ਭਰੋਸੇ ਦਾ ਪੁਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਮੁਤਾਬਕ, ਇਨ੍ਹਾਂ ਡੈਸਕਾਂ ਨੇ ਔਰਤਾਂ ਨੂੰ ਇਹ ਵਿਸ਼ਵਾਸ ਦਿੱਤਾ ਹੈ ਕਿ ਉਨ੍ਹਾਂ ਦੀ ਗੱਲ ਨੂੰ ਹਮਦਰਦੀ ਅਤੇ ਸੰਵੇਦਨਸ਼ੀਲਤਾ ਨਾਲ ਸੁਣਿਆ ਜਾਵੇਗਾ। ਪੰਜਾਬ ਲਈ ਇਨ੍ਹਾਂ ਵੂਮੈਨ ਹੈਲਪ ਡੈਸਕਾਂ ਦੀ ਕਾਮਯਾਬੀ ਨੂੰ ਸਿਰਫ 2.31 ਲੱਖ ਸ਼ਿਕਾਇਤਾਂ ਦੇ ਅੰਕੜੇ ਨਾਲ ਨਹੀਂ ਤੋਲਿਆ ਜਾ ਸਕਦਾ। ਅਸਲ ਬਦਲਾਅ ਇਸ ਗੱਲ ਵਿੱਚ ਹੈ ਕਿ ਹੁਣ ਵੱਧ ਤੋਂ ਵੱਧ ਔਰਤਾਂ ਪੁਲਿਸ ਥਾਣੇ ਦੇ ਦਰਵਾਜ਼ੇ ਤੱਕ ਪਹੁੰਚਣ ਅਤੇ ਆਪਣਾ ਦਰਦ ਬਿਨਾਂ ਕਿਸੇ ਡਰ ਦੇ ਦੂਜੀ ਔਰਤ ਨਾਲ ਸਾਂਝਾ ਕਰਨ ਦਾ ਹੌਸਲਾ ਇਕੱਠਾ ਕਰ ਰਹੀਆਂ ਹਨ।
ਹਰ ਸ਼ਿਕਾਇਤ ਦੇ ਪਿੱਛੇ ਕਿਸੇ ਇੱਕ ਔਰਤ, ਬੱਚੇ ਜਾਂ ਪਰਿਵਾਰ ਦੀ ਅਜਿਹੀ ਕਹਾਣੀ ਲੁਕੀ ਹੋਈ ਹੈ, ਜਿਸ ਨੇ ਚੁੱਪ ਰਹਿਣ ਦੀ ਬਜਾਏ ਆਪਣੀ ਆਵਾਜ਼ ਉਠਾਉਣ ਦਾ ਫੈਸਲਾ ਕੀਤਾ। ਇਸ ਲਈ ਵੂਮੈਨ ਹੈਲਪ ਡੈਸਕ ਸਿਰਫ ਪੁਲਿਸ ਥਾਣੇ ਦਾ ਇੱਕ ਹੋਰ ਕਾਊਂਟਰ ਨਹੀਂ, ਸਗੋਂ ਉਹ ਥਾਂ ਬਣਦੀ ਜਾ ਰਹੀ ਹੈ, ਜਿੱਥੇ ਡਰ ਹੌਲੀ-ਹੌਲੀ ਭਰੋਸੇ ਵਿੱਚ ਬਦਲਦਾ ਹੈ ਅਤੇ ਇਨਸਾਫ਼ ਦੀ ਯਾਤਰਾ ਆਪਣਾ ਪਹਿਲਾ ਕਦਮ ਚੁੱਕਦੀ ਹੈ।



Leave a Comment