ਅੱਠ ਸਦੀਆਂ ਤੱਕ ਰਾਜਿਆਂ ਅਤੇ ਰਾਜਪਾਲਾਂ ਦਾ ਇਤਿਹਾਸ ਅਤੇ ਸਿੱਖ ਗੁਰੂਆਂ ਦੁਆਰਾ ਬਖਸ਼ਿਸ਼ ਪ੍ਰਾਪਤ ਕਰਨ ਵਾਲਾ ਇੱਕ ਕਬੀਲਾ – ਇਹ ਸਭ ਇੱਕ ਉਪਨਾਮ ਦੇ ਪਿੱਛੇ ਹੈ ਜੋ ਹੁਣ ਗੈਂਗਵਾਰ ਚ ਹੋਏ ਕਤਲ ਕਾਰਨ ਵਿਸ਼ਵਵਿਆਪੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਓ ਜਾਣਦੇ ਹਾਂ ਕਿ “ਬਰਾੜ” ਨਾਮ ਅਸਲ ਵਿਚ ਕੀ ਮਾਇਨੇ ਰੱਖਦਾ ਹੈ।
ਇਸ ਹਫ਼ਤੇ “ਬਰਾੜ” ਉਪਨਾਮ ਅੰਤਰਾਸ਼ਟਰੀ ਖ਼ਬਰਾਂ ਵਿੱਚ ਹੈ, ਪਰ ਅਜਿਹੇ ਕਾਰਨਾਂ ਕਰਕੇ ਪਰਿਵਾਰ ਦਾ ਕੋਈ ਵੀ ਮੈਂਬਰ ਪਸੰਦ ਨਹੀਂ ਕਰੇਗਾ – ਇਹ ਖ਼ਬਰ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ ਵਿੱਚ, ਨਾਲ ਹੀ ਪੂਰੇ ਭਾਰਤ ਅਤੇ ਦੂਜੀਆਂ ਜਗ੍ਹਾ ‘ਤੇ ਤੇਜ਼ੀ ਨਾਲ ਫੈਲ ਗਈ ਹੈ। 7 ਜੁਲਾਈ, 2026 ਨੂੰ, ਅਮਰੀਕੀ ਨਿਆਂ ਵਿਭਾਗ ਨੇ “ਹਾਰਡ ਬਾਲ” ਨਾਮਕ ਸੰਯੁਕਤ ਅਮਰੀਕੀ, ਕੈਨੇਡੀਅਨ ਅਤੇ ਯੂਰੋਪੀਅਨ ਆਪ੍ਰੇਸ਼ਨ ਦੇ ਅਧੀਨ 37 ਮੁਲਜ਼ਮਾਂ ਵਿਰੁੱਧ ਤਿੰਨ ਗ੍ਰੈਂਡ ਜਿਊਰੀ ਦੋਸ਼ ਪੱਤਰ ਜਾਰੀ ਕੀਤੇ। ਇਨ੍ਹਾਂ ਵਿੱਚ ਸਤਿੰਦਰਜੀਤ ਸਿੰਘ ਸ਼ਾਮਲ ਹੈ, ਜਿਸਨੂੰ “ਗੋਲਡੀ ਬਰਾੜ” ਵਜੋਂ ਜਾਣਿਆ ਜਾਂਦਾ ਹੈ। ਉਸਨੂੰ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਅਪਰਾਧ ਸਿੰਡੀਕੇਟ ਦਾ ਉੱਤਰੀ ਅਮਰੀਕੀ ਕਮਾਂਡਰ ਦੱਸਿਆ ਗਿਆ ਹੈ ਅਤੇ ਉਸ ‘ਤੇ ਬਿਸ਼ਨੋਈ ਨਾਲ ਮਿਲ ਕੇ ਜੂਨ 2023 ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਹੁਕਮ ਦੇਣ ਲਈ ਸਾਜ਼ਿਸ਼ ਰਚਣ ਦਾ ਦੋਸ਼ ਹੈ। ਐਫਬੀਆਈ ਨੇ ਉਸਦੀ ਗ੍ਰਿਫ਼ਤਾਰੀ ਤੇ $50,000 ਦਾ ਇਨਾਮ ਰੱਖਿਆ ਹੈ, ਅਤੇ ਉਹ ਅਜੇ ਵੀ ਫਰਾਰ ਹੈ। ਬਿਸ਼ਨੋਈ ਦਾ ਜਨਮ ਬਾਲਕਰਨ ਬਰਾੜ ਦੇ ਨਾਮ ਨਾਲ ਇੱਕ ਹਿੰਦੂ ਜਾਟ ਪਰਿਵਾਰ ਵਿੱਚ ਹੋਇਆ ਸੀ ਜਿਸਨੇ ਬਿਸ਼ਨੋਈ ਸੰਪਰਦਾ ਨੂੰ ਅਪਣਾਇਆ ਸੀ; ਅੰਡਰਵਰਲਡ ਵਿੱਚ ਸਭ ਤੋਂ ਵੱਧ ਪਛਾਣੇ ਜਾਣ ਵਾਲੇ ਨਾਵਾਂ ਵਿੱਚੋਂ ਇੱਕ ਬਣਨ ਲਈ ਉਸਨੇ ਆਪਣਾ ਅਸਲੀ ਨਾਮ ਅਤੇ ਆਪਣਾ ਜਨਮ ਉਪਨਾਮ ਦੋਵਾਂ ਨੂੰ ਤਿਆਗ ਦਿੱਤਾ, ਜਦੋਂ ਕਿ ਗੋਲਡੀ ਬਰਾੜ – ਉਰਫ਼ ਸਤਿੰਦਰਜੀਤ ਸਿੰਘ ਬਰਾੜ, ਸ੍ਰੀ ਮੁਕਤਸਰ ਸਾਹਿਬ ਦਾ ਇੱਕ ਜਾਟ ਸਿੱਖ – ਨੇ ਆਪਣਾ ਨਾਮ ਬਰਕਰਾਰ ਰੱਖਿਆ ਅਤੇ “ਗੋਲਡੀ” ਸਿਰਫ ਇੱਕ ਉਪਨਾਮ ਵਜੋਂ ਜੋੜਿਆ।
ਇਸ ਲਈ ਇਹ ਪੁੱਛਣਾ ਮਹੱਤਵਪੂਰਨ ਹੈ ਕਿ ਇਸ ਤੋਂ ਪਹਿਲਾਂ ਦੀਆਂ ਸੱਤ ਸਦੀਆਂ ਵਿੱਚ “ਬਰਾੜ” ਦਾ ਅਸਲ ਵਿੱਚ ਕੀ ਅਰਥ ਸੀ।
ਰਾਓ ਬਰਾੜ ਦੀ ਵੰਸ਼ਾਵਲੀ
ਪੰਜਾਬ ਦੇ ਸਿੱਧੂ ਕਬੀਲੇ ਦੀ ਸ਼ੁਰੂਆਤ ਜੈਸਲਮੇਰ ਦੇ ਭਾਟੀ ਰਾਜਪੂਤ ਕਬੀਲੇ ਦੇ ਰਾਓ ਸਿੱਧੂ ਨਾਲ ਹੋਈ ਹੈ। ਉਸਨੇ 13ਵੀਂ ਸਦੀ ਦੇ ਆਸਪਾਸ ਗਿੱਲ ਜਾਟ ਪਰਿਵਾਰ ਵਿਚ ਵਿਆਹ ਕੀਤਾ, ਅਤੇ ਇੱਕ ਅਜਿਹਾ ਵੰਸ਼ ਸਥਾਪਤ ਕੀਤਾ ਜੋ ਪੂਰੀ ਤਰ੍ਹਾਂ ਜਾਟ ਭਾਈਚਾਰੇ ਵਿੱਚ ਸ਼ਾਮਲ ਹੋ ਗਿਆ। ਰਾਜਸਥਾਨ ਨਾਲ ਉਨ੍ਹਾਂ ਦਾ ਸਬੰਧ ਕਿਸੇ ਇੱਕ ਪੂਰਵਜ ਤੱਕ ਸੀਮਤ ਨਹੀਂ ਹੈ: ਭਾਟੀ ਕਬੀਲੇ ਦੀਆਂ ਜੜ੍ਹਾਂ ਰਾਵਲ ਜੈਸਲ ਨਾਲ ਵੀ ਮਿਲਦੀਆਂ ਹਨ – ਜਿਸਨੇ 12ਵੀਂ ਸਦੀ ਵਿੱਚ ਜੈਸਲਮੇਰ ਦੀ ਸਥਾਪਨਾ ਕੀਤੀ ਸੀ ਅਤੇ ਜਿਸਦੇ ਕਿਲ੍ਹੇ ਵਾਲੇ ਸ਼ਹਿਰ ਦੇ ਨਾਮ ‘ਤੇ ਜੈਸਲਮੇਰ ਰਿਆਸਤ ਦਾ ਨਾਮ ਰੱਖਿਆ ਗਿਆ – ਅਤੇ ਉਸ ਤੋਂ ਪਹਿਲਾਂ ਰਾਓ ਭਾਟੀ ਤੋਂ, ਜੋ ਇਸ ਕਬੀਲੇ ਦੇ ਤੀਜੀ ਸਦੀ ਵਿੱਚ ਮੁੱਖ ਪੂਰਵਜ ਸਨ ਅਤੇ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਬਠਿੰਡਾ ਸ਼ਹਿਰ ਦੀ ਸਥਾਪਨਾ ਕੀਤੀ ਸੀ। ਸਿੱਧੂ ਰਾਓ ਜੈਸਲਮੇਰ ਸ਼ਾਹੀ ਪਰਿਵਾਰ ਨਾਲ ਸਬੰਧਤ ਸਨ, ਪਰ ਕਈ ਪੀੜ੍ਹੀਆਂ ਬਾਅਦ, ਗਿੱਲ ਜਾਟਾਂ ਵਿਚ ਵਿਆਹ ਕਰਨ ਕਰਕੇ, ਇਹ ਪਰਿਵਾਰ ਸ਼ੁੱਧ ਰਾਜਪੂਤ ਰੁਤਬੇ ਤੋਂ ਹੱਟ ਕੇ ਪੰਜਾਬ ਦੇ ਮਾਲਵਾ ਖੇਤਰ ਦੇ ਜਾਟ ਭਾਈਚਾਰੇ ਦਾ ਹਿੱਸਾ ਬਣ ਗਿਆ – ਯਾਨੀ ਸਿੱਧੂ-ਬਰਾੜ। ਇਸੇ ਤਰ੍ਹਾਂ, ਪਟਿਆਲਾ, ਨਾਭਾ ਅਤੇ ਜੀਂਦ ਦੇ ਫੁਲਕੀਆਂ ਮਹਾਰਾਜਿਆਂ ਦਾ, ਰਾਜਸਥਾਨ ‘ਵਿਚ ਆਜ਼ਾਦੀ ਤੱਕ ਰਾਜ ਕਰਨ ਵਾਲੇ ਭਾਟੀ ਮਹਾਰਾਜਿਆਂ ਨਾਲ ਇੱਕ ਦੂਰ ਦਾ ਸਾਂਝਾ ਪੂਰਵਜ ਰਿਹਾ। ਉਨ੍ਹਾਂ ਦੇ ਵੰਸ਼ਜ ਕਈ ਸ਼ਾਖਾਵਾਂ ਵਿੱਚ ਵੰਡੇ ਗਏ – ਜਿਵੇਂ ਕਿ ਭਾਈਕੇ, ਪੀਰਕੋਟੀਆ, ਰੋਸੇ, ਮੇਹਰਮੀਆ, ਮਨੋਕੇ ਅਤੇ ਹਰਿਕਾ-ਬਰਾੜ। ਹਰਿਕਾ-ਬਰਾੜ ਵੰਸ਼ ਵਿੱਚ ਕਈ ਪੀੜ੍ਹੀਆਂ ਬਾਅਦ ਰਾਓ ਬਰਾੜ ਹੋਏ, ਜੋ ਸਿੱਧੂ ਰਾਓ ਦੀ ਪੀੜੀ ਤੋਂ ਲਗਭਗ ਦਸਵੇਂ ਨੰਬਰ ‘ਤੇ ਸਨ: ਉਹ ਇੱਕ ਯੋਧਾ ਸਰਦਾਰ ਸੀ ਜਿਸਨੇ ਬਠਿੰਡਾ ਦੇ ਆਲੇ-ਦੁਆਲੇ ਦੇ ਖੇਤਰ ‘ਤੇ ਕਬਜ਼ਾ ਕਰ ਲਿਆ ਅਤੇ ਬਰਾੜ ਕਬੀਲੇ ਨੂੰ ਆਪਣਾ ਨਾਮ ਦਿੱਤਾ, ਜੋ ਕਿ ਮੱਧਯੁਗੀ ਕਾਲ ਦੇ ਅਖੀਰ ਤੱਕ ਪੰਜਾਬ ਦੇ ਮਾਲਵਾ ਖੇਤਰ ਵਿੱਚ ਇੱਕ ਤਾਕਤਵਰ ਸ਼ਕਤੀ ਬਣ ਗਿਆ ਸੀ। ਰਾਓ ਬਰਾੜ ਦੇ ਪੁੱਤਰਾਂ ਨੇ ਹੋਰ ਸ਼ਾਖਾਵਾਂ ਨੂੰ ਜਨਮ ਦਿੱਤਾ – ਡੱਲ ਸ਼ਾਖਾ ਤੋਂ ਫਰੀਦਕੋਟ ਦੇ ਸ਼ਾਸਕ ਹੋਏ, ਜਦੋਂ ਕਿ ਪੌੜ ਸ਼ਾਖਾ ਤੋਂ ਫੂਲ ਹੋਏ, ਜੋ ਕਿ ਪਟਿਆਲਾ, ਨਾਭਾ ਅਤੇ ਜੀਂਦ ਦੇ “ਫੁਲਕੀਆਂ” ਸ਼ਾਹੀ ਘਰਾਣਿਆਂ ਦੇ ਪੁਰਖੇ ਸਨ।
ਜਦੋਂ ਅੰਗਰੇਜ਼ਾਂ ਨੇ ਪੰਜਾਬ ਦੇ ਸ਼ਾਸਕ ਪਰਿਵਾਰਾਂ ਦੀ ਸੂਚੀ ਤਿਆਰ ਕੀਤੀ, ਉਸ ਵੇਲੇ ਤੱਕ ਸਿੱਧੂ-ਬਰਾੜ ਕਬੀਲੇ ਦਾ ਬਹੁਤ ਵੱਡੇ ਖੇਤਰ ਤੇ ਕਬਜ਼ਾ ਹੋ ਚੁੱਕਾ ਸੀ: ਇਸ ਵਿੱਚ ਤਿੰਨ ਮੁੱਖ ਫੁਲਕੀ ਰਿਆਸਤਾਂ ਪਟਿਆਲਾ, ਨਾਭਾ ਅਤੇ ਜੀਂਦ ਸ਼ਾਮਲ ਸਨ; ਰਾਓ ਬਰਾੜ ਦੀ ਸਭ ਤੋਂ ਵੱਡੇ ਵੰਸ਼ ਨਾਲ ਜੁੜੀ ਹੋਈ ਫਰੀਦਕੋਟ ਰਿਆਸਤ; ਨਵਾਬ ਕਪੂਰ ਸਿੰਘ ਬਰਾੜ ਦੁਆਰਾ ਸਥਾਪਿਤ ਬਰਾੜ ਪਰਿਵਾਰ ਦੀ ਹੀ ਇੱਕ ਸ਼ਾਖਾ ਕੋਟਕਪੂਰਾ; ਅਤੇ ਮਲੌਦ ਅਤੇ ਕੈਥਲ ਦੀਆਂ ਛੋਟੀ ਰਿਆਸਤਾਂ ਸ਼ਾਮਲ ਸਨ। ਵੰਡ ਤੋਂ ਬਾਅਦ, ਪਟਿਆਲਾ, ਨਾਭਾ, ਜੀਂਦ ਅਤੇ ਫਰੀਦਕੋਟ ਮਿਲ ਕੇ ਪੈਪਸੂ ਬਣੇ ਅਤੇ ਬਾਅਦ ਵਿਚ ਪੰਜਾਬ ਰਾਜ ਵਿੱਚ ਸ਼ਾਮਲ ਹੋ ਗਏ – ਇਹ ਇੱਕ ਅਜਿਹੀ ਸ਼ਾਹੀ ਵਿਰਾਸਤ ਸੀ ਜਿਸਦਾ ਮੁਕਾਬਲਾ ਉੱਤਰੀ ਭਾਰਤ ਦੇ ਬਹੁਤ ਘੱਟ ਜਾਟ ਕਬੀਲੇ ਕਰ ਸਕਦੇ ਸਨ।
ਰਾਜਪੂਤ ਵੰਸ਼ ਤੋਂ ਖਾਲਸਾ ਤੱਕ: ਤਿੰਨ ਗੁਰੂ, ਇੱਕ ਕਬੀਲਾ
ਸਿੱਧੂ-ਬਰਾੜ ਪਰਿਵਾਰ ਦਾ ਸਿੱਖ ਧਰਮ ਵਿੱਚ ਸ਼ਾਮਲ ਹੋਣਾ ਕੋਈ ਇੱਕ ਘਟਨਾ ਨਹੀਂ ਸੀ, ਸਗੋਂ ਇਹ ਤਿੰਨ ਗੁਰੂਆਂ ਦੇ ਸਮੇਂ ਦੌਰਾਨ ਬਣਿਆ ਇੱਕ ਸਬੰਧ ਸੀ। ਇਸਦੀ ਸ਼ੁਰੂਆਤ ਚੌਧਰੀ ਫੂਲ ਤੋਂ ਹੋਈ – ਜੋ ਫੁਲਕੀਆਂ ਕਬੀਲੇ ਦੇ ਪੂਰਵਜ ਸਨ। ਬਚਪਨ ਵਿੱਚ ਅਨਾਥ ਹੋਣ ਕਰਕੇ, ਉਨ੍ਹਾਂ ਦੇ ਚਾਚੇ ਉਨ੍ਹਾਂ ਨੂੰ ਛੇਵੇਂ ਗੁਰੂ, ਗੁਰੂ ਹਰਗੋਬਿੰਦ ਜੀ ਕੋਲ ਲੈ ਗਏ; ਕੁਝ ਵਿਸ਼ਵਾਸਾਂ ਅਨੁਸਾਰ, ਸੱਤਵੇਂ ਗੁਰੂ, ਗੁਰੂ ਹਰ ਰਾਏ ਜੀ ਨੇ ਉਨ੍ਹਾਂ ਨੂੰ ਪੂਰਾ ਆਸ਼ੀਰਵਾਦ ਦਿੱਤਾ। ਉਨ੍ਹਾਂ ਨੇ ਭਵਿੱਖਬਾਣੀ ਕੀਤੀ ਕਿ ਉਨ੍ਹਾਂ ਦਾ ਕਬੀਲਾ ਇੱਕ ਮਹਾਨ “ਦਾਨ ਦਾ ਕੇਂਦਰ” ਬਣ ਜਾਵੇਗਾ ਅਤੇ ਉਨ੍ਹਾਂ ਦੇ ਘੋੜੇ ਇੱਕ ਦਿਨ ਯਮੁਨਾ ਅਤੇ ਸਤਲੁਜ ਦੇ ਵਿਚਕਾਰ ਦੀ ਜ਼ਮੀਨ ‘ਤੇ ਚਰਣਗੇ – ਫੁਲਕੀਆਂ ਕਬੀਲਿਆਂ ਨੇ ਇਸ ਭਵਿੱਖਬਾਣੀ ਨੂੰ ਲਗਭਗ ਸੱਚ ਕਰ ਦਿਖਾਇਆ।
ਗੁਰੂ ਗੋਬਿੰਦ ਸਿੰਘ ਦੇ ਸਮੇਂ ਇਹ ਬੰਧਨ ਹੋਰ ਵੀ ਮਜ਼ਬੂਤ ਹੋ ਗਿਆ। 2 ਅਗਸਤ, 1696 ਨੂੰ ਇੱਕ ਫ਼ਰਮਾਨ ਵਿੱਚ, ਜੋ ਫੂਲ ਦੇ ਪੁੱਤਰਾਂ, ਰਾਮ ਅਤੇ ਤਿਲੋਕਾ ਨੂੰ ਭੇਜਿਆ ਗਿਆ ਸੀ, ਗੁਰੂ ਜੀ ਨੇ ਉਨ੍ਹਾਂ ਪਹਾੜੀ ਰਾਜਿਆਂ ਦੇ ਵਿਰੁੱਧ ਸਹਾਇਤਾ ਲਈ ਘੋੜਸਵਾਰ ਫੌਜ ਲਿਆਉਣ ਲਈ ਕਿਹਾ। ਉਨ੍ਹਾਂ ਲਿਖਿਆ: “ਮੈਂ ਤੁਹਾਡੇ ਤੋਂ ਬਹੁਤ ਖੁਸ਼ ਹਾਂ। ਤੁਹਾਡਾ ਘਰ ਮੇਰਾ ਆਪਣਾ ਘਰ ਹੈ… ਤੁਹਾਡਾ ਘਰ ਮੇਰੀ ਪਨਾਹ ਹੈ।” ਉਹ ਪੰਗਤੀ – ਤੇਰਾ ਘਰ ਮੇਰਾ ਆਸਾਈ—ਹਮੇਸ਼ਾ ਲਈ ਪਟਿਆਲਾ ਘਰਾਣੇ ਦਾ ਆਦਰਸ਼ ਬਣ ਗਈ। ਸਿੱਖ ਪਰੰਪਰਾ ਅਨੁਸਾਰ, ਇਹੀ ਕਾਰਨ ਸੀ ਕਿ ਗਿਆਰਾਂ ਸਿੱਖ ਮਿਸਲਾਂ ਵਿੱਚੋਂ ਕਿਸੇ ਨੇ ਵੀ ਫੁਲਕੀਆ ਰਿਆਸਤਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ, ਭਾਵੇਂ ਕਿ ਉਨ੍ਹਾਂ ਵਿਚਕਾਰ ਕਦੇ-ਕਦੇ ਮਤਭੇਦ ਹੁੰਦੇ ਰਹਿੰਦੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਦਮਦਮਾ ਸਾਹਿਬ ਵਿਖੇ ਰਾਮ ਅਤੇ ਤਿਲੋਕਾ ਨੂੰ “ਖੰਡੇ ਦੀ ਪਾਹੁਲ” ਰਾਹੀਂ ਖਾਲਸੇ ਵਿੱਚ ਸ਼ਾਮਲ ਕੀਤਾ – ਇੱਕ ਅਜਿਹਾ ਪਲ ਸੀ ਜਿਸਨੇ ਪਰਿਵਾਰ ਦੀ ਸਿੱਖ ਪਛਾਣ ਤੇ ਮਜ਼ਬੂਤੀ ਨਾਲ ਮੋਹਰ ਲਗਾ ਦਿੱਤੀ। ਉਹੀ ਭਰੋਸਾ ਜੋ ਇੱਕ ਦਹਾਕਾ ਪਹਿਲਾਂ ਫੂਲ ਦੇ ਪੁੱਤਰਾਂ ਤੇ ਰੱਖਿਆ ਸੀ, ਗੁਰੂ ਜੀ ਨੇ 1705 ਵਿੱਚ ਮੁੜ ਤੋਂ ਦਿਖਾਇਆ; ਇਸ ਵਾਰ, ਉਨ੍ਹਾਂ ਨੇ ਸਿਰਫ਼ ਇੱਕ ਸ਼ਾਖਾ ਦੀ ਬਜਾਏ ਪੂਰੇ ਪਰਿਵਾਰ ਦਾ ਸਮਰਥਨ ਮੰਗਿਆ।
ਇੱਕ ਮੁਸ਼ਕਲ ਦੌਰ, ਅਤੇ ਇੱਕ ਸੁਧਾਰ ਵਾਲਾ ਦੌਰ
ਇਸ ਸਮੂਹ ਦਾ ਇਤਿਹਾਸ ਕੁਝ ਗੁੰਝਲਾਂ ਭਰਿਆ ਰਿਹਾ – ਅਤੇ ਉਨ੍ਹਾਂ ਨੂੰ ਸਵੀਕਾਰ ਕਰਨਾ ਉਚਿਤ ਹੈ। 1705-06 ਵਿੱਚ, ਚਮਕੌਰ ਛੱਡਣ ਅਤੇ ਦੀਨਾ ਵਿੱਚ ਆਰਾਮ ਕਰਨ ਤੋਂ ਬਾਅਦ, ਗੁਰੂ ਗੋਬਿੰਦ ਸਿੰਘ ਜੀ ਕੋਟਕਪੂਰਾ ਪਹੁੰਚੇ। ਉਨ੍ਹਾਂ ਨੇ ਸਥਾਨਕ ਸਿੱਖ ਸਰਦਾਰ, ਨਵਾਬ ਕਪੂਰ ਸਿੰਘ ਬਰਾੜ ਨੂੰ ਪਿੱਛੇ ਤੋਂ ਆ ਰਹੀ ਮੁਗਲ ਫੌਜ ਦਾ ਮੁਕਾਬਲਾ ਕਰਨ ਲਈ ਆਪਣੇ ਕਿਲ੍ਹੇ ਦੀ ਵਰਤੋਂ ਕਰਨ ਦੀ ਬੇਨਤੀ ਕੀਤੀ। ਮੁਗਲਾਂ ਦੀ ਸਿੱਧੀ ਜਵਾਬੀ ਕਾਰਵਾਈ ਦੇ ਡਰ ਕਾਰਨ ਕਪੂਰ ਸਿੰਘ ਨੇ ਇਨਕਾਰ ਕਰ ਦਿੱਤਾ। ਜੇਕਰ ਉਹ ਸਹਿਮਤ ਹੁੰਦੇ, ਤਾਂ ਜੋ ਫੈਸਲਾਕੁੰਨ ਲੜਾਈ ਖਿਦਰਾਣਾ – ਜਾਂ ਮੁਕਤਸਰ – ਵਿਖੇ ਹੋਈ, ਉਹ ਸ਼ਾਇਦ ਕੋਟਕਪੂਰਾ ਵਿੱਚ ਲੜੀ ਜਾ ਸਕਦੀ ਸੀ। ਗੁਰੂ ਜੀ ਬਿਨਾਂ ਕਿਸੇ ਸਹਾਇਤਾ ਦੇ, ਢਿੱਲਵਾਂ ਕਲਾਂ ਵੱਲ ਵੱਧ ਗਏ।
ਪਰ ਕਹਾਣੀ ਇੱਥੇ ਹੀ ਖਤਮ ਨਹੀਂ ਹੋਈ; ਇਸ ਮੁਹਿੰਮ ਦੌਰਾਨ “ਬਰਾੜ” ਨਾਮ ਨੇ ਆਪਣੀ ਭਰੋਸੇਯੋਗਤਾ ਮੁੜ ਸਥਾਪਿਤ ਕੀਤੀ। ਕਪੂਰਿਆਂ ਨੇ ਮੁਕਤਸਰ ਦੀ ਲੜਾਈ ਵਿੱਚ ਗੁਪਤ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਕੀਤੀ, ਅਤੇ ਉਸੇ ਸਾਲ, ਗੁਰੂ ਜੀ ਨੇ ਖੁਦ ਉਨ੍ਹਾਂ ਨੂੰ ਖਾਲਸਾ ਪੰਥ ਵਿੱਚ ਸ਼ਾਮਲ ਕੀਤਾ। ਇਸ ਕਬੀਲੇ ਨੂੰ ਸਭ ਤੋਂ ਵੱਡੀ ਮਾਨਤਾ ਜ਼ਫ਼ਰਨਾਮਾ ਵਿੱਚ ਮਿਲੀ – ਗੁਰੂ ਜੀ ਦਾ ਔਰੰਗਜ਼ੇਬ ਨੂੰ ਚੁਣੌਤੀ ਅਤੇ ਜਿੱਤ ਦਾ ਫ਼ਾਰਸੀ ਸੁਨੇਹਾ। ਇਹ ਸੁਨੇਹਾ ਅੱਜ ਦੇ ਬਠਿੰਡਾ ਜ਼ਿਲ੍ਹੇ ਵਿੱਚ ਦੀਨਾ ਦੇ ਨੇੜੇ ਕਾਂਗੜ ਪਿੰਡ ਤੋਂ ਲਿਖਿਆ ਅਤੇ ਭੇਜਿਆ ਗਿਆ ਸੀ (ਇਹ ਜਗ੍ਹਾ ਲੇਖਕ ਦੇ ਜੱਦੀ ਪਿੰਡ, ਗੁਮਟੀ ਕਲਾਂ ਤੋਂ ਬਹੁਤ ਦੂਰ ਨਹੀਂ)। ਕਾਂਗੜ ਵਿਖੇ ਸਮਰਾਟ ਨੂੰ ਆਹਮੋ-ਸਾਹਮਣੇ ਮਿਲਣ ਲਈ ਬੁਲਾਉਂਦੇ ਹੋਏ, ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਇਨ੍ਹਾਂ ਸ਼ਬਦਾਂ ਨਾਲ ਸੁਰੱਖਿਅਤ ਰਸਤੇ ਦਾ ਭਰੋਸਾ ਦਿੱਤਾ: “ਰਾਹ ਵਿੱਚ ਤੁਹਾਡੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੋਵੇਗਾ, ਕਿਉਂਕਿ ਸਾਰਾ ‘ਬਰਾੜ’ ਕਬੀਲਾ ਮੇਰੇ ਹੁਕਮਾਂ ਦੀ ਪਾਲਣਾ ਕਰਦਾ ਹੈ।” ਉਪ-ਮਹਾਂਦੀਪ ਦੇ ਸਭ ਤੋਂ ਸ਼ਕਤੀਸ਼ਾਲੀ ਸਮਰਾਟ ਨੂੰ ਦੁਸ਼ਮਣ ਦੇ ਇਲਾਕੇ ਵਿੱਚੋਂ ਸੁਰੱਖਿਅਤ ਰਸਤੇ ਦਾ ਭਰੋਸਾ ਸਿਰਫ਼ ਗੁਰੂ ਜੀ ਦੇ ਇਸ ਭਰੋਸੇ ‘ਤੇ ਦਿੱਤਾ ਗਿਆ ਸੀ ਕਿ ‘ਬਰਾੜ’ ਲੋਕ ਇਸਦਾ ਸਤਿਕਾਰ ਕਰਨਗੇ।
ਇਸ ਪਰਿਵਾਰ ਦਾ ਜਨਤਕ ਜੀਵਨ ਆਧੁਨਿਕ ਰਾਜਨੀਤੀ ਵਿੱਚ ਵੀ ਮਹੱਤਵਪੂਰਨ ਰਿਹਾ ਹੈ: ਸਰਾਏ ਨਾਗਾ ਦੇ ਹਰਚਰਨ ਸਿੰਘ ਬਰਾੜ – ਜੋ ਕਿ ਫਰੀਦਕੋਟ ਅਤੇ ਕੋਟਕਪੂਰਾ ਪਰਿਵਾਰਾਂ ਦੇ ਨਾਲ ਹੀ ਸਿੱਧੂ-ਬਰਾੜ ਖੇਤਰ ਤੋਂ ਸਨ – ਨੇ 1970 ਦੇ ਦਹਾਕੇ ਦੇ ਅਖੀਰ ਵਿੱਚ ਓਡੀਸ਼ਾ ਅਤੇ ਫਿਰ ਹਰਿਆਣਾ ਦੇ ਰਾਜਪਾਲ ਵਜੋਂ ਸੇਵਾ ਨਿਭਾਈ। ਫਿਰ ਉਹ ਪੰਜਾਬ ਵਾਪਸ ਆ ਗਏ, ਜਿੱਥੇ ਬੇਅੰਤ ਸਿੰਘ ਦੀ ਹੱਤਿਆ ਤੋਂ ਬਾਅਦ, ਉਨ੍ਹਾਂ ਨੇ 31 ਅਗਸਤ, 1995 ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਅਤੇ ਰਾਜ ਨੂੰ ਇੱਕ ਬਹੁਤ ਹੀ ਅਸਥਿਰ ਦੌਰ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ।
ਇੱਕ ਨਾਮ ਉਨ੍ਹਾਂ ਲੋਕਾਂ ਤੋਂ ਵੱਧ ਜੀਉਂਦਾ ਰਹਿੰਦਾ ਹੈ ਜੋ ਇਸਦੀ ਦੁਰਵਰਤੋਂ ਕਰਦੇ ਹਨ।

ਜੈਸਲਮੇਰ ਦੇ ਰਾਜਪੂਤ ਰਾਜੇ, ਇੱਕ ਸ਼ਾਹੀ ਪਰਿਵਾਰ ਜਿਸਨੇ ਪੰਜਾਬ ਦੇ ਇੱਕ ਤਿਹਾਈ ਹਿੱਸੇ ਉੱਤੇ ਰਾਜ ਕੀਤਾ, ਇੱਕ ਅਜਿਹਾ ਕਬੀਲਾ ਜਿਸਨੂੰ ਦਸਵੇਂ ਗੁਰੂ ਨੇ ਖੁਦ ਇੱਕ ਸਮਰਾਟ ਦੀ ਸੁਰੱਖਿਆ ਦੀ ਗਰੰਟੀ ਦੇਣ ਲਈ ਭਰੋਸਾ ਦਿੱਤਾ ਸੀ, ਅਤੇ ਇੱਕ ਰਾਜ ਦਾ ਮੁੱਖ ਮੰਤਰੀ ਜਿਸਨੇ ਦੋ ਵਾਰ ਰਾਜਪਾਲ ਵਜੋਂ ਸੇਵਾ ਨਿਭਾਈ – ਇਨਾ ਸਾਰਿਆਂ ਦੇ ਅੱਠ ਸਦੀਆਂ ਦੇ ਇਤਿਹਾਸ ਦੇ ਸਾਹਮਣੇ “ਬਰਾੜ” ਨਾਮ ਦੀ ਵਰਤੋਂ ਕਰਕੇ ਚਲਾਈ ਜਾ ਰਹੀ ਮੌਜੂਦਾ ਅਪਰਾਧਿਕ ਗਤੀਵਿਧੀ ਬਹੁਤ ਮਾਮੂਲੀ ਗੱਲਾਂ ਹਨ, ਭਾਵੇਂ ਇਸ ਮਹੀਨੇ ਅਮਰੀਕਾ ਦੇ ਦੋਸ਼ ਪੂਰੇ ਜੋਰਾਂ ‘ਤੇ ਹਨ। ਬਲਕਰਨ ਬਰਾੜ ਨੇ ਨਾਮ ਰੱਖਣ ਦੀ ਬਜਾਏ ਇਸਨੂੰ ਮਿਟਾਉਣਾ ਪਸੰਦ ਕੀਤਾ; ਸਤਿੰਦਰਜੀਤ ਸਿੰਘ ਬਰਾੜ (ਉਰਫ਼ ਗੋਲਡੀ ਬਰਾੜ) ਇਸ ਨਾਂਅ ਨੂੰ ਐਫਬੀਆਈ ਦੇ ‘ਵਾਂਟੇਡ’ ਪੋਸਟਰ ‘ਤੱਕ ਲਿਜਾ ਰਿਹਾ ਹੈ, ਨਾ ਕਿ ਕਿਸੇ ਅਜਿਹੀ ਪਛਾਣ ਤੱਕ ‘ਜਿਸਨੂੰ ਉਸਦੇ ਪੁਰਖੇ – ਭਾਵੇਂ ਰਾਜਪੂਤ, ਸਿੱਖ, ਸ਼ਾਹੀ, ਜਾਂ ਰਾਜਨੀਤਿਕ ਹੋਣ- ਆਪਣਾ ਮੰਨ ਸਕਣ। ਨਾਮ ਉਨ੍ਹਾਂ ਲੋਕਾਂ ਤੋਂ ਵੱਧ ਜੀਉਂਦੇ ਰਹਿੰਦੇ ਹਨ ਜੋ ਉਨ੍ਹਾਂ ਦੀ ਦੁਰਵਰਤੋਂ ਕਰਦੇ ਹਨ; ਇਹ ਨਾਮ ਤਾਂ ਇਸ ਤੋਂ ਵੀ ਕਿਤੇ ਮਾੜੇ ਸਮੇਂ ਵਿੱਚੋਂ ਲੰਘ ਚੁੱਕਾ ਹੈ।



Leave a Comment