ਮਹਿੰਦਰਦੀਪ ਗਰੇਵਾਲ ਉਸ ਦਾ ਕਲਮੀ ਨਾਮ ਹੈ ਪਰ ਉਸ ਦਾ ਸਰਕਾਰੀ ਕਾਗ਼ਜ਼ਾਂ ਵਿੱਚ ਗੁਰਦੀਪ ਸਿੰਘ ਗਰੇਵਾਲ ਹੈ। ਉਸ ਦਾ ਜੱਦੀ ਪਿੰਡ ਧਾਂਦਰਾ ਹੈ ਪਰ ਬਚਪਨ ਵਿੱਚ ਹੀ ਸਿਰ ਤੋਂ ਪਿਤਾ ਜੀ ਦਾ ਸਾਇਆ ਉੱਠ ਜਾਣ ਕਾਰਨ ਉਸ ਦੀ ਪਰਵਰਿਸ਼ ਸਿੱਧਵਾਂ ਬੇਟ (ਲੁਧਿਆਣਾ) ਨੇੜੇ ਪਿੰਡ ਸਲੇਮਪੁਰ ਵਿੱਚ ਨਾਨਕੇ ਘਰ ਹੋਈ। ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਉਂ ਤੋਂ ਬੀ ਐੱਸ ਸੀ ਨਾਨ ਮੈਡੀਕਲ ਕਰਕੇ ਉਸ ਨੇ ਗੁਰੂ ਹਰਗੋਬਿੰਦ ਖ਼ਾਲਸਾ ਕਾਲਿਜ ਆਫ਼ ਐਜੂਕੇਸ਼ਨ ਗੁਰੂ ਸਰ ਸਧਾਰ ਤੋਂ ਬੀ ਐੱਡ ਕਰਕੇ ਉਹ ਸਰਕਾਰੀ ਸਕੂਲ ਅਧਿਆਪਕ ਬਣ ਗਿਆ।
ਕਵਿਤਾ ਲਿਖਣ ਦੇ ਸ਼ੌਕ ਕਾਰਨ ਉਸ ਨੇ ਜਗਰਾਉਂ ਵੱਸਦੇ ਸਮਰੱਥ ਗ਼ਜ਼ਲਗੋ ਪ੍ਰਿੰਸੀਪਲ ਤਖ਼ਤ ਸਿੰਘ ਨੂੰ ਆਪਣਾ ਉਸਤਾਦ ਧਾਰ ਲਿਆ। ਪੰਜਾਬੀ ਗ਼ਜ਼ਲ ਸਿਰਜਣਾ ਵਿੱਚ ਮਹਿੰਦਰਦੀਪ ਗਰੇਵਾਲ ਦਾ ਬਹੁਤ ਉਚੇਰਾ ਨਾਮ ਹੈ। ਉਸ ਦਾ ਪਹਿਲਾ ਕਾਵਿ ਸੰਗ੍ਰਹਿ “ਲਹੂ ਬੋਲਦਾ ਹੈ” ਸੀ ਅਤੇ ਦੂਸਰਾ ਕਾਵਿ ਸੰਗ੍ਰਹਿ “ਸਫ਼ਰ ਦੀ ਰੁੱਤ” ਸੀ। ਇਸ ਉਪਰੰਤ ਉਸਦੇ ਪੰਜ ਹੋਰ ਕਾਵਿ ਤੇ ਗ਼ਜ਼ਲ ਸੰਗ੍ਰਹਿ ਵੀ ਛਪੇ। ਮਹਿੰਦਰਦੀਪ ਗਰੇਵਾਲ ਨੇ ਜਗਰਾਉਂ ਰਹਿੰਦਿਆਂ ਤਹਿਸੀਲ ਰੋਡ ਤੇ ਘਰ ਬਣਾਇਆ ਤੇ ਮੁਹੱਲੇ ਦਾ ਨਾਮ ਗੁਰਦੀਪ ਨਗਰ ਮਸ਼ਹੂਰ ਹੋਇਆ।
1970-71 ਵਿੱਚ ਉਹ ਲੁਧਿਆਣੇ ਆ ਗਿਆ। ਉਦੋਂ ਤੋਂ ਹੀ ਮਹਿੰਦਰਦੀਪ ਸਾਡਾ ਮਿੱਤਰ ਹੈ। ਕੁਲਵੰਤ ਜਗਰਾਉਂ ਤੇ ਮਹਿੰਦਰਦੀਪ ਦੀ ਸਾਹਿੱਤਕ ਜੋੜੀ ਨੇ ਸਾਨੂੰ ਵੀ ਸਾਹਿੱਤ ਸਲੀਕਾ ਸਿਖਾਇਆ। ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਉਹ ਸ. ਜਗਦੇਵ ਸਿੰਘ ਜੱਸੋਵਾਲ ਨਾਲ ਮੁੱਢਲੇ ਸਹਿਯੋਗੀ ਸਨ। ਕੇਂਦਰੀ ਪੰਜਾਬੀ ਲੇਖਕ ਸਭਾ(ਰਜਿ.) ਦੇ ਵੀ ਉਹ ਸਰਬ ਸੰਮਤੀ ਨਾਲ ਜਨਰਲ ਸਕੱਤਰ ਬਣੇ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਉਹ ਜੀਵਨ ਮੈਂਬਰ ਹਨ। ਅੱਜ ਕੱਲ੍ਹ ਆਪ ਆਪਣੇ ਨਿੱਕੇ ਪੁੱਤਰ ਹਨੀ ਕੋਲ ਸੈਡੀਆਗੋ(ਅਮਰੀਕਾ) ਵੱਸਦੇ ਹਨ।
ਮਹਿੰਦਰਦੀਪ ਗਰੇਵਾਲ ਬਾਰੇ ਗੁਰਦਿਆਲ ਰੌਸ਼ਨ ਜੀ ਲਿਖਦੇ ਹਨ ਕਿ ਉਹ ਸੱਤਰਵਿਆਂ ਤੋਂ ਸ਼ੁਰੂ ਹੋਈ ਪੰਜਾਬੀ ਗ਼ਜ਼ਲ ਲਹਿਰ ਦੀ ਉਪਜ ਹੈ। ਉਸ ਦੀ ਗ਼ਜ਼ਲ ਦਾ ਰੰਗ ਵਧੇਰੇ ਕਰਕੇ ਸੁਰਖ਼ ਹੁੰਦਾ ਹੈ ਤੇ ਇਹ ਉਦਾਸ ਬਸਤੀਆਂ ਨੂੰ ਊਰਜਾ ਦਿੰਦੀ ਹੈ। ਗਰੇਵਾਲ ਰੋਮਾਂਸ ਦੇ ਨਾਲ ਨਾਲ ਤਬਦੀਲੀ ਲਈ ਯਤਨਸ਼ੀਲ ਗ਼ਜ਼ਲਕਾਰ ਹੈ। ਉਹ ਸਿੱਖਿਆ ਖ਼ੇਤਰ ਨਾਲ ਜੁੜਿਆ ਰਿਹਾ ਹੈ ਤੇ ਬਤੌਰ ਸਿੱਖਿਆ ਵਿਭਾਗ ਪੰਜਾਬ ਵਿੱਚੋਂ ਲੈਕਚਰਾਰ ਸੇਵਾ ਮੁਕਤ ਹੋਇਆ ਹੈ। ਉਸ ਨੂੰ ਪੰਜਾਬੀ ਦੇ ਵੱਡੇ ਗ਼ਜ਼ਲਗੋਆਂ ਦੀ ਸੰਗਤ ਵਿਚ ਬਹਿਣ ਦੇ ਅਨੇਕ ਮੌਕੇ ਪ੍ਰਾਪਤ ਹੁੰਦੇ ਰਹੇ ਹਨ ਤੇ ਉਸ ਦੀ ਗ਼ਜ਼ਲ ਨੂੰ ਪ੍ਰਿੰ. ਤਖ਼ਤ ਸਿੰਘ ਹੁਰਾਂ ਦਾ ਆਸ਼ੀਰਵਾਦ ਵੀ ਪ੍ਰਾਪਤ ਰਿਹਾ ਹੈ। ਮਹਿੰਦਰਦੀਪ ਗਰੇਵਾਲ ਨੇ ਅੰਗਰੇਜ਼ੀ ਵਿੱਚ ਵੀ ਇੱਕ ਕਾਵਿ ਸੰਗ੍ਰਹਿ ਲਿਖਿਆ ਤੇ ਛਪਵਾਇਆ ਹੈ। ਹੁਣ ਬੀਮਾਰ ਰਹਿਣ ਅਤੇ ਵਡੇਰੀ ਉਮਰ ਦੇ ਕਾਰਨ ਹੁਣ ਉਸ ਦੀ ਕਲਮ ਕੁਝ ਉਦਾਸ ਵੀ ਹੈ ਤੇ ਥੋੜ੍ਹੀ ਜਿਹੀ ਖ਼ਾਮੋਸ਼ ਵੀ। ਕਿਸੇ ਵੇਲੇ ਅਦਬੀ ਸਰਗਰਮੀਆਂ ਨਾਲ ਜੁੜੇ ਰਹਿਣ ਵਾਲੇ ਗਰੇਵਾਲ ਨੂੰ ਜ਼ਿੰਦਗੀ ਵਿਚ ਕਈ ਮਾਣ ਸਨਮਾਨ ਵੀ ਮਿਲੇ ਹਨ।
ਮੁਹਿੰਦਰਦੀਪ ਗਰੇਵਾਲ ਦੀਆਂ ਗ਼ਜ਼ਲਾਂ
ਦੂਰ ਹੈਂ ਤੂੰ, ਮਗਰ ਨਜ਼ਰ ਪਹੁੰਚੀ।
ਮੇਰੇ ਦਰ ਤੋਂ ਉਹ ਤੇਰੇ ਦਰ ਪਹੁੰਚੀ।
ਇਹ ਨਜ਼ਰ ਕੀ, ਕਮਾਲ ਕੀ ਇਸ ਦਾ,
ਏਸ ਘਰ ਤੋਂ ਉਹ ਓਸ ਘਰ ਪਹੁੰਚੀ।
ਮੈਂ ਸੀ ਅਨਜਾਣ, ਤੁਰ ਪਿਆ ਫਿਰ ਵੀ,
ਮੈਨੂੰ ਲੈ ਕੇ ਤੇਰੀ ਡਗਰ ਪਹੁੰਚੀ।
ਫੜ ਕੇ ਉਂਗਲੀ ਉਹ ਲੈ ਗਈ ਮੈਨੂੰ,
ਬਣ ਕੇ ਮੇਰੀ ਉਹ ਹਮਸਫ਼ਰ ਪਹੁੰਚੀ।
ਤੇਰੇ ਬੋਲਾਂ ਨੇ ਆਉਣ ਦਾ ਹੀ ਕਿਹਾ,
ਮੇਰੇ ਘਰ ਤੱਕ ਤੇਰੀ ਖ਼ਬਰ ਪਹੁੰਚੀ।
2
ਇਹ ਕਿਧਰੋਂ ਆ ਰਹੀ ਹੈ ਦੂਰ ਤੋਂ ਸਦਾ ਕੋਈ।
ਕਿਤੇ ਉਡੀਕ ਤਾਂ ਹੋਵੇਗੀ ਉਸ ਜਗ੍ਹਾ ਕੋਈ ।
ਇਹ ਮੇਰੇ ਹੱਥ ਕਿਵੇਂ ਭਿੱਜ ਗਏ ਨੇ ਚਿਹਰੇ ‘ਤੇ,
ਮੈਂ ਵਰ੍ਹਾ ਰਿਹਾ ਹਾਂ ਜਾਂ ਇਹ ਵਰ੍ਹ ਰਹੀ ਘਟਾ ਕੋਈ।
ਭਟਕ ਰਿਹਾ ਹਾਂ ਮੈਂ ਜਿਸ ਰਾਹ ‘ਤੇ ਬਿਨਾਂ ਰੁਕ ਕੇ,
ਸਫ਼ਰ ਇਹ ਕੇਹਾ ਹੈ ਜਿਸ ਦਾ ਨਹੀਂ ਸਿਰਾ ਕੋਈ।
ਇਹ ਮੇਰੀ ਤੜਪ ਹੈ ਜਾਂ ਲਹਿਰ ਹੈ ਸਮੁੰਦਰ ਦੀ,
ਕਦੋਂ ਬਣੀ, ਕਦੋਂ ਮਿਟ ਜਾਏ ਨਾ ਪਤਾ ਕੋਈ।
ਕੋਈ ਤਾਂ ਚਿਣਗ ਜੇਹੀ ਫੁੱਟ ਪਈ ਹੈ ਰੂਹ ਅੰਦਰ,
ਅਜੀਬ ਸੇਕ ਜਿਹਾ ਜਿਸਮਾਂ ‘ਚ ਮਘ ਪਿਆ ਕੋਈ।
ਮੈਂ ਉਡਦੇ ਪੰਛੀਆਂ ਦੀ ਡਾਰ ਦੇ ਵਿਚ ਸ਼ਾਮਿਲ ਹਾਂ,
ਉਹ ਕਿਹੜਾ ਦੇਸ ਗਰਾਂ ਜਿੱਥੋਂ ਬੁਲਾ ਰਿਹਾ ਕੋਈ।



Leave a Comment