ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਦੇ ਸਮੇਂ ਦੀਆਂ ਤਿੰਨ ਸਦੀਆਂ ਨੂੰ ਕਾਲੀਆਂ ਸਦੀਆਂ ਵੀ ਕਿਹਾ ਜਾਂਦਾ ਹੈ। 24 ਜੁਲਾਈ 1206 ਈਸਵੀ ਨੂੰ ਹਿੰਦੁਸਤਾਨ ਗੁਲਾਮਾਂ ਦਾ ਗੁਲਾਮ ਹੋ ਗਿਆ। ਦੇਖਦੇ ਹੀ ਦੇਖਦੇ ਉਠਿਆ ਨਵਾਂ ਰਾਜ ਇੱਕ ਵੱਡਾ ਸਾਮਰਾਜ ਬਣ ਗਿਆ। ਕਿਧਰੇ ਟਾਵੇਂ-ਟਾਵੇਂ ਮੁਕਾਬਲੇ ਹੋਏ ਸਨ ਪਰ ਹਿੰਦੁਸਤਾਨ ਦਾ ਘਰ ਗੋਰੀ ਦੇ ਗੁਲਾਮਾਂ ਨੇ ਘਤ ਲਿਆ ਸੀ। ਭਾਰਤ ਦੇ ਰਾਜਪੂਤ ਆਗੂਆਂ ਦੀ ਜਦੋਂ ਜਾਗ ਖੁੱਲੀ ਤਾਂ ਹਿੰਦੁਸਤਾਨ ਗੈਰਾਂ ਦੇ ਕਬਜ਼ੇ ਵਿੱਚ ਜਾ ਚੁੱਕਾ ਸੀ। ਕੁਤਬਦੀਨ ਐਬਕ ਤੇ ਉਸਦੇ ਪਿੱਛੋਂ ਅਲਤਮਸ਼ ਨੇ ਗੁਲਾਮ ਰਾਜ ਨੂੰ ਪੱਕਾ ਕੀਤਾ। ਅਲਾਉਦੀਨ ਖਲਜੀ ਨੇ ਤਾਂ ਭਰੇ ਦਰਬਾਰ ਵਿੱਚ ਹਿੰਦੂਆਂ ਦੀਆਂ ਖਲੜੀਆਂ ਉਤਾਰਨੀਆਂ ਆਰੰਭ ਕਰ ਦਿੱਤੀਆਂ ਸੀ। ਰਹਿੰਦੀ ਕਸਰ ਫਿਰੋਜ਼ ਤੁਗਲਕ ਨੇ ਜਜੀਆ ਲਗਾ ਕੇ ਪੂਰੀ ਕਰ ਦਿੱਤੀ। ਫਿਰੋਜ਼ ਨੇ ਜਜੀਆ ਤੇ ਹੀ ਬਸ ਨਾ ਕੀਤਾ ਸਗੋਂ ਹਿੰਦੂ ਪ੍ਰਜਾ ਤੇ ਯਾਤਰੂ ਟੈਕਸ ਦੇ ਨਾਲ-ਨਾਲ ਦੇਵੀ ਦੇਵਤਿਆਂ ਉੱਤੇ ਟੈਕਸ ਲਗਾ ਦਿੱਤੇ। ਹਿੰਦੁਸਤਾਨ ਵਿੱਚ ਹਿੰਦੂਆਂ ਨੂੰ ਇਹ ਸਮਾਜਿਕ ਤੇ ਆਰਥਿਕ ਮਾਰ ਝੱਲਣੀ ਪਈ। ਸਮਾਜਿਕ ਤੇ ਆਰਥਿਕ ਮਾਰ ਨੂੰ ਝਲਦੇ ਝਲਦੇ ਹਿੰਦੂਆਂ ਦੀ ਅਣਖ ਦਾ ਖਾਤਮਾ ਤੈਮੂਰ ਦੇ ਹਮਲਿਆਂ ਨੇ ਕਰ ਦਿੱਤਾ। ਤੈਮੂਰ ਦੇ ਇੱਕ ਇਸ਼ਾਰੇ ਨਾਲ ਇਕ ਲੱਖ ਕੈਦੀ ਕਤਲ ਕੀਤੇ ਗਏ ਸਨ। ਲੋਧੀ ਖਾਨਦਾਨ ਦੇ ਬਹਿਲੋਲ ਲੋਧੀ ਨੇ ਸੱਯਦਾ ਨੂੰ ਹਰਾ ਕੇ ਦਿੱਲੀ ਤੇ ਕਬਜ਼ਾ ਕਰ ਲਿਆ ਸੀ। 1468 ਈਸਵੀ ਵਿੱਚ ਬਹਿਲੋਲ ਦੀ ਮੌਤ ਹੋ ਗਈ ਤੇ ਉਸ ਦਾ ਪੁੱਤਰ ਨਿਜ਼ਾਮ ਖਾਂ ਸਿਕੰਦਰ ਲੋਧੀ ਦਾ ਨਾਮ ਧਾਰ ਕੇ 1517 ਇਸ ਵੀ ਤੱਕ ਰਾਜ ਕਰਦਾ ਰਿਹਾ। ਸਿਕੰਦਰ ਲੋਧੀ ਨੇ ਆਪਣਾ ਨਾਮ ਬੁਤ ਸ਼ਿਕਨ ਰੱਖਿਆ ਤੇ ਮੰਦਰ ਦੇਹੁਰੇ ਢਾਉਣੇ ਆਰੰਭ ਕਰ ਦਿੱਤੇ। ਜਿੰਨੇ ਮੰਦਰ ਸਿਕੰਦਰ ਲੋਧੀ ਨੇ ਢਾਹੇ ਉਹਨਾਂ ਦਾ ਹਿਸਾਬ ਇਤਿਹਾਸ ਵਿੱਚ ਨਹੀਂ ਰੱਖਿਆ ਜਾ ਸਕਿਆ। ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਉਦੋਂ ਸਿਕੰਦਰ ਲੋਧੀ ਹੀ ਦਿੱਲੀ ਦੇ ਸਿੰਘਾਸਣ ਤੇ ਬਿਰਾਜਮਾਨ ਸੀ। ਸਿਕੰਦਰ ਲੋਧੀ ਨੇ ਪੰਜਾਬ ਵਿੱਚ ਦੌਲਤ ਖਾਂ ਨੂੰ ਸੁਲਤਾਨਪੁਰ ਦਾ ਨਵਾਬ ਬਣਾ ਕੇ ਭੇਜਿਆ। ਸਿਕੰਦਰ ਦੀ ਜਿੰਦਗੀ ਵਿੱਚ ਤਾਂ ਉਹ ਵਫਾਦਾਰ ਰਿਹਾ ਪਰ ਜਦੋਂ ਇਬਰਾਹਿਮ ਲੋਧੀ ਹਿੰਦੁਸਤਾਨ ਦੇ ਤਖਤ ਉੱਤੇ ਬੈਠਾ ਤਾਂ ਦੌਲਤ ਖਾਨ ਨੇ ਸਾਜਿਸ਼ਾਂ ਸ਼ੁਰੂ ਕਰ ਦਿੱਤੀਆਂ ਅਤੇ ਆਲਮ ਖਾਂ ਲੋਧੀ ਨਾਲ ਮਿਲ ਕੇ ਬਾਬਰ ਨੂੰ ਸੱਦਾ ਭੇਜਿਆ। ਦੌਲਤ ਖਾਨ ਦਾ ਖਿਆਲ ਸੀ ਕਿ ਬਾਬਰ ਨਾਲ ਮਿਲ ਕੇ ਇਬਰਾਹਿਮ ਲੋਧੀ ਨੂੰ ਹਰਾ ਕੇ ਉਹ ਆਪ ਦਿੱਲੀ ਦੇ ਤਖਤ ਤੇ ਬੈਠੇਗਾ। ਪਰ ਉਸ ਦਾ ਅੰਦਾਜ਼ਾ ਗਲਤ ਨਿਕਲਿਆ ਤੇ ਲੋਧੀਰਾਜ ਸਾਰੇ ਹਿੰਦੁਸਤਾਨ ਵਿੱਚੋਂ ਹਮੇਸ਼ਾ ਲਈ ਖਤਮ ਹੋ ਗਿਆ।

ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈਸਵੀ ਨੂੰ ਰਾਇ ਭੋਇ ਦੀ ਤਲਵੰਡੀ ਵਿੱਚ ਪਿਤਾ ਮਹਿਤਾ ਕਾਲੂ ਕਲਿਆਣ ਚੰਦ ਦਾਸ ਬੇਦੀ ਅਤੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਹੋਇਆ ਭਾਈ ਗੁਰਦਾਸ ਜੀ ਦਾ ਸ਼ਬਦ ਹੈ:
“ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ
ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ”II
ਮਾਤਾ ਤ੍ਰਿਪਤਾ ਨੇ ਤਾ ਤ੍ਰਿਪਤ ਹੋਣਾ ਹੀ ਸੀ ਪਰ ਦੌਲਤਾ ਦਾਈ ਅਤੇ ਤੁਲਸਾਂ ਨੂੰ ਜੋ ਜਲਵੇ ਦੀ ਦੌਲਤ ਮਿਲੀ ਉਸ ਨਾਲ ਉਹ ਖਿੜ ਹੀ ਗਈਆਂ। ਮਹਿਤਾ ਕਾਲੂ ਨੇ ਜਦ ਦੌਲਤਾਂ ਦਾਈ ਨੂੰ ਥਾਲ ਵਿੱਚ ਰੱਖ ਕੇ ਰੁਪਏ ਦੇਣੇ ਚਾਹੇ ਤਾਂ ਉਸ ਨੇ ਕਿਹਾ ਰਹਿਣ ਦੇ ਮਹਿਤਾ ਉਹ ਤਾਂ ਰੱਜ ਗਈ ਹੈ, ਨਿਹਾਲ ਹੋ ਗਈ ਹੈ। ਦੌਲਤਾਂ ਨੇ ਮਹਿਤਾ ਕਾਲੂ ਜੀ ਨੂੰ ਇੱਥੇ ਹੀ ਕਿਹਾ ਸੀ, ਮਹਿਤਾ ਇਹਨਾਂ ਹੱਥਾਂ ਨਾਲ ਕਿਤਨੇ ਹੀ ਬੱਚਿਆਂ ਨੂੰ ਜਨਮ ਦਿਲਵਾਇਆ ਹੈ ਪਰ ਅਜਿਹਾ ਕੌਤਕ ਕਦੇ ਨਹੀਂ ਹੋਇਆ ਜੋ ਅੱਜ ਹੋਇਆ। ਮੈਨੂੰ ਇੰਝ ਹੌਲੇ ਹੌਲੇ ਮੁਸਕੁਰਾ ਕੇ ਮਿਲੇ ਜਿਵੇਂ ਕੋਈ ਬਿਰਧ ਬਾਬਾ ਹੁੰਦਾ ਹੈ ਮੇਰੇ ਨਾਲ ਗੱਲਾਂ ਵੀ ਕੀਤੀਆਂ। ਸਮਾਂ ਬੀਤਣ ਨਾਲ ਰਾਏ ਭੋਏ ਦੀ ਤਲਵੰਡੀ ਨੂੰ ਨਨਕਿਆਣਾ ਤੇ ਬਾਅਦ ਵਿੱਚ ਨਨਕਾਣਾ ਕਹਿਣ ਲੱਗ ਪਏ। ਜੋ ਅੱਜ ਦੇ ਸਮੇਂ ਵਿੱਚ ਪਾਕਿਸਤਾਨ ਵਿੱਚ ਹੈ। ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਸਮਾਜ ਦੀ ਦਸ਼ਾ ਬਹੁਤ ਜਿਆਦਾ ਮਾੜੀ ਸੀ ਜਿਸ ਨੂੰ ਇਸ ਤਰ੍ਹਾਂ ਵਿਆਖਿਆ ਗਿਆ ਹੈ:
ਰਾਜੇ ਸ਼ੀਹ ਮੁਕਦਮ ਕੁੱਤੇ ਜਾਇ ਜਗਾਇਨ ਬੈਠੇ ਸੁੱਤੇ
ਚਾਕਰ ਨਹਦਾ ਪਾਇਨਿ ਘਾਉ ਰਤੁ ਪਿਤ ਕੁਤਿਹੋ ਚਟਿ ਜਾਹੁ II
ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਤੇ ਉਹਨਾਂ ਦੀ ਕੁਰਸੀਨਾਮੇ ਬਾਰੇ ਕਈ ਇਤਿਹਾਸਿਕ ਸੋਮਿਆਂ ਦੇ ਵਿੱਚ ਲਿਖਿਆ ਗਿਆ ਹੈ ਜਿਸ ਵਿੱਚ ਗੁਰੂ ਨਾਨਕ ਦੇਵ ਜੀ, ਬਾਬਾ ਲਖਮੀ ਚੰਦ ਜੀ, ਬਾਬਾ ਧਰਮ ਚੰਦ ਜੀ, ਬਾਬਾ ਮਾਣਕ ਚੰਦ ਜੀ, ਬਾਬਾ ਦਾਤਾਰ ਚੰਦ ਜੀ, ਬਾਬਾ ਤਾਰਾ ਚੰਦ ਜੀ, ਬਾਬਾ ਦੁਨੀ ਚੰਦ ਜੀ, ਬਾਬਾ ਰਾਮ ਕੌਰ ਜੀ, ਬਾਬਾ ਅਰਜਨ ਦਾਸ ਜੀ, ਬਾਬਾ ਦਹਰ ਦਾਸ ਜੀ, ਸ੍ਰੀ ਗੰਡਾ ਸਿੰਘ ਜੀ, ਕਵ ਗਣੇਸ਼ ਸਿੰਘ ਜੀ, ਹਰੀ ਸਿੰਘ, ਸਕਤਿ ਸਿੰਘ, ਸਯਾਮ ਸਿੰਘ। ਅਖੀਰਲੇ ਨਾਮ ਲਗਭਗ 19ਵੀਂ ਸਦੀ ਦੇ ਪਹਿਲੇ ਅੱਧ ਤੱਕ ਤੇ ਉਹਨਾਂ ਦੇ ਦਿਹਾਂਤ 20ਵੀਂ ਸਦੀ ਦੀ ਪਹਿਲੀ ਚੌਥਾਈ ਤੱਕ ਮੰਨੇ ਗਏ ਹਨ। ਸੰਸਾਰੀ ਬੱਚੇ ਜੰਮਣ ਵੇਲੇ ਰੋ ਰੋ ਕੇ ਦੁਨੀਆਂ ਵਿੱਚ ਆਪਣਾ ਆਉਣਾ ਦੱਸਦੇ ਹਨ ਪਰ ਇਤਿਹਾਸਕ ਗ੍ਰੰਥ ਦੱਸਦੇ ਹਨ ਕਿ ਬਾਬਾ ਨਾਨਕ ਤਾਂ ਨਿਰੰਕਾਰੀ ਬਾਲ ਸੀ। ਬਾਬਾ ਨਾਨਕ ਦੀ ਆਮਦ ਨਾਲ ਜਿੱਥੇ ਸਭ ਸ੍ਰਿਸ਼ਟੀ ਨੂੰ ਸੁੱਖ ਮਿਲਿਆ ਉੱਥੇ ਇੱਕ ਦੁਨੀਆਂ ਨੂੰ ਪੈਗਾਮ ਵੀ ਮਿਲਿਆ। ਸੱਯਦ ਮੁਹੰਮਦ ਲਤੀਫ ਲਿਖਦਾ ਹੈ ਕਿ ਬਾਬੇ ਦੇ ਮੁੱਖ ਵਿੱਚ ਸਦਾ “ਤੂੰ ਨਿਰੰਕਾਰ ਕਰਤਾਰ ਨਾਨਕ ਬੰਦਾ ਤੇਰਾ ਹੀ” ਰਹਿੰਦਾ ਸੀ ਤਾਰੀਖ-ਇ-ਪੰਜਾਬ ਵਿੱਚ ਲਿਖਿਆ ਮਿਲਦਾ ਹੈ ਕਿ ਮਰਦਾਨੇ ਦੀ ਰਬਾਬ ਹਰ ਸਮੇਂ ਨਾਨਕ ਬੰਦਾ ਤੇਰਾ ਹੀ ਗੂੰਜਦੀ ਰਹਿੰਦੀ ਸੀ। ਜਦ ਵੀ ਗੁਰੂ ਨਾਨਕ ਜੀ ਮਰਦਾਨਾ ਜੀ ਨੂੰ ਰਬਾਬ ਛੇੜਨ ਲਈ ਹੁਕਮ ਦਿੰਦੇ ਤਾਂ ਕਹਿੰਦੇ ਮਰਦਾਨਿਆ ਛੇੜ ਰਬਾਬ ਕੋਈ ਸਿਫਤ ਖੁਦਾ ਦੇ ਦੀਦਾਰ ਦੀ ਕਰੀਏ। ਜਨਮ ਤੇ ਬਚਪਨ ਵੇਲੇ ਕਿਸੇ ਨੂੰ ਸੋਝੀ ਨਹੀਂ ਆਈ ਕਿ ਉਹ ਕੀ ਆਖ ਰਹੇ ਸਨ। ਦੁਨੀਆਂ ਤਾਂ ਮੈਂ ਮੇਰੀ ਨੂੰ ਹੀ ਜਾਣਦੀ ਸੀ। ਇੱਥੇ ਤੇਰਾ ਤੇਰਾ ਹਉ ਤੇਰਾ ਤੇਰਾ ਨਾਉ ਕਹਣ ਕਹਿਲਾਉਣ ਵਾਲਾ ਆ ਪੁੱਜਾ ਸੀ।
ਜਦੋਂ ਨਵ ਜੰਮਿਆ ਬਾਲਕ ਨੋ ਦਿਨ ਦਾ ਹੋਇਆ ਤਾਂ ਪੰਡਿਤ ਹਰਿਦਿਆਲ ਨੇ ਨਾਨਕ ਨਾਮ ਰੱਖਿਆ। ਜਦੋਂ ਨਾਨਕ ਦੇਵ ਜੀ ਇੱਕ ਮਹੀਨੇ ਦੇ ਹੋਏ ਤਾਂ ਜੇ ਕੋਈ ਆਵਾਜ਼ ਮਾਰੇ ਤਾਂ ਉਸ ਵੱਲ ਨੀਝ ਲਗਾ ਕੇ ਦੇਖਣ ਲੱਗ ਪੈਂਦੇ। ਤਿੰਨ ਮਹੀਨਿਆਂ ਦੇ ਹੋਏ ਤਾਂ ਗਰਦਨ ਟਿਕਾ ਕੇ ਬੈਠ ਜਾਂਦੇ। ਚਾਰ ਮਹੀਨਿਆਂ ਦੇ ਹੋਏ ਤਾਂ ਛੋਟੀ ਜਿਹੀ ਝੱਗੀ ਪਾਈ ਗਈ। ਛੇ ਮਹੀਨਿਆਂ ਦੇ ਅੱਗੋਂ ਹੁੰਗਾਰਾ ਵੀ ਦਿੰਦੇ। ਸੱਤਾਂ ਮਹੀਨਿਆਂ ਦੇ ਚੌਕੜ ਮਾਰ ਕੇ ਬੈਠ ਜਾਂਦੇ। ਅੱਠ ਮਹੀਨਿਆਂ ਦੇ ਸੰਤਾਂ ਬੀਰ ਆਸਣ ਲਗਾ ਕੇ ਬੈਠ ਜਾਂਦੇ। ਨੌ ਮਹੀਨਿਆਂ ਦੇ ਤੁਰਨ ਲੱਗ ਪਏ ਤੇ ਮੁੱਖੋਂ ਬਾਬਾ ਬਾਬਾ ਵੀ ਕਹਿੰਦੇ। ਇੱਕ ਸਾਲ ਦੇ ਹੋਏ ਤਾਂ ਸਾਵਧਾਨੀ ਨਾਲ ਤੁਰਦੇ। ਡੇਢ ਸਾਲ ਦੇ ਹੋਏ ਤਾਂ ਵਾਹਿਗੁਰੂ ਵਾਹਿਗੁਰੂ ਮੁਖੋਂ ਉਚਾਰਨ ਲੱਗ ਪਏ। ਦੋ ਸਾਲ ਦੇ ਹੋਏ ਤਾਂ ਬੱਚਿਆਂ ਨਾਲ ਖੇਡਣ ਜਾਂਦੇ ਬੱਚਿਆਂ ਨੂੰ ਐਸੀ ਨਸੀਹਤ ਦਿੰਦੇ ਕਿ ਬੱਚਿਆਂ ਦੇ ਮਾਂ ਬਾਪ ਨਸੀਹਤ ਦੇਣ ਵਾਲੇ ਨੂੰ ਵੇਖਣ ਆਉਂਦੇ। ਤਾਰੀਖ-ਏ-ਪੰਜਾਬ ਦੇ ਲੇਖਕ ਕਨ੍ਹਈਆ ਲਾਲ ਲਿਖਦੇ ਹਨ ਕਿ ਛੋਟੀ ਉਮਰ ਹੀ ਨਾਨਕ ਜੀ ਦੀ ਆਦਤਾਂ ਬਜ਼ੁਰਗਾਂ ਵਾਲੀਆਂ ਸਨ। ਉਹ ਕਦੇ ਘਰੋਂ ਬਾਹਰ ਨਾ ਜਾਂਦੇ ਨਾ ਹੀ ਆਮ ਮੁੰਡਿਆਂ ਵਿੱਚ ਖੇਡਦੇ। ਹਰ ਗੱਲ ਨਾਲੋਂ ਰੱਬ ਦੀ ਯਾਦ ਨੂੰ ਚੰਗੇਰਾ ਸਮਝਦੇ। ਵਧੇਰੇ ਸਮਾਂ ਚੁੱਪ ਹੀ ਰਹਿੰਦੇ। ਬਿਨਾਂ ਬੁਲਾਇਆ ਨਾ ਬੋਲਦੇ ਅਤੇ ਜਿਹੜਾ ਕੰਮ ਮਾਪੇ ਕਰਨ ਲਈ ਕਹਿੰਦੇ ਉਹ ਪੂਰੇ ਦਿਲ ਨਾਲ ਕਰਦੇ। ਜਦੋਂ ਬਾਬਾ ਨਾਨਕ ਸੱਤ ਵਰਿਆਂ ਦੇ ਹੋਏ ਤਾਂ ਉਨਾਂ ਨੂੰ ਪੜਨੇ ਪਾਇਆ ਗਿਆ। ਉਹਨਾਂ ਨੇ ਪਾਂਧੇ ਪਾਸ ਪੜਨ ਗਏ ਨੇ ਪਾਂਧੇ ਨੂੰ ਹੀ ਕੁਝ ਸਵਾਲ ਜਵਾਬ ਕੀਤੇ ਤਾਂ ਬਾਬਾ ਜੀ ਦੇ ਬਚਨ ਕਾਮਲ ਸੰਕੇਤ ਸੁਣ ਕੇ ਪਾਂਧਾ ਹੈਰਾਨ ਰਹਿ ਗਿਆ। ਉਸ ਨੂੰ ਯਕੀਨ ਹੋ ਗਿਆ ਕਿ ਇਹ ਬਾਲਕ ਜਮਾਂਦਰੂ ਹੀ ਵਲੀ ਹੈ। ਜਦੋਂ ਮੁੱਲਾ ਕੋਲ ਭੇਜਿਆ ਗਿਆ ਤਾਂ ਮੁੱਲਾ ਵੀ ਗੁਰੂ ਨਾਨਕ ਦੇਵ ਜੀ ਦੇ ਕੌਤਕ ਤੋਂ ਹੈਰਾਨ ਹੋਇਆ।

ਜਦੋਂ ਉਮਰ ਨੌ ਵਰਿਆਂ ਦੀ ਹੋਈ ਤਾਂ ਜੰਝੂ ਪਾਉਣ ਦੀ ਰਸਮ ਦਾ ਵੇਲਾ ਆਇਆ। ਜੁੜੀ ਬਿਰਾਦਰੀ ਦੇ ਸਾਹਮਣੇ ਬਾਬੇ ਨਾਨਕ ਜੀ ਨੇ ਜੰਝੂ ਪਾਉਣ ਤੋਂ ਇਨਕਾਰ ਕਰ ਦਿੱਤਾ। ਸਦੀਆਂ ਤੋਂ ਬਣੇ ਬ੍ਰਾਹਮਣ ਦੇ ਭੜ ਨੂੰ ਤੋੜਨ ਦਾ ਪਹਿਲਾ ਸਫਲ ਯਤਨ ਸੀ। ਧਰਮ ਦੇ ਰਾਖਿਆਂ ਵੱਲੋਂ ਹੁੰਦੇ ਜਬਰ ਤੇ ਇਹ ਕਰਾਰੀ ਸੱਟ ਸੀ। ਜੋ ਬਾਬੇ ਨਾਨਕ ਨੇ ਮਾਰੀ। ਬ੍ਰਾਹਮਣ ਦਾ ਜੰਝੂ ਤੇਹਰੇ ਧਾਗੇ ਦਾ ਸੀ ਖਤਰੀ ਲਈ ਦੋਹਰੇ ਤੇ ਵੈਸ਼ ਲਈ ਇਕੇਰੇ ਦਾ ਸੀ। ਪਰ ਸ਼ੂਦਰ ਨੂੰ ਇਸ ਦੇ ਪਾਉਣ ਦਾ ਅਧਿਕਾਰ ਨਹੀਂ ਸੀ। ਫਿਰ ਬਾਬੇ ਨਾਨਕ ਨੇ ਅਜਿਹੀ ਰਸਮ ਨੂੰ ਨਾ ਨਿਭਾਉਂਦੇ ਹੋਏ ਬਰਾਬਰਤਾ ਦੇ ਅਧਿਕਾਰ ਨੂੰ ਪੇਸ਼ ਕੀਤਾ ਤੇ ਫਜ਼ੂਲ ਦੇ ਕਰਮਕਾਂਡਾਂ ਚੋਂ ਸਮਾਜ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਜਦੋਂ 10 ਵਰਿਆਂ ਦੇ ਹੋਏ ਤਾਂ ਮੱਝੀਆਂ ਨੂੰ ਲੈ ਕੇ ਖੇਤਾਂ ਵਿੱਚ ਚਰਾਉਣ ਲਈ ਜਾਂਦੇ ਤਾਂ ਕਈ ਵਾਰ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੋ ਜਾਂਦੇ। ਮੱਝਾਂ ਲੋਕਾਂ ਦੇ ਖੇਤਾਂ ਵਿੱਚ ਚਰਦੀਆਂ ਰਹਿੰਦੀਆਂ। ਸ਼ਿਕਾਇਤਾਂ ਵੀ ਹੋਈਆਂ ਪਰ ਜਦੋਂ ਜਾ ਕੇ ਦੇਖਿਆ ਗਿਆ ਤਾਂ ਫਸਲਾਂ ਹੋਰ ਹਰੀਆਂ ਭਰੀਆਂ ਦਿਸਦੀਆਂ ਸੀ। ਹੌਲੀ ਹੌਲੀ ਸਮਾਂ ਬੀਤਣ ਨਾਲ ਗੁਰੂ ਨਾਨਕ ਦੇਵ ਜੀ ਗੁਰੂ ਦੇ ਕੀਰਤਨ ਵੱਲ ਨੂੰ ਜਿਆਦਾ ਸਮਾਂ ਲਗਾਉਣ ਲੱਗ ਪਏ।

ਈਸ਼ਵਰ ਦੀ ਭਗਤੀ ਬਾਰੇ ਮੁੰਛੀ ਸੁਜਾਨ ਰਾਇ ਨੇ ਖਲਾਸਤ-ਉਤ-ਤਵਾਰੀਖ ਵਿੱਚ ਇਸੇ ਗੱਲ ਦਾ ਜ਼ਿਕਰ ਕੀਤਾ ਹੈ ਕਿ ਗੁਰੂ ਨਾਨਕ ਦਾ ਵਿਸ਼ੇਸ਼ ਸਾਥੀ ਮਰਦਾਨਾ ਨਾਮ ਦਾ ਰਬਾਬੀ ਸੀ ਜੋ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੋਜ਼ ਤੇ ਦਿਲ ਨੂੰ ਟੁੰਭਵੀ ਸੁਰ ਵਿੱਚ ਗਾਂਵਦਾ ਸੀ। ਕੀਰਤਨ ਨੇ ਜਨਮ ਤਲਵੰਡੀ ਵਿਖੇ ਲਿਆ। ਬਾਬੇ ਦੇ ਸ਼ਬਦ ਅਤੇ ਮਰਦਾਨੇ ਦੀ ਰਬਾਬ ਨੇ ਉਹ ਕਰਾਮਾਤ ਕੀਤੀ ਜਿਸ ਦਾ ਬਦਲ ਸੰਸਾਰ ਨੂੰ ਅਜੇ ਤੱਕ ਨਹੀਂ ਲੱਭਾ ਤੇ ਸ਼ਾਇਦ ਕਦੇ ਵੀ ਨਾ ਲੱਭੇ। ਮਰਦਾਨਾ ਉਨਾਂ ਨੂੰ ਗੁਰੂ ਨਾਨਕ ਜੀ ਵੱਲੋਂ ਮਿਲਿਆ ਖਿਤਾਬ ਸੀ। ਉਹਨਾਂ ਦਾ ਪਾਵਨ ਨਾਮ ਦਾਨਾ ਸੀ ਭਾਈ ਦਾਨਾ ਜੀ ਦੇ ਪੂਜ ਪਿਤਾ ਜੀ ਦਾ ਨਾਂ ਭਾਈ ਬਦਰੇ ਸੀ ਤੇ ਮਾਤਾ ਦਾ ਨਾਂ ਲੱਖੋ ਸੀ। ਮਹਾਂ ਕੋਸ਼ ਦੇ ਲਿਖਾਰੀ ਭਾਈ ਕਾਹਨ ਸਿੰਘ ਦੇ ਲਿਖੇ ਅਨੁਸਾਰ ਮਰਦਾਨਾ ਜੀ ਦਾ ਜਨਮ ਤਲਵੰਡੀ ਵਿਖੇ 1459 ਈਸਵੀ ਨੂੰ ਹੋਇਆ। ਇਸ ਹਿਸਾਬ ਨਾਲ ਉਹ ਗੁਰੂ ਨਾਨਕ ਜੀ ਤੋਂ 10 ਸਾਲ ਵੱਡੇ ਸਨ। ਭਾਈ ਮਰਦਾਨਾ ਜੀ ਦੇ ਦੋ ਪੁੱਤਰ ਰਜ਼ਾਦਾ ਅਤੇ ਸਜਾਦਾ ਸਨ। ਸਜਾਦਾ ਜੀ ਤਲਵੰਡੀ ਹੀ ਰਹੇ ਤੇ ਰਜਾਦਾ ਜੀ ਕਰਤਾਰਪੁਰ ਆ ਟਿਕੇ। ਬਾਬਾ ਤੇ ਮਰਦਾਨਾ ਦੋਵੇਂ ਇਤਨੇ ਨੇੜੇ ਹੋ ਗਏ ਸਨ ਉਸ ਦੀ ਉਦਾਹਰਨ ਉਹ ਬਚਨ ਹਨ ਜੋ ਕਿ ਇੱਕ ਵਾਰੀ ਮਰਦਾਨਾ ਜੀ ਨੇ ਆਖੇ। ਉਹਨਾਂ ਆਪਣੇ ਸੁਭਾਅ ਅਨੁਸਾਰ ਕਿਹਾ ਬਾਬਾ ਤੇਰਾ ਮੇਰਾ ਬਹੁਤਾ ਅੰਤਰ ਨਹੀਂ- ਤੂੰ ਰੱਬ ਦਾ ਡੂਮ ਹੈ, ਮੈਂ ਤੇਰਾ ਡੂਮ। ਫਿਰ ਆਖਣ ਲੱਗੇ- ਤੈ ਖੁਦਾਇ ਪਾਇਆ ਹੈ, ਮੈਂ ਖੁਦਾਈ ਦੇਖਿਆ ਹੈ। ਮਰਦਾਨਾ ਜੀ ਨੇ ਆਖਿਆ ਬੇਨਤੀ ਹੈ ਕਿ ਮੈਨੂੰ ਵਿਛੋੜਨਾ ਨਹੀਂ ਆਪ ਨਾਲੋ ਨਾ ਇੱਥੇ ਨਾ ਉੱਥੇ। ਤਾਂ ਗੁਰੂ ਨਾਨਕ ਜੀ ਨੇ ਉਸ ਸਮੇਂ ਬਖਸ਼ਿਸ਼ ਕਰਦੇ ਫਰਮਾਇਆ ਮਰਦਾਨਿਆ ਤੁਧ ਉੱਪਰ ਮੇਰੀ ਖੁਸ਼ੀ ਹੈ ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸਾ।

ਜਦੋਂ ਗੁਰੂ ਨਾਨਕ ਦੇਵ ਜੀ 18 ਵਰਿਆਂ ਦੇ ਹੋਏ ਤਾਂ ਵਪਾਰ ਕਰਨ ਲੱਗੇ ਚੂਹੜਕਾਣੇ ਦੀ ਮੰਡੀ ਲੂਣ ਦਾ ਵਪਾਰ ਕਰਨ ਜਾਇਆ ਕਰਦੇ ਸਨ। ਇੱਕ ਵਾਰੀ ਉੱਥੇ ਭੁੱਖੇ ਅਬਦਾਲਾਂ ਨੂੰ ਖਾਣਾ ਖਵਾਏ। ਮਹਿਤਾ ਕਾਲੂ ਜੀ ਨੇ ਜਦ ਗੁੱਸਾ ਕੀਤਾ ਤਾਂ ਆਪ ਜੀ ਨੇ ਇਹੀ ਕਿਹਾ ਕਿ ਮੈਂ ਸੱਚਾ ਸੌਦਾ ਕੀਤਾ ਹੈ। ਅਬਦਾਲ ਅੱਲਾਹ ਦੇ ਕੀਰਤਨ ਵਿੱਚ ਜੁੜਨ ਵਾਲਾ ਇੱਕ ਸੂਫੀ ਤਬਕਾ ਸੀ। ਉਨਾਂ ਦੇ ਭੁੱਖੇ ਹੋਣ ਨਾਲ ਉਹਨਾਂ ਨੂੰ ਭੋਜਨ ਖਵਾ ਕੇ ਮੈਂ ਸੱਚਾ ਸੌਦਾ ਕਰ ਆਇਆ ਹਾਂ। ਅਜਿਹਾ ਹੋਣ ਤੋਂ ਬਾਅਦ ਮਹਿਤਾ ਕਾਲੂ ਜੀ ਨੇ ਆਪ ਜੀ ਦਾ ਵਿਆਹ ਕਰ ਦਿੱਤਾ। ਵਿਸਾਖੀ ਵਾਲੇ ਦਿਨ ਦੀ ਕੁੜਮਾਈ ਆਈ ਤੇ ਵਿਆਹ ਬਟਾਲੇ ਹੋਇਆ। ਗੁਰੂ ਨਾਨਕ ਦੇਵ ਜੀ ਦੇ ਸੋਹਰਾ ਭਾਈ ਮੂਲਾ ਜੀ ਬਟਾਲਾ ਦੇ ਰਹਿਣ ਵਾਲੇ ਸਨ ਅਤੇ ਉਨਾਂ ਦੀ ਵੱਡੀ ਬੱਚੀ ਦਾ ਨਾਂ ਸੁਲੱਖਣੀ ਸੀ। ਬਰਾਤ ਬਟਾਲੇ ਹੀ ਗਈ। ਬਟਾਲੇ ਬਰਾਤ ਵਿੱਚ ਹਰ ਜਾਤ ਦੇ ਲੋਕੀ ਗਏ ਤੇ ਸਾਰਿਆਂ ਨੇ ਇੱਕ ਥਾਂ ਹੀ ਰੋਟੀ ਛਕੀ। ਗੁਰੂ ਨਾਨਕ ਦੇਵ ਜੀ ਨੇ ਰੀਤਾ ਰਸਮਾਂ ਤੋਂ ਉੱਚੇ ਹੋ ਕੇ ਵਿਆਹ ਕਰਵਾਇਆ। ਵਿਆਹ ਵੇਲੇ ਵੈਦਿਕ ਰਸਮਾਂ ਨਹੀਂ ਹੋਈਆਂ ਅਤੇ ਨਿਰੋਲ ਕੀਰਤਨ ਹੀ ਕੀਤਾ ਗਿਆ। ਵਿਆਹ ਤੋਂ ਬਾਅਦ 1496 ਈਸਵੀ ਵਿੱਚ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਹੋਇਆ ਤੇ ਠੀਕ ਦੋ ਸਾਲਾਂ ਉਪਰੰਤ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ। ਜਦੋਂ ਗੁਰੂ ਜੀ 32 ਵਰਿਆਂ ਦੇ ਹੋਏ ਤਾਂ ਭਾਈ ਜੈ ਰਾਮ ਜੀ ਜੋ ਗੁਰੂ ਨਾਨਕ ਦੇਵ ਜੀ ਦੇ ਭਣਵਈਏ ਸਨ, ਸੁਲਤਾਨਪੁਰ ਤੋਂ ਗੁਰੂ ਨਾਨਕ ਦੇਵ ਜੀ ਨੂੰ ਲੈਣ ਲਈ ਆਏ। ਗ੍ਰਹਿਸਥ ਜੀਵਨ ਤੇ ਪਰਿਵਾਰ ਨੂੰ ਚਲਾਉਣ ਦੇ ਲਈ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਜਾਣਾ ਮੰਨ ਲਿਆ। ਜਦੋਂ ਸੁਲਤਾਨਪੁਰ ਜਾਣ ਲੱਗੇ ਤਾਂ ਮਾਤਾ ਸੁਲੱਖਣੀ ਜੀ ਨੇ ਨਾਲ ਹੀ ਜਾਣ ਲਈ ਬੇਨਤੀ ਕੀਤੀ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਆਪ ਜੀ ਨੂੰ ਥੋੜਾ ਸਮਾਂ ਰੁਕਣਾ ਚਾਹੀਦਾ ਹੈ। ਜਦੋਂ ਮੋਦੀਖਾਨੇ ਦੇ ਪ੍ਰਬੰਧਕ ਥਾਪੇ ਗਏ ਤਾਂ ਪਹਿਲਾ ਕੰਮ ਗੁਰੂ ਨਾਨਕ ਦੇਵ ਜੀ ਨੇ ਇਹੀ ਕੀਤਾ ਕਿ ਮਰਦਾਨਾ ਜੀ ਨੂੰ ਭੇਜ ਕੇ ਬੱਚੇ ਤੇ ਘਰਵਾਲੀ ਸੁਲਤਾਨਪੁਰ ਬੁਲਵਾ ਲਏ।



Leave a Comment