ਤਲਵੰਡੀ ਨੂੰ ਇਹ ਸੁਭਾਗ ਪ੍ਰਾਪਤ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਮੁਢਲੇ 32 ਸਾਲ ਉੱਥੇ ਗੁਜ਼ਾਰੇ ਅਤੇ ਕਈ ਰਾਹ ਸੁਖਾਲੇ ਕੀਤੇ ਤਾਂ ਸੁਲਤਾਨਪੁਰ ਨੂੰ ਵੀ ਇਹ ਮਾਣ ਪ੍ਰਾਪਤ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਭਰ ਜਵਾਨੀ ਦੇ ਸਾਢੇ ਚਾਰ ਸਾਲ ਉੱਥੇ ਗੁਜ਼ਾਰੇ ਸਨ। ਉੱਥੇ ਹੀ ਤੇਰਾ ਤੇਰਾ ਦੀ ਧੁਨੀ ਉੱਠੀ ਸੀ। ਉੱਥੇ ਹੀ ਸਮਾਜ ਨੂੰ ਇਹ ਸੋਝੀ ਮਿਲੀ ਸੀ ਕਿ ਨਾ ਉਹ ਹਿੰਦੂ ਹਨ ਤੇ ਨਾ ਹੀ ਮੁਸਲਮਾਨ। ਉੱਥੇ ਹੀ ਸੜਦੇ ਸੰਸਾਰ ਨੂੰ ਠੰਡ ਪਾਉਣ ਵਾਲਾ ਮੂਲ ਮੰਤਰ ਮਿਲਿਆ ਸੀ। ਜਪ ਦਾ ਮੁੱਢ ਵੀ ਉੱਥੇ ਹੀ ਬੱਝਾ ਸੀ। ਸੁਲਤਾਨਪੁਰ ਸਫੈਦ ਵਈਂ ਦੇਖ ਕਿਨਾਰੇ ਪੁਰਾਣੀ ਜਰਨੈਲੀ ਸੜਕ ਤੇ ਵਸਿਆ ਇਕ ਪੁਰਾਤਨ ਸ਼ਹਿਰ ਹੈ। ਗਿਆਰਵੀਂ ਸਦੀ ਵਿੱਚ ਮਹਿਮੂਦ ਗਜਨਵੀ ਦੇ ਇੱਕ ਫੌਜਦਾਰ ਸੁਲਤਾਨ ਖਾਂ ਲੋਧੀ ਨੇ ਇਸ ਸ਼ਹਿਰ ਨੂੰ ਵਸਾਇਆ ਸੀ। ਜਦੋਂ 1500 ਵਿੱਚ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਪਹੁੰਚੇ ਤਾਂ ਇਹ ਸ਼ਹਿਰ ਦੌਲਤ ਖਾਂ ਲੋਧੀ ਦੇ ਅਧੀਨ ਸੀ। ਸੁਲਤਾਨਪੁਰ ਦੌਲਤ ਖਾਂ ਦੀ ਜਾਗੀਰ ਸੀ। ਦੌਲਤ ਖਾਂ ਲੋਧੀ ਸਿਕੰਦਰ ਲੋਧੀ ਦੇ ਚਾਚੇ ਦਾ ਪੁੱਤਰ ਅਤੇ ਇਬਰਾਹਿਮ ਲੋਧੀ ਦਾ ਚਾਚਾ ਸੀ। ਇਸ ਦੌਲਤ ਖਾਨ ਲੋਧੀ ਨੇ ਆਪਣੇ ਭਤੀਜੇ ਇਬਰਾਹਿਮ ਨਾਲ ਮੱਥਾ ਵੀ ਲਗਾਇਆ ਸੀ। ਭਾਈ ਜੈ ਰਾਮ ਜੋ ਦੌਲਤ ਖਾਂ ਲੋਧੀ ਦੇ ਦੀਵਾਨ ਸਨ ਉਹਨਾਂ ਦੀ ਸਿਫਾਰਿਸ਼ ਦੇ ਨਾਲ ਗੁਰੂ ਨਾਨਕ ਦੇਵ ਜੀ ਨੂੰ ਮੋਦੀਖਾਨੇ ਦੇ ਵਿੱਚ ਨੌਕਰੀ ਮਿਲ ਗਈ। ਦੌਲਤ ਖਾਂ ਪਾਸ ਨਿਤ ਸ਼ਿਕਾਇਤਾਂ ਪੁੱਜਦੀਆਂ ਸਨ ਕਿ ਮੋਦੀਖਾਨਾ ਠੀਕ ਨਹੀਂ ਚੱਲ ਰਿਹਾ। ਰਸਦ ਠੀਕ ਨਹੀਂ ਵੰਡੀ ਜਾਂਦੀ, ਤਾਂ ਜਦੋਂ ਕਈਆਂ ਦੇ ਕਹਿਣ ਤੇ ਦੌਲਤ ਖਾਂ ਲੋਧੀ ਨੇ ਮੋਦੀਖਾਨੇ ਦਾ ਹਿਸਾਬ ਇੱਕ ਦਿਨ ਅਚਨਚੇਤ ਕੀਤਾ ਤਾਂ ਹਿਸਾਬ ਬਿਲਕੁਲ ਬਰਾਬਰ ਨਿਕਲਿਆ। ਭਾਵੇਂ ਗੁਰੂ ਨਾਨਕ ਦੇਵ ਜੀ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਤੇਰਾ ਤੇਰਾ ਤੋਲ ਦੇ ਪਰ ਫਿਰ ਵੀ ਹਿਸਾਬ ਬਿਲਕੁਲ ਸਹੀ ਸੀ। ਤਿੰਨ ਦਿਨ ਹਿਸਾਬ ਹੁੰਦਾ ਰਿਹਾ। ਹਿਸਾਬ ਜਾਕੋ ਰਾਏ ਨਾਂ ਦੇ ਮੁਣਸ਼ੀ ਨੇ ਕੀਤਾ ਸੀ। ਜਦ ਪੜਤਾਲ ਬਾਰੇ ਨਵਾਬ ਨੇ ਪੁੱਛਿਆ ਤਾਂ ਜਾਕੋ ਰਾਏ ਕਿਹਾ ਨਵਾਬ ਸਲਾਮਤੀ 321 ਰੁਪਏ ਨਾਨਕ ਕੇ ਜਾਫਾ ਉਠੇ ਹੈ। ਧੰਨਵਾਦ ਨੇ ਖਜਾਨਚੀ ਭਵਾਨੀ ਦਾਸ ਨੂੰ ਹੁਕਮ ਕੀਤਾ ਕਿ 321 ਰੁਪਏ ਗੁਰੂ ਨਾਨਕ ਦੇਵ ਜੀ ਨੂੰ ਅਦਾ ਕਰਨ। ਗੁਰੂ ਜੀ ਨੇ ਇਹ ਰਕਮ ਖੈਰਾਤ ਵਿੱਚ ਵੰਡ ਦੇਣ ਲਈ ਕਿਹਾ ਤੇ ਨਾਲ ਹੀ ਇਹ ਬਚਨ ਕੀਤੇ ਜਿੱਥੇ ਮਿਹਨਤ ਦੀ ਇਤਨੀ ਬੇਕਦਰੀ ਹੋਵੇ ਸੱਚਾਈ ਤਿਆਗ ਕੇ ਸ਼ੱਕ ਤੇ ਕੂੜ ਦਾ ਪ੍ਰਭਾਵ ਹੋਵੇ ਉਥੇ ਮੇਰੇ ਲਈ ਕੰਮ ਕਰਨਾ ਅਸੰਭਵ ਹੈ।

ਗੁਰੂ ਨਾਨਕ ਜੀ ਨੇ ਉੱਥੇ ਹੀ ਇਹ ਮਨ ਬਣਾ ਲਿਆ ਕਿ ਫਿਰ ਮੋਦੀਖਾਨਾ ਨਹੀਂ ਸੰਭਾਲਣਾ। ਜਦ ਸਵੇਰੇ ਉਹ ਇਸ਼ਨਾਨ ਕਰਨ ਲਈ ਗਏ ਤਾਂ ਮੁੜ ਕੇ ਨਾ ਆਏ। ਸ਼ਹਿਰ ਵਿੱਚ ਰੋਲਾ ਪੈ ਗਿਆ ਕਿ ਗੁਰੂ ਨਾਨਕ ਜੀ ਵਈਂ ਵਿੱਚ ਪ੍ਰਵੇਸ਼ ਤੋਂ ਬਾਅਦ ਅਲੋਪ ਹੋ ਗਏ ਹਨ ਜਾ ਕਿਸੇ ਦਰਿਆਈ ਜਾਨਵਰ ਨੇ ਖਾ ਲਿਆ ਹੈ। ਚਾਰ ਦਿਨਾਂ ਉਪਰੰਤ ਗੁਰੂ ਨਾਨਕ ਜੀ ਨੇ ਇਤਿਹਾਸਿਕ ਨਿਰਣਾ ਲੈ ਕੇ ਵਈਂ ਵੱਲੋਂ ਹੀ ਸ਼ਹਿਰ ਵਿੱਚ ਪ੍ਰਵੇਸ਼ ਕੀਤਾ। ਪਰਮਾਤਮਾ ਦੇ ਦਰ ਤੋਂ ਗਰੀਬੀ ਨਾਮ ਦੀ ਦਾਤ ਲੈ ਕੇ ਮੁੜੇ ਸਨ। ਵਈਂ ਤੋਂ ਨਿਕਲਦੇ ਸਾਰ ਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਉਚਾਰੇ:
ਨਾਹ ਕੋ ਹਿੰਦੂ ਨਾ ਮੁਸਲਮਾਨ II
ਹੁਣ ਗੁਰੂ ਨਾਨਕ ਦੇਵ ਜੀ ਦੀ ਸ਼ੋਭਾ ਦਿਨ ਪ੍ਰਤੀ ਦਿਨ ਵਧਣੀ ਸ਼ੁਰੂ ਹੋ ਗਈ ਸੀ। ਮੁਸਲਿਮ ਧਰਮ ਦੇ ਕੱਟੜ ਪਹਿਰੇਦਾਰ ਇਸ ਗੱਲ ਨੂੰ ਕਦੇ ਬਰਦਾਸ਼ਤ ਨਾ ਕਰ ਸਕੇ ਕਿ ਲੋਕ ਬਾਬੇ ਨਾਨਕ ਦੀ ਮਹਿਮਾ ਗਾਉਣ। ਨਾ ਕੋ ਹਿੰਦੂ ਨਾ ਮੁਸਲਮਾਨ ਬੋਲ ਬਾਰੇ ਜਦੋਂ ਕੱਟੜ ਖਿਆਲੀਆਂ ਨੇ ਸੁਣਿਆ ਤਾਂ ਦੌਲਤ ਖਾਨ ਨੂੰ ਕਰੜੀ ਕਾਰਵਾਈ ਕਰਨ ਲਈ ਆਖਿਆ। ਦੌਲਤ ਖਾਨ ਨੇ ਸਾਫ ਇਨਕਾਰ ਕਰ ਦਿੱਤਾ। ਕਾਜ਼ੀ ਨੇ ਇੱਥੋਂ ਤੱਕ ਕਿਹਾ ਖਾਨ ਤੋਂ ਗਲਤੀ ਕਰ ਰਿਹਾ ਹੈ, ਤੂੰ ਭਲਾ ਬੰਦਾ ਹੈ। ਜਦ ਬਾਬੇ ਨੂੰ ਭਰੇ ਦਰਬਾਰ ਵਿੱਚ ਪੁੱਛਿਆ ਗਿਆ ਕਿ ਤੂੰ ਕੌਣ ਹੈ ਤਾਂ ਨਾਨਕ ਜੀ ਨੇ ਫਰਮਾਇਆ, ਮੈਂ ਵਾਹਿਗੁਰੂ ਬਿਨਾਂ ਦੂਜਾ ਕੁਝ ਨਹੀਂ ਜਾਣਦਾ। ਦੇਹ ਹੀ ਹਿੰਦੂ ਹੈ ਦੇਹ ਹੀ ਮੁਸਲਮਾਨ ਹੈ। ਮੈਂ ਦੋਹਾਂ ਦਾ ਸਾਖੀ ਨਿਆਰਾ ਹਾਂ। ਪਰ ਕਾਜ਼ੀ ਚੁੱਪ ਕਰਨ ਵਾਲੇ ਕਿੱਥੇ ਸਨ। ਕਾਜ਼ੀ ਨੇ ਕਿਹਾ ਜੇ ਸਭ ਇੱਕ ਹਨ ਤਾਂ ਸਾਡੇ ਨਾਲ ਨਮਾਜ਼ ਪੜ੍ਹ। ਕਨ੍ਹਈਆ ਲਾਲ ਤਾਰੀਖ-ਇ-ਪੰਜਾਬ ਵਿੱਚ ਇਸ ਘਟਨਾ ਬਾਰੇ ਲਿਖਦਾ ਹੈ ਕਿ ਗੁਰੂ ਜੀ ਨਵਾਬ ਨਾਲ ਨਮਾਜ਼ ਪੜ੍ਹਨ ਤੁਰ ਪਏ। ਸ਼ਹਿਰ ਵਿੱਚ ਰੋਲਾ ਪੈ ਗਿਆ ਕਿ ਅੱਜ ਨਾਨਕ ਜੀ ਮੁਸਲਮਾਨ ਬਣ ਜਾਣਗੇ। ਨਵਾਬ ਅਤੇ ਅਮਾਮ ਜਦੋਂ ਨਮਾਜ਼ ਪੜ੍ਹਨ ਲਈ ਖਲੋਤੇ ਤਾਂ ਆਪ ਜੀ ਸ਼ਾਮਿਲ ਨਾ ਹੋਏ। ਨਮਾਜ਼ ਮੁੱਕਣ ਤੇ ਨਵਾਬ ਨੇ ਇਸ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ ਕਿ ਤੁਸੀਂ ਤਾਂ ਨਮਾਜ਼ ਵਿੱਚ ਖਲੋਤੇ ਕਾਬਲ ਦੇ ਘੋੜੇ ਖਰੀਦ ਰਹੇ ਸਨ ਅਤੇ ਅਮਾਮ ਨੂੰ ਇਸ ਗੱਲ ਦੀ ਚਿੰਤਾ ਖਾ ਰਹੀ ਸੀ ਕਿ ਉਸਦੀ ਘੋੜੀ ਦਾ ਵਿਛੇਰਾ ਖੂਹ ਵਿੱਚ ਹੀ ਨਾ ਡਿੱਗ ਪਵੇ। ਇਸੇ ਤਰ੍ਹਾਂ ਬਾਕੀਆਂ ਦੇ ਮਨ ਵੀ ਆਪਣੇ ਆਪਣੇ ਧੰਦੇ ਵਿੱਚ ਰੁੱਝੇ ਹੋਏ ਸਨ। ਉਹ ਸੱਚੇ ਦਿਲੋਂ ਨਮਾਜ਼ ਨਹੀਂ ਸਨ ਪੜ੍ਹ ਰਹੇ। ਮੈਂ ਇਸ ਲਈ ਨਮਾਜ਼ ਵਿੱਚ ਸ਼ਾਮਿਲ ਨਹੀਂ ਹੋਇਆ। ਅਜਿਹੀ ਨਮਾਜ਼ ਨਾਲੋਂ ਤਾਂ ਨਾ ਪੜਨੀ ਹੀ ਚੰਗੀ। ਸਭ ਹਾਜਰੀ ਨੂੰ ਆਪਣੇ ਆਪਣੇ ਦਿਲਾਂ ਦੀ ਮੈਲ ਦਾ ਪਤਾ ਸੀ ਇਸ ਲਈ ਉਨਾਂ ਬਾਬਾ ਨਾਨਕ ਨੂੰ ਕੁਝ ਨਹੀਂ ਕਿਹਾ। ਸਭ ਜਾਣ ਲਿਆ ਕੇ ਇਹ ਵਲੀ ਹੈ। ਦੌਲਤ ਖਾਂ ਇਸ ਭੇਦ ਭਰੀ ਗੱਲ ਤੇ ਹੈਰਾਨ ਰਹਿ ਗਿਆ ਅਤੇ ਉਸਨੇ ਬਾਬੇ ਨਾਨਕ ਤੋਂ ਭੁੱਲ ਬਖਸ਼ਾਈ। ਹੁਣ ਬਾਬੇ ਨਾਨਕ ਜੀ ਨੇ ਆਪਣਾ ਪਹਿਲਾ ਲਿਆ ਨਿਰਣਾ ਵੀ ਉੱਥੇ ਹੀ ਦੋਹਰਾ ਦਿੱਤਾ ਕਿ ਹੁਣ ਸੁਲਤਾਨਪੁਰ ਨਹੀਂ ਟਿਕਣਗੇ ਤੇ ਹੁਣ ਹਰ ਉਸ ਟਿਕਾਣੇ ਪੁੱਜਣ ਦਾ ਯਤਨ ਕਰਨਗੇ ਜਿੱਥੋਂ ਕੁਧਰਮ ਪੈਦਾ ਹੁੰਦਾ ਹੈ। ਭਾਈ ਗੁਰਦਾਸ ਜੀ ਦੇ ਸ਼ਬਦਾਂ ਅਨੁਸਾਰ ਬਾਬੇ ਨੇ ਧਿਆਨ ਧਰ ਦੇਖ ਲਿਆ ਸੀ ਕਿ ਆਦਰਸ਼ ਤੋਂ ਖੁੰਝੀ ਲੁਕਾਈ ਤ੍ਰਾਹ ਤ੍ਰਾਹ ਕਰ ਰਹੀ ਹੈ। ਉਨਾਂ ਨੂੰ ਸੋਧਣ ਲਈ ਉਹ ਮੈਦਾਨ ਵਿੱਚ ਨਿਕਲ ਪਏ। ਪਹਿਲਾ ਨਵਾਬ ਫਿਰ ਜੈ ਰਾਮ ਜੀ ਫਿਰ ਉਹਨਾਂ ਦੀ ਪਤਨੀ ਤੇ ਬੱਚਿਆਂ ਪਿੱਛੋਂ ਪਿਤਾ ਤੇ ਮਾਤਾ ਜੀ ਅਤੇ ਸੱਸ ਸੋਹਰੇ ਨੇ ਰੋਕ ਪਾਉਣੀ ਚਾਹੀ। ਪਰ ਉਹ ਆਪਣੇ ਇਰਾਦੇ ਤੋਂ ਅਹਿਲ ਸਨ। ਮਰਦਾਨੇ ਨੂੰ ਵੀ ਨਵੀਂ ਰਬਾਬ ਬਣਾ ਦਿੱਤੀ ਸੀ ਤੇ ਨਿਸ਼ਾਨੇ ਵੀ ਉਹਨਾਂ ਮਿਥ ਲਏ ਸਨ। ਹਿਸਾਬ ਕਰਨ ਤੇ ਤਵਰੀਖ-ਗੁਰੂ-ਖਾਲਸਾ ਦੇ ਕਥਨ ਅਨੁਸਾਰ 160 ਰੁਪਏ ਗੁਰੂ ਨਾਨਕ ਦੇਵ ਜੀ ਦੇ ਵੱਧ ਨਿਕਲੇ ਸਨ। ਤੁਰਨ ਵੇਲੇ ਨਵਾਬ ਤੇ ਜੈ ਰਾਮ ਜੀ ਨੇ ਬਥੇਰਾ ਚਾਹਿਆ ਕਿ ਉਹ ਭਾਰੀ ਰਕਮ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਨਾਂ ਲਗਾ ਦਿੱਤੀ ਜਾਵੇ। ਪਰ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਛੱਡਣ ਤੋਂ ਪਹਿਲਾਂ ਹੀ ਸਾਰੀ ਰਕਮ ਲੋੜਵੰਦਾਂ ਵਿੱਚ ਵੰਡ ਦਿੱਤੀ ਸੀ। ਇਸ ਤਰ੍ਹਾਂ ਸਾਢੇ ਚਾਰ ਸਾਲ ਇਨਕਲਾਬੀ ਬਚਨ ਤੇ ਕਰਮ ਕਰਕੇ ਬਾਬਾ ਜੀ ਭੇਖੀ ਪ੍ਰਭੂ ਨ ਪਾਈਐ ਅਤੇ ਤਾਂ ਕਿਛੁ ਘਾਲਿ ਪਵੇ ਦਰਿ ਲੇਖੇ ਜੇ ਉਸ ਦੀ ਨਦਰ ਹੋਵੇ ਦਾ ਆਦਰਸ਼ ਦ੍ਰਿੜ ਕਰਾਉਣ ਲਈ ਹਿੰਦੂ ਕੇਂਦਰਾਂ ਵੱਲ ਲਗਭਗ 1500 ਈਸਵੀ ਵਿੱਚ ਰਬਾਬੀ ਭਾਈ ਮਰਦਾਨਾ ਨਾਲ ਚਲ ਪਏ। ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੂੰ ਉਦਾਸੀਆਂ ਦੇ ਕੀਤੇ ਪੈਂਡੇ ਦੌਰਾਨ ਦੋ ਵਿਰੋਧੀ ਸ਼ਕਤੀਆਂ ਨਾਲ ਟਕਰਾਉਣਾ ਪਿਆ। ਇੱਕ ਮੁਸਲਮਾਨ ਦੀ ਅਤਿ ਦੀ ਮਜ੍ਹਬੀ ਕਠੋਰਤਾ ਤੇ ਦੂਜੀ ਹਿੰਦੂਆਂ ਦੀ ਪਾਤਾਲ ਛੂੰਹਦੀ ਵਹਿਮਪ੍ਰਸਤੀ ਸੀ। ਗੁਰੂ ਨਾਨਕ ਦੇਵ ਜੀ ਨੇ ਨਾ ਕਿਸੇ ਰਾਜ ਸੱਤਾ ਨਾਲ ਨਾ ਹੀ ਕਿਸੇ ਡਰਾਵੇ ਨਾਲ ਤੇ ਨਾ ਹੀ ਕਿਸੇ ਲਾਲਚ ਨਾਲ ਸਗੋਂ ਇਹਨਾਂ ਦੋਨਾਂ ਸ਼ਕਤੀਆਂ ਨੂੰ ਨਿਰੋਲ ਸਨੇਹ ਅਤੇ ਸੂਝ ਨਾਲ ਜਿੱਤਿਆ।

ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਵਿੱਚੋਂ ਹਰਿਦੁਆਰ ਦੀ ਪੱਛਮ ਵੱਲ ਪਾਣੀ ਦੇਣ ਅਤੇ ਜਗਨ ਨਾਥ ਪੂਰੀ ਵਿਖੇ ਪਖੰਡੀ ਸਾਧ ਦਾ ਲੋਟਾ ਛਪਾਉਣ ਵਾਲੀਆਂ ਸਾਖੀਆਂ ਜਗਤ ਪ੍ਰਸਿੱਧ ਹਨ। ਗੁਰੂ ਨਾਨਕ ਦੇਵ ਜੀ ਨੇ ਚਾਰੇ ਦਿਸ਼ਾਵਾਂ ਦੇ ਵਿੱਚ ਪੂਰਵ, ਉੱਤਰ, ਦੱਖਣ ਤੇ ਪੱਛਮ ਉਦਾਸੀਆਂ ਕੀਤੀਆਂ। ਪਹਿਲੀ ਉਦਾਸੀ ਵੇਲੇ ਗੁਰੂ ਜੀ ਨੇ ਭਗਵੇ ਰੰਗ ਦੇ ਕੱਪੜੇ ਪਾਏ, ਦੂਜੀ ਵੇਲੇ ਚਿੱਟੇ ਤੇ ਤੀਜੀ ਵੇਲੇ ਨੀਲੇ ਵਸਤਰ ਪਹਿਨੇ ਸਨ। ਗੁਰੂ ਜੀ ਨੇ ਇਹ ਭੇਖ ਵੀ ਇਸ ਲਈ ਧਾਰਿਆ ਕਿ ਇੱਕ ਨਵਾਂ ਦਰਸ਼ਨ ਫਲਸਫਾ ਲੱਭਿਆ ਜਾ ਸਕੇ। ਜੋ ਸਭ ਲਈ ਕਲਿਆਣਕਾਰੀ ਹੋਵੇ। ਭਾਈ ਗੁਰਦਾਸ ਜੀ ਲਿਖਦੇ ਹਨ ਕਿ ਜਦੋਂ ਉਦਾਸੀਆਂ ਤੋਂ ਬਾਬਾ ਨਾਨਕ ਵਾਪਸ ਆਏ ਤਾਂ ਉਹਨਾਂ ਉਦਾਸੀਆਂ ਵਾਲਾ ਬਾਣਾ ਉਤਾਰ ਦਿੱਤਾ ਤੇ ਸੰਸਾਰੀ ਕੱਪੜੇ ਪਹਿਣ ਲਈ ਤੇ ਇੱਕ ਜਗ੍ਹਾ ਟਿਕ ਕੇ ਹੁਣ ਲੋਕਾਂ ਨੂੰ ਜੀਵਨ ਜੁਗਤ ਦਰਸਾਉਣ ਲੱਗੇ। ਭਾਈ ਗੁਰਦਾਸ ਜੀ ਅਨੁਸਾਰ
ਫਿਰਿ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ I
ਪਹਿਰਿ ਸੰਸਾਰੀ ਕੱਪੜੇ ਮੰਜੀ ਬੈਠ ਕਿਆ ਅਵਤਾਰਾ I
ਦੁਨੀਆ ਉਸ ਸਮੇਂ ਤੱਕ ਇਹੀ ਸੁਣਦੀ ਆਈ ਸੀ ਕਿ ਬਾਣ ਪ੍ਰਸਤੀ ਤੋਂ ਬਾਅਦ ਵਰਣ ਆਸ਼ਰਮ ਨੂੰ ਮੰਨਣ ਵਾਲਾ ਸੰਨਿਆਸੀ ਹੁੰਦਾ ਹੈ। ਬਾਣ ਪ੍ਰਸਤੀ ਕਦੇ ਵੀ ਫਿਰ ਗ੍ਰਹਿਸਤੀ ਜਾਂ ਸੰਸਾਰੀ ਨਹੀਂ ਹੋ ਸਕਦਾ। ਪਰ ਇੱਥੇ ਜਦ ਗੁਰੂ ਸਾਹਿਬ ਦੀਆਂ ਉਦਾਸੀਆਂ ਖਤਮ ਹੋ ਗਈਆਂ ਤੇ ਉਨਾਂ ਦਾ ਮੰਤਬ ਪੂਰਾ ਹੋ ਗਿਆ ਤਾਂ ਆਪ ਜੀ ਨੇ ਉਦਾਸੀ ਭੇਖ ਉਤਾਰ ਦਿੱਤਾ। ਇਹ ਵੀ ਵਰਣ ਆਸ਼ਰਮ ਤੇ ਇੱਕ ਕਰਾਰੀ ਚੋਟ ਸੀ। ਵਿਤਕਰੇ ਤੇ ਭਾਰੀ ਵਾਰ ਸੀ। ਭਾਈ ਮਰਦਾਨੇ ਨੇ ਸੁਲਤਾਨਪੁਰ ਤੋਂ ਤੁਰ ਕੇ ਸਾਰੀਆਂ ਉਦਾਸੀਆਂ ਵਿੱਚ ਗੁਰੂ ਨਾਨਕ ਦੇਵ ਜੀ ਦਾ ਸਾਥ ਦਿੱਤਾ ਤੇ ਆਪਣੀ ਰਬਾਬ ਦੇ ਨਾਲ ਜੋ ਬੀਬੀ ਨਾਨਕੀ ਨੇ ਜੋ ਗੁਰੂ ਨਾਨਕ ਦੇਵ ਜੀ ਦੀ ਭੈਣ ਸੀ ਆਪਣੇ ਖਰਚੇ ਤੇ ਬਣਵਾ ਕੇ ਦਿੱਤੀ ਸੀ ਪਰਮਾਤਮਾ ਦੀ ਭਗਤੀ ਦਾ ਰਾਗ ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਦੇ ਵਿੱਚ ਕਾਇਮ ਰੱਖਿਆ।

ਇਕੱਲੇ ਭਾਰਤ ਵਰਸ਼ ਵਿੱਚ ਹੀ ਨਹੀਂ ਸਗੋਂ ਕਿ ਸ਼੍ਰੀ ਲੰਕਾ, ਨੇਪਾਲ, ਭੂਟਾਨ, ਬਗਦਾਦ ਤੇ ਫਾਰਸ ਦੇਸ਼ਾਂ ਵਿੱਚ ਗੁਰੂ ਨਾਨਕ ਦੇਵ ਜੀ ਨੇ ਯਾਤਰਾਵਾਂ ਕੀਤੀਆਂ ਅਤੇ ਲੋਕਾਂ ਨੂੰ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ। ਤੇ ਕੀਰਤਨ ਦੇ ਮਹੱਤਤਾ ਬਾਰੇ ਦੱਸਿਆ। ਪੰਗਤ ਤੇ ਸੰਗਤ ਦੀ ਪ੍ਰਥਾ ਗੁਰੂ ਨਾਨਕ ਦੇਵ ਜੀ ਨੇ ਚਲਾਈ। ਜਿਸਦਾ ਭਾਵ ਸੀ ਕਿ ਪਹਿਲਾਂ ਇੱਕ ਪੰਗਤ ਵਿੱਚ ਬਹਿ ਕੇ ਸਾਰੇ ਲੰਗਰ ਛਕਦੇ ਸੀ ਤੇ ਫਿਰ ਗੁਰੂ ਨਾਨਕ ਦੇਵ ਜੀ ਦੀ ਸੰਗਤ ਕਰਦੇ ਸਨ। ਇੱਕ ਪੰਗਤ ਵਿੱਚ ਬਿਠਾ ਕੇ ਲੰਗਰ ਛਕਾਉਣਾ ਬੰਦੇ ਦੀ ਹਉਮੈ ਨੂੰ ਖਤਮ ਕਰਨਾ ਸੀ। ਊਚ ਨੀਚ, ਭੇਦ ਭਾਵ ਦਾ ਖਾਤਮਾ ਕਰਨਾ ਸੀ। ਗੁਰੂ ਨਾਨਕ ਦੇਵ ਜੀ ਨੇ ਸਰੀਰਕ ਜਾਮੇ ਵਿੱਚ ਕੁੱਲ 70 ਸਾਲ ਪੰਜ ਮਹੀਨੇ 17 ਦਿਨ ਬਤੀਤ ਕੀਤੇ। ਆਪਣੇ ਜੀਵਨ ਦੇ ਅਖੀਰਲੇ 18 ਸਾਲ ਉਹਨਾਂ ਨੇ ਕਰਤਾਰਪੁਰ ਜੋ ਸ਼ਹਿਰ ਉਹਨਾਂ ਨੇ ਵਸਾਇਆ ਸੀ ਉੱਥੇ ਰਹਿ ਕੇ ਹੀ ਬਤੀਤ ਕੀਤੇ। ਇੱਥੇ ਰਹਿ ਕੇ ਹੀ ਸਿੱਖਾਂ ਨੂੰ ਉਪਦੇਸ਼ ਦਿੰਦੇ ਰਹੇ। ਇੱਕ ਨਵੇਂ ਧਰਮ ਨੂੰ ਜੋ ਉਦਾਸੀਆਂ ਦੇ ਸਮੇਂ ਤੋਂ ਹੋਂਦ ਵਿੱਚ ਆਇਆ ਸੀ ਪ੍ਰਫੁੱਲਿਤ ਕੀਤਾ। ਜੋ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਅਪਣਾਉਂਦੇ ਉਹ ਗੁਰੂ ਦੇ ਸਿੱਖ ਬਣਦੇ ਤੇ ਸਿੱਖ ਧਰਮ ਵਿੱਚ ਸ਼ਾਮਿਲ ਹੁੰਦੇ। ਬੜੀ ਦੂਰੋਂ ਦੂਰੋਂ ਚੱਲ ਕੇ ਸੰਗਤ ਗੁਰੂ ਨਾਨਕ ਦੇਵ ਜੀ ਦੇ ਕੋਲ ਕਰਤਾਰਪੁਰ ਪਹੁੰਚਦੀ। ਪੰਗਤ ਤੇ ਸੰਗਤ ਦੀ ਪ੍ਰਥਾ ਚਲਦੀ ਰਹੀ। ਗੁਰੂ ਨਾਨਕ ਦੇਵ ਜੀ ਆਪਣੇ ਉਪਦੇਸ਼ ਸਿੱਖਾਂ ਨੂੰ ਦਿੰਦੇ ਰਹੇ। ਇੱਥੇ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੋਨੋਂ ਪੁੱਤਰਾਂ ਬਾਬਾ ਸ਼੍ਰੀ ਚੰਦ ਜੀ ਤੇ ਲਖਮੀ ਦਾਸ ਜੀ ਨੂੰ ਛੱਡ ਭਾਈ ਲਹਿਣੇ ਨੂੰ ਅੰਗਦ ਦਾ ਨਾਂ ਦੇ ਕੇ ਆਪਣੇ ਦੂਜੇ ਜਾਮੇ ਵਿੱਚ ਪ੍ਰਵੇਸ਼ ਕਰਵਾਇਆ। ਭਾਈ ਲਹਿਣਾ ਹੀ ਸੀ ਜੋ ਗੁਰੂ ਨਾਨਕ ਦੇਵ ਜੀ ਦੀਆਂ ਲਈਆਂ ਪ੍ਰੀਖਿਆਵਾਂ ਵਿੱਚੋਂ ਸਫਲ ਰਿਹਾ ਸੀ। ਭਾਈ ਲਹਿਣੇ ਨੂੰ ਹੀ ਨਾਨਕ ਪਾਤਸ਼ਾਹ ਦੀ ਦੂਜੀ ਜੋਤ ਥਾਪਿਆ ਗਿਆ। ਪੰਜ ਪੈਸੇ ਨਾਰੀਅਲ ਮੱਥੇ ਤਿਲਕ ਲਗਾ ਕੇ ਤੇ ਚਰਨ ਪਹੁਲ ਛਕਾ ਕੇ ਭਾਈ ਲਹਿਣੇ ਤੋਂ ਅੰਗਦ ਨਾਮ ਦੇ ਕੇ ਸਿੱਖ ਧਰਮ ਦੇ ਦੂਜੇ ਗੁਰੂ, ਗੁਰੂ ਅੰਗਦ ਦੇਵ ਜੀ ਨੂੰ ਬਣਾਇਆ ਗਿਆ। 70 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਦੇਵ ਜੀ 1539 ਈਸਵੀ ਦੇ ਵਿੱਚ ਜੋਤੀ ਜੋਤ ਸਮਾਏ। ਗੁਰੂ ਗੱਦੀ ਬਖਸ਼ਣ ਪਿੱਛੋਂ ਗੁਰੂ ਜੀ ਆਪ ਚਾਰ ਕੁ ਮਹੀਨੇ ਹੀ ਜੀਵਤ ਰਹੇ। ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਬੜੇ ਸਤਿਕਾਰ ਸਾਹਿਤ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਵਿੱਚ ਸ਼ਾਮਿਲ ਕੀਤਾ ਤੇ ਕਈ ਇਤਿਹਾਸਕਾਰਾਂ ਦੇ ਮੰਨਣ ਅਨੁਸਾਰ ਗੁਰੂ ਨਾਨਕ ਦੇਵ ਜੀ ਵੱਲੋਂ ਕਈ ਭਗਤਾਂ ਤੇ ਭੱਟਾਂ ਦੇ ਸਥਾਨਾਂ ਤੋਂ ਉਹਨਾਂ ਦੇ ਲਿਖੇ ਹੋਏ ਸ਼ਬਦ ਇਕੱਤਰਿਤ ਕੀਤੇ ਗਏ ਸਨ। ਉਹਨਾਂ ਸ਼ਬਦਾਂ ਨੂੰ ਵੀ ਗੁਰੂ ਅਰਜਨ ਦੇਵ ਜੀ ਨਾਨਕ ਪਾਤਸ਼ਾਹ ਦੀ ਪੰਜਵੀਂ ਜੋਤ ਨੇ ਆਦਿ ਗ੍ਰੰਥ ਵਿੱਚ ਸ਼ਾਮਿਲ ਕੀਤਾ। ਕਈ ਇਤਿਹਾਸਿਕ ਗ੍ਰੰਥਾਂ ਅਨੁਸਾਰ ਗੁਰੂ ਨਾਨਕ ਜੀ ਦੇ ਮ੍ਰਿਤਕ ਸਰੀਰ ਪਿੱਛੇ ਕਾਫੀ ਝਗੜਾ ਪੈ ਗਿਆ। ਪਰ ਸਮੇਂ ਸਿਰ ਨਜਿੱਠ ਲਿਆ ਗਿਆ। ਆਪ ਜੀ ਦਾ ਰਾਵੀ ਕਿਨਾਰੇ ਹੀ ਸੰਸਕਾਰ ਕੀਤਾ ਗਿਆ। ਪਰ ਜਦੋਂ ਪਿੱਛੋਂ ਚਿਖਾ ਫਰੋਲੀ ਗਈ ਤਾਂ ਕੋਈ ਸਰੀਰ ਦਾ ਆਕਾਰ ਨਜ਼ਰ ਨਾ ਆਇਆ। ਸੰਸਕਾਰ ਪਿੱਛੋਂ ਮੁਸਲਮਾਨਾ ਇੱਕ ਪਾਸੇ ਮਕਬਰਾ ਬਣਾ ਦਿੱਤਾ ਤੇ ਦੂਜਿਆਂ ਨੇ ਸਮਾਧ। ਦੀਵਾਰ ਦੋਵਾਂ ਦੀ ਸਾਂਝੀ ਰਹੀ। ਰਾਬਰਟ ਐਨ ਕਸਟ ਦਾ ਲਿਖਣਾ ਹੈ ਕਿ ਸੰਸਾਰ ਵਿੱਚ ਕਿਧਰੇ ਇਹ ਨਹੀਂ ਦੇਖਿਆ ਜਾ ਸਕਦਾ ਕਿ ਇੱਕੋ ਪੁਰਸ਼ ਦਾ ਮਕਬਰਾ ਤੇ ਸਮਾਧ ਬਣਿਆ ਹੋਵੇ ਤੇ ਫਿਰ ਦੀਵਾਰ ਸਾਂਝੀ ਹੋਵੇ। ਪਰ ਸਮੇਂ ਦੇ ਨਾਲ ਇਹ ਮਕਬਰਾ ਤੇ ਸਮਾਧ ਵੀ ਢਹਿ ਗਈ।
ਨਾਨਕ ਜ਼ਿ ਜਹਾਨ ਰਫ਼ਤ I
ਗੁਲ ਅਜ ਬਾਗ ਬਿਰੂੰ ਸ਼ੁਦ I
ਭਾਵ ਗੁਰੂ ਨਾਨਕ ਨੇ ਜਹਾਨ ਤੋਂ ਕੂਚ ਕੀਤਾ ਜਿਵੇਂ ਬਾਗ ਵਿੱਚੋਂ ਖਿੜਿਆ ਫੁੱਲ ਡਿੱਗ ਪਿਆ।




Leave a Comment