Puran Shah Koti

ਯਾਦਾਂ ਦਾ ਕੋਨਾ – ਪੂਰਣ ਸ਼ਾਹਕੋਟੀ (ਭਾਗ – ੧)

ਉਠ ਗਏ ਗੁਆਂਢੋ ਯਾਰ—

ਉਸਤਾਦ ਜੀ ਦੇ ਤੁਰ ਜਾਣ ਦੀ ਖਬਰ ਨੇ ਕੁਝ ਅੰਦਰੋਂ ਖੋਰਿਆ ਹੈ। ਇਸ ਗੱਲ ਦਾ ਝੋਰਾ ਵੱਢ-ਵੱਢ ਖਾਂਦਾ ਰਹੇਗਾ ਕਿ ਉਸਤਾਦ ਜੀ ਨੂੰ ‘ਮਿਲਣ-ਮਿਲਣ’ ਕਰਦਾ ਆਖਿਰ ਮਿਲ ਈ ਨਾ ਪਾਇਆ। ਹੋਰਨਾਂ ਬਹੁਤਿਆਂ ਵਾਂਗ ਮੈਂ ਵੀ ਉਨਾਂ ਨੂੰ ‘ਉਸਤਾਦ ਜੀ’ ਹੀ ਆਖਦਾ ਸਾਂ। ਉਨਾਂ ਦੇ ਤੁਰ ਜਾਣ ਦੀ ਸੋਗੀ ਸੂਚਨਾ ਨੇ ਉਨਾਂ ਨਾਲ ਬਿਤਾਏ ਬੜੇ ਪਿਆਰੇ ਜਿਹੇ ਸਮੇਂ ਤੇ ਅਭੁੱਲ ਮਿਲਣੀਆਂ ਚੇਤੇ ਕਰਵਾ ਦਿੱਤੀਆਂ ਨੇ। ਉਸਤਾਦ ਜੀ ਤੇ ਉਹਨਾਂ ਦੇ ਪਰਿਵਾਰ, ਉਹਨਾਂ ਦੇ ਸਮੁੱਚੇ ਸ਼ਿਸ਼ ਮੰਡਲ ਸਮੇਤ ਉਨਾਂ ਦੇ ਲਾਗੇ -ਚਾਗੇ ਰਹਿਣ ਬਾਅਦ ਉਸਤਾਦ ਜੀ ਦੀ ਗਾਇਕੀ ਤੇ ਜੀਵਨ ਬਾਬਤ ਕਿਤਾਬ ਲਿਖੀ ਸੀ, ‘ਕੁੱਲੀ ਵਾਲਾ ਫਕੀਰ’, ਸਾਲ ਸੀ 1998 ਦਾ।

ਸਿਆਲੂ ਦਿਨ ਸਨ, ਕੋਠੇ ਦੀ ਛੱਤ ਉਤੇ ਗਦੈਲੇ ਵਿਛਾਅ ਕੇ ਆਸਣ ਲਾਇਆ ਹੋਇਆ। ਉਸਤਾਦ ਪੂਰਨ ਸ਼ਾਹਕੋਟੀ ਨਾਲ ਦੂਸਰੀ ਵਾਰ ਮਿਲ ਰਿਹਾ ਸਾਂ ਮੈਂ। ਉਸ ਵੇਲੇ ਉਸ ਨੂੰ ਜਿਵੇਂ ਕੋਈ ਝੱਲ ਜਿਹੀ ਚੜ੍ਹੀ ਸੀ। ਉਸ ਨੇ ਸਿਗਰਟ ਲਾਗੇ ਪਈ ਕੌਲੀ ਵਿਚ ਧਰੀ ਤੇ ਵਾਜੇ ਦਾ ਪੱਖਾ ਖੋਲ੍ਹ ਗਾਉਣ ਲੱਗਿਆ-

ਉੱਚੀਆਂ ਲੰਮੀਆਂ ਟਾਹਲੀਆਂ ਨੀ
ਹੇਠ ਵਗੇ ਦਰਿਆ ਵੇ ਮਾਹੀਆ…

ਉਹਦਾ ਛੋਟਾ ਪੁੱਤ ਪਰਵੇਜ਼ ਭੱਜਾ-ਭੱਜਾ ਆਇਆ ਤੇ ਲਾਗੇ ਪਈ ਮਰਦੰਗ ਉੱਤੇ ਥਾਪ ਦੇਣ ਲੱਗਿਆ। ਕੋਠਿਓਂ ਸਲੀਮ ਵੀ ਉੱਤਰ ਆਇਆ ਸੀ, ਆਪਣੇ ਬਾਪ ਬਰਾਬਰ ਬਹਿ ਕੇ ਉਸ ਸੁਰ ਸੰਗ ਸੁਰ ਮੇਚੀ-

…ਤੇ ਉੱਚੀਆਂ ਲੰਮੀਆਂ ਟਾਹਲੀਆਂ
ਵਿਚ ਗੁਜਰੀ ਦੀ ਪੀਂਘ ਵੇ ਮਾਹੀਆ—
ਤੇ ਉੱਚੜਾ ਬੁਰਜ ਲਾਹੌਰ ਦਾ
ਹੇਠ ਵਗੇ ਦਰਿਆ ਵੇ ਮਾਹੀਆ…

ਕਿਆ ਨਜ਼ਾਰਾ ਬੱਝਾ! ਜਿਵੇਂ ਸਮਾਂ ਖੜੋ ਕੇ ਆਖ ਰਿਹਾ ਹੋਵੇ, ‘‘ਹਾਏ…! ਗਾਈ ਚੱਲੋ, ਗਾਈ ਚੱਲੋ, ਅਜਿਹਾ ਸੰਗੀਤ ਬਾਰ-ਬਾਰ ਕਿੱਥੋਂ ਸੁਣਨ ਨੂੰ ਲੱਭੇਗਾ… ਖਲੋ ਕੇ ਸੁਣ ਤਾਂ ਲਵਾਂ…।’’ ਸੰਗੀਤ ਦਾ ਇਹ ਦਰਿਆ ਇਕ ਘੰਟੇ ਤੋਂ ਵਧੇਰੇ ਸਮਾਂ ਨਿਰੰਤਰ ਵਹਿੰਦਾ ਰਿਹਾ। ਜਾਪਿਆ ਜਿਵੇਂ ਸੁਰਾਂ ਦੀਆਂ ਬੂੰਦਾਂ ਨਾਲ ਸਾਰਾ ਆਸਾ-ਪਾਸਾ ਤਰ-ਤਰ ਹੋ ਗਿਆ ਹੋਵੇ, ਸੁਰੀਲੀ ਹਵਾ ਫਰ੍ਹਾਟੇ ਮਾਰ-ਮਾਰ ਵਗਣ ਲੱਗੀ। ਬੜੇ ਵਰ੍ਹੇ ਪਹਿਲੋਂ, ਸਾਵਣ ਦਾ ਮਹੀਨਾ ਸੀ, ਬੱਦਲ ਘਣਘੋਰ ਸਨ, ਪੂਰਨ ਸ਼ਾਹ ਕੋਟੀ ਨੇ ਆਪਣੇ ਘਰ ਦੇ ਸਿਖ਼ਰਲੇ ਕੋਠੇ ਉੱਤੇ ਬੈਠਿਆਂ ਸੁਰਾਂ ਨਾਲ ਖੇਲ੍ਹਣਾ ਸ਼ੁਰੂ ਕੀਤਾ ਸੀ:

ਦਿਲ ਦੀ ਪਿਆਸ ਬੁਝਾਈ,
ਆਈਆਂ ਕਣੀਆਂ ਨੇ…
ਕਿਣ-ਮਿਣ ਕਿਣ ਮਿਣ ਕਿਣ ਮਿਣ
ਲਾਈ ਕਣੀਆਂ ਨੇ
ਦਿਲ ਦੀ ਪਿਆਸ…

ਸਚਮੁੱਚ ਕਣੀਆਂ ਵਰ ਪਈਆਂ। ਉਹੀ ਭਿੱਜੀ ਗਿਆ, ਗਾਈ ਗਿਆ। ਪੂਰਨ ਸ਼ਾਹਕੋਟੀ ਨੂੰ ਮਿਲਣ ਮਗਰੋਂ ਅਗਲਾ ਸੋਚਣ ਲੱਗਦਾ ਸੀ ਕਿ ਬਈ ਅਸਲੀ ਸੂਫ਼ੀ ਗਵੱਈਆ ਤਾਂ ਇਹੋ ਹੀ ਹੈ, ਸੱਚਮੁੱਚ ਦਾ ਸੂਫ਼ੀ ਹੈ, ਬਾਬਾ ਗਵੱਈਆ ਹੈ… ਦਰਵੇਸ਼ ਗਵੱਈਆ ਹੈ। ਕਲਾਮ ਤਾਂ ਉਹ ਸੂਫ਼ੀਆਨਾ ਗਾਉਂਦਾ ਹੀ ਸੀ, ਸਗੋਂ ਉਹਦੀ ਸ਼ਖ਼ਸੀਅਤ ਵੀ ਪੂਰੀ ਤਰ੍ਹਾਂ ਸੂਫ਼ੀ ਰੰਗਣ ਵਿਚ ਰੰਗੀ ਪਈ ਸੀ। ਆਪਣੀ ਮਸਤੀ ਤੇ ਮੌਜ ਵਿਚ ਰਹਿਣ ਵਾਲਾ ਪੂਰਨ ਉਦੋਂ ਘਰੋਂ ਬਾਹਰ ਵੀ ਟੁਰ ਜਾਂਦਾ, ਜਦੋਂ ਉਹ ਕਿਸੇ ਗੱਲੋਂ ਅੱਕ-ਥੱਕ ਜਾਂ ਖਿਝ-ਖਪ ਜਾਂਦਾ ਸੀ, ਫਿਰ ਨਾ ਕਿਸੇ ਦੀ ਮਿੰਨਤ ਮੰਨਦਾ ਸੀ, ਨਾ ਕਿਸੇ ਦੀ ਕੋਈ ਗੱਲ ਸੁਣਨ ਨੂੰ ਹੀ ਤਿਆਰ ਹੁੰਦਾ ਸੀ। ਮੈਂ ਨੇੜਿਓਂ ਦੇਖਿਆ ਕਿ ਉਹ ਉਦੋਂ ਬਹੁਤ ਅੱਕਦਾ ਸੀ, ਜਦੋਂ ਉਹਦੀ ਬਰਾਦਰੀ ਦੇ ਲੋਕ (ਮੀਰਜ਼ਾਦੇ) ਆਪਣੇ ਘਰੇਲੂ ਤੇ ਆਂਢ-ਗੁਆਂਢ ਦੇ ਭਾਈਚਾਰਕ ਝਗੜੇ-ਝਮੇਲੇ ਜਿਹੇ ਨਿਬੜਾਉਣ ਖ਼ਾਤਰ ਉਹਨੂੰ ਆਣ ਘੇਰਦੇ ਸਨ ਤੇ ਇਕ ਦੂਜੇ ਉੱਪਰ ਦੋਸ਼ ਥੱਪਦੇ, ਚੁਗਲੀਆਂ ਕਰਦੇ, ਗਾਲ੍ਹਾਂ ਕੱਢਦੇ ਤੇ ਉਹਦਾ ਵਾਧੂ ਦਾ ਸਿਰ ਖਾਂਦੇ ਸਨ, ਫਿਰ ਉਹ ਉਨ੍ਹਾਂ ਤੋਂ ਖਹਿੜਾ ਛੁਡਾਉਣ ਲਈ ਤਰਲੋ-ਮੱਛੀ ਹੋਣ ਲੱਗਦਾ ਸੀ, ਬਿਨਾਂ ਪਹੀਆਂ ਤੋਂ ਵੱਡੀ ਗੱਪ ਰੇੜ੍ਹਦਾ ਸੀ, ‘‘ਬਈ ਗੱਲ ਸੁਣੋ ਮੇਰੀ, ਅੱਜ ਤਾਂ ਮੈਂ ਬਹੁਤਾ ਈ ਫਸਿਆ ਹੋਇਆ ਆਂ… ਰਾਸ਼ਟਰਪਤੀ ਦੇ ਘਰੇ ਬਜ਼ਮ ਆਂ… ਮੈਂ ਗਾਉਣੈ ਉੱਥੇ ਜਾ ਕੇ, ਮੈਂ ਬੜਾ ਲੇਟ ਆਂ, ਤੁਸੀਂ ਮਥਰੋਂ ਨਾਲ ਗੱਲਾਂ ਕਰੋ… ਖਾਓ ਪੀਓ… ਮੁਰਗੇ ਖਾਓ… ਓ ਪਰਵੇਜ਼… ਜਾਹ ਮੁਰਗੇ ਲੈ ਆ ਪੰਜ ਛੇ… ਤੇ ਦਸ ਬੋਤਲਾਂ… ਖਾਓ-ਪੀਓ… ਜਿੰਨਾ ਚਿਰ ਮੁਰਗਾ ਰਿਝਦਾ ਓਨਾ ਚਿਰ ਅੰਡੇ ਖਾਓ… ਨੀਂ ਮਥਰੋਂ ਮੈਂ ਲੇਟ ਆਂ… ਕੁੜੇ ਮੈਂ ਚੱਲਿਆ… ਰਾਸ਼ਟਰਪਤੀ ਉਡੀਕ ਰਿਹਾ ਹੋਣੈ ਮੈਨੂੰ…।’’ ਇਉਂ ਆਖਦਾ-ਆਖਦਾ ਉਹ ਕਾਰ ਵਿਚ ਬੈਠ ਕੇ ‘ਅਹੁ’ ਜਾਂਦਾ ਸੀ।

ਜਲੰਧਰ ਦੇ ਬੱਸ ਅੱਡੇ ਉਤੇ ਉਤਰ ਕੇ ਰਿਕਸ਼ੇ ਵਾਲੇ ਨੂੰ ਆਖਿਆ ਸੀ, ‘‘ਆਬਾਦਪੁਰੇ ਚੱਲਣੈ, ਸ਼ਾਹਕੋਟੀ ਉਸਤਾਦ ਦੇ ਡੇਰੇ।’’ ਸ਼ਾਹਕੋਟੀ ਵਰਗੇ ਬੰਦਿਆਂ ਨੂੰ ਭਲਾ ਕੌਣ ਭੁੱਲਿਆ ਹੈ, ਉਹ ਰਿਕਸ਼ੇ ਵਾਲਾ ਵੀ ਇਹਨਾਂ ਦੇ ਮੁਹੱਲੇ ਵਿਚੋਂ ਹੀ ਸੀ। ਰਾਹ ਵਿਚ ਮੈਨੂੰ ਪੁੱਛਦਾ ਹੈ, ‘‘ਕਿੱਦਾਂ ਆਏ ਜੇ ਭਾ ਜੀ, ਪੂਰਨ ਨੂੰ ਮਿਲਣਾ ਏਂ ਕਿ ਸਲੀਮ ਨੂੰ?’’

‘‘ਸਭ ਨੂੰ ਈ ਮਿਲਣੈ ਮੈਂ ਤਾਂ ਯਾਰ।’’

Ustad Puran Shah Koti
Pic Credit: Social Media

‘‘ਪੂਰਨ ਤਾਂ ਭਾ ਜੀ ਫ਼ਕੀਰ ਆਦਮੀ ਜੇ… ਹੰਸ ਨੂੰ ਤਾਰ ਦਿੱਤਾ, ਵੇਖੋ ਅੱਜ ਕਿੱਦਾਂ ਚੜ੍ਹਾਈ ਜੇ ਹੰਸ ਦੀ… ਬੜੇ-ਬੜੇ ਆਉਂਦੇ ਆ ਨਿੱਤ ਈ ਪੂਰਨ ਨੂੰ ਮਿਲਣ।’’ ਰਿਕਸ਼ੇ ਵਾਲਾ ਮੇਰੀ ਜਾਣਕਾਰੀ ਵਿਚ ਵਾਧਾ ਕਰ ਰਿਹਾ ਸੀ। ‘ਬੜੇ-ਬੜੇ ਆਉਂਦੇ ਨੇ’, ਸੁਣ ਕੇ ਮੈਂ ਸੋਚਣ ਲੱਗਿਆ ਬਈ ਜੇ ਅੱਜ ਮੇਰੇ ਵੀ ਜਾਂਦੇ ਨੂੰ ‘ਬੜੇ-ਬੜੇ’ ਆਏ ਬੈਠੇ ਹੋਏ ਤਾਂ ਮੈਨੂੰ ਗੱਲਾਂ ਕਰਨ ਖ਼ਾਤਰ ਵੇਲਾ ਈ ਨਾ ਮਿਲਣਾ। ਬੂਹੇ ਮੂਹਰੇ ਰਿਕਸ਼ਾ ਖਲਿਆਰਿਆ। ਲੋਹੇ ਦੇ ਕਾਲ਼ੇ ਤਖ਼ਤੇ ਭਿੜੇ ਹੋਏ ਸਨ। ਘੰਟੀ ਵਜਾਉਣ ’ਤੇ ਬੂਹਾ ਖੋਲ੍ਹਣ ਵਾਲੇ ਨੇ ਨਾਲ ਹੀ ਆਖਿਆ, ‘‘ਉੱਪਰ ਚੜ੍ਹ ਜਾਓ ਜੀ, ਪੌੜੀਆਂ… ਉੱਪਰ ਬੈਠੇ ਆ ਗੁਰੂ ਜੀ।’’

‘‘ਆ ਬੇਟਾ ਆ, ਚੰਨ ਦਿਆ ਟੁਕੜਿਆ… ਆ ਜਾ, ਮੈਂ ਅੱਜ ਬਹੁਤਾ ਈ ਉਦਾਸ ਹੋਇਆ ਰਿਹਾਂ… ਮੈਨੂੰ ਉਡੀਕ ਸੀ ਅੱਜ ਤੇਰੇ ਜਿਹੇ ਸੁਲੱਖਣੇ ਜੀਅ ਦੇ ਆਉਣ ਦੀ… ਜੀ ਆਇਆਂ ਨੂੰ ਬੇਟਾ… ਕੁੜੇ ਮਥਰੋ ਨੀ, ਆਹ ਮੁੰਡਾ ਆ ਗਿਆ ਪਟਿਆਲਿਓਂ… ਲਿਆਓ ਕੁੜੇ ਕੁੜੀਉ ਚਾਹ ਚੂਹ… ਸੁਰੀਲੀ ਜਿਹੀ ਬਣਾਇਓ ਚਾਹ… ਮੇਰੇ ਬੇਟੇ ਵਾਸਤੇ ਵਾਹ… ਵਾਹ…।’’

ਸ਼ਾਹਕੋਟੀ ਨੂੰ ਜਿਵੇਂ ਸੱਚ-ਮੁੱਚ ਹੀ ਚਾਓ ਚੜ੍ਹਿਆ ਹੋਇਆ ਸੀ। ਕੋਸੀ-ਕੋਸੀ ਧੁੱਪੇ, ਕੋਠੇ ਦੀ ਛੱਤ ਉੱਪਰ ਗਦੈਲੇ ਵਿਛਾਏ ਹੋਏ ਸਨ ਤੇ ਕੰਧ ਨੂੰ ਢੋਅ ਲਗਾਇਆ ਹੋਇਆ ਸੀ, ਕੋਲ ਵਾਜਾ ਵੀ ਪਿਆ ਸੀ ਤੇ ਸਿਗਰਟਾਂ ਦੀ ਡੱਬੀ ਵਾਲੀ ਛਿੱਕੂ ਵੀ। ਬੀਬੀ ਮਥਰੋ ਲਾਗੇ ਬੈਠੀ ਸਾਗ ਚੀਰ ਰਹੀ ਸੀ। ਨਿੱਕੇ ਜੁਆਕ ਖੇਲ੍ਹ ਰਹੇ ਸਨ। ਸਾਰਾ ਪਰਿਵਾਰ ਉੱਡ ਕੇ ਮਿਲਿਆ। ਗੱਲਾਂ ਹੁੰਦੀਆਂ ਰਹੀਆਂ, ਲੰਮੀਆਂ ਵੀ ਤੇ ਛੋਟੀਆਂ ਵੀ। ਆਥਣੇ ਜਿਹੇ ਸਲੀਮ ਤੇ ਮੈਂ ਲਾਗਲੀ ਦੁਕਾਨ ’ਤੇ ਗਏ ਤੇ ਉਥੋਂ ਕਾਗਜ਼-ਪੈੱਨ ਵਗੈਰਾ ਲੈ ਆਏ। ਸ਼ਾਹਕੋਟੀ ਗੱਲਾਂ ਕਰਦਾ, ਮੈਂ ਨੋਟ ਕਰੀ ਜਾਂਦਾ। ਲੰਮੀ ਗੱਲ ਟੇਪ ਵਿਚ ਰਿਕਾਰਡ ਕਰ ਲੈਂਦਾ।

ਜਿੱਧਰ ਨੂੰ ਜਾਂਦੇ, ਨਾਲ-ਨਾਲ ਤੁਰਿਆ ਫਿਰਦਾ, ਕਈ ਥਾਵੀਂ ਗਿਆ, ਕਿਤੇ ਖ਼ੁਸੀ ਦੇ ਮੌਕੇ, ਕਿਤੇ ਗ਼ਮੀ ਦੇ, ਇਉਂ ਇਨ੍ਹਾਂ ਦੇ ਸਾਰੇ ਜਾਣੂੰਆਂ ਨਾਲ ਵੀ ਜਾਣ-ਪਛਾਣ ਹੁੰਦੀ ਗਈ ਤੇ ਇਉਂ ਹੀ ਮੈਂ ਸ਼ਾਹਕੋਟੀ ਦੀ ਜ਼ਿੰਦਗੀ ਦੇ ਨੇੜਲੇ ਤੇ ਅਹਿਮ ਪੱਖ ਜਾਨਣ ਦਾ ਯਤਨ ਕਰਦਾ ਉਨ੍ਹਾਂ ਦੇ ਨੇੜਲਿਆਂ ਤੋਂ ਗੱਲਾਂ-ਬਾਤਾਂ ਪੁੱਛਦਾ ਰਹਿੰਦਾ। ਆਏ-ਗਏ ਨਾਲ ਉਸਦੀਆਂ ਹੁੰਦੀਆਂ ਗੱਲਾਂ ਸੁਣਦਾ। ਇਨ੍ਹਾਂ ਆਇਆਂ-ਗਿਆਂ ਵਿਚ ਬਹੁਤੇ ਸਿਖਾਂਦਰੂ ਜਾਂ ਸੰਗੀਤ ਦੇ ਸ਼ੌਂਕੀ ਤੇ ਸ਼ਾਹਕੋਟੀ ਦੇ ਸ਼ਰਧਾਲੂ ਹੁੰਦੇ। ਜਦ ਸ਼ਾਹਕੋਟੀ ਵਾਜਾ ਖੋਲ੍ਹ ਕੇ ਗਾਉਣ ਲਗਦਾ, ਮੈਂ ਲਿਖਣਾ ਛੱਡ ਕੇ ਉਹਨੂੰ ਸੁਣਨ ਲੱਗਦਾ। ਕਦੀ ਸ਼ਾਹਕੋਟੀ ਅਜਿਹੀ ਹਾਸ-ਭਰਪੂਰ ਗੱਲ ਸੁਣਾਉਂਦਾ ਕਿ ਸੁਣਨ ਵਾਲਾ ਲੋਟ-ਪੋਟ ਹੀ ਹੁੰਦਾ ਜਾਂਦਾ।

ਹੁਣ ਸ਼ਾਹਕੋਟੀ ਦਾ ਡੇਰਾ ਮੈਨੂੰ ਆਪਣੇ ਘਰ ਵਾਂਗ ਹੀ ਜਾਪਣ ਲੱਗਿਆ ਸੀ। ਜਦੋਂ ਜੀ ਕਰੇ ਪਿੰਡ ਚਲੇ ਜਾਂਦਾ ਸਾਂ। ਇਕ ਦਿਨ ਸਾਗ ਵਿਚ ਮਿਰਚਾਂ ਕੁਝ ਵਧੇਰੇ ਹੀ ਪੈ ਗਈਆਂ ਸਨ, ਮੈਂ ਤੇ ਸ਼ਾਹਕੋਟੀ ਰੋਟੀ ਖਾ ਰਹੇ ਸਾਂ। ਮਿਰਚਾਂ ਨੇ ਮੂੰਹ ਐਸਾ ਮਚਾਇਆ ਕਿ ਮੈਥੋਂ ਆਖੇ ਬਿਨਾ ਨਾ ਰਹਿ ਹੋਇਆ, ‘‘ਲਓ ਦੇਖੋ ਗੁਰੂ ਜੀ, ਸਾਗ ’ਚ ਐਨੀਆਂ ਮਿਰਚਾਂ ਪਾ ਦਿੱਤੀਆਂ ਓ ਹੋ ਹੋ…।’’

ਸ਼ਾਹਕੋਟੀ ਨੇ ਆਖਿਆ, ‘‘ਨਹੀਂ-ਨਹੀਂ ਬੇਟਾ, ਸਾਗ ’ਚ ਮਿਰਚਾਂ ਨਹੀਂ ਪਾਈਆਂ… ਮੈਨੂੰ ਤਾਂ ਏਦਾਂ ਲੱਗਦਾ ਏ ਬਈ ਜਿੱਦਾਂ ਮਿਰਚਾਂ ਵਿਚ ਸਾਗ ਪਾ ਦਿੱਤਾ ਮਥਰੋਂ ਨੇ…।’’ ਉਸਤਾਦ ਜੀ ਖੂਬ ਹੱਸੇ। ਫਿਰ ਉਨਾਂ ਲਾਗੇ ਫਿਰਦੇ ਜੁਆਕ ਨੂੰ ਘੂਰਿਆ, ‘‘ਉਏ ਤੂੰ ਐਥੇ ਕੀ ਕਰਦਾ ਫਿਰਦਾਂ… ਨੱਕ ਵਿਚ ਉਂਗਲਾਂ ਜਹੀਆਂ ਮਾਰੀ ਜਾਨੈਂ… ਨੱਕ ’ਚੋਂ ਉਂਗਲ ਕੱਢ, ਤੇ ਮੁੰਡੇ ਲਈ ਰੋਟੀ ਹੋਰ ਲਿਆ…ਪਰ ਲਿਆਈਂ ਹੱਥ ਧੋ ਕੇ ਉਏ ਕੰਜਰਾ…।’’

ਇਹ ਸੁਣ ਨਾ ਮੈਂ ਹੱਸਣ ਜੋਗਾ, ਨਾ ਅੱਖੋਂ ਤੇ ਨੱਕੋ ਵਗਦਾ ਪਾਣੀ ਡੱਕਣ ਜੋਗਾ, ਨਾ ਮਿਰਚਾਂ ਵਾਲਾ ਸਾਗ ਖਾਣ ਜੋਗਾ! ਜਦੋਂ ਮੈਂ ਲਿਖਦਾ, ਤਾਂ ਉਸਤਾਦ ਪੂਰਨ ਹੈਰਾਨ ਹੋ ਕੇ ਬੀਬੀ ਮਥਰੋਂ ਆਖਦਾ, ‘‘ਨੀਂ ਮਥਰੋਂ, ਸੁਣ ਮੇਰੀ ਗੱਲ… ਨੀ ਏਹੇ ਮੁੰਡਾ ਕੇਹੜੀ ਮਿੱਟੀ ਦਾ ਬਣਿਆ ਆਂ… ਮੈਨੂੰ ਤਾਂ ਸਮਝ ਈ ਨਹੀਂ ਆਉਂਦੀ ਨੀ… ਨਾ ਏਹੋ ਖਾਂਦਾ-ਪੀਂਦਾ, ਨਾ ਚੱਜ ਨਾਲ ਸੌਂਦਾ, ਨਾ ਬੋਲਦਾ… ਨੀ ਏਹ ਲਿਖੀ ਤੁਰਿਆ ਜਾਂਦਾ… ਲਿਖੀ ਈ ਜਾਂਦਾ… ਹਲਵਾਈ ਦੇ ਆਲ਼ੇ ਦੁਆਲ਼ੇ ਮਠਿਆਈਆਂ ਤੇ ਰਾਸ਼ਨ ਦਾ ਖਲਾਰਾ ਹੁੰਦਾ ਤੇ ਮਿਸਤਰੀ ਦੇ ਦੁਆਲੇ ਸੰਦ ਪਏ ਹੁੰਦੇ ਆ, ਤੇ ਏਹ ਲਖਾਰੀ ਦੇ ਦੁਆਲੇ ਕਾਗਜ਼ ਤੇ ਕਿਤਾਬਾਂ… ਦੇਖ ਨੀਂ ਮਥਰੋ…।’’

ਤੇ ਫੇਰ ਉਹ ਅਚਾਨਕ ਹੀ ਭਾਵੁਕਤਾ ਦੀਆਂ ਹੱਦਾਂ ਟੱਪ ਕੇ ਬੋਲਦਾ, ‘‘ਓ ਬੇਟਾ, ਤੂੰ ਮੰਗ ਤੇ ਸਹੀ ਕੀ ਮੰਗਦਾਂ… ਕੀ ਚਾਹੀਦਾ… ਮੂੰਹੋਂ ਬੋਲ ਬੇਟਾ… ਮੈਂ ਤੇਰੀ ਖਾਤਰ ‘ਚਿੜੀ ਦਾ ਦੁੱਧ’ ਲਿਆਉਂ… ਤੇਰੇ ਵਾਸਤੇ… ਆਕਾਸ਼ਾਂ ’ਚੋਂ ਤਾਰੇ ਤੋੜ ਲਿਆਉਂ ਮੈਂ… ਮੰਗ ਤੂੰ, ਕੀ ਹਾਜ਼ਰ ਕਰਾਂ, ਮੈਂ ਪੂਰਨ ਆਂ ਪੂਰਨ…।’’

ਪੂਰਨ ਸ਼ਾਹਕੋਟੀ ਦਾ ਜੀਵਨ ਖੁੱਲ੍ਹੀ ਕਿਤਾਬ ਦੀ ਤਰ੍ਹਾਂ ਸੀ, ਕੋਈ ਲੁੱਕ-ਲਪੇਟ ਨਹੀਂ ਸੀ। ਕਈ ਵਾਰੀ ਉਹ ਕੌੜਾ ਬੋਲ ਜਾਂਦਾ ਸੀ, ਫਿਰ ਪਛਤਾਉਂਦਾ, ‘‘ਮੈਂ ਕੌੜਾ ਕਾਹਨੂੰ ਬੋਲਿਆ- ਵਗਦੀ ਏ ਰਾਵੀ ਵਿਚ ਸੁਰਮਾ ਕੀਹਨੇ ਡੋਲਿਆ…।’’ ਬੇਸੁਰਾ ਗਾਉਣ ਵਾਲਿਆਂ ਨੂੰ ਉਹ ਆੜੇ ਹੱਥੀਂ ਲੈਂਦਾ ਹੀ, ਉਸ ਤੋਂ ਬੇਸੁਰਾ ਗਾਣਾ ਬਰਦਾਸ਼ਤ ਹੁੰਦਾ ਹੀ ਨਹੀਂ ਸੀ, ਉਹ ਅਗਲੇ ਦੇ ਮੂੰਹ ਉੱਤੇ ਹੀ ਆਖ ਸੁਣਾਉਂਦਾ ਸੀ, ‘‘ਕਿਉਂ ਧੱਕਾ ਕਰ ਰਹੇ ਓ ਬੇਟਾ…! ਗਾਉਣਾ ਤੁਹਾਡੇ ਵੱਸ ਦਾ ਰੋਗ ਨਹੀਂ… ਕੋਈ ਹੋਰ ਕੰਮ ਕਰ ਲਓ ਬੇਟਾ।’’

ਸੁਰ ਤੇ ਤਾਲ ਦਾ ਉਹ ਏਨਾ ਤਕੜਾ ਪਾਰਖੂ ਸੀ ਕਿ ਸੁਰ ਪਛਾਨਣ ਲੱਗਾ ਅੱਧੀ ਸਕਿੰਟ ਹੀ ਲਾਉਂਦਾ ਸੀ। ਜੇ ਉਹਨੂੰ ਕੋਈ ਸੁਰ ਭਾ ਜਾਂਦੀ ਤਾਂ ਫਿਰ ਜਿਵੇਂ ਉਹਨੂੰ ‘ਪਟਮੇਲੀ’ ਹੀ ਪੈ ਜਾਂਦੀ ਸੀ । ਉਹ ਮਦਮਸਤ ਜਿਹਾ ਹੋ ਜਾਂਦਾ ਤੇ ਵੰਨ-ਸੁਵੰਨੀਆਂ ਹਰਕਤਾਂ ਕਰਨ ਡਹਿ ਪੈਂਦਾ, ‘‘ਓ ਹੋ-ਹੋ-ਹੋ, ਹਾਏ-ਹਾਏ-ਹਾਏ… ਮੈਂ ਮਰ ਮੁੱਕ ਜਾਂ… ਇਤਨੀ ਖ਼ਤਰਨਾਕ ਸੁਰ? ਹਾਏ ਨੀਂ ਜਿੰਦੇ ਮੇਰੀਏ… ਨੀਂ ਮਿੱਟੀ ਦੀਏ ਢੇਰੀਏ…! ਬੜੀ ਜ਼ਾਲਮ ਸੁਰ, ਖ਼ਤਰਨਾਕ! ਕਹਿਰ ਹੋ ਗਿਆ ਏਹ ਤਾਂ…।’’ ਅੱਖਾਂ ਮੁੰਦਕੇ ਛਾਤੀ ਉੱਤੇ ਹੱਥ ਧਰ ਕੇ ਉਹ ‘ਸੁਰ ਦਾ ਸੁਆਦ’ ਲੈਣ ਲਗਦਾ ਸੀ।

ਉਸਦੇ ਕਮਰੇ ਵਿਚ ਕੋਈ ‘ਸਪੈਸ਼ਲਤਾ ਨਹੀਂ ਸੀ, ਜਿਵੇਂ ਸਾਡੇ ਕਰੋੜਾਂ-ਪਤੀ ਗਵੱਈਆਂ ਨੇ ਆਪਣੀਆਂ ਕੋਠੀਆਂ ਵਿਚ ਰਿਆਜ਼ ਕਰਨ ਲਈ ‘ਸਪੈਸ਼ਲ-ਰੂਮ’ ਬਣਾਏ ਹੋਏ ਹਨ, ਉਵੇਂ ਏਸ ਫ਼ਕੀਰ ਨੇ ਆਪਣੇ ਸਧਾਰਨ ਜਿਹੇ ਘਰ ਦਾ ਇਕ ਵੱਡਾ ਕਮਰਾ ਆਪਣੇ ਲਈ ਰਾਖਵਾਂ ਰੱਖਿਆ ਹੋਇਆ ਸੀ। ਉਸੇ ਵਿਚ ਹੀ ਉਸਦੇ ਸਾਜ਼ ਪਏ ਹੁੰਦੇ, ਉਸੇ ਵਿਚ ਮਾਣ-ਸਨਮਾਨ ਵਾਲੀਆਂ ਯਾਦ-ਨਿਸ਼ਾਨੀਆਂ, ਕੁਝ ਕਿਤਾਬਾਂ ਤੇ ਕੁਝ ਕੈਸਟਾਂ। ਉਸਦੇ ਮੇਜ਼ ਉੱਪਰ ਡੈੱਕ ਤੋਂ ਇਲਾਵਾ ਇਕ ਅੱਧ ਡਾਇਰੀ ਤੇ ਚਾਹ ਪੀ ਕੇ ਧਰਿਆ ਕੱਚ ਦਾ ਗਿਲਾਸ ਦਿਸਦਾ। ਇਕ ਪਾਸੇ ਸਬਜ਼ੀ ਵਾਲੀ ਕੌਲੀ ਪਈ ਹੁੰਦੀ, ਜੁਆਕ ਨੇ ਚੁੱਕ ਕੇ ਪਰ੍ਹੇ ਸੁੱਟੀ ਹੁੰਦੀ, ਸਿਗਰਟਾਂ ਵਾਲੀ ਖਾਲੀ ਡੱਬੀ ਦੇ ਕਵਰ ਤੋਂ ਬਿਨਾਂ ਤਬਲੇ ਹੇਠਾਂ ਰੱਖਣ ਵਾਲਾ ‘ਇਨੂੰ’ ਵੀ ਪਿਆ ਦਿਸਦਾ। ਮਾਚਿਸ ਵੀ ਜੁਆਕਾਂ ਨੇ ਹੀ ਖਿੰਡਾਈ ਲਗਦੀ। ਸਿਰਹਾਣੇ ਹੇਠੋਂ ਟੋਪੀ ਲਮਕ ਰਹੀ ਦਿਖਦੀ। ਕੋਈ ਉਚੇਚ ਨਹੀਂ, ਕੋਈ ਵਿਖਾਵਾ ਨਹੀਂ। ਸਾਦਗੀ ਤੇ ਬੇਪਰਵਾਹੀ ਉਨ੍ਹਾਂ ਦੇ ਘਰ ਦੀ ਇਕ-ਇਕ ਚੀਜ਼ ਵਿਚੋਂ ਲੱਭਦੀ, ਸਿਗਰਟ ਵੀ ਉਹ ਸਿਰਹਾਣੇ ਵਾਲੇ ਪਾਸੇ ਦੀ ਕੰਧ ਨਾਲ ਘਸਿਆ ਕੇ ਹੀ ਬੁਝਾ ਦਿੰਦਾ ਸੀ। ਜਿੰਨੀ ਉਹ ‘ਸੌਣ’ ਤੇ ‘ਗਾਉਣ’ ਨੂੰ ਤਰਜੀਹ ਦਿੰਦਾ, ਓਨੀ ਕਿਸੇ ਹੋਰ ਕੰਮ ਨੂੰ ਨਹੀਂ ਸੀ। ਕਿਸੇ ਦੀ ਚੁਗਲੀ ਕਰਨ ਦੀ ਬਜਾਏ ਉਸ ਦੇ ਮੂੰਹ ਉੱਤੇ ਗਾਲ੍ਹਾਂ ਕੱਢਣੀਆਂ ਉਸ ਨੂੰ ਚੰਗੀਆਂ ਲੱਗਦੀਆਂ ਸਨ। ਕਿਉਂ? ‘ਸੀ’ ਨਾ ਪੂਰਨ ਫ਼ੱਕਰ! ਸੁਰਾਂ ਦਾ ‘‘ਬਾਦਸ਼ਾਹ ਪੂਰਨ…।’’

ਮੈਂ ਧਿਆਨ ਧਰਿਆ ਕਿ ਉਹ ਦਿਨ ਭਰ ਵਿਚ ਕਿਹੜੀਆਂ-ਕਿਹੜੀਆਂ ਵਸਤਾਂ ਦੇ ਨਾਮ ਬਹੁਤੀ ਵਾਰ ਲੈਂਦਾ ਸੀ, ਤਮਾਮ ਦੁਨੀਆਂ, ਰਾਸ਼ਟਰਪਤੀ, ਖ਼ਤਰਨਾਕ, ਜ਼ਾਲਮ, ਕਹਿਰ, ਜ਼ੁਲਮ, ਮੁਰਸ਼ਦ, ਅੱਲਾ, ਸਿਗਰਟ, ਮੀਟ, ਸ਼ਰਾਬ, ਬਾਜਾ, ਤਬਲਾ, ਮਰਦੰਗ, ਤਾਲ, ਸੁਰ, ਲਿਆਕਤ, ਹੰਸ, ਅਲਫਾਜ਼ ਤੇ ਮਥਰੋ। ਇਹ ਨਾਮ ਉਹ ਦਿਨ ਵਿਚ ਅਨੇਕਾਂ ਵਾਰੀ ਲੈਂਦਾ ਅਤੇ ‘ਹਾਏ’ ਤੇ ‘ਮੈਂ ਮਰਜਾਂ’ ਸ਼ਬਦ ਆਖ ਦੇਣਾ ਵੀ ਉਹਦੀ ਪੱਕ ਚੁੱਕੀ ਆਦਤ ਸੀ।

ਮੈਂ ਪੁੱਛਿਆ, ‘‘ ਉਸਤਾਦ ਜੀ, ਹਰੇਕ ਗੱਲ ਵਿਚ ‘ਸ਼ਾਇਦ’ ਕਿਉਂ ਵਾੜ ਦੇਂਦੇ ਓ?’’

ustad ji
Pic Credit: Social Media

ਉਸ ਆਖਿਆ ਸੀ, ‘‘ਬੇਟਾ ਜੀ, ਜ਼ਿੰਦਗੀ ਦਾ ਭਰੋਸਾ ਨਹੀਂ, ਪਲ ਆ, ਪੰਜ ਹਫ਼ਤੇ ਆ, ਪੰਜ ਦਿਨ ਆ, ਪੰਜ ਸਾਲ ਆ ਜਾਂ ਪੰਜਾਹ ਸਾਲ ਆ… ਕੋਈ ਪੱਕਾ ਪਤਾ ਨਹੀਂ… ‘ਸ਼ਾਇਦ’…।’’ ਸਿਗਰਟ ਉਹਦੀ ਉਦੋਂ ਬੁਝਦੀ, ਜਦੋਂ ਸੁੱਤਾ ਹੁੰਦਾ ਸੀ। ਦਾਰੂ ਉਦੋਂ ਨਹੀਂ ਪੀਣੀ, ਜਦੋਂ ਪੈਸੇ ਨਾ ਹੋਣੇ। ਜਦੋਂ ਵੀ ਕੋਈ ਚੀਜ਼ ਚਾਹੀਦੀ ਹੋਵੇ, ਪਹਿਲਾਂ ਆਵਾਜ਼ ਮਥਰੋਂ ਨੂੰ ਹੀ ਮਾਰਦਾ ਤੇ ਉਹ ਅੱਗੋਂ ਆਪੇ ਕਿਸੇ ਨੂੰ ਭੇਜੇ, ਜਾਂ ਪ੍ਰਬੰਧ ਕਰੇ। ਜਦ ਉਹ ਉਦਾਸ ਤੇ ਦੁਖੀ ਹੁੰਦਾ, ਰੋਂਦਾ ਸੀ। ਲੱਖ ਵਾਰੀ ਮਿੰਨਤ ਕਰੋ, ਅੜੀ ਫੜ੍ਹ ਬਹਿੰਦਾ ਸੀ । ਬੋਲਣਾ ਨਹੀਂ, ਅੰਦਰੇ-ਅੰਦਰ ਰਿੱਝੀ ਜਾਣਾ। ਜਦ ਮੂਡ ਬਹੁਤਾ ਈ ਠੀਕ ਹੋਣਾ ਤਾਂ ਫਿਰ ਗੱਲਾਂ ’ਚ ‘ਸੁਰਾਂ’ ਦੇ ਗਲੇਟੇ ਹੀ ਲਹਿੰਦੇ ਤੁਰੇ ਆਉਂਦੇ ਸਨ। ਭਾਂਤ-ਭਾਂਤ ਦੇ ਰਾਗ ਅਹੁੜਦੇ, ਫਿਰ ਕੋਈ ਮਰੇ, ਕੋਈ ਜੀਵੇ… ਕੇਵਲ ‘ਪੂਰਨ’ ‘ਸੁਰ’ ਤੇ ‘ਪੂਰਨ’।

ਅੱਠਵੀਂ ਜਮਾਤੇ ਪੜ੍ਹਦਿਆਂ ਉਹਨੂੰ ਜਾਪਣ ਲੱਗਿਆ ਕਿ ਜਿਵੇਂ ਉਹ ਕੁਝ ਕੁਝ ਜੁਆਨ ਹੋ ਰਿਹਾ ਹੈ। ਘੰਡੀ ਫੁੱਟ ਪਈ ਹੈ, ਬਾਲ ਆਵਾਜ਼ ਖ਼ਤਮ ਤੇ ਮਰਦਾਨਾ ਆਵਾਜ਼ ਬਣਦੀ ਜਾਂਦੀ ਹੈ। ਉਹਦਾ ਗਲਾ ਹੋਰ ਵੀ ਪਿਘਲ ਗਿਆ। ਉਹ ਗਾਉਣ ਲਈ ਜਿਵੇਂ ਵਹਿ ਤੁਰਿਆ। ਹਰ ਸਮੇਂ ਰਾਗ ਅਲਾਪਦਾ, ਸੁਰਾਂ ਲਾਉਂਦਾ, ‘ਸਾ ਰੇ ਗਾ ਮਾ ਪਾ’…। ਉਸ ਦਸਵੀਂ ਦੇ ਪੇਪਰ ਦਿੱਤੇ, ਕੰਪਾਰਟਮੈਂਟ ਆ ਗਈ। ਲਿਖਾਈ ਉਹਦੀ ਬੜੀ ਸੁੰਦਰ ਹੋ ਗਈ ਸੀ। ਮਾਸਟਰ ਲੇਖ ਲਿਖਾਉਂਦੇ ਤਾਂ ਪੰਨਿਆਂ ਦੇ ਪੰਨੇ ਭਰਦਾ ਜਾਂਦਾ। ਹਿਸਾਬ ਦੇ ਵਿਸ਼ੇ ਤੋਂ ਪੂਰਨ ਬੜਾ ਚਾਲੂ ਸੀ। ਉਸ ਨੇ ਔਖੇ ਸੌਖੇ ਦਸਵੀਂ ਪਾਸ ਕਰ ਹੀ ਲਈ ਸੀ।

Post navigation

ਸਪਤ ਸਿੰਧੂ ਦਾ ਬ੍ਰਹਿਮੰਡੀ ਇਤਿਹਾਸ - ਵੈਦਿਕ ਕਾਲ ਤੋਂ ਆਧੁਨਿਕ ਪੰਜਾਬ ਤੱਕ ਦੀ ਭੂਗੋਲਿਕ, ਸੱਭਿਆਚਾਰਕ ਅਤੇ ਇਤਿਹਾਸਕ ਯਾਤਰਾ

ਮਨੁੱਖੀ ਸੱਭਿਅਤਾ ਦੇ ਇਤਿਹਾਸ ਵਿੱਚ ਕੁਝ ਅਜਿਹੇ ਭੂਗੋਲਿਕ ਖਿੱਤੇ ਹਨ, ਜਿਨ੍ਹਾਂ ਨੇ ਸੰਸਾਰ ਦੀ ਸੋਚ, ਧਰਮ,…

Leave a Comment

Leave a Reply

Your email address will not be published. Required fields are marked *