ਅਣਥੱਕ ਤੇ ਬਿਨਾਂ ਛੁੱਟੀ ਵਾਲਾ ਜੀਵਨ
‘ਮਾਂ’—ਇਹ ਅੱਖਰ ਆਪਣੇ ਆਪ ਵਿੱਚ ਮਮਤਾ, ਤਿਆਗ, ਸਮਰਪਣ ਅਤੇ ਅਥਾਹ ਪਿਆਰ ਦਾ ਇੱਕ ਅਜਿਹਾ ਸਾਗਰ ਹੈ, ਜਿਸ ਦੀ ਤੁਲਨਾ ਦੁਨੀਆ ਦੇ ਕਿਸੇ ਵੀ ਹੋਰ ਰਿਸ਼ਤੇ ਨਾਲ ਕਰਨੀ ਮੁਸ਼ਕਲ ਹੈ। ਸਮਾਜ ਵਿੱਚ ਜਿੱਥੇ ਹਰ ਸਰਕਾਰੀ ਜਾਂ ਗੈਰ-ਸਰਕਾਰੀ ਨੌਕਰੀ, ਕਾਰੋਬਾਰ ਅਤੇ ਮਜ਼ਦੂਰੀ ਲਈ ਹਫ਼ਤਾਵਾਰੀ ਛੁੱਟੀ, ਤਿਉਹਾਰਾਂ ਦੀਆਂ ਛੁੱਟੀਆਂ ਜਾਂ ਬਿਮਾਰੀ ਦੀ ਛੁੱਟੀ ਦਾ ਪ੍ਰਬੰਧ ਹੁੰਦਾ ਹੈ, ਉੱਥੇ ਇੱਕ ਮਾਂ ਦੇ ਜੀਵਨ ਵਿੱਚ ‘ਛੁੱਟੀ’ ਨਾਂ ਦਾ ਕੋਈ ਸ਼ਬਦ ਨਹੀਂ ਹੁੰਦਾ। ਉਹ ਤਾਅ-ਉਮਰ ਆਪਣੇ ਬੱਚਿਆਂ ਅਤੇ ਪਰਿਵਾਰ ਦੀ ਦੇਖਭਾਲ ਵਿੱਚ ਸਮਰਪਿਤ ਰਹਿੰਦੀ ਹੈ।
ਸਵੇਰੇ ਸੂਰਜ ਚੜ੍ਹਨ ਤੋਂ ਬਹੁਤ ਪਹਿਲਾਂ, ਜਦੋਂ ਅਜੇ ਦੁਨੀਆ ਗੂੜ੍ਹੀ ਨੀਂਦ ਵਿੱਚ ਸੁੱਤੀ ਹੁੰਦੀ ਹੈ, ਮਾਂ ਦੀ ਦਿਨਚਰਿਆ ਸ਼ੁਰੂ ਹੋ ਜਾਂਦੀ ਹੈ। ਰਾਤ ਨੂੰ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਸੌਂ ਜਾਣ ਤੋਂ ਬਾਅਦ ਹੀ ਉਸ ਦੀ ਦਿਨ ਭਰ ਦੀ ਭੱਜ-ਦੌੜ ਮੁੱਕਦੀ ਹੈ। ਸਵੇਰ ਦੀ ਚਾਹ ਬਣਾਉਣ ਤੋਂ ਲੈ ਕੇ ਰਾਤ ਦੀ ਰਸੋਈ ਸਮੇਟਣ ਤੱਕ, ਉਸ ਦਾ ਵੱਡਾ ਹਿੱਸਾ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਲੰਘ ਜਾਂਦਾ ਹੈ। ਖਾਣਾ ਪਕਾਉਣਾ, ਕੱਪੜੇ ਧੋਣਾ, ਘਰ ਦੀ ਸਫ਼ਾਈ, ਬੱਚਿਆਂ ਦੀ ਪੜ੍ਹਾਈ ਅਤੇ ਦੇਖਭਾਲ, ਬਜ਼ੁਰਗਾਂ ਦੀ ਸੇਵਾ—ਇਹ ਸਾਰੇ ਕੰਮ ਉਸ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਹਨ। ਇੰਨਾ ਕੁਝ ਕਰਨ ਦੇ ਬਾਵਜੂਦ ਸਾਡੇ ਸਮਾਜ ਦੀ ਤ੍ਰਾਸਦੀ ਇਹ ਹੈ ਕਿ ਉਸ ਦੇ ਇਸ ਅਣਥੱਕ ਸ਼੍ਰਮ ਨੂੰ ਅਕਸਰ ‘ਕੰਮ’ ਹੀ ਨਹੀਂ ਮੰਨਿਆ ਜਾਂਦਾ।
ਕਹਿ ਦਿੱਤਾ ਜਾਂਦਾ ਹੈ—“ਮਾਂ ਤਾਂ ਘਰ ਹੀ ਰਹਿੰਦੀ ਹੈ।”
ਪਰ ਸੱਚ ਇਹ ਹੈ ਕਿ ਉਹ ਬਿਨਾਂ ਤਨਖਾਹ ਅਤੇ ਬਿਨਾਂ ਛੁੱਟੀ ਦੇ ਸਾਲ ਦੇ 365 ਦਿਨ ਕੰਮ ਕਰਨ ਵਾਲੀ ਇੱਕ ਅਜਿਹੀ ਯੋਧਾ ਹੈ, ਜਿਸ ਦੀ ਮਿਹਨਤ ਦਾ ਮੁੱਲ ਪੈਸਿਆਂ ਵਿੱਚ ਨਹੀਂ ਤੋਲਿਆ ਜਾ ਸਕਦਾ।
ਨੌਕਰੀਪੇਸ਼ਾ ਔਰਤ ਦਾ ਦੋਹਰਾ ਬੋਝ

ਜੇ ਘਰੇਲੂ ਔਰਤ ਦੀ ਜ਼ਿੰਦਗੀ ਘਰ ਦੀਆਂ ਜ਼ਿੰਮੇਵਾਰੀਆਂ ਕਾਰਨ ਚੁਣੌਤੀਆਂ ਭਰੀ ਹੈ ਤਾਂ ਨੌਕਰੀਪੇਸ਼ਾ ਔਰਤ ਦੀ ਸਥਿਤੀ ਹੋਰ ਵੀ ਗੁੰਝਲਦਾਰ ਹੈ। ਅੱਜ ਦੀ ਔਰਤ ਆਰਥਿਕ ਤੌਰ ’ਤੇ ਆਤਮ-ਨਿਰਭਰ ਬਣਨ ਲਈ ਘਰ ਤੋਂ ਬਾਹਰ ਨਿਕਲ ਕੇ ਦਫ਼ਤਰਾਂ, ਸਕੂਲਾਂ, ਹਸਪਤਾਲਾਂ, ਕਾਰਖਾਨਿਆਂ ਅਤੇ ਹੋਰ ਖੇਤਰਾਂ ਵਿੱਚ ਕੰਮ ਕਰ ਰਹੀ ਹੈ। ਪਰ ਇਸ ਦੇ ਨਾਲ ਘਰ ਦੀਆਂ ਜ਼ਿੰਮੇਵਾਰੀਆਂ ਵਿੱਚ ਕੋਈ ਖਾਸ ਕਮੀ ਨਹੀਂ ਆਈ। ਉਸ ਨੂੰ ਆਪਣੇ ਪੇਸ਼ੇਵਰ ਫ਼ਰਜ਼ ਨਿਭਾਉਣ ਦੇ ਨਾਲ ਘਰ ਸੰਭਾਲਣਾ, ਬੱਚਿਆਂ ਦੀ ਪਰਵਰਿਸ਼ ਕਰਨੀ ਅਤੇ ਪਰਿਵਾਰਕ ਤੇ ਸਮਾਜਿਕ ਰੀਤੀ-ਰਿਵਾਜਾਂ ਨੂੰ ਨਿਭਾਉਣਾ ਪੈਂਦਾ ਹੈ। ਦਫ਼ਤਰ ਵਿੱਚ ਅੱਠ-ਦਸ ਘੰਟੇ ਦੀ ਮਿਹਨਤ ਤੋਂ ਬਾਅਦ ਜਦੋਂ ਉਹ ਥੱਕੀ-ਹਾਰੀ ਘਰ ਪਰਤਦੀ ਹੈ ਤਾਂ ਅਕਸਰ ਆਰਾਮ ਦੀ ਥਾਂ ਕੰਮ ਦਾ ਦੂਜਾ ਪੜਾਅ ਉਸ ਦੀ ਉਡੀਕ ਕਰ ਰਿਹਾ ਹੁੰਦਾ ਹੈ।
ਰਸੋਈ ਸੰਭਾਲਣੀ, ਬੱਚਿਆਂ ਦਾ ਸਕੂਲ ਦਾ ਕੰਮ ਦੇਖਣਾ, ਘਰ ਦੀਆਂ ਹੋਰ ਜ਼ਿੰਮੇਵਾਰੀਆਂ ਨਿਭਾਉਣੀਆਂ—ਇਹ ਸਿਲਸਿਲਾ ਰਾਤ ਤੱਕ ਚੱਲਦਾ ਹੈ। ਇਸ ਸਭ ਦੇ ਬਾਵਜੂਦ ਸਮਾਜ ਉਸ ਤੋਂ ‘ਸੰਪੂਰਨ ਔਰਤ’ ਅਤੇ ‘ਸੰਪੂਰਨ ਗ੍ਰਹਿਣੀ’ ਹੋਣ ਦੀ ਉਮੀਦ ਰੱਖਦਾ ਹੈ। ਜੇ ਘਰ ਦੇ ਕੰਮ ਵਿੱਚ ਕੋਈ ਕਮੀ ਰਹਿ ਜਾਵੇ ਤਾਂ ਅਕਸਰ ਸਵਾਲ ਵੀ ਉਸੇ ਤੋਂ ਕੀਤੇ ਜਾਂਦੇ ਹਨ। ਇਹ ਦੋਹਰਾ ਬੋਝ ਆਧੁਨਿਕ ਔਰਤ ਦੀ ਜ਼ਿੰਦਗੀ ਦੀ ਇੱਕ ਕੌੜੀ ਹਕੀਕਤ ਹੈ।
ਮਰਦ-ਪ੍ਰਧਾਨ ਸਮਾਜ ਦੀ ਲੰਮੀ ਛਾਂ
ਸਦੀਆਂ ਤੋਂ ਮਰਦ-ਪ੍ਰਧਾਨ ਸਮਾਜਿਕ ਢਾਂਚੇ ਵਿੱਚ ਔਰਤ ਨੂੰ ਬਰਾਬਰੀ ਦੇ ਹੱਕ ਤੋਂ ਵਾਂਝਾ ਰੱਖਿਆ ਜਾਂਦਾ ਰਿਹਾ ਹੈ। ਇਤਿਹਾਸ ਦੇ ਕਈ ਪੰਨੇ ਇਸ ਗੱਲ ਦੇ ਗਵਾਹ ਹਨ ਕਿ ਇਸਤਰੀ ਨੂੰ ਉਸ ਦੇ ਬਣਦੇ ਮਾਣ-ਸਨਮਾਨ, ਆਜ਼ਾਦੀ ਅਤੇ ਬੁਨਿਆਦੀ ਅਧਿਕਾਰਾਂ ਲਈ ਲੰਮਾ ਸੰਘਰਸ਼ ਕਰਨਾ ਪਿਆ। ਸਮਾਜਿਕ ਕੁਰੀਤੀਆਂ ਅਤੇ ਪਿਤ੍ਰਸੱਤਾਤਮਕ ਸੋਚ ਨੇ ਕਈ ਦੌਰਾਂ ਵਿੱਚ ਉਸ ਦੀ ਪਛਾਣ ਨੂੰ ਮਰਦ ਨਾਲ ਜੋੜ ਕੇ ਦੇਖਿਆ। ਕਈ ਵਾਰ ਤਾਂ ਉਸ ਨੂੰ ਮਰਦ ਦੇ ਮੁਕਾਬਲੇ ਬਹੁਤ ਹੇਠਲਾ ਦਰਜਾ ਦੇ ਕੇ ‘ਪੈਰ ਦੀ ਜੁੱਤੀ’ ਤੱਕ ਕਿਹਾ ਗਿਆ। ਉਸ ਦੀ ਆਪਣੀ ਸੁਤੰਤਰ ਪਛਾਣ ਨੂੰ ਸਵੀਕਾਰ ਕਰਨ ਵਿੱਚ ਸਮਾਜ ਨੇ ਲੰਮਾ ਸਮਾਂ ਲਾਇਆ। ਪਰ ਇਤਿਹਾਸ ਸਿਰਫ਼ ਔਰਤ ਦੀ ਪੀੜਾ ਦੀ ਕਹਾਣੀ ਨਹੀਂ ਹੈ। ਇਸ ਵਿੱਚ ਅਜਿਹੀਆਂ ਇਸਤਰੀਆਂ ਦੇ ਉਦਾਹਰਨ ਵੀ ਮਿਲਦੇ ਹਨ ਜਿਨ੍ਹਾਂ ਨੇ ਗਿਆਨ, ਹਿੰਮਤ, ਬਹਾਦਰੀ ਅਤੇ ਸੰਘਰਸ਼ ਨਾਲ ਆਪਣੇ ਲਈ ਥਾਂ ਬਣਾਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਖੋਲ੍ਹਿਆ।
ਗੁਰੂ ਨਾਨਕ ਦੇਵ ਜੀ ਦੀ ਕ੍ਰਾਂਤੀਕਾਰੀ ਸੋਚ
ਪੰਦਰਵੀਂ ਸਦੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਦੇ ਸਮਾਜ ਵਿੱਚ ਮੌਜੂਦ ਕਈ ਧਾਰਮਿਕ ਅੰਧ-ਵਿਸ਼ਵਾਸਾਂ ਅਤੇ ਸਮਾਜਿਕ ਅਸਮਾਨਤਾਵਾਂ ਨੂੰ ਚੁਣੌਤੀ ਦਿੱਤੀ। ਇਸਤਰੀ ਦੀ ਸਥਿਤੀ ਨੂੰ ਲੈ ਕੇ ਵੀ ਗੁਰੂ ਸਾਹਿਬ ਦੀ ਬਾਣੀ ਇੱਕ ਡੂੰਘੀ ਅਤੇ ਕ੍ਰਾਂਤੀਕਾਰੀ ਸੋਚ ਪੇਸ਼ ਕਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 473 ’ਤੇ ਦਰਜ ਬਾਣੀ ਵਿੱਚ ਗੁਰੂ ਸਾਹਿਬ ਫ਼ਰਮਾਉਂਦੇ ਹਨ:
“ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥”
ਗੁਰੂ ਸਾਹਿਬ ਦਾ ਸਵਾਲ ਬਹੁਤ ਸਿੱਧਾ ਪਰ ਉਤਨਾ ਹੀ ਡੂੰਘਾ ਹੈ—ਜਿਸ ਇਸਤਰੀ ਤੋਂ ਮਨੁੱਖ ਦਾ ਜਨਮ ਹੁੰਦਾ ਹੈ ਅਤੇ ਜਿਸ ਦੀ ਕੁੱਖ ਤੋਂ ਰਾਜੇ ਅਤੇ ਵੱਡੇ-ਵੱਡੇ ਮਨੁੱਖ ਜਨਮ ਲੈਂਦੇ ਹਨ, ਉਸ ਨੂੰ ਮੰਦਾ ਕਿਉਂ ਕਿਹਾ ਜਾਵੇ? ਇਹ ਸਿਰਫ਼ ਇਸਤਰੀ ਦੀ ਪ੍ਰਸ਼ੰਸਾ ਨਹੀਂ ਸੀ, ਸਗੋਂ ਉਸ ਸਮੇਂ ਦੀ ਮਰਦ-ਪ੍ਰਧਾਨ ਸੋਚ ’ਤੇ ਇੱਕ ਗੰਭੀਰ ਸਵਾਲ ਸੀ। ਗੁਰੂ ਨਾਨਕ ਦੇਵ ਜੀ ਨੇ ਇਸਤਰੀ ਨੂੰ ਸਿਰਫ਼ ਮਾਂ, ਪਤਨੀ, ਭੈਣ ਜਾਂ ਧੀ ਦੇ ਰਿਸ਼ਤੇ ਵਿੱਚ ਨਹੀਂ ਦੇਖਿਆ, ਸਗੋਂ ਮਨੁੱਖੀ ਮਰਿਆਦਾ ਅਤੇ ਬਰਾਬਰੀ ਦੇ ਹੱਕਦਾਰ ਵਜੋਂ ਉਸ ਦੀ ਮਹੱਤਤਾ ਨੂੰ ਉਭਾਰਿਆ।
ਪ੍ਰਾਚੀਨ ਸਮੇਂ ਤੋਂ ਅੱਜ ਤੱਕ

ਜੇ ਅਸੀਂ ਭਾਰਤੀ ਇਤਿਹਾਸ ਦੇ ਪ੍ਰਾਚੀਨ ਦੌਰ ਵੱਲ ਦੇਖੀਏ ਤਾਂ ਗਾਰਗੀ, ਮੈਤਰੇਈ, ਘੋਸ਼ਾ ਅਤੇ ਅਪਾਲਾ ਵਰਗੀਆਂ ਵਿਦੁਸ਼ੀ ਇਸਤਰੀਆਂ ਦੇ ਹਵਾਲੇ ਮਿਲਦੇ ਹਨ। ਉਨ੍ਹਾਂ ਨੇ ਗਿਆਨ ਅਤੇ ਦਰਸ਼ਨ ਦੇ ਖੇਤਰ ਵਿੱਚ ਆਪਣੀ ਪਛਾਣ ਬਣਾਈ ਅਤੇ ਬੌਧਿਕ ਚਰਚਾਵਾਂ ਵਿੱਚ ਹਿੱਸਾ ਲਿਆ। ਪਰ ਸਮੇਂ ਦੇ ਨਾਲ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਹਾਲਾਤ ਬਦਲਦੇ ਗਏ। ਵੱਖ-ਵੱਖ ਸਮਾਜਿਕ ਪ੍ਰਥਾਵਾਂ ਅਤੇ ਪਿਤ੍ਰਸੱਤਾਤਮਕ ਢਾਂਚਿਆਂ ਨੇ ਔਰਤ ਦੀ ਆਜ਼ਾਦੀ ’ਤੇ ਕਈ ਪਾਬੰਦੀਆਂ ਲਗਾ ਦਿੱਤੀਆਂ। ਜਾਤੀ ਅਤੇ ਸਮਾਜਿਕ ਅਸਮਾਨਤਾ ਨੇ ਵੀ ਹਾਸ਼ੀਏ ’ਤੇ ਰਹਿੰਦੀਆਂ ਔਰਤਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾਇਆ।
ਇਸ ਦੇ ਬਾਵਜੂਦ ਵੱਖ-ਵੱਖ ਦੌਰਾਂ ਵਿੱਚ ਸੰਤਾਂ, ਸੂਫ਼ੀਆਂ ਅਤੇ ਸਮਾਜ-ਸੁਧਾਰਕਾਂ ਨੇ ਔਰਤ ਦੀ ਸਿੱਖਿਆ ਅਤੇ ਮਾਣ-ਸਨਮਾਨ ਲਈ ਆਵਾਜ਼ ਉਠਾਈ। ਰਾਜਾ ਰਾਮਮੋਹਨ ਰਾਏ, ਈਸ਼ਵਰ ਚੰਦਰ ਵਿਦਿਆਸਾਗਰ ਅਤੇ ਮਹਾਤਮਾ ਜੋਤੀਬਾ ਫੂਲੇ ਵਰਗੇ ਸੁਧਾਰਕਾਂ ਦੇ ਯਤਨਾਂ ਨੇ ਵੀ ਇਸ ਬਦਲਾਅ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ। ਪਰ ਸਦੀਆਂ ਪੁਰਾਣੀ ਸੋਚ ਨੂੰ ਬਦਲਣਾ ਆਸਾਨ ਨਹੀਂ ਸੀ। ਔਰਤ ਨੂੰ ਆਪਣੇ ਹੱਕਾਂ ਲਈ ਲੰਮਾ ਰਸਤਾ ਤੈਅ ਕਰਨਾ ਪਿਆ ਅਤੇ ਅੱਜ ਵੀ ਇਹ ਸਫ਼ਰ ਪੂਰਾ ਨਹੀਂ ਹੋਇਆ।
ਸਿੱਖਿਆ ਅਤੇ ਆਰਥਿਕ ਆਜ਼ਾਦੀ ਨੇ ਬਦਲੀ ਤਸਵੀਰ

ਆਧੁਨਿਕ ਯੁੱਗ ਵਿੱਚ ਸਿੱਖਿਆ ਨੇ ਔਰਤ ਦੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਲਿਆਂਦਾ ਹੈ। ਸਿੱਖਿਆ ਨੇ ਉਸ ਨੂੰ ਸਿਰਫ਼ ਗਿਆਨ ਹੀ ਨਹੀਂ ਦਿੱਤਾ, ਸਗੋਂ ਆਪਣੇ ਹੱਕਾਂ ਪ੍ਰਤੀ ਚੇਤਨਾ ਅਤੇ ਆਪਣੇ ਫ਼ੈਸਲੇ ਖੁਦ ਲੈਣ ਦਾ ਹੌਸਲਾ ਵੀ ਦਿੱਤਾ। ਅੱਜ ਦੀ ਔਰਤ ਘਰ ਦੀ ਚਾਰਦੀਵਾਰੀ ਤੱਕ ਸੀਮਤ ਨਹੀਂ। ਉਹ ਪ੍ਰਸ਼ਾਸਨ, ਰਾਜਨੀਤੀ, ਵਿਗਿਆਨ, ਅੰਤਰਿਕਸ਼, ਖੇਡਾਂ, ਵਪਾਰ, ਬੈਂਕਿੰਗ, ਕਲਾ, ਸਾਹਿਤ ਅਤੇ ਸੈਨਾ ਸਮੇਤ ਲਗਭਗ ਹਰ ਖੇਤਰ ਵਿੱਚ ਆਪਣੀ ਯੋਗਤਾ ਸਾਬਤ ਕਰ ਰਹੀ ਹੈ।
ਪਰ ਇਸ ਤਰੱਕੀ ਦੀ ਤਸਵੀਰ ਅਜੇ ਵੀ ਪੂਰੀ ਨਹੀਂ ਹੈ। ਪਿੰਡਾਂ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨਾਲ ਸਬੰਧਤ ਕਈ ਮਹਿਲਾਵਾਂ ਅਜੇ ਵੀ ਗੁਣਾਤਮਕ ਸਿੱਖਿਆ, ਰੋਜ਼ਗਾਰ, ਸਿਹਤ ਸਹੂਲਤਾਂ ਅਤੇ ਸੁਰੱਖਿਅਤ ਮਾਹੌਲ ਤੋਂ ਵਾਂਝੀਆਂ ਹਨ। ਕਈਆਂ ਲਈ ਆਪਣੇ ਜੀਵਨ ਨਾਲ ਸਬੰਧਤ ਫ਼ੈਸਲੇ ਖੁਦ ਲੈਣਾ ਵੀ ਅਜੇ ਇੱਕ ਵੱਡੀ ਚੁਣੌਤੀ ਹੈ। ਇਸ ਲਈ ਨਾਰੀ ਸ਼ਕਤੀਕਰਨ ਦੀ ਗੱਲ ਸਿਰਫ਼ ਸਿੱਖਿਆ ਤੱਕ ਸੀਮਤ ਨਹੀਂ ਰਹਿ ਸਕਦੀ। ਆਰਥਿਕ ਆਤਮ-ਨਿਰਭਰਤਾ ਵੀ ਉਤਨੀ ਹੀ ਜ਼ਰੂਰੀ ਹੈ।
ਅਜੇ ਵੀ ਬਹੁਤ ਕੁਝ ਬਦਲਣਾ ਬਾਕੀ ਹੈ
21ਵੀਂ ਸਦੀ ਵਿੱਚ ਪਹੁੰਚਣ ਦੇ ਬਾਵਜੂਦ ਔਰਤਾਂ ਨਾਲ ਜੁੜੀਆਂ ਕਈ ਪੁਰਾਣੀਆਂ ਸਮੱਸਿਆਵਾਂ ਅੱਜ ਵੀ ਸਾਡੇ ਸਾਹਮਣੇ ਖੜ੍ਹੀਆਂ ਹਨ। ਘਰੇਲੂ ਹਿੰਸਾ, ਦਾਜ਼, ਬਾਲ ਵਿਆਹ, ਲਿੰਗ-ਭੇਦਭਾਵ ਅਤੇ ਕੰਮਕਾਜੀ ਥਾਵਾਂ ’ਤੇ ਜਿਨਸੀ ਉਤਪੀੜਨ ਵਰਗੀਆਂ ਸਮੱਸਿਆਵਾਂ ਅਜੇ ਖ਼ਤਮ ਨਹੀਂ ਹੋਈਆਂ। ਕਈ ਪਰਿਵਾਰਾਂ ਵਿੱਚ ਧੀ ਦੇ ਜਨਮ ਨੂੰ ਅੱਜ ਵੀ ਪੁੱਤਰ ਦੇ ਜਨਮ ਜਿੰਨੀ ਖੁਸ਼ੀ ਨਾਲ ਨਹੀਂ ਦੇਖਿਆ ਜਾਂਦਾ। ਕਾਨੂੰਨ ਅਤੇ ਜਾਗਰੂਕਤਾ ਦੇ ਬਾਵਜੂਦ ਲਿੰਗ-ਭੇਦ ਦੀ ਮਾਨਸਿਕਤਾ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ।
ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਅਸੀਂ ਕਈ ਵਾਰ ਔਰਤ ਦੀ ਕਾਮਯਾਬੀ ਦਾ ਜਸ਼ਨ ਤਾਂ ਮਨਾਉਂਦੇ ਹਾਂ, ਪਰ ਉਸ ਨੂੰ ਉਸ ਮੁਕਾਮ ਤੱਕ ਪਹੁੰਚਣ ਲਈ ਲੋੜੀਂਦੀ ਆਜ਼ਾਦੀ ਅਤੇ ਸਹੂਲਤ ਦੇਣ ਲਈ ਤਿਆਰ ਨਹੀਂ ਹੁੰਦੇ। ਗ਼ਰੀਬ ਪਰਿਵਾਰਾਂ ਦੀਆਂ ਮਹਿਲਾਵਾਂ ਲਈ ਇਹ ਸੰਘਰਸ਼ ਹੋਰ ਵੀ ਔਖਾ ਹੈ। ਉਨ੍ਹਾਂ ਦੀਆਂ ਆਪਣੀਆਂ ਇੱਛਾਵਾਂ ਅਤੇ ਸੁਪਨੇ ਹੁੰਦੇ ਹਨ, ਪਰ ਆਰਥਿਕ ਤੰਗੀ, ਪਰਿਵਾਰਕ ਜ਼ਿੰਮੇਵਾਰੀਆਂ ਅਤੇ ਸਮਾਜਿਕ ਬੰਦਿਸ਼ਾਂ ਅਕਸਰ ਉਨ੍ਹਾਂ ਦੀ ਆਵਾਜ਼ ਨੂੰ ਦਬਾ ਦਿੰਦੀਆਂ ਹਨ।
ਬਦਲਾਅ ਦੀ ਸ਼ੁਰੂਆਤ ਘਰ ਤੋਂ ਹੋਵੇ

ਨਾਰੀ ਸਨਮਾਨ ਅਤੇ ਅਧਿਕਾਰਾਂ ਦੀ ਗੱਲ ਸਿਰਫ਼ 8 ਮਾਰਚ ਜਾਂ ਕਿਸੇ ਸਮਾਗਮ ਦੇ ਮੰਚ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ। ਜੇ ਸੱਚਮੁੱਚ ਬਦਲਾਅ ਚਾਹੀਦਾ ਹੈ ਤਾਂ ਇਸ ਦੀ ਸ਼ੁਰੂਆਤ ਘਰ ਤੋਂ ਕਰਨੀ ਪਵੇਗੀ। ਧੀ ਅਤੇ ਪੁੱਤਰ ਨੂੰ ਬਰਾਬਰ ਮੌਕੇ ਦੇਣੇ ਪੈਣਗੇ। ਘਰ ਦੇ ਕੰਮ ਨੂੰ ਸਿਰਫ਼ ਔਰਤ ਦੀ ਜ਼ਿੰਮੇਵਾਰੀ ਮੰਨਣ ਦੀ ਸੋਚ ਬਦਲਣੀ ਪਵੇਗੀ। ਪੁੱਤਰਾਂ ਨੂੰ ਵੀ ਘਰ ਦੇ ਕੰਮ ਸਿਖਾਉਣੇ ਪੈਣਗੇ ਅਤੇ ਮਰਦਾਂ ਨੂੰ ਘਰੇਲੂ ਜ਼ਿੰਮੇਵਾਰੀਆਂ ਵਿੱਚ ਬਰਾਬਰ ਹਿੱਸਾ ਪਾਉਣਾ ਪਵੇਗਾ।
ਔਰਤ ਨੂੰ ਸਿਰਫ਼ ਸੁਰੱਖਿਆ ਦੀ ਲੋੜ ਨਹੀਂ। ਉਸ ਨੂੰ ਆਪਣੇ ਜੀਵਨ, ਸਿੱਖਿਆ, ਕਰੀਅਰ ਅਤੇ ਵਿਆਹ ਨਾਲ ਸਬੰਧਤ ਫ਼ੈਸਲੇ ਖੁਦ ਲੈਣ ਦਾ ਹੱਕ ਵੀ ਚਾਹੀਦਾ ਹੈ। ਜਦੋਂ ਇੱਕ ਧੀ ਪੜ੍ਹਦੀ ਹੈ, ਆਪਣੇ ਪੈਰਾਂ ’ਤੇ ਖੜ੍ਹੀ ਹੁੰਦੀ ਹੈ ਅਤੇ ਆਤਮ-ਨਿਰਭਰ ਬਣਦੀ ਹੈ ਤਾਂ ਇਸ ਦਾ ਲਾਭ ਸਿਰਫ਼ ਉਸ ਤੱਕ ਸੀਮਤ ਨਹੀਂ ਰਹਿੰਦਾ। ਇਸ ਦਾ ਅਸਰ ਪੂਰੇ ਪਰਿਵਾਰ ’ਤੇ ਪੈਂਦਾ ਹੈ ਅਤੇ ਅੱਗੇ ਚੱਲ ਕੇ ਸਮਾਜ ’ਤੇ ਵੀ।
ਨਾਰੀ ਨੂੰ ਸਨਮਾਨ ਨਹੀਂ, ਬਰਾਬਰੀ ਚਾਹੀਦੀ ਹੈ
ਨਾਰੀ ਨੂੰ ‘ਅਬਲਾ’ ਜਾਂ ‘ਵਿਚਾਰੀ’ ਕਹਿਣ ਦੀ ਲੋੜ ਨਹੀਂ। ਉਸ ਨੂੰ ਕਿਸੇ ਤਰਸ ਦੀ ਨਹੀਂ, ਆਪਣੇ ਹੱਕ ਦੀ ਲੋੜ ਹੈ। ਅਸੀਂ ਔਰਤ ਨੂੰ ਸਿਰਫ਼ ਮਾਂ, ਧੀ, ਭੈਣ ਜਾਂ ਪਤਨੀ ਦੇ ਰਿਸ਼ਤੇ ਵਿੱਚ ਦੇਖਣ ਦੀ ਬਜਾਏ ਸਭ ਤੋਂ ਪਹਿਲਾਂ ਇੱਕ ਸੁਤੰਤਰ ਮਨੁੱਖ ਵਜੋਂ ਸਵੀਕਾਰ ਕਰਨਾ ਸਿੱਖੀਏ। ‘ਨਾਰੀ ਸਨਮਾਨ’ ਦੀ ਗੱਲ ਤਦ ਹੀ ਅਰਥਪੂਰਨ ਹੋਵੇਗੀ ਜਦੋਂ ਇਹ ਸਨਮਾਨ ਉਸ ਦੀ ਆਜ਼ਾਦੀ, ਉਸ ਦੇ ਫ਼ੈਸਲਿਆਂ ਅਤੇ ਉਸ ਦੇ ਅਧਿਕਾਰਾਂ ਵਿੱਚ ਵੀ ਨਜ਼ਰ ਆਵੇ। ਕਿਸੇ ਸ਼ਾਇਰ ਦੀਆਂ ਇਹ ਪੰਕਤੀਆਂ ਔਰਤ ਦੇ ਅੰਦਰ ਦੱਬੀ ਸਮਰੱਥਾ ਨੂੰ ਬਹੁਤ ਖੂਬਸੂਰਤੀ ਨਾਲ ਬਿਆਨ ਕਰਦੀਆਂ ਹਨ:
“ਸੁਰਾਂ ਦਾ ਇਲਮ ਹੈ ਮੈਨੂੰ,
ਸੁਰੀਲੀ ਬਾਂਸੁਰੀ ਹਾਂ ਮੈਂ।
ਤੇਰੀ ਦੁਰਕਾਰ ਦੇ ਸਦਕਾ,
ਹੋਈ ਪਰ ਬੇਸੁਰੀ ਹਾਂ ਮੈਂ।”
ਔਰਤ ਦੇ ਅੰਦਰ ਸਮਰੱਥਾ ਦੀ ਕੋਈ ਕਮੀ ਨਹੀਂ। ਉਸ ਕੋਲ ਸੁਪਨੇ ਹਨ, ਹੁਨਰ ਹੈ, ਹਿੰਮਤ ਹੈ ਅਤੇ ਅਸਮਾਨ ਛੂਹਣ ਦੀ ਤਾਂਘ ਹੈ। ਲੋੜ ਸਿਰਫ਼ ਇੰਨੀ ਹੈ ਕਿ ਉਸ ਦੇ ਰਾਹ ਵਿੱਚ ਖੜ੍ਹੀਆਂ ਸਮਾਜਿਕ ਬੰਦਿਸ਼ਾਂ, ਰੂੜ੍ਹੀਵਾਦੀ ਸੋਚ ਅਤੇ ਭੇਦਭਾਵ ਦੀਆਂ ਕੰਧਾਂ ਨੂੰ ਹੌਲੀ-ਹੌਲੀ ਢਾਹਿਆ ਜਾਵੇ। ਅਤੇ ਸ਼ਾਇਦ ਨਾਰੀ ਸਨਮਾਨ ਦੀ ਸਭ ਤੋਂ ਸੱਚੀ ਸ਼ੁਰੂਆਤ ਇਹੀ ਹੋਵੇਗੀ—ਮਾਂ ਨੂੰ ਵੀ ਇੱਕ ਦਿਨ ਦੀ ਛੁੱਟੀ ਮਿਲੇ, ਧੀ ਨੂੰ ਆਪਣੇ ਸੁਪਨੇ ਚੁਣਨ ਦੀ ਆਜ਼ਾਦੀ ਮਿਲੇ ਅਤੇ ਔਰਤ ਨੂੰ ਆਪਣੀ ਜ਼ਿੰਦਗੀ ਦਾ ਫ਼ੈਸਲਾ ਖੁਦ ਕਰਨ ਦਾ ਹੱਕ ਮਿਲੇ। ਇਹੀ ਨਾਰੀ ਸਨਮਾਨ ਤੋਂ ਨਾਰੀ ਅਧਿਕਾਰਾਂ ਤੱਕ ਦਾ ਅਸਲ ਸਫ਼ਰ ਹੈ।



Leave a Comment