ਸਿੱਖ ਧਰਮ ਦੇ ਇਤਿਹਾਸ ਦੀ ਸ਼ੁਰੂਆਤ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਿਰਮਲ ਫ਼ਲਸਫ਼ੇ ਨਾਲ ਹੋਈ। ਪਹਿਲੇ ਪੰਜ ਗੁਰੂਆਂ ਨੇ ਸਮਾਜ ਵਿੱਚ ਇੱਕ ਅਕਾਲ ਪੁਰਖ ਦੀ ਹੋਂਦ, ਮਨੁੱਖੀ ਸਮਾਨਤਾ, ਜਾਤ-ਪਾਤ ਰਹਿਤ ਸਾਂਝੀਵਾਲਤਾ, ਨਿਰਸਵਾਰਥ ਸੇਵਾ ਅਤੇ ਕਰੁਣਾ ਦੀ ਅਜਿਹੀ ਮਜ਼ਬੂਤ ਬੁਨਿਆਦ ਰੱਖੀ, ਜਿਸ ਨੇ ਸਦੀਆਂ ਤੋਂ ਦੱਬੇ-ਕੁਚਲੇ ਲੋਕਾਂ ਵਿੱਚ ਆਤਮ-ਸਨਮਾਨ ਜਗਾਇਆ। ਪਰ 1606 ਵਿੱਚ ਲਾਹੌਰ ਵਿਖੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੇ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ। ਇਸ ਮਹਾਨ ਕੁਰਬਾਨੀ ਤੋਂ ਬਾਅਦ, ਸਿੱਖ ਕੌਮ ਸਾਹਮਣੇ ਇਹ ਗੰਭੀਰ ਸਵਾਲ ਖੜ੍ਹਾ ਹੋਇਆ ਕਿ ਜਦੋਂ ਸ਼ਾਂਤੀ, ਸੱਚ ਅਤੇ ਧਰਮ ‘ਤੇ ਜ਼ੁਲਮ ਦੇ ਹਮਲੇ ਹੋਣ ਲੱਗਣ, ਤਾਂ ਕੀ ਸਿਰਫ਼ ਸ਼ਾਂਤ ਰਹਿਣਾ ਕਾਫ਼ੀ ਹੈ ਜਾਂ ਫਿਰ ਅਨਿਆਂ ਦਾ ਸਾਹਮਣਾ ਕਰਨ ਲਈ ਆਤਮਿਕਤਾ ਦੇ ਨਾਲ-ਨਾਲ ਸ਼ਕਤੀ ਵੀ ਜ਼ਰੂਰੀ ਹੈ।
ਮੀਰੀ-ਪੀਰੀ ਦਾ ਸੰਕਲਪ

ਇਸ ਇਤਿਹਾਸਕ ਸਵਾਲ ਦਾ ਜਵਾਬ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੜੀ ਦੂਰਅੰਦੇਸ਼ੀ ਨਾਲ ਦਿੱਤਾ। 11 ਸਾਲ ਦੀ ਉਮਰ ਵਿੱਚ, ਗੁਰਗੱਦੀ ਸੰਭਾਲਦਿਆਂ ਉਨ੍ਹਾਂ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਪੀਰੀ ਆਤਮਿਕ ਸੱਤਾ ਦਾ ਪ੍ਰਤੀਕ ਅਤੇ ਮੀਰੀ ਦੁਨਿਆਵੀ ਅਤੇ ਸਮਾਜਿਕ ਜਿੰਮੇਵਾਰੀ ਦੀ ਪ੍ਰਤੀਕ ਬਣੀ। ਉਹਨਾਂ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ, ਜਿੱਥੇ ਧਾਰਮਿਕ ਵਿਚਾਰਾਂ ਦੇ ਨਾਲ-ਨਾਲ ਕੌਮੀ ਅਤੇ ਸਮਾਜਿਕ ਮਸਲਿਆਂ ਦੇ ਵਿਚਾਰ ਹੋਣ ਲੱਗੇ। ਗੁਰੂ ਸਾਹਿਬ ਨੇ ਸਿੱਖਾਂ ਨੂੰ ਘੋੜ-ਸਵਾਰੀ, ਸ਼ਸਤਰ ਵਿੱਦਿਆ ਅਤੇ ਸਰੀਰਕ ਤੌਰ ‘ਤੇ ਬਲਵਾਨ ਬਣਨ ਲਈ ਪ੍ਰੇਰਿਤ ਕੀਤਾ। ਉਹਨਾਂ ਦੇ ਸੰਘਰਸ਼ ਕਿਸੇ ਰਾਜ ਲਈ ਨਹੀਂ, ਸਗੋਂ ਮਜ਼ਲੂਮਾਂ ਦੀ ਰੱਖਿਆ ਲਈ ਸਨ। ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ, ਉਨ੍ਹਾਂ ਨੂੰ ‘ਬੰਦੀ ਛੋੜ ਦਾਤਾ’ ਕਿਹਾ ਜਾਂਦਾ, ਜਿਨ੍ਹਾਂ ਨੇ ਸਾਬਤ ਕੀਤਾ ਕਿ ਸੱਚੀ ਸ਼ਕਤੀ ਦੂਜਿਆਂ ਦੀ ਆਜ਼ਾਦੀ ਨੂੰ ਬਹਾਲ ਕਰਦੀ ਹੈ।
ਕਰੁਣਾ ਅਤੇ ਸੇਵਾ ਦਾ ਸੁਮੇਲ

ਸੱਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਸਿੱਖ ਕੌਮ ਨੂੰ ਇਹ ਸਿਖਾਇਆ ਕਿ ਸ਼ਕਤੀ ਦਾ ਭਾਵ ਕਦੇ ਵੀ ਕਠੋਰਤਾ ਜਾਂ ਹੰਕਾਰ ਨਹੀਂ ਹੁੰਦਾ। 2200 ਘੋੜ-ਸਵਾਰਾਂ ਦੀ ਫ਼ੌਜੀ ਤਾਕਤ ਨੂੰ ਕਾਇਮ ਰੱਖਦਿਆਂ ਹੋਇਆਂ ਉਹਨਾਂ ਨੇ ਵੀ ਆਪਣਾ ਜੀਵਨ ਦਇਆ, ਪ੍ਰੇਮ ਅਤੇ ਕੁਦਰਤ ਦੀ ਸੰਭਾਲ ਲਈ ਸਮਰਪਿਤ ਕਰ ਦਿੱਤਾ। ਉਹਨਾਂ ਨੇ ਵਿਸ਼ਾਲ ਦਵਾਖ਼ਾਨਾ ਸਥਾਪਿਤ ਕੀਤਾ ਜਿੱਥੇ ਦੁਰਲੱਭ ਜੜ੍ਹੀਆਂ-ਬੂਟੀਆਂ ਰਾਹੀਂ ਲੋੜਵੰਦਾਂ ਦਾ ਮੁਫ਼ਤ ਇਲਾਜ ਹੁੰਦਾ ਸੀ। ਜਦੋਂ ਮੁਗ਼ਲ ਸ਼ਹਿਜ਼ਾਦੇ ਦਾਰਾ ਸ਼ਿਕੋਹ ਨੂੰ ਇਲਾਜ ਦੀ ਲੋੜ ਪਈ, ਤਾਂ ਗੁਰੂ ਸਾਹਿਬ ਨੇ ਰਾਜਨੀਤਿਕ ਖ਼ਤਰੇ ਦੇ ਬਾਵਜੂਦ ਉਸ ਦੀ ਜਾਨ ਬਚਾਈ। ਇਹ ਇਸ ਗੱਲ ਦਾ ਸਪਸ਼ਟ ਸੰਦੇਸ਼ ਸੀ ਕਿ ਦੁਖੀ ਇਨਸਾਨ ਦੀ ਸੇਵਾ ਕਰਦੇ ਸਮੇਂ ਉਸ ਦੀ ਜਾਤ, ਧਰਮ ਜਾਂ ਸਿਆਸਤ ਨਹੀਂ ਦੇਖੀ ਜਾਂਦੀ।
ਬਾਲਾ ਪ੍ਰੀਤਮ ਦੀ ਨਿਰਸਵਾਰਥ ਸੇਵਾ

ਅੱਠਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਬਾਲ ਉਮਰ ਵਿੱਚ ਗੁਰਗੱਦੀ ਸੰਭਾਲ ਕੇ ਦਰਸਾ ਦਿੱਤਾ ਕਿ ਗਿਆਨ ਅਤੇ ਅਗਵਾਈ ਉਮਰ ਦੇ ਮੁਹਤਾਜ ਨਹੀਂ ਹੁੰਦੇ। ਜਦੋਂ ਦਿੱਲੀ ਦੀ ਸੰਗਤ ਦੇ ਸੱਦੇ ‘ਤੇ ਉਹ ਉੱਥੇ ਪਹੁੰਚੇ, ਤਾਂ ਉਸ ਸਮੇਂ ਦਿੱਲੀ ਵਿੱਚ ਚੇਚਕ ਅਤੇ ਹੈਜ਼ੇ ਦੀ ਭਿਆਨਕ ਮਹਾਂਮਾਰੀ ਫੈਲੀ ਹੋਈ ਸੀ। ਗੁਰੂ ਸਾਹਿਬ ਨੇ ਬਿਨਾਂ ਕਿਸੇ ਭੇਦਭਾਵ ਦੇ ਦਿਨ-ਰਾਤ ਮਰੀਜ਼ਾਂ ਦੀ ਦੇਖਭਾਲ ਕੀਤੀ ਅਤੇ ਪੀੜਤ ਲੋਕਾਂ ਨੂੰ ਅਧਿਆਤਮਿਕ ਸਹਾਇਤਾ ਪ੍ਰਦਾਨ ਕੀਤੀ। ਸੇਵਾ ਕਰਦੇ ਹੋਏ, ਉਹ ਖ਼ੁਦ ਵੀ ਇਸ ਬਿਮਾਰੀ ਦੀ ਲਪੇਟ ਵਿੱਚ ਆ ਗਏ ਅਤੇ ਸਾਲ 1664 ਵਿੱਚ ਸਿਰਫ਼ ਅੱਠ ਸਾਲ ਦੀ ਉਮਰ ਵਿੱਚ ਜੋਤੀ ਜੋਤਿ ਸਮਾ ਗਏ। ਦਿੱਲੀ ਦਾ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਅੱਜ ਵੀ ਉਨ੍ਹਾਂ ਦੀ ਮਨੁੱਖੀ ਸੇਵਾ ਅਤੇ ਪਰਉਪਕਾਰ ਦੀ ਜਿਊਂਦੀ-ਜਾਗਦੀ ਗਵਾਹੀ ਭਰਦਾ ਹੈ।
ਮਨੁੱਖੀ ਅਧਿਕਾਰਾਂ ਦੀ ਰਾਖੀ

ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਯਾਤਰਾਵਾਂ ਕੀਤੀਆਂ ਅਤੇ ਸੰਸਾਰ ਨੂੰ ਨਿਰਭੈਤਾ ਦਾ ਉਪਦੇਸ਼ ਦਿੰਦਿਆਂ ਫ਼ੁਰਮਾਇਆ ਕਿ ਸੱਚਾ ਗਿਆਨੀ ਉਹੀ ਹੈ ਜੋ “ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ”- ਅਰਥਾਤ ਨਾ ਕਿਸੇ ਨੂੰ ਡਰਾਉਂਦਾ ਹੈ ਅਤੇ ਨਾ ਕਿਸੇ ਤੋਂ ਡਰਦਾ ਹੈ। ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਜ਼ੁਲਮਾਂ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਨੀਤੀ ਵਿਰੁੱਧ ਜਦੋਂ ਕਸ਼ਮੀਰੀ ਪੰਡਿਤ ਫ਼ਰਿਆਦ ਲੈ ਕੇ ਆਏ, ਤਾਂ ਗੁਰੂ ਸਾਹਿਬ ਨੇ ਦੁਨੀਆ ਦੇ ਇਤਿਹਾਸ ਵਿੱਚ ਬੇਮਿਸਾਲ ਫ਼ੈਸਲਾ ਲਿਆ। ਉਹਨਾਂ ਨੇ ਆਪਣੇ ਧਰਮ ਤੋਂ ਵੱਖਰੇ ਕਿਸੇ ਹੋਰ ਭਾਈਚਾਰੇ ਦੇ ਤਿਲਕ-ਜੰਝੂ ਅਤੇ ਧਾਰਮਿਕ ਆਜ਼ਾਦੀ ਦੇ ਬੁਨਿਆਦੀ ਹੱਕ ਲਈ 1675 ਈਸਵੀ ਵਿੱਚ ਦਿੱਲੀ ਦੇ ਚਾਂਦਨੀ ਚੌਕ ਵਿਖੇ ਆਪਣਾ ਸੀਸ ਕੁਰਬਾਨ ਕਰ ਦਿੱਤਾ। ਉਹਨਾਂ ਦੇ ਨਾਲ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੇ ਵੀ ਅਸਹਿ ਤਸੀਹੇ ਝੱਲ ਕੇ ਸ਼ਹੀਦੀ ਪ੍ਰਾਪਤ ਕੀਤੀ।
ਖ਼ਾਲਸਾ ਪੰਥ ਦੀ ਸਾਜਣਾ

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੌਂ ਸਾਲ ਦੀ ਉਮਰ ਵਿੱਚ ਗੁਰਗੱਦੀ ਸੰਭਾਲੀ ਅਤੇ ਕੌਮ ਨੂੰ ਗਿਆਨ ਤੇ ਸਵੈ-ਮਾਣ ਨਾਲ ਲੈਸ ਕੀਤਾ। ਸੰਨ 1699 ਦੀ ਵਿਸਾਖੀ ਵਾਲੇ ਦਿਨ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ, ਉਨ੍ਹਾਂ ਨੇ ਸੀਸ ਮੰਗ ਕੇ ਪੰਜ ਪਿਆਰਿਆਂ ਦੀ ਚੋਣ ਕੀਤੀ ਅਤੇ ਖੰਡੇ ਦੀ ਪਾਹੁਲ ਛਕਾ ਕੇ ਖ਼ਾਲਸਾ ਪੰਥ ਦੀ ਸਾਜਣਾ ਕੀਤੀ। ਵੱਖ-ਵੱਖ ਖੇਤਰਾਂ ਤੋਂ ਆਏ ਇਨ੍ਹਾਂ ਪੰਜ ਪਿਆਰਿਆਂ ਨੂੰ ਬਰਾਬਰ ਦਾ ਦਰਜਾ ਦਿੰਦਿਆਂ ਮਰਦਾਂ ਨੂੰ ‘ਸਿੰਘ’ ਅਤੇ ਔਰਤਾਂ ਨੂੰ ‘ਕੌਰ’ ਦਾ ਨਾਮ ਦਿੱਤਾ ਗਿਆ। ਗੁਰੂ ਸਾਹਿਬ ਨੇ ਇੱਕ ਅਜਿਹਾ ‘ਸੰਤ-ਸਿਪਾਹੀ’ ਤਿਆਰ ਕੀਤਾ ਜੋ ਅੰਦਰੋਂ ਪ੍ਰਭੂ ਭਗਤੀ ਵਿੱਚ ਲੀਨ ਹੋਵੇ ਪਰ ਬਾਹਰੋਂ ਜ਼ੁਲਮ ਦੇ ਖ਼ਿਲਾਫ਼ ਡਟ ਸਕੇ। ਫਿਰ ਗੁਰੂ ਸਾਹਿਬ ਨੇ ਖ਼ੁਦ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ, ਜਿਸ ਨਾਲ ‘ਆਪੇ ਗੁਰ ਚੇਲਾ’ ਦਾ ਵਿਲੱਖਣ ਸਿਧਾਂਤ ਕਾਇਮ ਹੋਇਆ।
ਵੱਡਾ ਬਲੀਦਾਨ ਅਤੇ ਨੈਤਿਕ ਜਿੱਤ

ਖ਼ਾਲਸੇ ਦੇ ਆਦਰਸ਼ਾਂ ਦੀ ਪਰਖ ਜੰਗ ਦੇ ਮੈਦਾਨਾਂ ਵਿੱਚ ਹੋਈ। 1704 ਵਿੱਚ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਉਪਰੰਤ ਗੁਰੂ ਸਾਹਿਬ ਦਾ ਪਰਿਵਾਰ ਸਰਸਾ ਨਦੀ ਦੇ ਕੰਢੇ ਵਿਛੜ ਗਿਆ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਨੇ ਧਰਮ ਨਾ ਛੱਡਦਿਆਂ ਸਰਹੰਦ ਦੀਆਂ ਨੀਹਾਂ ਵਿੱਚ ਚਿਣ ਕੇ ਸ਼ਹਾਦਤ ਪਾਈ। ਮਾਤਾ ਗੁਜਰੀ ਜੀ ਵੀ ਠੰਢੇ ਬੁਰਜ ਵਿੱਚ ਜੋਤੀ ਜੋਤਿ ਸਮਾ ਗਏ। ਪਰਿਵਾਰ ਵਿਛੋੜੇ ਦੇ ਬਾਵਜੂਦ, ਗੁਰੂ ਸਾਹਿਬ ਦੇ ਮਨ ਵਿੱਚ ਨਫ਼ਰਤ ਪੈਦਾ ਨਹੀਂ ਹੋਈ। ਪੀਰ ਬੁੱਧੂ ਸ਼ਾਹ, ਨਬੀ ਖ਼ਾਨ ਅਤੇ ਗ਼ਨੀ ਖ਼ਾਨ ਵਰਗੇ ਮੁਸਲਮਾਨ ਉਨ੍ਹਾਂ ਦੇ ਸੱਚੇ ਹਮਦਰਦ ਰਹੇ। ਔਰੰਗਜ਼ੇਬ ਨੂੰ ਲਿਖੇ ‘ਜ਼ਫ਼ਰਨਾਮਾ’ ਵਿੱਚ ਗੁਰੂ ਸਾਹਿਬ ਨੇ ਸਪਸ਼ਟ ਕੀਤਾ ਕਿ ਇਹ ਸੰਘਰਸ਼ ਕਿਸੇ ਧਰਮ ਖ਼ਿਲਾਫ਼ ਨਹੀਂ, ਸਗੋਂ ਨੈਤਿਕਤਾ ਅਤੇ ਅਨਿਆਂ ਦੇ ਵਿਰੁੱਧ ਸੀ।
ਸਦੀਵੀ ਗੁਰੂ: ਸ਼੍ਰੀ ਗੁਰੂ ਗ੍ਰੰਥ ਸਾਹਿਬ

ਸਾਲ 1708 ਵਿੱਚ ਨਾਂਦੇੜ ਵਿਖੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਦਸਮ ਪਾਤਸ਼ਾਹ ਨੇ ਆਤਮਿਕ ਗੁਰਤਾ-ਗੱਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪ ਦਿੱਤੀ। ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਈ ਨਿਰਮਲ ਜੋਤ ਹੁਣ ‘ਸ਼ਬਦ-ਬਾਣੀ’ ਦੇ ਰੂਪ ਵਿੱਚ ਸਦਾ ਲਈ ਸਥਾਪਿਤ ਹੋ ਗਈ। ਦਸ ਗੁਰੂਆਂ ਦੀ ਇਹ ਪਵਿੱਤਰ ਯਾਤਰਾ ਸਾਨੂੰ ਸਿਖਾਉਂਦੀ ਹੈ ਕਿ ਕਰੁਣਾ ਅਤੇ ਸ਼ਕਤੀ ਇੱਕ-ਦੂਜੇ ਦੇ ਪੂਰਕ ਹਨ। ਇਹ ਫ਼ਲਸਫ਼ਾ ਸਿਰਫ਼ ਬੀਤੇ ਦੀ ਕਹਾਣੀ ਨਹੀਂ, ਸਗੋਂ ਅੱਜ ਵੀ ਮਨੁੱਖਤਾ ਨੂੰ ਨਿਰਭੈਤਾ, ਆਪਸੀ ਭਾਈਚਾਰੇ ਅਤੇ ਸਰਬੱਤ ਦੇ ਭਲੇ ਲਈ ਡਟਣ ਦਾ ਸਦੀਵੀ ਮਾਰਗ ਦਿਖਾਉਂਦਾ ਹੈ।




Leave a Comment