ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਾਨਵਤਾ ਦੇ ਸ਼ਬਦ ਗੁਰੂ ਹਨ। ਬ੍ਰਹਿਮੰਡ ਦੇ ਕਲਿਆਣ ਲਈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂਆਂ, ਭਗਤਾਂ ਅਤੇ ਗੁਰੂ ਘਰ ਦੇ ਨਿਕਟਵਰਤੀ ਸਿੱਖ ਸ਼ਰਧਾਲੂਆਂ ਦੇ ਇਲਾਹੀ ਬੋਲ ਲਿਖਾਰੀ ਭਾਈ ਗੁਰਦਾਸ ਜੀ ਦੇ ਸਹਿਯੋਗ ਨਾਲ ਆਦਿ ਗ੍ਰੰਥ ਸਾਹਿਬ ਵਿੱਚ ਸੰਗ੍ਰਹਿਤ ਕੀਤੇ । ਗੁਰਮਤਿ ਫ਼ਲਸਫ਼ੇ ’ਤੇ ਪੂਰੀ ਉਤਰਦੀ ਧਰਮ, ਜਾਤ, ਸਥਾਨ, ਭਾਸ਼ਾ, ਗਰੀਬੀ, ਅਮੀਰੀ ਆਦਿ ਸੰਕੀਰਨ ਸੀਮਾਵਾਂ ਤੋਂ ਮੁਕਤ ਗੁਰੂਆਂ ਅਤੇ ਭਗਤਾਂ ਦੀ ਬਾਣੀ ਨੂੰ ਆਦਿ ਗ੍ਰੰਥ ਵਿੱਚ ਸ਼ਾਮਿਲ ਕੀਤਾ ਗਿਆ। ਬਾਣੀ ਨੇ ਜਨਮ ਤੋਂ ਦੁਰਕਾਰੀ ਲੁਕਾਈ ਨੂੰ ਬਰਾਬਰਤਾ ਦਾ ਅਹਿਸਾਸ ਕਰਵਾਇਆ, ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ, ਸਵੈ ਮਾਣ ਦੀ ਭਾਵਨਾ ਜਗਾਈ ਅਤੇ ਸਮਕਾਲੀ ਸਮਾਜ ਵਿੱਚ ਜਾਤ ਅਤੇ ਧਰਮ ਅਧਾਰਿਤ ਹੁੰਦੇ ਅਣਮਨੁੱਖੀ ਵਤੀਰੇ ਵਿਰੁੱਧ ਵਿਚਾਰਧਾਰਕ ਕ੍ਰਾਂਤੀ ਨੂੰ ਪ੍ਰਚੰਡ ਕੀਤਾ। ਗੁਰੂ ਸਾਹਿਬਾਨਾਂ ਵਿੱਚੋਂ ਛੇ ਗੁਰੂ, ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਸ਼ੇਸ਼ ਦਰਜਾ ਦਿੱਤਾ ਗਿਆ। ਗੁਰੂ ਸਾਹਿਬਾਨਾਂ ਤੋਂ ਬਿਨਾਂ 15 ਭਗਤ, ਜਿਨਾਂ ਵਿੱਚ ਭਗਤ ਜੈਦੇਵ, ਬਾਬਾ ਸ਼ੇਖ ਫਰੀਦ, ਭਗਤ ਸਧਨਾ, ਭਗਤ ਤ੍ਰਿਲੋਚਨ, ਭਗਤ ਨਾਮਦੇਵ, ਭਗਤ ਸੈਣ, ਭਗਤ ਰਾਮਾਨੰਦ, ਭਗਤ ਰਵਿਦਾਸ, ਭਗਤ ਕਬੀਰ, ਭਗਤ ਬੇਣੀ, ਭਗਤ ਧੰਨਾ, ਭਗਤ ਪੀਪਾ, ਭਗਤ ਸੂਰਦਾਸ, ਭਗਤ ਭੀਖਣ ਅਤੇ ਭਗਤ ਪਰਮਾਨੰਦ ਦੀ ਬਾਣੀ ਵੀ ਦਰਜ ਹੈ। ਇਹਨਾਂ ਤੋਂ ਇਲਾਵਾ 11 ਭੱਟ ਜਿਨਾਂ ਵਿੱਚ ਕਲ੍ਹ, ਨਲ੍ਹ, ਗਯੰਦ, ਭਿਖਾ, ਸਲ੍ਹ, ਕੀਰਤ, ਭਲ੍ਹ, ਮਥੁਰਾ, ਬਲ੍ਹ, ਜਾਲਪ, ਹਰਿਬੰਸ ਦੀ ਬਾਣੀ ਦਰਜ ਹੈ। ਗੁਰੂਆਂ ਭਗਤਾਂ ਤੇ ਭੱਟਾਂ ਤੋਂ ਬਿਨਾਂ ਗੁਰੂ ਘਰ ਦੇ ਚਾਰ ਨਜ਼ਦੀਕੀ ਸਿੱਖ, ਜਿਨਾਂ ਨੂੰ ਸਿੱਖ ਸਮਾਜ ਦੇ ਵਿੱਚ ਮਾਨਤਾ ਦਿੱਤੀ ਗਈ ਹੈ ਜਾਂ ਇਹਨਾਂ ਸਿੱਖਾਂ ਨੂੰ ਸਿੱਖਾਂ ਵਿੱਚ ਉੱਚਾ ਦਰਜ ਪ੍ਰਾਪਤ ਹੈ ਉਹਨਾਂ ਦੇ ਸ਼ਬਦ ਵੀ ਆਦਿ ਗ੍ਰੰਥ ਦੇ ਵਿੱਚ ਸ਼ਾਮਿਲ ਕੀਤੇ ਗਏ ਹਨ। ਜਿਨਾਂ ਵਿੱਚ ਭਾਈ ਮਰਦਾਨਾ, ਰਾਇ ਬਲਵੰਡਿ, ਸਤਾ ਡੂਮ ਤੇ ਬਾਬਾ ਸੁੰਦਰ ਦੇ ਨਾਮ ਸ਼ਾਮਿਲ ਹਨ।
ਪੁਰਾਤਨ ਸਮੇਂ ਤੋਂ ਭਾਰਤ ਦੇਸ਼ ਵਿੱਚ ਵੇਦਾਂ ਦੇ ਪ੍ਰਚੱਲਤ ਹੋਣ ਤੋਂ ਬਾਅਦ ਭਾਰਤੀ ਲੋਕਾਂ ਨੂੰ ਕੰਮ ਦੇ ਅਧਾਰ ਤੇ ਵਰਣਾਂ ਵਿੱਚ ਵੰਡ ਦਿੱਤਾ ਗਿਆ ਸੀ। ਸਮਾਜ ਵਿੱਚ ਚਾਰ ਵਰਨ ਤੇ ਚਾਰ ਹੀ ਵਰਗ ਪ੍ਰਚਲਿਤ ਸਨ। ਸਮੁੱਚੇ ਸਮਾਜ ਨੂੰ ਬ੍ਰਾਹਮਣ, ਕਛਤਰੀਆ, ਵੈਸ਼ ਤੇ ਸ਼ੂਦਰ ਚਾਰ ਵਰਗਾਂ ਵਿੱਚ ਵੰਡਿਆ ਹੋਇਆ ਸੀ। ਇਹ ਚਾਰੋਂ ਵਰਗ ਹਿੰਦੂ ਧਰਮ ਨਾਲ ਸੰਬੰਧਿਤ ਸਨ। ਸਮਾਂ ਬੀਤਣ ਨਾਲ ਮੱਧ ਕਾਲ ਦੇ ਵਿੱਚ ਭਾਰਤ ਵਿੱਚ ਮੁਸਲਿਮ ਧਰਮ ਪ੍ਰਚੱਲਿਤ ਹੋ ਗਿਆ। 712A.D ਦੇ ਵਿੱਚ ਪਹਿਲੀ ਵਾਰ ਮੁਹੰਮਦ ਬਿਨ ਕਾਸਿਮ ਨੇ ਭਾਰਤ ਦੇ ਉੱਤਰੀ ਪੱਛਮੀ ਸੀਮਾ ਪ੍ਰਾਂਤ ਉੱਤੇ ਹਮਲਾ ਕੀਤਾ ਤੇ ਆਪਣਾ ਰਹਿਣ ਬਸੇਰਾ ਇਸ ਸਥਾਨ ਵਿੱਚ ਕਰ ਲਿਆ। ਮੁਹੰਮਦ ਬਿਨ ਕਾਸਿਮ ਦੇ ਨਾਲ ਹੋਰ ਵੀ ਬਹੁਤ ਸਾਰੇ ਲੋਕ ਅਜਿਹੇ ਭਾਰਤ ਵਿੱਚ ਆ ਕੇ ਵਸੇ ਸਨ ਜੋ ਮੁਸਲਿਮ ਧਰਮ ਨਾਲ ਸੰਬੰਧਿਤ ਸਨ। ਉਹਨਾਂ ਦੇ ਆਪਣੇ ਰੀਤੀ ਰਿਵਾਜ ਤੇ ਆਪਣਾ ਪਹਿਰਾਵਾ ਸੀ। ਹੁਣ ਹਿੰਦੂ ਧਰਮ ਤੋਂ ਬਾਅਦ ਮੁਸਲਿਮ ਧਰਮ ਵੀ ਭਾਰਤ ਵਿੱਚ ਪ੍ਰਚਲਿਤ ਹੋਣਾ ਸ਼ੁਰੂ ਹੋ ਗਿਆ। ਗਜਨਵੀ ਤੇ ਗੋਰੀ ਦੇ ਹਮਲਿਆਂ ਨੇ ਉੱਤਰੀ ਭਾਰਤ ਦਾ ਸਾਰਾ ਹਿੱਸਾ ਮੁਸਲਿਮ ਧਰਮ ਦੀ ਲਪੇਟ ਵਿੱਚ ਲੈ ਆਉਂਦਾ। ਦਿੱਲੀ ਸਲਤਨਤ ਦੇ ਖਤਮ ਹੋਣ ਨਾਲ ਦਿੱਲੀ ਦੇ ਤਖਤ ਤੇ ਲੋਧੀ ਦਾ ਰਾਜ ਸੀ। ਲੋਧੀ ਵੰਸ਼ ਦੇ ਤਿੰਨ ਰਾਜੇ ਦਿੱਲੀ ਦੇ ਤਖਤ ਤੇ ਰਾਜ ਕਰਦੇ ਰਹੇ। ਪਹਿਲਾ ਬਹਿਲੋਲ ਲੋਧੀ, ਦੂਜਾ ਸਿਕੰਦਰ ਲੋਧੀ ਅਤੇ ਤੀਜਾ ਇਬਰਾਹਿਮ ਲੋਧੀ। ਬਹਿਲੋਲ ਲੋਧੀ ਦੇ ਸਮੇਂ ਦੇ ਵਿੱਚ ਹੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਗੁਰੂ ਨਾਨਕ ਦੇਵ ਜੀ ਨੇ ਹੀ ਆਪਣੀਆਂ ਯਾਤਰਾਵਾਂ ਦੇ ਦੌਰਾਨ ਜੋ ਸਿੱਖਿਆਵਾਂ ਵੱਖ-ਵੱਖ ਦਿਸ਼ਾਵਾਂ ਵਿੱਚ ਜਾ ਕੇ ਲੋਕਾਂ ਨੂੰ ਦਿੱਤੀਆਂ ਉਹ ਇੱਕ ਧਰਮ ਦਾ ਰੂਪ ਲੈ ਕੇ ਸਾਹਮਣੇ ਆਈਆਂ। ਇਸੇ ਕਰਕੇ ਸਿੱਖ ਧਰਮ ਦੇ ਮੋਢੀ ਨਾਨਕ ਪਾਤਸ਼ਾਹ ਨੂੰ ਕਿਹਾ ਜਾਂਦਾ ਹੈ।

15ਵੀਂ ਸਦੀ ਦੇ ਸ਼ੁਰੂਆਤ ਦੇ ਵਿੱਚ ਭਾਰਤ ਵਿੱਚ ਸਮਾਜਿਕ ਹਾਲਾਤ ਬਹੁਤ ਮਾੜੇ ਹੋ ਚੁੱਕੇ ਸਨ। ਹਿੰਦੂ ਅਤੇ ਮੁਸਲਿਮ ਧਰਮ ਦੇ ਵਿੱਚ ਬਹੁਤ ਕੁਰੀਤੀਆਂ ਆ ਚੁੱਕੀਆਂ ਸਨ। ਪੂਰਨ ਸਮਾਜ ਖੋਖਲੇ ਰੀਤੀ ਰਿਵਾਜਾਂ ਦੇ ਵਿੱਚ ਫਸਿਆ ਹੋਇਆ ਸੀ। ਲੋਕ ਜੀਵਨ ਦੇ ਅਸਲ ਸੱਚ ਤੋਂ 100 ਕੋਹ ਦੂਰ ਸਨ। ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਲਿਖੇ ਸ਼ਬਦਾਂ ਨਾਲ ਪੂਰੀ ਲੋਕਾਈ ਨੂੰ ਸਿੱਧੇ ਰਾਹ ਪਾਇਆ। ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਸਿੱਖ ਧਰਮ ਦੇ ਦੂਜੇ ਗੁਰੂ ਅੰਗਦ ਦੇਵ ਜੀ ਨੇ ਲੰਡਾ ਲਿਪੀ ਨੂੰ ਸੁਧਾਰ ਕੇ ਗੁਰਮੁਖੀ ਲਿਪੀ ਦਾ ਪ੍ਰਚਾਰ ਕੀਤਾ ਤੇ ਗੁਰੂ ਨਾਨਕ ਦੇਵ ਜੀ ਤੇ ਉਹਨਾਂ ਦੁਆਰਾ ਇਕੱਤਰ ਕੀਤੇ ਹੋਰ ਭਗਤਾਂ ਤੇ ਭੱਟਾਂ ਦੇ ਸ਼ਬਦ ਉਹਨਾਂ ਨੂੰ ਇੱਕ ਤਰਤੀਬ ਦਿੱਤੀ। ਗੁਰੂ ਅੰਗਦ ਦੇਵ ਜੀ ਤੋਂ ਬਾਅਦ ਗੁਰੂ ਅਮਰਦਾਸ ਜੀ ਤੇ ਗੁਰੂ ਅਮਰਦਾਸ ਜੀ ਤੋਂ ਬਾਅਦ ਗੁਰੂ ਰਾਮਦਾਸ ਜੀ ਨੇ ਇਹ ਕੰਮ ਚਲਦਾ ਰੱਖਿਆ। ਗੁਰੂ ਰਾਮਦਾਸ ਜੀ ਤੋਂ ਬਾਅਦ ਉਹਨਾਂ ਦੇ ਸਭ ਤੋਂ ਛੋਟੇ ਪੁੱਤਰ ਅਰਜਨ ਜਿਨਾਂ ਨੂੰ ਬਚਪਨ ਤੋਂ ਹੀ ਇੱਕ ਵਰ ਪ੍ਰਾਪਤ ਸੀ ਦੋਹਿਤਾ ਬਾਣੀ ਕਾ ਬੋਹਿਥਾ ਇਹ ਵਰ ਗੁਰੂ ਅਮਰਦਾਸ ਜੀ ਨੇ ਜਨਮ ਵੇਲੇ ਗੁਰੂ ਅਰਜਨ ਦੇਵ ਜੀ ਨੂੰ ਦਿੱਤਾ ਸੀ। ਗੁਰੂ ਅਰਜਨ ਦੇਵ ਜੀ ਨੇ ਪਹਿਲੇ ਚਾਰ ਗੁਰੂਆਂ ਦੇ ਸ਼ਬਦ ਅਤੇ 15 ਭਗਤਾਂ ਦੇ ਸ਼ਬਦ ਤੇ 11 ਭੱਟਾਂ ਦੇ ਸ਼ਬਦ ਇਕੱਤਰਿਤ ਕੀਤੇ। ਉਹਨਾਂ ਵਿੱਚ ਆਪਣੇ 2216 ਸ਼ਬਦ ਜੋੜ ਕੇ ਉਸ ਸਮੇਂ ਦੇ ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਤੋਂ ਲਿਖਵਾ ਕੇ ਇੱਕ ਬੀੜ ਤਿਆਰ ਕਰਵਾਈ ਜਿਸ ਨੂੰ ਆਦਿ ਗ੍ਰੰਥ ਦਾ ਨਾਮ ਦਿੱਤਾ ਗਿਆ। ਗੁਰੂਆਂ, ਭਗਤਾਂ, ਭੱਟਾਂ ਤੋਂ ਇਲਾਵਾ ਆਦਿ ਗ੍ਰੰਥ ਵਿੱਚ ਗੁਰੂ ਘਰ ਦੇ ਚਾਰ ਨਜ਼ਦੀਕੀ ਸਿੱਖਾਂ ਦੇ ਸ਼ਬਦ ਵੀ ਦਰਜ ਕੀਤੇ ਗਏ ਜੋ ਸਿੱਖ ਧਰਮ ਦੀ ਕਸੌਟੀ ਉੱਤੇ ਖਰੇ ਉਤਰਦੇ ਸਨ। ਆਦਿ ਗ੍ਰੰਥ ਬਾਣੀ ਦਾ 1430 ਅੰਗਾਂ (ਸਫਿਆਂ) ਵਾਲਾ ਇੱਕ ਸਮੂਹ ਵਿਸਥਾਰਮਈ ਗ੍ਰੰਥ ਹੈ। ਇਸ ਗ੍ਰੰਥ ਨੂੰ ਸਿੱਖ ਧਰਮ ਦਾ ਸਭ ਤੋਂ ਪਵਿੱਤਰ ਗ੍ਰੰਥ ਮੰਨਿਆ ਗਿਆ ਅਤੇ ਇਸ ਗ੍ਰੰਥ ਵਿੱਚ ਲਿਖੀ ਬਾਣੀ ਨੂੰ ਸਿੱਖਾਂ ਦਾ ਮਾਰਗ ਦਰਸ਼ਕ ਮੰਨਿਆ ਗਿਆ। ਆਦਿ ਗ੍ਰੰਥ ਦਾ ਸੰਕਲਨ ਅਗਸਤ 1604 ਈਸਵੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਭਾਈ ਗੁਰਦਾਸ ਜੀ ਤੋਂ ਪੂਰਾ ਕਰਵਾਇਆ ਅਤੇ ਪਹਿਲੀ ਵਾਰ ਸਤੰਬਰ 1604 ਈਸਵੀ ਨੂੰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਅੰਦਰ ਆਦਿ ਗ੍ਰੰਥ ਨੂੰ ਸਥਾਪਿਤ ਕੀਤਾ ਗਿਆ।

ਧੁਰ ਕੀ ਬਾਣੀ ਆਈ ॥
ਤਿਨਿ ਸਗਲੀ ਚਿੰਤ ਮਿਟਾਈ ॥
ਸਤੰਬਰ 1604 ਈਸਵੀ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਦਿ ਗ੍ਰੰਥ ਨੂੰ ਸੁਸ਼ੋਭਿਤ ਕਰਕੇ ਹੁਣ ਗੁਰੂ ਘਰ ਦੇ ਅੱਗੇ ਇਹ ਵੱਡਾ ਸਵਾਲ ਸੀ ਕਿ ਆਦਿ ਗ੍ਰੰਥ ਦੀ ਦੇਖਰੇਖ ਕਰੇਗਾ ਕੌਣ। ਤਾਂ ਸਿੱਖ ਧਰਮ ਦੇ ਵਿੱਚ ਉਸ ਸਮੇਂ ਸਭ ਤੋਂ ਸਿਆਣਾ ਤੇ ਸਭ ਤੋਂ ਵੱਧ ਗੁਰੂਆਂ ਨਾਲ ਸਮਾਂ ਗੁਜ਼ਾਰ ਚੁੱਕਿਆ ਮਨੁੱਖ ਇੱਕੋ ਇੱਕ ਸੀ ਉਹ ਸੀ, ਬਾਬਾ ਬੁੱਢਾ ਜੀ। ਬਾਬਾ ਬੁੱਢਾ ਜੀ ਧਾਰਮਿਕ ਅਤੇ ਅਧਿਆਤਮਿਕ ਪ੍ਰਵਿਰਤੀ ਦੇ ਮਾਲਕ ਸਨ। ਉਹਨਾਂ ਦੀ ਇਸ ਧਾਰਮਿਕ ਅਤੇ ਅਧਿਆਤਮਿਕ ਪ੍ਰਵਿਰਤੀ ਨੂੰ ਵੇਖਦੇ ਹੋਏ ਬਾਬਾ ਬੁੱਢਾ ਜੀ ਨੂੰ ਹਰਿਮੰਦਰ ਸਾਹਿਬ ਦਾ ਪਹਿਲਾ ਹੈਡ ਗ੍ਰੰਥੀ ਵੀ ਨਿਯੁਕਤ ਕੀਤਾ ਗਿਆ। ਇਸ ਗ੍ਰੰਥ ਵਿਚ 1430 ਪੰਨੇ ਅਤੇ 5894 ਸ਼ਬਦ ਦਰਜ ਕੀਤੇ ਗਏ ਹਨ। ਗ੍ਰੰਥ ਦਾ ਵੱਡਾ ਹਿੱਸਾ 31 ਮੁੱਖ ਰਾਗਾਂ ਵਿੱਚ ਵੰਡਿਆ ਗਿਆ ਹੈ। ਆਦਿ ਗ੍ਰੰਥ ਨੂੰ ਲਿਖਣ ਲਈ ਭਾਈ ਗੁਰਦਾਸ ਜੀ ਨੇ ਕਈ ਭਾਸ਼ਾਵਾਂ ਦੀ ਵਰਤੋਂ ਕੀਤੀ ਸੀ। ਆਦਿ ਗ੍ਰੰਥ ਨੂੰ ਗੁਰਮੁਖੀ ਲਿਪੀ ਵਿੱਚ ਕਈ ਭਾਸ਼ਾਵਾਂ ਵਿੱਚ ਲਿਖਿਆ ਗਿਆ, ਜਿਵੇਂ ਪੰਜਾਬੀ, ਸੰਸਕ੍ਰਿਤ, ਹਿੰਦੀ, ਬ੍ਰਜ, ਭਾਸ਼ਾ ਬਾਗਰੂ, ਅਵਧੀ, ਭੋਜਪੁਰੀ, ਸਿੰਧੀ, ਮਰਾਠੀ, ਮਾਰਵਾੜੀ, ਬੰਗਾਲੀ, ਫਾਰਸੀ, ਅਤੇ ਅਰਬੀ। ਇਹਨਾਂ ਵੱਖ-ਵੱਖ ਭਾਸ਼ਾਵਾਂ ਦੀ ਵਰਤੋਂ ਆਦਿ ਗ੍ਰੰਥ ਨੂੰ ਸੰਪੂਰਨ ਕਰਨ ਲਈ ਕੀਤੀ ਗਈ। ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਆਦਿ ਗ੍ਰੰਥ ਲਿਖਵਾਉਣ ਤੋਂ ਪਹਿਲਾਂ ਪਹਿਲੇ ਤਿੰਨ ਗੁਰੂਆਂ ਦੀ ਬਾਣੀ ਤੇ ਸ਼ਬਦ ਬਾਬਾ ਮੋਹਨ ਜੀ, ਜੋ ਗੁਰੂ ਅਮਰਦਾਸ ਜੀ ਦੇ ਪੁੱਤਰ ਸਨ ਤੋਂ ਪ੍ਰਾਪਤ ਕੀਤੇ ਸਨ। ਗੁਰੂ ਅਰਜਨ ਦੇਵ ਜੀ ਤੋਂ ਬਾਅਦ ਉਹਨਾਂ ਦੇ ਪੁੱਤਰ ਨਾਨਕ ਪਾਤਸ਼ਾਹ ਦੀ ਛੇਵੀਂ ਜੋਤ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਨੇ ਗੁਰੂ ਗੱਦੀ ਸੰਭਾਲੀ। ਗੁਰੂ ਹਰਗੋਬਿੰਦ ਮਹਾਰਾਜ ਦੇ ਘਰ ਪੰਜ ਪੁੱਤਰ ਅਤੇ ਇੱਕ ਪੁੱਤਰੀ ਨੇ ਜਨਮ ਲਿਆ। ਜਿਨਾਂ ਵਿੱਚ ਬਾਬਾ ਗੁਰਦਿੱਤਾ ਜੀ, ਅਣੀ ਰਾਏ, ਅਟਲ ਰਾਏ, ਤੇਗ ਮਲ, ਸੂਰਜ ਮਲ ਅਤੇ ਬੀਬੀ ਬੀਰੋ ਸਨ। ਬਾਬਾ ਗੁਰਦਿੱਤਾ ਜੀ ਬਹੁਤ ਕਰਨੀ ਵਾਲੇ ਮਹਾਂਪੁਰਖ ਸਨ। ਉਹਨਾਂ ਦੇ ਪੁੱਤਰ ਨੂੰ ਹੀ ਨਾਨਕ ਪਾਤਸ਼ਾਹ ਦੀ ਸੱਤਵੀਂ ਜੋਤ ਥਾਪਿਆ ਗਿਆ, ਜੋ ਕਿ ਗੁਰੂ ਹਰਰਾਏ ਜੀ ਸਨ। ਪਰ ਉਹਨਾਂ ਦੇ ਪੁੱਤਰ ਬਾਬਾ ਧੀਰਮਲ ਨੇ ਇਸ ਗੱਲ ਦਾ ਦੁੱਖ ਮਨਾਇਆ। ਗੁਰੂ ਘਰ ਨਾਲ ਸੰਬੰਧਿਤ ਹੋਣ ਕਾਰਨ ਬਾਬਾ ਧੀਰਮਲ ਜੀ ਕੋਲ ਉਹ ਹੱਥ ਲਿਖਤ ਬੀੜ ਸੀ। ਗੁਰੂ ਹਰ ਰਾਏ ਜੀ ਤੋਂ ਬਾਅਦ ਉਨਾਂ ਦੇ ਪੁੱਤਰ ਗੁਰੂ ਹਰਕ੍ਰਿਸ਼ਨ ਜੀ ਨੂੰ ਗੁਰੂਗੱਦੀ ਸੰਭਾਲੀ ਗਈ। ਫਿਰ ਗੁਰੂ ਹਰਕ੍ਰਿਸ਼ਨ ਜੀ ਤੋਂ ਬਾਅਦ ਗੁਰੂ ਹਰਗੋਬਿੰਦ ਮਹਾਰਾਜ ਦੇ ਪੁੱਤਰ ਤੇਗਮਲ ਜੋ ਸਮੇਂ ਨਾਲ ਤੇਗ ਬਹਾਦਰ ਬਣ ਗਏ ਸਨ ਨੂੰ ਸਿੱਖ ਧਰਮ ਦੇ ਨੌਵੇਂ ਗੁਰੂ ਬਣਾਇਆ ਗਿਆ। ਪਰ ਧੀਰਮਲ ਦੇ ਅੰਦਰ ਉਹ ਗੁਰੂ ਗੱਦੀ ਲਈ ਖਿਚ ਹਾਲੇ ਵੀ ਸੀ ਤੇ ਬਣ ਰਹੇ ਗੁਰੂਆਂ ਪ੍ਰਤੀ ਈਰਖਾ ਸੀ।

ਜਦੋਂ ਮੱਖਣ ਸ਼ਾਹ ਲੁਬਾਣੇ ਨੇ ਬਾਬਾ ਬਕਾਲੇ ਦੇ ਵਿੱਚ ਗੁਰੂ ਲਾਧੋ ਰੇ ਦਾ ਹੋਕਾ ਦਿੱਤਾ ਤੇ ਗੁਰੂ ਤੇਗ ਬਹਾਦਰ ਜੀ ਨੂੰ ਸਿੱਖ ਧਰਮ ਦੇ ਨੌਵੇਂ ਗੁਰੂ ਬਣਾਇਆ ਤਾਂ ਧੀਰਮਲ ਈਰਖਾ ਤੇ ਕ੍ਰੋਧ ਨਾਲ ਭਰ ਗਿਆ। ਉਸਨੇ ਆਪਣੇ ਕਈ ਮਸੰਦਾਂ ਨੂੰ ਲਾਲਚ ਦੇ ਕੇ ਗੁਰੂ ਤੇਗ ਬਹਾਦਰ ਜੀ ਦੇ ਉੱਤੇ ਹਮਲਾ ਵੀ ਕਰਵਾਇਆ। ਧੀਰਮਲ ਦੇ ਇੱਕ ਮਸੰਦ ਸ਼ੀਹੇ ਨੇ ਗੁਰੂ ਤੇਗ ਬਹਾਦਰ ਜੀ ਦੇ ਉੱਤੇ ਗੋਲੀ ਵੀ ਚਲਾਈ। ਪਰ ਪਰਮਾਤਮਾ ਦੀ ਕਿਰਪਾ ਨਾਲ ਗੁਰੂ ਜੀ ਬਚ ਗਏ ਅਤੇ ਮਾਮੂਲੀ ਜਖਮੀ ਹੋਏ। ਗੁਰੂ ਤੇਗ ਬਹਾਦਰ ਜੀ ਸਭ ਕੁਝ ਛੱਡ ਕੇ ਮਾਝੇ ਦੇ ਸਥਾਨਾਂ ਨੂੰ ਤਿਆਗ ਦੇ ਕੇ ਕੀਰਤਪੁਰ ਸਾਹਿਬ ਆ ਗਏ ਅਤੇ ਇੱਥੇ ਹੀ ਉਹਨਾਂ ਨੇ ਇੱਕ ਨਵਾਂ ਨਗਰ ਚੱਕ ਨਾਨਕੀ ਵਸਾਇਆ। ਸਮਾਂ ਬੀਤਣ ਨਾਲ ਚੱਕ ਨਾਨਕੀ ਅਨੰਦਾਂ ਦੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਬਣਿਆ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ, ਖਾਲਸਾ ਪੰਥ ਸਿਰਜਿਆ ਗਿਆ, ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਜਾਣਾ ਪਿਆ, ਚਮਕੌਰ ਦੇ ਵਿੱਚ ਘਮਸਾਨ ਯੁੱਧ ਹੋਇਆ, ਵੱਡੇ ਸਾਹਿਬਜ਼ਾਦੇ 40 ਸਿੱਖਾਂ ਦੇ ਨਾਲ ਸ਼ਹੀਦੀ ਦਾ ਜਾਮ ਪੀ ਗਏ, ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦੇ ਨੀਹਾਂ ਵਿੱਚ ਚਿਣਿਆ ਗਿਆ। ਹੁਣ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਪਹੁੰਚੇ। ਮੁਗਲ ਤੇ ਪਹਾੜੀ ਸੈਨਾ ਨੂੰ ਮਾਤ ਦੇ ਕੇ ਹੁਣ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਗ੍ਰੰਥ ਵਿੱਚ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ ਲਿਖਣ ਬਾਰੇ ਸੋਚਿਆ।

ਜਦੋਂ ਅਨੰਦਪੁਰ ਦਾ ਕਿਲਾ ਛੱਡਣ ਤੋਂ ਬਾਅਦ ਸਰਸਾ ਦੇ ਕਿਨਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਪਿਆ ਸੀ ਤਾਂ ਸਰਸੇ ਦੇ ਤੇਜ਼ ਰਫਤਾਰ ਪਾਣੀ ਨੇ ਗੁਰੂ ਜੀ ਕੋਲ ਜੋ ਵੀ ਲਿਖਤੀ ਸਰੂਪ ਸਨ ਉਹ ਵਹਾ ਦਿੱਤੇ। ਗੁਰੂ ਜੀ ਨੇ ਆਪਣੇ ਕਈ ਸਿੰਘ ਤਲਵੰਡੀ ਸਾਬੋ ਤੋਂ ਬਾਬਾ ਧੀਰਮਲ ਜੀ ਕੋਲ ਭੇਜੇ ਕਿ ਉਹ ਪੁਰਾਣੀ ਬੀੜ ਲੈ ਕੇ ਆਣ। ਪਰ ਬਾਬਾ ਧੀਰਮਲ ਜੀ ਨੇ ਉਹ ਬੀੜ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਸਾਡੇ ਕੋਲੋਂ ਕਿਉਂ ਸਾਡੇ ਪੁਰਖਿਆਂ ਦੀ ਨਿਸ਼ਾਨੀ ਖੋਂਹਦੇ ਹੋ। ਤੁਸੀਂ ਨਾਨਕ ਪਾਤਸ਼ਾਹ ਦੀ ਦਸਵੀਂ ਜੋਤ ਕਹਿਲਾਉਂਦੇ ਹੋ ਸਭ ਜਾਣੀ ਜਾਣ ਹੋ ਜੇ ਤੁਸੀਂ ਇੰਨੇ ਹੀ ਕਰਨਹਾਰ ਹੋ ਤਾਂ ਖੁਦ ਕਿਉਂ ਨਹੀਂ ਲਿਖ ਲੈਂਦੇ। ਫਿਰ ਗੁਰੂ ਜੀ ਨੇ ਭਾਈ ਮਨੀ ਸਿੰਘ ਜੀ ਦੀ ਇਹ ਸੇਵਾ ਲਗਾਈ। ਗੁਰੂ ਜੀ ਮੂਹੋਂ ਸ਼ਬਦ ਉਚਾਰਦੇ ਰਹਿੰਦੇ ਅਤੇ ਭਾਈ ਮਨੀ ਸਿੰਘ ਜੀ ਲਿਖਦੇ ਰਹਿੰਦੇ। ਪੂਰੇ ਨੌ ਮਹੀਨੇ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਬਠਿੰਡੇ ਦੀ ਧਰਤੀ ਤੇ ਰਹੇ ਤੇ ਇੱਥੇ ਹੀ ਉਹਨਾਂ ਨੇ ਇੱਕ ਨਵੇਂ ਗ੍ਰੰਥ ਦੀ ਉਸਾਰੀ ਕਰਵਾਈ ਜਿਸ ਵਿੱਚ ਪਹਿਲੇ ਪੰਜ ਗੁਰੂ, 15 ਭਗਤ, 11 ਭੱਟ, ਚਾਰ ਗੁਰੂ ਘਰ ਦੇ ਨਜ਼ਦੀਕੀ ਸਿੱਖ ਅਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ ਲਿਖੇ ਗਏ। ਇਸ ਗ੍ਰੰਥ ਨੂੰ ਹੁਣ ਨਵਾਂ ਨਾਮ ਦਿੱਤਾ ਗਿਆ ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਹਾ ਜਾਂਦਾ ਹੈ। ਆਦਿ ਗ੍ਰੰਥ ਜੋ ਗੁਰੂ ਅਰਜਨ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਿਖੇ ਲਿਖਵਾਇਆ ਸੀ, ਵਿੱਚ ਰਹਰਾਸਿ ਸਾਹਿਬ ਦੇ ਕੇਵਲ ਪਹਿਲੇ ਪੰਜ ਹੀ ਸ਼ਬਦ ਹਨ। ਪਰ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਠਿੰਡੇ ਦੀ ਧਰਤੀ ਤੇ ਲਿਖਵਾਇਆ ਇਸ ਵਿੱਚ ਰਹਰਾਸਿ ਸਾਹਿਬ ਦੇ ਨੌ ਸ਼ਬਦ ਲਿਖਾਏ ਗਏ ਹਨ। ਜਿਨਾਂ ਦਾ ਪਾਠ ਅੱਜ ਵੀ ਹਰ ਰੋਜ਼ ਸੰਗਤਾਂ ਕਰਦੀਆਂ ਹਨ। ਭੋਗ ਦੋਹਾਂ ਸਰੂਪਾਂ ਦਾ ਅਠਾਰਹ ਦਸ ਬੀਸ ‘ਤੇ ਹੀ ਹੈ। 1708 ਈਸਵੀ ਵਿੱਚ ਦੱਖਣ ਨਾਂਦੇੜ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਖਰੀ ਸਮੇਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਦੇ ਅਗਲੇ ਗੁਰੂ ਸਥਾਪਿਤ ਕੀਤਾ। ਜਿਸ ਦੀ ਮਾਨਤਾ ਸਿੱਖ ਧਰਮ ਵਿੱਚ ਹੁਣ ਤੱਕ ਸ਼ਬਦ ਗੁਰੂ ਦੇ ਰੂਪ ਵਿੱਚ ਚਲਦੀ ਆ ਰਹੀ ਹੈ। ਪੰਜਾਬ ਅਤੇ ਪੰਜਾਬ ਦੇ ਬਾਹਰੀ ਸੂਬਿਆਂ ਵਿੱਚ ਜਿੰਨੇ ਵੀ ਸਿੱਖ ਧਰਮ ਦੇ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ ਉਹਨਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਇਸ ਸਾਲ 2026 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 422ਵੇਂ ਪਹਿਲੇ ਪ੍ਰਕਾਸ਼ ਪੁਰਬ ਨੂੰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗੁਰੂ ਘਰ ਦੇ ਸ਼ਰਧਾਲੂਆਂ ਅਤੇ ਪ੍ਰਬੰਧਕਾਂ ਵੱਲੋਂ ਕਰੀਬ 50 ਤੋਂ 60 ਕਿਸਮਾਂ ਦੇ ਰੰਗ ਬਿਰੰਗੇ ਦੇਸੀ ਵਿਦੇਸ਼ੀ ਮਹਿਕ ਦੇ ਫੁੱਲਾਂ ਨਾਲ ਸਜਾਵਟ ਦੀ ਸੇਵਾ ਆਰੰਭ ਕੀਤੀ ਗਈ ਹੈ। ਜੋ 11 ਸਤੰਬਰ ਤੱਕ ਮੁਕੰਮਲ ਹੋ ਗਿਆ ਅਤੇ 12 ਸਤੰਬਰ ਨੂੰ 422ਵਾਂ ਪਹਿਲਾ ਪ੍ਰਕਾਸ਼ ਪੁਰਬ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ।




Leave a Comment