Bandi Chhor Divas: ਇਤਿਹਾਸ, ਮਹੱਤਵ ਅਤੇ ਪਰੰਪਰਾਵਾਂ
1604 ਈਸਵੀ ਵਿੱਚ ਆਦਿ ਗ੍ਰੰਥ ਦਾ ਸੰਕਲਨ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖ ਕੌਮ ਨੂੰ ਇੱਕ ਵੱਡਾ ਲਿਖਤੀ ਰੂਪ ਵਿੱਚ ਗ੍ਰੰਥ ਦੇ ਦਿੱਤਾ। ਪਹਿਲੇ ਪੰਜ ਗੁਰੂਆਂ ਦੀ ਬਾਣੀ, 15 ਭਗਤਾਂ, 11 ਭੱਟਾਂ ਤੇ ਚਾਰ ਗੁਰੂ ਘਰ ਦੇ ਨਜ਼ਦੀਕੀ ਸਿੱਖਾਂ ਦੀ ਬਾਣੀ ਇਸ ਆਦਿ ਗ੍ਰੰਥ ਦੇ ਵਿੱਚ ਭਾਈ ਗੁਰਦਾਸ ਜੀ ਦੀ ਕਲਮ ਨਾਲ ਦਰਜ ਕੀਤੀ ਗਈ। ਜਲਾਲੁੱਦੀਨ ਮੁਹੰਮਦ ਅਕਬਰ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਸਲੀਮ ਜਹਾਂਗੀਰ ਦੀ ਪਦਵੀ ਲੈ ਕੇ ਮੁਗਲ ਬਾਦਸ਼ਾਹ ਬਣਿਆ। ਜਹਾਂਗੀਰ ਇੱਕ ਕੱਟੜ ਮੁਸਲਮਾਨ ਸੀ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਪਿੱਛੇ ਚੰਦੂ ਜੋ ਕਿ ਲਾਹੌਰ ਦਾ ਵਾਸੀ ਸੀ ਨੇ ਭੂਮਿਕਾ ਨਿਭਾਈ ਸੀ ਹੁਣ ਨਾਨਕ ਪਾਤਸ਼ਾਹ ਦੀ ਛੇਵੀਂ ਜੋਤ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਦੀ ਪ੍ਰਤਿਗਿਆ ਕੀਤੀ ਸੀ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੀਵਨ ਅਤੇ ਮੀਰੀ-ਪੀਰੀ ਦਾ ਸਿਧਾਂਤ
ਸਿੱਖ ਇਤਿਹਾਸ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਸੀ ਪਹਿਲੇ ਪੰਜ ਗੁਰੂ ਧਾਰਮਿਕ ਪ੍ਰਵਿਰਤੀ ਦੇ ਮਾਲਕ ਸਨ ਤੇ ਸਦਾ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ। ਛੇਵੇਂ ਜਾਮੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਗ੍ਰਹਿਣ ਕੀਤੀਆਂ। ਅਕਾਲ ਤਖਤ ਦੀ ਉਸਾਰੀ ਕਰਵਾਈ। ਦਰਬਾਰ ਸਜਾਉਣਾ ਸ਼ੁਰੂ ਕੀਤਾ ਆਪਣੇ ਕੋਲ ਸੈਨਿਕ ਭਰਤੀ ਕੀਤੇ ਤੇ ਆਪਣੇ ਸਿੱਖਾਂ ਨੂੰ ਤੋਹਫਿਆਂ ਦੇ ਵਜੋਂ ਅਸਤਰ ਸ਼ਸਤਰ ਅਤੇ ਘੋੜਿਆਂ ਦੀ ਮੰਗ ਕੀਤੀ। ਅਧਿਆਤਮਿਕ ਪ੍ਰਵਿਰਤੀ ਦੇ ਨਾਲ-ਨਾਲ ਧਾਰਮਿਕ ਪ੍ਰਵਿਰਤੀ ਨੂੰ ਵੀ ਤਰਜੀਹ ਦਿੱਤੀ। ਸਿੱਖ ਇਤਿਹਾਸ ਦੇ ਲੇਖਕਾਂ ਅਨੁਸਾਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਪਦੇਸ਼ ਸਾਵਣ ਦੇ ਮੀਹਾਂ ਵਾਂਗ ਸਨ ਜਿਸ ਨਾਲ ਸਿੱਖ ਇਸ ਤਰ੍ਹਾਂ ਖੇੜੇ ਵਿੱਚ ਆਉਂਦੇ ਸਨ ਜਿਵੇਂ ਪਾਣੀ ਲਈ ਤਰਸਦੇ ਝੋਨੇ ਦੇ ਖੇਤ। ਗੁਰੂ ਜੀ ਦੇ ਉਪਦੇਸ਼ ਸੁਣ ਕੇ ਸਿੱਖਾਂ ਦੇ ਮਨ ਤਾਂ ਇੰਝ ਟਹਿਕ ਉਠਦੇ ਜਿਵੇਂ ਵਰਖਾ ਰੁੱਤ ਵਿੱਚ ਪੰਛੀ ਚਹਿਕ ਉੱਠਦੇ ਨੇ।
ਜਹਾਂਗੀਰ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਮਿਲਾਪ
ਚੰਦੂ ਦੀ ਸਾਜ਼ਿਸ਼ ਅਤੇ ਗੁਰੂ ਸਾਹਿਬ ਜੀ ਨੂੰ ਦਿੱਲੀ ਬੁਲਾਉਣਾ
ਗੁਰੂ ਜੀ ਦੀ ਵੱਧਦੀ ਹੋਈ ਪ੍ਰਤਿਸ਼ਠਾ ਨੂੰ ਦੇਖਦੇ ਹੋਏ ਚੰਦੂ ਦਾ ਮਨ ਬੜਾ ਉਦਾਸ ਰਹਿੰਦਾ ਸੀ ਚੰਦੂ ਦੀ ਲੜਕੀ ਅਜੇ ਵੀ ਕੁਆਰੀ ਬੈਠੀ ਸੀ। ਚੰਦੂ ਨੂੰ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ। ਚਾਣਕਯਾ ਨੀਤੀ ਵਿੱਚ ਲਿਖਿਆ ਹੈ ਕਿ ਤਿੰਨ ਕਿਸਮ ਦੇ ਲੋਕਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਕਰਜ਼ਦਾਰ ਨੂੰ, ਕੁਆਰੀ ਕੁੜੀ ਦੇ ਪਿਉ ਨੂੰ ਤੇ ਦੁਸ਼ਮਣ ਤੋਂ ਭੈ-ਭੀਤ ਵਿਅਕਤੀ ਨੂੰ। ਚੰਦੂ ਨੇ ਆਪਣੀ ਘਰਵਾਲੀ ਨਾਲ ਸਲਾਹ ਕੀਤੀ ਤਾਂ ਉਸ ਦੀ ਘਰਵਾਲੀ ਨੇ ਗੁਰੂ ਹਰਗੋਬਿੰਦ ਜੀ ਨੂੰ ਚਿੱਠੀ ਲਿਖਣ ਲਈ ਕਿਹਾ। ਚੰਦੂ ਨੇ ਗੁਰੂ ਹਰਗੋਬਿੰਦ ਜੀ ਨੂੰ ਪੱਤਰ ਲਿਖਿਆ ਜਿਸ ਵਿੱਚ ਆਪਣੀ ਪੁੱਤਰੀ ਦਾ ਜ਼ਿਕਰ ਕੀਤਾ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਚੰਦੂ ਨੇ ਗੁਰੂ ਹਰਗੋਬਿੰਦ ਜੀ ਨੇ ਆਪਣੀ ਪੁੱਤਰੀ ਨੂੰ ਦਾਸੀ ਬਣਾਉਣ ਲਈ ਆਖਿਆ ਤੇ ਕਿਹਾ ਜੇਕਰ ਤੁਸੀਂ ਮੇਰੇ ਸ਼ਬਦਾਂ ਤੇ ਵਿਚਾਰ ਨਹੀਂ ਕਰੋਗੇ ਤਾਂ ਉਹਨਾਂ ਦਾ ਵੀ ਉਹੀ ਹਸ਼ਰ ਹੋਵੇਗਾ ਜੋ ਗੁਰੂ ਅਰਜਨ ਦੇਵ ਜੀ ਦਾ ਹੋਇਆ ਸੀ। ਗੁਰੂ ਜੀ ਨੇ ਚੰਦੂ ਦੇ ਸ਼ਬਦਾਂ ਵੱਲ ਕੋਈ ਬਹੁਤਾ ਧਿਆਨ ਨਾ ਦਿੱਤਾ ਤੇ ਚੰਦੂ ਦੀ ਵਿਆਹ ਦੀ ਫਰਮਾਇਸ਼ ਨੂੰ ਠੁਕਰਾ ਦਿੱਤਾ ਹੁਣ ਚੰਦੂ ਭੜਕ ਉੱਠਿਆ ਤੇ ਉਸ ਨੇ ਜਹਾਂਗੀਰ ਨੂੰ ਭੜਕਾਉਣ ਦਾ ਮੌਕਾ ਲੱਭ ਲਿਆ ਉਸਨੇ ਜਹਾਂਗੀਰ ਨੂੰ ਪੱਤਰ ਲਿਖਿਆ ਜਿਸ ਚ ਲਿਖਿਆ ਗਿਆ ਬਾਦਸ਼ਾਹ ਸਲਾਮਤ ਨੇ ਵਰਤਮਾਨ ਗੁਰੂ ਦੇ ਪਿਤਾ ਨੂੰ ਲਾਹੌਰ ਬੁਲਾਇਆ ਸੀ ਕਿ ਮੇਰੇ ਹਵਾਲੇ ਕਰ ਦਿੱਤਾ ਸੀ ਵਰਤਮਾਨ ਗੁਰੂ ਨੇ ਆਪਣੇ ਪਿਤਾ ਦੀ ਮੌਤ ਦਾ ਆਪ ਤੋਂ ਬਦਲਾ ਲੈਣ ਦੀ ਪ੍ਰਤਿਗਿਆ ਕੀਤੀ ਹੋਈ ਹੈ ਉਹਦੀਆਂ ਕਾਰਵਾਈਆਂ ਤੋਂ ਵਿਦਰੋਹ ਦਾ ਖ਼ਤਰਾ ਹੈ ਜੇ ਆਪ ਹੁਕਮ ਕਰੋ ਤਾਂ ਮੈਂ ਉਸ ਦੀਆਂ ਗਤੀਵਿਧੀਆਂ ਤੇ ਨਿਗਾਹ ਰੱਖਾਂ ਜਾਂ ਫਿਰ ਤੁਸੀਂ ਉਸਨੂੰ ਬੁਲਾ ਕੇ ਝਾੜ ਝੰਬ ਕਰੋ ਉਹ ਬਹੁਤ ਘਮੰਡੀ ਹੋ ਗਿਆ ਹੈ ਤਖਤ ਬਾਦਸ਼ਾਹ ਲਈ ਹੁੰਦੇ ਹਨ ਨਾ ਕਿ ਫ਼ਕੀਰਾਂ ਲਈ।
ਜਹਾਂਗੀਰ ਵੱਲੋਂ ਗੁਰੂ ਸਾਹਿਬ ਜੀ ਨੂੰ ਬੁਲਾਉਣ ਦਾ ਹੁਕਮ
ਇਹ ਪੱਤਰ ਪੜ੍ਹ ਕੇ ਜਹਾਂਗੀਰ ਵੀ ਭੜਕ ਉੱਠਿਆ ਬਾਦਸ਼ਾਹ ਨੇ ਵਜ਼ੀਰ ਖਾਂ ਤੇ ਕਿੰਦ ਬੇਗ਼ ਨੂੰ ਗੁਰੂ ਨੂੰ ਬੁਲਾਉਣ ਲਈ ਭੇਜਿਆ ਵਜ਼ੀਰ ਖ਼ਾਂ ਜੋ ਤਨੋ ਮਨੋ ਗੁਰੂ ਦਾ ਸਿੱਖ ਸੀ ਉਸਨੇ ਬਾਦਸ਼ਾਹ ਦੇ ਦਰਬਾਰ ਵਿੱਚ ਗੁਰੂ ਦੇ ਹੱਕ ਦੀ ਗੱਲ ਕੀਤੀ ਪਰ ਬਾਦਸ਼ਾਹ ਨੇ ਵਜ਼ੀਰ ਖਾਂ ਦੇ ਸ਼ਬਦਾਂ ਨੂੰ ਪਸੰਦ ਨਾ ਕੀਤਾ ਤੇ ਹੁਕਮ ਕੀਤਾ ਕਿ ਉਹ ਅੰਮ੍ਰਿਤਸਰ ਜਾਣ ਤੇ ਗੁਰੂ ਹਰਗੋਬਿੰਦ ਨੂੰ ਦਿੱਲੀ ਆਉਣ ਦਾ ਸੱਦਾ ਦੇ ਆਉਣ ਕਿੰਦ ਬੇਗ ਤੇ ਵਜ਼ੀਰ ਖਾਂ ਅੰਮ੍ਰਿਤਸਰ ਪਹੁੰਚੇ ਤੇ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਬਾਦਸ਼ਾਹ ਦੇ ਬੁਲਾਵੇ ਬਾਰੇ ਦੱਸਿਆ ਜਦੋਂ ਗੁਰੂ ਜੀ ਨੇ ਵਜ਼ੀਰ ਖਾਨ ਦੇ ਮੂੰਹੋਂ ਬਾਦਸ਼ਾਹ ਦਾ ਹੁਕਮ ਸੁਣਿਆ ਤਾਂ ਉਹਨਾਂ ਨੇ ਕਿਹਾ ਪਹਿਲਾ ਸ਼ਹਿਨਸ਼ਾਹ ਨੇ ਮੇਰੇ ਪਿਤਾ ਨੂੰ ਲਾਹੌਰ ਬੁਲਾ ਭੇਜਿਆ ਸੀ ਤੇ ਵੇਖੋ ਫਿਰ ਕੈਸੀ ਸੇਵਾ ਕੀਤੀ। ਮੇਰੇ ਪਿਤਾ ਦੀ ਮੌਤ ਹੋਇਆ ਛੇ ਸਾਲ ਲੰਘ ਗਏ ਹਨ ਪਰ ਅੱਜ ਤੱਕ ਬਾਦਸ਼ਾਹ ਨੇ ਹਾਨੀ ਪੂਰਤੀ ਵਜੋਂ ਕੀ ਕੀਤਾ ਹੈ ਅਜਿਹੇ ਹਾਕਮ ਦੀ ਪ੍ਰਜਾ ਕਿਵੇਂ ਖੁਸ਼ ਰਹਿ ਸਕਦੀ ਹੈ ਤਾਂ ਕਿੰਦ ਬੇਗ਼ ਨੇ ਕਿਹਾ ਗੁਰੂ ਜੀ ਬਾਦਸ਼ਾਹ ਉਦੋਂ ਬੇਵਸ ਸੀ ਚੰਦੂ ਵਰਗੇ ਵਿਰੋਧੀਆਂ ਨੇ ਬਾਦਸ਼ਾਹ ਦੇ ਕੰਨ ਭਰੇ ਪਏ ਸਨ। ਇਹ ਸਾਰੀ ਵਾਰਤਾਲਾਪ ਹੋਈ ਤਾਂ ਗੁਰੂ ਜੀ ਨੇ ਕੁਝ ਸਮਾਂ ਮੰਗਦੇ ਹੋਏ ਕਿਹਾ ਕਿ ਉਹ ਬਾਦਸ਼ਾਹ ਦੇ ਸੰਦੇਸ਼ ਦਾ ਕੱਲ ਉੱਤਰ ਦੇਣਗੇ ਜਦ ਤੀਸਰੇ ਪਹਿਰ ਸਿੱਖ ਸੰਗਤ ਜੁੜੀ ਤਾਂ ਇਹ ਗੱਲ ਵਿਚਾਰੀ ਗਈ ਕਿ ਗੁਰੂ ਜੀ ਨੂੰ ਸ਼ਹਿਨਸ਼ਾਹ ਨੂੰ ਮਿਲਣ ਜਾਣਾ ਚਾਹੀਦਾ ਹੈ ਜਾਂ ਨਹੀਂ। ਭਾਈ ਬੁੱਢਾ ਤੇ ਭਾਈ ਸਾਲ੍ਹੋ ਨੇ ਜਾਣ ਦੀ ਸਲਾਹ ਦਿੱਤੀ ਪਰ ਕਈ ਹੋਰ ਸਿੱਖਾਂ ਨੇ ਇਸ ਦੇ ਉਲਟ ਸਲਾਹ ਦਿੱਤੀ ਕਿ ਗੁਰੂ ਜੀ ਕੋਈ ਬਹਾਨਾ ਲਗਾ ਦੇਣ ਤੇ ਸ਼ਹਿਨਸ਼ਾਹ ਤੋਂ ਦੂਰ ਹੀ ਰਹਿਣ।
ਗੁਰੂ ਜੀ ਨੇ ਇਸ ਸਮੱਸਿਆ ਨੂੰ ਸੁਲਝਾਉਣ ਲਈ ਆਪਣੀ ਮਾਤਾ ਗੰਗਾ ਜੀ ਨਾਲ ਗੱਲਬਾਤ ਕੀਤੀ ਜਦੋਂ ਮਾਤਾ ਗੰਗਾ ਨੇ ਬਾਦਸ਼ਾਹ ਦੇ ਬੁਲਾਵੇ ਬਾਰੇ ਸੁਣਿਆ ਤਾਂ ਉਹ ਚੁੱਪ ਰਹੀ। ਗੁਰੂ ਜੀ ਦੀ ਮਾਤਾ ਵੱਲੋਂ ਭਾਈ ਸਾਲ੍ਹੋ ਭਾਈ ਜੇਠਾ ਤੇ ਹੋਰਨਾਂ ਨੂੰ ਬੁਲਾਇਆ ਗਿਆ ਤੇ ਨਿਰਣਾ ਲਿਆ। ਪਾਤਸ਼ਾਹ ਨੇ ਪਹਿਲਾਂ ਹੀ ਸਾਨੂੰ ਨੁਕਸਾਨ ਪਹੁੰਚਾ ਕੇ ਸ਼ੰਕਾ ਵਿੱਚ ਖੜੇ ਕੀਤਾ ਹੋਇਆ ਹੈ। ਗੁਰੂ ਜੀ ਅੱਜ ਜੇਕਰ ਉਸ ਕੋਲ ਗਏ ਤੇ ਫਿਰ ਜਿੰਦਾ ਨਾ ਮੁੜੇ ਅਸੀਂ ਕਿੰਝ ਗੁਰੂ ਜੀ ਨੂੰ ਉਸ ਕੋਲ ਜਾਣ ਲਈ ਕਹਿ ਸਕਦੇ ਹਾਂ ਪਰ ਕੁਝ ਸਮਾਂ ਗੱਲਬਾਤ ਤੋਂ ਬਾਅਦ ਗੁਰੂ ਹਰਗੋਬਿੰਦ ਜੀ ਨੇ ਬਾਦਸ਼ਾਹ ਕੋਲ ਜਾਣ ਦਾ ਨਿਰਣਾ ਕਰ ਲਿਆ। ਵਜ਼ੀਰ ਖਾਂ ਤੇ ਕਿੰਦ ਬੇਗ਼ ਬੜੇ ਖੁਸ਼ ਹੋਏ। ਵਜ਼ੀਰ ਖਾਨ ਨੇ ਗੁਰੂ ਜੀ ਨੂੰ ਇਸ ਤੱਥ ਤੋਂ ਜਾਣੂ ਕਰਵਾਇਆ ਕਿ ਉਹਨਾਂ ਦੇ ਪਿਤਾ ਗੁਰੂ ਅਰਜਨ ਦੇਵ ਜੀ ਨੇ ਉਸ ਨੂੰ ਜਲੋਧਰ ਦੇ ਰੋਗ ਤੋਂ ਮੁਕਤ ਕਰਕੇ ਜ਼ਿੰਦਗੀ ਬਖਸ਼ੀ ਸੀ। ਉਸਨੇ ਇਹ ਵਿਸ਼ਵਾਸ ਦਿਵਾਇਆ ਕਿ ਉਹ ਗੁਰੂ ਜੀ ਦਾ ਸੇਵਕ ਹੈ ਤੇ ਉਹ ਦੁਸ਼ਮਣਾਂ ਦੀ ਬਰਬਾਦੀ ਚਾਹੁੰਦਾ ਹੈ। ਗੁਰੂ ਜੀ ਨੇ ਗਉੜੀ ਕੀ ਵਾਰ ਚੋਂ ਗੁਰੂ ਰਾਮਦਾਸ ਜੀ ਦਾ ਸਲੋਕ ਉਚਾਰਿਆ
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸੁ ਕਰਤਾ ਮਾਰ ਦਿਵਾਵੈ।
ਫੇਰਿ ਓਹ ਹਥਿ ਨ ਆਵੈ ਓਹੁ ਆਪਣਾ ਬੀਜਿਆ ਆਪੇ ਖਾਵੈ।।
ਗੁਰੂ ਸਾਹਿਬ ਜੀ ਦੀ ਦਿੱਲੀ ਯਾਤਰਾ
ਗੁਰੂ ਹਰਗੋਬਿੰਦ ਜੀ 1612 ਈਸਵੀ ਨੂੰ ਸੋਮਵਾਰ ਵਾਲੇ ਦਿਨ ਦਿੱਲੀ ਲਈ ਤੁਰ ਪਏ। ਭਾਈ ਬੁੱਢਾ ਜੀ ਨੂੰ ਹਰਿਮੰਦਰ ਸਬੰਧੀ ਲੌਕਿਕ ਕਾਰਜ ਦਿੱਤੇ ਤੇ ਧਰਮ ਕਰਮ ਦੇ ਕਾਰਜ ਭਾਈ ਗੁਰਦਾਸ ਦੇ ਸਪੁਰਦ ਕੀਤੇ ਗਏ। ਸਮੁੱਚੇ ਸਿੱਖਾਂ ਨੂੰ ਆਦੇਸ਼ ਦਿੱਤਾ ਗਿਆ ਹਰਿ ਮੰਦਰ ਵਿਸ਼ੇਸ਼ ਤੌਰ ਤੇ ਅਕਾਲ ਪੁਰਖ ਦੀ ਅਰਾਧਨਾ ਲਈ ਹੈ। ਇਸ ਦਾ ਉਸ ਤਰ੍ਹਾਂ ਸਨਮਾਨ ਕੀਤਾ ਜਾਵੇ। ਜੂਆ ਸ਼ਰਾਬ, ਇਸਤਰੀਆਂ ਦਾ ਹਾਸਾ ਠੱਠਾ ਜਾਂ ਨਿੰਦਿਆ ਆਦਿ ਦੀ ਉੱਥੇ ਬਿਲਕੁਲ ਆਗਿਆ ਨਹੀਂ ਹੈ। ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਕੋਈ ਚੋਰੀ ਨਾ ਕਰੇ, ਝੂਠ ਨਾ ਬੋਲੇ, ਤੰਬਾਕੂ ਨਾ ਪੀਵੇ, ਝਗੜਾ ਨਾ ਕਰੇ, ਸਿੱਖਾਂ ਸ਼ਰਧਾਲੂਆਂ ਅਤਿਥੀਆਂ ਪਰਦੇਸੀਆਂ ਗਰੀਬ ਤੇ ਬੇਸਹਾਰਾ ਲੋਕਾਂ ਦੀ ਸਿੱਖਾਂ ਵੱਲੋਂ ਪਿਆਰ ਨਾਲ ਆਓ ਭਗਤ ਕੀਤੀ ਜਾਵੇ, ਮੇਰੇ ਸਿੱਖ ਨਿਮਰਤਾ ਵਿੱਚ ਰਹਿਣ, ਪ੍ਰਭੂ ਦਾ ਸਿਮਰਨ ਕਰਨ, ਧਰਮ ਦੀ ਪਾਲਣਾ ਕਰਨ, ਗੁਰਬਾਣੀ ਪੜਨ, ਸਭ ਹੁਕਮਾਂ ਦੀ ਪਾਲਣਾ ਕਰਨ।
ਜਹਾਂਗੀਰ ਨਾਲ ਗੁਰੂ ਸਾਹਿਬ ਜੀ ਦੀ ਮੁਲਾਕਾਤ
ਗੁਰੂ ਜੀ 300 ਅੰਗ ਰੱਖਿਆਕਾਂ ਨਾਲ ਦਿੱਲੀ ਲਈ ਯਾਤਰਾ ਤੇ ਤੁਰ ਪਏ। ਜਮਨਾ ਦਰਿਆ ਕਿਨਾਰੇ ਪਹੁੰਚੇ ਤਾਂ ਉਹਨਾਂ ਮਜਨੂੰ ਦੇ ਟਿੱਲੇ ਦੇ ਨੇੜੇ ਫੁੱਲਾਂ ਦੀ ਬਗੀਚੀ ਵਿੱਚ ਡੇਰਾ ਲਾ ਲਿਆ। ਵਜ਼ੀਰ ਖਾਂ ਤੇ ਕਿੰਦ ਬੇਗ ਨੂੰ ਬਾਦਸ਼ਾਹ ਕੋਲ ਗੁਰੂ ਜੀ ਦੇ ਪਹੁੰਚਣ ਦਾ ਸੁਨੇਹਾ ਦੇਣ ਲਈ ਵਿਦਾ ਕਰ ਦਿੱਤਾ। ਦਿੱਲੀ ਵਿੱਚੋਂ ਸਿੱਖਾਂ ਦੇ ਸਮੂਹ ਗੁਰੂ ਜੀ ਦੇ ਦਰਸ਼ਨ ਨੂੰ ਆਏ ਬਹੁਤ ਸਿੱਖਾਂ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋ ਜਾਣ ਤੋਂ ਬਾਅਦ ਉਸ ਬਾਰੇ ਅਫ਼ਸੋਸ ਕੀਤਾ। ਹੁਣ ਬਾਦਸ਼ਾਹ ਨੇ ਵਿਖਾਵੇ ਦੇ ਤੌਰ ਤੇ ਗੁਰੂ ਜੀ ਦਾ ਬੜੇ ਸਤਿਕਾਰ ਨਾਲ ਸਵਾਗਤ ਕੀਤਾ। ਧਰਮ ਕਰਮ ਨੂੰ ਲੈ ਕੇ ਗੁਰੂ ਜੀ ਦੇ ਨਾਲ ਵਾਦ-ਵਿਵਾਦ ਕੀਤਾ ਗਿਆ। ਗੁਰੂ ਜੀ ਦੇ ਗਿਆਨ ਅਤੇ ਸ਼ਾਂਤਮਈ ਸੁਭਾਅ ਨੂੰ ਵੇਖ ਕੇ ਬਾਦਸ਼ਾਹ ਦੇ ਮਨ ਵਿੱਚ ਥੋੜੀ ਘ੍ਰਿਣਾ ਪੈਦਾ ਹੋ ਗਈ। ਬਾਦਸ਼ਾਹ ਨੇ ਗੁਰੂ ਜੀ ਤੋਂ ਪੁੱਛਿਆ ਕਿ ਇਹ ਦੱਸੋ ਕਿ ਹਿੰਦੂਆਂ ਤੇ ਮੁਸਲਮਾਨਾਂ ਵਿੱਚੋਂ ਕਿਹੜੇ ਵਧੇਰੇ ਪਵਿੱਤਰ ਹਨ। ਕੀੜੇ ਤੋਂ ਲੈ ਕੇ ਹਾਥੀ ਤੱਕ ਸਭ ਜਾਨਵਰਾਂ ਵਿੱਚ ਸਾਰੇ ਚਾਰ ਤੱਤ ਵਿਆਪਤ ਹਨ ਫਿਰ ਉਹਨਾਂ ਦੇ ਪ੍ਰਕਾਸ਼ ਗਿਆਨ ਤੇ ਸਮਝ ਵਿੱਚ ਭਿੰਨਤਾ ਕਿਉਂ ਹੈ। ਗੁਰੂ ਜੀ ਨੇ ਭਗਤ ਕਬੀਰ ਤੇ ਸ਼ਬਦ ਰਾਹੀਂ ਉੱਤਰ ਦਿੱਤਾ
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥

ਸ਼ਿਕਾਰ ਦੌਰਾਨ ਗੁਰੂ ਸਾਹਿਬ ਜੀ ਵੱਲੋਂ ਜਹਾਂਗੀਰ ਦੀ ਰੱਖਿਆ
ਬਾਦਸ਼ਾਹ ਨੇ ਇਹ ਵੀ ਸੁਣ ਰੱਖਿਆ ਸੀ ਕਿ ਗੁਰੂ ਜੀ ਨੂੰ ਸ਼ਿਕਾਰ ਖੇਡਣ ਦਾ ਬਹੁਤ ਸ਼ੌਂਕ ਹੈ। ਇੱਕ ਦਿਨ ਉਸ ਨੇ ਗੁਰੂ ਜੀ ਨੂੰ ਸ਼ਿਕਾਰ ਖੇਡਣ ਲਈ ਜਾਣ ਲਈ ਬੇਨਤੀ ਕੀਤੀ। ਜਦੋਂ ਜੰਗਲ ਵਿੱਚ ਗਏ ਤਾਂ ਇੱਕ ਸ਼ੇਰ ਆ ਨਿਕਲਿਆ ਤੇ ਬਾਦਸ਼ਾਹ ਵੱਲ ਝਪਟਿਆ ਹਾਥੀ ਤੇ ਘੋੜੇ ਡਰ ਗਏ ਤੇ ਸੈਨਿਕ ਵੀ ਚੀਕਾਂ ਮਾਰਨ ਲੱਗ ਪਏ। ਗੋਲੀਆਂ ਅਤੇ ਤੀਰ ਸ਼ੇਰ ਵੱਲ ਛੱਡੇ ਗਏ ਪਰ ਉਹ ਸਭ ਸ਼ੇਰ ਦੇ ਆਸੇ ਪਾਸੇ ਲੰਘ ਗਏ। ਡਰਦੇ ਮਾਰੇ ਸਾਹ ਸੱਤ ਹੀਣ ਹੋਇ ਬਾਦਸ਼ਾਹ ਨੇ ਗੁਰੂ ਜੀ ਨੂੰ ਸਹਾਇਤਾ ਲਈ ਪੁਕਾਰਿਆ। ਗੁਰੂ ਜੀ ਘੋੜੇ ਤੋਂ ਉਤਰੇ ਢਾਲ ਤੇ ਤਲਵਾਰ ਲੈ ਕੇ ਸ਼ੇਰ ਤੇ ਸਮਰਾਟ ਦੇ ਵਿਚਕਾਰ ਫੁਰਤੀ ਨਾਲ ਆ ਗਏ। ਗੁਰੂ ਜੀ ਨੇ ਤਲਵਾਰ ਨਾਲ ਐਸਾ ਵਾਰ ਕੀਤਾ ਕਿ ਸ਼ੇਰ ਬੇਜਾਨ ਹੋ ਕੇ ਧਰਤੀ ਤੇ ਡਿੱਗ ਪਿਆ। ਇਸ ਤਰ੍ਹਾਂ ਗੁਰੂ ਜੀ ਨੇ ਸ਼ੇਰ ਦੇ ਮੂੰਹ ਤੋਂ ਬਾਦਸ਼ਾਹ ਜਹਾਂਗੀਰ ਨੂੰ ਬਚਾ ਲਿਆ। ਹੁਣ ਬਾਦਸ਼ਾਹ ਆਗਰਾ ਜਾਣ ਲਈ ਤਿਆਰ ਸੀ ਤੇ ਉਸਦੇ ਵਾਰ-ਵਾਰ ਕਹਿਣ ਤੇ ਗੁਰੂ ਜੀ ਨੇ ਵੀ ਆਗਰੇ ਜਾਣ ਨੂੰ ਹੀ ਹਾਂ ਕਰ ਦਿੱਤੀ।
ਗਵਾਲੀਅਰ ਕਿਲ੍ਹੇ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਕੈਦ
ਇਤਿਹਾਸਕਾਰਾਂ ਅਨੁਸਾਰ ਹੁਣ ਚੰਦੂ ਨੂੰ ਮੌਕਾ ਮਿਲ ਗਿਆ ਤੇ ਉਸ ਨੇ ਗੁਰੂ ਜੀ ਅਤੇ ਜਹਾਂਗੀਰ ਦੇ ਵਿਚਕਾਰ ਦੂਰੀ ਪੈਦਾ ਕਰ ਦਿੱਤੀ ਤੇ ਆਪਣੀ ਸੂਝ ਸਿਆਣਪ ਨਾਲ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਰਹਿਣ ਲਈ ਭੇਜ ਦਿੱਤਾ। ਇਤਿਹਾਸਕਾਰ ਲਿਖਦੇ ਹਨ ਕਿ ਚੰਦੂ ਨੇ ਇਹ ਸਭ ਕੁਝ ਕਰਨ ਪਿੱਛੇ ਇੱਕ ਜੋਤਸ਼ੀ ਦਾ ਸਹਾਰਾ ਲਿਆ ਸੀ। ਜੋਤਸ਼ੀ ਦੇ ਕਹਿਣ ਤੇ ਬਾਦਸ਼ਾਹ ਜਹਾਂਗੀਰ ਨੇ ਗੁਰੂ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਜਾਣ ਲਈ ਕਿਹਾ ਤਾਂ ਗੁਰੂ ਜੀ ਨੇ ਬਾਦਸ਼ਾਹ ਦੀ ਗੱਲ ਸਵੀਕਾਰ ਕਰ ਲਈ। ਹੁਣ ਗੁਰੂ ਜੀ ਕਿਲੇ ਵਿੱਚ ਜਾਣ ਲਈ ਤਿਆਰ ਸਨ।
ਕੈਦੀ ਰਾਜਿਆਂ ਦੀ ਸੇਵਾ ਅਤੇ ਸਹਾਇਤਾ
ਜਦੋਂ ਕਿਲੇ ਵਿੱਚ ਪਤਾ ਲੱਗਾ ਕਿ ਗੁਰੂ ਜੀ ਆ ਰਹੇ ਹਨ ਤਾਂ ਉੱਥੇ ਖੁਸ਼ੀ ਦੀ ਲਹਿਰ ਦੌੜ ਗਈ। ਉੱਥੇ ਬਹੁਤ ਸਾਰੇ ਰਾਜੇ ਕੈਦ ਸਨ ਜਿਨਾਂ ਦੇ ਤਖਤ ਤਾਜ ਤੇ ਰਾਜ ਜਹਾਂਗੀਰ ਨੇ ਖੋ ਲਏ ਸਨ ਤੇ ਹੁਣ ਉਹ ਦੁਰਬਲ ਸਨ ਤੇ ਉਹਨਾਂ ਨੂੰ ਬੰਦੀ ਬਣਾ ਕੇ ਗਵਾਲੀਅਰ ਦੇ ਕਿਲੇ ਵਿੱਚ ਮੈਲੇ ਕੁਚੈਲੇ ਵਸਤਰ ਪਹਿਨਾ ਕੇ ਗੰਦਗੀ ਭਰੇ ਮਾਹੌਲ ਵਿੱਚ ਰੱਖਿਆ ਹੋਇਆ ਸੀ। ਕਿਲੇ ਦਾ ਗਵਰਨਰ ਹਰੀ ਦਾਸ ਸੀ ਉਹ ਵੀ ਗੁਰੂ ਜੀ ਦੇ ਦਰਸ਼ਨ ਕਰਨ ਲਈ ਅਭਿਲਾਸ਼ੀ ਸੀ। ਜਦੋਂ ਉਹ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ ਤਾਂ ਗੁਰੂ ਜੀ ਨੇ ਸਭ ਕੈਦੀ ਰਾਜਿਆਂ ਲਈ ਸਾਫ ਪੋਸ਼ਾਕਾਂ ਤੇ ਵਧੀਆ ਭੋਜਨ ਦਾ ਪ੍ਰਬੰਧ ਕਰਵਾਇਆ। ਉਹਨਾਂ ਨੇ ਪਹਿਲਾਂ ਨਰਕ ਬਣੇ ਕੈਦਖ਼ਾਨੇ ਨੂੰ ਇੱਕ ਸਵਰਗ ਬਣਾਉਣ ਦਾ ਯਤਨ ਕੀਤਾ।
ਚੰਦੂ ਨੇ ਹਰੀਦਾਸ ਨੂੰ ਵੀ ਕਈ ਪੱਤਰ ਲਿਖੇ ਤੇ ਕਈ ਜਿਹੀਆਂ ਵਸਤੂਆਂ ਭੇਜੀਆਂ ਜਿਸ ਨਾਲ ਉਹ ਗੁਰੂ ਜੀ ਨੂੰ ਖਤਮ ਕਰਨਾ ਚਾਹੁੰਦਾ ਸੀ ਪਰ ਹਰੀਦਾਸ ਨੇ ਗੁਰੂ ਦਾ ਸਿੱਖ ਹੋਣ ਕਾਰਨ ਉਹ ਸਭ ਵਸਤੂਆਂ ਗੁਰੂ ਜੀ ਦੇ ਸਾਹਮਣੇ ਹਾਜ਼ਰ ਕੀਤੀਆਂ। ਕਾਫੀ ਸਮਾਂ ਬੀਤ ਗਿਆ ਗੁਰੂ ਜੀ ਵਾਪਸ ਨਾ ਮੁੜੇ ਤਾਂ ਉਹਨਾਂ ਦੀ ਮਾਤਾ ਗੰਗਾ ਜੀ ਇਹ ਜਾਣ ਕੇ ਬੜੇ ਚਿੰਤਤ ਹੋ । ਗਏ ਭਾਈ ਬੁੱਢਾ ਜੀ ਨੂੰ ਪਤਾ ਲੈਣ ਲਈ ਭੇਜਿਆ ਗਿਆ। ਭਾਈ ਬੁੱਢਾ ਜੀ ਨੇ ਗੁਰੂ ਜੀ ਦੀ ਕੋਠੜੀ ਵਿੱਚ ਵੜਦਿਆਂ ਹੀ ਕਿਹਾ ਸ਼ੇਰ ਨੂੰ ਮਾਰ ਕੇ ਬਾਦਸ਼ਾਹ ਦੀ ਜਾਨ ਬਚਾਉਣ ਦਾ ਇਹ ਚੰਗਾ ਸਿਲਾ ਹੈ। ਆਪ ਦੀ ਮਾਤਾ ਤੇ ਸਿੱਖਾਂ ਦੀ ਨਿਗਾਹ ਆਪ ਤੇ ਲੱਗੀ ਹੋਈ ਹੈ। ਰਾਤ ਦਿਨ ਸਮੂਹ ਸਿੱਖ ਆਪ ਦੀ ਉਡੀਕ ਕਰ ਰਹੇ ਹਨ। ਸਿੱਖ ਜੋ ਆਪ ਦੇ ਦਰਸ਼ਨਾਂ ਲਈ ਲੰਮੇ ਪੈਂਡੇ ਮਾਰ ਕੇ ਤੇ ਔਕੜਾਂ ਝੱਲ ਕੇ ਆਉਂਦੇ ਹਨ ਦੁਖੀ ਹੋ ਕੇ ਨਿਰਾਸ਼ ਮੁੜ ਜਾਂਦੇ ਹਨ। ਗੁਰੂ ਜੀ ਨੇ ਆਪਣੀ ਮਾਤਾ ਤੇ ਸਿੱਖਾਂ ਨੂੰ ਧੀਰਜ ਧਰਾਉਂਦਾ ਪੱਤਰ ਲਿਖ ਕੇ ਕਿਹਾ ਕਿ ਉਹ ਛੇਤੀ ਹੀ ਉਹਨਾਂ ਕੋਲ ਵਾਪਸ ਆ ਜਾਣਗੇ।
ਗੁਰੂ ਸਾਹਿਬ ਜੀ ਦੀ ਰਿਹਾਈ ਲਈ ਯਤਨ
ਭਾਈ ਜੇਠਾ ਦਿੱਲੀ ਗੁਰੂ ਜੀ ਦੀ ਰਿਹਾਈ ਦੇ ਮਨੋਰਥ ਨਾਲ ਗਿਆ ਸੀ ਉਹ ਬਾਦਸ਼ਾਹ ਨੂੰ ਸ਼ਾਂਤੀ ਤੇ ਧੀਰਜ ਦੇਣ ਵਿੱਚ ਸਫਲ ਹੋ ਗਿਆ, ਜਿਸ ਨੂੰ ਭੈਭੀਤ ਕਰਨ ਵਾਲੇ ਸੁਪਨੇ ਆਉਂਦੇ ਸਨ। ਗੁਰੂ ਜੀ ਨੇ ਵਿਚਾਰ ਪ੍ਰਗਟਾਇਆ ਕਿ ਜੇਠਾ ਆਪਣੇ ਕਾਰਨਾਮੇ ਤੇ ਅਭਿਮਾਨੀ ਹੋ ਗਿਆ ਹੈ ਉਸਦਾ ਹੰਕਾਰ ਤੋੜਨ ਲਈ ਉਹਨਾਂ ਨੇ ਜੇਠਾ ਨੂੰ ਘੜਾ ਦੇ ਕੇ ਜਮਨਾ ਚੋਂ ਪਾਣੀ ਲਿਆਉਣ ਲਈ ਭੇਜਿਆ। ਜਦੋਂ ਜੇਠਾ ਘੜਾ ਪਾਣੀ ਨਾਲ ਭਰ ਕੇ ਲੈ ਆਇਆ ਤਾਂ ਗੁਰੂ ਨੇ ਹੁਕਮ ਕੀਤਾ ਕਿ ਉਹ ਮੋੜ ਕੇ ਲੈ ਜਾਵੇ ਤੇ ਜਿੱਥੋਂ ਲਿਆਂਦਾ ਸੀ ਉੱਥੇ ਹੀ ਪਲਟਾ ਆਵੇ। ਜੇਠਾ ਨੇ ਆਗਿਆ ਦਾ ਪਾਲਣ ਕੀਤਾ। ਗੁਰੂ ਜੀ ਨੇ ਫਿਰ ਕਿਹਾ ਜਦੋਂ ਤੂੰ ਦਰਿਆ ਚੋਂ ਘੜਾ ਭਰਿਆ ਸੀ ਕੀ ਦਰਿਆ ਚੋਂ ਪਾਣੀ ਘਟ ਗਿਆ ਸੀ ਤੇ ਜਦੋਂ ਤੂੰ ਪਾਣੀ ਦਰਿਆ ਚ ਮੁੜ ਡੋਲ ਦਿੱਤਾ ਤਾਂ ਕਿ ਦਰਿਆ ਚ ਪਾਣੀ ਜਿਆਦਾ ਜਾਪਦਾ ਸੀ। ਜੇਠਾ ਨੇ ਉੱਤਰ ਦਿੱਤਾ ਨਹੀਂ ਇੱਕ ਘੜਾ ਦਰਿਆ ਦੇ ਮੁਕਾਬਲੇ ਕੀ ਹੈ। ਫਿਰ ਗੁਰੂ ਜੀ ਨੇ ਕਿਹਾ ਗੁਰੂ ਸਾਗਰ ਵਾਂਗ ਹੈ ਤੇ ਤੂੰ ਘੜੇ ਵਾਂਗ ਫਿਰ ਤੂੰ ਬਾਦਸ਼ਾਹ ਦੇ ਸਬੰਧ ਵਿੱਚ ਕਰਾਮਾਤੀ ਸ਼ਕਤੀ ਦਾ ਵਿਖਾਵਾ ਕਿਉਂ ਕੀਤਾ। ਮੈਨੂੰ ਅਜਿਹੀ ਚਤੁਰਾਈ ਨਹੀਂ ਪਾਉਂਦੀ।
ਭਾਈ ਜੇਠੇ ਨੇ ਵਿਸ਼ਾ ਬਦਲਦੇ ਕਿਹਾ ਸੱਚੇ ਪਾਤਸ਼ਾਹ ਆਪ ਜੀ ਦੇ ਸਾਰੇ ਸਿੱਖ ਦੁਖੀ ਹਨ ਤੇ ਮਾਤਾ ਜੀ ਵੀ ਬਹੁਤ ਚਿੰਤਤ ਹਨ ਮੈਂ ਤਾਂ ਆਪ ਜੀ ਦੀ ਹੀ ਮਦਦ ਕਰ ਰਿਹਾ ਸੀ। ਆਪ ਜੀ ਨੇ ਹੀ ਕਿਹਾ ਸੀ ਕਿ ਦੂਸਰਿਆਂ ਦਾ ਭਲਾ ਕਰੋ। ਹੁਣ ਵਜ਼ੀਰ ਖਾਨ ਵੱਲੋਂ ਗੁਰੂ ਜੀ ਦੇ ਪੱਖ ਵਿੱਚ ਬਾਦਸ਼ਾਹ ਨੇ ਵਿਚਾਰ ਸੁਣੇ ਜਿਸ ਵਿੱਚ ਉਸਨੇ ਗੁਰੂ ਜੀ ਦੀ ਨੇਕੀ ਤੇ ਪਵਿੱਤਰਤਾ ਦਾ ਵਰਣਨ ਕੀਤਾ ਸੀ। ਹੁਣ ਬਾਦਸ਼ਾਹ ਨੇ ਗੁਰੂ ਜੀ ਨੂੰ ਉਸ ਕੋਲ ਲਿਆਉਣ ਲਈ ਕਿਹਾ। ਇਹ ਸੁਣ ਕੇ ਕੈਦੀ ਰਾਜੇ ਬੜੇ ਪਰੇਸ਼ਾਨ ਹੋਏ। ਉਹਨਾਂ ਨੂੰ ਡਰ ਸੀ ਕਿ ਗੁਰੂ ਜੀ ਹੁਣ ਚਲੇ ਜਾਣਗੇ ਤੇ ਉਹ ਇੱਥੇ ਹੀ ਕਿਲ੍ਹੇ ਵਿੱਚ ਰਹਿ ਜਾਣਗੇ। ਉਹਨਾਂ ਨੇ ਨਰਾਜ਼ਗੀ ਪ੍ਰਗਟਾਈ ਤਾਂ ਗੁਰੂ ਜੀ ਨੇ ਉਨਾਂ ਨੂੰ ਧਰਵਾਸ ਦਿੱਤਾ ਤੇ ਬਚਨ ਦਿੱਤਾ ਕਿ ਉਹ ਉਹਨਾਂ ਨੂੰ ਮੁਕਤੀ ਦਿਵਾਉਣ ਤੋਂ ਬਿਨਾਂ ਨਹੀਂ ਜਾਣਗੇ। ਵਜ਼ੀਰ ਖ਼ਾਂ ਵਾਪਸ ਦਿੱਲੀ ਬਾਦਸ਼ਾਹ ਕੋਲ ਪੁੱਜਿਆ ਤਾਂ ਉਸ ਨੇ ਗੁਰੂ ਜੀ ਦੀ ਇੱਛਾ ਪ੍ਰਗਟਾਈ ਕਿ ਗੁਰੂ ਜੀ ਚਾਹੁੰਦੇ ਹਨ ਤੇ ਸਾਰੇ ਰਾਜਿਆਂ ਨੂੰ ਰਿਹਾ ਕੀਤਾ ਜਾਵੇ। ਜਹਾਂਗੀਰ ਨੇ ਉੱਤਰ ਵਿੱਚ ਕਿਹਾ ਕਿ ਗਵਾਲੀਅਰ ਦੇ ਕਿਲ੍ਹੇ ਵਿੱਚ ਰਾਜੇ ਲੱਖਾਂ ਰੁਪਏ ਮਾਮਲਾ ਨਾ ਦੇਣ ਕਰਕੇ ਜ਼ਮਾਨਤ ਵਜੋਂ ਬੰਦੀ ਬਣਾਏ ਗਏ ਹਨ। ਜੇ ਮੈਂ ਉਹਨਾਂ ਨੂੰ ਛੱਡ ਦੇਵਾਂ ਤਾਂ ਉਹ ਮੇਰੇ ਸਾਮਰਾਜ ਲਈ ਖ਼ਤਰਾ ਹੋ ਸਕਦੇ ਹਨ ਤੇ ਵਿਦਰੋਹ ਕਰ ਸਕਦੇ ਹਨ। ਹੁਣ ਬਾਦਸ਼ਾਹ ਨੇ ਗੁਰੂ ਜੀ ਦੀ ਗੱਲ ਮੰਨ ਲਈ ਤੇ ਕਿਹਾ ਕਿ ਜੋ ਵੀ ਰਾਜੇ ਗੁਰੂ ਜੀ ਦੇ ਤਨ ਜਾਂ ਕੱਪੜਿਆਂ ਨੂੰ ਫੜ ਕੇ ਨਾਲ ਬਾਹਰ ਆ ਜਾਣ ਤਾਂ ਉਹਨਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ।

ਬੰਦੀ ਛੋੜ ਦਿਵਸ 2026: 52 ਰਾਜਿਆਂ ਦੀ ਰਿਹਾਈ
52 ਕਲੀਆਂ ਵਾਲੇ ਚੋਲੇ ਰਾਹੀਂ ਰਾਜਿਆਂ ਦੀ ਮੁਕਤੀ
ਗੁਰੂ ਜੀ ਨੇ ਵਜ਼ੀਰ ਖਾਂ ਨੂੰ ਕਹਿ ਕੇ ਤੇ ਹਰੀਦਾਸ ਕੋਲੋਂ 52 ਕਲੀਆਂ ਵਾਲੀ ਪੋਸ਼ਾਕ ਤਿਆਰ ਕਰਵਾਈ ਤੇ ਉਹਨਾਂ 52 ਕੈਦੀ ਰਾਜਿਆਂ ਨੂੰ ਪੋਸ਼ਾਕ ਦੀਆਂ ਕਲੀਆਂ ਪਕੜਾ ਕੇ ਉਹਨਾਂ ਨੂੰ ਕਿਲੇ ਤੋਂ ਬਹਾਰ ਰਿਹਾਅ ਕਰਵਾ ਦਿੱਤਾ ਗਿਆ। Bandi Chhor Divas ਦੇ ਇਤਿਹਾਸ ਨਾਲ ਜੁੜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਹ ਬਹਾਦਰੀ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਰੱਖਦੀ ਹੈ।
ਰਾਜਿਆਂ ਨੇ ਗੁਰੂ ਜੀ ਨੂੰ ਸੰਬੋਧਿਤ ਹੁੰਦਿਆਂ ਕਿਹਾ ਸੱਚੇ ਪਾਤਸ਼ਾਹ ਆਪ ਨੇ ਸਾਡੀਆਂ ਦੁਨਿਆਵੀ ਬੇੜੀਆਂ ਤੇ ਕੱਟ ਦਿੱਤੀਆਂ ਹਨ, ਸਾਡੀ ਬੇਨਤੀ ਹੈ ਕਿ ਆਤਮਿਕ ਬੇੜੀਆਂ ਵੀ ਕੱਟ ਦਿਓ। ਉਹਨਾਂ ਰਾਜਿਆਂ ਨੇ ਗੁਰੂ ਜੀ ਦੇ ਚੋਲੇ ਦੀਆਂ ਤਨਾਵਾਂ ਪਕੜ ਲਈਆਂ ਸਨ ਤੇ ਤਦ ਤੱਕ ਨਾ ਛੱਡੀਆਂ ਜਦੋਂ ਤੱਕ ਗੁਰੂ ਜੀ ਨੇ ਉਹਨਾਂ ਨੂੰ ਮੁਕਤੀ ਦਾ ਵਚਨ ਨਾ ਦਿੱਤਾ। ਗੁਰੂ ਜੀ ਨੇ ਇੰਜ ਕਰਨ ਤੇ ਉਹਨਾਂ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਸਮੂਹਕ ਤੌਰ ਤੇ ਗਾਇਆ
ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ ॥੧॥
ਬੰਦੀ ਛੋੜ ਬਾਬਾ ਵਜੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ
ਇਸ ਬਿਰਤਾਂਤ ਕਾਰਨ ਗੁਰੂ ਜੀ ਨੂੰ ਅਜੇ ਤੱਕ ਵੀ ਗਵਾਲੀਅਰ ਵਿੱਚ ਬੰਦੀ ਛੋੜ ਬਾਬਾ ਕਰਕੇ ਜਾਣਿਆ ਜਾਂਦਾ ਹੈ। ਅੱਜ ਵੀ ਉਸ ਪਵਿੱਤਰ ਪੁਰਖ ਦੀ ਯਾਦ ਵਿੱਚ ਜਿਸਨੇ ਕੈਦੀਆਂ ਨੂੰ ਮੁਕਤੀ ਦਲਾਈ ਯਾਤਰੀਆਂ ਨੂੰ ਗਵਾਲੀਅਰ ਵਿੱਚ ਉਹ ਬੰਦੀ ਛੋੜ ਨਾਮ ਦੀ ਯਾਦਗਾਰ ਦਿਖਾਈ ਜਾਂਦੀ ਹੈ ਜਿੱਥੇ ਗੁਰੂ ਜੀ ਗਵਾਲੀਅਰ ਵਿੱਚ ਬੈਠ ਕੇ ਭਗਤੀ ਕਰਿਆ ਕਰਦੇ ਸਨ।



Leave a Comment