Bhagat Kabir Ji and Sheikh Farid Jis Bani

ਭਗਤ ਕਬੀਰ ਜੀ ਅਤੇ ਸ਼ੇਖ ਫ਼ਰੀਦ ਜੀ ਦੀ ਬਾਣੀ: ਸੱਚ, ਸਮਾਨਤਾ ਅਤੇ ਨਾਮ ਦਾ ਸੰਦੇਸ਼

ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਾਨਵਤਾ ਦੇ ਸ਼ਬਦ ਗੁਰੂ ਹਨ। ਬ੍ਰਹਿਮੰਡ ਦੇ ਕਲਿਆਣ ਲਈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂਆਂ, ਭਗਤਾਂ ਅਤੇ ਗੁਰੂ ਘਰ ਦੇ ਨਿਕਟਵਰਤੀ ਸਿੱਖ ਸ਼ਰਧਾਲੂਆਂ ਦੇ ਇਲਾਹੀ ਬੋਲ ਲਿਖਾਰੀ ਭਾਈ ਗੁਰਦਾਸ ਜੀ ਦੇ ਸਹਿਯੋਗ ਨਾਲ ਆਦਿ ਗ੍ਰੰਥ ਸਾਹਿਬ ਵਿੱਚ ਸੰਗ੍ਰਹਿਤ ਕੀਤੇ । ਗੁਰਮਤਿ ਫ਼ਲਸਫ਼ੇ ’ਤੇ ਪੂਰੀ ਉਤਰਦੀ ਧਰਮ, ਜਾਤ, ਸਥਾਨ, ਭਾਸ਼ਾ, ਗਰੀਬੀ, ਅਮੀਰੀ ਆਦਿ ਸੰਕੀਰਨ ਸੀਮਾਵਾਂ ਤੋਂ ਮੁਕਤ ਭਗਤਾਂ ਦੀ ਬਾਣੀ ਨੂੰ ਆਦਿ ਗ੍ਰੰਥ ਵਿੱਚ ਸ਼ਾਮਿਲ ਕੀਤਾ ਗਿਆ। ਭਗਤ ਬਾਣੀ ਨੇ ਜਨਮ ਤੋਂ ਦੁਰਕਾਰੀ ਲੁਕਾਈ ਨੂੰ ਬਰਾਬਰਤਾ ਦਾ ਅਹਿਸਾਸ ਕਰਵਾਇਆ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਸਵੈ ਮਾਣ ਦੀ ਭਾਵਨਾ ਜਗਾਈ ਅਤੇ ਸਮਕਾਲੀ ਸਮਾਜ ਵਿੱਚ ਜਾਤ ਅਤੇ ਧਰਮ ਅਧਾਰਿਤ ਹੁੰਦੇ ਅਣਮਨੁੱਖੀ ਵਤੀਰੇ ਵਿਰੁੱਧ ਵਿਚਾਰਧਾਰਕ ਕ੍ਰਾਂਤੀ ਨੂੰ ਪ੍ਰਚੰਡ ਕੀਤਾ। 15 ਭਗਤਾਂ ਨੇ ਹਿੰਦੂ ਅਤੇ ਇਸਲਾਮ ਧਰਮ ਵਿੱਚ ਪੈਦਾ ਹੋਈਆਂ ਕੁਰੀਤੀਆਂ ਵਿਰੁੱਧ ਲੁਕਾਈ ਨੂੰ ਜਾਗ੍ਰਿਤ ਕਰਕੇ ਵਿਚਾਰਧਾਰਕ ਸੰਵਾਦ ਦੀ ਸ਼ੁਰੂਆਤ ਕੀਤੀ। ਭਗਤ ਬਾਣੀ ਨੇ ਤਤਕਾਲੀ ਸਮਾਜ ਵਿੱਚ ਆਈਆਂ ਗਿਰਾਵਟਾਂ ਨੂੰ ਦੂਰ ਕਰਨ ਲਈ ਵਿਚਾਰਧਾਰਕ ਪੱਧਰ ਉੱਤੇ ਸਮਾਜਿਕ ਆਰਥਿਕ ਰਾਜਨੀਤਿਕ ਅਤੇ ਸਭਿਆਚਾਰਿਕ ਧਰਾਤਲਾਂ ਉੱਪਰ ਵੱਡੀ ਤਬਦੀਲੀ ਲਿਆਉਂਦੀ। ਮਨੁੱਖ ਨੂੰ ਪਸ਼ੂ ਬਿਰਤੀਆਂ ਤਿਆਗਣ ਅਤੇ ਸਦਾਚਾਰਕ ਕੀਮਤਾਂ ਉੱਤੇ ਅਧਾਰਤ ਆਦਰਸ਼ਕ ਸਮਾਜ ਸਿਰਜਣ ਦਾ ਸੰਦੇਸ਼ ਦੇ ਕੇ ਭਾਰਤੀ ਸਮਾਜ ਨੂੰ ਇੱਕ ਨਿਵੇਕਲੀ ਪਛਾਣ ਪ੍ਰਦਾਨ ਕੀਤੀ। ਸਦੀਆਂ ਤੋਂ ਤ੍ਰਿਸਕਾਰ ਦੇ ਪਾਤਰ ਲੋਕਾਂ ਵਿੱਚ ਮਾਨਵ ਹੋਣ ਦਾ ਅਹਿਸਾਸ ਪੈਦਾ ਕਰਕੇ ਇੱਕ ਅਜਿਹੇ ਕਲਿਆਣਕਾਰੀ ਸਮਾਜ ਦੀ ਸਿਰਜਣਾ ਕੀਤੀ ਜਿਥੇ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ।

ਗੁਰੂ ਸਾਹਿਬਾਨਾਂ ਵਿੱਚੋਂ ਛੇ ਗੁਰੂ, ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਸ਼ੇਸ਼ ਦਰਜਾ ਦਿੱਤਾ ਗਿਆ। ਗੁਰੂ ਸਾਹਿਬਾਨਾਂ ਤੋਂ ਬਿਨਾਂ 15 ਭਗਤ, ਜਿਨਾਂ ਵਿੱਚ ਭਗਤ ਜੈਦੇਵ, ਬਾਬਾ ਸ਼ੇਖ ਫਰੀਦ, ਭਗਤ ਸਧਨਾ, ਭਗਤ ਤ੍ਰਿਲੋਚਨ, ਭਗਤ ਨਾਮਦੇਵ, ਭਗਤ ਸੈਣ, ਭਗਤ ਰਾਮਾਨੰਦ, ਭਗਤ ਰਵਿਦਾਸ, ਭਗਤ ਕਬੀਰ, ਭਗਤ ਬੇਣੀ, ਭਗਤ ਧੰਨਾ, ਭਗਤ ਪੀਪਾ, ਭਗਤ ਸੂਰਦਾਸ, ਭਗਤ ਭੀਖਣ ਅਤੇ ਭਗਤ ਪਰਮਾਨੰਦ ਦੀ ਬਾਣੀ ਵੀ ਦਰਜ ਹੈ। ਇਹਨਾਂ ਤੋਂ ਇਲਾਵਾ 11 ਭੱਟ ਜਿਨਾਂ ਵਿੱਚ ਕਲ੍ਹ, ਨਲ੍ਹ, ਗਯੰਦ, ਭਿਖਾ, ਸਲ੍ਹ, ਕੀਰਤ, ਭਲ੍ਹ, ਮਥੁਰਾ, ਬਲ੍ਹ, ਜਾਲਪ, ਹਰਿਬੰਸ ਦੀ ਬਾਣੀ ਦਰਜ ਹੈ। ਗੁਰੂਆਂ ਭਗਤਾਂ ਤੇ ਭੱਟਾਂ ਤੋਂ ਬਿਨਾਂ ਗੁਰੂ ਘਰ ਦੇ ਚਾਰ ਨਜ਼ਦੀਕੀ ਸਿੱਖ, ਜਿਨਾਂ ਨੂੰ ਸਿੱਖ ਸਮਾਜ ਦੇ ਵਿੱਚ ਮਾਨਤਾ ਦਿੱਤੀ ਗਈ ਹੈ ਜਾਂ ਇਹਨਾਂ ਸਿੱਖਾਂ ਨੂੰ ਸਿੱਖਾਂ ਵਿੱਚ ਉੱਚਾ ਦਰਜ ਪ੍ਰਾਪਤ ਹੈ ਉਹਨਾਂ ਦੇ ਸ਼ਬਦ ਵੀ ਆਦਿ ਗ੍ਰੰਥ ਦੇ ਵਿੱਚ ਸ਼ਾਮਿਲ ਕੀਤੇ ਗਏ ਹਨ। ਜਿਨਾਂ ਵਿੱਚ ਭਾਈ ਮਰਦਾਨਾ, ਰਾਇ ਬਲਵੰਡਿ, ਸਤਾ ਡੂਮ ਤੇ ਬਾਬਾ ਸੁੰਦਰ ਦੇ ਨਾਮ ਸ਼ਾਮਿਲ ਹਨ। ਆਦਿ ਗ੍ਰੰਥ ਦੀ ਰਚਨਾ ਤੋਂ ਪਹਿਲਾਂ ਬਾਬਾ ਫਰੀਦ, ਭਗਤ ਕਬੀਰ ਜੀ ਤੇ ਗੁਰੂ ਰਵਿਦਾਸ ਜੀ ਨੇ ਆਪਣੀ ਰਚਿਤ ਬਾਣੀ ਦੇ ਨਾਲ ਸਮੁੱਚੀ ਲੁਕਾਈ ਨੂੰ ਸਹੀ ਸੇਧ ਵੱਲ ਨੂੰ ਤੋਰਿਆ। ਉਨਾਂ ਨੇ ਸਮਾਜ ਦੇ ਵਿੱਚ ਹੋ ਰਹੇ ਵਿਤਕਰੇ ਅੱਤਿਆਚਾਰ ਊਚ-ਨੀਚ, ਭੇਦ-ਭਾਵ ਜਿਹੇ ਰੋਗਾਂ ਤੋਂ ਸਮੁੱਚੀ ਮਾਨਵਤਾ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਭਗਤ ਰਵਿਦਾਸ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸਨ, ਪਰ ਬਾਬਾ ਫਰੀਦ ਅਤੇ ਭਗਤ ਕਬੀਰ ਜੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੀ ਆਪਣੇ ਲਿਖੇ ਸ਼ਬਦਾਂ ਨਾਲ ਸਮਾਜਿਕ ਸੁਧਾਰ ਲਿਆਉਣ ਦੀ ਜਿੰਮੇਵਾਰੀ ਨਿਭਾ ਚੁੱਕੇ ਸਨ। ਇਤਿਹਾਸਕਾਰ ਮੰਨਦੇ ਹਨ ਕਿ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਭਾਰਤ ਵਿੱਚ ਸੂਫ਼ੀਮਤ ਦਾ ਬੋਲਬਾਲਾ ਰਿਹਾ ਸੀ। ਸੂਫ਼ੀਮਤ ਇਸਲਾਮ ਦੀ ਪੂਰਕ ਵਿਚਾਰਧਾਰਾ ਹੈ। ਸੂਫ਼ੀਮਤ ਦਾ ਜਨਮ ਕੇਂਦਰ ਅਰਬ ਸੀ। ਸਮੇਂ ਦੇ ਬੀਤਣ ਨਾਲ ਸੂਫ਼ੀਮਤ ਦਾ ਪੰਜਾਬ ਵਿੱਚ ਪਹਿਲਾ ਟਿਕਾਣਾ ਲਾਹੌਰ ਬਣਿਆ। ਸੂਫ਼ੀ ਸ਼ਬਦ ਸਫ ਤੋਂ ਬਣਿਆ ਹੈ ਜਿਸ ਦਾ ਭਾਵ ਕਤਾਰ ਹੈ ਭਾਵ ਜੋ ਲੋਕ ਪਹਿਲੀ ਕਤਾਰ ਵਿੱਚ ਖਲੋ ਕੇ ਨਾਮ ਪੜਦੇ ਸਨ, ਉਹਨਾਂ ਨੂੰ ਸੂਫ਼ੀ ਕਿਹਾ ਜਾਂਦਾ ਸੀ। ਸੂਫ਼ੀ ਲੋਕ ਸ਼ਰਾ ਦੇ ਬਹੁਤ ਪਾਬੰਦ ਸਨ ਤੇ ਸੂਫ਼ੀ ਮਤ ਦਾ ਜਨਮ ਹਜਰਤ ਮੁਹੰਮਦ ਸਾਹਿਬ ਤੋਂ ਮੰਨਿਆ ਜਾਂਦਾ ਹੈ। ਰੱਬ ਦੀ ਰਜ਼ਾ ਵਿੱਚ ਰਹਿਣਾ ਇਹਨਾਂ ਦਾ ਅਹਿਮ ਅਸੂਲ ਸੀ। ਇਹਨਾਂ ਕੱਟੜ ਸੂਫ਼ੀਆਂ ਵਿੱਚ ਬਾਬਾ ਫਰੀਦ, ਦਾਦਾ ਗੰਜਬਖਸ਼ ਅਤੇ ਬੂ ਅਲੀ ਕਲੰਦਰ ਦੇ ਨਾਮ ਵਰਣਨ ਯੋਗ ਹਨ। ਸੂਫ਼ੀ ਮਤ ਵਿੱਚ ਮੁਰਸ਼ਦ ਨੂੰ ਸਭ ਤੋਂ ਉੱਚਾ ਸਥਾਨ ਦਿੱਤਾ ਗਿਆ ਸੀ। ਇਹਨਾਂ ਦੀਆਂ 4 ਪ੍ਰਸਿੱਧ ਸੰਪਰਦਾਵਾਂ ਚਿਸ਼ਤੀ, ਸੁਹਾਰਵਰਦੀ, ਕਾਦਰੀ ਅਤੇ ਨਕਸ਼ਬੰਦੀ ਸੀ। ਚਿਸ਼ਤੀ ਦਾ ਕੇਂਦਰ ਦਿੱਲੀ, ਸੁਹਾਰਵਰਦੀ ਦਾ ਕੇਂਦਰ ਮੁਲਤਾਨ, ਨਕਸ਼ਬੰਦੀ ਦਾ ਕੇਂਦਰ ਸਰਹੰਦ। ਆਦਿ ਗ੍ਰੰਥ ਦੇ ਵਿੱਚ ਬਾਬਾ ਫਰੀਦ ਦੀ ਬਾਣੀ ਵੀ ਇਸੇ ਕਰਕੇ ਦਰਜ ਹੈ ਕਿ ਉਹਨਾਂ ਨੇ ਸਮਾਜ ਨੂੰ ਤੇ ਸਮੁੱਚੀ ਲੁਕਾਈ ਨੂੰ ਸੁਧਾਰਨ ਦੀ ਪਹਿਲ ਕੀਤੀ। ਬਾਬਾ ਫਰੀਦ ਨੂੰ ਹੀ ਪੰਜਾਬੀ ਦਾ ਸਭ ਤੋਂ ਪਹਿਲਾ ਸੂਫ਼ੀ ਕਵੀ ਕਿਹਾ ਗਿਆ ਹੈ। ਬਾਬਾ ਫਰੀਦ ਦਾ ਜਨਮ 1173 ਈਸਵੀ ਦਾ ਮੰਨਿਆ ਗਿਆ ਹੈ ਅਤੇ ਉਹਨਾਂ ਦੀ ਪਰਲੋਕ ਸੁਧਾਰਨ ਦਾ ਸਮਾਂ 1266 ਈਸਵੀ ਮੰਨਿਆ ਗਿਆ ਹੈ। ਬਾਬਾ ਫਰੀਦ ਨੂੰ ਚਿਸ਼ਤੀ ਸੰਪਰਦਾ ਦੇ ਦਸਵੇਂ ਉੱਤਰਅਧਿਕਾਰੀ ਵਜੋਂ ਐਲਾਨਿਆ ਗਿਆ। ਉਹਨਾਂ ਦਾ ਜਨਮ ਜ਼ਿਲ੍ਹਾ ਮੁਲਤਾਨ ਦੇ ਪਿੰਡ ਖੋਤਵਾਲ ਵਿੱਚ ਪਿਤਾ ਜਮਾਲੂਦੀਨ ਸੁਲੇਮਾਨ ਤੇ ਬੀਬੀ ਕਰਸੂਮ ਦੇ ਘਰ ਹੋਇਆ। ਉਹਨਾਂ ਦੇ ਮੁਰਸ਼ਦ ਖਵਾਜਾ ਬਖਤਿਆਰ ਕਾਕੀ ਸਨ ਤੇ ਉਹਨਾਂ ਦੇ ਉੱਤਰ ਅਧਿਕਾਰੀ ਨਿਜ਼ਾਮੁਦੀਨ ਔਲੀਯ ਬਣੇ। ਬਾਬਾ ਫਰੀਦ ਦੀ ਮਜ਼ਾਰ ਪਾਕਪਟਨ ਵਿਖੇ ਸਥਿਤ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਬਾ ਫਰੀਦ ਜੀ ਦੇ ਨਾਮ ਹੇਠ 130 ਸਲੋਕ ਹਨ, ਜਿਨਾਂ ਵਿੱਚੋਂ 112 ਫਰੀਦ ਜੀ ਦੇ ਅਤੇ 18 ਗੁਰੂ ਸਾਹਿਬਾਨਾਂ ਦੇ ਹਨ। ਜਿਨਾਂ ਵਿੱਚ ਗੁਰੂ ਨਾਨਕ ਦੇਵ ਜੀ ਦੇ 04, ਗੁਰੂ ਅਮਰਦਾਸ ਜੀ ਦੇ 05, ਗੁਰੂ ਰਾਮਦਾਸ ਜੀ ਦਾ 01 ਤੇ ਗੁਰੂ ਅਰਜਨ ਦੇਵ ਜੀ ਦੇ 08 ਸਲੋਕ ਸ਼ਾਮਿਲ ਹਨ।

ਫਰੀਦ ਜੀ ਦੇ ਚਾਰ ਸ਼ਬਦ ਦੋ ਰਾਗ ਆਸਾ ਤੇ ਦੋ ਰਾਗ ਸੂਹੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ।

shabads of Farid Ji in the Guru Granth Sahib

ਰਾਗ ਆਸਾ ਵਿੱਚ:

ਦਿਲਹੁ ਮੁਹਬਤਿ ਜਿੰਨ੍ ਸੇਈ ਸਚਿਆ ।
ਬੋਲੇ ਸੇਖ ਫਰੀਦੁ ਪਿਆਰੇ ਅਲਹ ਲਗੇ ॥

ਰਾਗ ਸੂਹੀ ਵਿੱਚ:

ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ ।
ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ ॥

ਇਹ ਚਾਰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੇ ਗਏ ਹਨ। ਸ਼ੇਖ ਫਰੀਦ ਜੀ ਦੀਆਂ ਕੁਝ ਕੁ ਮੁੱਖ ਸਤਰਾਂ ਇਸ ਪ੍ਰਕਾਰ ਹਨ

ਉਠ ਫ਼ਰੀਦਾ ਸੁਤਿਆ, ਸੁਬਹ ਨਿਵਾਜ਼ ਗੁਜ਼ਾਰ ।
ਜੋ ਸਿਰ ਸਾਈਂ ਨਾ ਨਿਵੇਂ, ਸੋ ਸਿਰ ਕਪੁ ਉਤਾਰ ॥
ਕੰਧੀ ਉਤੈ ਰੁਖੜਾ, ਕਿਚਰਕੁ ਬੰਨੈ ਧੀਰੁ ।
ਫ਼ਰੀਦਾ ਕਚੈ ਭਾਂਡੈ ਰਖੀਐ, ਕਿਚਰੁ ਤਾਈ ਨੀਰ ॥

ਬਾਬਾ ਫਰੀਦ ਜੀ ਨੇ ਆਪਣੀ ਬਾਣੀ ਦੇ ਨਾਲ ਉਸ ਸਮੇਂ ਦੇ ਸਮਾਜ ਨੂੰ, ਸਮਾਜ ਦੇ ਹਾਲਾਤਾਂ ਨੂੰ ਸਮਝਾਇਆ ਹੈ ਤੇ ਸਮੁੱਚੀ ਮਾਨਵਤਾ ਨੂੰ ਇਹ ਉਪਦੇਸ਼ ਵੀ ਦਿੱਤਾ ਹੈ ਕਿ ਸਮਾਜ ਵਿੱਚ ਸਥਿਰਤਾ, ਸਮਾਨਤਾ ਤੇ ਸੁਤੰਤਰਤਾ ਹੋਣੀ ਬਹੁਤ ਜਰੂਰੀ ਹੈ। ਬਾਬਾ ਫਰੀਦ ਜੀ ਨੇ ਆਪਣੇ ਆਪ ਨੂੰ ਸੰਬੋਧਨ ਕਰਕੇ ਸਮਾਜ ਦੀਆਂ ਕੁਰੀਤੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ।

ਜਿੱਥੇ ਬਾਬਾ ਫਰੀਦ ਜੀ ਨੇ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਜਾਂ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਤੋਂ ਪਹਿਲਾਂ ਸਮਾਜ ਨੂੰ ਇੱਕ ਸਥਿਰ ਸੰਸਥਾ ਬਣਾਉਣ ਦੇ ਵਿੱਚ ਯਤਨ ਕੀਤੇ, ਉੱਥੇ ਹੀ ਭਗਤੀ ਲਹਿਰ ਦੇ ਵਿੱਚੋਂ ਭਗਤ ਕਬੀਰ ਜੀ ਨੇ ਆਪਣਾ ਬਣਦਾ ਯੋਗਦਾਨ ਪਾਇਆ। ਭਗਤੀ ਲਹਿਰ ਦਾ ਆਰੰਭ ਅੱਠਵੀਂ ਸਦੀ ਵਿੱਚ ਦੱਖਣੀ ਭਾਰਤ ਵਿੱਚ ਹੋਇਆ। ਭਗਤੀ ਲਹਿਰ ਸ਼ੈਵ ਤੇ ਵਿਸ਼ਨੂ ਮਤ ਵਿੱਚੋਂ ਉਪਜੀ ਲਹਿਰ ਹੈ। ਭਗਤੀ ਮਾਰਗ ਗਿਆਨ ਅਤੇ ਕਰਮ ਤੋਂ ਉਪਰੰਤ ਪਰਮਾਤਮਾ ਨਾਲ ਭਾਵੁਕ ਇੱਕਸਰਤਾ ਉੱਤੇ ਜੋਰ ਦਿੰਦਾ ਹੈ। ਭਗਤੀ ਲਹਿਰ ਦਾ ਮੋਢੀ ਭਗਤ ਰਾਮਾਨੰਦ ਨੂੰ ਮੰਨਿਆ ਜਾਂਦਾ ਹੈ। ਭਗਤ ਕਾਵਿ ਦੀਆਂ ਦੋ ਪ੍ਰਮੁੱਖ ਧਰਾਵਾਂ ਨਿਰਗੁਣ ਧਾਰਾ ਅਤੇ ਸਰਗੁਣ ਧਾਰਾ ਹੈ। ਭਗਤ ਕਬੀਰ ਜੀ ਦਾ ਜਨਮ 1398 ਈਸਵੀ ਦੇ ਵਿੱਚ ਹੋਇਆ ਅਤੇ 1518 ਈਸਵੀ ਤੱਕ ਭਗਤ ਕਬੀਰ ਜੀ ਨੇ ਸਮਾਜ ਦੇ ਵਿੱਚ ਸਮਾਨਤਾ ਤੇ ਸੁਤੰਤਰਤਾ ਲਿਆਉਣ ਦੇ ਲਈ ਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਦੇ ਲਈ ਆਪਣਾ ਬਣਦਾ ਯੋਗਦਾਨ ਪਾਇਆ। ਭਗਤ ਕਬੀਰ ਜੀ ਰਾਮਾਨੰਦ ਦੇ ਚੇਲੇ ਸਨ ਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਕਬੀਰ ਜੀ ਦਾ ਜਨਮ 1398 ਵਿੱਚ ਬਨਾਰਸ ਦੇ ਨੇੜੇ ਇੱਕ ਬ੍ਰਾਹਮਣ ਵਿਧਵਾ ਦੀ ਕੁੱਖੋਂ ਹੋਇਆ ਮੰਨਿਆ ਜਾਂਦਾ ਹੈ। ਭਗਤ ਕਬੀਰ ਜੀ ਦਾ ਸਬੰਧ ਜੁਲਾਹਾ ਜਾਤ ਨਾਲ ਮੰਨਿਆ ਜਾਂਦਾ ਹੈ। ਉਹਨਾਂ ਦੀ ਪਤਨੀ ਦਾ ਨਾਮ ਲੋਈ ਤੇ ਉਹਨਾਂ ਦਾ ਇੱਕ ਪੁੱਤਰ ਕਮਲ ਤੇ ਪੁੱਤਰੀ ਕਮਲੀ ਵੀ ਸੀ। ਭਗਤ ਕਬੀਰ ਜੀ ਨੇ ‘ਹਿੰਦੂ ਮੁਸਲਮਾਨ ਕਾ ਸਾਹਿਬ ਏਕ’ ਸ਼ਬਦ ਉਚਾਰ ਕੇ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਵਧ ਰਹੇ ਪਾੜੇ ਨੂੰ ਦੂਰ ਕਰਕੇ ਏਕਤਾ ਦੇ ਭਾਵ ਪੈਦਾ ਕੀਤੇ। ਜਿਸ ਕਰਕੇ ਆਪ ਨੂੰ ਅੱਧੇ ਹਿੰਦੂ ਤੇ ਅੱਧੇ ਮੁਸਲਮਾਨ ਦੇ ਤੌਰ ਤੇ ਜਾਣਿਆ ਜਾਂਦਾ ਰਿਹਾ ਹੈ। ਭਗਤ ਕਬੀਰ ਜੀ ਅਵਤਾਰਵਾਦ ਤੇ ਦੇਵੀ ਦੇਵਤਿਆਂ ਦੀ ਉਪਾਸਨਾ ਦੇ ਵਿਰੋਧੀ ਸਨ, ਪਰ ਫਿਰ ਵੀ ਭਗਤ ਕਬੀਰ ਜੀ ਨੇ ਵੇਦਾਂ ਦੀ ਮਹਾਨਤਾ ਨੂੰ ਸਵੀਕਾਰਿਆ ਹੈ ਤੇ ਲਿਖਿਆ ਹੈ:

ਬੇਦ ਕਤੇਬ ਕਹਹੁ ਮਤ ਝੂਠੇ, ਝੂਠਾ ਜੋ ਨ ਬਿਚਾਰੈ ॥

ਭਗਤ ਕਬੀਰ ਜੀ ਹੀ ਪਹਿਲੇ ਅਜਿਹੇ ਕਵੀ ਸਨ ਜਿਨਾਂ ਨੇ ਰਾਜਿਆਂ ਦੀ ਮਹਾਨਤਾ ਤੇ ਸ਼ੱਕ ਪ੍ਰਗਟ ਕੀਤਾ। ਬੀਜਕ ਕਬੀਰ ਗ੍ਰੰਥਾਵਲੀ, ਸਾਖੀ ਕਬੀਰ ਅਤੇ ਅਨੁਰਾਗ ਸਾਗਰ ਆਪ ਜੀ ਦੀਆਂ ਮੁੱਖ ਰਚਨਾਵਾਂ ਹਨ। ਬੀਜਕ ਨੂੰ ਭਗਤ ਕਬੀਰ ਜੀ ਦੀ ਸਭ ਤੋਂ ਪ੍ਰਮਾਣਿਕ ਰਚਨਾ ਸਮਝਿਆ ਜਾਂਦਾ ਹੈ। ਸਾਰੇ ਭਗਤਾਂ ਦੇ ਵਿੱਚੋਂ ਭਗਤ ਕਬੀਰ ਜੀ ਦੀ ਸਭ ਤੋਂ ਜਿਆਦਾ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਕਬੀਰ ਜੀ ਨੇ 17 ਰਾਗਾਂ ਵਿੱਚ 225 ਸ਼ਬਦ ਉਚਾਰੇ ਹਨ। ਇਸ ਤੋਂ ਇਲਾਵਾ ਬਾਵਣ ਅੱਖਰੀ, ਵਾਰ ਸੱਤਵੀਂ ਤੇ ਸਲੋਕ ਭਗਤ ਕਬੀਰ ਜੀਓ ਕੇ ਸਿਰਲੇਖ ਹੇਠ 243 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਭਗਤ ਕਬੀਰ ਜੀ ਦੁਆਰਾ ਵਰਤੇ ਗਏ 17 ਰਾਗਾਂ ਦਾ ਵੇਰਵਾ ਇਸ ਤਰ੍ਹਾਂ ਹੈ:

17 ragas used by Bhagat Kabir Ji

ਰਾਗ ਸਿਰੀ 02 ਸ਼ਬਦ
ਰਾਗ ਗਉੜੀ 74 ਸ਼ਬਦ
ਰਾਗ ਆਸਾ 37 ਸ਼ਬਦ
ਰਾਗ ਗੁਜਰੀ 02 ਸ਼ਬਦ
ਰਾਗ ਸੋਰਠਿ 11 ਸ਼ਬਦ
ਰਾਗ ਧਨਾਸਰੀ 05 ਸ਼ਬਦ
ਰਾਗ ਤਿਲੰਗ 01 ਸ਼ਬਦ
ਰਾਗ ਸੂਹੀ 05 ਸ਼ਬਦ
ਰਾਗ ਬਿਲਾਵਲ 12 ਸ਼ਬਦ
ਰਾਗ ਗੋਡ 11 ਸ਼ਬਦ
ਰਾਗ ਰਾਮਕਲੀ 12 ਸ਼ਬਦ
ਰਾਗ ਮਾਰੂ 12 ਸ਼ਬਦ
ਰਾਗ ਕੇਦਾਰਾ 06ਸ਼ਬਦ
ਰਾਗ ਭੈਰਉ 20 ਸ਼ਬਦ
ਰਾਗ ਬਸੰਤ 07 ਸ਼ਬਦ
ਰਾਗ ਸਾਰੰਗ 03 ਸ਼ਬਦ
ਰਾਗ ਪ੍ਰਭਾਤੀ 05 ਸ਼ਬਦ

ਇਹਨਾਂ ਰਾਗਾਂ ਦੇ ਵਿੱਚ ਭਗਤ ਕਬੀਰ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਭਗਤ ਕਬੀਰ ਜੀ ਦੀਆਂ ਕੁਝ ਪ੍ਰਮੁੱਖ ਸਤਰਾਂ ਇਸ ਪ੍ਰਕਾਰ ਹਨ:

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥

ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥

ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥

ਇਹ ਸ਼ਬਦ ਸਮਾਜ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਭੇਦ-ਭਾਵ, ਊਚ-ਨੀਚ ਤੇ ਵਿਤਕਰੇ ਨੂੰ ਦੇਖਦੇ ਲਿਖੇ ਗਏ ਹਨ। ਜਿਨਾਂ ਵਿੱਚ ਕਬੀਰ ਜੀ ਨੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਰੀ ਲੁਕਾਈ ਦਾ ਜਨਮ ਇੱਕ ਤਰੀਕੇ ਨਾਲ ਹੋਇਆ ਹੈ ਤਾਂ ਕਿਵੇਂ ਕੋਈ ਚੰਗਾ ਮੰਦਾ ਹੋ ਸਕਦਾ ਹੈ। ਸਮਝਾਇਆ ਗਿਆ ਹੈ ਕਿ ਹਰ ਇੱਕ ਮਨੁੱਖ ਪਰਮਾਤਮਾ ਦੀ ਮਰਜ਼ੀ ਦੇ ਨਾਲ ਹੀ ਇਸ ਧਰਤੀ ਤੇ ਆਇਆ ਹੈ ਤਾਂ ਅਸੀਂ ਮਨੁੱਖ ਨੂੰ ਚੰਗਾ ਮੰਦਾ ਕਿਵੇਂ ਕਹਿ ਸਕਦੇ ਹਾਂ। ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਆਪਣੇ ਹੱਕਾਂ ਦੇ ਲਈ ਆਵਾਜ਼ ਉਠਾ ਕੇ ਜੂੰਝਣਾ ਚਾਹੀਦਾ ਹੈ ਨਾ ਕਿ ਜ਼ੁਲਮ ਨੂੰ ਚੁੱਪ ਰਹਿ ਕੇ ਸਹਿਣਾ ਚਾਹੀਦਾ ਹੈ। ਬਾਬਾ ਫਰੀਦ ਜੀ ਤੇ ਭਗਤ ਕਬੀਰ ਜੀ ਨੇ ਆਪਣੇ ਸ਼ਬਦਾਂ ਦੇ ਨਾਲ ਸਮਾਜ ਨੂੰ ਇੱਕ ਨਵੀਂ ਸੇਧ ਦਿੱਤੀ ਹੈ। ਸਮਾਜ ਦੇ ਵਿੱਚ ਪ੍ਰਚਲਿਤ ਊਚ-ਨੀਚ, ਭੇਦ-ਭਾਵ ਵਾਲੀ ਪ੍ਰਵਿਰਤੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਇਤਿਹਾਸਕਾਰ ਮੰਨਦੇ ਨੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਕਿ ਸਿੱਖਾਂ ਦੇ ਪਹਿਲੇ ਗੁਰੂ ਹੋਏ ਉਹਨਾਂ ਨੇ ਆਪਣੀਆਂ ਯਾਤਰਾਵਾਂ ਦੇ ਦੌਰਾਨ ਭਗਤ ਕਬੀਰ ਜੀ ਤੇ ਬਾਬਾ ਫਰੀਦ ਜੀ ਦੇ ਸਥਾਨਾਂ ਤੋਂ ਉਹਨਾਂ ਦੇ ਸ਼ਬਦ ਇਕੱਠੇ ਕੀਤੇ ਤੇ ਆਪਣੇ ਸ਼ਬਦ ਨਾਲ ਲਿਖ ਕੇ ਗੁਰੂ ਅੰਗਦ ਦੇਵ ਜੀ ਨੂੰ ਸੰਭਾਲੇ। ਗੁਰੂ ਅੰਗਦ ਦੇਵ ਜੀ ਨੇ ਆਪਣੇ ਨਾਲ ਸ਼ਬਦ ਜੋੜ ਕੇ ਗੁਰੂ ਅਮਰਦਾਸ ਜੀ ਦੇ ਕੋਲ ਸੰਭਾਲੇ। ਗੁਰੂ ਅਮਰਦਾਸ ਜੀ ਤੋਂ ਬਾਅਦ ਗੁਰੂ ਰਾਮਦਾਸ ਜੀ ਕੋਲ ਤੇ ਗੁਰੂ ਰਾਮਦਾਸ ਜੀ ਤੋਂ ਬਾਅਦ ਇਹ ਸ਼ਬਦ ਗੁਰੂ ਅਰਜਨ ਦੇਵ ਜੀ ਦੇ ਕੋਲ ਪਹੁੰਚੇ। ਨਾਨਕ ਪਾਤਸ਼ਾਹ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਜੀ ਨੇ ਹੀ ਭਾਈ ਗੁਰਦਾਸ ਜੀ ਤੋਂ ਪੰਜਾਂ ਗੁਰੂਆਂ ਦੀ ਬਾਣੀ ਆਦਿ ਗ੍ਰੰਥ ਦੇ ਵਿੱਚ ਦਰਜ ਕਰਵਾਈ ਤੇ ਉਹਨਾਂ ਦੇ ਨਾਲ ਭਗਤਾਂ ਭੱਟਾਂ ਤੇ ਗੁਰੂ ਘਰ ਦੇ ਅਨਿਨ ਸਿੱਖ ਭਗਤਾਂ ਦੀ ਬਾਣੀ ਆਦਿ ਗ੍ਰੰਥ ਦੇ ਵਿੱਚ ਦਰਜ ਕਰਵਾਈ। ਸਮਝਣ ਦੀ ਲੋੜ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਦਰਜ ਕਰਵਾਉਣ ਵੇਲੇ ਇਹ ਕਦੇ ਨਹੀਂ ਸੋਚਿਆ ਕਿ ਕੋਈ ਭਗਤ ਜਾਂ ਕੋਈ ਭੱਟ ਸਿੱਖ ਧਰਮ ਦੇ ਵਿੱਚੋਂ ਹੈ ਜਾਂ ਹਿੰਦੂ ਜਾਂ ਮੁਸਲਮਾਨ। ਉਹਨਾਂ ਨੇ ਆਦਿ ਗ੍ਰੰਥ ਦੀ ਰਚਨਾ ਨੂੰ ਅਜਿਹਾ ਸਰੂਪ ਦਿੱਤਾ ਕਿ ਇਸ ਵਿੱਚ ਜਾਤ-ਪਾਤ, ਭੇਦ-ਭਾਵ, ਊਚ-ਨੀਚ ਇਹ ਕੁਰੀਤੀਆਂ ਆਪਣੇ ਆਪ ਦੇ ਵਿੱਚ ਹੀ ਖਤਮ ਹੋ ਗਈਆਂ। ਇਹਨਾਂ ਭਗਤਾਂ, ਇਹਨਾਂ ਭੱਟਾਂ ਤੇ ਇਹਨਾਂ ਗੁਰੂ ਦੇ ਅਨਿਨ ਸਿੱਖਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਕੇ ਸਿੱਖ ਧਰਮ ਨੂੰ ਤੇ ਸਿੱਖ ਧਰਮ ਦੇ ਇਸ ਮਹਾਨ ਗ੍ਰੰਥ ਨੂੰ ਪਵਿੱਤਰਤਾ ਦਾ ਦਰਜਾ ਦਿੱਤਾ ਤੇ ਮਾਨਵਤਾ ਦੀ ਇੱਕ ਮਹਾਨ ਬੇਮਿਸਾਲ ਉਦਾਹਰਣ ਪੇਸ਼ ਕੀਤੀ। ਸਿੱਖ ਧਰਮ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਤੇ ਸਿੱਖ ਧਰਮ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਦਿ ਗ੍ਰੰਥ ਦੇ ਵਿੱਚ ਇਹਨਾਂ ਭਗਤਾਂ ਭੱਟਾਂ ਦੀ ਬਾਣੀ ਦਰਜ ਹੋਣ ਕਾਰਨ ਇਹ ਗ੍ਰੰਥ ਹਿੰਦੂਆਂ ਦਾ ਤੇ ਮੁਸਲਿਮ ਧਰਮ ਦੇ ਲੋਕਾਂ ਦਾ ਉਨਾ ਹੀ ਹੈ ਜਿੰਨਾ ਸਿੱਖਾਂ ਦਾ ।

Asst. Prof. Ravinder Singh

PG Department of History Sri Guru Teg Bahadur Khalsa College, Sri Anandpur Sahib, Ropar, Punjab.

Post navigation

Leave a Comment

Leave a Reply

Your email address will not be published. Required fields are marked *