ਵੀਹਵੀਂ ਸਦੀ ਦੇ ਪੰਜਾਬ ਦੀ ਧਰਤੀ ‘ਤੇ ਕਈ ਮਹਾਨ ਸ਼ਖਸੀਅਤਾਂ ਨੇ ਜਨਮ ਲਿਆ, ਪਰ ਜਿਸ ਇਨਸਾਨ ਨੇ ‘ਮਾਨਵ ਸੇਵਾ ਹੀ ਪ੍ਰਭੂ ਸੇਵਾ’ ਦੇ ਸੰਕਲਪ ਨੂੰ ਹਕੀਕਤ ਵਿੱਚ ਜਿਊ ਕੇ ਦਿਖਾਇਆ, ਉਹ ਸਨ, ਭਗਤ ਪੂਰਨ ਸਿੰਘ। ਉਹ ਕੇਵਲ ਇੱਕ ਸਾਧਾਰਨ ਮਨੁੱਖ ਨਹੀਂ, ਸਗੋਂ ਚਲਦੀ-ਫਿਰਦੀ ਸੰਸਥਾ, ਕਰੁਣਾ ਦੀ ਮੂਰਤ ਅਤੇ ਬੇਸਹਾਰਿਆਂ ਦਾ ਇੱਕਮਾਤਰ ਸਹਾਰਾ ਸਨ। ਅੰਮ੍ਰਿਤਸਰ ਦੀ ਪਵਿੱਤਰ ਧਰਤੀ ‘ਤੇ ‘ਪਿੰਗਲਵਾੜਾ’ ਸੰਸਥਾ ਦੀ ਸਥਾਪਨਾ ਕਰਕੇ ਉਨ੍ਹਾਂ ਨੇ ਸਮਾਜ ਦੇ ਉਸ ਹਿੱਸੇ ਨੂੰ ਅਪਣਾਇਆ, ਜਿਸ ਨੂੰ ਦੁਨੀਆ ਨੇ ਬੇਕਾਰ ਅਤੇ ਅਛੂਤ ਸਮਝ ਕੇ ਤਿਆਗ ਦਿੱਤਾ ਸੀ।
ਉਨ੍ਹਾਂ ਦਾ ਸਮੁੱਚਾ ਜੀਵਨ ਨਿਸ਼ਕਾਮ ਸੇਵਾ, ਤਿਆਗ ਅਤੇ ਵਾਤਾਵਰਣ ਦੀ ਸੰਭਾਲ ਨੂੰ ਸਮਰਪਿਤ ਰਿਹਾ। ਭਗਤ ਪੂਰਨ ਸਿੰਘ ਜੀ ਦਾ ਜਨਮ 4 ਜੂਨ 1904 ਈਸਵੀ ਨੂੰ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਾਜੇਵਾਲ ਰੋਹਣੋਂ ਵਿਖੇ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਸ਼ਿੱਬੂ ਮੱਲ ਅਤੇ ਮਾਤਾ ਦਾ ਨਾਂ ਮਹਿਤਾਬ ਕੌਰ ਸੀ। ਬਚਪਨ ਵਿੱਚ ਉਨ੍ਹਾਂ (ਭਗਤ ਪੂਰਨ ਸਿੰਘ ਜੀ) ਦਾ ਨਾਂ ‘ਰਾਮ ਜੀ ਦਾਸ’ ਰੱਖਿਆ ਗਿਆ ਸੀ। ਰਾਮ ਜੀ ਦਾਸ ਦਾ ਪਰਿਵਾਰ ਸ਼ੁਰੂਆਤੀ ਦੌਰ ਵਿੱਚ ਕਾਫੀ ਅਮੀਰ ਸੀ, ਪਰ ਹੌਲੀ-ਹੌਲੀ ਆਰਥਿਕ ਮੰਦਹਾਲੀ ਕਾਰਨ ਪਰਿਵਾਰ ਗਰੀਬੀ ਦੇ ਮੂੰਹ ਵਿੱਚ ਚਲਾ ਗਿਆ।
ਗਰੀਬੀ ਦੇ ਬਾਵਜੂਦ, ਮਾਤਾ ਮਹਿਤਾਬ ਕੌਰ ਨੇ ਰਾਮ ਜੀ ਦਾਸ ਦੇ ਸੰਸਕਾਰਾਂ ਨੂੰ ਬਹੁਤ ਉੱਚਾ ਬਣਾਇਆ। ਉਹ ਬਚਪਨ ਤੋਂ ਹੀ ਆਪਣੇ ਪੁੱਤਰ ਨੂੰ ਧਰੂ ਭਗਤ, ਹਨੂਮਾਨ ਜੀ, ਸ਼ਿਵ ਜੀ, ਭਰਥਰੀ ਹਰੀ ਅਤੇ ਵੱਖ-ਵੱਖ ਗੁਰੂਆਂ, ਪੀਰਾਂ-ਫ਼ਕੀਰਾਂ ਦੀਆਂ ਪਵਿੱਤਰ ਇਤਿਹਾਸਕ ਕਹਾਣੀਆਂ ਸੁਣਾਉਂਦੇ ਹੁੰਦੇ ਸਨ। ਇਨ੍ਹਾਂ ਕਹਾਣੀਆਂ ਨੇ ਰਾਮ ਜੀ ਦਾਸ ਦੇ ਕੋਮਲ ਮਨ ‘ਤੇ ਅਜਿਹੀ ਛਾਪ ਛੱਡੀ ਕਿ, ਉਨ੍ਹਾਂ ਦੇ ਅੰਦਰ ਬਚਪਨ ਤੋਂ ਹੀ ਨਿਸ਼ਕਾਮ ਸੇਵਾ ਅਤੇ ਦਇਆ ਭਾਵਨਾ ਦਾ ਬੀਜ ਬੀਜਿਆ ਗਿਆ।
ਲਾਹੌਰ ਵਿਖੇ ਸੇਵਾ ਦਾ ਦੌਰ (20 ਸਾਲਾ ਅਣਥੱਕ ਸਫ਼ਰ)

ਪੜ੍ਹਾਈ ਦੇ ਸਿਲਸਿਲੇ ਵਿੱਚ ਅਤੇ ਜੀਵਨ ਦੇ ਅਗਲੇ ਪੜਾਅ ਦੌਰਾਨ ਉਹ ਲਾਹੌਰ (ਹੁਣ ਪਾਕਿਸਤਾਨ) ਚਲੇ ਗਏ। ਉੱਥੇ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਉਨ੍ਹਾਂ ਦੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਮਿਲੀ। ਰਾਮ ਜੀ ਦਾਸ ਨੇ ਗੁਰਦੁਆਰਾ ਸਾਹਿਬ ਵਿਖੇ ਬਿਨਾਂ ਕੋਈ ਤਨਖਾਹ ਲਿਆ ਨਿਸ਼ਕਾਮ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਉਹ ਰੋਜ਼ਾਨਾ ਸੰਗਤਾਂ ਦੇ ਜੋੜੇ ਸਾਫ਼ ਕਰਦੇ, ਲੰਗਰ ਵਿੱਚ ਪਾਣੀ ਭਰਦੇ, ਸਫ਼ਾਈ ਕਰਦੇ ਅਤੇ ਆਉਣ-ਜਾਣ ਵਾਲੇ ਬਿਮਾਰਾਂ ਦੀ ਦੇਖਭਾਲ ਕਰਦੇ।
ਉਨ੍ਹਾਂ ਦੀ ਇਸ ਅਦਭੁਤ ਅਤੇ ਸੱਚੀ ਲਗਨ ਨੂੰ ਦੇਖ ਕੇ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਮਹੰਤ ਤੇਜਾ ਸਿੰਘ ਉਨ੍ਹਾਂ ਨੂੰ ਬਹੁਤ ਲਾਡ-ਪਿਆਰ ਕਰਦੇ ਸਨ ਅਤੇ ਉਨ੍ਹਾਂ ਨੇ ਹੀ ਰਾਮ ਜੀ ਦਾਸ ਨੂੰ ‘ਪੂਰਨ ਸਿੰਘ ਪ੍ਰੇਮੀ’ ਦਾ ਨਾਂ ਦਿੱਤਾ। ਉਨ੍ਹਾਂ ਨੇ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਲਗਾਤਾਰ 20 ਸਾਲ ਸੇਵਾ ਕੀਤੀ। ਇਸੇ ਦੌਰਾਨ ਸਿੱਖ ਇਤਿਹਾਸ, ਗੁਰਬਾਣੀ ਦੇ ਫ਼ਲਸਫ਼ੇ ਅਤੇ ਲਾਵਾਰਿਸ ਰੋਗੀਆਂ ਦੀ ਨਿਰੰਤਰ ਸੇਵਾ ਨੇ ਉਨ੍ਹਾਂ ਨੂੰ ‘ਰਾਮ ਜੀ ਦਾਸ’ ਤੋਂ ਹਮੇਸ਼ਾ ਲਈ ‘ਭਗਤ ਪੂਰਨ ਸਿੰਘ’ ਬਣਾ ਦਿੱਤਾ। ਸਿਆਸੀ ਆਗੂ ਗਿਆਨੀ ਕਰਤਾਰ ਸਿੰਘ ਅਤੇ ਭਗਤ ਜੀ ਦੀ ਮਾਤਾ ਮਹਿਤਾਬ ਕੌਰ ਨੇ ਵੀ ਉਨ੍ਹਾਂ ਦੀ ਸੇਵਾ ਭਾਵਨਾ ਨੂੰ ਦੇਖਦਿਆਂ ਉਨ੍ਹਾਂ ਨੂੰ ‘ਭਗਤ ਜੀ’ ਕਹਿ ਕੇ ਸੰਬੋਧਨ ਕਰਨਾ ਸ਼ੁਰੂ ਕੀਤਾ।
ਮਨੁੱਖਤਾ ਦੀ ਸੇਵਾ ਦਾ ਪਹਿਲਾ ਮੀਲ ਪੱਥਰ

ਭਗਤ ਪੂਰਨ ਸਿੰਘ ਜੀ ਦੇ ਮਿਸ਼ਨ ਦਾ ਅਸਲ ਮੁੱਢ ਸੰਨ 1934 ਈਸਵੀ ਵਿੱਚ ਬੱਝਾ। ਇੱਕ ਦਿਨ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੀ ਡਿਓਢੀ ਅੱਗੇ ਕੋਈ ਅਣਜਾਣ ਵਿਅਕਤੀ ਇੱਕ ਚਾਰ ਸਾਲ ਦੇ ਗੰਭੀਰ ਰੂਪ ਵਿੱਚ ਅਪੰਗ ਅਤੇ ਲਾਚਾਰ ਬੱਚੇ ਨੂੰ ਚੋਰੀ-ਚੋਰੀ ਛੱਡ ਕੇ ਚਲਾ ਗਿਆ। ਇਹ ਬੱਚਾ ਨਾ ਬੋਲ ਸਕਦਾ ਸੀ, ਨਾ ਚੱਲ ਸਕਦਾ ਸੀ ਅਤੇ ਮਾਨਸਿਕ ਤੌਰ ‘ਤੇ ਵੀ ਕਮਜ਼ੋਰ ਸੀ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਉਸ ਬੱਚੇ ਦੀ ਹਾਲਤ ਦੇਖ ਕੇ ਉਸ ਨੂੰ ਭਗਤ ਪੂਰਨ ਸਿੰਘ ਦੇ ਹਵਾਲੇ ਕਰ ਦਿੱਤਾ ਅਤੇ ਆਖਿਆ, “ਪੂਰਨ ਸਿੰਘ! ਤੂੰ ਹੀ ਅੱਜ ਤੋਂ ਇਸ ਬੱਚੇ ਦੀ ਸੇਵਾ-ਸੰਭਾਲ ਕਰ।”
ਭਗਤ ਜੀ ਨੇ ਇਸ ਬੱਚੇ ਨੂੰ ਰੱਬ ਦਾ ਰੂਪ ਮੰਨਿਆ ਅਤੇ ਇਸ ਦਾ ਨਾਂ ‘ਪਿਆਰਾ ਸਿੰਘ’ ਰੱਖਿਆ। ਭਗਤ ਜੀ ਲਈ ਇਹ ਬੱਚਾ ਸਿਰਫ ਇੱਕ ਮਰੀਜ਼ ਨਹੀਂ, ਸਗੋਂ ਉਨ੍ਹਾਂ ਦੇ ਜੀਵਨ ਦੇ ਅਸਲ ਮਿਸ਼ਨ ਦਾ ਸੋਮਾ ਹੋ ਨਿੱਬੜਿਆ। ਭਗਤ ਪੂਰਨ ਸਿੰਘ ਅਗਲੇ 14 ਸਾਲਾਂ ਤੱਕ ਇਸ ਅਪੰਗ ਬੱਚੇ ਨੂੰ ਆਪਣੇ ਮੋਢਿਆਂ ‘ਤੇ ਚੁੱਕ ਕੇ ਵੱਖ-ਵੱਖ ਥਾਵਾਂ ‘ਤੇ ਘੁੰਮਦੇ ਰਹੇ। ਜਿਥੇ ਵੀ ਭਗਤ ਜੀ ਜਾਂਦੇ, ਪਿਆਰਾ ਸਿੰਘ ਉਨ੍ਹਾਂ ਦੀ ਪਿੱਠ ‘ਤੇ ਸਵਾਰ ਹੁੰਦਾ। ਇਸ ਕਠਿਨ ਦੌਰ ਦੌਰਾਨ ਵੀ ਜਦੋਂ ਵੀ ਭਗਤ ਜੀ ਨੂੰ ਥੋੜ੍ਹਾ ਸਮਾਂ ਮਿਲਦਾ, ਉਹ ਲਾਹੌਰ ਦੀਆਂ ਵੱਖ-ਵੱਖ ਲਾਇਬ੍ਰੇਰੀਆਂ ਵਿੱਚ ਜਾ ਕੇ ਸਮਾਜਿਕ ਸਮੱਸਿਆਵਾਂ, ਬਿਮਾਰੀਆਂ ਅਤੇ ਵਾਤਾਵਰਣ ਦੇ ਵਿਸ਼ਿਆਂ ‘ਤੇ ਗੰਭੀਰ ਅਧਿਐਨ ਕਰਦੇ ਸਨ।
ਇਸ ਦੌਰਾਨ ਉਨ੍ਹਾਂ ਨੂੰ ਕਈ ਤਾਨ੍ਹੇ-ਮਿਹਣੇ ਵੀ ਸਹਿਣੇ ਪਏ। ਇੱਕ ਵਾਰ ਭਗਤ ਜੀ ਦੇ ਇੱਕ ਨਜ਼ਦੀਕੀ ਵਕੀਲ ਨੇ ਉਨ੍ਹਾਂ ਨੂੰ ਕਿਹਾ ਕਿ ਇਸ ਅਪੰਗ ਬੱਚੇ ਦੀ ਸੇਵਾ ਕਰਨ ਦਾ ਕੋਈ ਫਾਇਦਾ ਨਹੀਂ, ਇਸ ਨਾਲੋਂ ਚੰਗਾ ਸੀ ਕਿ ਇਹ ਗੁਰਦੁਆਰੇ ਦੇ ਬਾਹਰ ਹੀ ਮਰ ਜਾਂਦਾ, ਕਿਉਂਕਿ ਇਸ ਨੇ ਇੱਕ ਦਿਨ ਕਿਸੇ ਸੜਕ ਦੇ ਕੰਢੇ ਹੀ ਮਰਨਾ ਹੈ। ਪਰ ਭਗਤ ਜੀ ਅਟੱਲ ਸਿਰੜ ਦੇ ਮਾਲਕ ਸਨ, ਉਨ੍ਹਾਂ ਨੂੰ ਕੋਈ ਵੀ ਆਪਣੇ ਮਿਸ਼ਨ ਤੋਂ ਡੁਲਾ ਨਾ ਸਕਿਆ।
ਦੇਸ਼ ਦੀ ਵੰਡ ਦਾ ਦਰਦ ਅਤੇ ‘ਪਿੰਗਲਵਾੜਾ’ ਦੀ ਸਥਾਪਨਾ

ਸੰਨ 1947 ਵਿੱਚ ਜਦੋਂ ਦੇਸ਼ ਦੀ ਵੰਡ ਹੋਈ, ਤਾਂ ਲਾਹੌਰ ਵਿੱਚ ਭਿਆਨਕ ਦੰਗੇ ਭੜਕ ਗਏ। ਭਗਤ ਪੂਰਨ ਸਿੰਘ ਜੀ ਲਾਹੌਰ ਤੋਂ ਹਜ਼ਾਰਾਂ ਸ਼ਰਣਾਰਥੀਆਂ ਦੇ ਨਾਲ ਅੰਮ੍ਰਿਤਸਰ ਆ ਗਏ। ਉਨ੍ਹਾਂ ਦੇ ਮੋਢਿਆਂ ‘ਤੇ ਅਜੇ ਵੀ ਪਿਆਰਾ ਸਿੰਘ ਸਵਾਰ ਸੀ। ਅੰਮ੍ਰਿਤਸਰ ਆ ਕੇ ਉਹ ਖ਼ਾਲਸਾ ਕਾਲਜ ਵਿਖੇ ਬਣਾਏ ਗਏ ਸ਼ਰਣਾਰਥੀ ਕੈਂਪ ਵਿੱਚ ਰਹਿਣ ਲੱਗੇ। ਇਸ ਕੈਂਪ ਵਿੱਚ ਹਜ਼ਾਰਾਂ ਅਜਿਹੇ ਲੋਕ ਸਨ ਜੋ ਜ਼ਖ਼ਮੀ ਸਨ, ਮਾਨਸਿਕ ਸੰਤੁਲਨ ਖੋ ਚੁੱਕੇ ਸਨ ਜਾਂ ਬਿਮਾਰੀਆਂ ਨਾਲ ਪੀੜਤ ਸਨ।
ਸੰਨ 1948 ਤੋਂ 1958 ਤੱਕ ਦਾ ਸਮਾਂ ਭਗਤ ਜੀ ਲਈ ਬਹੁਤ ਵੱਡੀ ਪ੍ਰੀਖਿਆ ਦਾ ਸਮਾਂ ਸੀ। ਉਨ੍ਹਾਂ ਕੋਲ ਮਰੀਜ਼ਾਂ ਨੂੰ ਰੱਖਣ ਲਈ ਕੋਈ ਪੱਕੀ ਥਾਂ ਨਹੀਂ ਸੀ। ਉਹ ਕਦੇ ਖ਼ਾਲਸਾ ਕਾਲਜ ਦੇ ਫੁੱਟਪਾਥਾਂ ‘ਤੇ, ਕਦੇ ਰੁੱਖਾਂ ਦੀ ਛਾਵੇਂ, ਕਦੇ ਰੇਲਵੇ ਸਟੇਸ਼ਨ ਦੇ ਬਾਹਰ, ਕਦੇ ਚੀਫ ਖ਼ਾਲਸਾ ਦੀਵਾਨ ਅਤੇ ਕਦੇ ਰੈੱਡ ਕਰਾਸ ਭਵਨ ਦੇ ਨੇੜੇ ਝੌਂਪੜੀਆਂ ਬਣਾ ਕੇ ਮਰੀਜ਼ਾਂ ਦੀ ਮਲਮ-ਪੱਟੀ ਕਰਦੇ ਅਤੇ ਉਨ੍ਹਾਂ ਦੇ ਮਲ-ਮੂਤਰ ਸਾਫ਼ ਕਰਦੇ ਸਨ। ਉਹ ਰੋਜ਼ਾਨਾ ਸ਼ਹਿਰ ਵਿੱਚ ਘੁੰਮ ਕੇ ਮਰੀਜ਼ਾਂ ਲਈ ਰੋਟੀ ਅਤੇ ਪੈਸੇ ਮੰਗਦੇ ਸਨ।
ਆਖ਼ਰਕਾਰ, ਸਾਲ 1958 ਵਿੱਚ ਭਗਤ ਜੀ ਨੇ ਤਹਿਸੀਲਪੁਰਾ, ਜੀ.ਟੀ. ਰੋਡ ਅੰਮ੍ਰਿਤਸਰ ਨੇੜੇ ਇੱਕ ਜ਼ਮੀਨ ਮੁੱਲ ਖਰੀਦੀ ਅਤੇ ਉਥੇ ‘ਆਲ ਇੰਡੀਆ ਪਿੰਗਲਵਾੜਾ ਸੁਸਾਇਟੀ’ ਦੀ ਅਧਿਕਾਰਤ ਤੌਰ ‘ਤੇ ਨੀਂਹ ਰੱਖੀ, ਜਿਸ ਨੂੰ 6 ਮਾਰਚ 1957 ਨੂੰ ਰਜਿਸਟਰਡ ਕਰਵਾਇਆ ਗਿਆ ਸੀ। ਜੋ ਪਿੰਗਲਵਾੜਾ ਭਗਤ ਜੀ ਨੇ ਮਹਿਜ਼ ਕੁਝ ਕੁ ਲਾਵਾਰਿਸ ਮਰੀਜ਼ਾਂ ਤੋਂ ਇੱਕ ਬੀਜ ਦੇ ਰੂਪ ਵਿੱਚ ਸ਼ੁਰੂ ਕੀਤਾ ਸੀ, ਉਹ ਅੱਜ ਇੱਕ ਬੋਹੜ ਦਾ ਰੁੱਖ ਬਣ ਚੁੱਕਾ ਹੈ ਅਤੇ ਹਜ਼ਾਰਾਂ ਲੋੜਵੰਦਾਂ ਲਈ ਘਰ ਵਰਗਾ ਸਹਾਰਾ ਹੈ।
ਭਗਤ ਪੂਰਨ ਸਿੰਘ ਜੀ ਦਾ ਵਾਤਾਵਰਣ ਸੰਭਾਲ ਅਤੇ ਸਾਹਿਤਕ ਯੋਗਦਾਨ

ਭਗਤ ਪੂਰਨ ਸਿੰਘ ਜੀ ਸਿਰਫ ਬਿਮਾਰਾਂ ਦੇ ਵੈਦ ਨਹੀਂ ਸਨ, ਸਗੋਂ ਉਹ ਆਪਣੇ ਸਮੇਂ ਤੋਂ ਬਹੁਤ ਅੱਗੇ ਦੀ ਸੋਚ ਰੱਖਣ ਵਾਲੇ ਵਾਤਾਵਰਣ ਪ੍ਰੇਮੀ ਸਨ। ਅੱਜ ਤੋਂ ਕਈ ਦਹਾਕੇ ਪਹਿਲਾਂ, ਜਦੋਂ ਕੋਈ ਗਲੋਬਲ ਵਾਰਮਿੰਗ ਜਾਂ ਪ੍ਰਦੂਸ਼ਣ ਬਾਰੇ ਜਾਣਦਾ ਵੀ ਨਹੀਂ ਸੀ, ਭਗਤ ਜੀ ਨੇ ਪ੍ਰਦੂਸ਼ਣ, ਪਾਣੀ ਦੀ ਘਾਟ, ਜੰਗਲਾਂ ਦੀ ਅੰਧਾਧੁੰਦ ਕਟਾਈ ਅਤੇ ਪਲਾਸਟਿਕ ਦੇ ਖ਼ਤਰਿਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀ।
ਉਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਲੱਖਾਂ ਦੀ ਗਿਣਤੀ ਵਿੱਚ ਕਿਤਾਬਚੇ, ਪੈਂਫਲੇਟ, ਫੋਲਡਰ ਅਤੇ ਇਸ਼ਤਿਹਾਰ ਛਾਪੇ। ਉਹ ਇਨ੍ਹਾਂ ਨੂੰ ਰੱਦੀ ਅਤੇ ਵਰਤੇ ਹੋਏ ਕਾਗਜ਼ਾਂ ਦੇ ਪਿਛਲੇ ਪਾਸੇ ਵੀ ਛਾਪ ਲੈਂਦੇ ਸਨ ਤਾਂ ਜੋ ਕਾਗਜ਼ ਦੀ ਬਰਬਾਦੀ ਨਾ ਹੋਵੇ। ਉਹ ਖ਼ੁਦ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਬਾਹਰ ਘੰਟਾ ਘਰ ਚੌਕ ਅਤੇ ਸਰਾਵਾਂ ਵਾਲੇ ਪਾਸੇ ਬੈਠ ਕੇ ਇਹ ਸਾਹਿਤ ਸੰਗਤਾਂ ਨੂੰ ਮੁਫ਼ਤ ਵੰਡਿਆ ਕਰਦੇ ਸਨ। ਇਹ ਪਰੰਪਰਾ ਅੱਜ ਵੀ ਪਿੰਗਲਵਾੜਾ ਸੰਸਥਾ ਵੱਲੋਂ ਦੇਸ਼ ਭਰ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਨਿਰੰਤਰ ਜਾਰੀ ਹੈ।

ਖ਼ੈਰ, ਅੱਜ ਪਿੰਗਲਵਾੜਾ ਸੰਸਥਾ ਸਿਰਫ਼ ਰੋਗੀਆਂ ਦਾ ਇਲਾਜ ਹੀ ਨਹੀਂ ਕਰਦੀ, ਸਗੋਂ ਉਥੇ ਰਹਿਣ ਵਾਲੇ ਬੱਚਿਆਂ ਅਤੇ ਮਰੀਜ਼ਾਂ ਨੂੰ ਆਤਮ-ਨਿਰਭਰ ਬਣਾਉਣ ਲਈ ਕਈ ਤਰ੍ਹਾਂ ਦੇ ਸਿਖਲਾਈ ਕੇਂਦਰ ਚਲਾਏ ਜਾਂਦੇ ਹਨ। ਸੰਸਥਾ ਦੇ ਅੰਦਰ ਦਰਜ਼ੀ ਦਾ ਕੰਮ (ਸਿਲਾਈ ਕਢਾਈ), ਟਾਈਪਿੰਗ, ਕੁਰਸੀਆਂ ਬੁਣਨੀਆਂ, ਮੋਮਬੱਤੀਆਂ ਅਤੇ ਖਿਡੌਣੇ ਬਣਾਉਣਾ, ਕੁਦਰਤੀ (ਆਰਗੈਨਿਕ) ਖੇਤੀ, ਫਿਜ਼ੀਓਥੈਰੇਪੀ ਅਤੇ ਨਕਲੀ ਅੰਗ ਬਣਾਉਣ ਦੀ ਵਰਕਸ਼ਾਪ ਚਲਾਈ ਜਾਂਦੀ ਹੈ। ਇਸ ਤੋਂ ਇਲਾਵਾ ਪਿੰਗਲਵਾੜਾ ਵੱਲੋਂ ਅਨਾਥ ਬੱਚਿਆਂ ਲਈ ਸਕੂਲ ਵੀ ਚਲਾਏ ਜਾ ਰਹੇ ਹਨ, ਜਿਥੋਂ ਪੜ੍ਹ ਕੇ ਕਈ ਬੱਚੇ ਅੱਜ ਉੱਚੇ ਅਹੁਦਿਆਂ ‘ਤੇ ਪਹੁੰਚ ਚੁੱਕੇ ਹਨ।
ਭਗਤ ਪੂਰਨ ਸਿੰਘ ਜੀ ਦੀਆਂ ਮਹਾਨ ਸੇਵਾਵਾਂ ਨੂੰ ਦੇਖਦਿਆਂ ਭਾਰਤ ਸਰਕਾਰ ਅਤੇ ਕਈ ਅੰਤਰਰਾਸ਼ਟਰੀ ਸੰਸਥਾਵਾਂ ਨੇ ਉਨ੍ਹਾਂ ਨੂੰ ਵੱਕਾਰੀ ਸਨਮਾਨਾਂ ਨਾਲ ਨਿਵਾਜਿਆ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ ‘ਪਦਮਸ੍ਰੀ’ ਨਾਲ 1981 ਵਿੱਚ ਸਨਮਾਨਿਤ ਕੀਤਾ। ਪਰ ਜਦੋਂ 1984 ਵਿੱਚ ਭਾਰਤੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲਾ (ਸਾਕਾ ਨੀਲਾ ਤਾਰਾ) ਕੀਤਾ ਗਿਆ, ਤਾਂ ਭਗਤ ਜੀ ਨੇ ਭਾਰੀ ਮਨ ਨਾਲ ਵਿਰੋਧ ਜਤਾਉਂਦਿਆਂ ਇਹ ਐਵਾਰਡ ਸਰਕਾਰ ਨੂੰ ਵਾਪਸ ਕਰ ਦਿੱਤਾ।

ਪੰਜਾਬ ਵਿਰਾਸਤ ਸੰਸਥਾ ਸ਼ਿਕਾਗੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਭਾਈ ਘਨ੍ਹੱਈਆ ਐਵਾਰਡ ਕਮੇਟੀ ਦੇ ਚੇਅਰਮੈਨ ਮਹੰਤ ਤੀਰਥ ਸਿੰਘ ‘ਸੇਵਾਪੰਥੀ’ ਵੱਲੋਂ ਉਨ੍ਹਾਂ ਨੂੰ 1990 ਵਿੱਚ ਹਾਰਮਨੀ ਐਵਾਰਡ ਅਤੇ 1991 ਵਿੱਚ ਰੋਗ ਰਤਨ ਐਵਾਰਡ ਨਾਲ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।
ਸੇਵਾ ਦੇ ਪੁੰਜ, ਨਿਸ਼ਕਾਮਤਾ ਦੀ ਮੂਰਤ ਅਤੇ ਬੇਸਹਾਰਿਆਂ ਦੇ ਇੱਕਮਾਤਰ ਸਹਾਰੇ ਭਗਤ ਪੂਰਨ ਸਿੰਘ ਜੀ 5 ਅਗਸਤ 1992 ਈਸਵੀ ਨੂੰ 88 ਸਾਲ ਦੀ ਉਮਰ ਭੋਗ ਕੇ ਸੱਚਖੰਡ ਜਾ ਬਿਰਾਜੇ। ਭਗਤ ਪੂਰਨ ਸਿੰਘ ਜੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਸੱਚੀ ਸਰਦਾਰੀ ਅਤੇ ਵਡਿਆਈ ਮਹਿਲਾਂ ਵਿੱਚ ਰਹਿਣ ਨਾਲ ਨਹੀਂ, ਸਗੋਂ ਮਨੁੱਖਤਾ ਦੇ ਅੱਥਰੂ ਪੂੰਝਣ ਨਾਲ ਮਿਲਦੀ ਹੈ। ਉਨ੍ਹਾਂ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਇੱਕ ਚਾਨਣ-ਮੁਨਾਰਾ ਬਣਿਆ ਰਹੇਗਾ।



Leave a Comment