Bhagat Ravidass Bani

ਰੂਹਾਨੀਅਤ ਅਤੇ ਮਾਨਵੀ-ਚੇਤਨਾ ਦਾ ਸੰਗਮ: ਭਗਤ ਰਵਿਦਾਸ ਬਾਣੀ

ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਾਨਵਤਾ ਦੇ ਸ਼ਬਦ ਗੁਰੂ ਹਨ। ਬ੍ਰਹਿਮੰਡ ਦੇ ਕਲਿਆਣ ਲਈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂਆਂ, ਭਗਤਾਂ ਅਤੇ ਗੁਰੂ ਘਰ ਦੇ ਨਿਕਟਵਰਤੀ ਸਿੱਖ ਸ਼ਰਧਾਲੂਆਂ ਦੇ ਇਲਾਹੀ ਬੋਲ ਲਿਖਾਰੀ ਭਾਈ ਗੁਰਦਾਸ ਜੀ ਦੇ ਸਹਿਯੋਗ ਨਾਲ ਆਦਿ ਗ੍ਰੰਥ ਸਾਹਿਬ ਵਿੱਚ ਸੰਗ੍ਰਹਿਤ ਕੀਤੇ । ਗੁਰਮਤਿ ਫ਼ਲਸਫ਼ੇ ’ਤੇ ਪੂਰੀ ਉਤਰਦੀ ਧਰਮ, ਜਾਤ, ਸਥਾਨ,ਭਾਸ਼ਾ, ਗਰੀਬੀ, ਅਮੀਰੀ ਆਦਿ ਸੰਕੀਰਨ ਸੀਮਾਵਾਂ ਤੋਂ ਮੁਕਤ ਭਗਤਾਂ ਦੀ ਬਾਣੀ ਨੂੰ ਆਦਿ ਗ੍ਰੰਥ ਵਿੱਚ ਸ਼ਾਮਿਲ ਕੀਤਾ ਗਿਆ। ਭਗਤ ਬਾਣੀ ਨੇ ਜਨਮ ਤੋਂ ਦੁਰਕਾਰੀ ਲੁਕਾਈ ਨੂੰ ਬਰਾਬਰਤਾ ਦਾ ਅਹਿਸਾਸ ਕਰਵਾਇਆ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਸਵੈ ਮਾਣ ਦੀ ਭਾਵਨਾ ਜਗਾਈ ਅਤੇ ਸਮਕਾਲੀ ਸਮਾਜ ਵਿੱਚ ਜਾਤ ਅਤੇ ਧਰਮ ਅਧਾਰਿਤ ਹੁੰਦੇ ਅਣਮਨੁੱਖੀ ਵਤੀਰੇ ਵਿਰੁੱਧ ਵਿਚਾਰਧਾਰਕ ਕ੍ਰਾਂਤੀ ਨੂੰ ਪ੍ਰਚੰਡ ਕੀਤਾ। 15 ਭਗਤਾਂ ਨੇ ਹਿੰਦੂ ਅਤੇ ਇਸਲਾਮ ਧਰਮ ਵਿੱਚ ਪੈਦਾ ਹੋਈਆਂ ਕੁਰੀਤੀਆਂ ਵਿਰੁੱਧ ਲੁਕਾਈ ਨੂੰ ਜਾਗ੍ਰਿਤ ਕਰਕੇ ਵਿਚਾਰਧਾਰਕ ਸੰਵਾਦ ਦੀ ਸ਼ੁਰੂਆਤ ਕੀਤੀ। ਭਗਤ ਬਾਣੀ ਨੇ ਤਤਕਾਲੀ ਸਮਾਜ ਵਿੱਚ ਆਈਆਂ ਗਿਰਾਵਟਾਂ ਨੂੰ ਦੂਰ ਕਰਨ ਲਈ ਵਿਚਾਰਧਾਰਕ ਪੱਧਰ ਉੱਤੇ ਸਮਾਜਿਕ ਆਰਥਿਕ ਰਾਜਨੀਤਿਕ ਅਤੇ ਸਭਿਆਚਾਰਿਕ ਧਰਾਤਲਾਂ ਉੱਪਰ ਵੱਡੀ ਤਬਦੀਲੀ ਲਿਆਉਂਦੀ। ਮਨੁੱਖ ਨੂੰ ਪਸ਼ੂ ਬਿਰਤੀਆਂ ਤਿਆਗਣ ਅਤੇ ਸਦਾਚਾਰਕ ਕੀਮਤਾਂ ਉੱਤੇ ਅਧਾਰਤ ਆਦਰਸ਼ਕ ਸਮਾਜ ਸਿਰਜਣ ਦਾ ਸੰਦੇਸ਼ ਦੇ ਕੇ ਭਾਰਤੀ ਸਮਾਜ ਨੂੰ ਇੱਕ ਨਿਵੇਕਲੀ ਪਛਾਣ ਪ੍ਰਦਾਨ ਕੀਤੀ। ਸਦੀਆਂ ਤੋਂ ਤ੍ਰਿਸਕਾਰ ਦੇ ਪਾਤਰ ਲੋਕਾਂ ਵਿੱਚ ਮਾਨਵ ਹੋਣ ਦਾ ਅਹਿਸਾਸ ਪੈਦਾ ਕਰਕੇ ਇੱਕ ਅਜਿਹੇ ਕਲਿਆਣਕਾਰੀ ਸਮਾਜ ਦੀ ਸਿਰਜਣਾ ਕੀਤੀ ਜਿਥੇ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ। ਨਾ ਹੀ ਕੋਈ ਕਿਸੇ ਨੂੰ ਦਵਾਉਂਦਾ ਹੈ ਤੇ ਨਾ ਹੀ ਕੋਈ ਕਿਸੇ ਤੋਂ ਡਰਦਾ ਹੈ :

ਬੇਗਮਪੁਰਾ ਸਹਰ ਕੋ ਨਾਉ ਦੂਖ ਅੰਦੋਹੁ ਨਹੀ ਤਿਹਿ ਠਾਉ।।
ਨਾ ਤਸਵੀਸ ਖਿਰਾਜੁ ਨਾ ਮਾਲੁ ਖਉਫ ਨਾ ਖਤਾ ਨਾ ਤਰਸੁ ਜੰਵਾਲ।।

ਭਗਤ ਬਾਣੀ ਬ੍ਰਾਹਮਣਵਾਦ ਅਤੇ ਫੋਕੇ ਰੀਤੀ-ਰਿਵਾਜਾਂ ਅਤੇ ਕਰਮਕਾਂਡਾਂ ਦਾ ਜ਼ੋਰਦਾਰ ਖੰਡਨ ਕਰਦੀ ਹੈ ਭਗਤਾ ਨੇ ਬ੍ਰਾਹਮਣਵਾਦ ਦੀ ਪ੍ਰਧਾਨਤਾ ਨੂੰ ਖਤਮ ਕਰਕੇ ਸਦੀਆਂ ਤੋਂ ਲਿਤਾੜੀਆਂ ਜਾਂਦੀਆਂ ਨੀਵੀਂਆਂ ਜਾਤਾਂ ਅੰਦਰ ਸਵੈ-ਵਿਸ਼ਵਾਸ ਦੀ ਭਾਵਨਾ ਪੈਦਾ ਕੀਤੀ। ਇਹ ਪੁਜਾਰੀ ਵਰਗ ਭੋਲੇ ਭਾਲੇ ਨਿਮਨ ਸ੍ਰੇਣੀ ਦੇ ਲੋਕਾਂ ਨੂੰ ਫੋਕੇ ਕਰਮਕਾਂਡਾਂ ਵਿੱਚ ਫਸਾ ਕੇ ਗੁਮਰਾਹ ਕਰਕੇ ਆਪਣਾ ਉੱਲੂ ਸਿੱਧਾ ਕਰ ਰਹੇ ਸਨ। ਅਜਿਹੇ ਸਮੇਂ ਭਗਤਾਂ ਨੇ ਨਿਮਨ ਸ਼੍ਰੇਣੀ ਦੀ ਬਾਂਹ ਫੜੀ ਅਤੇ ਸਦੀਆਂ ਤੋਂ ਹੁੰਦੇ ਆ ਰਹੇ ਅਨਿਆਂ ਵਿਰੁੱਧ ਬ੍ਰਾਹਮਣਾਂ ਅਤੇ ਮੁੱਲਾ ਵਰਗ ਦੇ ਕੋਰੇ ਕਰਮਕਾਂਡਾਂ ਦਾ ਭਾਂਡਾ ਫੋੜਿਆ। ਭਗਤ ਬਾਣੀ ਨੇ ਲੋਕਾਂ ਨੂੰ ਚੇਤਨ ਕੀਤਾ ਕਿ ਬ੍ਰਾਹਮਣਾਂ ਅਤੇ ਮਲਾਵਾਂ ਦੀਆਂ ਧਾਰਮਿਕ ਰਹੁਰੀਤਾਂ ਪਾਖੰਡ ’ਤੇ ਅਧਾਰਿਤ ਹਨ। ਲੋਕਾਂ ਲਈ ਇਨ੍ਹਾਂ ਦਾ ਕੋਈ ਮਹੱਤਵ ਨਹੀਂ ਹੈ:

ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ।।
ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ।।

ਭਗਤ ਕਵੀਆਂ ਨੇ ਜਾਤ ਪਾਤ ਵਿਰੁੱਧ ਆਵਾਜ਼ ਬੁਲੰਦ ਕਰਕੇ ਜਾਤੀ ਪ੍ਰਥਾ ਵਿੱਚ ਦੁਰਕਾਰੀ ਖਲਕਤ ਨੂੰ ਸਰਬ ਸਾਂਝੀ ਵਾਲਤਾ ਦੇ ਸੰਦੇਸ਼ ਰਾਹੀਂ ਬਰਾਬਰਤਾ ਦਾ ਅਹਿਸਾਸ ਕਰਵਾਇਆ। ਤਤਕਾਲੀ ਸਮਾਜ ਵਿੱਚ ਜਾਤ ਅਤੇ ਧਰਮ ਅਧਾਰਤ ਹੁੰਦੇ ਅਣਮਨੁੱਖੀ ਵਿਤਕਰੇ ਵਿਰੁੱਧ ਵਿਚਾਰਧਾਰਕ ਕ੍ਰਾਂਤੀ ਨੂੰ ਪ੍ਰਚੰਡ ਕੀਤਾ। ਦਲਿਤ ਵਰਗ ਅੰਦਰ ਚੇਤਨਾ ਪੈਦਾ ਕਰਕੇ ਇੱਕ ਨਵੀਂ ਜੀਵਨ ਜਾਂਚ ਉਸਾਰ ਕੇ ਸਵੈ ਮਾਣ ਨਾਲ ਜਿਉਣਾ ਸਿਖਾਇਆ। ਭਗਤ ਬਾਣੀ ਸਾਰੇ ਮਨੁੱਖਾਂ ਨੂੰ ਪਰਮਾਤਮਾ ਦੀ ਨਜ਼ਰ ਵਿੱਚ ਇੱਕ ਸਮਾਨ ਮੰਨਦੀ ਹੋਈ ਬ੍ਰਾਹਮਣ ਵਰਗ ਦੁਆਰਾ ਊਚ ਨੀਚ ਦੇ ਪਾਏ ਭੁਲੇਖੇ ਨੂੰ ਦੂਰ ਕਰਦੀ ਹੋਈ ਸਮੂਹ ਲੁਕਾਈ ਨੂੰ ਜਾਤ ਪਾਤ ਅਤੇ ਵਿਤਕਰਿਆਂ ਤੋਂ ਉੱਪਰ ਉੱਠ ਕੇ ਇੱਕ ਜੁੱਟ ਹੋਣ ਦਾ ਸੰਦੇਸ਼ ਦਿੰਦੀ ਹੈ :

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ।।
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਣ ਭਲੇ ਕੋ ਮੰਦੇ।।

ਮੱਧਕਾਲੀਨ ਧਾਰਮਿਕ ਸੰਸਕ੍ਰਿਤੀ ਵਿੱਚ ਹਿੰਦੂ ਅਤੇ ਮੁਸਲਮਾਨ ਦੋਹਾਂ ਧਰਮਾਂ ਦੀ ਆਪਸੀ ਪਾੜੋ ਧਾੜ ਸਿਖਰਾਂ ਉੱਤੇ ਸੀ ਅਜਿਹੇ ਸਮੇਂ ਭਗਤ ਕਵੀਆਂ ਨੇ ਦੋਵਾਂ ਧਰਮਾਂ ਦੀ ਧਾਰਮਿਕ ਸੰਕੀਰਨਤਾ ਨੂੰ ਖਤਮ ਕਰਨ ਦੇ ਸਿਰ ਤੋੜ ਯਤਨ ਕੀਤੇ। ਦੋਹਾਂ ਧਰਮਾਂ ਦੇ ਬਾਹਰੀ ਅਡੰਬਰਾਂ, ਰੋਜ਼ੇ, ਨਮਾਜ਼, ਤੀਰਥ, ਵਰਤ, ਬੁਤ ਪੂਜਾ ਆਦਿ ਕੁਰੀਤੀਆਂ ਦਾ ਖੰਡਨ ਕਰਕੇ ਸਮਾਨਤਾ ਪਰਸਪਰ ਪਿਆਰ ਦੀ ਭਾਵਨਾ ਸਥਾਪਿਤ ਕੀਤੀ। ਦੇਹੁਰਾ ਅਤੇ ਮਸੀਤ ਦੀ ਪੂਜਾ ਤੋਂ ਉੱਪਰ ਉੱਠਣ ਦਾ ਸੰਦੇਸ਼ ਦੇ ਕੇ ਭਾਰਤੀਆਂ ਦਾ ਧਿਆਨ ਵਿਸ਼ਵ ਧਰਮ ਵੱਲ ਕੇਂਦਰਿਤ ਕੀਤਾ ਜਿਹੜਾ ਕਿ ਧਾਰਮਿਕ ਸੰਕੀਰਨਤਾ ਤੋਂ ਉਚੇਰਾ ਸੀ :

ਹਿੰਦੂ ਅੰਨਾ ਤੁਰਕੂ ਕਾਣਾ
ਦੋਹਾਂ ਤੇ ਗਿਆਨੀ ਸਿਆਣਾ
ਹਿੰਦੂ ਪੂਜੈ ਦੇਹੁਰਾ ਮੁਸਲਮਾਣ ਮਸੀਤਿ
ਨਾਮੇ ਸੋਈ ਸੇਵਿਆ ਜਹ ਦੋਹੁਰਾ ਨਾ ਮਸੀਤਿ।।

Guru Ravidas Ji
Pic Credit : Mynachiketa

ਜਦੋਂ ਮੱਧਕਾਲੀਨ ਸਮੇਂ ਵਿੱਚ ਭਾਰਤ ਦਾ ਸਮਾਜ ਅਜਿਹੇ ਵਾਤਾਵਰਨ ਵਿੱਚ ਸਿਰਜ ਰਿਹਾ ਸੀ ਉਸੇ ਸਮੇਂ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਹੋਇਆ। ਇਸ ਸਮੇਂ ਲੋਕ ਕਰਮਕਾਂਡ, ਬਾਹਰਮੁੱਖੀ, ਭਗਤੀਆਂ, ਮੂਰਤੀ ਪੂਜਾ, ਠਾਕੁਰਾਂ ਆਦਿ ਦੀ ਪੂਜਾ ਵਿੱਚ ਲੱਗੇ ਹੋਏ ਸਨ। ਇਤਿਹਾਸ ਦੇ ਝਰੋਖੇ ਵਿੱਚ ਦੇਖਿਆਂ ਪਤਾ ਚੱਲਦਾ ਹੈ ਕਿ ਜ਼ਾਤ-ਪਾਤ ਪਹਿਲੇ ਯੁਗਾਂ ਵਿੱਚ ਵੀ ਸੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜ਼ਾਤ-ਪਾਤ ਤੇ ਛੂਤ-ਛਾਤ ਹੁਣ ਵੀ ਸਮਾਜ ਦੇ ਵਿੱਚ ਹੈ। ਪ੍ਰੰਤੂ ਜਦੋਂ ਆਪ ਜੀ ਦਾ ਜਨਮ ਹੋਇਆ ਉਸ ਵਕਤ ਸਮਾਜ ਦੇ ਮੋਢੀਆਂ ਨੇ ਲੋਕਾਂ ਨੂੰ ਚਾਰ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ। ਜਿਹੜੇ ਪਾਠ-ਪੂਜਾ ਕਰਦੇ ਸਨ ਉਹ ਉੱਚੀ ਕੁੱਲ ਵਾਲੇ ਭਾਵ ਬ੍ਰਾਹਮਣ ਅਖਵਾਉਂਦੇ ਸਨ। ਜਿਹੜੇ ਆਪਣੇ ਦੇਸ਼ ਜਾਂ ਕੌਮ ਲਈ ਲੜਦੇ ਸਨ ਉਹਨਾਂ ਨੂੰ ਖੱਤਰੀ ਜਾਂ ਕਛੱਤਰੀ ਕਿਹਾ ਜਾਂਦਾ ਸੀ। ਜੋ ਲੋਕ ਜ਼ਿਮੀਂਦਾਰਾਂ ਦਾ ਕੰਮ ਕਰਦੇ ਸਨ ਖੇਤੀਬਾੜੀ ਆਦਿ ਉਹਨਾਂ ਨੂੰ ਵੈਸ਼ ਕਿਹਾ ਜਾਂਦਾ ਸੀ। ਜੋ ਉੱਪਰਲੇ ਵਰਗ ਦੇ ਲੋਕਾਂ ਦੇ ਘਰਾਂ ਵਿੱਚ ਜਾਂ ਖੇਤਾਂ ਵਿੱਚ ਮਿਹਨਤ ਮਸ਼ੱਕਤ ਕਰਦੇ ਸਨ ਉਹਨਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ। ਸ਼ੂਦਰਾਂ ਨੂੰ ਛੋਟੀ ਜਾਤੀ ਦਾ ਸਮਝ ਕੇ ਬਾਕੀ ਵਰਗ ਇਹਨਾਂ ਨਾਲ ਨਫ਼ਰਤ ਕਰਦੇ ਸਨ। ਇਥੋਂ ਤੱਕ ਕਿ ਸ਼ੂਦਰ ਵਰਗ ਦੇ ਲੋਕ ਅਗਰ ਭਗਤੀ ਕਰਦੇ ਸਨ ਤਾਂ ਉਹ ਵੀ ਪਾਪ ਮੰਨਿਆ ਜਾਂਦਾ ਸੀ। ਭਗਤੀ ਕਰਨ ਦਾ ਵੀ ਹੱਕ ਸ਼ੂਦਰਾਂ ਨੂੰ ਨਹੀਂ ਸੀ। ਯੂਨਾਨ ਤੋਂ ਸੈਲਾਨੀ ਐਲਬਰੂਨੀ ਭਾਰਤ ਵਿੱਚ 11ਵੀਂ ਸਦੀ ਵਿੱਚ ਆਇਆ, ਉਹ ਆਪਣੀ ਪੁਸਤਕ ਐਲਬਰੂਨੀ ਇੰਡੀਆ ਦੇ ਪੰਨਾ 125 ਵਿੱਚ ਲਿਖਦਾ ਹੈ ਕਿ ਸ਼ੂਦਰ ਤਾਂ ਇੱਕ ਪਾਸੇ ਵੈਸ਼ ਜਾਤੀ ਨੂੰ ਵੀ ਭਗਤੀ ਕਰਨ ਦੀ ਆਗਿਆ ਨਹੀਂ ਸੀ। ਜੇ ਵੈਸ਼ ਨੂੰ ਆਪਣੇ ਮੂੰਹ ਤੋਂ ਓਮ ਦਾ ਪਵਿੱਤਰ ਸ਼ਬਦ ਕਹਿੰਦਿਆਂ ਸੁਣਿਆ ਜਾਂਦਾ ਤਾਂ ਉਸਦੀ ਜੀਭ ਉਸੇ ਸਮੇਂ ਹੁਕਮ ਅਨੁਸਾਰ ਕੱਟ ਦਿੱਤੀ ਜਾਂਦੀ।

ਪਰਮਾਤਮਾ ਦੀ ਮੌਜ ਹੋਈ ਤਾਂ ਸ਼ੂਦਰ ਵਰਗ ਦੇ ਅੰਦਰ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਹੋਇਆ। ਬਚਪਨ ਤੋਂ ਹੀ ਆਪ ਆਪਣੀ ਮਾਤਾ ਜੀ ਨਾਲ ਸੰਤਾਂ ਮਹਾਤਮਾਵਾਂ ਦੀ ਸੰਗਤ ਵਿੱਚ ਜਾਂਦੇ ਸਨ। ਜਿਹਦੇ ਫਲਸਰੂਪ ਆਪਦੇ ਹਿਰਦੇ ਅੰਦਰ ਪ੍ਰਭੂ ਭਗਤੀ ਕਰਨ ਦਾ ਸ਼ੌਂਕ ਪੈਦਾ ਹੋ ਗਿਆ। ਨੌ ਸਾਲਾਂ ਦੀ ਉਮਰ ਵਿੱਚ ਹੀ ਆਪ ਤੇ ਪਰਮਾਤਮਾ ਦੀ ਭਗਤੀ ਦਾ ਗੂੜ੍ਹਾ ਰੰਗ ਚੜ੍ਹ ਗਿਆ ਸੀ। ਮਾਤਾ ਪਿਤਾ ਨੇ ਆਪ ਦੀ ਇਹ ਅਵਸਥਾ ਵੇਖ ਕੇ ਪਿਤਾ ਪੁਰਖੀ ਧੰਦੇ ਵਿੱਚ ਲਾ ਕੇ ਆਪ ਦਾ ਖਿਆਲ ਪਰਮਾਤਮਾ ਦੀ ਭਗਤੀ ਵੱਲੋਂ ਮੋੜਨਾ ਚਾਹਿਆ। ਆਪ ਜੀ ਦਾ ਪਿਤਾ ਪੁਰਖੀ ਧੰਦਾ ਜੋੜੇ (ਜੁੱਤੇ) ਬਣਾਉਣ ਦਾ ਸੀ। ਭਾਵੇਂ ਆਪ ਨੇ ਪਿਤਾ ਪੁਰਖੀ ਧੰਦਾ ਸਿੱਖ ਕੇ ਅਪਣਾ ਵੀ ਲਿਆ ਸੀ, ਤਾਂ ਵੀ ਜੋ ਆਪ ਦੇ ਹਿਰਦੇ ਵਿੱਚ ਪ੍ਰਭੂ ਪ੍ਰੇਮ ਸੀ, ਉਹਦੇ ਵਿੱਚ ਕੋਈ ਫਰਕ ਨਾ ਆਇਆ। ਆਪ ਦੇ ਮਨ ਵਿੱਚ ਸੰਤਾਂ-ਮਹਾਤਮਾ ਬਾਰੇ ਇੰਨੀ ਸ਼ਰਧਾ ਸੀ ਕਿ ਮਾਮੂਲੀ ਕੀਮਤ ਤੇ ਹੀ ਉਹਨਾਂ ਦੇ ਜੋੜੇ (ਜੁੱਤੇ) ਬਣਾ ਦਿਆ ਕਰਦੇ ਸਨ। ਆਪ ਜੀ ਨੇ ਆਪਣੀ ਬਾਣੀ ਦੇ ਡੰਕੇ ਦੀ ਚੋਟ ਨਾਲ ਆਪਣੀ ਜ਼ਾਤ ਬਾਰੇ ਲਿਖਿਆ ਹੈ:

ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚਮਾਰੰ ll

ਗੁਰੂ ਰਵਿਦਾਸ ਜੀ ਦੇ ਜਨਮ ਮਿਤੀ ਬਾਰੇ ਇਤਿਹਾਸਕਾਰਾਂ ਵੱਲੋਂ ਵੱਖੋ-ਵੱਖਰੇ ਵਿਚਾਰ ਪੇਸ਼ ਕੀਤੇ ਗਏ ਹਨ। ਪਰਮਾਤਮਾ ਦੀ ਭਗਤੀ ਦਾ ਸਹੀ ਮਾਰਗ ਦਰਸ਼ਨ ਦਿੰਦਿਆਂ ਗੁਰੂ ਰਵਿਦਾਸ ਜੀ ਨੂੰ ਕਈ ਪ੍ਰਕਾਰ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਜਿਸ ਵਿੱਚੋਂ ਇੱਕ ਬਹੁਤ ਮਹੱਤਵਪੂਰਨ ਘਟਨਾ ਸੀ ਕਿ ਜਦੋਂ ਆਪ ਨੇ ਖੂਬ ਡਟ ਕੇ ਪਰਮਾਤਮਾ ਦੀ ਭਗਤੀ ਕੀਤੀ ਅਤੇ ਭਗਤੀ ਦਾ ਪ੍ਰਚਾਰ ਸ਼ੁਰੂ ਕੀਤਾ ਤਾਂ ਸੌੜੀ ਸੋਚ ਵਾਲੇ ਉੱਚੀ ਕੁੱਲ ਵਿੱਚ ਜਨਮੇ ਲੋਕਾਂ ਨੇ ਰਾਜੇ ਕੋਲ ਆਪ ਦੀ ਸ਼ਿਕਾਇਤ ਕੀਤੀ ਕਿ ਰਵਿਦਾਸ ਸ਼ੂਦਰ ਹੋ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ। ਉਸਨੂੰ ਰੋਕਿਆ ਜਾਵੇ। ਰਾਜੇ ਨੇ ਰਵਿਦਾਸ ਨੂੰ ਆਪਣੇ ਦਰਬਾਰ ਵਿੱਚ ਬੁਲਾ ਕੇ ਕਿਹਾ ਕਿ ਸ਼ੂਦਰਾਂ ਨੂੰ ਰੱਬ ਦੀ ਭਗਤੀ ਦਾ ਹੱਕ ਨਹੀਂ ਹੈ ਤਾਂ ਤੁਸੀਂ ਇਹ ਪਾਪ ਕਿਉਂ ਕਰ ਰਹੇ ਹੋ? ਆਪ ਨੇ ਕਿਹਾ ਕਿ ਰਾਜਨ ਪ੍ਰਭੂ ਭਗਤੀ ਦਾ ਜ਼ਾਤ-ਪਾਤ ਨਾਲ ਕੋਈ ਸਬੰਧ ਨਹੀਂ ਹੈ। ਰਾਜੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ। ਫਿਰ ਅਚਾਨਕ ਉਸ ਦੇ ਮਨ ਵਿੱਚ ਇੱਕ ਤਰਕੀਬ ਆਈ। ਉਸਨੇ ਭਗਵਾਨ ਦੀ ਮੂਰਤੀ ਮੰਗਵਾ ਕੇ ਦਰਬਾਰ ਵਿੱਚ ਰਖਵਾ ਦਿੱਤੀ। ਬ੍ਰਾਹਮਣਾਂ ਅਤੇ ਰਵਿਦਾਸ ਨੂੰ ਬੁਲਾ ਕੇ ਕਿਹਾ ਕਿ ਜਿਹੜਾ ਆਪਣੀ ਭਗਤੀ ਦੁਆਰਾ ਇਸ ਮੂਰਤੀ ਨੂੰ ਆਪਣੇ ਕੋਲ ਬੁਲਾਏਗਾ ਉਸਦੀ ਭਗਤੀ ਸੱਚੀ ਮੰਨੀ ਜਾਏਗੀ। ਪਹਿਲਾ ਬ੍ਰਾਹਮਣਾਂ ਦੀ ਵਾਰੀ ਆਈ। ਬ੍ਰਾਹਮਣਾਂ ਦਾ ਜੋ ਵੀ ਨਿਤਨੇਮ ਸੀ ਉਹ ਕੀਤਾ। ਲੇਕਿਨ ਭਗਵਾਨ ਦੀ ਮੂਰਤੀ ਆਪਣੇ ਥਾਂ ਤੋਂ ਨਾ ਹਿੱਲੀ। ਫਿਰ ਰਵਿਦਾਸ ਜੀ ਦੀ ਵਾਰੀ ਆਈ। ਭਾਵੇਂ ਆਪ ਕਰਾਮਾਤਾਂ ਦੇ ਖਿਲਾਫ਼ ਸਨ ਪ੍ਰੰਤੂ ਸਮੇਂ ਦੀ ਨਜ਼ਾਕਤ ਦੇਖਦੇ ਹੋਏ ਆਪ ਨੇ ਮਾਲਕ ਅੱਗੇ ਬੜੀ ਦੀਨਤਾ ਨਾਲ ਬੇਨਤੀ ਕੀਤੀ:

ਐਸੀ ਜਨਿ ਕਰਿ ਹੋ ਮਹਾਰਾਜ ।
ਦੂਰ ਮਾਂਹੀ ਤੁਮ ਬਈਠੈ ਦੇਖੋ,
ਬਿਗਰਤ ਹੈ ਯੋਂ ਕਾਜ ।
ਕਾਂਚ ਕਥੀਰ ਪਤਿਤ ਹਮਤੇ ਹੋ,
ਨੈਨਨ ਦੇਖੋ ਆਜ,
ਖਲ ਹਲ ਕਾਸ਼ੀ ਲੋਕ ਬਹੁ ਆਏ,
ਦੇਖਨਿ ਭਗਤਿ ਸਮਾਜ
ਬਿਰਦ ਤਜੋ ਕੈ ਬਿਰਦ ਸੰਭਾਰੋ,
ਕਹੈ ਰਵਿਦਾਸ ਚਮਰਾਜ ।

ਕਿਹਾ ਜਾਂਦਾ ਹੈ ਕਿ ਰਵਿਦਾਸ ਜੀ ਦੀ ਸ਼ਰਧਾ ਤੇ ਦੀਨਤਾ ਨਾਲ ਕੀਤੀ ਅਰਦਾਸ ਨੂੰ ਸੁਣ ਕੇ ਮੂਰਤੀ ਆਪ ਦੀ ਗੋਦ ਵਿੱਚ ਜਾ ਬਿਰਾਜੀ। ਇਸ ਘਟਨਾ ਦਾ ਜ਼ਿਕਰ ਯੂ.ਪੀ. ਵਿੱਚ ਹੋਏ ਸੰਤ ਪਲਟੂ ਸਾਹਿਬ ਨੇ ਵੀ ਆਪਣੀ ਇੱਕ ਕੁੰਡਲੀ ਵਿੱਚ ਅੰਕਿਤ ਕੀਤਾ ਹੈ। ਇਸ ਸਾਰੀ ਘਟਨਾ ਤੋਂ ਇਹ ਗੱਲ ਭਲੀ ਭਾਂਤ ਸਪਸ਼ਟ ਹੋ ਜਾਂਦੀ ਹੈ ਕਿ ਗੁਰੂ ਰਵਿਦਾਸ ਜੀ ਦਾ ਪਰਮਾਤਮਾ ਨਾਲ ਸੱਚਾ ਪਿਆਰ ਸੀ। ਆਪਣੀ ਭਗਤੀ ਅਤੇ ਭਗਤ ਦੀ ਲਾਜ ਰੱਖਣ ਲਈ ਪ੍ਰਭੂ ਨੇ ਗੁਰੂ ਰਵਿਦਾਸ ਜੀ ਦੇ ਹੱਕ ਵਿੱਚ ਹਾਮੀ ਭਰੀ। ਇਸ ਘਟਨਾ ਤੋਂ ਬਾਅਦ ਸ਼ੂਦਰ ਪਰਿਵਾਰ ਵਿੱਚ ਜੰਮੇ ਹਰ ਵਿਅਕਤੀ ਨੂੰ ਪਰਮਾਤਮਾ ਦੀ ਭਗਤੀ ਕਰਨ ਦੀ ਖੁਲ੍ਹ ਮਿਲ ਗਈ। ਇਹ ਸ਼ੂਦਰ ਸਮਾਜ ਲਈ ਇੱਕ ਬਹੁਤ ਵੱਡਾ ਪਰਉਪਕਾਰ ਸੀ। ਅਜਿਹਾ ਕਰਨਾ ਸਮੇਂ ਦੀ ਮੰਗ ਸੀ। ਜਿਸ ਕਾਰਜ ਨੂੰ ਵੱਡੇ-ਵੱਡੇ ਸਮਾਜ ਸੁਧਾਰਕ ਨਹੀਂ ਕਰ ਪਾਏ ਉਹ ਮਹਾਨ ਕਾਰਜ ਕੋਈ ਗੁਰੂ ਰਵਿਦਾਸ ਜੈਸਾ ਪਰਮ ਸੰਤ ਹੀ ਕਰ ਸਕਦਾ ਸੀ। ਆਪ ਦੇ ਅਨੇਕਾਂ ਸ਼ਰਧਾਲੂਆਂ ਤੋਂ ਇਲਾਵਾ ਰਾਜਾ ਪੀਪਾ ਅਤੇ ਮੇਵਾੜ ਦੀ ਰਾਣੀ ਮੀਰਾ ਬਾਈ ਵੀ ਆਪ ਦੇ ਅਨਿਨ ਸੇਵਕ ਸਨ। ਮੀਰਾ ਬਾਈ ਨੇ ਖ਼ੁਦ ਇਸ ਦੀ ਪੁਸ਼ਟੀ ਕੀਤੀ ਹੈ:

ਗੁਰੂ ਰਵਿਦਾਸ ਮਿਲੇ ਮੋਹਿ ਪੂਰੇ ਧੁਰ ਸੇ ਕਲਮ ਭਿੜੀ ।

Guru Ravidas and Guru Nanak Dev
Pic Credit : Social Media

ਗੁਰੂ ਰਵਿਦਾਸ ਜੀ ਦੀ ਭੇਂਟ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਵੀ ਹੋਈ ਦੱਸੀ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਦੀ ਸ਼ੁਰੂਆਤ ਸੀ, ਜਦੋਂ ਗੁਰੂ ਨਾਨਕ ਦੇਵ ਜੀ ਗੁਰੂ ਰਵਿਦਾਸ ਜੀ ਨੂੰ ਮਿਲੇ ਸਨ। ਗੁਰੂ ਰਵਿਦਾਸ ਜੀ ਦੀ ਵਡਿਆਈ ਕਰਦੇ ਹੋਏ ਕਬੀਰ ਜੀ ਨੇ ਲਿਖਿਆ ਹੈ:

ਸੰਤਨ ਮੇਂ ਰਵਿਦਾਸ ਸੰਤ ਹੈ ।

ਸ਼ਹੀਦਾਂ ਦੇ ਸਿਰਤਾਜ ਪੰਜਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਤ ਕਬੀਰ, ਬਾਬਾ ਨਾਮਦੇਵ ਜੀ, ਗੁਰੂ ਰਵਿਦਾਸ ਜੀ ਤੇ ਗੁਰੂ ਨਾਨਕ ਦੇਵ ਜੀ ਬਾਰੇ ਇਸ ਤਰ੍ਹਾਂ ਲਿਖਿਆ ਹੈ:

ਕਬੀਰਿ ਧਿਆਇਓ ਏਕ ਰੰਗ ॥
ਨਾਮਦੇਵ ਹਰਿ ਜੀਉ ਬਸਹਿ ਸੰਗਿ ॥
ਰਵਿਦਾਸ ਧਿਆਏ ਪ੍ਰਭ ਅਨੂਪ ॥
ਗੁਰ ਨਾਨਕ ਦੇਵ ਗੋਵਿੰਦ ਰੂਪ ॥

ਇਸ ਤੋਂ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਸੰਤ ਕਬੀਰ, ਬਾਬਾ ਨਾਮਦੇਵ, ਗੁਰੂ ਰਵਿਦਾਸ ਤੇ ਗੁਰੂ ਨਾਨਕ ਦੇਵ ਜੀ ਦਾ ਇੱਕੋ ਮੱਤ ਸੀ। ਗੁਰੂ ਰਵਿਦਾਸ ਜੀ ਦੀ ਬਾਣੀ ਪ੍ਰਭੂ ਪਿਆਰ ਅਤੇ ਨਿਮਰਤਾ ਨਾਲ ਭਰਪੂਰ ਹੈ। ਇਸ ਦੀ ਮਹਾਨਤਾ ਨੂੰ ਦੇਖਦਿਆਂ ਹੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਵਿੱਚ ਆਪ ਦੀ ਬਾਣੀ ਵਿੱਚੋਂ 40 ਪਦੇ ਸ਼ਾਮਿਲ ਕੀਤੇ ਹਨ। ਇਹਨਾਂ ਵਿੱਚੋਂ ਕੁਝ ਸ਼ਲੋਕ ਰਾਗ ਸੋਰਠ ਅਤੇ ਰਾਗ ਮਾਰੂ ਵਿੱਚ ਵੀ ਅੰਕਿਤ ਹਨ। ‘ਸੰਤ ਗੁਰੂ ਰਵਿਦਾਸ ਬਾਣੀ’ ਨਾਂ ਦੀ ਇੱਕ ਪੁਸਤਕ ਬੇਣੀ ਪ੍ਰਸ਼ਾਦ ਸ਼ਰਮਾ ਨੇ 1978 ਈਸਵੀ ਵਿੱਚ ਛਾਪੀ ਸੀ। ਇਸ ਪੁਸਤਕ ਵਿੱਚ ਆਪ ਦੇ 177 ਪਦੇ ਹਨ, ਜਿਨਾਂ ਵਿੱਚ 41 ਸਾਖੀਆਂ ਵੀ ਹਨ। ਜਿਸ ਤੋਂ ਪਤਾ ਲੱਗਦਾ ਕਿ ਆਪ ਇੱਕ ਮਹਾਨ ਸੰਤ ਤੇ ਅਚੁਕ ਅਧਿਆਤਮਕਵਾਦੀ ਮਹਾਤਮਾ ਸਨ। ਆਪ ਨੇ ਉਪਦੇਸ਼ ਦਿੱਤਾ ਕਿ ਉਦੇਸ਼ ਦੀ ਪੂਰਤੀ ਲਈ ਦ੍ਰਿੜਤਾ ਤੇ ਅਤੁੱਟ ਵਿਸ਼ਵਾਸ ਦਾ ਹੋਣਾ ਅਤੀ ਜਰੂਰੀ ਹੈ। ਗੁਰੂ ਰਵਿਦਾਸ ਜੀ ਨੇ ਪਰਮਾਤਮਾ ਦੀ ਪ੍ਰਾਪਤੀ ਲਈ ਹੀ ਆਪਣਾ ਸਭ ਕੁਝ ਵਾਰ ਦਿੱਤਾ ਸੀ। ਆਪ ਨੇ ਆਪਣੀ ਬਾਣੀ ਵਿੱਚ ਲਿਖਿਆ ਹੈ ਕਿ ਜੋ ਜੀਵ ਗੁਰੂ ਦੁਆਰਾ ਬਖਸ਼ੇ ਨਾਮ ਦਾ ਸਿਮਰਨ ਪਿਆਰ ਸਹਿਤ ਕਰਦਾ ਹੈ, ਇਸੇ ਨੂੰ ਆਪਣਾ ਮਨੋਰਥ ਮੰਨਦਾ ਹੈ, ਉਸਨੂੰ ਸੰਸਾਰ ਵਿੱਚ ਦੁਬਾਰਾ ਜਨਮ ਨਹੀਂ ਲੈਣਾ ਪੈਂਦਾ। ਭਗਤ ਰਵਿਦਾਸ ਜੀ ਦੀ ਬਾਣੀ ਦਾ ਰੂਪ ਅਤੇ ਵਿਸ਼ਾ ਪੱਖ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨਾਲ ਹੀ ਮੇਲ ਖਾਂਦਾ ਹੈ। ਆਪ ਜੀ ਦਾ ਉਪਦੇਸ਼ ਹੈ ਕਿ ਮਨੁੱਖ ਘਰ-ਘਰ ਮੰਗਣ ਨਾ ਜਾਵੇ ਸਗੋਂ ਆਪਣੀ ਕਿਰਤ ਕਰਕੇ ਜੀਵਨ ਨਿਰਬਾਹ ਕਰੇ। ਬੁਰੇ ਕੰਮਾਂ ਦਾ ਲੇਖਾ ਦੇਣਾ ਹੀ ਪੈਣਾ ਹੈ। ਆਪ ਜੀ ਨੇ ਸ਼ੁਭ ਕਰਮ ਕਰਨ ਲਈ ਨਿਰਹੰਕਾਰੀ ਜੀਵਨ ਜਿਉਣ ਦੀ ਜਾਂਚ ਦੱਸੀ ਹੈ। ਭਗਤ ਰਵਿਦਾਸ ਜੀ ਅਨੁਸਾਰ ਸਾਧ-ਸੰਗਤ ਸਭ ਤੋਂ ਉੱਤਮ ਹੈ, ਕਿਉਂਕਿ ਜਿਥੇ ਸਾਧ-ਸੰਗਤ ਇਕੱਤਰ ਹੁੰਦੀ ਹੈ ਉਥੇ ਪ੍ਰਭੂ ਦੀ ਵਡਿਆਈ ਗਾਇਨ ਕੀਤੀ ਜਾਂਦੀ ਹੈ। ਸਾਧ-ਸੰਗਤ ਰਾਹੀਂ ਮਨੁੱਖ ਦੇ ਸਭ ਪ੍ਰਕਾਰ ਦੇ ਪਾਪ ਨਾਸ਼ ਹੋ ਜਾਂਦੇ ਹਨ:

ਸਾਧੂ ਕੀ ਜਉ ਲੇਹਿ ਓਟ ॥
ਤੇਰੇ ਮਿਟਹਿ ਪਾਪ ਸਭ ਕੋਟਿ ਕੋਟਿ ॥

ਭਗਤ ਰਵਿਦਾਸ ਜੀ ਪ੍ਰਭੂ-ਨਾਮ ਨੂੰ ਸਰਵ ਉੱਤਮ ਮੰਨਦੇ ਹਨ। ਨਾਮ-ਜਪਣ ਵਾਲੇ ਨੂੰ ਕਿਸੇ ਪ੍ਰਕਾਰ ਦਾ ਵੀ ਸਰੀਰਕ ਅਤੇ ਮਾਨਸਿਕ ਦੁੱਖ ਨਹੀਂ ਲੱਗਦਾ। ਨਾਮ-ਸਿਮਰਨ ਨਾਲ ਹਰਿ-ਜਨ, ਹਰਿ ਵਿੱਚ ਅਭੇਦ ਹੋ ਜਾਂਦਾ ਹੈ। ਇਹ ਅਮੋਲਕ ਹੀਰਾ ਨਾਮ ਪੂਰੇ ਗੁਰੂ ਪਾਸੋਂ ਪ੍ਰਾਪਤ ਹੁੰਦਾ ਹੈ। ਦੁਨੀਆਂ ਦੇ ਕੋਈ ਵੀ ਪਦਾਰਥ ਨਾਮ ਦੇ ਬਰਾਬਰ ਨਹੀਂ ਹੋ ਸਕਦੇ। ਨਾਮ-ਸਿਮਰਨ ਦੀ ਬਰਕਤ ਕਰਕੇ ਹੀ ਭਗਤ ਕਬੀਰ ਜੀ ਵਿਸ਼ਵ ਪ੍ਰਸਿੱਧ ਹੋ ਗਏ ਅਤੇ ਉਨਾਂ ਦੇ ਜਨਮਾਂ-ਜਨਮਾਂ ਦੇ ਸਭ ਪ੍ਰਕਾਰੀ ਬੁਰੇ ਕਰਮ ਨਸ਼ਟ ਹੋ ਗਏ।

ਹਰਿ ਕੇ ਨਾਮ ਕਬੀਰ ਉਜਾਗਰ ॥
ਜਨਮ ਜਨਮ ਕੇ ਕਾਟੇ ਕਾਗਰ ॥

Guru Ravidas and Mira Bai
Pic Credit : Social Media

ਗੁਰੂ ਰਵਿਦਾਸ ਜੀ ਪ੍ਰਭੂ ਦੇ ਰੰਗ ਵਿੱਚ ਅਜਿਹੇ ਰੰਗੇ ਹੋਏ ਸਨ ਕਿ ਆਪਦੇ ਹਿਰਦੇ ਰੂਪੀ ਕੰਵਲ ਵਿੱਚ ਹੋਰ ਕੋਈ ਤਮੰਨਾ ਨਹੀਂ ਸੀ। ਇਹ ਗੱਲ ਇਸ ਘਟਨਾ ਨੂੰ ਭਲੀ ਭਾਂਤ ਸਪਸ਼ਟ ਕਰਦੀ ਹੈ। ਜਦੋਂ ਮੀਰਾਬਾਈ ਨੂੰ ਲੋਕਾਂ ਨੇ ਤਾਅਨੇ ਮਾਰੇ ਕੇ ਤੂੰ ਆਪ ਤਾਂ ਮਹਿਲਾਂ ਵਿੱਚ ਰਹਿੰਦੀ ਹੈ, ਤੇਰਾ ਗੁਰੂ ਜੁੱਤੀਆਂ ਬਣਾ ਕੇ ਗੁਜ਼ਾਰਾ ਕਰਦਾ ਹੈ। ਇੱਕ ਦਿਨ ਮੀਰਾ ਬਾਈ ਆਪ ਜੀ ਕੋਲ ਬਹੁਤ ਕੀਮਤੀ ਹੀਰਾ ਲੈ ਕੇ ਆਈ। ਬਹੁਤ ਹੀ ਨਿਮਰਤਾ ਸਹਿਤ ਅਰਜ਼ ਕੀਤੀ, ਹੇ ਗੁਰੂਦੇਵ ਇਹ ਹੀਰਾ ਵੇਚ ਕੇ ਸੋਹਣਾ ਜਿਹਾ ਮਕਾਨ ਬਣਾ ਕੇ ਵਧੀਆ ਜ਼ਿੰਦਗੀ ਬਸਰ ਕਰੋ। ਆਪ ਨੇ ਕਿਹਾ ਬੇਟਾ ਇਹ ਹੀਰਾ ਮੇਰੇ ਕਿਸ ਕੰਮ। ਮੈਨੂੰ ਜੋ ਕੁਝ ਮਿਲਿਆ ਹੈ ਜੁੱਤੀਆਂ ਬਣਾ ਕੇ ਹੀ ਮਿਲਿਆ ਹੈ। ਜਾਣੀ ਜਾਣ ਸਤਿਗੁਰੂ ਨੇ ਫ਼ਰਮਾਇਆ, ਬੇਟਾ ਜੇ ਤੈਨੂੰ ਲੋਕਾਂ ਦੇ ਤਾਅਨਿਆਂ ਤੋਂ ਡਰ ਲੱਗਦਾ ਹੈ ਤਾਂ ਤੂੰ ਘਰ ਬੈਠ ਕੇ ਬੰਦਗੀ ਕਰ ਲਿਆ ਕਰ। ਜਾਂਦੀ ਹੋਈ ਮੀਰਾ ਬਾਈ ਉਹ ਹੀਰਾ ਉਥੇ ਹੀ ਰੱਖ ਕੇ ਚਲੀ ਗਈ। ਉਸ ਦਾ ਖਿਆਲ ਸੀ ਕਿ ਜਦੋਂ ਗੁਰੂ ਸਾਹਿਬ ਦੀ ਨਜ਼ਰ ਪਏਗੀ ਤਾਂ ਵੇਚ ਕੇ ਮਕਾਨ ਬਣਾ ਲੈਣਗੇ। ਜਦੋਂ ਕਾਫੀ ਅਰਸਾ ਗੁਜ਼ਰ ਗਿਆ ਫਿਰ ਗੁਰੂ ਜੀ ਦੇ ਦਰਸ਼ਨਾਂ ਲਈ ਤੁਰ ਪਈ। ਮਨ ਦੇ ਵਿੱਚ ਸੋਚਦੀ ਆ ਰਹੀ ਸੀ ਕਿ ਸ਼ਾਇਦ ਗੁਰੂ ਸਾਹਿਬ ਨੇ ਹੀਰਾ ਵੇਚ ਕੇ ਵਧੀਆ ਮਕਾਨ ਬਣਾ ਕੇ ਠਾਠ ਦੀ ਜ਼ਿੰਦਗੀ ਗੁਜ਼ਾਰਨੀ ਸ਼ੁਰੂ ਕਰ ਦਿੱਤੀ ਹੋਵੇਗੀ। ਜਦੋਂ ਗੁਰੂ ਜੀ ਕੋਲ ਪਹੁੰਚੀ ਤਾਂ ਬੜੀ ਹੈਰਾਨ ਹੋਈ ਗੁਰੂ ਸਾਹਿਬ ਉਸੇ ਤਰ੍ਹਾਂ ਜੁੱਤੀਆਂ ਬਣਾ ਰਹੇ ਸਨ। ਦਰਸ਼ਨ ਕਰਕੇ ਕਹਿਣ ਲੱਗੀ ਗੁਰੂਦੇਵ ਮੈਂ ਆਪ ਵਾਸਤੇ ਹੀਰਾ ਇਥੇ ਹੀ ਛੱਡ ਗਈ ਸੀ। ਗੁਰੂ ਰਵਿਦਾਸ ਜੀ ਨੇ ਕਿਹਾ ਬੇਟਾ ਜਿਥੇ ਰੱਖ ਕੇ ਗਈ ਸੀ ਚੁੱਕ ਲੈ ਹੀਰਾ ਉਥੇ ਹੀ ਪਿਆ ਹੋਇਆ ਸੀ ਜਿਥੇ ਮੀਰਾਬਾਈ ਨੇ ਰੱਖਿਆ ਸੀ। ਇਸ ਤੋਂ ਬਾਅਦ 1515 ਈਸਵੀ ਦੇ ਵਿੱਚ ਗੁਰੂ ਰਵਿਦਾਸ ਜੀ ਨੇ ਖੁਰਾਲਗੜ੍ਹ ਦੇ ਵਿੱਚ ਚਾਰ ਸਾਲ ਨੌ ਮਹੀਨੇ ਤੇ 11 ਦਿਨ ਗੁਜ਼ਾਰੇ। ਇਥੇ ਆਪ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਇੱਕ ਵੱਡੀ ਚੱਕੀ ਤੇ ਚਰਨ ਛੋਹ ਗੰਗਾ ਦੀ ਧਰਤੀ ਹੈ। ਇਥੇ ਹੀ ਆਪ ਜੀ ਦੇ ਤਪ ਸਥਾਨ ਤੇ ਹਰ ਸਾਲ ਮੇਲਾ ਵੀ ਲੱਗਦਾ ਹੈ। ਗੁਰੂ ਰਵਿਦਾਸ ਜੀ ਦੇ ਜੀਵਨ ਦੇ ਨਾਲ ਜੋ ਘਟਨਾ ਚੱਕੀ ਵਾਲੀ ਵਾਪਰੀ ਸੀ ਉਹ ਚੱਕੀ ਵੀ ਇਸੇ ਸਥਾਨ ਤੇ ਖੁਰਾਲਗੜ੍ਹ ਦੇ ਵਿੱਚ (ਜ਼ਿਲ੍ਹਾ ਹੁਸ਼ਿਆਰਪੁਰ) ਹੁਣ ਵੀ ਪਈ ਹੈ।

ਉਪਰੋਕਤ ਵਿਚਾਰ ਚਰਚਾ ਉਪਰੰਤ ਇਹ ਕਿਹਾ ਜਾ ਸਕਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਰਵਿਦਾਸ ਜੀ ਦੀ ਬਾਣੀ ਨੇ ਤਤਕਾਲੀ ਸਮਾਜ ਦੀਆਂ ਕਰਤੂਤਾਂ ਅਤੇ ਅਮਾਨਵੀਂ ਹਾਲਾਤਾਂ ਵਿਰੁੱਧ ਕ੍ਰਾਂਤੀਕਾਰੀ ਸੰਵਾਦ ਸਿਰਜਿਆ। ਉਨ੍ਹਾਂ ਨੇ ਕੁੱਲ ਲੁਕਾਈ ਨੂੰ ਇਨਸਾਨੀਅਤ, ਸਮਾਜਿਕ ਬਰਾਬਰਤਾ, ਧਰਮ ਨਿਰਪੇਖਤਾ, ਨੈਤਿਕਤਾ ਅਤੇ ਪ੍ਰਭੂ ਪ੍ਰੇਮ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਲੁਕਾਈ ਨੂੰ ਸੱਚੀ-ਸੁੱਚੀ ਕਿਰਤ ਕਰਨ ਲਈ ਪ੍ਰੇਰਿਆ ਅਤੇ ਬਾਹਰੀ ਅਡੰਬਰਾਂ ਅਤੇ ਕਰਮਕਾਂਡਾਂ ਤੋਂ ਨਿਰਲੇਪ ਰਹਿ ਕੇ ਹਿਰਦੇ ਨੂੰ ਪਵਿੱਤਰ ਕਰਕੇ ਸੱਚੇ-ਸੁੱਚੇ ਰੱਬੀ ਪ੍ਰੇਮ ਦਾ ਸੰਦੇਸ਼ ਦਿੱਤਾ। ਇਸ ਤਰ੍ਹਾਂ ਗੁਰੂ ਰਵਿਦਾਸ ਜੀ ਦੀ ਬਾਣੀ ਮਨੁੱਖੀ ਸਮਾਜ ਨੂੰ ਸੇਧ ਦੇ ਕੇ ਆਦਰਸ਼ਕ ਸਮਾਜ ਦੀ ਸਿਰਜਣਾ ਦਾ ਸਰਵਵਿਆਪੀ ਸੰਦੇਸ਼ ਦਿੰਦੀ ਹੈ।

Asst. Prof. Ravinder Singh

PG Department of History Sri Guru Teg Bahadur Khalsa College, Sri Anandpur Sahib, Ropar, Punjab.

Post navigation

Leave a Comment

Leave a Reply

Your email address will not be published. Required fields are marked *