giani ditt singh

ਗਿਆਨੀ ਦਿੱਤ ਸਿੰਘ ਜੀ – ਜੀਵਨ ਤੇ ਸੇਵਾ

ਗਿਆਨੀ ਦਿੱਤ ਸਿੰਘ ਜੀ 21 ਅਪ੍ਰੈਲ 1850 ਨੂੰ ਜੰਮੇ ਤੇ 6 ਸਤੰਬਰ 1901 ਨੂੰ ਸਦੀਵੀ ਅਲਵਿਦਾ ਕਹਿ ਗਏ। ਉਹ ਸਿੱਖ ਧਰਮ ਅਤੇ ਇਤਿਹਾਸ ਦੇ ਮਹਾਨ ਵਿਦਵਾਨ, ਉੱਚ-ਕੋਟੀ ਦੇ ਕਵੀ, ਪ੍ਰਸਿੱਧ ਲੇਖਕ, ਉੱਤਮ ਵਿਆਖਿਆਕਾਰ, ਸ੍ਰੇਸ਼ਟ ਟੀਕਾਕਾਰ ਅਤੇ ਸਰਵੋਤਮ ਉਪਦੇਸ਼ਕ, ਪੰਜਾਬੀ ਪੱਤਰਕਾਰੀ ਦੇ ਪਿਤਾਮਾ, ਖਾਲਸਾ ਅਖ਼ਬਾਰ ਦੇ ਬਾਨੀ ਸੰਪਾਦਕ, ਸ੍ਰੀ ਗੁਰੂ ਸਿੰਘ ਸਭਾ, ਅੰਮ੍ਰਿਤਸਰ ਅਤੇ ਲਾਹੌਰ ਦੇ ਬਾਨੀ, ਖਾਲਸਾ ਦੀਵਾਨ ਲਾਹੌਰ ਅਤੇ ਖਾਲਸਾ ਕਾਲਜ (ਅੰਮ੍ਰਿਤਸਰ) ਦੇ ਮੋਢੀ ਸਨ।

ਗਿਆਨੀ ਦਿੱਤ ਸਿੰਘ ਦਾ ਜਨਮ ਪਿੰਡ ਨੰਦਪੁਰ ਕਲੌੜ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਪਿਤਾ ਬਾਬਾ ਦੀਵਾਨ ਸਿੰਘ ਅਤੇ ਮਾਤਾ ਰਾਮ ਕੌਰ ਦੇ ਘਰ ਹੋਇਆ। ਉਨ੍ਹਾਂ ਦਾ ਨਾਮ ਦਿੱਤਾ ਰਾਮ ਰੱਖਿਆ ਗਿਆ। ਨਿੱਕੀ ਉਮਰੇ ਦਿੱਤਾ ਰਾਮ ਨੇ ਗੁਲਾਬਦਾਸੀ ਮਹਾਤਮਾ ਸੰਤ ਗੁਰਬਖਸ਼ ਦੇ ਡੇਰੇ ਤੋਂ ਸਵੈ-ਅਧਿਐਨ ਸਦਕਾ ਵੱਧ ਤੋਂ ਵੱਧ ਗਿਆਨ ਹਾਸਲ ਕੀਤਾ। ਗਿਆਨੀ ਦਿੱਤ ਸਿੰਘ ਜੀ 9 ਸਾਲ ਦੀ ਉਮਰ ਵਿੱਚ ਪਿੰਡ ਤਿਊੜ ਆ ਗਏ ਸਨ। ਇਥੇ ਉਨ੍ਹਾਂ ਨੇ 10 ਸਾਲ ਵੱਖ-ਵੱਖ ਸਾਧੂ ਸੰਤਾਂ ਪਾਸੋਂ ਪੰਜਾਬੀ, ਉਰਦੂ, ਫ਼ਾਰਸੀ, ਅਰਬੀ, ਹਿੰਦੀ ਭਾਸ਼ਾਵਾਂ ਸਿੱਖੀਆਂ ਅਤੇ ਗੁਰਬਾਣੀ ਦਾ ਅਧਿਐਨ ਕੀਤਾ।

ਉਨ੍ਹਾਂ ਦੇ ਪਿਤਾ ਭਾਈ ਦੀਵਾਨ ਸਿੰਘ ਭਾਵੇਂ ਇਕ ਗਰੀਬ ਕਿਰਤੀ ਪਰਵਾਰ ਤੋਂ ਸੀ ਜੋ ਕੱਪੜਾ ਬੁਣ ਕੇ ਗੁਜ਼ਾਰਾ ਕਰਦੇ ਸੀ ਪਰ ਉਨ੍ਹਾਂ ਦੇ ਮਨ ਵਿਚ ਪੁੱਤਰ ਨੂੰ ਪੜ੍ਹਾਈ ਕਰਵਾੳੇਣ ਦੀ ਬਹੁਤ ਤਾਂਘ ਸੀ ਇਸ ਕਰ ਕੇ ਉਨ੍ਹਾਂ ਨੇ 1862 ਵਿੱਚ ਦਿੱਤ ਸਿੰਘ ਨੂੰ ਤਿਓੜ (ਖਰੜ ਤੋਂ ਤਿੰਨ ਕਿਲੋਮੀਟਰ ਦੂਰ) ਦੇ ਗੁਲਾਬਦਾਸੀ ਡੇਰੇ ’ਤੇ ਭੇਜ ਦਿੱਤਾ; ਇਥੇ ਉਨ੍ਹਾਂ ਨੇ ਵੇਦਾਂਤ, ਨੀਤੀ ਸ਼ਾਸਤਰ ਅਤੇ ਫ਼ਿਲਾਸਫ਼ੀ ਦੀਆਂ ਕਈ ਹੋਰ ਕਿਤਾਬਾਂ ਪੜ੍ਹੀਆਂ। ਉਸ ਦੀ ਕਾਬਲੀਅਤ ਨੂੰ ਵੇਖ ਕੇ 16 ਸਾਲ ਦੀ ਉਮਰ ਵਿਚ ਉਸ ਨੂੰ ਗੁਲਾਬਦਾਸੀਆਂ ਦੇ ਮੁਖ ਡੇਰੇ ਚੱਠਿਆਂਵਾਲਾ (ਜ਼ਿਲ੍ਹਾ ਕਸੂਰ) ਵਿਚ ਭੇਜ ਦਿੱਤਾ ਗਿਆ।

ਏਥੇ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਵੀ ਪੜ੍ਹਿਆ ਤੇ ਭਾਈ ਗੁਰਦਾਸ ਤੇ ਹੋਰ ਲੇਖਕਾਂ ਦੀਆਂ ਕਿਤਾਬਾਂ ਵੀ ਪੜ੍ਹੀਆਂ।

ਇਹੀ ਬਾਲਕ ਵੱਡਾ ਹੋ ਕੇ ਗਿਆਨੀ ਦਿੱਤ ਸਿੰਘ ਦੇ ਨਾਮ ਨਾਲ ਪੂਰੀ ਦੁਨੀਆ ਵਿੱਚ ਮਸ਼ਹੂਰ ਹੋਇਆ। ਪਿੰਡ ਵਿੱਚ ਹੁਣ ਗੁਰਦੁਆਰਾ ਤਪੋਸਰ ਸਾਹਿਬ ਤੇ ਜਨਮ ਅਸਥਾਨ ਗਿਆਨੀ ਦਿੱਤ ਸਿੰਘ ਕਲੌੜ ਬਣਿਆ ਹੋਇਆ ਹੈ। 1880 ਵਿੱਚ ਇਹਨਾਂ ਦਾ ਵਿਆਹ ਸਿੱਖ ਪਰੰਪਰਾ ਅਨੁਸਾਰ ਸੰਤ ਭਾਗ ਸਿੰਘ ਦੀ ਸਪੁੱਤਰੀ ਬਿਸ਼ਨ ਕੌਰ ਨਾਲ ਹੋਇਆ। ਪਤਨੀ ਸਮੇਤ ਪਿੰਡ ਚੱਠਾ ਜ਼ਿਲ੍ਹਾ ਲਾਹੌਰ ਰਹਿੰਦਿਆਂ ਸੰਤ ਦੇਸਾ ਸਿੰਘ ਪਾਸੋਂ ਵਿੱਦਿਆ ਪ੍ਰਾਪਤ ਕੀਤੀ। ਲਾਹੌਰ ਦੇ ਪ੍ਰੋਫੈਸਰ ਗੁਰਮੁਖ ਸਿੰਘ ਦੀ ਪ੍ਰੇਰਨਾ ਨਾਲ ਅੰਮ੍ਰਿਤ ਛਕ ਕੇ ਸਿੰਘ ਸਜੇ ਤੇ ਇੱਕ ਸਾਲ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦਾ ਇਮਤਿਹਾਨ ਪਾਸ ਕੀਤਾ।

ਇਹਨਾਂ ਦੇ ਘਰ ਪੁੱਤਰ ਬਲਦੇਵ ਸਿੰਘ ਅਤੇ ਧੀ ਬੀਬਾ ਵਿਦਿਆਵੰਤੀ ਕੌਰ ਨੇ ਜਨਮ ਲਿਆ। ਭਾਵੇਂ ਗਿਆਨੀ ਦਿੱਤ ਸਿੰਘ ਇੱਕ ਵੀ ਦਿਨ ਸਕੂਲ ਨਹੀਂ ਗਏ ਸਨ ਪਰ ਇਹ ਦੁਨੀਆ ਵਿੱਚ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਬਣੇ। ਸ਼ੁਰੂਆਤੀ ਦੌਰ ਵਿੱਚ ਉਨ੍ਹਾਂ ਆਰੀਆ ਸਮਾਜ ਲਹਿਰ ਨਾਲ ਮਿਲ ਕੇ ਕੰਮ ਕੀਤਾ।

25 ਨਵੰਬਰ 1888 ਦੇ ਲਾਹੌਰ ਆਰੀਆ ਸਮਾਜ ਦੇ ਗਿਆਰਵੇਂ ਇਜਲਾਸ ਦੌਰਾਨ ਹੋਏ ਸਿੱਖਾਂ ਦੇ ਗੁਰੂਆਂ ਦੇ ਨਿਰਾਦਰ ਕਾਰਨ ਵੱਖਰੇਵਾਂ ਸ਼ੁਰੂ ਹੋਇਆ। ਸਿੰਘ ਸਭਾ ਲਾਹੌਰ ਅਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਮੋਢੀ ਬਣਨ ਦੇ ਨਾਲ-ਨਾਲ ਉਹਨਾਂ ਆਪਣੀ ਵਿਦਵਤਾ ਦੇ ਬਲਬੂਤੇ ਆਰੀਆ ਸਮਾਜ ਦੇ ਮੁਖੀ ਸਵਾਮੀ ਦਯਾਨੰਦ ਨੂੰ ਲਗਾਤਾਰ ਤਿੰਨ ਧਾਰਮਿਕ ਬਹਿਸਾਂ[6] ਵਿੱਚ ਮਾਤ ਦਿੱਤੀ ਸੀ। ਸਿੱਖੀ ਦੀ ਡਿੱਗ ਰਹੀ ਸਾਖ ਨੂੰ ਮੁੜ ਉੱਚਾ ਚੁੱਕਣ ਦਾ ਯਤਨ ਕਰਨ ਦੇ ਨਾਲ ਹੀ ਗਿਆਨੀ ਦਿੱਤ ਸਿੰਘ ਨੇ ਸਮਾਜ ਵਿੱਚ ਫੈਲੀਆਂ ਅਨੇਕਾਂ ਬੁਰਾਈਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਿਰਤੋੜ ਯਤਨ ਕੀਤੇ।

ਇਹਨਾਂ ਨੇ ਆਪਣੇ ਹਫਤਾਵਾਰੀ ਖ਼ਾਲਸਾ ਅਖ਼ਬਾਰ ਲਾਹੌਰ, ਲਿਖਤਾਂ ਅਤੇ ਭਾਸ਼ਣਾਂ ਰਾਹੀਂ ਵਹਿਮਾਂ-ਭਰਮਾਂ, ਫੋਕੇ ਕਰਮਕਾਂਡਾਂ, ਟੂਣੇ-ਟਾਮਣਾਂ, ਮੜੀ-ਮਸਾਣਾਂ, ਨੜੀਮਾਰਾਂ, ਕੁੜੀਮਾਰਾਂ, ਝਾੜ-ਫੂਕ, ਪਖੰਡ ਅਤੇ ਅੰਧ-ਵਿਸ਼ਵਾਸਾਂ ਦਾ ਜ਼ੋਰਦਾਰ ਵਿਰੋਧ ਕੀਤਾ ਤੇ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਤੇ ਪੂਰਨ ਭਰੋਸਾ ਰੱਖਣ ਲਈ ਪ੍ਰੇਰਿਤ ਕੀਤਾ।

37 ਸਿੰਘ ਸਭਾਵਾਂ ਜੋੜ ਕੇ ਉਨ੍ਹਾਂ ਭਾਈ ਜਵਾਹਰ ਸਿੰਘ ਨਾਲ ਮਿਲ ਕੇ ਖਾਲਸਾ ਦੀਵਾਨ ਅੰਮ੍ਰਿਤਸਰ ਦੀ ਸਥਾਪਨਾ ਕੀਤੀ।

ਇਹਨਾਂ ਦਾ ਵਿਚਾਰ ਸੀ ਕਿ ਜਿਸ ਸਮਾਜ ਵਿੱਚ ਰੰਗ, ਨਸਲ, ਜਾਤ-ਪਾਤ, ਪਖੰਡਵਾਦ, ਵਹਿਮ-ਭਰਮ ਅਤੇ ਅੰਧ-ਵਿਸ਼ਵਾਸ ਹੋਣ, ਉਹ ਕਦੇ ਤਰੱਕੀ ਨਹੀਂ ਕਰ ਸਕਦਾ। ਗਿਆਨੀ ਦਿੱਤ ਸਿੰਘ ਜੀ ਨੇ ਸਮਾਜ ਵਿੱਚ ਫੈਲੇ ਅਜਿਹੇ ਅਡੰਬਰਾਂ ਨੂੰ ਬੜੀ ਗੰਭੀਰਤਾ ਨਾਲ ਲਿਆ। ਇਥੋਂ ਤੱਕ ਕਿ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਬੈਠਦੇ ਬਾਬਾ ਖੇਮ ਸਿੰਘ ਬੇਦੀ ਦੀ ਗੱਦੀ ਖਿੱਚ ਕੇ ਸੜਕ ’ਤੇ ਸੁੱਟ ਦਿੱਤੀ ਸੀ। ਇਹਨਾਂ ਨੇ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਵਿੱਚ ਸਥਾਪਿਤ ਮੂਰਤੀਆਂ ਹਟਾਉਣ ਦੀ ਪਹਿਲਕਦਮੀ ਪ੍ਰੋ. ਗੁਰਮੁਖ ਸਿੰਘ ਨਾਲ ਮਿਲ ਕੇ ਕੀਤੀ ਸੀ।

ਗਿਆਨੀ ਦਿੱਤ ਸਿੰਘ ਜਿੰਨਾਂ ਨੇ ਆਪਣੇ ਛੋਟੇ ਜਿਹੇ ਜੀਵਨ ਕਾਲ 1850-1901 ਦੌਰਾਨ ਪੰਜਾਬੀ ਮਾਂ ਬੋਲੀ ਦੀ ਝੋਲੀ 72 ਪੁਸਤਕਾਂ ਨਾਲ ਭਰ ਕੇ ਉਸ ਦੀ ਗੋਦੀ ਨੂੰ ਹਰਾ-ਭਰਾ ਕਰ ਕੇ ਆਪਣੇ ਖੂਨ ਨਾਲ ਸਿੱਖੀ ਦੇ ਬੂਟੇ ਨੂੰ ਸਿੰਜਿਆ ਅਤੇ ਖਾਲਸਾ ਪੰਥ ਦੀ ਨਿਸ਼ਕਾਮ ਸੇਵਾ ਅੰਤਮ ਸੁਆਸਾਂ ਤਕ ਨਿਭਾ ਅਤੇ ਸਮਾਜ ਅਤੇ ਸਿੱਖ ਕੌਮ ਨੂੰ ਸਹੀ ਰਸਤੇ ’ਤੇ ਤੋਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ‘ਪੰਜਾਬੀ ਪੱਤਰਕਾਰੀ ਦਾ ਪਿਤਾਮਾ’ ਵੀ ਕਿਹਾ ਜਾਂਦਾ ਹੈ।

( ਵਿਕੀਪੀਡੀਆ ਦੇ ਸਹਿਯੋਗ ਨਾਲ)

ਗਿਆਨੀ ਦਿੱਤ ਸਿੰਘ ਜੀ ਨੂੰ 21ਅਪ੍ਰੈਲ ਜਨਮ ਦਿਹਾੜੇ ਤੇ ਯਾਦ ਕਰਦਿਆਂ।

ਕੱਚੀ ਕੁੱਲੀ ਦਾ ਚਿਰਾਗ
ਲਟ ਲਟ ਬਲਿਆ
ਹਨ੍ਹੇਰੇ ਰਾਹਾਂ ਤੇ ਲਾਟ ਬਣ ਤੁਰਿਆ
ਮੋਮਬੱਤੀ ਵਾਂਗ
ਸਿਰ ਤੋਂ ਪੈਰਾਂ ਤੀਕ ਪਿਘਲਿਆ
ਨੰਦ ਪੁਰ ਕਲੌੜ ਦੀ
ਮਿੱਟੀ ਦਾ ਜਾਇਆ।
ਓਸ ਲਈ ਧਰਤੀ ਕਾਗਦਿ ਸੀ
ਤੇ ਸਿਆਹੀ ਦੀ ਥਾਂ
ਆਪਣੀ ਪਾਕ ਪਵਿੱਤਰ ਰੱਤ
ਟੇਪਾ ਟੇਪਾ ਬਲਦੇ ਅੱਖਰ ਬਣਿਆ
ਅੱਖਰ ਸ਼ਬਦ ਬਣੇ
ਤੇ ਸ਼ਬਦ ਬੇਬਾਕ ਵਾਕ
ਵਾਕ ਤੁਰੇ ਕਦਮ ਦਰ ਕਦਮ
ਗੁਰੂ ਨਾਨਕ ਦੇ ਵਿਸ਼ਵਾਸ
ਨੂੰ ਲੱਭਦੇ ਪੈੜਾਂ ਬਣ ਗਏ।

ਪੁਰਾਤਨ ਪੰਥੀ ਬੁੱਤ ਤੋੜੇ
ਗਿਆਨਵੰਤ ਹਥੌੜੇ ਨਾਲ।
ਵਦਾਨ ਵਾਹਿਆ
ਹਰ ਪੂਰਬਲੇ ਓਸ ਪੱਥਰ ਤੇ
ਜੋ ਰੱਬ ਬਣ ਬੈਠਾ ਸੀ
ਕਾਲੀ ਬੋਲੀ ਰਾਤ ਦੀ ਬੁੱਕਲ ‘ਚ।

ਸਿੰਘ ਸਭਾ ਲਹਿਰ ਲਾਹੌਰ
ਉਸਾਰ ਕੇ ਜੈਕਾਰਾ ਲਾਇਆ।
ਧਰਮ ਦੀ ਬੇਰੀ ਤੋਂ
ਅਮਰਵੇਲ ਲਾਹੋ।
ਮੈਂ ਅੱਗੇ ਲੱਗਦਾ ਹਾਂ।
ਪੀਲੀਆਂ ਤਾਰਾਂ
ਇੱਕ ਨਹੀਂ ਹਜ਼ਾਰਾਂ
ਤਾਰ ਤਾਰ ਕਰ ਸੁੱਟੀਆਂ।

ਪੰਜਾਬੀ ਪੱਤਰਕਾਰੀ ਦਾ ਜਾਮਾਕਾਰ
ਇੱਕ ਕਿਣਕੇ ਦਾ ਬਹੁ ਵਿਸਥਾਰ
ਪੰਜਾਬੀ ਸਾਹਿੱਤ ਤੇ ਭਾਸ਼ਾ ਦਾ
ਪਹਿਲ ਪਲੱਕੜਾ ਅਧਿਆਪਕ
ਪ੍ਰੋ: ਗੁਰਮੁਖ ਸਿੰਘ ਵਾਂਗ।
ਖਾਲਸਾ ਕਾਲਜ ਅੰਮ੍ਰਿਤਸਰ ਦਾ
ਮੋੜ੍ਹੀਗੱਡ ਸੰਸਥਾਪਕ
ਸਵਾਮੀ ਦਯਾਨੰਦ ਨੂੰ ਕਿਹਾ
ਤੇਰਾ ਸੱਤਯਾਰਥ ਸੱਤਯ ਨਹੀਂ
ਅਸੱਤਯ ਹੈ ਯਾਰ
ਆ ਜਾ ਬਹਿ ਕੇ ਕਰੀਏ ਵਿਚਾਰ।
ਸਾਨੂੰ ਤੂੰ ਏਦਾਂ ਨਾ ਮਾਰ

ਤਿੰਨ ਵਾਰ ਟੱਕਰਿਆ
ਸਿੱਧੇ ਮੱਥੇ ਸੂਖਮ ਚਿੰਤਕ
ਵਿਚਾਰਾਰਥ ਜਿੱਤਿਆ
ਸੱਤਯਾਰਥ ਨਿਰਸ਼ਬਦ
ਵੀਹਵੀਂ ਸਦੀ ਦਾ
ਸਰਵੋਤਮ ਤਰਕਸ਼ੀਲ
ਵਹਿਮਾਂ, ਭਰਮਾਂ ਦਾ ਖੰਡਨਹਾਰ
ਬਿਪਰਨ ਕੀ ਰੀਤ ਦਾ ਵੈਰੀ।
ਪਾਖੰਡਾਂ ਦਾ ਕਿਲ੍ਹਾਤੋੜ ਸਿੰਘ।

ਪੰਜਾਬੀ ਸਾਹਿਤ ਦੇ ਵਿਹੜੇ
ਬਹੱਤਰ ਚਿਰਾਗ ਬਾਲਣਹਾਰਾ
ਗਿਆਨਵੰਤ ਗੌਰਵ
ਵਿਦਵਤਾ ਦਾ ਧਰੂ ਤਾਰਾ।
ਵੱਡੀ ਦਸਤਾਰ ਵਾਲਾ ਵਿਦਵਾਨ।
ਹੇਠਾਂ ਓਡਾ ਹੀ ਸਿਰ।
ਪੰਥ ਰਤਨ ਕਹਿ ਦਿੱਤਾ ਇੱਕ ਵਾਰ
ਫਿਰ ਦਿੱਤਾ ਵਿਸਾਰ।
ਜੇ ਓਸ ਭਾਈ ਦਿੱਤ ਸਿੰਘ ਦਾ
ਕਿਸੇ ਸਿੰਘ ਨੂੰ ਚੇਤਾ ਹੋਵੇ
ਤਾਂ ਦੱਸਣਾ।

Gurbhajan Singh Gill

Prof. Gurbhajan Singh Gill retired as Senior Editor from Punjab Agricultural University, Ludhiana, in 2013. He was President of Punjabi Sahit Academy, Ludhiana, from 2010 to 2014. Presently, he is Chairman of Punjabi Lok-Virasat Academy and associated with numerous Literature, Cultural and sports organisations. His passion for Punjabi Literature, language, and heritage created in him an urge to be part of the movement to promote the mother tongue, Punjabi. As a writer, he has raised concerns about the development of Punjabi on state, national, and international forums. He is a renowned writer contributing his poetic renderings and write-ups to various journals and newspapers around the world. He authored about 20 books, many of which are close to the hearts of Scholars, Poets, and Writers.

Post navigation

Leave a Comment

Leave a Reply

Your email address will not be published. Required fields are marked *