ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ‘ਗ਼ਦਰ ਪਾਰਟੀ’ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ। ਇਹ ਕੇਵਲ ਇੱਕ ਰਾਜਨੀਤਿਕ ਜਥੇਬੰਦੀ ਨਹੀਂ ਸੀ, ਸਗੋਂ ਇੱਕ ਅਜਿਹੀ ਮਨੁੱਖੀ ਵਿਚਾਰਧਾਰਾ ਦਾ ਪ੍ਰਤੀਕ ਸੀ ਜਿਸ ਨੇ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਲਈ ਤਨ, ਮਨ ਅਤੇ ਧਨ ਦੀ ਕੁਰਬਾਨੀ ਦਿੱਤੀ। ਗ਼ਦਰੀ ਦੇਸ਼ ਭਗਤਾਂ ਦਾ ਨਿਸ਼ਾਨਾ ਸਿਰਫ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਕੱਢਣਾ ਹੀ ਨਹੀਂ ਸੀ, ਸਗੋਂ ਇੱਕ ਅਜਿਹੇ ਸਮਾਜ ਦੀ ਸਿਰਜਣਾ ਕਰਨਾ ਸੀ, ਜਿਥੇ ਹਰ ਇਨਸਾਨ ਨੂੰ ਬਰਾਬਰ ਦੇ ਅਧਿਕਾਰ ਪ੍ਰਾਪਤ ਹੋਣ।

ਗ਼ਦਰ ਪਾਰਟੀ ਦੀ ਵਿਚਾਰਧਾਰਾ ਅਤਿ ਪ੍ਰਗਤੀਸ਼ੀਲ ਅਤੇ ਮਨੁੱਖਤਾਵਾਦੀ ਸੀ। ਪਾਰਟੀ ਦਾ ਸਪਸ਼ਟ ਐਲਾਨ ਸੀ ਕਿ ਅੰਗਰੇਜ਼ੀ ਹਕੂਮਤ ਤੋਂ ਮੁਕਤੀ ਦਾ ਅਸਲ ਅਰਥ ਸਮਾਜਿਕ ਨਿਆਂ ਹੋਣਾ ਚਾਹੀਦਾ ਹੈ। ਉਨ੍ਹਾਂ ਦਾ ਸੁਪਨਾ ਸੀ ਕਿ ਇੱਕ ਅਜਿਹਾ ਭਾਰਤ ਉਸਰਿਆ ਜਾਵੇ ਜਿਥੇ ਅਮੀਰ-ਗਰੀਬ ਦਾ ਪਾੜਾ ਖ਼ਤਮ ਹੋਵੇ। ਉਹ ਚਾਹੁੰਦੇ ਸਨ ਕਿ ਕਿਰਤ ਕਰਨ ਵਾਲੇ ਮਜ਼ਦੂਰ ਨੂੰ ਉਸ ਦੀ ਪੂਰੀ ਉਜਰਤ ਮਿਲੇ ਅਤੇ ਵੱਡੇ ਮਹਿਲ ਉਸਾਰਨ ਵਾਲੇ ਮਜ਼ਦੂਰਾਂ ਕੋਲ ਆਪਣੇ ਰਹਿਣ ਲਈ ਵੀ ਸ਼ਾਨਦਾਰ ਘਰ ਹੋਣ।
ਕਿਸਾਨ, ਜੋ ਸਮੂਹ ਲੋਕਾਂ ਦਾ ਢਿੱਡ ਭਰਦਾ ਹੈ, ਉਹ ਖ਼ੁਦ ਭੁੱਖਾ ਨਾ ਮਰੇ ਸਗੋਂ ਖ਼ੁਸ਼ਹਾਲ ਹੋਵੇ। ਇਹ ਵਿਚਾਰ ਅੱਜ ਵੀ ਓਨੇ ਹੀ ਪ੍ਰਸੰਗਿਕ ਹਨ ਜਿੰਨੇ ਸੌ ਸਾਲ ਪਹਿਲਾਂ ਸਨ। ਇਨ੍ਹਾਂ ਅਗਾਂਹਵਧੂ ਵਿਚਾਰਾਂ ਨੇ ਹੀ ਵਿਦੇਸ਼ਾਂ ਵਿੱਚ ਬੈਠੇ ਭਾਰਤੀਆਂ ਦੇ ਮਨਾਂ ਵਿੱਚ ਦੇਸ਼ ਪ੍ਰਤੀ ਅਥਾਹ ਪਿਆਰ ਅਤੇ ਜਜ਼ਬਾ ਪੈਦਾ ਕਰ ਦਿੱਤਾ, ਜਿਸ ਸਦਕਾ ਉਹ ਆਪਣੀ ਸਾਰੀ ਕਮਾਈ ਅਤੇ ਜ਼ਿੰਦਗੀ ਦੇਸ਼ ਦੇ ਲੇਖੇ ਲਾਉਣ ਲਈ ਤਿਆਰ ਹੋ ਗਏ।
ਗ਼ਦਰ ਪਾਰਟੀ ਦੀ ਸਥਾਪਨਾ, ‘ਗ਼ਦਰ’ ਅਖ਼ਬਾਰ ਅਤੇ ਮਨੁੱਖੀ ਸਮਾਜਿਕ ਵਿਚਾਰਧਾਰਾ

ਗ਼ਦਰ ਪਾਰਟੀ ਦੀ ਨੀਂਹ 21 ਅਪ੍ਰੈਲ 1913 ਨੂੰ ਅਮਰੀਕਾ ਦੇ ਸ਼ਹਿਰ ‘ਅਸਟੋਰੀਆ’ ਵਿਖੇ ‘ਹਿੰਦੀ ਪੈਸੀਫਿਕ ਐਸੋਸੀਏਸ਼ਨ’ ਦੇ ਰੂਪ ਵਿੱਚ ਰੱਖੀ ਗਈ। ਪਾਰਟੀ ਨੇ ਆਪਣੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ‘ਗ਼ਦਰ’ ਨਾਮ ਦਾ ਅਖ਼ਬਾਰ ਸ਼ੁਰੂ ਕੀਤਾ। ਇਸ ਅਖ਼ਬਾਰ ਦਾ ਪ੍ਰਚਾਰ ਇੰਨਾ ਧੂੰਆਧਾਰ ਸੀ ਕਿ ਜਲਦੀ ਹੀ ਪਾਰਟੀ ਦਾ ਨਾਂ ਹੀ ‘ਗ਼ਦਰ ਪਾਰਟੀ’ ਪ੍ਰਚਲਿਤ ਹੋ ਗਿਆ।
ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਬਾਬਾ ਸੋਹਣ ਸਿੰਘ ਭਕਨਾ (ਪ੍ਰਧਾਨ), ਬਾਬਾ ਕੇਸਰ ਸਿੰਘ ਠੱਠਗੜ੍ਹ (ਮੀਤ ਪ੍ਰਧਾਨ), ਲਾਲਾ ਹਰਦਿਆਲ (ਜਨਰਲ ਸਕੱਤਰ), ਲਾਲਾ ਠਾਕਰ ਦਾਸ ਧੁਰੀ (ਸੰਯੁਕਤ ਸਕੱਤਰ) ਅਤੇ ਪੰਡਤ ਕਾਂਸ਼ੀ ਰਾਮ ਮੜੌਲੀ (ਖ਼ਜ਼ਾਨਚੀ) ਵਰਗੇ ਸਿਰੜੀ ਆਗੂ ਸ਼ਾਮਲ ਸਨ। ਦਸੰਬਰ 1913 ਵਿੱਚ ਪਾਰਟੀ ਦਾ ਵਿਸਥਾਰ ਕਰਦਿਆਂ ਭਾਈ ਜਵਾਲਾ ਸਿੰਘ ਠੱਠੀਆਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਇਸ ਦੀ ਇੰਤਜ਼ਾਮੀ ਕਮੇਟੀ ਵਿੱਚ ਕਰਤਾਰ ਸਿੰਘ ਸਰਾਭਾ, ਭਾਈ ਸੰਤੋਖ ਸਿੰਘ ਧਰਦਿਓ, ਕਰਮ ਸਿੰਘ ਚੀਮਾ, ਨਿਧਾਨ ਸਿੰਘ ਚੁੱਘਾ ਅਤੇ ਬਾਬਾ ਵਿਸਾਖਾ ਸਿੰਘ ਵਰਗੇ ਯੋਧਿਆਂ ਨੂੰ ਸ਼ਾਮਲ ਕੀਤਾ ਗਿਆ। ਖੁਫ਼ੀਆ ਕਾਰਵਾਈਆਂ ਲਈ ਬਾਬਾ ਸੋਹਣ ਸਿੰਘ, ਭਾਈ ਸੰਤੋਖ ਸਿੰਘ ਅਤੇ ਪੰਡਤ ਕਾਂਸ਼ੀ ਰਾਮ ਦੀ ਤਿੰਨ ਮੈਂਬਰੀ ਕਮੇਟੀ ਬਣਾਈ ਗਈ।
ਗ਼ਦਰ ਪਾਰਟੀ ਯੋਜਨਾਬੰਦੀ ਅਤੇ ਜ਼ਿੰਮੇਵਾਰੀਆਂ ਦੀ ਇੰਝ ਹੋਈ ਸੀ ਵੰਡ

ਗ਼ਦਰ ਪਾਰਟੀ ਇੱਕ ਬਹੁਤ ਹੀ ਅਨੁਸ਼ਾਸਿਤ ਜਥੇਬੰਦੀ ਸੀ। ਹਰ ਆਗੂ ਨੂੰ ਵਿਸ਼ੇਸ਼ ਜ਼ਿੰਮੇਵਾਰੀ ਸੌਂਪੀ ਗਈ ਸੀ। ਬਾਬਾ ਸੋਹਣ ਸਿੰਘ ਭਕਨਾ ਨੂੰ ‘ਕਾਮਾਗਾਟਾ ਮਾਰੂ’ ਜਹਾਜ਼ ਦੇ ਮੁਸਾਫ਼ਰਾਂ ਨੂੰ ਬਗ਼ਾਵਤ ਲਈ ਪ੍ਰੇਰਿਤ ਕਰਨ ਵਾਸਤੇ ਯੋਕੋਹਾਮਾ ਭੇਜਿਆ ਗਿਆ। ਕਰਤਾਰ ਸਿੰਘ ਸਰਾਭਾ ਅਤੇ ਗਦਰੀ ਬਾਬਾ ਮਾਸਟਰ ਊਧਮ ਸਿੰਘ ਕਸੇਲ ਨੂੰ ਜਰਨੈਲ ਵਜੋਂ ਨਿਯੁਕਤ ਕੀਤਾ ਗਿਆ। ਸਰਾਭਾ ਨੇ ਹਵਾਈ ਜਹਾਜ਼ ਚਲਾਉਣ ਅਤੇ ਮੁਰੰਮਤ ਕਰਨ ਦੀ ਸਿਖਲਾਈ ਲਈ, ਜਦਕਿ ਊਧਮ ਸਿੰਘ ਕਸੇਲ ਨੇ ਫ਼ੌਜੀ ਟ੍ਰੇਨਿੰਗ ਦਾ ਜ਼ਿੰਮਾ ਸੰਭਾਲਿਆ।

ਹੋਰਨਾਂ ਆਗੂਆਂ ਵਿੱਚ ਭਾਈ ਹਰਨਾਮ ਸਿੰਘ ਕੋਟਲਾ ਬੰਬ ਬਣਾਉਣ ਦੇ ਮਾਹਿਰ ਸਨ। ਪੰਡਿਤ ਸੋਹਨ ਲਾਲ ਪਾਠਕ ਨੂੰ ਬਰਮਾ ਅਤੇ ਸਿਆਮ ਵਾਲੇ ਪਾਸੇ ਤੋਂ ਬਗ਼ਾਵਤ ਦੀ ਕਮਾਂਡ ਸੌਂਪੀ ਗਈ। ਮੌਲਵੀ ਬਰਕਤ ਉੱਲਾ ਨੂੰ ਅਫ਼ਗ਼ਾਨਿਸਤਾਨ ਦੇ ਬਾਦਸ਼ਾਹ ਤੋਂ ਹਮਾਇਤ ਲੈਣ ਲਈ ਭੇਜਿਆ ਗਿਆ। ਇਸ ਤਰ੍ਹਾਂ ਪਾਰਟੀ ਨੇ ਅੰਤਰਰਾਸ਼ਟਰੀ ਪੱਧਰ ‘ਤੇ ਅੰਗਰੇਜ਼ਾਂ ਵਿਰੁੱਧ ਜਾਲ ਵਿਛਾਇਆ।
ਪਹਿਲਾ ਵਿਸ਼ਵ ਯੁੱਧ ਅਤੇ ਭਾਰਤ ਵੱਲ ਵਹੀਰਾਂ

ਗ਼ਦਰੀਆਂ ਦਾ ਅੰਦਾਜ਼ਾ ਸੀ ਕਿ ਪਹਿਲੇ ਵਿਸ਼ਵ ਯੁੱਧ ਦੌਰਾਨ ਅੰਗਰੇਜ਼ ਕਮਜ਼ੋਰ ਹੋਣਗੇ ਅਤੇ ਭਾਰਤ ਵਿੱਚ ਫ਼ੌਜ ਦੀ ਕਮੀ ਹੋਵੇਗੀ। ਇਸੇ ਸੁਨਹਿਰੀ ਮੌਕੇ ਦਾ ਲਾਭ ਉਠਾਉਣ ਲਈ ਹਜ਼ਾਰਾਂ ਗ਼ਦਰੀ ਵਿਦੇਸ਼ਾਂ ਤੋਂ ਭਾਰਤ ਵੱਲ ਤੁਰ ਪਏ। ਹਾਲਾਂਕਿ, ਅੰਗਰੇਜ਼ ਹਕੂਮਤ ਨੂੰ ਇਸ ਦੀ ਭਿਣਕ ਲੱਗ ਗਈ ਅਤੇ ਬਹੁਤ ਸਾਰੇ ਪਹਿਲੀ ਕਤਾਰ ਦੇ ਆਗੂ ਬੰਦਰਗਾਹਾਂ ‘ਤੇ ਉਤਰਦੇ ਹੀ ਗ੍ਰਿਫ਼ਤਾਰ ਕਰ ਲਏ ਗਏ।
ਪਰ ਕਰਤਾਰ ਸਿੰਘ ਸਰਾਭਾ, ਭਾਈ ਪ੍ਰੇਮ ਸਿੰਘ ਅਤੇ ਜਗਤ ਸਿੰਘ ਸੁਰ ਸਿੰਘ ਵਰਗੇ ਯੋਧੇ ਬਚ ਕੇ ਭਾਰਤ ਪਹੁੰਚਣ ਵਿੱਚ ਸਫ਼ਲ ਹੋ ਗਏ। ਉਨ੍ਹਾਂ ਨੇ ਦੇਸ਼ ਅੰਦਰ ਆ ਕੇ ਖਿੰਡੀ ਹੋਈ ਪਾਰਟੀ ਨੂੰ ਮੁੜ ਜਥੇਬੰਦ ਕੀਤਾ ਅਤੇ ਫ਼ੌਜੀ ਛਾਉਣੀਆਂ ਵਿੱਚ ਸੰਪਰਕ ਬਣਾਇਆ। ਉਨ੍ਹਾਂ ਨੇ 19 ਫਰਵਰੀ 1915 ਨੂੰ ਬਗ਼ਾਵਤ ਦੀ ਤਾਰੀਖ਼ ਮਿੱਥੀ, ਪਰ ਪਾਰਟੀ ਵਿੱਚ ਮੌਜੂਦ ਮੁਖ਼ਬਰਾਂ ਕਾਰਨ ਇਹ ਯੋਜਨਾ ਲੀਕ ਹੋ ਗਈ। ਅੰਗਰੇਜ਼ਾਂ ਨੇ ਛਾਪੇਮਾਰੀ ਕਰ ਕੇ ਸੈਂਕੜੇ ਗ਼ਦਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਯੋਜਨਾ ਅਸਫ਼ਲ ਹੋਣ ਦੇ ਬਾਵਜੂਦ ਗ਼ਦਰੀਆਂ ਨੇ ਹਿੰਮਤ ਨਹੀਂ ਹਾਰੀ। ਭਾਈ ਪ੍ਰੇਮ ਸਿੰਘ ਅਤੇ ਬੰਤਾ ਸਿੰਘ ਸੰਘਵਾਲ ਨੇ ਮੁਖ਼ਬਰਾਂ ਨੂੰ ਸੋਧਣ ਅਤੇ ਹਥਿਆਰ ਇਕੱਠੇ ਕਰਨ ਦੀ ਮੁਹਿੰਮ ਜਾਰੀ ਰੱਖੀ। ਵੱਲੇ ਪੁਲ ‘ਤੇ ਫ਼ੌਜੀ ਗਾਰਦ ਤੋਂ ਹਥਿਆਰ ਖੋਹਣ ਦੀ ਘਟਨਾ ਇਸੇ ਸਿਰੜ ਦਾ ਹਿੱਸਾ ਸੀ। ਦੂਜੇ ਪਾਸੇ, ਸਿੰਘਾਪੁਰ ਵਿੱਚ ਤਾਇਨਾਤ ਪੰਜਵੀਂ ਲਾਈਟ ਪਲਟਨ ਦੇ ਭਾਰਤੀ ਸਿਪਾਹੀਆਂ ਨੇ 15 ਫਰਵਰੀ 1915 ਨੂੰ ਵੱਡੀ ਬਗ਼ਾਵਤ ਕਰ ਦਿੱਤੀ। ਉਨ੍ਹਾਂ ਨੇ ਸਿੰਘਾਪੁਰ ‘ਤੇ ਕਬਜ਼ਾ ਕਰ ਲਿਆ, ਪਰ ਬਾਅਦ ਵਿੱਚ ਅੰਗਰੇਜ਼ਾਂ ਨੇ ਵੱਡੀ ਫ਼ੌਜ ਮੰਗਵਾ ਕੇ ਇਸ ਬਗ਼ਾਵਤ ਨੂੰ ਬੇਰਹਿਮੀ ਨਾਲ ਦਬਾ ਦਿੱਤਾ ਅਤੇ 41 ਸਿਪਾਹੀਆਂ ਨੂੰ ਸ਼ਰੇਆਮ ਮੌਤ ਦੇ ਘਾਟ ਉਤਾਰ ਦਿੱਤਾ।
ਅੰਗਰੇਜ਼ ਹਕੂਮਤ ਨੇ 202 ਦੇਸ਼ ਭਗਤਾਂ ਨੂੰ ਸ਼ਹੀਦ ਕੀਤਾ!

ਗ਼ਦਰ ਲਹਿਰ ਨੂੰ ਦਬਾਉਣ ਲਈ ਅੰਗਰੇਜ਼ ਹਕੂਮਤ ਨੇ ਅੰਨ੍ਹਾ ਤਸ਼ੱਦਦ ਕੀਤਾ। ਅੰਕੜਿਆਂ ਅਨੁਸਾਰ, ਲਗਭਗ 202 ਦੇਸ਼ ਭਗਤਾਂ ਨੂੰ ਫਾਂਸੀ ਜਾਂ ਗੋਲੀਆਂ ਨਾਲ ਸ਼ਹੀਦ ਕੀਤਾ ਗਿਆ। 316 ਗ਼ਦਰੀਆਂ ਨੂੰ ਉਮਰ ਕੈਦ ਅਤੇ ਕਾਲੇ ਪਾਣੀ (ਅੰਡੇਮਾਨ ਨਿਕੋਬਾਰ) ਦੀਆਂ ਸਜ਼ਾਵਾਂ ਦਿੱਤੀਆਂ ਗਈਆਂ। ਸੈਂਕੜੇ ਯੋਧਿਆਂ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ। ਇਹ ਕੁਰਬਾਨੀਆਂ ਭਾਰਤੀ ਇਤਿਹਾਸ ਦਾ ਉਹ ਅਧਿਆਇ ਹਨ, ਜਿਨ੍ਹਾਂ ਨੇ ਬਾਅਦ ਵਿੱਚ ਭਗਤ ਸਿੰਘ ਵਰਗੇ ਕ੍ਰਾਂਤੀਕਾਰੀਆਂ ਲਈ ਮਾਰਗ ਦਰਸ਼ਨ ਦਾ ਕੰਮ ਕੀਤਾ।
ਅਫ਼ਸੋਸ! ਆਜ਼ਾਦ ਭਾਰਤ ਦੀਆਂ ਸਰਕਾਰਾਂ ਨੇ ਗ਼ਦਰੀ ਦੇਸ਼ ਭਗਤਾਂ ਦੀ ਅਸਲ ਸੋਚ ਨੂੰ ਵਿਸਾਰ ਦਿੱਤਾ

ਗ਼ਦਰ ਪਾਰਟੀ ਦੀ ਇਨਕਲਾਬੀ ਯੋਜਨਾ ਭਾਵੇਂ ਉਸ ਸਮੇਂ ਪੂਰੀ ਤਰ੍ਹਾਂ ਸਫ਼ਲ ਨਹੀਂ ਹੋਈ, ਪਰ ਉਨ੍ਹਾਂ ਨੇ ਆਜ਼ਾਦੀ ਦੀ ਜੋ ਜੋਤ ਜਗਾਈ ਸੀ, ਉਹ ਕਦੇ ਬੁਝੀ ਨਹੀਂ। ਉਨ੍ਹਾਂ ਦੀ ਕੁਰਬਾਨੀ ਸਦਕਾ ਹੀ ਦੇਸ਼ ਵਿੱਚ ਇੱਕ ਵੱਡੀ ਲਹਿਰ ਖੜ੍ਹੀ ਹੋਈ। ਪਰ ਅੱਜ ਬੜੇ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਆਜ਼ਾਦ ਭਾਰਤ ਦੀਆਂ ਸਰਕਾਰਾਂ ਨੇ ਗ਼ਦਰੀ ਦੇਸ਼ ਭਗਤਾਂ ਦੀ ਉਸ ਅਸਲ ਸੋਚ ਨੂੰ ਵਿਸਾਰ ਦਿੱਤਾ ਹੈ। ਗ਼ਦਰੀਆਂ ਦਾ ਸੁਪਨਾ ਸਿਰਫ਼ ਸੱਤਾ ਦੀ ਤਬਦੀਲੀ ਨਹੀਂ ਸੀ, ਸਗੋਂ ਸਮਾਜਿਕ ਅਤੇ ਆਰਥਿਕ ਬਰਾਬਰੀ ਸੀ। ਅੱਜ ਵੀ ਦੇਸ਼ ਵਿੱਚ ਅਮੀਰ-ਗ਼ਰੀਬ ਦਾ ਪਾੜਾ ਵਧ ਰਿਹਾ ਹੈ, ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ ਅਤੇ ਮਜ਼ਦੂਰ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ।
ਗ਼ਦਰ ਲਹਿਰ ਸਾਨੂੰ ਸਿਖਾਉਂਦੀ ਹੈ ਕਿ ਦੇਸ਼ ਭਗਤੀ ਕੇਵਲ ਨਾਅਰੇਬਾਜ਼ੀ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਅਤੇ ਬਰਾਬਰੀ ਦਾ ਜਜ਼ਬਾ ਹੈ। ਜਦੋਂ ਤੱਕ ਸਮਾਜ ਵਿੱਚ ਗ਼ਦਰੀ ਬਾਬਿਆਂ ਦੀ ਸੋਚ ਮੁਤਾਬਕ ‘ਹਰੇਕ ਨੂੰ ਬਰਾਬਰ ਅਧਿਕਾਰ’ ਅਤੇ ‘ਕਿਰਤੀ ਨੂੰ ਪੂਰੀ ਉਜਰਤ’ ਨਹੀਂ ਮਿਲਦੀ, ਉਦੋਂ ਤੱਕ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਅਧੂਰਾ ਹੈ।



Leave a Comment