ਸਿੱਖ ਇਤਿਹਾਸ ਅਤੇ ਪੰਜਾਬ ਦੀ ਸਿਆਸਤ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਜੁਝਾਰੂਆਂ, ਮਰਜੀਵੜਿਆਂ, ਅਣਖੀ ਅਤੇ ਪੰਥ-ਪ੍ਰਸਤ ਯੋਧਿਆਂ ਦੀ ਜਥੇਬੰਦੀ ਵਜੋਂ ਜਾਣਿਆ ਜਾਂਦਾ ਹੈ। ਇਸ ਜਥੇਬੰਦੀ ਨੂੰ ਆਪਣੀਆਂ ਲਹੂ-ਵੀਟਵੀਆਂ ਕੁਰਬਾਨੀਆਂ ਨਾਲ ਸਿੰਜਣ ਵਾਲੀਆਂ ਮਹਾਨ ਸ਼ਖ਼ਸੀਅਤਾਂ ਵਿੱਚ ਜਥੇਦਾਰ ਮੋਹਨ ਸਿੰਘ ਤੁੜ ਦਾ ਨਾਂ ਬੜੇ ਹੀ ਸਤਿਕਾਰ ਅਤੇ ਫ਼ਖ਼ਰ ਨਾਲ ਲਿਆ ਜਾਂਦਾ ਹੈ।
ਜਥੇਦਾਰ ਤੁੜ ਇੱਕ ਅਜਿਹੇ ਦਰਵੇਸ਼ ਸਿਆਸਤਦਾਨ, ਕਥਨੀ ਤੇ ਕਰਨੀ ਦੇ ਸੂਰੇ, ਨਿਰਵੈਰ ਅਤੇ ਪੰਥ ਨੂੰ ਪ੍ਰਣਾਏ ਹੋਏ ਆਗੂ ਸਨ, ਜਿਨ੍ਹਾਂ ਨੇ ਅਹੁਦਿਆਂ ਨਾਲੋਂ ਸਿਧਾਂਤਾਂ ਨੂੰ ਹਮੇਸ਼ਾ ਉੱਚਾ ਰੱਖਿਆ। ਉਹ ‘ਪੰਥ ਵਸੇਂ ਮੈ ਉਜੜਾ ਮਨ ਚਾਉ ਘਨੇਰਾ’ ਦੇ ਮਹਾਨ ਵਾਕ ਦੇ ਸੱਚੇ ਧਾਰਨੀ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸੇਵਾ ਨਿਭਾਉਂਦਿਆਂ ਕਦੇ ਇਕ ਰੁਪਿਆ ਵੀ ਤਨਖਾਹ ਨਾ ਲੈਣਾ, ਆਪਣਾ ਘਰ-ਬਾਰ ਢੁਹਾ ਕੇ ਅਤੇ ਮਾਲ-ਡੰਗਰ ਨਿਲਾਮ ਕਰਵਾ ਕੇ ਵੀ ਕੌਮ ਦੇ ਵਕਾਰ ਲਈ ਚਟਾਨ ਵਾਂਗ ਡਟੇ ਰਹਿਣਾ, ਅਜਿਹੀਆਂ ਮਿਸਾਲਾਂ ਇਤਿਹਾਸ ਵਿੱਚ ਘੱਟ ਹੀ ਮਿਲਦੀਆਂ ਹਨ।
ਜਥੇਦਾਰ ਮੋਹਨ ਸਿੰਘ ਤੁੜ ਦਾ ਜਨਮ ਸਾਲ 1915 ਵਿੱਚ ਪਿਤਾ ਜਥੇਦਾਰ ਜਗਤ ਸਿੰਘ ਨੰਬਰਦਾਰ ਦੇ ਗ੍ਰਹਿ ਵਿਖੇ ਮਾਤਾ ਪਾਲ ਕੌਰ ਦੀ ਕੁੱਖੋਂ ਪਿੰਡ ਤੁੜ (ਜ਼ਿਲ੍ਹਾ ਤਰਨ ਤਾਰਨ) ਵਿਖੇ ਹੋਇਆ। ਸਿੱਖ ਪੰਥ ਲਈ ਆਪਾ ਵਾਰਨ ਦਾ ਜਜ਼ਬਾ ਜਥੇਦਾਰ ਤੁੜ ਨੂੰ ਬਚਪਨ ਵਿੱਚ ਆਪਣੇ ਘਰ ਦੀਆਂ ਦੀਵਾਰਾਂ ਤੋਂ ਹੀ ਪ੍ਰਾਪਤ ਹੋਇਆ ਸੀ। ਉਨ੍ਹਾਂ ਦੇ ਪਿਤਾ ਜਥੇਦਾਰ ਜਗਤ ਸਿੰਘ ਨੇ ਜੈਤੋ ਦੇ ਇਤਿਹਾਸਕ ਮੋਰਚੇ ਦੀ ਅਗਵਾਈ ਕੀਤੀ ਸੀ। ਅੰਗਰੇਜ਼ ਹਕੂਮਤ ਦੀਆਂ ਵੰਗਾਰਾਂ ਦਾ ਸਾਹਮਣਾ ਕਰਦਿਆਂ ਉਨ੍ਹਾਂ ਨੇ ਗੋਲੀ ਵੀ ਖਾਧੀ, ਪਰ ਦੇਸ਼ ਅਤੇ ਪੰਥ ਦੀ ਸੇਵਾ ਵਿੱਚੋਂ ਜੇਤੂ ਹੋ ਕੇ ਨਿਕਲੇ। ਪਿਤਾ ਦੀ ਇਸ ਕੁਰਬਾਨੀ ਅਤੇ ਅਣਖੀ ਵਿਰਸੇ ਨੇ ਮੋਹਨ ਸਿੰਘ ਦੇ ਮਨ ‘ਤੇ ਡੂੰਘੀ ਛਾਪ ਛੱਡੀ, ਜਿਸ ਨੇ ਅੱਗੇ ਚੱਲ ਕੇ ਉਨ੍ਹਾਂ ਨੂੰ ਇੱਕ ਅਣਖੀ ਪੰਥਕ ਯੋਧਾ ਬਣਾਇਆ।
‘ਪੰਜਾਬੀ ਸੂਬੇ ਦੇ ਮੋਰਚੇ’ ‘ਚ ਅਗਾਂਹਵਧੂ ਹੋ ਕੇ ਸਰਗਰਮੀ ਨਾਲ ਲਿਆ ਹਿੱਸਾ
ਜਵਾਨੀ ਦੀ ਉਮਰ ਵਿੱਚ ਹੀ ਜਥੇਦਾਰ ਮੋਹਨ ਸਿੰਘ ਤੁੜ ਦੇ ਅੰਦਰੂਨੀ ਪੰਥਕ ਜਜ਼ਬੇ ਨੂੰ ਦੇਖਦਿਆਂ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਸਰਹਾਲੀ ਦਾ ਜਥੇਦਾਰ ਥਾਪਿਆ ਗਿਆ। ਉਨ੍ਹਾਂ ਨੇ ‘ਪੰਜਾਬੀ ਸੂਬੇ ਦੇ ਮੋਰਚੇ’ ਵਿੱਚ ਅਗਾਂਹਵਧੂ ਹੋ ਕੇ ਬਹੁਤ ਸਰਗਰਮੀ ਨਾਲ ਹਿੱਸਾ ਲਿਆ।
ਉਨ੍ਹਾਂ ਦੀ ਦਿਨੋ-ਦਿਨ ਵਧਦੀ ਚੜ੍ਹਤ ਤੋਂ ਘਬਰਾ ਕੇ ਸਮੇਂ ਦੀ ਕਾਂਗਰਸ ਸਰਕਾਰ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਸਰਕਾਰ ਨੇ ਉਨ੍ਹਾਂ ‘ਤੇ ਇੱਕ-ਦੋ ਨਹੀਂ, ਬਲਕਿ 52 ਝੂਠੇ ਮੁਕੱਦਮੇ ਦਰਜ ਕੀਤੇ ਅਤੇ ਜੇਲ੍ਹ ਵਿੱਚ ਡੱਕ ਦਿੱਤਾ। ਜੇਲ੍ਹ ਦੀਆਂ ਸੀਖਾਂ ਪਿੱਛੇ ਉਨ੍ਹਾਂ ‘ਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ; ਉਨ੍ਹਾਂ ਨੂੰ ਬਰਫ਼ ਦੀਆਂ ਸਿਲਾਂ ‘ਤੇ ਲਿਟਾ ਕੇ ਤਸੀਹੇ ਦਿੱਤੇ ਗਏ, ਪਰ ਉਹ ਆਪਣੇ ਕੌਮੀ ਨਿਸ਼ਾਨੇ ਤੋਂ ਤਿਲਕ ਨਾ ਸਕੇ।
ਇਸੇ ਦੌਰਾਨ, ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਦਾਰ ਤੁੜ ਨੂੰ ਜੇਲ੍ਹ ਵਿੱਚ ਹੁੰਦਿਆਂ ਹੀ ਉਦੋਂ ਦੇ ਪੰਜਾਬ ਦੇ ਸ਼ਕਤੀਸ਼ਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਮੁਕਾਬਲੇ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਬਣਾਇਆ ਗਿਆ। ਜਥੇਦਾਰ ਤੁੜ ਨੇ ਜੇਲ੍ਹ ਵਿੱਚੋਂ ਹੀ ਚੋਣ ਲੜੀ। ਆਮ ਜਨਤਾ ਦਾ ਉਤਸ਼ਾਹ ਇੰਨਾ ਸੀ ਕਿ ਜਥੇਦਾਰ ਜੀ ਵੱਡੀ ਲੀਡ ਲੈ ਕੇ ਜਿੱਤ ਚੁੱਕੇ ਸਨ। ਪਰ ਹਕੂਮਤੀ ਧੱਕੇਸ਼ਾਹੀ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਦਿਆਂ, ਲਾਠੀ ਦੇ ਜ਼ੋਰ ‘ਤੇ ਪ੍ਰਤਾਪ ਸਿੰਘ ਕੈਰੋਂ ਨੂੰ ਮਹਿਜ਼ 34 ਵੋਟਾਂ ਨਾਲ ਜੇਤੂ ਕਰਾਰ ਦੇ ਦਿੱਤਾ ਗਿਆ।
ਜਿੱਤ ਤੋਂ ਬਾਅਦ ਵੀ ਸਿਆਸੀ ਬਦਲਾਖ਼ੋਰੀ ਖ਼ਤਮ ਨਹੀਂ ਹੋਈ। ਸਰਕਾਰ ਦੁਆਰਾ ਜਥੇਦਾਰ ਤੁੜ ਦੇ ਘਰ, ਮਾਲ-ਅਸਬਾਬ ਅਤੇ ਡੰਗਰਾਂ ਦੀ ਨਿਲਾਮੀ ਕੀਤੀ ਗਈ, ਇੱਥੋਂ ਤੱਕ ਕਿ ਉਨ੍ਹਾਂ ਦੇ ਘਰ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਪਰ ਇਹ ਵੱਡੇ ਤੋਂ ਵੱਡਾ ਭੌਤਿਕ ਨੁਕਸਾਨ ਵੀ ਜਥੇਦਾਰ ਸਾਹਿਬ ਦੇ ਅਟੱਲ ਇਰਾਦਿਆਂ ਨੂੰ ਡੁਲਾ ਨਹੀਂ ਸਕਿਆ।
ਜਦੋਂ ਸਿੱਖਾਂ ਦੀ ਸਰਬ-ਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣੇ ਮੋਹਨ ਸਿੰਘ ਤੁੜ
ਸਿੱਖ ਕੌਮ ਨੇ ਜਥੇਦਾਰ ਤੁੜ ਦੀ ਅਡੋਲਤਾ, ਤਿਆਗ ਅਤੇ ਪੰਥ ਪ੍ਰਸਤੀ ‘ਤੇ ਮਾਣ ਕਰਦਿਆਂ ਉਨ੍ਹਾਂ ਨੂੰ ਸਿੱਖਾਂ ਦੀ ਸਰਬ-ਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਥਾਪ ਦਿੱਤਾ। ਉਨ੍ਹਾਂ ਨੇ ਇਸ ਪਵਿੱਤਰ ਅਹੁਦੇ ਦੀ ਮਰਿਆਦਾ ਨੂੰ ਇੰਨਾ ਉੱਚਾ ਚੁੱਕਿਆ ਕਿ ਸੇਵਾ ਦੌਰਾਨ ਕਦੇ ਵੀ ਕੋਈ ਮਾਣ-ਭੱਤਾ ਜਾਂ ਤਨਖਾਹ ਪ੍ਰਵਾਹ ਨਹੀਂ ਕੀਤੀ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਗਰਮ ਮੈਂਬਰ ਵੀ ਰਹੇ ਅਤੇ ਗੁਰਧਾਮਾਂ ਦੇ ਸੇਵਾ-ਸੰਭਾਲ ਵਿੱਚ ਵੱਡਾ ਯੋਗਦਾਨ ਪਾਇਆ।
ਜਥੇਦਾਰ ਮੋਹਨ ਸਿੰਘ ਤੁੜ ਦੀ ਨਿਸ਼ਕਾਮ ਸੇਵਾ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਨੂੰ ਦੇਖਦਿਆਂ, ਅਕਤੂਬਰ 1972 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਹਾਊਸ ਵੱਲੋਂ ਉਨ੍ਹਾਂ ਨੂੰ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ। ਜਥੇਦਾਰ ਤੁੜ ਦਾ ਪ੍ਰਧਾਨਗੀ ਕਾਲ ਅਕਾਲੀ ਦਲ ਦੇ ਇਤਿਹਾਸ ਦਾ ਸੁਨਿਹਰੀ ਦੌਰ ਮੰਨਿਆ ਜਾਂਦਾ ਹੈ। ਪ੍ਰਧਾਨ ਬਣਦਿਆਂ ਹੀ ਉਨ੍ਹਾਂ ਨੇ ਵੱਖ-ਵੱਖ ਧੜਿਆਂ ਵਿੱਚ ਵੰਡੀ ਹੋਈ ਪੰਥਕ ਸ਼ਕਤੀ ਨੂੰ ਇੱਕਜੁੱਟ ਕੀਤਾ ਅਤੇ ਇੱਕ ਝੰਡੇ ਹੇਠ ਲਿਆਂਦਾ।
ਐਮਰਜੈਂਸੀ ਵਿਰੁੱਧ ਇਤਿਹਾਸਕ ਮੋਰਚਾ ਅਤੇ 1977 ਦੀਆਂ ਚੋਣਾਂ ਵਿੱਚ ਹੂੰਝਾ-ਫਿਰੂ ਜਿੱਤ
ਜਦੋਂ 1975 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿੱਚ ਐਮਰਜੈਂਸੀ ਲਗਾ ਕੇ ਲੋਕਤੰਤਰ ਦਾ ਗਲਾ ਘੁੱਟ ਦਿੱਤਾ, ਤਾਂ ਜਥੇਦਾਰ ਮੋਹਨ ਸਿੰਘ ਤੁੜ ਦੀ ਦੂਰਅੰਦੇਸ਼ੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਨੇ ਸਭ ਤੋਂ ਪਹਿਲਾਂ ਇਤਿਹਾਸਕ ‘ਰੋਸ ਮੋਰਚਾ’ ਸ਼ੁਰੂ ਕੀਤਾ। ਲਗਾਤਾਰ 19 ਮਹੀਨਿਆਂ ਦੀ ਜੱਦੋ-ਜਹਿਦ ਅਤੇ ਹਜ਼ਾਰਾਂ ਅਕਾਲੀ ਵਰਕਰਾਂ ਦੀਆਂ ਗ੍ਰਿਫ਼ਤਾਰੀਆਂ ਤੋਂ ਬਾਅਦ ਕੇਂਦਰ ਸਰਕਾਰ ਨੂੰ ਝੁਕਣਾ ਪਿਆ ਅਤੇ ਐਮਰਜੈਂਸੀ ਹਟਾਉਣੀ ਪਈ।
ਐਮਰਜੈਂਸੀ ਖ਼ਤਮ ਹੋਣ ਤੋਂ ਬਾਅਦ 1977 ਦੀਆਂ ਚੋਣਾਂ ਵਿੱਚ ਅਕਾਲੀ ਦਲ ਨੇ ਸਫ਼ਲਤਾ ਹਾਸਿਲ ਕੀਤੀ। ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ‘ਤੇ ਅਕਾਲੀ ਦਲ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੇ ਜਿੱਤ ਦਰਜ ਕੀਤੀ। ਜਥੇਦਾਰ ਤੁੜ ਨੇ ਆਪ ਕਾਂਗਰਸ ਦੇ ਦਿੱਗਜ ਆਗੂ ਅਤੇ ਲੋਕ ਸਭਾ ਦੇ ਸਾਬਕਾ ਸਪੀਕਰ ਗੁਰਦਿਆਲ ਸਿੰਘ ਢਿੱਲੋਂ ਨੂੰ ਤਰਨ ਤਾਰਨ ਹਲਕੇ ਤੋਂ ਹਰਾ ਕੇ ਲੋਕ ਸਭਾ ਮੈਂਬਰ ਵਜੋਂ ਹਾਜ਼ਰੀ ਲਗਵਾਈ।
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੇ 58 ਸੀਟਾਂ ਜਿੱਤ ਕੇ ਪੂਰਨ ਬਹੁਮਤ ਪ੍ਰਾਪਤ ਕੀਤਾ ਅਤੇ ਸੂਬੇ ਵਿੱਚ ਅਕਾਲੀ-ਸਹਿਯੋਗੀ ਸਰਕਾਰ ਬਣਾਈ। ਇਹ ਦੌਰ ਸ਼੍ਰੋਮਣੀ ਅਕਾਲੀ ਦਲ ਲਈ ਸੰਪੂਰਨ ਰੂਪ ਵਿੱਚ ਚੜ੍ਹਦੀਕਲਾ ਵਾਲਾ ਦੌਰ ਸੀ, ਜਿਸ ਦਾ ਸਿਹਰਾ ਜਥੇਦਾਰ ਤੁੜ ਦੀ ਇਮਾਨਦਾਰੀ, ਕੁਰਬਾਨੀ ਅਤੇ ਸੂਝ-ਬੂਝ ਨੂੰ ਜਾਂਦਾ ਹੈ। ਜਦੋਂ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਸਿਆਸਤਦਾਨਾਂ ਵਿੱਚ ਪ੍ਰਧਾਨਗੀ ਦੀ ਕੁਰਸੀ ਲਈ ਅੰਦਰੂਨੀ ਧੜੇਬੰਦੀ ਅਤੇ ਖਿੱਚੋਤਾਣ ਵਧਣ ਲੱਗੀ, ਤਾਂ ਜਥੇਦਾਰ ਤੁੜ ਨੇ ਸਿਆਸੀ ਕੁਰਸੀ ਦਾ ਤਿਆਗ ਕਰਕੇ ਇੱਕ ਅਦਭੁਤ ਮਿਸਾਲ ਕਾਇਮ ਕੀਤੀ। ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਪ੍ਰਧਾਨਗੀ ਦਾ ਪਦ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੂੰ ਸੌਂਪ ਦਿੱਤਾ।
ਅਸਤੀਫ਼ਾ ਦਿੰਦਿਆਂ ਉਨ੍ਹਾਂ ਦੇ ਇਤਿਹਾਸਕ ਸ਼ਬਦ ਸਨ, “ਮੈਂ ਆਪਣੇ ਹੱਥੀਂ ਪਾਲਿਆ ਬੂਟਾ ਉੱਜੜਦਾ ਨਹੀਂ ਦੇਖ ਸਕਦਾ। ਜਿਸ ਨੂੰ ਪ੍ਰਧਾਨਗੀ ਦੀ ਲੋੜ ਹੈ ਲੈ ਲਵੇ, ਪਰ ਸ਼੍ਰੋਮਣੀ ਅਕਾਲੀ ਦਲ ਦੋਫ਼ਾੜ ਨਹੀਂ ਹੋਣਾ ਚਾਹੀਦਾ।” ਇਹ ਸ਼ਬਦ ਸਾਬਤ ਕਰਦੇ ਹਨ ਕਿ ਉਨ੍ਹਾਂ ਲਈ ਪਾਰਟੀ, ਪੰਥ ਅਤੇ ਕੌਮ ਦਾ ਵਕਾਰ ਕਿਸੇ ਵੀ ਸ਼ਖ਼ਸੀ ਅਹੁਦੇ ਨਾਲੋਂ ਕਿਤੇ ਵੱਡਾ ਸੀ। 30 ਜੁਲਾਈ 1979 ਨੂੰ ਇਹ ਮਹਾਨ ਕੌਮੀ ਪ੍ਰਵਾਨਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਪਰ ਉਹ ਆਪਣੇ ਪਿੱਛੇ ਪੰਥ-ਪ੍ਰਸਤੀ ਦੀ ਅਜਿਹੀ ਮਸ਼ਾਲ ਛੱਡ ਗਏ, ਜਿਸ ਦੀ ਰੋਸ਼ਨੀ ਵਿੱਚ ਉਨ੍ਹਾਂ ਦੇ ਪਰਿਵਾਰ ਨੇ ਵੀ ਕੌਮ ਦੀ ਸੇਵਾ ਜਾਰੀ ਰੱਖੀ।
ਜਥੇਦਾਰ ਮੋਹਨ ਸਿੰਘ ਤੁੜ ਇੱਕ ਅਜਿਹੇ ਨਿਤਨੇਮੀ, ਤਿਆਗੀ ਅਤੇ ਦੂਰਅੰਦੇਸ਼ ਨੇਤਾ ਸਨ, ਜਿਨ੍ਹਾਂ ਨੇ ਸਿਆਸਤ ਨੂੰ ਕਦੇ ਵਪਾਰ ਨਹੀਂ ਬਣਾਇਆ, ਬਲਕਿ ਇਸ ਨੂੰ ਲੋਕ-ਸੇਵਾ ਅਤੇ ਪੰਥਕ ਚੜ੍ਹਦੀਕਲਾ ਦਾ ਜ਼ਰੀਆ ਮੰਨਿਆ। ਅੱਜ ਜਦੋਂ ਪੰਜਾਬ ਸਿਆਸੀ, ਆਰਥਿਕ ਅਤੇ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਪੰਥਕ ਸ਼ਕਤੀਆਂ ਵਿੱਚ ਖਿਲਾਰਾ ਪਿਆ ਹੋਇਆ ਹੈ, ਤਾਂ ਜਥੇਦਾਰ ਤੁੜ ਵਰਗੇ ਨਿਰਸਵਾਰਥ ਆਗੂਆਂ ਦੀ ਘਾਟ ਰੜਕਦੀ ਹੈ। ਉਨ੍ਹਾਂ ਦੀ ਬਰਸੀ ‘ਤੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਸਮੁੱਚਾ ਪੰਥ ਆਪਣੀਆਂ ਨਿੱਜੀ ਮਹੱਤਵਾਕਾਂਖਿਆਵਾਂ ਨੂੰ ਛੱਡ ਕੇ ਇੱਕ ਝੰਡੇ ਹੇਠ ਇੱਕਜੁੱਟ ਹੋਵੇ, ਤਾਂ ਜੋ ਪੰਜਾਬ ਦੇ ਸੰਤਾਪ ਦਾ ਸਥਾਈ ਹੱਲ ਲੱਭਿਆ ਜਾ ਸਕੇ ਅਤੇ ਕੌਮ ਦੇ ਰੋਸ਼ਨ ਭਵਿੱਖ ਦੀ ਸਿਰਜਣਾ ਕੀਤੀ ਜਾ ਸਕੇ।



Leave a Comment